Home

 

 ੴ ਸਤਿਗੁਰ ਪ੍ਰਸਾਦਿ।। ਅਥ Bgvwn blws ਸੁਖਨਲ ਸਾਰ ਕ੍ਰਿਤ ਬਾਵਾ ਭਗਵਾਨ ਦਾਸ ਮੌਜ ਦਿਲ ਦRਵੇਸ ਨਿਰਪੱਖ ਲਿਖਯਤੇ|| ਅਰਥ:-ਹੁਣ ਨਿਰਪੱਖ ਦਰਵੇਸ਼ ਮੌਜ ਦਿਲ ਬਾਬਾ ਭਗਵਾਨ ਦਾਸ ਜੀ ਸ੍ਰੇਸ਼ਟ ਬਚਨਾਂ ਦਾ ਸਾਰ ਇਹ ਗ੍ਰੰਥ ਲਿਖਦੇ ਹਨ।

ਦੋਹਰਾ।।

ਆਦਿ ਅੰਤ ਮੱਧ ਪੂਰਨ  ਓਂਕਾਰ ਮਮ ਰੂਪ।

ਸਤਿਗੁਰ ਕੇ ਪ੍ਰਸਾਦਿ ਸੇ  ਜਾਨਿਯੋ ਰੂਪ ਅਨੂਪ।।1।।

ਦੋਹਰਾ।।

ਓਅੰਕਾਰ ਉਰਧਾਰ ਕੇ ਬਰਨਨ ਕਰਾਂ ਬਲਾਸ।

ਸਤਿਗੁਰ ਕੇ ਪ੍ਰਸਾਦਿ ਸੈ ਅਨਭਵ ਹੋ ਪ੍ਰਕਾਸ।।2।।

 

ਪਦ ਅਰਥ:-  ਅਨੂਪ-ਜਿਸਦੀ ਬਰਾਬਰੀ ਤੇ ਦੂਜੀ ਕੋਈ ਚੀਜ਼ ਨਾ ਹੋਵੇ। ਉਰਧਾਰ-ਹਿਰਦੇ ਵਿਚ ਧਾਰਨ ਕਰਕੇ।

                  ਅਨੁਭਵ -  ਬਿਨਾਂ ਸੰਸਕਾਰ ਉਤਪੰਨ ਹੋਇਆ ਗਿਆਨ।

 ਅਰਥ:-  ਓਅੰਕਾਰ ਜੋ ਤਿੰਨ ਕਾਲ (ਸਭ ਤੋਂ ਪਹਿਲਾਂ ਹੁਣ ਤੇ ਅੰਤ ਵਿਚ) ਪੂਰਨ ਹੈ ਉਹ ਮੇਰਾ ਰੂਪ ਹੈ।ਸਤਿਗੁਰੂ ਦੀ ਕਿਰਪਾ ਨਾਲ ਉਸ ਅਨੂਪ ਰੂਪ ਨੂੰ ਜਾਣਿਆ ਹੈ। ਐਸੇ ਓਅੰਕਾਰ ਨੂੰ ਹਿਰਦੇ ਵਿਚ ਧਾਰਨ ਕਰਕੇ ਇਸ ਗ੍ਰੰਥ ਦਾ ਉਚਾਰਨ ਕਰਦਾ ਹਾਂ। ਸਤਿਗੁਰ ਦੀ ਕਿਰਪਾ ਨਾਲ, ਬਿਨਾਂ ਸੰਸਕਾਰ ਉਤਪੰਨ ਹੋਇਆ ਗਿਆਨ ਪ੍ਰਕਾਸ਼ ਹੋਵੇ।

 

ਸ੍ਵੈਯਾ।।

ਹੌਂ  ਪ੍ਰਨਾਮ  ਕਰੂੰ  ਗੁਰ  ਕੋ   ਗੁਰ  ਬਾਝ  ਨ  ਮਾਨਤ  ਔਰਨ  ਕੋ।

ਗੁਰ ਦਾਤਾ ਭਾਇਓ ਜਗ ਅੰਤਰ ਹੈ  ਗੁਰ ਦਾਨ ਦੀਓ ਮਨ ਸੌਰਿਨ ਕੋ।

ਛਬ ਦੇਵਤ ਹੈਂ ਸਭ ਹੀ ਸੁਰ ਕੋ  ਉਰ ਚਾਹਤ ਹੈ ਗੁਰ ਜੌਰਨ ਕੋ।

ਦਾਸ ਭਗਵਾਨ ਜਹਿ ਪਾਵ ਧਰੇ ਗੁਰ  ਸੀਸ ਨਮਾ ਤਹ ਠੌਰਨ ਕੋ।।1।

 

ਪਦ ਅਰਥ:-  ਪ੍ਰਨਾਮ-ਮੱਥਾ ਟੇਕਣਾ। ਸੌਰਿਨ-ਸੁਧਾਰਨ ਲਈ। ਛਬ-ਸ਼ੋਭਾ। ਸੁਰ-ਦੇਵਤੇ। ਉਰ-ਹਿਰਦਾ। ਜੌਰਨ-ਜਿਨ੍ਹਾਂ ਨੂੰ।

ਅਰਥ:- ਮੈਂ ਗੁਰੂ ਨੂੰ ਮੱਥਾ ਟੇਕਦਾ ਹਾਂ ਤੇ ਬਿਨਾਂ ਗੁਰੂ ਤੋਂ ਹੋਰ ਕਿਸੇ ਨੂੰ ਨਹੀਂ ਮੰਨਦਾ। ਜਗਤ ਵਿਚ ਗੁਰੂ ਹੀ ਇਕ   ਦਾਤਾ ਹੈ। ਮਨ ਨੂੰ ਸੁਆਰਨ ਦਾ ਦਾਨ ਗੁਰੂ ਨੇ ਦਿੱਤਾ। ਸਭ ਦੇਵਤਿਆਂ ਨੂੰ ਗੁਰੂ ਹੀ ਸ਼ੋਭਾ ਦਿੰਦਾ ਹੈ ਤੇ ਜੋ ਹਿਰਦੇ ਕਰਕੇ ਉਸਨੂੰ ਚਾਹੁੰਦੇ ਹਨ ਉਨ੍ਹਾਂ ਦੀ ਸੋਭਾ ਵਧਾਉਂਦਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਅਸਥਾਨ ਤੇ ਗੁਰੂ ਪੈਰ ਵੀ ਧਰ ਦੇਵੇ ਮੈਂ ਉਸ ਅਸਥਾਨ ਨੂੰ ਮੱਥਾ ਟੇਕਦਾ ਹਾਂ ।।1।।

ਸ੍ਵੈਯਾ।।

ਅਨਦਿਨ ਪੂਜਤ  ਹੌਂ  ਗੁਰ ਕੌ  ਗੁਰ ਪੂਜ ਸੇ ਪੂਜ ਹੈ ਦੇਵਨ ਕੋ।

ਵੇ ਪਰਵਾਹਿ ਵਲੀ ਵਰਦਾਇਕ  ਲਾਇਕ ਹੈ ਗੁਰ ਸੇਵਨ ਕੋ।

ਵਾਰ ਹੀ ਵਾਰ ਨਮੋ ਗੁਰ ਕੋ  ਗੁਰ ਜਾਨਣਹਾਰ ਹੈ ਭੇਵਨ ਕੋ।

ਦਾਸ ਭਗਵਾਨ ਹਿ ਧਿਆਨ ਧਰੋ ਤਹ  ਗਿਆਨ ਵਿਗਆਨ ਕੇ ਲੇਵਨ ਕੋ।।2।।

 

ਪਦ ਅਰਥ:- ਅਨਦਿਨ-ਰਾਤ ਦਿਨ। ਦੇਵਨ-ਦੇਵਤੇ। ਵਲੀ-ਬਲਵਾਨ। ਵਰਦਾਇਕ-ਵਰ ਦੇਣ ਵਾਲਾ। ਭੇਵਨ-ਭੇਦ। ਵਿਗਆਨ-ਆਤਮਿਕ ਗਿਆਨ।

ਅਰਥ:- ਰਾਤ ਦਿਨ ਐਸੇ ਗੁਰੂ ਦੀ ਪੂਜਾ ਕਰਦਾ ਹਾਂ ਜਿਸ ਨੂੰ ਦੇਵਤੇ ਭੀ ਪੂਜਦੇ ਹਨ। ਜੋ ਗੁਰੂ ਸਾਰੇ ਭੇਦਾਂ ਨੂੰ ਜਾਨਣ ਵਾਲਾ ਹੈ, ਉਸਨੂੰ ਮੁੜ ਮੁੜ ਨਮਸਕਾਰ ਕਰਦਾ ਹਾਂ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਆਤਮਿਕ ਗਿਆਨ ਦੇ ਲੈਣ ਲਈ ਐਸੇ ਹੀ ਗੁਰੂ ਦਾ ਧਿਆਨ ਧਰਨਾ ਚਾਹੀਦਾ ਹੈ ।।2।।

 

ਸ੍ਵੈਯਾ।।

ਆਦਿ ਅਨਾਦਿ ਅਕਾਲ ਗੁਰੂ  ਗੁਰ ਬ੍ਰਹਮਾ ਮਹੇਸ ਗਨੇਸ ਮੁਰਾਰੀ।

ਆਨ ਨਾਂਹੀ ਗੁਰ ਜੇਵਡ ਜਾਨਤ  ਹੈ ਪ੍ਰਬੀਨ ਗੁਰੂ ਬਿਧ ਸਾਰੀ।

ਗੁਰ ਗਿਆਤ ਸੇ ਗਿਆਤ ਹੈ ਗਾਤਨ ਕੀ  ਗੁਰ ਗਿਆਨ ਸੇ ਭਾਨ ਬ੍ਰਹਮ ਬਚਾਰੀ।

ਦਾਸ ਭਗਵਾਨ ਦ੍ਰਿਸਟ ਕਰੇ ਗੁਰ  ਸ੍ਰਿਸਟ ਤਰੇ ਭਵ ਸਿੰਧਨ ਭਾਰੀ।।3।।

 

ਪਦ ਅਰਥ:- ਆਦਿ-ਸਭ ਦਾ ਮੁੱਢ। ਅਨਾਦਿ-ਜਿਸਦਾ ਕੋਈ ਮੁੱਢ ਨਹੀਂ। ਅਕਾਲ-ਕਾਲ-ਰਹਿਤ। ਆਨ-ਹੋਰ। ਪ੍ਰਬੀਨ-ਚਤੁਰ। ਗਿਆਤ-ਜਾਨਣਾਂ। ਗਾਤਨ-ਸਰੀਰ। ਭਾਨ-ਸੂਰਜ। ਭਵ ਸਿੰਧਨ-ਸੰਸਾਰ ਸਮੁੰਦ੍ਰ।

ਅਰਥ:-  ਗੁਰ ਬ੍ਰਹਮ, ਬਿਸ਼ਨ ਮਹੇਸ਼ ਤੇ ਮੁਰਾਰੀ ਰੂਪ ਹੈ ਤੇ ਸਭ ਦਾ ਮੁੱਢ ਹੈ, ਜਿਸਦਾ ਆਪਣਾ ਮੁੱਢ ਕੋਈ ਨਹੀਂ (ਆਦਿ ਅੰਤਿ ਏਕੈ ਅਵਤਾਰਾ।। ਸੋਈ ਗੁਰੂ ਸਮਝਿਯਹੁ ਹਮਾਰਾ।।) ਗੁਰੂ ਸਭ ਤਰ੍ਹਾਂ ਚਤੁਰ ਤੇ ਸਿਆਣਾ ਹੈ, ਗੁਰੂ ਜਿਹਾ ਹੋਰ ਕਿਸੇ ਨੂੰ ਨਹੀਂ ਜਾਣਦਾ। ਗੁਰੂ ਰੂਪੀ ਸੂਰਜ ਤੋਂ ਗਿਆਨ ਦੀ ਪ੍ਰਾਪਤੀ ਨਾਲ ਸਾਰੇ ਸਰੀਰਾਂ ਦੇ ਭੇਦ ਨੂੰ ਜਾਣ ਲਈਦਾ ਹੈ ਤੇ ਗੁਰੂ ਬ੍ਰਹਮ ਵਿਚ ਵਿਚਰਨ ਦੀ ਸੋਝੀ ਬਖਸ਼ਦਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰੂ ਸ਼ੁਭ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਨੂੰ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ।।3।।

ਭਾਵ:-  ਉਪਰਲੇ ਤਿੰਨ ਸ੍ਵੈਯਾਂ ਵਿਚ ਰਾਜਾ ਸਾਹਿਬ ਨੇ ਗੁਰੂ ਦੀ ਮਹਿਮਾ ਦੱਸੀ ਹੈ ਕਿ ਗੁਰੂ ਆਤਮ ਗਿਆਨ ਤੇ ਗੁਣ ਰਤਨਾਂ ਦਾ ਸਮੁੰਦਰ ਹੈ। ਗਿਆਨ ਅੰਧਕਾਰ ਜੋ ਸੂਰਜ ਚੰਦਮਾ ਦੇ ਪ੍ਰਕਾਸ਼ ਨਾਲ ਦੂਰ ਨਹੀਂ ਹੋ ਸਕਦਾ, ਉਸਨੂੰ ਗੁਰੂ ਦੂਰ ਕਰਦਾ ਹੈ।।3।।

 

ਸ੍ਵੈਯਾ।।

ਪ੍ਰਲੋਕ ਕੀ ਵਾਤ ਸੁਣੀ ਜਬ ਤੇ  ਤਬ ਤੇ ਮੁਹਿ ਮੌਜ ਨਂਹੀ ਕਛੁ ਭਾਵੈ।

ਮਾਰਗ ਬੀਚ ਬੇਤਰਨੀ ਨਦੀ  ਓਹ ਤਰਨੀ ਹੈ ਮੁਸਕਲ ਲੋਕ ਸੁਣਾਵੈ।

ਯਾਦ ਕਰਾਂ ਜਬ ਵਾਂ ਦਿਨ ਕੋ  ਨੈਨੀ ਨੀਰ ਅਸਾਰ ਅਸਾਰ ਹੀ ਜਾਵੈ।

 ਖਾਵਨ ਸੋਵਨ ਭੂਲਿ ਗਿਓ ਹੁਣ  ਦਾਸ ਭਗਵਾਂਨ ਕਿਉਂ  ਰੈਣ ਬਿਹਾਵੈ।।4।।

 

ਪਦ ਅਰਥ:-  ਮਾਰਗ-ਰਸਤਾ। ਬੇਤਰਨੀ-ਨਾ ਤਰੀ ਜਾਣ ਵਾਲੀ। ਰੈਣ=ਰਾਤ।

ਅਰਥ:-  ਜਦ ਤੋਂ ਪਰਲੋਕ ਦੀ ਗੱਲ ਸੁਣੀ ਹੈ ਮੈਨੂੰ ਕੋਈ ਮੌਜ ਨਹੀਂ ਭਾਉਂਦੀ। ਲੋਕ ਸੁਣਾਉਂਦੇ ਹਨ ਕਿ ਪਰਲੋਕ ਦੇ ਰਸਤੇ ਵਿਚ ਨਾ ਤਰੀ ਜਾਣ ਵਾਲੀ ਨਦੀ ਹੈ, ਉਹ ਲੰਘਣੀ ਬੜੀ ਮੁਸ਼ਕਿਲ ਹੈ। ਜਦ ਮੈਂ ਉਸ ਦਿਨ ਨੂੰ (ਪਰਲੋਕ ਜਾਣ ਨੂੰ) ਚੇਤੇ ਕਰਦਾ ਹਾਂ ਤਾਂ ਅੱਖਾਂ ਵਿਚ ਬੇ-ਅਥਾਹ ਜਲ ਵਗਦਾ ਹੈ। ਖਾਣਾ, ਪੀਣਾ ਤੇ ਸੌਣਾ ਆਦਿਕ ਭੁੱਲ ਗਿਆ ਹੈ ਤੇ ਰਾਤ ਬੜੀ ਮੁਸ਼ਕਿਲ ਨਾਲ ਬਤੀਤ ਹੁੰਦੀ ਹੈ ॥4॥

ਸ੍ਵੈਯਾ।।

ਖਾਇ ਤ੍ਰਾਸ ਨਰਾਸ ਹੂਏ ਜਬ  ਸਤਿਗੁਰ ਆਨ ਮਿਲੇ ਤਿਸ ਵੇਲੇ।

 ਸਮਝ ਸਿਧਾਂਤ ਮਤਾਂਤ ਸਹੀ ਇਹ  ਸਿਖਿਆ ਦੀਨੀ ਉਨੇ ਬੈਠ ਅਕੇਲੇ।

ਬੈਤ੍ਰਨੀ ਤਿਸੈ ਪ੍ਰਜੋਜਨ ਕੀ ਕਹੁ  ਤ੍ਰਿਸਨਾ ਨਦੀ ਤਰ ਪਾਰ ਜੋ ਖੇਲੇ।

ਦਾਸ ਭਗਵਾਨ ਨਚਿੰਤ ਰਹੋ ਅਬ  ਸੂਖਮ ਜਾਂਨ ਪਛਾਂਨ ਸੁਵੇਲੇ।।5।।

 

ਪਦ ਅਰਥ:-ਤ੍ਰਾਸ-ਡਰ। ਸਿਧਾਂਤ-ਨਿਚੋੜ, ਸਿੱਟਾ। ਮਤਾਂਤ-ਮਤਾ। ਪ੍ਰਜੋਜਨ-ਮਤਲਬ। ਸੂਖਮ-ਸੌਖਾ।

ਅਰਥ:-  ਡਰ ਖਾ ਕੇ ਜਦ ਨਰਾਸ ਹੋ ਗਏ ਉਸ ਸਮੇਂ ਸਤਿਗੁਰੂ ਦਾ ਮੇਲ ਹੋ ਗਿਆ। ਉਹ ਸਿਧਾਂਤ ਤੋਂ ਜਾਣੂ ਸਨ, ਉਹਨਾਂ ਨੇ ਇਕੱਲੇ ਬੈਠ ਕੇ ਇਹ ਸਿਖਿਆ ਦਿੱਤੀ:- ਨਾ ਤਰੀ ਜਾਣ ਵਾਲੀ ਇਹ ਕੀ ਗੱਲ ਹੈ? ਨਦੀ ਜੋ ਤ੍ਰਿਸ਼ਨਾ ਹੈ ਇਸ ਨੂੰ ਤਰ ਕੇ ਪਾਰ ਹੋਣਾ ਹੈ। ਸਤਿਗੁਰਾਂ ਨੇ ਕਿਹਾ ਬੇਫਿਕਰ ਰਹੋ, ਕਿਉਂਕਿ ਸੁਵੇਲੇ ਹੀ ਸੋਝੀ ਆ ਗਈ ਹੈ, ਸੌਖੇ ਹੀ ਇਸ ਨਦੀ ਨੂੰ ਤਰ ਜਾਉਗੇ॥5॥

ਸ੍ਵੈਯਾ।।

ਐਨ ਉਜਾਗਰ ਹੈ ਗੁਣ ਸਾਗਰ  ਹੋਇ ਅਕਾਗਰ ਬਾਤ ਬਚਾਰੋ।

 ਕੈਸਾ ਹੈ ਰੂਪੁ ਓਹੁ ਦੇਖ ਸਰੂਪ  ਨਾ ਜੂਪ ਕੀ ਖੇਡ ਮੇ ਬਾਜੀ ਕੋ ਹਾਰੋ।

   ਹੈ   ਸ੍ਰਬੱਤ੍ਰ    ਜੱਤ੍ਰ   ਕੱਤ੍ਰ    ਮਿਤ੍ਰ   ਸੱਤ੍ਰ   ਏਕਸ   ਸਾਰੋ।

 ਦਾਸ ਭਗਵਾਨ ਨਾਂ ਗਾਫਲ ਹੋ ਕਰ  ਸੁਧ ਸਰੂਪ ਕੋ ਪਲਕ ਬਸਾਰੋ।।6।।

 

ਪਦ ਅਰਥ:- ਐਨ-ਬਿਲਕੁਲ। ਉਜਾਗਰ-ਪ੍ਰਗਟ। ਅਕਾਗਰ-ਬਿਰਤੀ ਰੋਕਣੀ। ਜੂਪ-ਜੂਆ। ਸ੍ਰਬੱਤ੍ਰ ,ਜੱਤ੍ਰ   ਕੱਤ੍ਰ =ਸਾਰੇ, ਜਿਥੇ ਕਿਥੇ। ਏਕਸ ਸਾਰੋ=ਇਕਸਾਰ। ਸੁਧ ਸਰੂਪ=ਅਸਲੀ ਆਪਾ।

ਅਰਥ:-  ਗੁਣਾਂ ਦਾ ਸਾਗਰ ਸਾਰੇ ਆਪਣਾ ਜਲਵਾ ਦਿਖਾ ਰਿਹਾ ਹੈ। ਇਕਾਂਤ ਤੇ ਇਕਾਗਰ ਹੋ ਕੇ ਇਸ ਗੱਲ ਨੂੰ ਵਿਚਾਰੋ। ਉਸ ਦਾ ਸਹੀ ਰੂਪ ਦੇਖੋ ਕੈਸਾ ਹੈ,ਇਸ ਮਨੁੱਖਾ ਜਨਮ ਦੀ ਬਾਜ਼ੀ ਨੂੰ ਜੂਏ ਵਿਚ ਨਾ ਹਾਰੋ। ਉਹ ਪ੍ਰਭੂ ਇਕਸਾਰ ਜਿੱਥੇ ਕਿੱਥੇ ਪਰੀਪੂਰਨ ਹੋ ਰਿਹਾ ਹੈ। ਰਾਜਾ ਸਾਹਿਬ ਫੁਰਮਾਉਂਦੇ ਹਨ ਕਿ ਅਵੇਸਲੇ ਹੋ ਕੇ ਆਪਣੇ ਅਸਲੇ ਨੂੰ ਨਾ ਭੁਲਾਓ ।।6।।

ਸ੍ਵੈਯਾ।।

ਜਾਂ ਗੁਨ ਕੋ ਗੁਨੀ ਖੋਜਤ ਹੈਂ ਨਿਤ  ਸੋ ਗੁਨੁ ਸਤਗੁਰੁ ਸੇਵ ਸੋਂ ਪਾਯੋ।

 ਨਦਰੀਂ ਹੀ ਨਦਰ ਨਿਹਾਲ ਕਰੇ  ਖਿਨ ਭੀਤਰ ਭੇਦ ਔ ਭਰਮ ਚੁਕਾਯੋ।

 ਜਾਂ ਪਦ ਕਾਰਨ ਕਸਟ ਹੈਂ ਪਾਵਤ  ਸੋ ਗੁਰ ਨੇ ਪਦੁ ਸਹਜ ਲਖਾਯੋ।

ਦਾਸ ਭਗਵਾਂਨ ਨਮੋ ਗੁਰ ਕੋ  ਜਿਨ ਆਤਮ ਤੀਰਥ ਹੈ ਪਰਸਾਯੋ।।7।।

 

ਪਦ ਅਰਥ:- ਨਦਰੀ-ਨਦਰ ਨਾਲ। ਖਿਨ ਭੀਤਰ-ਅੱਖ ਫਰੱਕੇ ਵਿਚ। ਭੇਦ ਭਰਮ=ਭੁਲੇਖਾ। ਪਦ=ਪਦਵੀ। ਸਹਜ=ਸੌਖਾ ਹੀ।

ਅਰਥ:- ਜਿਸ ਗੁਣ ਨੂੰ ਗੁਣੀ ਨਿਤ ਹੀ ਖੋਜਦੇ ਹਨ ਉਹ ਗੁਣ ਸਤਿਗੁਰ ਦੀ ਸੇਵਾ ਕਰਕੇ ਪ੍ਰਾਪਤ ਕੀਤਾ। ਇੱਕੋ ਨਦਰ ਨਾਲ ਨਿਹਾਲ ਕਰ ਦਿੱਤਾ। ਭਰਮ ਤੇ ਭੁਲੇਖੇ ਦੂਰ ਕਰ ਦਿੱਤੇ। ਜਿਸ ਪਰਮ ਪਦ ਦੀ ਪ੍ਰਾਪਤੀ ਲਈ ਬੜਾ ਕਸ਼ਟ ਝੱਲਦੇ ਹਨ ਉਸ ਪਦਵੀ ਨੂੰ ਗੁਰੂ ਨੇ ਸੌਖਾ ਹੀ ਪਹੁੰਚਾ ਦਿੱਤਾ।

ਰਾਜਾ ਸਾਹਿਬ ਫੁਰਮਾਉਂਦੇ ਹਨ ਕਿ ਸਤਿਗੁਰੂ ਨੂੰ ਨਮਸਕਾਰ ਹੈ ਜਿਸ ਦੀ ਕਿਰਪਾ ਨਾਲ ਆਤਮ ਤੀਰਥ ਦਾ ਇਸ਼ਨਾਨ ਕੀਤਾ ਹੈ ॥7॥

ਸ੍ਵੈਯਾ।।

ਸਤਗੁਰ ਕੋ ਮਿਲ ਬਿਗਸ ਰਹੇ ਰਿਦ  ਕਮਲ ਖਿੜੇ ਜੈਸੇ ਭਾਂਨ ਉਦੇ।

ਮਨੋਰਾਜ ਨਿਲਾਜ ਦਾ ਪਾਜ ਗਿਓ  ਜਬ ਤਾਜ ਲੀਓ ਹੂਈ ਸਾਨ ਉਦੇ।

ਪ੍ਰਮ ਪਦ ਅਟਲ ਸਮਾਜ ਲਹਿਓ  ਭਏ ਗਾਜ ਅਵਾਜ ਗਿਆਂਨ ਉਦੇ।

  ਨਿਜਾਨੰਦ ਕੇ ਰਾਜ ਖਰਾਜ ਨਂਹੀ   ਇਉਂ ਦਾਸ ਭਗਵਾਂਨ ਬਿਗਿਆਨ ਉਦੇ।।8।।

 

ਪਦ ਅਰਥ:-ਬਿਗਸ-ਖਿੜਨਾ। ਰਿਦ ਕਮਲ-ਹਿਰਦਾ ਕੌਲ। ਭਾਂਨ-ਸੂਰਜ। ਉਦੇ- ਚੜ੍ਹਨਾ। ਮਨੋਰਾਜ-ਮਨ ਦਾ ਰਾਜ ਭਾਵ ਕਲਪਤ। ਨਿਲਾਜ-ਬੇਸ਼ਰਮੀ। ਪਾਜ-ਦਿਖਾਵਾ। ਉਦੇ-ਪਰਗਟ। ਸਮਾਜ-ਪਦਾਰਥ। ਗਾਜ ਅਵਾਜ-ਬਿਜਲੀ ਦੀ ਗਰਜ। ਨਿਜਨੰਦ-ਸੱਚੀ ਖੁਸ਼ੀ। ਖਰਾਜ-ਹਾਲਾ। ਬਿਗਿਆਨ-ਆਤਮਕ ਗਿਆਨ।

ਅਰਥ :- ਗੁਰੂ ਰੂਪੀ ਸੂਰਜ ਦੇ ਉਦੇ ਹੋਣ ਨਾਲ ਹਿਰਦਾ ਰੂਪੀ ਕੰਵਲ ਖਿੜ ਗਿਆ। ਝੂਠੇ ਰਾਜ ਦਾ ਪਾਜ ਦੂਰ ਹੋ ਗਿਆ ਤੇ ਅਟੱਲ ਰਾਜ ਦਾ ਤਾਜ ਸਿਰ ਤੇ ਸੋਭ ਰਿਹਾ ਹੈ। ਪਰਮ ਪਦ ਦੇ ਅਟੱਲ ਸਮਾਜ ਦੀ ਪ੍ਰਾਪਤੀ ਹੋਈ ਤੇ ਗੱਜ ਵੱਜ ਕੇ ਗਿਆਨ ਦੀ ਪ੍ਰਾਪਤੀ ਹੋਈ। ਆਤਮਿਕ ਅਨੰਦ ਦੇ ਰਾਜ ਨੂੰ ਕੋਈ ਖਰਾਜ ਜਾਂ ਟੈਕਸ ਨਹੀਂ ਭਰਨਾ ਪੈਂਦਾ। ਰਾਜਾ ਸਾਹਿਬ ਹੁਕਮ ਕਰਦੇ ਹਨ ਕਿ ਆਤਮਿਕ ਅਨੰਦ ਅਟੱਲ ਹੈ॥8॥

 

ਸ੍ਵੈਯਾ।।

ਸੂਰਜ ਚੰਦ ਜਹ ਏਕ ਜਗਾ  ਤਹਾਂ ਕਾਮਲ ਪੀਰ ਪਵਾ ਦਈ ਝਾਕੀ।

ਹੋ ਉਨਮਤ ਬਿਰਾਜ ਰਿਹਾ  ਤਹ ਸਮਝ ਸਹੀ ਇਹੁ ਠਾਹਰ ਆਕੀ।

ਛੋਡਿ ਸਤਾਬ ਇਹ ਦਿਲ ਮੁਕਾਮ  ਕਹੇ ਗੁਰ ਮਂਨਜਲ ਹੈ ਅਜੇ ਬਾਕੀ।

ਉਪਰ ਜਾ ਬਿਸਰਾਂਮ ਕਰੋ ਅਬ  ਦਾਸ ਭਗਵਾਂਨ ਓਹੁ ਤੋੜ ਕੇ ਤਾਕੀ।।9।।

 

ਪਦ ਅਰਥ:-  ਉਨਮਤ-ਮਸਤ। ਠਾਹਰ-ਟਿਕਾਣਾ। ਆਕੀ-ਬਾਗੀ।

ਅਰਥ:-  ਜਿਥੇ ਸੂਰਜ ਤੇ ਚੰਦ੍ਰਮਾ ਇਕ ਥਾਂ ਹਨ ਉਥੇ ਪੂਰੇ ਗੁਰੂ ਨੇ ਝਾਤੀ ਪਵਾ ਦਿੱਤੀ। ਇਹ ਰਿੱਧੀਆਂ ਸਿੱਧੀਆਂ ਦਾ ਟਿਕਾਣਾ ਹੈ। ਮਨ ਮਸਤ ਹੋ ਕੇ ਇਥੇ ਟਿਕ ਗਿਆ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਗੁਰੂ ਨੇ ਹੁਕਮ ਦਿੱਤਾ ਕਿ ਦਿਲ ਨੂੰ ਜਿੱਤਣ ਉਪਰੰਤ ਹੀ ਪ੍ਰਭੂ ਦੇ ਦਰਸ਼ਨ ਹੁੰਦੇ ਹਨ॥9॥

ਸ੍ਵੈਯਾ।।

ਜਹ ਏਕ ਬ੍ਰਹਮ ਨੰਹੀ ਕੋਊ ਦੂਸਰ  ਆਪ ਹੀ ਆਪ ਅਜਾਪ ਮਕਾਂਨੇ।

 ਜਹ ਨਾ ਦਿਨ ਰਾਤ ਨਂਹੀ ਪ੍ਰਭਾਤਿ  ਤਹ ਸੰਧ ਅਸੰਧ ਕਹੁ ਕੌਣ ਬਖਾਨੇ।

 ਰੂਪ ਨਾ ਰੇਖ ਨਂਹੀ ਜਹ ਭੇਖ  ਤਹ ਲੇਖ ਅਲੇਖ ਕਹੁ ਕੌਣ ਲਖਾਨੇ।

ਗਿਆਨ ਅਗਿਆਨ ਜਹ ਨਾਸ ਭਏ ਤਹ ਦਾਸ ਭਗਵਾਂਨ ਕਹੁ ਕਰਮ ਕੀ ਮਾਨੇ।।10।।

 

ਪਦ ਅਰਥ:-  ਅਜਾਪ-ਜੋ ਜਪਣ ਵਿਚ ਨਾ ਆਵੇ। ਸੰਧ-ਜੋੜਨਾ। ਅਸੰਧ-ਤੋੜਨਾ। ਭੇਖ-ਭੇਸ। ਲਖਾਨੇ-ਕਹੇ।

ਅਰਥ:-  ਉਪਰਲੇ ਸ੍ਵੈਯੇ ਵਿਚ ਨਿਰਗੁਣ ਬ੍ਰਹਮ ਦਾ ਜ਼ਿਕਰ ਕਰਦੇ ਹਨ। ਜਿੱਥੇ ਇਕ ਬ੍ਰਹਮ ਹੀ ਹੈ ਉੱਥੇ ਕਿਸ ਨੂੰ ਜਪਣਾ ਹੈ? ਜਿਥੇ ਰਾਤ ਦਿਨ ਦਾ ਕੋਈ ਭਿੰਨ ਭੇਦ ਨਹੀਂ ਉੱਥੇ ਜੁੜਨ ਜਾਂ ਛੁੱਟਣ ਦਾ ਕੀ ਜ਼ਿਕਰ ਹੋ ਸਕਦਾ ਹੈ? ਉਥੇ ਬ੍ਰਹਮ ਦਾ ਰੂਪ ਤੇ ਭੇਖ ਲੇਖ ਤੋਂ ਅਲੇਖ ਹੈ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਜਿਥੇ ਗਿਆਨ ਤੇ ਅਗਿਆਨ ਦਾ ਵਿਤਕਰਾ ਨਹੀਂ ਉਥੇ ਕਰਮਾਂ ਦਾ ਜਾਲ ਨਹੀਂ ਹੈ ॥10॥

ਸ੍ਵੈਯਾ।।

ਜਹ ਆਪਣਾ ਆਪ ਨੰਹੀ ਪੁੰਨ ਪਾਪ  ਤਹ ਬਰ ਸਰਾਪ ਕਾ ਕਿਉਂ ਅਭਿਮਾਨੀ।

ਜਹ ਧੂਪ ਨਾ ਛਾਂਮ ਨਾ ਕਾਮ ਹੈ ਖਾਮ  ਤਹ ਚਾਮ ਔ ਦਾਂਮ ਕੀ ਕੌਣ ਕਹਾਂਨੀ।

ਜਹ  ਏਕ  ਅਗਾਧ ਨਾਂ  ਆਧ  ਬਿਆਧ   ਉਪਾਧ  ਅਸਾਧ  ਤਹ  ਕੌਣ ਪ੍ਰਾਂਨੀ।

ਅਮਰ ਅਜਰ ਨਹੀਂ ਜਹ ਜਰ  ਤਹ ਦਾਸ ਭਗਵਾਂਨ ਬਕਾ ਨਂਹੀ ਫਾਨੀ।।11।।

 

ਪਦ ਅਰਥ:-  ਕਾਮ-ਕਾਮਨ। ਖਾਮ-ਕੱਚਾ। ਚਾਮ-ਚਮੜਾ। ਦਾਮ-ਰੁਪਯਾ, ਪੈਸਾ। ਅਗਾਧ-ਨਾ ਗਾਹਿਆ ਜਾਣ ਵਾਲਾ। ਆਧ-ਆਤਮਕ ਦੁਖ। ਬਿਆਧ-ਸਰੀਰਕ ਰੋਗ। ਉਪਾਧ-ਅਚਨਚੇਤ ਦਾ ਦੁਖ। ਅਸਾਧ-ਨਿਰ ਸਾਧਨ।

ਅਰਥ:-  ਜਿਥੇ ਹੈ ਹੀ ਆਪਣਾ ਆਪ ਉਥੇ ਪਾਪ ਪੁੰਨ ਤੇ ਵਰ ਸਰਾਪ ਦਾ ਅਭਿਮਾਨ ਕਾਹਦਾ? ਜਿਥੇ ਧੁੱਪ, ਛਾਂ ਤੇ ਕੱਚੀ ਕਾਮਨਾ ਹੀ ਨਹੀਂ ਉਥੇ ਦਮ ਚੰਮ ਦਾ ਜ਼ਿਕਰ ਅਜ਼ਕਾਰ ਕਾਹਦਾ? ਜਿਥੇ ਪ੍ਰਾਣਧਾਰੀ ਜੀਵ ਹੀ ਨਹੀਂ ਇਕੋ ਅਗਾਧ ਪ੍ਰਭੂ ਹੈ ਉਥੇ ਆਧਿ ਬਿਆਧਿ, ਉਪਾਧਿ ਤਿੰਨੇ ਤਾਪਾਂ ਨੂੰ ਸਾਧਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ॥11॥

ਸ੍ਵੈਯਾ।।

ਗੁਰ ਕ੍ਰਿਪਾ ਕਰੀ ਜਹ ਮਾਨਸ ਊਪਰ  ਸੋ ਨੰਹੀ ਬਾਹਰ ਢੂੰਡਣ ਜਾਏ।

ਆਪਣਾ  ਆਪ  ਬਿਦਾਰ  ਲੀਓ  ਜਬ   ਨਾ  ਬਣ  ਕੰਦ੍ਰ  ਅੰਦ੍ਰ  ਧਾਏ।

ਪ੍ਰਿਤਮਾ  ਪੂਜ  ਨਾ  ਪਾਠ  ਕਰੇ   ਨੰਹੀ  ਮੰਦ੍ਰ  ਅੰਦ੍ਰ  ਘੰਟ  ਬਜਾਏ।

ਦਾਸ ਭਗਵਾਂਨ ਬਿਗਿਆਂਨ ਪਦਾਰਥ  ਨਿਰਮਿਲਿ ਜੋਤ ਆ ਬੀਚ ਜਗਾਏ।।12।।

 

ਪਦ ਅਰਥ: ਕੰਦ੍ਰ-ਪਹਾੜਾਂ ਵਿੱਚ ਗੁਫਾ। ਪ੍ਰਿਤਮਾ-ਮੂਰਤੀ। ਬਿਗਿਆਂਨ-ਆਤਮਿਕ ਗਿਆਨ।

ਅਰਥ: ਜਿਸ ਉਤੇ ਗੁਰੂ ਨੇ ਕਿਰਪਾ ਕੀਤੀ ਉਹ ਰੱਬ ਬਾਹਰ ਨੂੰ ਲੱਭਣ ਨਹੀਂ ਜਾਂਦਾ। ਅੰਤਰ ਆਤਮੇਂ ਜਦ ਵਿਚਾਰ ਪ੍ਰਾਪਤ ਹੋ ਗਈ ਤਾਂ ਜੰਗਲ ਤੇ ਪਹਾੜਾਂ ਦੀਆਂ ਕੰਦਰਾਂ ਵਿਚ ਰੱਬ ਲੱਭਣ ਨਹੀਂ ਜਾਂਦਾ। ਨਾ ਮੂਰਤੀ ਪੂਜਾ ਕਰਦਾ ਹੈ ਤੇ ਨਾ ਹੀ ਪਾਠ ਪੜ੍ਹਨ ਤੇ ਲੱਗਾ ਰਹਿੰਦਾ ਹੈ ਤੇ ਮੰਦਰਾਂ ਅੰਦਰ ਜਾ ਕੇ ਟੱਲ ਆਦਿਕ ਨਹੀਂ ਖੜਕਾਉਂਦਾ। ਰਾਜਾ ਸਾਹਿਬ ਬਿਆਨ ਕਰਦੇ ਹਨ, ਆਤਮਿਕ ਗਿਆਨ ਰੂਪੀ ਨਿਰਮਲ ਜੋਤ ਅੰਦਰ ਹੀ ਜਗਾਉ ॥12॥

ਸ੍ਵੈਯਾ।।

ਮਾਰਗ ਪਾਇ ਲੀਓ ਜਬ ਹੈ  ਤਬ ਦੇਸ ਦਿਸਾਨ ਨਾ ਢੂਡਣ ਧਾਏ।

ਤੀਰਥ ਬਰਤ ਨਾ ਨੇਮ ਕਰੇ  ਨਹੀਂ ਪੂਜ ਪਖਾਂਨ ਧਿਆਨ ਲਗਾਏ।

ਝੂਲਾ ਝੁਲਾਇ ਨਾਂ ਠਾਂਡ ਭਇਓ  ਹਠ ਕਰਮ ਕੀਏ ਨੰਹੀ ਕਰਮ ਕਮਾਏ।

   ਦਾਸ ਭਗਵਾਂਨ ਨਦਾਨ ਨਾ ਊਰਨ  ਪੂਰਨ ਗਿਆਨ ਹੈ ਜੋਤ ਜਗਾਏ।।13।।

 

ਪਦ ਅਰਥ:-  ਮਾਰਗ=ਰਸਤਾ। ਦਿਸਾਨ=ਦੇਸ਼ਾਂ ਵਿਚ। ਪਖਾਂਨ=ਪੱਥਰ। ਠਾਂਡ ਭਇਓ=ਖੜੇ ਰਹਿਣ ਦਾ ਤਪ। ਊਰਨ=ਊਣਾ ਨਹੀਂ'ਹੈ।

ਅਰਥ:-  ਜਦ ਠੀਕ ਰਸਤਾ ਲੱਭ ਲਿਆ ਤਾਂ ਦੇਸ਼ਾਂ ਦਿਸਾਂਤਰਾਂ ਵਿਚ ਲੱਭਣ ਨਾ ਜਾਏ। ਜਦ ਆਪਣੇ ਆਪ ਨੂੰ ਵਿਚਾਰ ਲਿਆ ਤਾਂ ਫਿਰ ਜੰਗਲ ਤੇ ਗੁਫਾ ਵਿੱਚ ਕਾਸਨੂੰ ਜਾਣਾ'? ਤੀਰਥ ਇਸ਼ਨਾਨ ਬਰਤ ਰੱਖਣੇ, ਹੋਰ ਨੇਮ ਧਰਮ, ਪੱਥਰ ਪੂਜਣੇ ਧਿਆਨ ਆਦਿਕ ਨਾ ਲਾਵੇ। ਰਾਜਾ ਸਾਹਿਬ ਬਿਆਨ ਕਰਦੇ ਹਨ ਹੇ ਨਦਾਨ'! ਉਹ ਪ੍ਰਭੂ ਪੂਰਨ ਹੈ, ਊਣਾ ਨਹੀਂ, ਉਸਦੀ ਜੋਤ ਆਪਣੇ ਹੀ ਅੰਦਰ ਜਗਾਉ ॥13॥

 

ਸ੍ਵੈਯਾ।। 

ਧੰਨ ਧੰਨ ਮਾਨਸ ਤੇ ਜਗ ਮੈਂ  ਜਿਨੀ ਕਰਮ ਸੁਕ੍ਰਿਤ ਅਕ੍ਰਿਤ  ਕਮਾਏ।

ਸਫਲ ਸਰੀਰ ਭਇਓ ਤਿਨ ਕਾ  ਜਿਨੀ ਏਕ ਅਦ੍ਵੈ ਪਦ ਚਿਤ ਦ੍ਰਿੜਾਏ।

ਆਤਮ ਰਸ ਲੀਓ ਤਿਨ ਨੇ  ਜਿਨੀ ਅੰਤਰਿ ਬ੍ਰਿਤ ਧਿਆਨ ਲਗਾਏ।

ਨਿਰਮਲ ਜੋਤ ਜਗੀ ਘਟ ਭੀਤਰ  ਦਾਸ ਭਗਵਾਂਨ ਹੈ ਦ੍ਰਸਨ ਪਾਏ।।14।।

 

ਪਦ ਅਰਥ:-  ਅਕ੍ਰਿਤ=ਸਰੂਪ। ਸੁਕ੍ਰਿਤ=ਚੰਗਾ ਕੰਮ। ਅਦ੍ਵੈ=ਦ੍ਵੈਤ ਤੋਂ ਰਹਿਤ। ਦ੍ਰਿੜਾਏ=ਨਿਸ਼ਚਾ ਕਰਨਾ। ਘਟ=ਹਿਰਦਾ।

ਅਰਥ:-  ਉਹ ਮਨੁੱਖ ਆਏ ਸਫਲੇ ਹਨ ਜਿਨ੍ਹਾਂ ਨੇ ਜਗਤ ਵਿਚ ਆ ਕੇ ਚੰਗੇ ਕੰਮ ਕੀਤੇ ਹਨ। ਉਨ੍ਹਾਂ ਨੇ ਇਸ ਸਰੀਰ ਨੂੰ ਸਫਲਾ ਕਰ ਲਿਆ ਹੈ। ਜਿਨ੍ਹਾਂ ਦੁਬਿਧਾ ਰਹਿਤ ਪਦਵੀ ਨੂੰ ਚਿਤ ਵਿਚ ਨਿਸ਼ਚਿਤ ਕੀਤਾ ਹੈ। ਜਿਨ੍ਹਾਂ ਨੇ ਅੰਤਰ ਆਤਮੇਂ ਧਿਆਨ ਜੋੜਿਆ ਹੈ, ਉਨ੍ਹਾਂ ਨੇ ਆਤਮਕ ਰਸ ਨੂੰ ਮਾਣਿਆ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ, ਜਿਨ੍ਹਾਂ ਦੇ ਅੰਤਰ ਆਤਮੇਂ ਨਿਰਮਲ ਜੋਤ ਜਗੀ ਹੈ ਉਨ੍ਹਾਂ ਨੇ ਦਰਸ਼ਨ ਪਾ ਲਏ ॥14॥

ਸ੍ਵੈਯਾ।।

ਮਾਨਸ ਜਨਮ ਓਹੁ ਸਫਲ ਭਏ  ਜੋਈ ਆਪਣੇ ਆਪਕੇ ਖੋਜ ਮੇ ਆਏ।

ਭੈਰੋਂ ਭੂਤ ਮਸਾਣ ਮਨਾਵਤ ਨਾਂ  ਗੁਗਾ ਗੋਰ ਮੜੀ ਨੰਹੀ ਥਾਂਨ ਮਨਾਏ।

ਢਾਈਆ ਚੁਰਾਈਆ ਨਾ ਚੀਤ ਧਰੇਂ  ਨਂਹੀ ਸਾਢਸਤੀ ਗ੍ਰਹ ਪੂਜ ਕਰਾਏ।

 ਦਾਸ ਭਗਵਾਂਨ ਆ ਅੰਤਰ ਮੇ  ਇਉਂ ਨਿਰਮਲ ਜੋਤ ਹੈ ਖੂੱਬੁ ਜਗਾਏ।।15।।

 

ਪਦ ਅਰਥ:-ਢਾਈਆ=ਢਾਈ ਵਰ੍ਹੇ ਇਕ ਰਾਸ਼ੀ ਤੇ ਛਨਿਚਰ ਗ੍ਰਹਿ ਦੇ ਕਾਰਨ ਦਾ ਸਮਾਂ।  ਸਾਢਸਤੀ=ਸ਼ਨੀ ਗ੍ਰਹਿ ਦੀ ਦੁਖ- ਦਾਇਕ ਦਸ਼ਾ ਜੋ ਸਾਢੇ ਸੱਤਵਰ੍ਹੇ ਰਹਿੰਦੀ ਹੈ। ਗੁੱਗਾ-ਇਕ ਚੌਹਾਨ ਰਾਜਪੂਤ ਜੋ ਈਸਵੀ 11 ਵੀਂ ਸਦੀ ਵਿਚ ਹੋਇਆ ਹੈ। ਇਹ ਹਿੰਦੂ ਧਰਮ ਛੱਡ ਕੇ ਮੁਸਲਮਾਨ ਹੋ ਗਿਆ ਸੀ ਅਤੇ ਸਰਪ ਦੀ ਜ਼ਹਿਰ ਦੂਰ ਕਰਨ ਵਿਚ ਵੱਡਾ ਨਿਪੁੰਨ ਸੀ। ਲੋਕ ਇਸ ਨੂੰ ਸ਼ੇਸ਼ਨਾਗ ਦਾ ਅਵਤਾਰ ਮੰਨਦੇ ਅਤੇ ਇਸ ਦੀ ਮੜ੍ਹੀ ਬਣਾ ਕੇ ਪੂਜਦੇ ਹਨ। ਭੈਰੋਂ-ਸ਼ਿਵਾ ਦਾ ਹੀ ਇਕ ਭੇਦ ਜੋ ਕੁੱਤੇ ਦੀ ਸਵਾਰੀ ਕਰਦਾ ਹੈ। ਮਸਾਣ=ਸ਼ਮਸ਼ਾਨ।

ਅਰਥ:-  ਮਨੁੱਖਾ ਜਨਮ ਉਨ੍ਹਾਂ ਦਾ ਸਫਲ ਹੈ ਜੋ ਇਥੇ ਆ ਕੇ ਆਪਣੇ ਆਪ ਦੀ ਖੋਜ ਕਰਦੇ ਹਨ, ਇਸ ਤੋਂ ਬਿਨਾਂ ਕਰਤੇ ਦੀ ਪੂਜਾ ਛੱਡ ਕੇ ਭੈਰੋਂ, ਭੂਤ, ਮਸਾਣ, ਗੁਗੇ ਆਦਿ ਦੀ ਪੂਜਾ ਕਰਨੀ ਨਿਸਫਲ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਨਿਰੰਕਾਰ ਦੀ ਨਿਰਮਲ ਜੋਤ ਨੂੰ ਅੰਤਰ ਆਤਮੇਂ ਅੰਦਰ ਤਲਾਸ਼ ਕਰੋ

॥15॥

ਸ੍ਵੈਯਾ।।

ਆਪਣੇ ਆਪਿ ਕੋ ਸੋਧ ਰਹੇ  ਜਬ ਬੋਧ ਬਰਾਗ ਦਮਾਂਗ ਮੇ ਆਏ।

ਪੀਆ ਪ੍ਰੇਮ ਮੇ ਮਗਨ ਭਏ  ਭਇਆ ਗਗਨ ਗਿਆਨ ਨਾ ਸਗਨ ਮਨਾਏ।

ਲਿਵ ਲੀਨ ਹੋ ਬੀਨ ਪ੍ਰਬੀਨ ਸੁਣ  ਰਹੇ ਭੀਨ ਭਿਆਨਕ ਭਰਮੁ ਚੁਕਾਏ।

ਦਾਸ ਭਗਵਾਂਨ ਬਿਗਿਆਂਨ ਪਛਾਂਨ  ਤੌ ਨਿਰਮਲ ਜੋਤ ਹੈ ਜਗਮਗ ਪਾਏ।।16।।

 

ਪਦ ਅਰਥ:- ਸੋਧ=ਪਵਿੱਤ੍ਰ ਕਰਨਾ। ਬੋਧ ਬਰਾਗ=ਉਦਾਸ ਬਿਰਤੀ। ਮਗਨ=ਮਸਤ। ਗਗਨ=ਅਕਾਸ਼ ਭਾਵ ਦਸਵਾਂ ਦੁਆਰ। ਬੀਨ=ਜੋ ਸ਼ਬਦ ਦਸਵੇਂ ਦੁਆਰ ਵੱਜਦਾ ਹੈ। ਪ੍ਰਬੀਨ=ਸੋਝੀ ਨਾਲ। ਭੀਨ ਭਿਆਨਕ=ਭਿੱਜ ਕੇ ਭੈ-ਰਹਿਤ ਹੋ ਕੇ। ਭਰਮੁ=ਅੰਧੇਰਾ ਦੂਰ ਕਰੇ।

ਅਰਥ:- ਆਪਣੇ ਅਪ ਨੂੰ ਪਵਿੱਤ੍ਰ ਕਰੋ ਜਦੋਂ ਸੰਸਾਰ ਵਲੋਂ ਬਿਰਤੀ ਉਦਾਸ ਹੋ ਜਾਵੇ। ਪਿਆਰੇ ਦੇ ਪਿਆਰ ਵਿਚ ਜਦੋਂ ਮਗਨ ਹੋ ਕੇ ਗਿਆਨ ਹੋ ਜਾਵੇ ਫਿਰ ਸ਼ਗਨ ਅਪਸ਼ਗਨ ਨਹੀਂ ਮਨਾਏ ਜਾਂਦੇ। ਜੋ ਬੀਨ ਦਸਮ ਦੁਆਰ ਵਿਚ ਵੱਜ ਰਹੀ ਹੈ ਉਸ ਨੂੰ ਇਕ ਰਸ ਮਗਨ ਹੋ ਕੇ ਸੁਣੇ ਤੇ ਭਰਮ ਅੰਧੇਰਾ ਦੂਰ ਕਰੇ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ, ਜਦ ਆਪਣੇ ਆਪ ਨੂੰ ਪਛਾਣ ਲਵੇ ਤਾਂ ਨਿਰਮਲ ਜੋਤ ਅੰਦਰ ਜਗਦੀ ਹੈ ॥16॥

 

ਸ੍ਵੈਯਾ।।

ਏਕ ਅਰਾਧ ਲੈ ਖਾਲਕ ਬਾਲਕ  ਮਾਲਕ ਹੈ ਜੋਈ ਅਪਰ ਅਪਾਰੋ।

ਨਂਹੀ ਕਰ ਆਲਕ ਹੈ ਸਭ ਪਾਲਕ  ਤਾਲਕ ਹੈ ਜਹ ਕੁਲ ਬਿਹਾਰੋ।

ਹੈ ਸਭ ਪੂਰਨ ਨਾ ਕੰਹੀ ਊਰਨ  ਚੂਰਨ ਕੀਜੀਏ ਚਿਤ ਹੰਕਾਰੋ।

   ਦਾਸ ਭਗਵਾਂਨ ਨਦਾਂਨ ਕਹੇ ਅਬ  ਜਾਨ ਕੇ ਬੀਚ ਹੈ ਜਾਨ ਸੰਭਾਰੋ।।17।।

 

ਦ ਅਰਥ:-  ਅਰਾਧ-ਯਾਦ ਕਰਨਾ। ਖਾਲਕ=ਖਲਕਤ ਦਾ ਮਾਲਕ। ਅਪਰ ਅਪਾਰੋ=ਪਰ੍ਹੇ ਤੋਂ ਪਰ੍ਹੇ। ਆਲਕ=ਸੁਸਤੀ। ਪਾਲਕ=ਪਾਲਣ ਵਾਲਾ। ਤਾਲਕ=ਅਧੀਨ। ਊਰਨ=ਊਣਤ। ਚੂਰਨ=ਨਾਸ਼ ਕਰ।

ਅਰਥ:-  ਜੋ ਪ੍ਰਭੂ ਪਰ੍ਹੇ ਤੋਂ ਪਰ੍ਹੇ ਹੈ ਤੇ ਸਾਰੀ ਰਚਨਾ ਜਿਸ ਦੇ ਬਾਲਕ ਹਨ ਉਸ ਨੂੰ ਚੇਤੇ ਕਰੋ। ਜਿਸਦੇ ਅਧੀਨ ਸਾਰਾ ਜਗਤ ਦਾ ਵਿਹਾਰ ਹੈ ਤੇ ਸਭ ਦਾ ਮਾਲਕ ਤੇ ਪਾਲਕ ਹੈ, ਉਸ ਨੂੰ ਚੇਤੇ ਕਰਨ ਵਿਚ ਆਲਸ ਨਾ ਕਰੋ। ਚਿਤ ਦੇ ਅਹੰਕਾਰ ਨੂੰ ਨਾਸ਼ ਕਰਕੇ ਇਹ ਦੇਖੋ ਕਿ ਉਹ ਸਾਰੇ ਪਰੀਪੂਰਨ ਹੋ ਰਿਹਾ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ, ਹੇ ਅਨਜਾਣ ਮਨੁੱਖ! ਜਦ ਤਕ ਜਾਨ ਵਿਚ ਜਾਨ ਹੈ ਉਸ ਨੂੰ ਸੁਆਸ ਸੁਆਸ ਯਾਦ ਕਰੋ ॥17॥

ਸ੍ਵੈਯਾ।।

ਜੇ ਗਤ ਚਾਹਤ ਹੈਂ ਮਨ ਮੂਰਖ  ਤਉ ਨਿਰਬਾਂਣ ਕੀ ਬਾਂਣ ਕੋ ਪਾਯੋ।

ਸੀਘਰ ਕਾਜ ਸਵਾਰ ਲੇਹੁ ਤੁਮ  ਸੁਰਤ ਔ ਸਬਦ ਕੀ ਸਾਰ ਕੋ ਪਾਯੋ।

 ਨਾਮ ਜਿਸੇ ਪੁਰ ਬੇਗਮ ਸੈਹਰ  ਸੈਲ ਕਰੋ ਤਾਹਿ ਕਦਮ ਟਕਾਯੋ।

   ਦਾਸ ਭਗਵਾਂਨ ਇਹ ਖੋਜ ਲਵੋ  ਫਿਰ ਮਹਲ ਖਮੋਸ ਕੇ ਬੀਚ ਸਮਾਯੋ।।18।।

 

ਪਦ ਅਰਥ:- ਗਤ=ਮੁਕਤੀ। ਨਿਰਬਾਣ=ਰਿਹਾਈ। ਬਾਂਣ=ਸੁਭਾ। ਸਬਦ ਸੁਰਤ ਕੀ ਸਾਰ=ਸੂਰਤ ਨੂੰ ਸ਼ਬਦ ਵਿਚ ਜੋੜਨ ਦੀ ਜਾਚ। ਬੇਗਮ=ਗਮ-ਰਹਿਤ।

ਅਰਥ:- ਹੇ ਮਨ ਮੂਰਖ! ਜੇ ਛੁਟਕਾਰਾ ਚਾਹੁੰਦਾ ਹੈਂ ਤਾਂ ਉਦਾਸ ਹੋਣ ਦਾ ਢੰਗ ਸਿੱਖ। ਛੇਤੀ ਹੀ ਸ਼ਬਦ ਵਿਚ ਸੁਰਤ ਜੋੜਨ ਦੀ ਜਾਂਚ ਆ ਜਾਏਗੀ। ਜਿਸ ਟਿਕਾਣੇ ਤੇ ਕੋਈ ਸੋਚ ਫਿਕਰ ਨਹੀਂ ਰਹਿ ਜਾਂਦੇ ਉਸ ਸ਼ਹਿਰ ਦੀ ਸੈਰ ਬੇਫਿਕਰ ਹੋ ਕੇ ਕਰੋ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਇਸ ਬੇਗਮਪੁਰ ਸ਼ਹਿਰ ਦਾ ਟਿਕਾਣਾ ਸੁੰਨ ਦੇ ਮੁਕਾਮ ਤੇ ਹੈ, ਇਸ ਦੀ ਖੋਜ ਕਰੋ ॥18॥

 

ਸ੍ਵੈਯਾ।।

ਯਮਨੇਮ ਤੇ ਆਸਣ ਔ ਪ੍ਰਿਤਹਾਰ  ਤੇ ਸਮਦਮ ਧਿਆਨ ਔ ਜੋਗ ਕਮਾਯੋ।

ਏਹ ਅਠ ਅੰਗ ਹੀ ਜੋਗ ਕੇ ਸਾਦਕ  ਸਾਧ ਜੋਗੀਸਰ ਨਾਮ ਕਹਾਯੋ।

ਸੁਰਤ ਔ ਨਿਰਤ ਕੀ ਖੇਡ ਰਚਾ ਕਰ  ਬੇਨ ਅਨਾਹਦ ਕਿੰਗ ਬਜਾਯੋ।

  ਦਾਸ ਭਗਵਾਨ ਇਉ ਸੁੰਨ ਕੇ ਮੈਹਲ  ਗੈਬ ਕਾ ਚਾਨਣ ਅਜਬ ਹੀ ਪਾਯੋ।।19।।

 

ਪਦ ਅਰਥ:-  ਯਮਨੇਮ=ਮਨ ਅਤੇ ਇੰਦਰੀਆਂ ਨੂੰ ਵਿਕਾਰਾਂ ਤੋਂ ਵਰਜਣ ਅਤੇ ਸ਼ੁਭ ਗੁਣਾਂ ਦੇ ਨੇਮ ਧਾਰਨ ਰੂਪ ਦਸ ਸਾਧਨ। ਆਸਣ=ਆ ਆਤਮ ਸਿਧੀ। ਸ=ਸਰਬ ਰੋਗ ਨਾਸ਼। ਨ=ਨਵ ਨਿਧੀ ਦੀ ਪ੍ਰਾਪਤੀ, ਜਿਸ ਤੋਂ ਹੋਵੇ ਉਸ ਦੀ ਆਸਣ ਸੰਗਯਾ ਹੈ। ਮੁਖ ਆਸਣ ਚਾਰ ਹਨ:- (1) ਸਿਧਾਰਨ।   (2) ਪਦਮਾਸਨ।   (3) ਸਿੰਹਾਸਨ।  (4) ਭਦਰਸਨ। ਸਮਦਮ=ਮਨ ਤੇ ਇੰਦਰੀਆਂ ਦਾ ਰੋਕਣਾ। ਪ੍ਰਿਤਹਾਰ=ਰੋਕਣਾ। ਕਿੰਗ=ਚੇਤਨ ਸੱਤਾ ਰੂਪ ਵੀਣਾ।

ਅਰਥ:-  ਮਨ ਅਤੇ ਇੰਦਰੀਆਂ ਨੂੰ ਕਾਬੂ ਵਿਚ ਰਖਕੇ, ਦਸਵੇਂ ਦੁਆਰ ਵਿਚ ਧਿਆਨ ਲਾਓ,ਇਹੀ ਸੱਚਾ ਯੋਗ ਹੈ। ਇਹ ਅੱਠ ਅੰਗ ਹੀ ਯੋਗ ਦੀ ਸਾਧਨਾ ਹਨ, ਜੋਗੀ ਲੋਕ ਏਸੇ ਦੀ ਕਮਾਈ ਕਰਕੇ, ਉੱਚੀਆਂ ਪਦਵੀਆਂ ਪਾਉਂਦੇ ਹਨ। ਆਪਣੀ ਸੁਰਤ ਨੂੰ ਦਸਵੇਂ ਦੁਆਰ ਵਿਚ ਜੋੜ ਕੇ ਐਸੀ ਖੇਡ ਰਚਾਓ ਕਿ ਤੁਹਾਨੂੰ ਆਪਣੀ ਅੰਤਰ ਆਤਮਾ ਦਾ ਚਾਨਣ ਹੋ ਜਾਵੇ, ਰਾਜਾ ਸਾਹਿਬ ਜੀ ਇਸ ਤਰ੍ਹਾਂ ਤੁਹਾਨੂੰ ਸੁੰਨ ਦੇ ਮਹਿਲਾਂ ਵਿਚ ਦਾਖਿਲ ਕਰਕੇ ਅਣ ਦਿਸਦੇ ਭਾਵ ਗੈਬ ਦੀ ਅਜੀਬ ਰੌਸ਼ਨੀ ਦੇ ਦਰਸ਼ਨ ਕਰਵਾਉਂਦੇ ਹਨ ॥19॥

ਸ੍ਵੈਯਾ।।

ਦੂਧ ਬਿਖੇ ਜੈਸੇ ਘ੍ਰਿਤ ਰਿਹਾ ਰਚ  ਬੀਚ ਅਨਾਤਮ ਆਂਤਮ ਤੈਸੇ।

ਬਾਝ ਬਲੋਬਨ ਹੈ ਰਹ ਜਾਵਤ  ਹੋਤ ਸਰੂਪ ਨਾਂ ਸਾਬਤ ਐਸੇ।

ਗਿਆਂਨ ਮਧਾਂਣ ਫਿਰੇ ਅਤ ਸੁੰਦ੍ਰ  ਨੇਤਨ ਨਾਮ ਕਰੇ ਜਬ ਭੈਸੇ।

   ਦਾਸ ਭਗਵਾਂਨ ਜੇ ਬ੍ਰਹਮ ਮਥੇਂ ਨਂਹੀ  ਹੋਇ ਅਖੰਡ ਅਨੰਦ ਤਾਂ ਕੈਸੇ।।20।।

 

ਪਦ ਅਰਥ:-ਘ੍ਰਿਤ=ਘੀ। ਅਨਾਤਮ=ਸਰੀਰ। ਆਤਮ=ਬ੍ਰਹਮ। ਬਿਲੋਵਨ=ਰਿੜਕਣਾਂ। ਮਧਾਂਣ=ਮਧਾਣੀਂ। ਨੇਤਨ=ਰੱਸੀ। ਅਖੰਡ=ਇਕ ਰਸ, ਨਾ ਟੁੱਟਣ ਵਾਲਾ।

ਅਰਥ:-ਜਿਸ ਪਰਕਾਰ ਦੁੱਧ ਵਿਚ ਘੀ ਮਿਲਿਆ ਹੋਇਆ ਹੈ, ਇਸੇ ਤਰ੍ਹਾਂ ਜਗਤ ਵਿਚ ਬ੍ਰਹਮ ਸਮਾਇਆ ਹੋਇਆ ਹੈ। ਸੁਰਤੀ ਤੋਂ ਬਿਨਾਂ ਜੁਗਤੀ ਨਾਲ ਅਭਿਆਸ ਕੀਤੇ ਬਿਨਾਂ ਸਰੂਪ ਦਾ ਗਿਆਨ ਕਿਸ ਤਰ੍ਹਾਂ ਹੋਵੇ? ਰਾਜਾ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਨਾਮ ਸਿਮਰਨ ਦਾ ਪੁਨਾ ਪੁਨਾ ਅਭਿਆਸ ਰੂਪੀ ਰੱਸੀ ਦਵਾਰਾ ਗਿਆਨ ਦੀ ਮਧਾਣੀਂ ਨਾਲ ਰਿੜਕੇ ਬਿਨਾਂ ਕਦੇ ਨਾਸ਼ ਨਾ ਹੋਣ ਵਾਲਾ ਅਨੰਦ ਕਦੇ ਵੀ ਪ੍ਰਾਪਤ ਨਹੀ ਹੋ ਸਕਦਾ। ਇਸ ਲਈ ਰੱਬੀ ਭੈਅ ਅੰਦਰ ਰਹਿ ਕੇ ਗੁਰੂ ਸ਼ਬਦ ਦੀ ਕਮਾਈ ਦਵਾਰਾ ਹੀ ਆਤਮਿਕ ਅਨੰਦਤਾ ਦੀ ਮੰਜ਼ਿਲ ਤੇ ਪੁੱਜਿਆ ਜਾ ਸਕਦਾ ਹੈ ||

॥20॥

ਸ੍ਵੈਯਾ।।

ਸੋ ਪ੍ਰਮਾਤਮ ਹੈ ਸਹੀ ਆਤਮ  ਬਿਨਸਤ ਨਾਹਿਨ ਹੈ ਅਬਿਨਾਸੀ।

 ਅਦ੍ਰਿਸ ਅਨਾਸ ਕਾ ਧਿਆਨ ਧਰੋ  ਮਨ ਦ੍ਰਿਸ ਪਦਾਰਥ ਹੈ ਸਭ ਨਾਸੀ।

 ਅਸਟ ਦਸਾ ਖਟ ਚਾਰ ਪੁਕਾਰਤ  ਨਾਮ ਔ ਰੂਪ ਹੈ ਕਾਲ ਗ੍ਰਾਸੀ।

  ਦਾਸ ਭਗਵਾਂਨ ਅਨਾਤਮ ਕੋ ਤਜ  ਆਤਮ ਲੀਨ ਸਦਾ ਸੁਖ ਰਾਸੀ।।21।।

 

ਪਦ ਅਰਥ:- ਬਿਨਸਤ=ਨਹੀਂ ਜਾਂਦਾ। ਅਬਿਨਾਸੀ=ਨਾਸ਼-ਰਹਿਤ। ਅਦ੍ਰਿਸ=ਨਾ ਦਿੱਸਣ ਵਾਲਾ। ਅਨਾਸ=ਨਾ ਨਾਸ਼ ਹੋਣ ਵਾਲਾ। ਅਸਟ ਦਸਾ=ਅਠਾਰਾਂ ਪੁਰਾਣ। ਖਟ=ਛੀ ਸ਼ਾਸਤ੍ਰ। ਚਾਰ=ਵੇਦ। ਨਾਮ ਔ ਰੂਪ=ਸੰਸਾਰ। ਅਨਾਤਮ ਰੂਪ=ਵਾਹਿਗੁਰੂ।

ਅਰਥ :-ਇਹ ਪਰਮਾਤਮਾ ਹੀ ਹੈ ਜੋ ਨਹੀਂ ਜਾਂਦਾ ਤੇ ਨਾ ਹੀ ਨਾਸ਼ ਹੁੰਦਾ ਹੈ ਸਹੀ ਆਤਮਾ ਹੈ। ਇਸ ਕਰਕੇ ਨਾ ਦਿਸਣ ਵਾਲੇ ਤੇ ਨਾ ਨਾਸ਼ ਹੋਣ ਵਾਲੇ ਵਾਹਿਗੁਰੂ ਦਾ ਮਨ ਵਿਚ ਧਿਆਨ ਧਰੋ, ਕਿਉਂਕਿ ਦਿਸਣ ਵਾਲੇ ਪਦਾਰਥ ਸਭ ਨਾਸ਼ਵਾਨ ਹਨ। ਅਠਾਰਾਂ ਪੁਰਾਣਾਂ, ਛੇ ਸ਼ਾਸਤ੍ਰ, ਤੇ ਚਾਰ ਵੇਦ ਪੁਕਾਰ ਕੇ ਕਹਿੰਦੇ ਹਨ ਕਿ ਨਾਮ ਰੂਪ ਸੰਸਾਰ ਨੂੰ ਕਾਲ ਗਰੱਸ ਲਏਗਾ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਨਾਮ ਰੂਪ ਸੰਸਾਰ ਨੂੰ ਛੱਡ ਕੇ ਅਨਾਤਮ ਰੂਪ ਆਤਮਾ ਦਾ ਚਿੰਤਨ ਕਰ, ਜੋ ਸੁਖਾਂ ਦੀ ਰਾਸ ਹੈ॥21॥

 

ਸ੍ਵੈਯਾ।। ਹੈ ਘਟ ਅੰਤਰ ਸਰਬ ਨਿਰੰਤਰ ਹੋਇ ਇਕੱਤ੍ਰ ਬਾਤ ਬੰਚਾਰੀ। ਸਤਗੁਰ ਬਾਝ ਨਹੀਂ ਹਥ ਆਵਤ ਮਿਲ ਕਰ ਉਨਹਨ ਕਾਜ ਸvMwਰੀ। ਸਬਦ ਕੀ ਕੁੰਜੀ ਕੋ ਲੈ ਕਰ ਬਾਲਕ ਤੌ ਗੜ੍ਹ ਕਾਂਇਆਂ ਕੇ ਕੁਲਫ ਉਤਾਂਰੀ। ਦਾਸ ਭਗਵਾਂਨ ਖੁਲੇਂ ਖੱਟ ਚੱਕ੍ਰ ਜਾ ਗਗਨੰਤ੍ਰ ਸੁਰਤਿ ਸਿਧਾਂਰੀ।।22।। ਪਦ ਅਰਥ:-ਘਟ=ਹਿਰਦਾ। ਨਿਰੰਤਰ=ਇਕ ਰਸ। ਇਕੱਤ੍ਰ=ਇਕੱਠੇ ਹੋ ਕੇ। ਉਨਹਨ=ਉਨ੍ਹਾਂ ਨੇ (ਗੁਰੂ ਨੇ)। ਬਾਲਕ=ਅਨਜਾਣ ਜੀਵ। ਗੜ੍ਹ =ਕਿਲ੍ਹਾ। ਕੁਲਫ=ਜੰਦਰਾ। ਖੱਟ ਚੱਕ੍ਰ=(1) ਮੂਲਾਧਾਰ। (2) ਸ੍ਵਾਧੀ ਅਸਠਾਨ। (3) ਮਣਿਪੁਰ ਚੱਕ੍ਰ। (4) ਅਕਾਹਤ ਚੱਕ੍ਰ। (5) ਵਿਸ਼ੁਧ ਚੱਕ੍ਰ। (5) ਆਗਬਾ ਚੱਕ੍ਰ। ਇਨ੍ਹਾਂ ਛੇ ਚੱਕ੍ਰਾਂ ਤੋਂ ਛੁੱਟ ਜੋਗੀ ਇਕ ਸੱਤਵਾਂ ਚੱਕ੍ਰ ਦਸਮ ਦੁਆਰ ਵਿਚ ਮੰਨਦੇ ਹਨ। ਗਗਨੰਤ੍ਰ =ਦਸਵਾਂ ਦੁਆਰਾ। ਅਰਥ:-ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਮਨ ਦੀ ਇਕਗਰਤਾ ਹਾਸਲ ਕਰਨ ਉਪਰੰਤ ਇਕੱਤ੍ਰ ਹੋ ਕੇ ਵਿਚਾਰਨ ਤੋਂ ਇਹ ਪਤਾ ਲੱਗਾ ਕਿ ਜੋ ਸਾਰੇ ਪਾਸੇ ਪਰੀਪੂਰਨ ਹੋ ਰਿਹਾ ਹੈ, ਉਹ ਤਾਂ ਸਾਰਿਆਂ ਦੇ ਹਿਰਦੇ ਵਿੱਚ ਸਮਾ ਰਿਹਾ ਹੈ ਭਾਵ ਆਪਣੇ ਹੀ ਅੰਦਰ ਉਸ ਦੀ ਖੋਜ ਕਰੋ, ਪਰ ਕੁੰਜੀ ਸਤਿਗੁਰ ਦੇ ਹੱਥ ਹੈ, ਪੂਰੇ ਗੁਰੂ ਨੂੰ ਹੀ ਮਿਲ ਕੇ ਮਿਲਾਪ ਰੂਪ ਕਾਰਜ ਸਿੱਧ ਹੋ ਸਕਦਾ ਹੈ। ਹੇ ਅਗਿਆਨੀ ਜੀਵਾਂ ਰੂਪੀ ਬਾਲਕ'! ਸਤਿਗੁਰ ਪਾਸੋਂ ਸ਼ਬਦ ਰੂਪੀ ਕੁੰਜੀ ਪ੍ਰਾਪਤ ਕਰਕੇ ਕਾਇਆ ਰੂਪੀ ਕਿਲ੍ਹੇ ਦਾ ਜੰਦਰਾ ਖੋਹਲ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਤਾਂ ਛੇ ਚੱਕ੍ਰ ਛੇਦਨ ਕਰਕੇ (ਭਾਵ, ਲੰਘ ਕੇ) ਦਸਵਾਂ ਦੁਆਰ ਖੁੱਲ੍ਹਦਾ ਹੈ ॥22॥

ਸ੍ਵੈਯਾ।।

ਜਾਗ੍ਰਤ ਸੁਪਨ ਸਕੋਪਤ ਸੇ ਉਠ  ਤੁਰੀਆ ਕੇ ਬੀਚ ਮੇ ਜਾਇ ਸਮਾਯੋ।

ਨੌਂ ਦਰਵਾਜੇ ਕੋ ਰੋਕ ਕੇ ਸਾਦਕ  ਦਸਮੇ ਹੋ ਕਾਮਲ ਕਦਮ ਟਕਾਯੋ।

ਛੋਡਿ ਕੇ ਸੰਗ ਸਮੂਹਨ ਕਾ ਫਿਰ  ਹੋਇ ਨਿਹੰਗ ਨ ਅੰਗ ਹਟਾਯੋ।

 ਦਾਸ ਭਗਵਾਂਨ ਨਦਾਂਨ ਸਹੀ ਅਬ  ਗੈਬਲ ਗੈਬ ਹੋ ਗੈਬ ਕੋ ਪਾਯੋ।।23।।

 

ਪਦ ਅਰਥ:-ਜਾਗ੍ਰਤ=ਨੀਂਦ ਤੋਂ ਬਿਨਾਂ। ਸੁਪਨ=ਜਾਗੋ ਮੀਟੀ। ਸਕੋਪਤ=ਗੂੜ੍ਹੀ ਨੀਂਦ। ਤੁਰੀਆ=ਗਿਆਨ ਦਸ਼ਾ। ਨੌ ਦਰਵਾਜੇ=ਦੋ ਅੱਖਾਂ, ਦੋ ਨਾਸਕਾਂ, ਦੋ ਕੰਨ, ਇਕ ਜੀਭ, ਇੰਦ੍ਰੀ, ਗੁਦਾ=9। ਸਾਦਕ=ਸਿਦਕ ਕਮਾਣ ਵਾਲਾ। ਸਮੂਹਨ=ਸਾਰਿਆਂ ਤੋਂ ਉੱਚਾ ਹੋ ਕੇ। ਨਿਹੰਗ=ਨਿਰਭੈ। ਗੈਬਲ ਗੈਬ=ਗੁਪਤ ਤੋਂ ਗੁਪਤ ਮਨ ਇੰਦ੍ਰੀਆਂ ਤੋਂ ਪਰ੍ਹੇ, ਅਲਖ।

ਅਰਥ:-ਜਾਗਤ, ਸੁਪਨ ਸਖੋਪਤੀ ਤਿੰਨਾਂ ਅਵਸਥਾਂ ਤੋਂ ਲੰਘ ਕੇ ਗਿਆਨ ਅਵਸਥਾ ਵਿਚ ਸਮਾਵੇ। ਨੌਂ ਦਰਵਾਜ਼ੇ ਰੋਕ ਕੇ ਭਾਵ ਸਭ ਇੰਦ੍ਰੀਆਂ ਨੂੰ ਆਪਣੇ ਕਾਬੂ ਕਰ ਕੇ ਹੇ ਸਾਦਕ! ਦਸਵੇਂ ਦੁਆਰ ਵਿਚ ਸੁਰਤੀ ਨੂੰ ਟਿਕਾਓ। ਸਾਰਿਆਂ ਪਾਸਿਆਂ ਤੋਂ ਬਿਰਤੀ ਸੰਕੋਚ ਕੇ ਕਾਮ ਕ੍ਰੋਧ ਆਦਿ ਦਾ ਸੰਗ ਛੱਡ ਕੇ ਨਿਰਭੈ ਹੋ ਕੇ ਅੱਗੇ ਵਧੋ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਗੁਪਤ ਤੋਂ ਗੁਪਤ ਮਨ ਇੰਦ੍ਰੀਆਂ ਤੋਂ ਪਰ੍ਹੇ  ਭਾਵ  ਵਾਹਿਗੁਰੂ ਨੂੰ ਪਾਉਗੇ॥23॥

 

ਸ੍ਵੈਯਾ।।

ਫੂਲ ਕੀ ਗੰਧ ਸਮਾਂਨ ਸਰੀਰ ਮੇ  ਨੂਰ ਬਿਆਪ ਰਿਹਾ ਸਭ ਅੰਦਰ।

ਘਟਿ ਪਟਿ ਔ ਤਟ ਤੀਰਥ ਜਲ ਥਲ  ਹੈ ਇਕ ਆਤਮ ਜੰਗਲ ਮੰਦਰ।

 ਸਾਖਾ ਛੋਡਿ ਕੇ ਸਾਖੀ ਦੀ ਸਾਰਿ ਲਹੋ  ਇਉਂ ਗੋਸਾ ਗਹੋ ਮੁੜ ਕਾਇਆਂ ਕੀ ਕੰਦਰ।  ਸੂਖਮ ਸਾਰ ਸਰੂਪ ਲਹੈ ਜਬ  ਦਾਸ ਭਗਵਾਂਨ ਹੋ ਬੁਧ ਬਿਘੰਬਰ।।24।।

 

ਪਦ ਅਰਥ:-ਗੰਧ=ਸੁਗੰਧੀ। ਸਾਖਾ=ਟਾਹਣੀਆਂ ਰੂਪ ਇੰਦ੍ਰੀਆਂ ਸਰੀਰ ਦੀਆਂ ਸਾਖਾਂ। ਸਾਖੀ=ਦੇਹ ਦਾ ਮਾਲਕ। ਗੋਸਾ=ਕਿਨਾਰਾ। ਕੰਦਰ=ਗੁਫਾ। ਸਾਰ=ਪਤਾ। ਬਿਘੰਬਰ=ਡੂੰਘੀ ਜਾਂ ਨਿਰਹਲ।

ਅਰਥ:-  ਤੀਰਥਾਂ ਦੇ ਘਾਟ, ਹਿਰਦੇ, ਤੀਰਥਾਂ ਦੇ ਕਿਨਾਰੇ, ਜਲ, ਮੈਦਾਨ ਤੇ ਜੰਗਲਾਂ ਅੰਦਰ ਸਰੀਰਿਕ ਆਤਮਾ ਹੈ। ਕਾਇਆ ਰੂਪੀ ਗੁਫਾ ਅੰਦਰ ਬੈਠ ਕੇ ਪਸਾਰੇ ਤੋਂ ਬਿਰਤੀ ਸੰਕੋਚ ਕੇ ਪਸਾਰਾ ਕਰਨ ਵਾਲੇ ਦੀ ਸੋਝੀ ਲਵੋ ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਸੂਖਮ ਦੀ ਸਾਰ ਤਦ ਪਤਾ ਲਗਦੀ ਹੈ ਜਦੋਂ ਬੁੱਧੀ ਭੀ ਸੂਖਮ ਹੋਵੇ ॥24॥

ਸ੍ਵੈਯਾ।।

ਸੰਤ ਜਣਾਵਤ ਸਾਚੁ ਤੁਝੇ ਨਂਹੀ  ਮਾਨਤ ਹੈਂ ਮਨ ਮੂਰਖ ਜੀਆ।

ਨਿਤਾਪਰਤ ਹੀ ਏਹ ਉਪਦੇਸ ਕਰੇਂ  ਤੇਰੇ ਹੈ ਘਟ ਅੰਤਰ ਪੂਰਨ ਪੀਆ।

ਸਿਖਿਆ ਸਹੀ ਨਂਹੀ ਗਹੀ ਗੁਵਾਰ ਤੈਂ  ਹੈ ਉਨਮਾਦ ਤੁਝੇ ਕੋਈ ਥੀਆ।

ਨ ਦਰਿਆਫਤ ਕੁਝ ਸਨਾਖਤ  ਦਾਸ ਭਗਵਾਂਨ ਨਾ ਨਿਸਚਾ ਹੈ ਕੀਆ ।।25।।

 

ਪਦ ਅਰਥ:-  ਜਨਾਵਤ=ਦੱਸਦੇ ਹਨ। ਨਿਤਾਪਰਤ=ਹਰ ਦਿਨ, ਹਰ ਰੋਜ਼। ਸਿਖਿਆ=ਉਪਦੇਸ਼। ਗਹੀ=ਪਕੜੀ। ਗਵਾਰ=ਮੂਰਖ। ਉਨਮਾਦ=ਪਾਗਲਪਨ। ਥੀਆ=ਹੋਇਆ। ਦਰਿਆਫਤ=ਮਲੂਮ ਕਰਨਾ, ਸਨਾਖਤ=ਪਛਾਣ। ਨਿਸਚਾ=ਯਕੀਨ ਜਾਂ ਨਿਸਚਾ।

ਅਰਥ :-  ਸੰਤ ਲੋਕ ਰੱਬ ਦੇ ਪਾਸੇ ਦਾ ਭੇਤ ਇਸ ਨੂੰ ਦੱਸਦੇ ਹਨ। ਪਰ ਇਹ ਮੂਰਖ ਜੀਵ ਨਹੀਂ ਮੰਨਦਾ। ਹਰ ਦਿਨ ਹਰ ਵੇਲੇ ਸੰਤ ਇਹ ਉਪਦੇਸ਼ ਕਰਦੇ ਹਨ ਕਿ ਪੂਰਨ ਪ੍ਰੀਤਮ ਤੇਰੇ ਅੰਤਰ-ਆਤਮੇ ਵਿਚ ਹੀ ਹੈ। ਪਰ ਮਨੁੱਖ ਨੂੰ ਕੋਈ ਪਾਗਲ ਪੁਣਾਂ ਹੈ ਜੋ ਸਹੀ ਸਿੱਖਿਆ ਦੀ ਪਕੜ ਨਹੀਂ ਕਰਦਾ। ਰਾਜਾ ਸਾਹਿਬ ਬਿਆਨ ਕਰਦੇ ਹਨ, ਨਾ ਇਸ ਦਾ ਨਿਸ਼ਚਾ ਹੈ ਨਾ ਹੀ ਕਿਸੇ ਤੋਂ ਪੁਛਦਾ ਹੈ ਤੇ ਨਾ ਹੀ ਇਸ ਉਸਦੀ ਕੋਈ ਪਛਾਣ ਹੈ॥25॥

 

ਸ੍ਵੈਯਾ।।

ਪਾਣੀ ਪੈ ਬੂਰ ਜਿਉ ਖਾਂਈ ਬਿਖੇ ਮ੍ਰਿਗ  ਕੂਦ ਪਿਆ ਬਿਚ ਜਾਣ ਅੰਗੂਰੀ।

 ਗੋਤੇ ਖਾਇ ਅਪਾਂਰ ਹੈ ਕਸਟ ਲਹੇ  ਤਬ ਸਮਝੀ ਹਕੀਕਤ ਨਾ ਜਬ ਪੂਰੀ।

   ਭੋਗ ਰਹੱਸ ਰਮਣੀ ਪਛਾਣ ਲਹੇਂ  ਮੇਰੇ ਰੂਪ ਏਹ ਕਸਟ ਕਰੂਰੀ।

 ਦਾਸ ਭਗਵਾਂਨ ਤਾਂ ਕਰਮ ਕਰੋ ਜਬ  ਮਰਮ ਲਹੋ ਪਹਲੇ ਤਿਸ ਜਰੂਰੀ।।26।।

 

ਪਦ ਅਰਥ:-ਮ੍ਰਿਗ=ਹਿਰਨ। ਅੰਗੂਰੀ=ਹਰਿਆਵਲ ਜਾਣ ਕੇ। ਹਕੀਕਤ=ਪੂਰਾ ਹਾਲ। ਰਹੱਸ ਰਮਣੀ=ਭੋਗਾਂ ਦੇ ਰਸ ਮਿੱਠੇ ਜਾਣ ਕੇ। ਕਸਟ ਕਰੂਰੀ=ਕੌੜੇ ਤੇ ਦੁਖਦਾਇਕ। ਮਰਮ=ਭੇਦ।

ਅਰਥ:- ਹਰੀ ਅੰਗੂਰੀ ਦੇ ਭੁਲੇਖੇ ਪਾਣੀ ਉਤੇ ਬੂਰ ਦੇਖ ਕੇ ਹਿਰਨ ਖਾਈ ਵਿਚ ਕੁੱਦ ਪਿਆ। ਅਸਲ ਭੇਤ ਨੂੰ ਸਮਝੇ ਬਿਨਾਂ ਗੋਤੇ ਖਾਂਦਾ ਹੈ ਤੇ ਬੜੇ ਕਸ਼ਟ ਸਹਾਰਦਾ ਹੈ। ਮਨੁੱਖ ਦੁਨੀਆਂ ਦੇ ਭੋਗ ਰਸਾਂ ਨੂੰ ਮਿੱਠੇ ਜਾਣ ਕੇ ਭੋਗਦਾ ਹੈ, ਇਸ ਕਰਕੇ ਭਿਆਨਕ ਕਸ਼ਟ ਝੱਲਦਾ ਹੈ। ਰਾਜਾ ਸਾਹਿਬ ਵਿਚਾਰ ਦੱਸਦੇ ਹਨ ਕਿ ਕੋਈ ਕਰਮ ਕਰਨ ਤੋਂ ਪਹਿਲਾਂ ਉਸ ਦੇ ਭੇਦ ਤੇ ਫਲ ਨੂੰ ਜਾਨਣਾ ਜ਼ਰੂਰੀ ਹੈ॥26॥

 

ਸ੍ਵੈਯਾ।।

ਪ੍ਰਮਾਰਥ ਮਾਰਗ ਚਲ ਸਕੇ ਕਿਉਂ  ਜਾਵਨ ਪੰਜ ਨਾ ਦੇ ਬਟਵਾਰੇ।

 ਪਾਇਆ ਅੰਧੇਰ ਬਗੈਰ ਅੰਧੇਰ  ਇਹੁ ਹੈਨ ਦੁਲੇਰ ਲੁਟੇਰ ਕਰਾਰੇ।

 ਕਾਫਲਾ ਪਾਇ ਲੀਆ ਜਬ ਸੰਤਨ  ਸੰਗ ਹੋ ਤਿਨਹਨ ਪੰਧ ਪਧਾਰੇ।

    ਦਾਸ ਭਗਵਾਂਨ ਇਉਂ ਸਹੀ ਸਲਾਮਤ  ਪੌਹੁਚ ਗਏ ਜਾਇ ਪਹੁਚਨਹਾਰੇ।।27।।

 

ਪਦ ਅਰਥ: ਪਰਮਾਰਥ=ਪਰਲੋਕ ਦਾ ਰਸਤਾ। ਮਾਰਗ=ਰਸਤਾ। ਕਾਫਲਾ=ਮੰਡਲ। ਪੰਧ=ਰਸਤਾ। ਜਾਇ=ਅਸਥਾਨ ਜਾਂ ਜਗ੍ਹਾ।

ਅਰਥ: ਪੰਜ ਕਾਮ, ਕ੍ਰੋਧ,ਲੋਭ, ਮੋਹ, ਹੰਕਾਰ ਦੇ ਕਾਰਨ ਪਰਮਾਰਥ ਤੇ ਕਿਵੇਂ ਚੱਲ ਸਕੀਏ ਜਦੋਂ ਕਿ ਇਹ ਲੁਟੇਰੇ ਉਸ ਰਸਤੇ ਤੇ ਚੱਲਣ ਨਹੀਂ ਦਿੰਦੇ। ਚੰਦ ਤੇ ਸੂਰਜ ਦੋ ਦੀਵਿਆਂ ਦੇ ਹੁੰਦਿਆਂ ਬਿਨਾਂ ਅੰਧੇਰ ਤੋਂ ਇਨ੍ਹਾਂ ਨੇ ਹਨ੍ਹੇਰ ਪਾ ਰਖਿਆ ਹੈ। ਇਹ ਬੜੇ ਬੇਡਰ ਤੇ ਕਰੜੇ ਲੁਟੇਰੇ ਹਨ। ਸੰਤਾਂ ਦੀ ਸੰਗਤ ਦੀ ਵਹੀਰ ਜਦ ਪ੍ਰਾਪਤ ਹੋ ਗਈ ਤਾਂ ਇਨਾਂ ਪੰਜਾਂ ਤੋਂ ਬਚ ਸਕੀਦਾ ਹੈ, ਕਿਉਂਕਿ ਉਥੇ ਇਨ੍ਹਾਂ ਦੀ ਕੋਈ ਨਹੀਂ ਵੱਟੀਦੀ। ਰਾਜਾ ਸਾਹਿਬ ਜੀ ਇਨ੍ਹਾਂ ਪੰਜਾਂ ਤੋਂ ਬਚਣ ਦਾ ਰਸਤਾ ਸੰਤਾਂ ਦੀ ਸੰਗਤ ਹੀ ਦੱਸਦੇ ਹਨ॥27॥

 

ਸ੍ਵੈਯਾ।।

ਜਾਂ ਤਨ ਪੈ ਕਰ ਗਰਬ ਰਹੇ  ਹਮ ਤਾਂ ਤਨ ਬੀਚ ਹੈ ਕੌਣ ਬਡਾਈ।

ਹਾਡ ਤੇ ਮਾਸ ਔ ਨਾੜੀ ਕੋ ਪਿੰਜਰੁ  ਪੰਖੀ ਹੂਆ ਬਿਚ ਦਾਖਲ ਆਈ।

ਅਰਬਾ ਇਨਾਸਰ ਮੇਲ ਭਇਆ  ਜਬ ਆਤਮ ਮੱਧ ਭਈ ਰੁਸਨਾਈ।

   ਦਾਸ ਭਗਵਾਂਨ ਨਾ ਮਾਣ ਕਰੋ  ਥਿਰ ਰਹਣਾ ਨਂਹੀ ਕਲਬੂਤ ਇਹੁ ਭਾਈ।।28।।

 

ਪਦ ਅਰਥ:-ਗਰਬ=ਅਹੰਕਾਰ। ਪੰਖੀ=ਜੀਵ। ਅਰਬਾ ਇਨਾਸਰ=ਹਵਾ, ਪਾਣੀ, ਅੱਗ, ਤੇ ਮਿੱਟੀ। ਕਲਬੂਤ=ਸਰੀਰ ਦਾ ਢਾਂਚਾ।

ਅਰਥ:-ਜਿਸ ਦੇਹ ਦਾ ਅਸੀਂ ਮਾਣ ਕਰਦੇ ਹਾਂ ਭਲਾ ਦੱਸੋ ਇਸ ਵਿਚ ਕੀ ਵਡਿਆਈ ਹੈ? ਹੱਡ, ਮਾਸ, ਨਾੜੀਆਂ ਦਾ ਇਹ ਪਿੰਜਰਾ ਹੈ ਤੇ ਜੀਵ ਰੂਪੀ ਪੰਛੀ ਵਿਚ ਵੱਸਦਾ ਹੈ। ਤੱਤ ਦੇ ਮੇਲ ਤੋਂ ਇਹ ਦੇਹ ਬਣੀ ਤੇ ਆਤਮ ਤੱਤ ਇਸ ਨੂੰ ਰੋਸ਼ਨ ਕਰ ਰਿਹਾ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਜਿਸਮ ਦਾ ਮਾਣ ਨਾ ਕਰੋ, ਇਹ ਢਾਂਚਾ ਸਦਾ ਨਹੀਂ ਬਣਿਆ ਰਹਿਣਾ ॥28॥

 

ਸ੍ਵੈਯਾ {29} ਭਗਵਾਨ ਬਲਾਸਦਰਜ ਨਹੀਂ ਹੈ ।।

 

ਸ੍ਵੈਯਾ।।

ਮਾਣਸ ਦੇਹ ਬਣੀ ਅਤ ਸੁੰਦ੍ਰ  ਸੁੰਦਰ ਦੇਖ ਪਦਾਰਥ ਕੀ ਹੈ।

ਦੇਹ ਹੱਡ ਮਾਸ ਕੀ ਹੈ ਮਲ ਮੂਤ੍ਰ  ਕੋ ਨਵ ਦੁਆਰ ਮੈ ਸੁਚ ਨਾ ਦੀ ਹੈ।

ਸੁੰਦ੍ਰ ਬਸਤ ਦ੍ਰਿਸਟ ਨ ਆਵਤ  ਸੁੰਦ੍ਰ ਜਾਣ ਕਹ ਕਾਰਨ ਲੀ ਹੈ।

  ਬਾਤ ਜਥਾਰਥ ਹੈ ਪਰਮਾਰਥ  ਦਾਸ ਭਗਵਾਂਨ ਇਹੁ ਸੁੰਦ੍ਰ ਜੀ ਹੈ।।30।।

 

ਪਦ ਅਰਥ:- ਮਾਣਸ=ਮਨੁੱਖ। ਪਦਾਰਥ=ਚੀਜ਼। ਨਵ ਦੁਆਰ=ਨੌਂ ਦਰਵਾਜ਼ੇ ਜੋ ਦੇਹ ਦੇ ਪ੍ਰਗਟ ਹਨ, ਦਸਵਾਂ ਗੁਪਤ ਹੈ। ਸੂਚ=ਸੁਚ। ਜਥਾਰਥ=ਅਸਲ।

ਅਰਥ:- ਮਨੁੱਖਾ ਦੇਹ ਜੋ ਬੜੀ ਸੋਹਣੀ ਦਿਸਦੀ ਹੈ ਦੇਖ ਤਾਂ ਸਹੀ ਇਹ ਕੀ ਚੀਜ਼ ਹੈ? ਹੱਡ ਮਾਸ ਦੀ ਬਣੀ ਹੋਈ ਨੌਂ ਦਰਵਾਜ਼ਿਆਂ ਵਾਲੀ ਇਸ ਦੇਹ ਵਿਚੋਂ ਮੱਲ ਮੂਤ੍ਰ ਨਿਕਲਦਾ ਰਹਿੰਦਾ ਹੈ, ਇਸ ਵਿਚ ਕਿਹੜੀ ਚੀਜ਼ ਸੁੱਚੀ ਹੈ? ਸੁੰਦਰਾਂ ਦਾ ਸੁੰਦਰ ਇਸ ਵਿਚ ਵੱਸਦਾ ਹੈ ਪਰ ਨਜ਼ਰ ਨਹੀਂ ਆਉਂਦਾ, ਇਸ ਦਾ ਕਾਰਨ ਕੀ ਹੈ? ਰਾਜਾ ਸਾਹਿਬ ਦੇ ਬਚਨ ਅਨੁਸਾਰ ਇਹ ਜੀਵ ਕੀ ਸੁੰਦਰ ਹੈ? ਅਸਲ ਸੁੰਦਰ ਚੀਜ਼ ਤਾਂ ਹਿਰਦੇ ਅੰਦਰ ਛੁਪੀ ਹੋਈ ਹੈ। ਪਰਮਾਰਥ ਹੀ ਯਥਾਰਥ ਹੈ, ਇਸ ਦਾ ਵਿਚਾਰ ਕਰੋ ॥30॥

 

ਸ੍ਵੈਯਾ।।

ਔਧ ਘਟੇ ਨਰ ਰੋਜ ਬਰੋਜ ਹੀ  ਚੋਜ ਕਰੇਂ ਮਨ ਭਾਵਤ ਕੈਸੇ।

 ਸੁਫਨ ਸ੍ਰਿਸਟ ਬਿਖੇ ਪੜ ਮੂਰਖ  ਭੋਗੋਂ ਕੋ ਬਾਂਛਤ ਹੈ ਅਬ ਐਸੇ।

 ਸ੍ਰਪ ਕੇ ਮੂੰਹ ਬਿਖੇ ਪਿਆ ਦਾਦਰ  ਮੱਛਰ ਖਾਣ ਕੋ ਚਾਹਤ ਜੈਸੇ।

     ਦਾਸ ਭਗਵਾਂਨ ਏਹ ਅਜੁਬ ਹੀ ਐਹਮਕ  ਜਾਣ ਕੇ ਸਤ ਜੋ ਸੰਚਤ ਪੈਸੇ।।31।।

 

ਪਦ ਅਰਥ:-ਔਧ=ਉਮਰ। ਚੋਜ=ਰੰਗ ਤਮਾਸ਼ੇ। ਬਾਂਛਤ=ਇੱਛਾ ਕਰਦਾ ਹੈ। ਸ੍ਰਪ=ਸੱਪ। ਦਾਦਰ=ਡੱਡੂ। ਸੰਚਤ ਪੈਸੇ=ਮਾਇਆ ਕੱਠੀ ਕਰਦਾ ਹੈ।

ਅਰਥ:-ਨਿਤ ਦਿਨ ਤੇਰੀ ਉਮਰ ਘਟਦੀ ਜਾ ਰਹੀ ਹੈ, ਮਨ ਭਾਉਂਦੇ ਚੋਜ ਕਿਸ ਲਈ ਕਰਦਾ ਹੈਂ ? ''ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ'' ਸੁਪਨੇ ਦੀ ਨਿਆਈਂ ਇਹ ਸੰਸਾਰ ਹੈ। ਮੂਰਖ ਭੋਗਾਂ ਦੀ ਇੱਛਾ ਇਸ ਪ੍ਰਕਾਰ ਕਰਦਾ ਹੈ ਜਿਸ ਤਰ੍ਹਾਂ ਸੱਪ ਦੇ ਮੂੰਹ ਵਿਚ ਡੱਡੂ ਫੜਿਆ ਹੋਇਆ ਭੀ ਅਗੋਂ ਮੱਛਰ ਨੂੰ ਪਕੜਨ ਦਾ ਯਤਨ ਕਰਦਾ ਹੈ। ''ਸੁਪਨ ਰੀ ਸੰਸਾਰੁ ||ਮਿਥਨੀ ਬਿਸਥਾਰੁ ||'' ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਮੂਰਖ ਸਭ ਕੁਛ ਜਾਣਦਾ ਹੋਇਆ ਭੀ ਮਾਇਆ ਕੱਠੀ ਕਰਨ ਦਾ ਯਤਨ ਕਰਦਾ ਹੈ ॥31॥

 

ਸ੍ਵੈਯਾ।।

ਸ੍ਵੈ ਸਰੂਪ ਸਿਮਰਣ ਕਰੋ  ਅਤੇ ਬਿਸੇ ਬਿਸਮਰਣ ਕੀਜੀਏ ਭਾਈ।

ਬਿਸੇ ਬਿਸਮਰਣ ਬੋਧ ਹੋ ਜਾਇ  ਸਰੂਪ ਬਿਸਮਰਣ ਸਾਰ ਗੁਵਾਈ।

ਸਿਮਰੱਣ ਸਰੂਪ ਅਨੰਦ ਅਤੀ ਕਰ  ਬਿਸੇ ਬਿਸਮਰਣਿ ਕਲਹ ਅਧਕਾਈ।

ਦਾਸ ਭਗਵਾਂਨ ਬਿਗਿਆਂਨ ਲਹੋ ਜਹ  ਨਾਹਿ ਸਿਮਰੱਣ ਬਿਸਮਰਣ ਕਾਈ।।32।।

 

ਪਦ ਅਰਥ:- ਸ੍ਵੈ ਸਰੂਪ ਆਪਣਾ ਰੂਪ। ਬਿਸਮਰਣ=ਭੁਲਾਨਾ। ਬਿਸੈ=ਵਿਕਾਰ। ਬੋਧ=ਪਤਾ ਲੱਗਣਾ। ਸਾਰ=ਤੱਤ। ਕਲਹ=ਦੁੱਖ। ਅਧਕਾਈ=ਬਹੁਤਾ। ਬਿਗਿਆਂਨ=ਆਤਮਕ ਗਿਆਨ।

ਅਰਥ:- ਵਿਸ਼ੇ ਵਿਕਾਰਾਂ ਨੂੰ ਭੁਲਾ ਕੇ ਆਪਣੇ ਨਿੱਜ ਰੂਪ ਵਿਚ ਵੱਸਦੇ ਪਰਮਾਤਮਾ ਨੂੰ ਯਾਦ ਕਰੋ। ਵਿਸ਼ਿਆਂ ਨੂੰ ਭੁਲਾ ਕੇ ਸਰੂਪ ਦਾ ਗਿਆਨ ਹੋ ਜਾਂਦਾ ਹੈ ਤੇ ਵਿਸ਼ਿਆਂ ਨੂੰ ਚੇਤੇ ਕਰਕੇ ਸਿਮਰਨ ਦਾ ਤੱਤ ਗੁਆਚ ਜਾਂਦਾ ਹੈ। ਸਿਮਰਨ ਕਰਕੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਤੇ ਵਿਕਾਰ ਬਿਰਤੀ ਕਾਰਨ ਦੁਖ ਤੇ ਕਲੇਸ਼ ਵਿਆਪਦੇ ਹਨ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਆਤਮਿਕ ਗਿਆਨ ਦੀ ਅਵਸਥਾ ਸਿਮਰਨ ਅਤੇ ਬਸਿਮਰਨ ਤੋਂ ਉੱਚੀ ਹੈ ਅਤੇ ਇਸ ਮਰਤਬੇ ਨੂੰ ਪ੍ਰਾਪਤ ਕਰਨ ਲਈ ਸਿਮਰਨ ਕਰਨਾ ਚਾਹੀਦਾ ਹੈ ॥32॥

ਸ੍ਵੈਯਾ।।

ਪਾਇ ਅਟੱਲ ਅਚੱਲ ਸੋਊ  ਜੋਊ ਦੇਸ ਅਛਲ ਅਮਲ ਅਨੂਪਾ।

ਆਪਣਾ ਆਪ ਨਂਹੀ ਤਿਨ ਤਾਪ  ਨਾ ਜਾਪ ਅਜਾਪ ਹੈ ਭੂਪਨ ਭੂਪਾ।

ਐਨ ਅਪਾਰ ਨਾ ਪਾਰ ਉਰਾਰ  ਨ ਸਾਰ ਅਸਾਰ ਹੈ ਸਾਰ ਸਰੂਪਾ।

 ਅਦ੍ਵੈ ਅਭੈ ਸ੍ਵੈ ਸੋਇ ਸੰਮਕ  ਦਾਸ ਭਗਵਾਂਨ ਹੈ ਰੂਪ ਅਨੂਪਾ।।33।।

 

ਪਦ ਅਰਥ:-ਅਚੱਲ=ਨਾ ਚਲਾਇਮਾਨ ਹੋਣ ਵਾਲਾ। ਅਮਲ=ਨਿਰਮਲ। ਅਨੂਪ=ਜਿਸ ਦੀ ਬਰਾਬਰੀ ਦਾ ਹੋਰ ਨਾ ਹੋਵੇ। ਤਿੰਨ ਤਾਪ=ਆਧਿ, ਬਿਆਧਿ, ਉਪਾਧਿ। ਅਪਾਰ=ਪਾਰ ਰਹਿਤ। ਅਦ੍ਵੈ=ਦਵੈਤ ਤੋਂ ਬਿਨਾਂ। ਅਭੈ=ਭੈ ਰਹਿਤ। ਸ੍ਵੈ=ਆਪਣੇ ਆਪ ਤੋਂ। ਸੰਮਕ=ਸੁੰਦਰ, ਮਨੋਹਰ।

ਅਰਥ:-ਜਿਸ ਦੇਸ਼ ਦੀ ਉਪਮਾ ਨਹੀਂ ਹੋ ਸਕਦੀ ਉਸ ਅਟੱਲ ਅਚੱਲ, ਅਛਲ, ਨਿਰਮਲ ਦੇਸ਼ ਨੂੰ ਪ੍ਰਾਪਤ ਕਰ। ਉਥੇ ਸਭ ਪਾਸੇ ਆਪਣਾ ਆਪ ਹੀ ਹੈ ਤੇ ਤਿੰਨ ਤਾਪ ਆਧਿ ਬਿਆਧ, ਉਪਾਧਿ ਨਹੀਂ ਹਨ ਜੋ ਅਜਾਪ ਹੈ ਉਥੇ ਰਾਜਨ ਕੇ ਰਾਜੇ ਦਾ ਟਿਕਾਣਾ ਹੈ। ਪਾਰ ਰਹਿਤ ਤੇ ਉਰਵਾਰ ਪਾਰ ਨਹੀਂ ਤੇ ਜਿਸ ਦਾ ਸ੍ਰੇਸ਼ਟ ਸਰੂਪ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਦਵੈਤ ਤੋ਼ ਰਹਿਤ,ਭੈਅ-ਰਹਿਤ, ਸੁਤੇ ਪ੍ਰਕਾਸ਼ ਮਨੋਹਰ ਅਤੇ ਰੂਪ ਤੋਂ ਅਨੂਪ ਹੈ ॥33॥

ਸ੍ਵੈਯਾ।।

ਐਸੋ ਦੇਸ ਲਹਿਓ ਮਿਲ ਸੰਤਨ ਕੋ  ਜਹ ਜਗ ਅਜੱਗ ਹੈ ਜਗਮਗ ਸਾਰਾ।

ਹਿਜਰ ਕੇ ਬਾਬ ਹਿਸਾਬ ਨਹੀ  ਨਂਹੀ ਖਵਾਬ ਅਜਾਬ ਨਾ ਬੈਨ ਬਕਾਰਾ।

ਮਲਕਲ ਮੌਤ ਕਾਰੀਮ ਨਹੀਂ  ਨਂਹੀ ਤੁੰਮ ਔ ਹਮ ਨਾ ਹਮ ਪਸਾਰਾ।

 ਹੱਕ ਰਫੀਕ ਹਕੀਕਤ ਹੈ ਇਹ  ਦਾਸ ਭਗਵਾਂਨ ਜੁ ਜਲਵਾ ਨਿਆਰਾ।।34।।

 

ਪਦ ਅਰਥ: ਹਿਜਰ=ਵਿਛੋੜਾ। ਬਾਬ=ਬੁਰੀ ਹਾਲਤ। ਅਜਾਬ=ਦੁਖ। ਬੈਨ=ਬਚਨ। ਬਕਾਰਾ=ਯੋਧੇ ਦਾ ਗਰਜਣ। ਮਲਕਲ ਮੌਤ=ਮੌਤ ਦਾ ਫਰਿਸ਼ਤਾ। ਕਾਰੀਮ=ਕਿਰਪਾਲੂ। ਪਸਾਰਾ=ਫੈਲਾਓ। ਹੱਕ=ਖੁਦਾ। ਰਫੀਕ=ਮਿਤ੍ਰ। ਜਲਵਾ=ਪ੍ਰਭਾਵ।

ਅਰਥ: ਸੰਤਾਂ ਨਾਲ ਮਿਲ ਕੇ ਐਸੇ ਦੇਸ਼ ਦੀ ਪ੍ਰਾਪਤੀ ਹੁੰਦੀ ਹੈ ਜਿਥੇ ਜਗਤ ਰਚਨਾ ਨਹੀਂ ਨੂਰ ਦਾ ਪਸਾਰਾ ਹੈ। ਉਥੇ ਨਾ ਵਿਛੋੜੇ ਦਾ ਦੁੱਖ ਹੈ,ਵਿਕਾਰ ਅਤੇ ਕਸ਼ਟ ਸੁਪਨੇ ਮਾਤਰ ਵੀ ਨਹੀਂ ਹੈ। ਮੌਤ ਦੇ ਫਰਿਸ਼ਤੇ ਦਾ ਦੁੱਖ ਨਹੀਂ ਤੇ ਨਾਹੀ ਮੈਂ,ਮੇਰੀ ਦਾ ਪਸਾਰਾ ਹੈ। ਨਾਭ ਕੰਵਲ ਜੀ ਕਹਿੰਦੇ ਹਨ ਕਿ ਸੱਚੀ ਗੱਲ ਤਾਂ ਇਹ ਹੈ ਕਿ ਪ੍ਰਭੂ ਹੀ ਸੱਚਾ ਮਿੱਤ੍ਰ ਹੈ ਤੇ ਉਸੇ ਦਾ ਜਲਵਾ ਨਿਆਰਾ ਹੈ ॥34॥

 

ਸ੍ਵੈਯਾ।।

ਹੈ ਪ੍ਰਕਾਸਕ ਆਪ ਇਹ ਲਾਸਕ  ਹੋ ਕਰ ਆਸਕ ਕਹੁ ਖੁਦ ਨੂਰੀ।

 ਮਾਲੋ ਹੋ ਮਾਲ ਲਖੋ ਖੁਦ ਹਾਲ  ਅਨਲਹੱਕ ਕਹੁ ਹੋਕਾ ਦੇ ਮਨਸੂਰੀ।

  ਬਾਤ ਹੈ ਔਰੁ ਕਰੋ ਕੁਝ ਗੌਰ  ਫਿਰ ਔਰਨ ਕੇ ਤੌਰ ਨ ਭਾਖ ਗਰੂਰੀ।

     ਕਰ ਈਮਾਂਨ ਇਹ ਦੇਖ ਲੈ ਜਾਨ  ਹੈ ਦਾਸ ਭਗਵਾਂਨ ਜੋ ਜਲਵਾ ਜਰੂਰੀ।।35।।

 

ਪਦ ਅਰਥ:- ਲਾਸਕ=ਮੋਰ, ਨੱਚਣ ਵਾਲਾ। ਅਨਲਹੱਕ=ਮੈਂ ਖੁਦਾ ਹੂੰ। ਤੌਰ=ਤਰ੍ਹਾਂ । ਈਮਾਨ=ਯਕੀਨ।

ਅਰਥ:-  ਜਦੋਂ ਆਸ਼ਕ ਹੋ ਕੇ ਆਪੇ ਨੂੰ ਪਛਾਣਦਾ ਹੈ ਤਾਂ ਨੂਰ ਦੀ ਖੁਸ਼ੀ ਵਿਚ ਮੋਰ ਵਾਂਗ ਨੱਚਦਾ ਹੈ। ਜਦ ਆਪਣੇ ਹਾਲ ਨੂੰ ਜਾਣ ਲਿਆ ਤਾਂ ਮਾਲੋ-ਮਾਲ ਹੋ ਮਨਸੂਰ ਦੀ ਤਰ੍ਹਾਂ  ''ਮੈਂ ਖੁਦਾ ਹੂੰ'' ਪੁਕਾਰਦਾ ਹੈ। ਜ਼ਰਾ ਗਹੁ ਨਾਲ ਵਿਚਾਰੋ ਇਹ ਹੋਰ ਹੀ ਗੱਲ ਹੈ, ਜਦ ਇਸ ਭੇਤ ਨੂੰ ਪਾ ਲਿਆ ਫਿਰ ਹੋਰਨਾਂ ਦੀ ਤਰ੍ਹਾਂ ਹੰਕਾਰ ਵਿਚ ਨਹੀਂ ਬੋਲਦਾ। ਰਾਜਾ ਸਾਹਿਬ ਬਿਆਨ ਕਰਦੇ ਹਨ, ਜੇ ਇਹ ਜਲਵਾ ਦੇਖਣਾ ਹੈ ਤਾਂ ਰੱਬ ਉੱਤੇ ਪੱਕਾ ਯਕੀਨ ਰੱਖ ਲਿਆ ਭਾਵ ਰੱਬ ਦੀ ਬੰਦਗੀ ਕਰ॥35॥

 

 

ਸ੍ਵੈਯਾ।।

ਸਦ ਸਚਦਾ ਨੰਦ ਸਰੂਪ ਸਹੀ  ਪ੍ਰੀਪੂਰਨ ਆਤਮ ਏਕ ਪਛਾਨੋ।

 ਸਮਸਟੀ ਬਿਅਸਟੀ ਕਾ ਭੇਦ ਲਖੋ  ਨਂਹੀ ਬੂੰਦ ਸਰੋਵਰ ਭਰਮ ਕੋ ਮਾਨੋ।

  ਸ੍ਰਵੱਗ ਅਲਪੱਗ ਉਡਾਇ ਦੋਊ ਤਤ  ਪਦ ਬ੍ਰਹਮ ਹੀ ਬ੍ਰਹਮ ਬਖਾਂਨੋ।

 ਦਾਸ ਭਗਵਾਂਨ ਚਿਦਾਘਨ ਹੈ ਸੋਊ  ਸਤ ਅਨੰਦ ਸਰੂਪ ਸਿਆਨੋ।।36।।

 

ਪਦ ਅਰਥ:-ਸਚਦਾ ਨੰਦ=ਸੱਤ ਹੋਂਦ ਵਾਲਾ। ਚਿਤ=ਚੇਤਨ ਰੂਪ। ਅਨੰਦ=ਅਨੰਦ ਸਰੂਪ। ਪ੍ਰੀਪੂਰਨ=ਸਾਰੇ ਪੂਰਨ ਹੋ ਰਿਹਾ।ਸਮਸਟੀ=ਸਾਰੇ ਮੰਗਲ ਰੂਪ। ਬਿਅਸਟੀ=ਜੀਵ ਰੂਪ। ਸ੍ਰਵੱਗ=ਸਰਬ ਕਲਾ ਸਮਰੱਥ ਬ੍ਰਹਮ। ਅਲਪੱਗ=ਜੀਵ। ਚਿਦਾਘਨ=ਅਕਾਸ਼ ਵੱਤ ਪੂਰਨ ਬ੍ਰਹਮ।

ਅਰਥ:-  ਸਤ, ਚਿਤ, ਅਨੰਦ ਇਕ ਹੀ ਬ੍ਰਹਮ ਸਾਰੇ ਪ੍ਰੀਪੂਰਨ ਜਾਣੋ, ਜੀਵ ਤੇ ਬਹ੍ਰਮ ਦੇ ਭੇਦ ਇਸ ਤਰ੍ਹਾਂ   ਜਾਣੋ ਜੇ ਸਰੋਵਰ ਤੇ ਬੂੰਦ ਇਕੋ ਹੀ ਹਨ, ਭਰਮ ਕਰਕੇ ਭਿੰਨ ਪ੍ਰਤੀਤ ਹੁੰਦੇ ਹਨ। ਜੀਵ (ਅਲਪੱਗ) ਬ੍ਰਹਮ (ਸਰਬੱਤ) ਦਾ ਭੇਦ ਮਿਟਾ ਕੇ ਇਕ ਹੀ ਬ੍ਰਹਮ ਨੂੰ ਜਾਣੋ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਅਕਾਸ਼ ਦੀ ਨਿਆਈਂ ਬ੍ਰਹਮ ਇਕ ਰਸ ਸਮਾ ਰਿਹਾ ਹੈ॥36॥

 

ਸ੍ਵੈਯਾ।।

ਗੋਸਪੰਦ ਔ ਗੁਰਗ ਤੇ ਗੁਰਬਾ ਔ ਮੁਰਗ ਮੇ  ਮੌਜਦਿਲਾ ਦਿਲ ਮਾਲਕ ਏਕਾ।

   ਗੋਰਖਰਾ ਗਜ ਗਾਓ ਜੁ ਗੋਨਨ  ਸੂਕਰ ਸੁਆਨ ਨ ਏਕ ਹੀ ਟੇਕਾ।

   ਗੰਗਾ ਗੋਦਾਵਰੀ ਗੋਮਤੀ ਗੋਕਲ  ਗਇਆ ਗੁਫਾ ਗਿਰ ਗਹੋ ਬਬੇਕਾ।

  ਘਟਾ ਮਟਾ ਅਕਾਸ ਸਭੀ ਮਹਾਂਕਾਸੁ ਮੇ  ਦਾਸ ਭਗਵਾਂਨ ਹੈ ਏਕ ਅਨੇਕਾ।।37।।

 

ਪਦ ਅਰਥ:-  ਗੋਸਪੰਦ=ਬੱਕਰੀ। ਗੁਰਗ=ਭੇੜੀਆ। ਗੁਰਬਾ=ਬਿੱਲੀ। ਮੁਰਗ=ਕੁੱਕੜ। ਗੋਰਖਰਾ=ਇਕਲਗ਼, ਇਕ ਗਧੇ ਦੀ ਕਿਸਮ ਦਾ ਪਸ਼ੂ। ਗਜ=ਹਾਥੀ। ਗਾਓ=ਗਊ। ਸੂਕਰ=ਸੂਰ। ਸੁਆਨ=ਕੁੱਤਾ। ਘਟਾ=ਘੜਾ। ਮਟਾ=ਕੋਠਾ। ਮਹਾਂਕਾਸੁ=ਆਕਾਸ਼।

ਅਰਥ:-  ਬੱਕਰੀ, ਭੇੜੀਆ, ਬਿੱਲੀ ਤੇ ਕੁੱਕੜ ਵਿੱਚ ਹੇ ਮੌਜ ਦਿਲ, ਇੱਕੋ ਮਾਲਕ ਹੈ। ਜੈਬਰਾ, ਹਾਥੀ, ਗਊ, ਕੁੱਤਾ, ਸੂਰ, ਵਿਚ ਇਕੋ ਹੈ। ਗੰਗਾ ਗੋਦਾਵਰੀ, ਗੋਮਤੀ, ਗੋਕਲ, ਗਯਾ ਜੀ ਪਹਾੜਾਂ ਦੀਆਂ ਕੰਦਰਾਂ ਵਿਚ ਵੀ ਵਿਚਾਰ ਕਰਦੇ  ਦੇਖੋ ਇਕੋ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ, (ਸਹਸ ਘਟਾ ਮਹਿ ਏਕੁ ਆਕਾਸੁ ਘਟ ਫੂਟੇ ਤੇ ਓਹੀ ਪ੍ਰਗਾਸੁ) ਘੜੇ, ਕੋਠੇ ਤੇ ਅਕਾਸ਼ ਵੱਤ ਉਹ ਸਾਰੇ ਪਰੀਪੂਰਨ ਹੋ ਰਿਹਾ ਹੈ

॥37॥

ਸ੍ਵੈਯਾ।।

ਓਕਾਰ ਅਕਾਰ ਉਕਾਰ ਮਕਾਰ  ਅਰਧ ਬਿੰਦੂ ਬਿਆਪਕ ਏਕ ਅਨੂਪਾ।

ਸਤਿ ਚਿਤ ਅਨੰਦ ਸਰੂਪ ਸਹੀ  ਐਸੋ ਹੀ ਪ੍ਰੀਪੂਰਨ ਰੂਪ ਅਰੂਪਾ।

  ਸਰਬ ਕਾਲ ਹੈ ਸਰਬ ਸਥਾਨਨ ਮੇ  ਸੋਊ ਹੈ ਇਕ ਰਸ ਸਮੂਹ ਮਮ ਰੂਪਾ।

    ਦਾਸ ਭਗਵਾਨ ਪਛਾਂਨ ਤਿਸੇ ਇਕ  ਹੈ ਸਰਬੱਗ ਜੇ ਭੂਪਨ ਭੂਪਾ।। 38।।

 

ਪਦ ਅਰਥ:- ਓਕਾਰ=ਓ=ਅ=ਮ=ਬ੍ਰਹਮਾ ਵਿਸ਼ਨੂੰ। ਸ਼ਿਵ=ਅਕਾਰ। ਬਿਆਪਕ=ਸਰਬ ਅਸਥਾਨੀ। ਸਤਿ=ਸੱਚ। ਚਿਤ=ਚੇਤਰ। ਅਨੰਦ=ਖੁਸ਼ੀ ਰੂਪ। ਸੇਊ=ਓਹੀ। ਸਰਬੱਗ=ਸਰਬ ਵਿਆਪੀ।

ਅਰਥ:-  ਇੱਕ ਬ੍ਰਹਮ ਹੀ ਤਿੰਨ ਸ਼ਕਤੀਆਂ ਬ੍ਰਹਮਾ, ਬਿਸ਼ਨ, ਮਹੇਸ਼ ਹੋ ਕੇ ਸਰਬ ਵਿਚ ਵਿਆਪ ਰਹਿਆ ਹੈ। ਰੂਪ ਤੋਂ ਅਨੂਪ ਹੋ ਕੇ ਸਤ ਚਿੱਤ ਅਨੰਦ ਸਰੂਪ ਵਿਆਪ ਰਿਹਾ ਹੈ। ਸਭ ਸਮਿਆਂ ਵਿਚ ਸਾਰੇ ਥਾਈਂ ਇਕ ਰਸ ਸਾਰਿਆਂ ਵਿਚ ਓਹੀ ਹੈ। ਉਸ ਸ਼ਕਤੀਮਾਨ ਰਾਜਿਆਂ ਦੇ ਰਾਜੇ ਨੂੰ ਪਛਾਣ

ਭਾਵ:-  ਹਰੀ ਸਾਡੇ ਅੰਦਰ ਹੀ ਹੈ, ਪਰ ਆਪੇ ਦੀ ਸੋਝੀ ਨਾ ਹੋਣ ਕਰਕੇ ਮਨੁੱਖ ਭਰਮ ਵਿਚ ਪਿਆ ਰਹਿੰਦਾ ਹੈ ਤੇ ਅੰਦਰ ਵੱਸਦੇ ਹਰੀ ਨੂੰ ਨਹੀਂ ਪਛਾਣਦਾ॥38॥

 

ਸ੍ਵੈਯਾ।।

 ਮਲ ਬਿਖੇਪ ਆਵਰਨ ਏਹ ਤੀਨ  ਪ੍ਰਿਤਬੰਧ ਅੰਤਹਕਰਨ ਮੇ ਜਾਂਨੋ।

  ਮਲ ਨਵਿਰਤ ਹੈ ਨਿਰਮਲ ਕਰਮ  ਬਿਖੇਪ ਨਵਿਰਤ ਉਪਾਸਨਾ ਮਾਨੋ।

   ਆਵਰਨ ਨਿਵਿਰਤ ਗਿਆਂਨ ਭਇਆ  ਸਹੀ ਹੋਇ ਸੁਤੰਤ੍ਰ ਸਾਚੁ ਸਿਆਨੋ।

   ਜੀਵ ਬ੍ਰਹਮ ਕੀ ਏਕਤਾ ਮੇ ਹੁਣ   ਦਾਸ ਭਗਵਾਂਨ ਕੀ ਭੇਦ ਪਛਾਨੋ।। 39।।

 

   ਪਦ ਅਰਥ:-  ਮਲ=ਮੈਲ। ਬਿਖੇਪ=ਘਬਰਾਹਟ। ਆਵਰਨ=ਪੜਦਾ। ਪ੍ਰਿਤਬੰਧ=ਰੁਕਾਵਟ ਪਾਉਣ ਵਾਲੇ। ਅੰਤਹਕਰਨ=ਅੰਤਰ ਦੀ ਇੰਦ੍ਰੀ। ਇਸ ਦੇ ਚਾਰ ਭੇਦ ਹਨ:- (1) ਮਨ, ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਹਨ। (2) ਬੁਧਿ, ਜਿਸ ਤੋਂ ਵਿਚਾਰ ਅਤੇ ਨਿਸ਼ਚਾ ਹੁੰਦਾ ਹੈ। (3) ਚਿੱਤ, ਜਿਸ ਕਰਕੇ ਸਮਝਣ (ਚੇਤਾ) ਹੁੰਦਾ ਹੈ। (4) ਅਹੰਕਾਰ, ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਹੁੰਦਾ ਹੈ। ਨਵਿਰਤ=ਦੂਰ ਹੁੰਦੀ ਹੈ। ਉਪਾਸ਼ਨਾ=ਮੰਨਤਾ ਕਰਨੀ। ਗਿਆਨ= ਜਾਣਨਾ।

ਅਰਥ:-  ਅੰਤਹਕਰਨ ਵਿਚ ਤਿੰਨ ਉਪਾਧੀਆਂ ਰੁਕਾਵਟਾਂ ਪਾਉਣ ਵਾਲੀਆਂ ਹਨ=ਮਲ, ਵਿਖੇਪ ਤੇ ਆਵਰਨ। ਮਲ ਸਭ ਕਰਮਾਂ ਤੋਂ ਦੂਰ ਹੁੰਦੀ ਹੈ, ਵਿਖੇਪ ਪੂਜਾ ਕਰਨ ਤੋਂ ਤੇ ਆਵਰਨ ਗਿਆਨ ਤੋਂ ਨਵਿਰਤ ਹੁੰਦਾ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਠੀਕ ਕਰਕੇ ਆਪਣਾ ਆਪ ਪਛਾਣ ਕੇ ਸੁਤੰਤਰ ਹੋ ਜਾਓ। ਨਾਭ ਕੰਵਲ ਜੀ ਆਖਦੇ ਹਨ ਕਿ ਇਸ ਤਰ੍ਹਾਂ ਜੀਵ ਤੇ ਬ੍ਰਹਮ ਵਿਚ ਕੋਈ ਭੇਦ ਨਹੀਂ ਰਹਿ ਜਾਂਦਾ ॥39॥

 

ਸ੍ਵੈਯਾ।।

ਮਿਥਿਆ ਸੰਸਾਰ ਜੋ ਸੱਤ ਹੈ ਭਾਸਤ  ਤਾਹਿ ਨਵਿਰਤੀ ਕੋ ਸਾਧਨ ਚਾਰੇ।

ਸਰਵਣ ਮੰਨਨ ਨਿਧਿਆਸਨ ਸੇ  ਸਾਖਿਆਤ ਹੈ ਕਾਰ ਸਰੂਪ ਪਿਆਰੇ।

 ਸੱਤ ਅਸੱਤ ਕੋ ਜਾਣ ਲੀਆ ਜਬ  ਤਿਆਗੰ ਗ੍ਰੈਹਣ ਹੈ ਇਕ ਸਾਰੇ।

 ਸਿਧ ਅਵਸਥਾ ਮੇ ਜੀਵਨ ਮੁਕਤ ਹੋ  ਦਾਸ ਭਗਵਾਂਨ ਹੈ ਬਚਨ ਨਿਆਰੇ।।40।।

 

ਪਦ ਅਰਥ:-  ਮਿਥਿਆ=ਝੂਠਾ। ਭਾਸਤ=ਪ੍ਰਤੀਤ ਹੁੰਦਾ ਹੈ। ਨਵਿਰਤੀ=ਛੱਡਣਾ। ਸਾਧਨ=ਰਸਤੇ। ਸਰਵਣ=ਸੁਣਨਾ। ਮਨਨ=ਮੰਨਣਾ। ਨਿਧਿਆਸਨ=ਅਮਲ ਕਰਨਾ। ਸਾਖਿਆਤ=ਪ੍ਰਤੱਖ ਹੋਣਾ। ਤਿਆਗੰ=ਛੱਡਣਾਂ। ਗ੍ਰੈਹਣ=ਪਕੜਣਾ। ਇਕ ਸਾਰੇ=ਇਕੋ ਜਿਹਾ। ਸਿਧ=ਪੂਰਨ ਪੁਰਖ। ਬਿਵਸਥਾ=ਹਾਲਤ। ਜੀਵਨ ਮੁਕਤ=ਜੋ ਜੀਂਦੇ ਮਰਦੇ ਹਨ, ਭਾਵ ਮਨ ਨੂੰ ਮਾਰ ਕੇ ਜੀਵਤ ਭਾਵ ਸੇ ਮਰਨ ਵਾਲੇ ਜੀਵਨ ਮੁਕਤ ਕਹੇ ਜਾਂਦੇ ਹਨ।

ਅਰਥ:-  ਝੂਠਾ ਸੰਸਾਰ ਜੋ ਸੱਤ ਪ੍ਰਤੀਤ ਹੁੰਦਾ ਹੈ ਉਸ ਦੀ ਨਵਿਰਤੀ ਦੇ ਚਾਰ ਸਾਧਨ ਹਨ- ਨਾਮ ਦਾ ਸੁਣਨਾ, ਮੰਨਣਾ ਤੇ ਉਸ ਉੱਤੇ ਅਮਲ ਕਰਕੇ ਪ੍ਰਤੱਖ ਰੱਬ ਹੋ ਜਾਣਾ। ਜਦੋਂ ਸੱਤ ਤੇ ਅਸੱਤ ਦਾ ਨਿਰਣਾ ਕਰ ਲਿਆ ਫਿਰ ਕੌਣ ਤਿਆਗ ਕਰਨ ਵਾਲਾ ? ਭਾਵ, ਬਿਰਤੀ ਇਕਸਾਰ ਹੋ ਜਾਂਦੀ ਹੈ। ਨਾਭ ਕੰਵਲ ਜੀ ਬਿਆਨ ਕਰਦੇ ਹਨ ਕਿ ਉਹ ਜੀਵ ਸਿੱਧ ਅਵਸਥਾ ਨੂੰ ਪ੍ਰਾਪਤ ਕਰਕੇ ਜੀਵਨ ਮੁਕਤ ਦੀ ਪਦਵੀ ਪ੍ਰਾਪਤ ਕਰ ਲੈਂਦਾ ਹੈ ॥40॥

ਸ੍ਵੈਯਾ।।

 ਮਾਲਕ ਮੌਜ ਮਹੱਬਤ ਹੈ  ਜੋਊ ਹੈ ਸ੍ਰਬਤ੍ਰ ਮਮ ਸਰੂਪਾ।

 ਬੇਦ ਪੁਰਾਂਨ ਕਤੇਬ ਕੁਰਾਨ ਏਹੁ  ਕਰ ਰਹੇ ਹੈਂ ਸਭ ਮੇਰੀ ਹੀ ਊਪਾ।

ਹਰ ਹਰ ਹਾਲ ਮੇ ਹੱਕ ਜਮਾਲ  ਹੈ ਖਾਸ ਖਿਆਲ ਮੇ ਰੂਪ ਅਰੂਪਾ।

ਦਾਸ ਭਗਵਾਂਨ ਇਹੁ ਰਮਜ ਪਛਾਂਨ  ਬਿਵਸਥਾ ਬਿਗਿਆਂਨ ਹੈ ਭੂਪਨ ਭੂਪਾ।।41।।

 

ਪਦ ਅਰਥ:-  ਬੇਦ=ਚਾਰ। ਪੁਰਾਨ=ਅਠਾਰਾਂ ਪੁਰਾਨ। ਕਤੇਬ=ਚਾਰ। ਹੱਕ=ਖ਼ੁਦਾ। ਜਮਾਲ=ਦਰਸ਼ਨ। ਰਮਜ਼=ਇਸ਼ਾਰਾ। ਬਿਵਸਥਾ=ਹਾਲਤ। ਬਿਗਿਆਂਨ=ਆਪਣੇ ਆਪ ਨੂੰ ਜਾਨਣਾ।

ਅਰਥ:-  ਮੁਹੱਬਤ, ਪਿਆਰ, ਪ੍ਰੇਮ ਹੀ ਮੇਰਾ ਆਪਣਾ ਸਰੂਪ ਹੈ। ਬੇਦ, ਪੁਰਾਨ, ਕਤੇਬ ਤੇ ਕੁਰਾਨ ਮੇਰੀ ਹੀ ਉਪਮਾ ਕਰ ਰਹੇ ਹਨ। ਹਰ ਹਾਲ ਵਿਚ ਉਸਦਾ ਹੀ ਨੂਰ ਹੈ, ਹਰ ਖ਼ਿਆਲ ਵਿਚ ਅਰੂਪ ਪ੍ਰਭੂ ਹੀ ਰੂਪਵਾਨ ਹੋ ਰਿਹਾ ਹੈ। ਰਾਜਾ ਸਾਹਿਬ ਇਸ ਭੇਦ ਨੂੰ ਪਛਾਨਣ ਦੀ ਤਾਗੀਦ ਕਰਦੇ ਹਨ ਤੇ ਕਹਿੰਦੇ ਹਨ ਕਿ ਗਿਆਨ ਅਵਸਥਾ ਦਾ ਮਾਲਕ ਰਾਜਿਆਂ ਦਾ ਰਾਜਾ ਹੈ॥41॥

 

ਸ੍ਵੈਯਾ।।

ਹੇ ਮੇਰੇ ਰੂਪ ਦੇਓਂ ਤੁਝੇ ਕੀ ਉਪਮਾ  ਨਂਹੀ ਤੋ ਬਿਨ ਦੂਸਰ ਅੋਰ ਕੋ ਥੀਆ।

ਬਿਓਮ ਸਮੀਰ ਔ ਨਾਰ ਹੈ ਅੰਭ   ਰੀਧ ਪੰਚਨ ਮੇ ਨਂਹੀ ਚੇਤਨ ਥੀਆ।

ਸਬਜੀ ਸੁਫੈਦੀ ਔ ਸੁਰਖੀ ਸਿਆਹੀ  ਹੈ ਜਰਦੀ ਕੇ ਬੀਚ ਨਂਹੀ ਹੋਰੁ ਜੀਆ।

  ਤੇਰੇ ਹੀ ਆਸਰੇ ਦਮਕਾਂ ਅਨੇਕ ਹੈਂ  ਦਾਸ ਭਗਵਾਂਨ ਸਿਧਾਂਤ ਇਹੁ ਲੀਆ।।42।।

 

ਪਦ ਅਰਥ: ਬਿਓਮ=ਆਕਾਸ਼। ਸਮੀਰ=ਹਵਾ। ਨਾਰ=ਅਗਨੀ। ਅੰਭ=ਪਾਣੀ। ਧਰ=ਧਰਤੀ। ਪੰਚਨ=ਪੰਜ ਤੱਤ। ਦਮਕਾਂ= ਚਮਕ। ਸਿਧਾਂਤ=ਸਿੱਟਾ, ਨਤੀਜਾ।

ਅਰਥ: ਹੇ ਮੇਰੇ ਨਿੱਜ ਸਰੂਪ ! ਤੂੰ ਹੀ ਦੇਵ ਹੈਂ, ਤੇਰੀ ਉਪਮਾ ਹੋਰ ਕੋਈ ਨਹੀਂ ਕਰ ਸਕਦਾ। ਆਕਾਸ਼, ਹਵਾ, ਅਗਨੀ, ਪਾਣੀ ਤੇ ਧਰਤੀ ਇਨ੍ਹਾਂ ਪੰਜਾਂ ਤੱਤਾਂ ਦੀ ਦੇਹ ਵਿਚ ਤੇਰੀ ਚੇਤਨ ਸੱਤਾ ਹੈ। ਹਰਿਆਵਲ, ਸਫੈਦੀ, ਸੁਰਖੀ, ਸਿਆਹੀ, ਪਿਲੱਤਣ ਵਿਚ ਉਹੀ ਜੀਵ ਸੱਤਾ ਪਰੀਪੂਰਨ ਹੈ। ਸਭ ਚਮਕਾਂ ਦਮਕਾਂ ਤੇਰੇ ਹੀ ਆਸਰੇ ਹਨ। ਰਾਜਾ ਸਾਹਿਬ ਨੇ ਇਹ ਸਿਧਾਂਤ ਦੱਸਿਆ ਹੈ॥42॥

 

ਸ੍ਵੈਯਾ।।

ਆਬ ਤੇ ਬਾਦ ਔ ਆਤਸ ਖਾਕ  ਅਕਾਸ ਮਿਲੇ ਬਿਚ ਆਪਿ ਹੋਇ ਸੀਰੀ।

ਪ੍ਰਾਂਨ ਉਪਾਂਨ ਬਿਆਂਨ ਉਦਾਂਨ  ਸਮਾਂਨ ਹੂਈ ਪੰਜ ਪੌਣ ਕੀ ਧੀਰੀ।

ਆਪਸ ਬੀਚ ਬਜੋਗ ਹੂਆ ਜਬ  ਖੁਲ ਗਈ ਤਬ ਪ੍ਰਾਂਨ ਜੰਜੀਰੀ।

 ਦਾਸ ਭਗਵਾਂਨ ਅਖੰਡ ਹੈ ਆਤਮ  ਰੰਚਕ ਮਾਨੁ ਨਂਹੀ ਦਿਲਗੀਰੀ।। 43।।

 

ਪਦ ਅਰਥ:-ਆਬ=ਪਾਣੀ। ਬਾਦ=ਹਵਾ। ਆਤਸ਼=ਅੰਗ। ਖਾਕ=ਮਿੱਟੀ। ਅਕਾਸ=ਪੁਲਾੜ। ਸੀਰੀ=ਸਾਂਝੀਵਾਲ। ਪ੍ਰਾਂਨ= ਸੁਆਸ, ਰਿੱਦ ਵਿਚ। ਉਪਾਂਨ=ਗੁਦਾ ਵਿਚ। ਬਿਆਂਨ=ਸਾਰੇ ਸਰੀਰ ਵਿਚ ਵਿਆਪਕ। ਉਦਾਂਨ=ਕੰਠ ਵਿਚ। ਸਮਾਂਨ=ਨਾਭੀ ਵਿਚ। ਧੀਰੀ=ਧੀਰਜ ਵਾਲਾ। ਬਜੋਗ=ਵਿਛੋੜਾ। ਅਖੰਡ=ਨਾ ਟੁੱਟਣ ਵਾਲਾ। ਰੰਚਕ=ਥੋੜ੍ਹੀ  ਜਿਹੀ।ਦਿਲਗੀਰੀ=ਚਿੰਤਾ।

ਅਰਥ:-ਪਾਣੀ, ਹਵਾ, ਅੱਗ, ਮਿੱਟੀ ਤੇ ਅਕਾਸ਼ ਪੰਜ ਤੱਤ ਦੀ ਦੇਹ ਵਿਚ ਆਪ ਸਾਂਝੀਵਾਲ ਹੋ ਕੇ ਬੈਠਾ ਹੈ। ਦੇਹ ਵਿੱਚ ਜੋ ਪੰਜ ਪ੍ਰਾਣ ਹਨ ਇਹਨਾਂ ਵਿੱਚ ਸੁਆਸਾਂ ਦੀ ਲੜੀ ਪਰੋਤੀ ਹੋਈ ਹੈ। ਪੰਜਾਂ ਤੱਤਾਂ ਦੀ ਦੇਹ ਜਦ ਮੁੱਕ ਗਈ ਤਾਂ ਪੰਜਾਂ ਪ੍ਰਾਣਾਂ ਦੀ ਜੰਜੀਰ ਟੁੱਟ ਗਈ। ਆਤਮ ਅਖੰਡ ਹੈ। ਨਾਭ ਕੰਵਲ ਜੀ ਆਖਦੇ ਹਨ ਕਿ ਭੋਰਾ ਮਾਤ੍ਰ ਭੀ ਚਿੱਤ ਵਿਚ ਉਦਾਸੀ ਨਾ ਲਿਆ ॥43॥

ਸ੍ਵੈਯਾ।।

ਏਕ ਅਕਾਲ ਅਜਾਲ ਗੋਪਾਲ ਇਹ  ਹਰ ਹਰ ਹਾਲ ਸੰਭਾਲ ਫਕੀਰਾ।

  ਹੈ ਸੱਤਿ ਚਿਤ ਅਨਿਤ ਨਾ ਨਿਤ  ਇਹੁ ਆਤਮ ਬਿਤ ਲੈ ਪਾਇ ਜਖੀਰਾ।

  ਸਚ ਅਨੰਦ ਇਹ ਹੈ ਨਿਰਦ੍ਵੰਦ  ਨਂਹੀ ਜਦ ਦ੍ਵੰਦ ਨਾ ਅਟਕ ਜੰਜੀਰਾ।

ਦਾਸ ਭਗਵਾਂਨ ਬਿਵਸਥਾ ਬਿਗਿਆਨ  ਨਾ ਗਿਆਂਨ ਅਗਿਆਂਨ ਨਂਹੀ ਗੁਰ ਪੀਰਾ।।44।।

 

ਪਦ ਅਰਥ:-  ਅਕਾਲ=ਕਾਲ ਰਹਿਤ। ਅਜਾਲ=ਜਾਲ ਰਹਿਤ। ਗੋਪਾਲ=ਪ੍ਰਿਥਵੀ ਦਾ ਮਾਲਕ। ਸੱਤਿ=ਸੱਚ। ਚਿਤ=ਚੇਤਨਾ ਸਮੇਤ। ਅਨਿਤ=ਨਾਸ਼ਵਾਨ। ਨਿਤ=ਨਾਸ਼ ਰਹਿਤ। ਬਿਤ=ਧਨ ਪਦਾਰਥ। ਜਖੀਰਾ=ਖਜ਼ਾਨਾ ਜਾਂ ਸਮੂਹ। ਨਿਰਦ੍ਵੰਤ=ਦਵੈਤ ਤੋਂ ਰਹਿਤ। ਦ੍ਵੰਦ=ਦੂਈ।

ਅਰਥ:- ਹੇ ਫਕੀਰਾ! ਉਸ ਇਕ ਕਾਲ ਰਹਿਤ, ਜਾਲ ਰਹਿਤ, ਪ੍ਰਿਥਵੀ ਦੇ ਪਾਲਣਹਾਰ ਨੂੰ ਹਰ ਗੱਲ, ਹਰ ਸਮੇਂ ਯਾਦ ਕਰ। ਉਹ ਸਤ ਤੇ ਚੇਤਨ, ਸਦਾ ਨਾਸ਼-ਰਹਿਤ ਆਤਮਕ ਧਨ ਜ਼ਖੀਰੇ ਨੂੰ ਪ੍ਰਾਪਤ ਕਰ। ਇਸ ਅਵਸਥਾ ਵਿਚ ਦਵੈਤ  ਭਾਵ ਨਹੀਂ ਹੈ ਤੇ ਨਾ ਹੀ ਕੋਈ  ਅਟਕ ਪਾਉਣ ਵਾਲੀਆਂ ਜੰਜੀਰਾਂ ਹਨ। ਨਾਭ ਕੰਵਲ ਜੀ ਬਿਆਨ ਕਰਦੇ ਹਨ ਕਿ ਆਤਮਿਕ ਮੰਡਲ ਵਿਚ ਗੁਰੂ ਤੇ ਚੇਲੇ ਦੇ ਵਿਤ਼ਕਰੇ ਦਾ ਭਰਮ ਨਹੀਂ।

॥44॥

ਸ੍ਵੈਯਾ।।

ਹੈ ਸੰਸਾਰ ਬਿਖੇ ਦੋਊ ਮਾਰਗ ਨਾਮ ਗ੍ਰਿਹਸਤ ਅਤੀਤ ਅਲਾਯੋ।

ਧਰਮ ਇਨਾ ਬਖੋ ਬਖ ਕਹੇ ਪ੍ਰਵਿਰਤ ਨਵਿਰਤ ਕਾ ਭੇਦ ਲਖਾਯੋ।

ਜਿਸ ਮਾਹਿ ਸਾਮਲ ਤਿਸ ਕੇ ਹੀ ਆਮਲ ਹੋ ਕਰ ਕਾਮਲ ਖੂਬ ਕਮਾਯੋ।

ਦਾਸ ਭਗਵਾਂਨ ਪਛਾਣ ਕੇ ਆਪ ਕੋ ਦਾਨਸਮੰਦ ਤਾਂ ਫੇਰ ਕਹਾਯੋ।। 45।।

 

ਪਦ ਅਰਥ:-  ਮਾਰਗ=ਰਸਤੇ। ਗ੍ਰਿਹਸਤ=ਘਰ ਬਾਰ। ਅਤੀਤ=ਤਿਆਗੀ। ਅਲਾਯੋ=ਕਹੇ ਜਾਂਦੇ ਹਨ। ਪ੍ਰਵਿਰਤ=ਗ੍ਰਹਿਸਤ। ਨਵਿਰਤੀ=ਤਿਆਗ। ਸਾਮਲ=ਹਿੱਸਾ ਲੈਣਾ। ਆਮਲ=ਅਮਲ ਕਰਨ ਵਾਲਾ। ਕਾਮਲ=ਯੋਗਤਾ। ਦਾਨਸਮੰਦ= ਅਕਲ ਵਾਲਾ।

 

ਅਰਥ:-  ਸੰਸਾਰ ਵਿਚ ਗ੍ਰਹਿਸਤ ਤੇ ਤਿਆਗ ਇਹ ਹੀ ਦੋ ਰਸਤੇ ਕਹੇ ਜਾਂਦੇ ਹਨ। ਘਰ ਬਾਰੀ ਤੇ ਤਿਆਗੀ ਦਾ ਜੁਦਾ ਜੁਦਾ ਫਰਜ਼ ਹੈ। ਇਸ ਗੱਲ ਦਾ ਨਿਰਣਾ ਕਰਕੇ ਦੋਹਾਂ ਵਿਚੋਂ ਇਕ ਰਸਤੇ ਨੂੰ ਅਪਣਾਓ। ਜਿਸ ਮਾਰਗ ਵਿਚ ਤੁਸੀਂ ਆਪਣੇ ਆਪ ਨੂੰ ਸ਼ਾਮਿਲ ਕਰਦੇ ਹੋ ਉਸ ਤੇ ਪੂਰਨੇ ਪਾਉਂਦੇ ਹੋਏ, ਪੂਰੀਤਰ੍ਹਾਂ ਕਮਾਈ ਕਰੋ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਫਰਜ਼ ਸ਼ਨਾਸੀ ਬਿਨਾਂ ਕੋਈ ਸਮਝਦਾਰ ਨਹੀਂ ਅਖਵਾ ਸਕਦਾ ॥45॥

ਸ੍ਵੈਯਾ।।

ਸੂਰਤ ਦੇਖ ਕਿਉਂ ਫੁਲ ਰਿਹੋਂ ਏਹੁ  ਬਣਿਆਂ ਨਦਾਂਨ ਹੈ ਕਾਲ ਚਬੀਣਾ।

 ਜਿਸ ਜੁਆਨੀ ਕਾ ਮਾਂਣ ਕਰੇਂ ਸਠ  ਭੀਤਰ ਆਜ ਕਿ ਕਾਲ ਕੇ ਖੀਣਾ।

 ਚਾਮਤਕਾਰ ਜਿਉ ਦਾਂਮਨ ਕਾ  ਤਿਉਂ ਹੋਵਣਹਾਰ ਸਰੀਰ ਹੈ ਲੀਣਾ।

   ਦਾਸ ਭਗਵਾਂਨ ਹੈ ਖਾਕ ਸਭੀ  ਅਜੇ ਮੂਰਖ ਦੇਖ ਨਾ ਠੀਕ ਪਤੀਣਾ।।46।।

 

ਪਦ ਅਰਥ:-  ਸੂਰਤ=ਦੇਹ ਦਾ ਸਰੂਪ। ਫੁਲ=ਅਹੰਕਾਰ ਕਰਨਾ। ਕਾਲ=ਮੌਤ। ਚਬੀਣਾ=ਚੱਬਣ ਵਾਲੀ ਚੀਜ਼। ਸਠ=ਮੂਰਖ। ਖੀਣਾ=ਨਾਸ਼। ਦਾਮਨ=ਬਿਜਲੀ ਦਾ ਚਮਤਕਾਰ (ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ || (ਪੰਨਾ) ਪਤੀਣਾ=ਨਿਸ਼ਚਾ ਕਰਨਾ।

ਅਰਥ:-  ਆਪਣੀ ਸੋਹਣੀ ਸੂਰਤ ਦੇਖ ਕਿਉਂ ਅਹੰਕਾਰ ਕਰਦਾ ਹੈਂ, ਇਹ ਤਾਂ ਮੌਤ ਦਾ ਚਬੀਣਾ ਹੈ। ਹੇ ਮੂਰਖ'! ਜਿਸ ਜੁਆਨੀ ਦਾ ਮਾਣ ਕਰਦਾ ਹੈਂ, ਉਹ ਤਾਂ ਅੱਜ ਭਲਕੇ ਖਤਮ ਹੋ ਜਾਏਗੀ। ਬੱਦਲਾਂ ਵਿੱਚ ਬਿਜਲੀ ਦੇ ਚਮਤਕਾਰ ਦੀ ਨਿਆਈਂ ਇਹ ਸਰੀਰ ਛਿੰਨ ਮਾਤਰ ਹੈ। ਨਾਭ ਕੰਵਲ ਜੀ, ਦੇਹ ਦੀ ਅਸਲੀਅਤ ਦੱਸਦੇ ਹੋਏ ਬਿਆਨ ਕਰਦੇ ਹਨ ਕਿ ਇਹ ਮਿੱਟੀ ਹੈ, ਪਰ ਮੂਰਖ ਇਸ ਨੂੰ ਸਦਾ ਰਹਿਣ ਵਾਲੀ ਸਮਝੀ ਬੈਠਾ ਹੈ ॥46॥

 

ਸ੍ਵੈਯਾ।।

ਕਾਲ ਕਲਵਤ੍ਰ ਸੀਸ ਪੈ ਖੜਕਤ  ਕੜਕਤ ਬੀਰ ਨਾਂ ਜਾਵਤ ਪੇਸੋ।

ਬਾਲਕ ਬਿਰਧ ਜੁਆਂਨ ਪ੍ਰਾਨ  ਨਸਾਂਨ ਗਵਾਵਤ ਕਾਰ ਹਮੇਸੋ।

ਹੋਇ ਭਿਆਨਕ ਆਣ ਅਚਾਨਕ  ਦੇਤ ਦਖਾਲੀ ਜਾਂ ਹੋਤ ਅੰਦੇਸੋ।

  ਦਾਸ ਭਗਵਾਂਨ ਨਂਹੀ ਬਸ ਜਾਵਤ  ਪਾਸ ਤਮਾਮ ਰਹ ਜਾਵਤ ਖੇਸੋ।।47।।

 

ਪਦ ਅਰਥ:-  ਕਾਲ ਕਲਵਤ੍ਰ=ਮੌਤ ਦਾ ਆਰਾ। ਬੀਰ=ਬਲਵਾਨ। ਨਸਾਨ=ਨਾਸ਼ ਕਰਦਾ ਹੈ। ਕਾਰ ਹਮੇਸੋ=ਸਦਾ ਦਾ ਏਹੀ ਕੰਮ। ਭਿਆਨਕ=ਡਰਾਉਣਾ। ਅਚਾਨਕ=ਅਚਨਚੇਤ। ਅੰਦੇਸੋ=ਫਿਕਰ। ਖੇਸੋ=ਆਪਣੇ ਤੇ ਕਰੀਬੀ।

ਅਰਥ:-  ਬਲਵਾਨ ਮੌਤ ਦਾ ਆਰਾ ਸਿਰ ਤੇ ਚੱਲਦਾ ਹੈ ਤੇ ਉਥੇ ਕਿਸੇ ਦੀ ਪੇਸ਼ ਨਹੀਂ ਜਾਂਦੀ। ਉਸ ਦਾ ਕੰਮ ਹੀ ਪ੍ਰਾਣਾਂ ਦਾ ਨਾਸ਼ ਕਰਨਾ ਹੈ, ਚਾਹੇ ਬਾਲਕ ਹੋਵੇ, ਜੁਆਨ ਜਾਂ ਬੁੱਢਾ ਹੋਵੇ। ਕਾਲ ਆਪਣਾ ਭਿਆਨਕ ਰੂਪ ਅਚਾਨਕ ਹੀ ਆ ਦਿਖਾਲਦਾ ਹੈ। ਇਹ ਜੀਵ ਉਸ ਸਮੇਂ ਭੈਭੀਤ ਹੋ ਜਾਂਦਾ ਹੈ।

                ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਹੇ ਭਾਈ! ਉਸ ਸਮੇਂ ਨਜ਼ਦੀਕੀ, ਘਰ ਦੇ ਤੇ ਰਿਸ਼ਤੇਦਾਰ ਦੇਖਦੇ ਹੀ ਰਹਿ ਜਾਂਦੇ ਹਨ॥47॥

ਸ੍ਵੈਯਾ।।

ਆਲਿ ਉਲਾਦਿ ਸਭੀ ਬ੍ਰਬਾਦਿ  ਨਂਹੀ ਕਰ ਯਾਦ ਇਹ ਖਾਂਨ ਕਲੇਸਾ।

ਔਰੁਤ  ਪੁਤ੍ਰ  ਔਰ  ਕਲਤ੍ਰ   ਮਿਤ੍ਰ  ਜਾਣ  ਨਾ  ਪੂਛ  ਸੰਦੇਸਾ।

 ਬਾਪ  ਬਰਾਦ੍ਰ  ਹੈ  ਜੋਈ  ਮਾਦਰ  ਡੋਬਣਹਾਰ  ਇਹ  ਪੂਰ  ਕੁਦੇਸਾ।

  ਦਾਸ ਭਗਵਾਂਨ ਚਲੋ ਅਬ ਸੰਭਲ  ਸੇਸ ਸਿਆਣ ਕਰੋ ਪ੍ਰਵੇਸਾ।।48।।

 

ਪਦ ਅਰਥ:-  ਖਾਂਨ ਕਲੇਸਾ=ਕਲੇਸ਼ਾਂ ਦੀ ਖਾਨ। ਸੰਦੇਸਾ=ਸੁਨੇਹਾ। ਕੁਦੇਸਾ=ਖੋਟਾ ਦੇਸ। ਸੇਸ=ਨਤੀਜਾ।

ਅਰਥ:- ਆਪਣੀ ਔਲਾਦ ਤੇ ਅਗੋਂ ਉਨ੍ਹਾਂ ਦੀ ਔਲਾਦ, ਇਨ੍ਹਾਂ ਨੂੰ ਯਾਦ ਨਾ ਕਰ। ਇਹ ਸਭ ਬਰਬਾਦੀ ਦਾ ਕਾਰਨ ਹਨ ਤੇ ਦੁੱਖਾਂ ਦੀ ਖਾਣ ਹਨ। ਇਸਤ੍ਰੀ, ਪੁਤ੍ਰ, ਨੂੰਹ ਤੇ ਮਿੱਤ੍ਰ ਇਹ ਜਾਣ ਲਗੇ ਸੁਨੇਹਾ ਦੇ ਕੇ ਨਹੀਂ ਜਾਂਦੇ। ਪਿਓ, ਭਰਾ ਤੇ ਜੋ ਮਾਤਾ ਹੈ, ਇਹ ਸਾਰਾ ਕੁਦੇਸਾ ਪੂਰ ਹੈ ਤੇ ਸਭ ਡੋਬਣ ਵਾਲੇ ਹਨ। ਨਾਭ ਕੰਵਲ ਜੀ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚ ਖੱਚਤ ਹੋਣ ਦਾ ਨਤੀਜਾ ਸੋਚ ਕੇ ਟੱਬਰ ਵਿਚ ਪਰਵੇਸ਼ ਕਰੋ ॥48॥

 

ਸ੍ਵੈਯਾ।।

ਕਾਮ ਕ੍ਰੋਧ ਤੇ ਲੋਭ ਔ ਮੋਹਿ ਹੰਕਾਰ  ਏਹ ਪ੍ਰਬਲ ਪੰਜ ਹੀ ਛਾਇਓ।

ਜੋ ਜਬ ਆਵਤ ਹੁਕਮ ਚਲਾਵਤ  ਈਨ ਮਨਾਵਤ ਹੈ ਅਧਕਾਇਓ।

ਜੋ ਇਨ ਤਾਲਬ ਤਿਨ ਪ੍ਰਗਾਲਬ  ਨਾਹਿ ਮੁਤਾਲਬ ਤਹਿ ਸੁਖੁ ਪਾਇਓ।

 ਦਾਸ ਭਗਵਾਂਨ ਅਜਾਦ ਰਹੋ ਦਿਲ  ਸਾਦ ਕੁਸਾਦ ਅਨਾਦ ਸਮਾਇਓ।।49।।

 

ਪਦ ਅਰਥ:-  ਪ੍ਰਬਲ=ਬੜੇ ਜ਼ੋਰ ਵਾਲੇ। ਈਨ ਮਨਾਵਤ=ਆਪਣੇ ਅਧੀਨ ਕਰ ਲੈਂਦੇ ਹਨ। ਅਧਿਕਾਇਓ=ਬਹੁਤ। ਤਾਲਬ=ਗਾਹਕ। ਗਾਲਬ=ਅਸਰ ਹੇਠ ਆਉਣਾ। ਮੁਤਾਲਬ=ਗਾਹਕ। ਸਾਦ=ਖੁਸ਼। ਕੁਸਾਦ=ਖੁਲ੍ਹ ਦਿਲੀ। ਅਕਾਦ=ਜਿਸ ਦੀ ਆਦ ਨਹੀਂ।   ''ਕਉਣ ਕਹੈ ਤੂੰ ਕਦ ਕਾ''

 

ਅਰਥ:-  ਇਹ ਪੰਜ ਵਿਕਾਰ ਕਾਮ, ਕ੍ਰੋਧ ਆਦਿ ਬਹੁਤ ਬਲੀ ਹਨ ਤੇ ਸਾਰਿਆਂ ਤੇ ਛਾਏ ਹੋਏ ਹਨ। ਜੋ ਭੀ ਜਦੋਂ ਆਉਂਦਾ ਹੈ, ਆਪਣਾ ਹੁਕਮ ਚਲਾਉਂਦਾ ਹੈ ਤੇ ਈਨ ਮਨਾਉਂਦਾ ਹੈ। ਜਿਹੜਾ ਇਨ੍ਹਾਂ ਦਾ ਗਾਹਕ ਹੈ, ਉਸ ਉਤੇ ਗਲਬਾ ਪਾ ਲੈਂਦੇ ਹਨ। ਪਰ ਜੋ ਇਨ੍ਹਾਂ ਵਲੋਂ ਬੇਪਰਵਾਹ ਹੈ, ਉਹ ਸੁਖੀ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਅਨਾਦ ਵਾਹਿਗੁਰੂ ਵਿਚ ਤਦੇ ਹੀ ਸਮਾਈ ਹੁੰਦੀ ਹੈ, ਜੇਕਰ ਇਨ੍ਹਾਂ ਤੋਂ ਅਜ਼ਾਦ ਹੋ ਕੇ ਦਿਲ ਨੂੰ ਖੁਸ਼ ਤੇ ਖੁਲ੍ਹਾ ਰੱਖੇ, ਪਰ ਇਨ੍ਹਾਂ ਨੂੰ ਵੱਸ ਕਰਨ ਵਾਲਾ ਵਿਰਲਾ ਹੀ ਹੈ ॥49॥

ਸ੍ਵੈਯਾ।।

ਕਾਮ ਕਮਾਂਣ ਕੇ ਤੀਰ ਹੈਂ ਤੀਛਨ ਕਾਮ ਕਰੀੜ ਕੇ ਬੀਚ ਨਾਂ ਜਾਯੋ।

ਦੀਨ ਹੂਆ ਗਜ ਅੰਕਸ ਖਾਵਤ ਪਾਵਤ ਕਸਟ ਜੌ ਭੇਦ ਨਾ ਪਾਯੋ।

ਸਹੰਸ ਭਗ ਹੋਈ ਇੰਦ੍ਰ ਕੇ ਜਬ ਗੋਤਮ ਕੇ ਬਿਭਚਾਰ ਕਮਾਯੋ।

 ਕਾਮ ਕੇ ਬਾਣ ਲਗੇ ਭਸਮੰਤ੍ਰ ਦਾਸ ਭਗਵਾਂਨ ਨਂਹੀ ਮੁੜ ਆਯੋ।।50।।

 

ਪਦ ਅਰਥ:-ਤੀਛਨ=ਤਿੱਖੇ। ਕਰੀੜ=ਕਿਰਿਆ। ਗਜ=ਹਾਥੀ। ਅੰਕਸ=ਕੁੰਡਾ। ਸਹੰਸ ਭਗਾ=ਹਜ਼ਾਰ ਭਗ। ਇੰਦ੍ਰ=ਦੇਵਤਿਆਂ ਦਾ ਵੱਡਾ। ਬਿਭਚਾਰ=ਇਸਤ੍ਰੀ ਭੋਗ। ਬਾਣ=ਤੀਰ।

ਅਰਥ:- ਕਾਮ ਦੇਵ ਦੇ ਬਾਣ ਬਹੁਤ ਤਿੱਖੇ ਹਨ, ਇਸ ਦੇ ਫੰਦੇ ਵਿਚ ਨਾ ਫਸਿਓ। ਹਾਥੀ ਕਾਗਜ਼ਾਂ ਦੀ ਹਥਣੀ ਦੇਖ ਕੇ ਕਾਮ ਦਾ ਮਾਰਿਆ ਟੋਏ ਵਿਚ ਡਿੱਗ ਪੈਂਦਾ ਹੈ ਤੇ ਵੱਸ ਵਿਚ ਹੋਇਆ ਸਾਰੀ ਉਮਰ ਸਿਰ ਤੇ ਮਹਾਵਤ ਦੀ ਮਾਰ ਸਹਿੰਦਾ ਹੈ ॥50॥

ਸ੍ਵੈਯਾ।।

ਹੈ ਮੰਦ ਰੀਤ ਕਰੋਧ ਕੀ ਬਾਲਕ  ਏਸ ਚੰਡਾਲ ਕੇ ਬੀਚ ਨਾ ਆਯੋ।

ਕਾਲੀ ਕਰੋਧ ਕੀਓ ਜਬ ਹੈ  ਤਬ ਸਾਵਲ ਰੂਪ ਸੇ ਨਕ ਛਿਦਾਯੋ।

  ਨਖਹ ਬਿਦਾਰ ਹੂਆ ਹਰਨਾਖਸ  ਹੈ ਜਬ ਕ੍ਰੋਧ ਕੀ ਤੇਗ ਉਠਾਯੋ।

   ਦਾਸ ਭਗਵਾਂਨ ਕ੍ਰੋਧ ਕੀਓ ਜਿਨਿ  ਆਖਰ ਬਾਰ ਸੋ ਹੈ ਪਛਤਾਯੋ।।51।।

 

ਪਦ ਅਰਥ:-  ਕਾਲੀ=ਕਾਲੀ ਨਾਗ ਸੀ ਜਿਸ ਨੇ ਕ੍ਰਿਸ਼ਨ ਜੀ ਨਾਲ ਯੁੱਧ ਕੀਤਾ ਤੇ ਨਥਿਆ ਗਿਆ। ਸਾਵਲ ਰੂਪ=ਕ੍ਰਿਸ਼ਨ ਭਗਵਾਨ। ਨਖਹ ਬਿਦਾਰ=ਨਹੁੰਦਰਾਂ ਨਾਲ ਮਾਰਨਾ।

 

ਅਰਥ:-  ਹੇ ਅਨਜਾਣ ਜੀਵ! ਕਰੋਧ ਦਾ ਸੁਭਾਅ ਬਹੁਤ ਭੈੜਾ ਹੈ, ਇਸ ਚੰਡਾਲ ਤੋਂ ਬਚੋ। ਕਾਲੀ ਨਾਗ ਕਰੋਧ ਕਰਕੇ ਕ੍ਰਿਸ਼ਨ ਭਗਵਾਨ ਨਾਲ ਯੁੱਧ ਕਰਕੇ ਆਪ ਮਾਰਿਆ ਗਿਆ। ਹਰਨਾਖਸ਼ ਨੇ ਕਰੋਧ ਕਰਕੇ ਪ੍ਰਹਿਲਾਦ ਨੂੰ ਤਲਵਾਰ ਲੈ ਕੇ ਮਾਰਨਾ ਚਾਹਿਆ, ਤਾਂ ਨਰਸਿੰਘ ਨੇ ਥੰਮ੍ਹ ਵਿਚੋਂ ਪ੍ਰਗਟ ਹੋ ਕੇ ਹਰਨਾਖਸ਼ ਦਾ ਪੇਟ ਨੌਹਾਂ ਨਾਲ ਪਾੜ ਕੇ ਖਤਮ ਕਰ ਦਿੱਤਾ। ਨਾਭ ਕੰਵਲ ਜੀ ਦਾ ਫੁਰਮਾਨ ਹੈ ਕਿ ਜਿਸ ਨੇ ਭੀ ਕਰੋਧ ਕੀਤਾ ਅੰਤ ਨੂੰ ਉਹ ਪਛਤਾਇਆ ॥51॥

ਸ੍ਵੈਯਾ।।

ਲੈਹਰ ਲੋਭ ਕੀ ਕੈਹਰ ਹੈ ਨਰ  ਜੈਹਰ ਜਾਣ ਨਾਂ ਚਿਤੁ ਲੁਭਾਯੋ।

  ਜੋਊ ਪਿਆ ਬਿਚ ਲੋਭ ਕੇ ਬੈਹਰ  ਗਰਕ ਹੂਆ ਨਂਹੀ ਬਾਹਰਿ ਆਯੋ।

 ਕਾਰੂੰ ਪ੍ਰੀਤ ਕਰੀ ਜਬ ਲਾਲਚ  ਧਰਨੀ ਕੇ ਬੀਚ ਓਹੁ ਕੈਸ ਗਡਾਯੋ।

 ਉਡਣਹਾਰ ਜਨਾਵਰ ਕੋ ਹੁਣ  ਦਾਸ ਭਗਵਾਂਨ ਹੈ ਲੋਭ ਪਸਾਯੋ।।52।।

 

ਪਦ ਅਰਥ:-  ਲੋਭ ਕੀ ਕੈਹਰ=ਕੁੱਤੇ ਦੇ ਹਲਕ ਦੀ ਨਿਆਈਂ ਹੈ। ਬੈਹਰ=ਸਮੁੰਦਰ।

 

ਅਰਥ:-  ਲੋਭ ਦੀ ਲਹਿਰ ਬੜੀ ਕਹਿਰ ਦੀ ਹੈ। ਇਸ ਨੂੰ ਜ਼ਹਿਰ ਜਾਣ ਕੇ ਨਾ ਫਸੋ। ਜਿਹੜਾ ਭੀ ਲੋਭ ਲਹਿਰ ਦੀ ਲਪੇਟ ਵਿਚ ਆ ਗਿਆ, ਉਹ ਗਰਕ ਹੋ ਗਿਆ। ਫਿਰ ਬਾਹਰ ਨਹੀਂ ਆਇਆ। ਕਾਰੂ ਨੇ ਅਤਿਆਚਾਰ ਕਰਕੇ 40 ਗੰਜ ਮਾਇਆ ਇਕੱਠੀ ਕੀਤੀ। ਅੰਤ ਨੂੰ ਸਮੇਂ ਨੇ ਉਸ ਨੂੰ ਭੀ ਧਰਤੀ ਵਿਚ ਗੱਡ ਦਿੱਤਾ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਅਕਾਸ਼ ਵਿਚ ਉਡਾਰੀਆਂ ਮਾਰਦੇ ਜਾਨਵਰਾਂ ਨੂੰ ਚੋਗੇ ਦੇ ਲੋਭ ਨੇ ਜਾਲ ਵਿਚ ਫਸਾ ਲਿਆ ॥52॥

 

ਸ੍ਵੈਯਾ।।

 ਮੋਹਿ ਕਾ ਜਾਲੁ ਅਤੀ ਦੁਖਦਾਇਕ  ਲਾਇਕ ਹੋ ਨਂਹੀ ਨੇਹੁ ਲਗਾਯੋ।

ਮੋਹਿ ਬਰਾਂਨ ਕੀਓ ਨੰਦ ਮੈਹਰ  ਕਾਂਨ ਨਂਹੀ ਜਬ ਲੋਟ ਕੇ ਆਯੋ।

ਦਸਰਥ ਪ੍ਰਾਣ ਤਜੇ ਇਸ ਕਾਰਣ  ਲਛਮਣ ਰਾਮ ਜਾਂ ਬਨ ਸਧਾਯੋ।

ਦਾਸ ਭਗਵਾਂਨ ਸੀਆ ਛਲੀ ਰਾਵਣ  ਰਾਮ ਸਰੀਖੇ ਭੀ ਮੋਹਿ ਰੁਆਯੋ।।53।।

 

ਪਦ ਅਰਥ:-  ਨੰਦ ਮੈਹਰ=ਕ੍ਰਿਸ਼ਨ ਨੂੰ ਗੋਕਲ ਵਿਚ ਪਾਲਣ ਵਾਲਾ। ਸਰੀਖੇ=ਵਰਗੇ। ਰੁਆਯੋ=ਰੋਣਾ ਪਿਆ।

ਅਰਥ:- ਮੋਹ ਦਾ ਜਾਲ ਬੜਾ ਦੁਖਦਾਈ ਹੈ, ਚੰਗਾ ਇਹੀ ਹੈ ਕਿ ਮੋਹ ਵਿਚ ਨਾ ਫਸੋ। ਨੰਦ ਨੂੰ ਮੋਹ ਨੇ ਖਰਾਬ ਕੀਤਾ, ਜਦ ਕ੍ਰਿਸ਼ਨ ਜੀ ਮੁੜ ਕੇ ਨਹੀਂ ਆਏ। ਰਾਮ ਲਛਮਣ ਬਣ ਚਲੇ ਗਏ, ਦਸ਼ਰਥ ਨੇ ਮੋਹ ਦੇ ਕਾਰਨ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਰਾਵਣ ਸੀਤਾ ਨੂੰ ਛਲ ਕੇ ਲੈ ਗਿਆ ਤੇ ਰਾਮ ਚੰਦਰ ਜੀ ਭੀ ਸੀਤਾ ਦੇ ਵਿਯੋਗ ਵਿਚ ਰੋਏ॥53॥

ਸ੍ਵੈਯਾ।।

ਬਹੁ ਬਿਕਾਰ ਹੰਕਾਰ ਬਿਖੇ ਇਸ  ਬੀਚ ਅੰਧੇਰੀ ਕੇ ਨਾ ਉਰਝਾਇਓ।

ਕੰਸ ਹੰਕਾਰ ਭਈ ਦਸਾ ਕੈਸੀ  ਕੁ ਸਿਆਮ ਜਬੈ ਧਰ ਪੈ ਪਟਕਾਯੋ।

 ਅਹੰਕਾਰ ਕੀਓ ਦਰਜੋਧਨ ਨੇ ਜਬ  ਕੈਰਬ ਕੁਲ ਤਬੀ ਘਬਰਾਯੋ।

   ਦਾਸ ਭਗਵਾਂਨ ਨਾ ਤੁਖਮ ਰਿਹੋ ਫਿਰਿ  ਆਪ ਕੋ ਆਪ ਹੀ ਆਪ ਬੰਧਾਯੋ।।54।।

 

ਪਦ ਅਰਥ:-  ਬਿਕਾਰ=ਪੁਆੜੇ। ਉਰਝਾਇਓ=ਫਸਣਾ। ਕੰਸ=ਕ੍ਰਿਸ਼ਨ ਜੀ ਦਾ ਮਾਮਾ ਸੀ। ਤੁਖਮ=ਬੀਜ।

ਅਰਥ:-  ਅਹੰਕਾਰ ਵਿਚ ਬਹੁਤ ਵਿਕਾਰ ਹਨ, ਇਸ ਲਈ ਇਸ ਹਨੇਰ ਤੋਂ ਬਚੋ। ਕੰਸ ਜੋ ਕ੍ਰਿਸ਼ਨ ਜੀ ਦਾ ਮਾਮਾ ਸੀ, ਅਹੰਕਾਰ ਕਰਕੇ ਹੀ ਕ੍ਰਿਸ਼ਨ ਜੀ ਦੇ ਹੱਥੋਂ ਮਾਰਿਆ ਗਿਆ। ਦਰਯੋਧਨ ਨੇ ਅਹੰਕਾਰ ਵਿਚ ਆ ਕੇ ਪਾਂਡਵਾਂ ਨੂੰ ਸੂਈ ਦੇ ਨੱਕੇ ਜਿੰਨੀ ਜ਼ਮੀਨ ਦੇਣ ਤੋਂ ਇਨਕਾਰ ਕੀਤਾ, ਜਿਸ ਦਾ ਨਤੀਜਾ ਮਹਾਭਾਰਤ ਦਾ ਯੁੱਧ ਹੋਇਆ। ਹੰਕਾਰੀ ਦਰਯੋਧਨ ਦਾ ਨਾਸ਼ ਹੋਇਆ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਜਿਸ ਨੇ ਭੀ ਅਹੰਕਾਰ ਕੀਤਾ, ਉਸਦਾ ਖੁਰਾ-ਖੋਜ ਮਿਟ ਗਿਆ ॥54॥

 

ਸ੍ਵੈਯਾ।।

 ਇਹੁ ਕਰਤੂਤ ਹੈ ਪੰਚਨ ਕੀ  ਜੋਈ ਪੀਛੇ ਮੁਸਨਫ ਆਖ ਸੁਣਾਯੋ।

  ਗੁਣ ਦੋਖ ਬਿਚਾਰ ਕੇ ਇਨਹਨ ਕੇ  ਪ੍ਰਵਿਰਤ ਕਂਹੀ ਨਿਰਲੇਪ ਰਹਾਯੋ।

  ਮਰਕਟ ਵਾਂਗ ਨਂਹੀ ਬਣ ਮੂਰਖ  ਲੰਪਟ ਹੋ ਕਰ ਜਨਮ ਗਵਾਯੋ।

   ਦਾਸ ਭਗਵਾਂਨ ਫੜੋ ਅਬ ਇਸਥਿਤ  ਜਾਣ ਸਰੂਪ ਬਿਲੰਬ ਨਾ ਲਾਯੋ।।55।।

 

ਪਦ ਅਰਥ:-  ਮੁਸਨਫ=ਗ੍ਰੰਥ ਕਰਤਾ ਨਾਭ ਕੰਵਲ ਜੀ। ਮਰਕਟ=ਬਾਂਦਰ। ਲੰਪਟ=ਫਸ ਕੇ। ਇਸਥਿਤ=ਟਿਕਾਓ। ਬਿਲੰਬ=ਦੇਰ।

ਅਰਥ:-  ਇਹ ਪੰਜਾਂ ਦੀ ਕਰਤੂਤ ਹੈ, ਜੋ ਰਾਜਾ ਸਾਹਿਬ ਨੇ ਪਿੱਛੇ ਦੱਸ ਦਿੱਤੀ ਹੈ। ਇਨ੍ਹਾਂ ਦੇ ਗੁਣ, ਔਗੁਣ ਵਿਚਾਰ ਕੇ ਸੰਸਾਰ ਵਿਚ ਰਹਿੰਦੇ ਹੋਏ ਨਿਰਲੇਪ ਰਹੋ। ਬਾਂਦਰ ਦੀ ਤਰ੍ਹਾਂ ਖਿੱਲਾਂ ਦੇ ਲੋਭ ਕਰਕੇ ਕੁੱਜੀ ਵਿਚ ਹੱਥ ਪਾ ਕੇ ਫਸ ਜਾਂਦਾ ਹੈ ਤੇ ਸਾਰੀ ਉਮਰ ਦਰ ਦਰ ਨਚਾਇਆ ਨੱਚਦਾ ਹੈ। ਨਾਭ ਕੰਵਲ ਜੀ ਬਿਆਨ ਕਰਦੇ ਹਨ, ਬਿਰਤੀ ਟਿਕਾ ਕੇ ਆਪਣੇ ਸਹੀ ਸਰੂਪ ਨੂੰ ਜਾਨਣ ਵਿਚ ਦੇਰ ਨਾ ਲਾਓ॥55॥

ਸ੍ਵੈਯਾ।।

 ਸਾਂਝ ਸਵੇਰ ਬਿਸਾਰ ਨਂਹੀ ਖਿਨ  ਨਾਮੁ ਜਪੋ ਨਰ ਬੰਨ ਕੇ ਪਰੀਆ।

 ਸਾਸ ਹੀ ਸਾਸ ਨਿਵਾਸ ਕਰੋ ਮਨ  ਐਸੀ ਮਿਲੇ ਨਂਹੀ ਬਹੁੜ ਬਰੀਆ।

ਜਾਗ ਅਭਾਗ ਇਹ ਨਿਹਫਲ ਜਾਵਤ  ਦੁਰਲਭ ਮਾਨੁਖ ਦੇਹ ਸਜਰੀਆ।

 ਦਾਸ ਭਗਵਾਂਨ ਨਾ ਜੇ ਬਨ ਆਵਤ  ਤਉ ਭਜ ਸਾਹਿਬੁ ਏਕ ਹੀ ਘਰੀਆ।।56।।

 

ਪਦ ਅਰਥ:-  ਸਾਂਝ=ਸ਼ਾਮ। ਖਿਨ=ਥੋੜਾ ਚਿਰ। ਪਰੀਆ=ਕੱਠੇ ਹੋ ਕੇ। ਬਰੀਆ=ਸਮਾਂ, ਮੌਕਾ। ਨਿਹਫਲ=ਬੇਅਰਥ। ਦੁਰਲਭ= ਮੁਸ਼ਕਲ ਨਾਲ ਪ੍ਰਾਪਤ ਹੋਣ ਵਾਲੀ। ਸਜਰੀਆ=ਸਜ ਰਹੀ ਹੈ। ਘਰੀਆ=ਘੜੀ ਭਰ। ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ || ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ||

ਅਰਥ:-  ਸਵੇਰੇ ਤੇ ਸ਼ਾਮ ਇੱਕ ਖਿਨ ਮਾਤ੍ਰ ਭੀ ਨਾਮ ਨੂੰ ਨਾ ਵਿਸਾਰੋ ਤੇ ਪਰ੍ਹੇ ਬੰਨ੍ਹ ਕੇ ਨਾਮ ਜਪੋ। ਸੁਆਸ ਸੁਆਸ ਨਾਮ ਜਪੋ। ਇਹ ਵੇਲਾ ਫਿਰ ਨਹੀਂ ਮਿਲ ਸਕਦਾ। ਹੇ ਅਭਾਗੇ ਪ੍ਰਾਣੀ! ਇਹ ਮਨੁੱਖੀ ਦੇਹ ਤੇਰੀ ਨਿਸਫਲ ਜਾ ਰਹੀ ਹੈ, ਸੱਜਰੀ ਦੇਹ ਵਿਚ ਸਿਮਰਨ ਕਰ ਲੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਜੇ ਹੋਰ ਨਹੀਂ ਹੋ ਸਕਦਾ, ਤਾਂ ਇਕ ਘੜੀ ਹੀ ਪ੍ਰਭੂ ਨੂੰ ਯਾਦ ਕਰ ਲੈ ॥56॥

 

 

ਸ੍ਵੈਯਾ।।

ਹਸਤੀ ਤੇ ਚੀਟੀ ਔ ਤ੍ਰਿਣ ਲੌ  ਆਦਕ ਹੋਇ ਰਿਹ੍ਹਾ ਪ੍ਰਫੁਲਤ ਏਕੋ।

ਬਰਨ ਨਾ ਚੇਹਨ ਹੈ ਪ੍ਰਿਪੂਰਨ  ਸਾਰ ਸਿਞਾਨਣ ਸੇ ਨਰ ਨੇਕੋ।

ਧੁਨ ਅਨਾਹਦ ਸੁਣੀਏ ਜੇ ਜਾਹਦ  ਤੌ ਫਿਰ ਹੋਵਤ ਠੀਕ ਬਬੇਕੋ।

    ਦਾਸ ਭਗਵਾਂਨ ਨਾ ਭੇਦ ਕਛੂ  ਪ੍ਰਭ ਬਿਆਪ ਰਿਹਾ ਸਹੀ ਏਕ ਅਨੇਕੋ।।57।।

 

ਪਦ ਅਰਥ:-  ਹਸਤੀ=ਹਾਥੀ। ਚੀਟੀ=ਕੀੜੀ। ਤ੍ਰਿਣ=ਕੱਖ। ਪ੍ਰਫੁਲਤ=ਖੇੜੀ। ਜਰਨ=ਰੰਗ। ਚੇਹਨ=ਚਿੱਤ੍ਰ। ਸਿਞਾਨਣ=ਸ਼ਿਵਾਂ ਦਾ ਵਾਹਣ ਬੈਲ। ਅਨਾਹਦ=ਇਕ ਰਸ। ਬਬੇਕੋ=ਵੀਚਾਰ। "ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ||ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੇ ਕੋਈ॥1॥

ਅਰਥ:-  ਹਾਥੀ ਤੋਂ ਲੈ ਕੇ ਕੀੜੀ ਤਕ ਤੇ ਘਾਹ ਆਦਿਕ ਵਿੱਚ ਇੱਕ ਵਾਹਿਗੁਰੂ ਹੀ ਖੇੜਾ ਦਿਖਾਲਦਾ ਹੈ। ਜਿਸ ਨਿਰੰਕਾਰ ਦਾ ਰੂਪ ਰੰਗ ਤੇ ਚਿਹਨ ਚੱਕਰ ਨਹੀਂ, ਓਹੀ ਸਾਰੇ ਪਸ਼ੂ ਤੇ ਨਰਾਂ ਵਿਚ ਸਮਾ ਰਿਹਾ ਹੈ। ਠੀਕ ਗਿਆਨ ਤਦੇ ਹੀ ਹੁੰਦਾ ਹੈ, ਜੇ ਅਨਾਹਦ ਸ਼ਬਦ ਨੂੰ ਜ਼ਾਹਰ ਸੁਣ ਲਈਏ। ਇਸ ਵਿਚ ਕੋਈ ਭੇਦ ਨਹੀਂ ਕਿ ਉਹ ਨਿਰੰਕਾਰ ਹੀ ਇਕ ਤੋਂ ਅਨੇਕ ਰੂਪ ਹੋ ਕੇ ਪਸਰ ਰਿਹਾ ਹੈ ॥57॥

 

ਸ੍ਵੈਯਾ।।

 ਜਗਤੁ ਸਭੀ ਜਗਦੀਸਰ ਮੇਂ  ਜਗਦੀਸਰ ਹੈ ਜਗ ਮਾਹਿ ਸਮਾਯੋ।

 ਗੁਪਤ ਔ ਪ੍ਰਗਟ ਬਿਆਪਕ ਘਟ  ਘਟ ਬਾਤਨ ਜਾਹਰ ਭੇਦ ਰਖਾਯੋ।

  ਹੈ ਸ੍ਰਵੱਗ ਨਂਹੀ ਅਲਪੱਗ  ਜਾਂ ਹੋਇ ਤਾ ਤਗ ਤਾਂ ਮਗ ਕੋ ਪਾਯੋ।

 ਦਾਸ ਭਗਵਾਂਨ ਹੈ ਸੀਝ ਗਿਓ  ਜਬ ਮੀਨ ਔ ਮੇਖ ਨ ਰੇਖ ਰਹਾਯੋ।।58।।

 

ਪਦ ਅਰਥ:-  ਜਗਦੀਸਰ=ਜਗਤ ਦਾ ਮਾਲਕ। ਸਮਾਯੋ=ਵਿਆਪ ਰਿਹਾ। ਗੁਪਤ=ਛੁਪਿਆ ਹੋਇਆ। ਪ੍ਰਗਟ=ਜ਼ਾਹਰ। ਬਾਤਨ=ਅੰਦਰ। ਸ੍ਰਵੱਗ=ਮਾਲਕ। ਅਲਪੱਗ=ਜੀਵ। ਤਗ=ਤੱਤ ਨੂੰ ਜਾਨਣਾ। ਮੀਨ ਔ ਮੇਖ=ਜੋਤਸ਼ ਵਿਦਿਆ ਦੇ ਹਿਸਾਬ। ਰੇਖ=ਰੇਖਾ।

ਅਰਥ:-  ਸਾਰਾ ਜਗਤ ਜਗਤ ਦੇ ਮਾਲਕ ਵਿਚ ਹੈ ਤੇ ਜਗ ਦਾ ਮਾਲਕ ਜਗਤ ਵਿਚ ਸਮਾਇਆ ਹੋਇਆ ਹੈ। ਛੁਪਿਆ ਹੋਇਆ ਜਾਂ ਜ਼ਾਹਿਰ ਘਟ ਘਟ ਵਿਚ ਵਿਆਪ ਰਿਹਾ ਹੈ। ਅੰਦਰ ਤੇ ਬਾਹਰ ਦਾ ਭੇਦ ਰੱਖਿਆ ਹੋਇਆ ਹੈ। ਵਾਹਿਗੁਰੂ ਸਰਬੱਗ ਹੈ, ਜੀਵ ਅਲਪੱਗ ਹੈ, ਤੱਤ ਜਾਨਣ ਕਰਕੇ ਇਸ ਭੇਦ ਦਾ ਪਤਾ ਲਗਦਾ ਹੈ। ਦਾਸ ਭਗਵਾਨ ਬਿਆਨ ਕਰਦੇ ਹਨ ਕਿ ਜਦ ਮਨ ਪਤੀਜ ਗਿਆ ਫਿਰ ਗਣਿਤ ਵਿੱਦਿਆ ਆਦਿਕ ਤੇ ਰੇਖਾ ਦਾ ਭਰਮ ਦੂਰ ਹੋ ਜਾਂਦਾ ਹੈ॥58॥

 

ਸ੍ਵੈਯਾ।।

ਹੋ ਦਰਵੇਸ ਕਲੇਸ ਕਿਉਂ ਪਾਵਤ  ਸਮਝ ਕੇ ਦੇਖ ਕੀ ਬਾਤ ਫਕੀਰੀ।

ਮੀਰ ਵਜੀਰ ਕੇ ਬੀਚ ਸ੍ਰੋਮਣ  ਸਪਤ ਹੀ ਦੀਪ ਨੌਂ ਖੰਡ ਜਗੀਰੀ।

ਸਾਹਿਨਸਾਹਿ ਹੋ ਪੋਟ ਉਠਾਵਤ  ਖਾਵਤ ਸ੍ਰਮ ਨਾਹਿ ਦਿਲਗੀਰੀ।

    ਦਾਸ ਭਗਵਾਂਨ ਅਜਾਣ ਕਿਉਂ ਹੋਵਤ  ਪਾਇਆ ਪਛਾਣੁ ਨਂਹੀ ਕਰੁ ਕੀਰੀ।।59।।

 

ਪਦ ਅਰਥ:-  ਦਰਵੇਸ=ਫਕੀਰ। ਸ੍ਰੋਮਣ=ਵੱਡੀ ਸਪਤ। ਦੀਪ=ਸਤ ਦੀਪ। ਨੌਂ ਖੰਡ=ਨੌ ਟੁਕੜੇ ਧਰਤੀ ਦੇ। ਜਗੀਰੀ=ਜਗੀਰ ਦਾ ਮਾਲਕ। ਸ੍ਰਮ=ਥਕਾਵਟ। ਦਿਲਗੀਰੀ=ਅਫਸੋੋਸ। ਕੀਰੀ=ਤੁਛ, ਅਦਨਾ।

 

ਅਰਥ:-  ਦਰਵੇਸ਼ ਹੋ ਕੇ ਦੁਖ ਕਿਉਂ ਪਾਉਂਦਾ ਹੈਂ, ਫਕੀਰੀ ਨੂੰ ਸਮਝ ਕੇ ਵੇਖ। ਪਾਤਸ਼ਾਹ ਤੇ ਵਜ਼ੀਰ ਵਿਚੋਂ ਫਕੀਰੀ ਵੱਡੀ ਹੈ ਤੇ ਦਰਵੇਸ਼ ਸੱਤ ਦੀਪ ਤੇ ਨੌਂ ਖੰਡਾਂ ਦੀ ਜਗੀਰ ਦਾ ਮਾਲਕ ਹੈ। ਸ਼ਾਹਾਂ ਦਾ ਸ਼ਾਹ ਹੋ ਕੇ ਭਾਰ ਚੁਕੀ ਫਿਰਦਾ ਹੈ। ਦੁਨੀਆਂ ਦੇ ਭਾਰ ਨੂੰ ਚੁੱਕ ਕੇ ਥਕਾਵਟ ਤੇ ਉਦਾਸੀ ਹੁੰਦੀ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਅਣਜਾਣ ਕਿਉਂ ਬਣਦਾ ਹੈਂ ? ਘਟੀਆ ਕੰਮ, ਮੰਗ ਖਾਣ ਦੀ ਕਾਰ ਕਰਕੇ ਆਪਣੇ ਆਪ ਨੂੰ ਨਹੀਂ ਪਛਾਣਿਆ॥59॥

 

ਸ੍ਵੈਯਾ।।

 ਹੈ ਕਬ ਬੀਚ ਓਹ ਬੰਧਨ ਆਵਤ  ਜੋ ਨਿਰਬੰਧ ਫਕੀਰ ਸਨਾਸੀ।

   ਹਾਥ ਉਠਾਇ ਸੰਧਉਰਾ ਲੀਓ ਜਬ  ਫੇਰ ਕਿਉਂ ਲੋਟਤ ਹੈ ਸਤੀ ਖਾਸੀ।

  ਜਾਣ ਬਿਰਸ ਤਿਆਗ ਪਦਾਰਥ  ਪਾਵਤ ਹਾਥ ਕਰੇ ਜਗੁ ਹਾਸੀ।

   ਦਾਸ ਭਗਵਾਂਨ ਨਂਹੀ ਫਸ ਬੈਠਤ  ਬੇਪਰਵਾਹਿ ਜੋ ਬ੍ਰਿਤ ਅਕਾਸੀ।।60।।

 

ਪਦ ਅਰਥ:-  ਨਿਰਬੰਧ=ਬੰਧਨ ਰਹਿਤ। ਸਨਾਸੀ=ਪਛਾਣ। ਸੰਧਉਰਾ=ਨਾਰੀਅਲ। ਸਤੀ ਖਾਸੀ=ਜੋ ਖਾਸ ਸੱਤ ਹੋ ਚੱਲੀ ਹੈ। ਹਾਸੀ=ਮਖੌਲ। ਬ੍ਰਿਤ ਅਕਾਸੀ=ਉਚੀ ਬਿਰਤੀ।

ਅਰਥ:-  ਫਕੀਰੀ ਦੀ ਪਛਾਣ ਵਾਲਾ ਦਰਵੇਸ਼ ਬੰਧਨ ਰਹਿਤ ਹੈ, ਓਹ ਕਦ ਬੰਧਨ ਵਿਚ ਫਸਦਾ ਹੈ? ਪਤੀ ਦੇ ਵਿਯੋਗ ਚਿਖਾ ਉੱਪਰ ਸੜਨ ਵਾਲੀ ਸਤੀ ਨੇ ਜਦ ਹੱਥ ਵਿਚ ਨਾਰੀਅਲ ਪਕੜ ਲਿਆ (ਭਾਵ ਸ਼ਗਨ ਕਰਕੇ ਤੁਰ ਪਈ) ਫਿਰ ਪਿਛੇ ਨਹੀਂ ਹਟਦੀ। ਸੰਸਾਰਕ ਪਦਾਰਥਾਂ ਦੇ ਰਸ ਫਿੱਕੇ ਜਾਣ ਕੇ ਤਿਆਗ ਦਿੱਤੇ, ਫਿਰ ਉਨ੍ਹਾਂ ਪਦਾਰਥਾਂ ਦੀ ਇੱਛਾ ਕਰੇ ਤਾਂ ਜੱਗ ਹਾਸੀ ਕਰਦਾ ਹੈ। ਨਾਭ ਕੰਵਲ ਜੀ ਬਿਆਨ ਕਰਦੇ ਹਨ ਕਿ ਉੱਚੀ ਬਿਰਤੀ ਵਾਲਾ ਦਰਵੇਸ਼ ਦੁਨੀਆਂ ਦੇ ਝੂਠੇ ਪਦਾਰਥਾਂ ਵਿਚ ਨਹੀਂ ਫਸਦਾ ॥60॥

ਸ੍ਵੈਯਾ।।

 ਭੇਖ ਕੀ ਰੇਖ ਨਾਂ ਰਿਜਮ ਰਹੀ  ਜਬ ਉਠ ਗਈ ਦਿਲੋਂ ਸਾਬਤ ਹਸਤੀ।

ਨਾਹਿ ਫਕੀਰ ਕਾ ਦੇਸੁ ਰਿਹਾ  ਅਰੁ ਨਾਹਿ ਫਕੀਰ ਕੀ ਹੈ ਰਹੀ ਬਸਤੀ।

  ਜਾਤ ਸਫਾਤ ਮੇਂ ਧਿਆਨੁ ਧਰੇ ਜਬ  ਨਾਹਿ ਫਕੀਰ ਤਉ ਹੈ ਗ੍ਰਿਹਸਤੀ।

    ਦਾਸ ਭਗਵਾਂਨ ਜੇ ਝਾਕ ਕਰੇ ਤਬ  ਨਾਹਿ ਸਨਾਸ ਉਦਾਸ ਹੈ ਫਸਤੀ।।61।।

 

ਪਦ ਅਰਥ:-  ਭੇਖ=ਬਾਹਰ ਦਾ ਲਿਬਾਸ ਫਕੀਰੀ। ਰੇਖ ਰਿਜਮ=ਥੋੜ੍ਹ ਮਾਤ੍ਰ ਭੀ। ਹਸਤੀ=ਹੋਂਦ। ਜਾਤ ਸਫਾਤ=ਰੱਬੀ ਜਾਤ ਦਾ ਕਿਸੇ ਦੇ ਛੁਟਕਾਰੇ ਲਈ ਨੇਕੀ ਦਾ ਬਚਨ ਆਖਣਾ। ਸਨਾਸ=ਪਛਾਣ। ਫਸਤੀ=ਝਗੜਾ ਕਰਨ ਵਾਲਾ।

ਅਰਥ:- ਜਦ ਆਪਣੀ ਹੋਂਦ ਹੀ ਮੁਕਾ ਦਿੱਤੀ ਤਾਂ ਭੇਖ ਦੀ ਥੋੜ੍ਹੀ ਮਾਤ੍ਰ ਭੀ ਰੇਖ ਨਹੀਂ ਰਹਿ ਗਈ। ਨਾ ਫਕੀਰ ਦਾ ਦੇਸ ਰਿਹਾ ਨਾ ਬਸਤੀ ਭਾਵ ਫਿਰ ਚਾਰੇ ਚੱਕ ਫਕੀਰ ਦੀ ਜਗੀਰ ਹੈ। ਜਦੋਂ ਰੱਬ ਦੀ ਜ਼ਾਤ ਸਫਾਤ ਦਾ ਧਿਆਨੀ ਹੋ ਗਿਆ ਤਾਂ ਗ੍ਰਹਿਸਤੀ ਜਾਂ ਉਦਾਸੀ ਪਰਵਾਣ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਜੇ ਫਕੀਰ ਹੋ ਕੇ ਝਾਕ ਰਖੇ ਤਾਂ ਉਦਾਸ ਨਹੀਂ ਹੈ ਬਲਕਿ ਫਸਿਆ ਹੋਇਆ ਹੈ ॥61॥

 

ਸ੍ਵੈਯਾ।।

 ਵਰਨ ਆਸਰਮ ਕੇ ਕੂਕਰ ਜੋ ਕਦੇ  ਭੁਲ ਨਿਦਾਨ ਨਾ ਤਿਨ ਪਹਿ ਜਾਯੋ।

 ਹੋਇ ਇਤਫਾਕਨ ਮੇਲੁ ਕਭੀ ਤਬ  ਉਨ ਕੀ ਸੁਣੋ ਨਾਹਿ ਆਪ ਸੁਣਾਯੋ।

ਸਤ ਹੀ ਸਤ ਕਾ ਵਣਜੁ ਕਰੋ  ਨਂਹੀ ਬੰਧ ਗਿਆਨੀ ਸੇ ਮਗਜ ਖਪਾਯੋ।

    ਦਾਸ ਭਗਵਾਂਨ ਨਾ ਬੋਧ ਜਿਸੇ  ਤਿਸੇ ਜੁਤ ਕਰ ਦੂਰ ਸੇ ਸੀਸ ਨਿਵਾਯੋ।।62।।

 

ਪਦ ਅਰਥ:-  ਵਰਨ=ਚਾਰ; ਬ੍ਰਾਹਮਣ, ਖੱਤ੍ਰੀ, ਵੈਸ਼ ਤੇ ਸ਼ੂਦਰ। ਆਸ਼ਰਮ=ਚਾਰ, ਬ੍ਰਹਮ, ਚਰਜ, ਗ੍ਰਸਤ, ਸੰਨਿਆਸ, ਬਾਨ ਪ੍ਰਸਤ। ਕੂਕਰ=ਕੁੱਤੇ। ਬੰਧ ਗਿਆਨੀ=ਚੁੰਚ ਗਿਆਨੀ। ਜੁਤ ਕਰ=ਦੋਨੋਂ ਹੱਥ ਜੋੜ ਕੇ।ਜੋ ਵਰਨ ਆਸ਼ਰਮ ਦੇ ਅਭਿਮਾਨੀ ਹਨ ਕਦੇ ਭੁੱਲ ਕੇ ਭੀ ਉਨ੍ਹਾਂ ਦੀ ਸੰਗਤ ਨਾ ਕਰੋ, ਜੇ ਕਦੇ ਸੁਭਾਵਕ ਉਨ੍ਹਾਂ ਦਾ ਮੇਲ ਹੋ ਭੀ ਜਾਏ ਤਾਂ ਨਾ ਉਨ੍ਹਾਂਦੀ ਸੁਣੋ ਤੇ ਨਾ ਹੀ ਆਪਣੀ ਸੁਣਾਓ। ਸਤ ਹੀ ਸਤ ਦਾ ਵਪਾਰ ਕਰੋ, ਚੁੰਚ ਗਿਆਨੀ ਨਾਲ ਮੱਥਾ ਲਾ ਕੇ ਆਪਣਾ ਮਗ਼ਜ਼ ਨ ਖਪਾਓ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਨੂੰ ਸਮਝ ਨਹੀਂ ਉਸਨੂੰ ਦੂਰੋਂ ਹੀ ਹੱਥ ਜੋੜ ਕੇ ਸਲਾਮ ਕਰੋ।॥62॥

 

 

  ਸ੍ਵੈਯਾ।।

ਬਾਝ ਬਰਾਗ ਗਿਆਨ ਨਾਂ ਹੋਵਤ ਬਾਝੁ ਬਬੇਕ ਮਮੋਖ ਨਾਂ ਜਾਨੀ।

 ਸਮ ਬਾਝ ਨਹੀਂ ਮਨ ਸੀਝਤ ਹੈ ਦਮ ਬਾਝ ਨਂਹੀ ਨਰ ਹੋਵਤ ਗਿਆਨੀ।

  ਬਾਝ ਸੰਤੋਖ ਨਂਹੀ ਸੁਖੁ ਪਾਵਤ ਸੁਹਬਤ ਬਾਝ ਨਾਂ ਸੋਭਤ ਬਾਂਨੀ।

 ਦਾਸ ਭਗਵਾਂਨ ਨਾਂ ਧਰਮੁ ਦਇਆ ਬਿਨੁ ਬਾਝ ਖਿਮਾ ਨਾਹਿ ਤਪ ਬਖਾਂਨੀ।।63।।

 

ਪਦ ਅਰਥ: ਬਰਾਗ=ਉਦਾਸੀ। ਮਮੋਖ=ਮੁਕਤੀ। ਸਮ=ਮਨ ਦਾ ਰੋਕਣਾ। ਦਮ=ਇੰਦ੍ਰੀਆਂ ਦਾ ਰੋਕਣਾ? ਸੋਭਤ=ਸੋਭਾ ਪਾਉਂਦੀ। ਹਿਤ=ਪਿਆਰ। ਬਖਾਂਨੀ=ਕਿਹਾ ਜਾਂਦਾ ਹੈ।

ਅਰਥ:- ਬੈਰਾਗ ਤੋਂ ਬਿਨਾਂ ਗਿਆਨ ਨਹੀਂ ਹੁੰਦਾ ਤੇ ਗਿਆਨ ਤੋਂ ਬਿਨਾਂ ਮੁਕਤੀ ਨਹੀਂ। ਮਨ ਤੇ ਇੰਦ੍ਰੀਆਂ ਦਮਨ ਕੀਤੇ ਬਿਨਾਂ ਗਿਆਨੀ ਨਹੀਂ ਹੁੰਦਾ। ਸੰਤੋਖ ਤੋਂ ਬਿਨਾਂ ਸੁਖ ਨਹੀਂ, ਸਤਿਸੰਗਤ ਬਿਨਾਂ ਪਿਆਰ ਨਹੀਂ ਕਿਹਾ ਜਾਂਦਾ ॥63॥

 

ਸ੍ਵੈਯਾ।।

 ਨੀਰ ਬਿਨਾਂ ਨਾਹਿ ਸੋਭ ਸਰੋਵਰ  ਰੰਗ ਬਿਨਾਂ ਨਾਹਿ ਅੰਗ ਸੁਖਾਨੀ।

 ਪ੍ਰੇਮ ਬਿਨਾ ਨਾਹਿ ਮਾਨਸ ਸੋਭਤ  ਤਰਕਸ ਨਾ ਬਿਨ ਤੀਰ ਸੁਹਾਨੀ।

 ਪੁਸਪੋਂ ਕੀ ਪੰਕਤ ਕਹੁ ਕਬ ਸੋਭਤ  ਜੌ ਬਿਚ ਰੀਧ ਨਂਹੀ ਮਧਰਾਨੀ।

   ਦਾਸ ਭਗਵਾਂਨ ਨਦਾਨ ਸਹੀ ਐਸੇ  ਬੋਧ ਬਿਨਾ ਨਾਹਿ ਸੋਭ ਪ੍ਰਾਨੀ।।64।।

 

ਪਦ ਅਰਥ: ਨੀਰ=ਪਾਣੀ। ਸਰੋਵਰ=ਤਾਲਾਬ। ਤਰਕਸ=ਭੱਥਾ। ਪੁਸਪ=ਫੁੱਲ। ਰੀਧ=ਸੁਗੰਧੀ। ਮਧਰਾਨੀ=ਮਿਠਾਸ। ਬੋਧ=ਅਕਲ, ਸਮਝ। ਸੋਭ=ਸੋਭਦਾ। ਰੰਗ=ਪਿਆਰ। ਅੰਗ=ਸਰੀਰ।

 

ਅਰਥ: ਜਿਸ ਤਰ੍ਹਾਂ ਪਾਣੀ ਤੋਂ ਬਿਨਾਂ ਸਰੋਵਰ ਦੀ ਸੋਭਾ ਨਹੀਂ ਤੇ ਪ੍ਰੇਮ ਬਿਨਾਂ ਸਰੀਰ ਨਹੀਂ ਸੁਖਾਉਂਦਾ। ਮਨੁੱਖ ਪ੍ਰੇਮ ਬਿਨਾਂ ਨਹੀਂ ਸੋਭਦਾ, ਤੀਰਾਂ ਬਿਨਾਂ ਭੱਥਾ ਨਹੀਂ ਸੋਭਦਾ, ਫੁੱਲਾਂ ਦੀਆਂ ਪੰਕਤੀਆਂ ਕਦ ਸੋਭਦੀਆਂ ਹਨ ਜਦ ਤਕ ਉਨ੍ਹਾਂ ਵਿਚ ਸੁਗੰਧੀ ਰੂਪੀ ਮਿਠਾਸ ਨਹੀਂ ਹੈ। ਇਸੇ  ਤਰ੍ਹਾਂ  ਸਮਝ ਬਿਨਾਂ ਜੀਵ ਦੀ ਸ਼ੋਭਾ ਨਹੀਂ ਹੈ ॥64॥

   ਸ੍ਵੈਯਾ।।

ਸੁੰਞ ਭਏ ਬਿਨਾਂ ਫਲ ਜਿਉ ਤਰਵਰ  ਸੀਰ ਬਿਨਾਂ ਜੈਸੇ ਖੀਰ ਰਧਾਨੀ।

 ਚੰਦ ਬਿਨਾ ਜੈਸੇ ਸੁੰਞ ਭਈ ਨਿਸ  ਖੂਹ ਬਿਨਾ ਜੈਸੇ ਜੂਹ ਬਰਾਨੀ।

 ਤੇਲ ਬਿਨਾਂ ਜੈਸੇ ਦੀਪਕ ਹੈ ਸੁੰਞ  ਰੂਹ ਬਿਨਾ ਕਲਬੂਤ ਸਰਾਨੀ।

  ਦਾਸ ਭਗਵਾਂਨ ਨਾ ਨਾਮੁ ਜਪੇ ਨਰ  ਇਹ ਸਹੀ ਜਾਣ ਲੈ ਸੁੰਞ ਨਿਸਾਨੀ।।65।।

 

ਪਦ ਅਰਥ: ਤਰਵਰ=ਬਿਰਛ। ਸੀਰ=ਦੁੱਧ। ਨਿਸ=ਰਾਤ। ਜੂਹ=ਜ਼ਮੀਨ। ਬਰਾਨੀ=ਬੇ੍-ਔਲਾਦ। ਦੀਪਕ=ਦੀਵਾ। ਕਲਬੂਤ=ਬੁਤ। ਸਰਾਨੀ=ਸੁੰਞੀ। ਨਿਸਾਨੀ=ਨਿਸ਼ਾਨ।

ਅਰਥ: ਬਿਨਾਂ ਫਲ ਤੋਂ ਬਿਰਛ ਸੁੰਞਾ ਹੈ, ਜਿਸ  ਤਰ੍ਹਾਂ   ਦੁੱਧ ਬਿਨਾਂ ਖੀਰ ਨਹੀਂ, ਚੰਦ੍ਰਮਾ ਤੋਂ ਬਿਨਾਂ ਜੈਸੇ ਰਾਤ ਸੁੰਞੀ ਹੈ ਤੇ ਖੂਹ ਤੋਂ ਬਿਨਾਂ ਜ਼ਮੀਨ ਬਰਾਨ ਹੋ ਜਾਂਦੀ ਹੈ (ਜ਼ਮੀਨ ਓਹੀ ਰਾਣੀ ਜਿਸਦੇ ਸਿਰ ਤੇ ਪਾਣੀ) ਬਿਨਾਂ ਤੇਲ ਤੋਂ ਜਿਵੇਂ ਦੀਵਾ ਨਹੀਂ ਬਲਦਾ ਤੇ ਜੀਵਾਤਮਾ ਤੋਂ ਬਿਨਾਂ ਇਹ ਦੇਹ ਭੀ ਸੁੰਞੀ ਹੈ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਜਿਹੜਾ ਮਨੁੱਖ ਨਾਮ ਨਹੀਂ ਜਪਦਾ ਇਹ ਭੀ ਸੁੰਞਾ ਹੈ॥65॥

ਸ੍ਵੈਯਾ।।

ਬਾਝ ਹੀ ਰੰਗ ਰੰਗਰੇਜ ਨਂਹੀ ਅਰ  ਬਾਝ ਦੁਲਹੁ ਨਂਹੀ ਜੰਞ ਸੁਹਾਏ।

ਬਾਝ ਜਲਾ ਨਂਹੀ ਕਵਲ ਜੋ ਹੋਵਤ  ਬਾਝ ਸੁੰਗੰਧ ਨਾ ਭੌਰ ਬਸਾਏ।

 ਬਾਝ ਪੜੇ ਨਂਹੀ ਪੰਡਤ ਹੈ ਜਿਉ  ਬਾਝ ਰਸਾ ਨਂਹੀ ਫਲ ਸੁਖਾਏ।

     ਦਾਸ ਭਗਵਾਨ ਬਖਾਂਨ ਕਹੇ ਐਸੇ  ਬਾਝ ਬਰਾਗ ਨਾਂ ਸਾਧ ਜਸਾਏ।।66।।

 

ਪਦ ਅਰਥ:-  ਰੰਗਰੇਜ=ਲਲਾਰੀ। ਦੁਲਹੁ=ਵਿਆਂਦੜ। ਕਵਲ=ਕੌਲ ਫੁਲ। ਸੁੰਗੰਧ=ਸੁਗੰਧੀ। ਬਰਾਗ=ਉਦਾਸ।

ਅਰਥ:-  ਬਿਨਾਂ ਰੰਗ ਤੋਂ ਲਲਾਰੀ ਨਹੀਂ ਤੇ ਬਿਨਾਂ ਵਿਆਂਦੜ ਤੋਂ ਜੰਞ ਨਹੀਂ ਸੋਭਦੀ। ਪਾਣੀ ਤੋਂ ਬਿਨਾਂ ਕੌਲ ਫੁੱਲ ਨਹੀਂ ਹੁੰਦਾ ਤੇ ਸੁਗੰਧੀ ਤੋਂ ਬਿਨਾਂ ਭੌਰੇ ਆਸ਼ਕ ਨਹੀਂ ਹੁੰਦੇ। ਬਿਨਾਂ ਪੜ੍ਹੇ ਤੋਂ ਪੰਡਿਤ ਨਹੀਂ ਹੁੰਦਾ ਤੇ ਰਸ ਤੋਂ ਬਿਨਾਂ ਫਲ ਦੀ ਸ਼ੋਭਾ ਨਹੀਂ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਜਦ ਤਕ ਸੰਸਾਰ ਵਿਚੋਂ ਬਿਰਤੀ ਉਪਰਾਮ ਨਹੀਂ ਹੁੰਦੀ, ਉਹ ਸਾਧ ਨਹੀਂ ਬਣ ਸਕਦਾ॥66॥

ਸ੍ਵੈਯਾ।।

ਏਕ ਅਲੇਖ ਨਂਹੀ ਜਹ ਰੇਖ  ਓਹੁ ਪੇਖ ਹਮੇਸ ਪ੍ਰੇਮ ਪਿਆਰੋ।

 ਦੇਖ ਬਬੇਕ ਬਸੇਖ ਰਹੇ ਜੋਊ  ਸੇਖ ਅਸੇਖ ਸੋਊ ਦਿਲਾਰੋ।

 ਤੀਨ ਤਬਾਦਸ ਪੌਣ ਇਕਾਗਰ  ਪ੍ਰਾਂਨ ਉਪਾਂਨ ਕੀ ਗਤ ਬਿਚਾਰੋ।

    ਦਾਸ ਭਗਵਾਂਨ ਨਾ ਫਰਕੁ ਰਹੇ ਜਬ  ਸ੍ਵੈ ਪ੍ਰਕਾਸ ਕਹੈ ਨਿਰਕਾਰੋ।।67।।

 

ਪਦ ਅਰਥ:-ਅਲੇਖ=ਲੇਖੇ ਤੋਂ ਬਾਹਰ। ਰੇਖ=ਰੇਖਾ। ਪੇਖ=ਦੇਖੋ। ਬਬੇਕ=ਵਿਚਾਰ। ਬਸੇਖ=ਜ਼ਿਆਦਾ ਕਰਕੇ। ਸੇਖ=ਬੁੱਢਾ। ਅਸੇਖ=ਅਨੰਤ, ਅਪਾਰ। ਦੁਲਾਰੋ=ਪਿਆਰਾ ਪੁਤ੍ਰ। ਪ੍ਰਾਂਨ=ਬ੍ਰਹਮ। ਉਪਾਂਨ=ਪੈਦਾ,ਉਤਪਤੀ। ਸ੍ਵੈ ਪ੍ਰਕਾਸ=ਆਪਣੇ ਆਪ ਪ੍ਰਕਾਸ਼ ਹੋਇਆ।

ਅਰਥ:-  ਨਿਰਗੁਣ ਬ੍ਰਹਮ ਦਾ ਨਿਰੂਪਣ ਕਰਦੇ ਹਨ:- ਉਸ ਪਿਆਰੇ ਪ੍ਰਭੂ ਨੂੰ ਹਮੇਸ਼ਾਂ ਦੇਖ ਜੋ ਇਕੋ ਹੀ ਲੇਖ ਤੇ ਰੇਖ ਤੋਂ ਰਹਿਤ ਹੈ। ਵਿਚਾਰ ਕਰਕੇ ਦੇਖ ਜੋ ਵਿਸ਼ੇਸ਼ ਕਰਕੇ ਬਾਕੀ ਰਹਿ ਜਾਂਦਾ ਹੈ, ਉਸ ਨਾਲ ਪਿਆਰ ਕਰੋ। ਪੂਰਕ, ਕੁੰਭਕ, ਰੇਚਕ, ਪ੍ਰਣਾਯਾਮ ਦੁਆਰਾ ਦਸਵੇਂ ਦੁਆਰ ਸੁਰਤ ਇਕਾਗਰ ਕਰਕੇ ਬ੍ਰਹਮ ਦਾ ਵੀਚਾਰ ਕਰੋ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਜਦ ਖੁਦ ਨੂਰ ਹੁੰਦਾ ਹੈ ਤਾਂ ਕੋਈ ਫ਼ਰਕ ਨਹੀਂ ਰਹਿ ਜਾਂਦਾ, ਉਸਨੂੰ ਨਿਰਾਕਾਰ ਕਹਿੰਦੇ ਹਨ ॥67॥

 

ਸ੍ਵੈਯਾ।।

ਗਾਫਲ ਸੋਇ ਰਹਿਓ ਨਂਹੀ ਜਾਗਤ  ਲਾਗਤ ਪੰਜ ਤੋਹਿ ਬਟਵਾਰੋ।

 ਲੂਟਤ ਮੂਠਤ ਠੌਰ ਮਚਾਵਤ  ਭਾਗਤ ਹੈਂ ਰਤੀ ਨੈਨ ਉਘਾਰੋ।

 ਸਾਰ ਲਵੇਂ ਕਰ ਹਿਮਤ ਜੇ ਅਭੀ  ਰਾਖਤ ਹੈਂ ਸਭ ਹੀ ਘਰ ਬਾਰੋ।

 ਦਾਸ ਭਗਵਾਂਨ ਨਾ ਬਖਤ ਮਿਲੇ ਇਹੁ  ਪਾਂਵ ਪਸਾਰ ਕੇ ਬਾਜੀ ਨ ਹਾਰੋ।।68।।

 

ਪਦ ਅਰਥ:-  ਗਾਫਲ=ਅਵੇਸਲਾ। ਪੰਜ =ਕਾਮ, ਕਰੋਧ, ਲੋਭ, ਮੋਹ, ਅਹੰਕਾਰ। ਬਟਵਾਰੋ= ਠੱਗ। ਮੂਠਤ=ਠਗਦੇ। ਠੌਰ =ਰੌਲਾ। ਨੈਨ ਉਘਾਰੋ =ਅੱਖਾਂ ਖੋਲ੍ਹੋ। ਪਾਂਵ= ਪੈਰ।

ਅਰਥ:-  ਪੰਜ ਚੋਰ ਤੇਰੀ ਦੇਹ ਨਗਰੀ ਨੂੰ ਲੁੱਟ ਰਹੇ ਹਨ, ਤੂੰ ਅਵੇਸਲਾ ਹੋ ਕੇ ਕਿਉਂ ਸੁੱਤਾ ਪਿਆ ਹੈਂ ? ਇਹ ਪੰਜ ਤੈਨੂੰ ਲੁਟਦੇ ਹਨ ਤੇ ਠਗਦੇ ਹਨ ਤੇ ਨਾਲੇ ਰੌਲਾ ਮਚਾਉਂਦੇ ਹਨ। ਜ਼ਰਾ ਅੱਖਾਂ ਖੋਲ੍ਹ ਕੇ ਵੇਖ ਤਾਂ ਸਹੀ, ਜੇਕਰ ਖ਼ਬਰਦਾਰ ਹੋ ਕੇ ਇਸ ਘਰ ਦੀ ਸਾਰ ਲਵੇਂ ਤਾਂ ਇਨ੍ਹਾਂ ਤੋਂ ਬਚਾ ਸਕਦਾ ਹੈਂ। ਰਾਜਾ ਸਾਹਿਬ ਜੀ ਕਹਿੰਦੇ ਹਨ ਕਿ ਮਨੁੱਖਾ ਜਨਮ ਮੁੜ ਕੇ ਨਹੀਂ ਮਿਲੇਗਾ ਫਿਰ ਤੂੰ ਗਾਫਲ ਹੋ ਕੇ ਭਾਵ ਲਾਪਰਵਾਹ ਹੋ ਕੇ ਸੁਆਸਾਂ ਰੂਪੀ ਪੂੰਜੀ ਨੂੰ ਕਿਉਂ ਲੁਟਾ ਰਿਹਾ ਹੈਂ ॥68॥

 

 ਸ੍ਵੈਯਾ।।

ਭਾਗ ਕੁਸੰਗ ਸੇ ਦੂਰ ਜਾਓ  ਸਠ ਸਾਕਤ ਸੰਗ ਨਾ ਠੀਕ ਸਹੀ।

ਦੂਧ ਪਲਾਵਤ ਰਹੁ ਨਿਸਬਾਸਰ  ਹੋਵਤ ਨਾਹਿ ਸੁਹਿਰਦ ਅਹੀ।

ਬੇਰੀ ਕੁਸੰਗ ਭਇਆ ਕਦਲੀ  ਉਸ ਕੈਸੀ ਮੁਰਾਦ ਹੈ ਆਣ ਲਹੀ।

    ਦਾਸ ਭਗਵਾਂਨ ਓਹੁ ਝੂਲਤ ਹੈ  ਓਹੁ ਦੇਖ ਨਦਾਨ ਹੈ ਛੇਦ ਰਹੀ।।69।।

 

ਪਦ ਅਰਥ:-  ਕੁਸੰਗ=ਖੋਟੀ ਸੰਗਤ। ਸਠ=ਮੂਰਖ। ਨਿਸਬਾਸਰ=ਰਾਤ ਦਿਨ। ਸੁਹਿਰਦ=ਪਿਆਰ ਕਰਨ ਵਾਲਾ। ਅਹੀ=ਸਰਪ। ਕਦਲੀ=ਕੇਲਾ। ਨਦਾਨ=ਬੇਸਮਝ।

ਅਰਥ:-  ਖੋਟੀ ਸੰਗਤ ਤੋਂ ਦੂਰ ਭੱਜ ਜਾਓ। ਹੇ ਮੂਰਖ! ਸਾਕਤ ਦਾ ਸੰਗ ਚੰਗਾ ਨਹੀਂ, ਰਾਤ ਦਿਨ ਸੱਪ ਨੂੰ ਦੁੱਧ ਪਿਲਾਈ ਜਾਓ ਉਹ ਕਦੇ ਵੀ ਮਿਤ੍ਰ ਨਹੀਂ ਬਣਦਾ, ਜਦ ਦਾਅ ਲਗੇ ਡੰਗ ਹੀ ਮਾਰਦਾ ਹੈ। ਅੱਗੇ ਰਾਜਾ ਸਾਹਿਬ ਕੁਸੰਗ ਦਾ ਫਲ ਦੱਸਦੇ ਹਨ ਕਿ ਬੇਰੀ ਨੂੰ ਕੇਲੇ ਦਾ ਸੰਗ ਹੋ ਗਿਆ ਤਾਂ ਉਹ ਝੂਲਦੀ ਹੈ, ਕੇਲਾ ਚੀਰ ਹੁੰਦਾ ਹੈ ॥69॥

 

 ਸ੍ਵੈਯਾ।।

ਨਾਮੁ ਬਿਨਾਂ ਕਿਸੇ ਕਾਮ ਨਂਹੀ  ਨਰ ਮਾਣ ਕਰੇ ਸਠ ਜੋਬਨ ਦਾ।

    ਜੋਰ ਜੁਆਨੀ ਇਹ ਖੇਹ ਵਿਚ ਰੁਲ  ਕਰ ਜੀਵ ਚੁਰਾਸੀ ਦੇ ਹੋਵਨ ਦਾ।

ਹੰਸਤ  ਹੰਸਤ  ਫੰਸਤ  ਹੈ  ਨਂਹੀ   ਚੀਤ  ਧਰੇ  ਸਮਾ  ਰੋਵਨ  ਦਾ।

   ਦਾਸ ਭਗਵਾਨ ਨਾ ਫੇਰ ਮਿਲੇ  ਬੇਲਾ ਨਾਮ ਨਰੰਜਨ ਬੋਵਨ ਦਾ।।70।।

 

ਅਰਥ:-  ਸਠ=ਮੂਰਖ। ਇਹ ਆਦਮੀ ਨਾਮ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਹੈ। ਮੂਰਖ ਜੋਬਨ ਜੁਆਨੀ ਦਾ ਮਾਣ ਕਰਦਾ ਹੈ। ਜ਼ੋਰ ਤੇ ਜੁਆਨੀ ਵਿਚ ਫਸ ਕੇ ਮੋਹ ਵਿਚ ਰੁਲਾ ਕੇ ਜੂਨਾਂ ਵਿਚ ਫਿਰਦਾ ਹੈ। ਹੱਸ ਹੱਸ ਮਾਇਆ ਦੇ ਜਾਲ ਵਿਚ ਫਸਦਾ ਹੈ ਤੇ ਰੋਵਣ ਦਾ ਸਮਾਂ ਇਸਨੂੰ ਚੇਤੇ ਨਹੀਂ ਹੈ। ਨਾਮ ਜੋ ਮਾਇਆ ਤੋਂ ਰਹਿਤ ਹੈ, ਇਸ ਨੂੰ ਬੀਜਣ ਦਾ ਫਿਰ ਸਮਾਂ ਨਹੀਂ ਹੈ ॥70॥

 

ਸ੍ਵੈਯਾ।।

 ਸੂਰਤ ਦੇਖ ਗਰੂਰਤ ਨਾਂ ਕਰ  ਰੋਜ ਬਰੋਜ ਇਹ ਹੋਤ ਪਰਾਨੀ।

ਤਿਗੱਯਰ ਔਰਤ ਬੱਦ ਲਊ  ਪਰ ਹਾਲਤ ਏਕ ਪੈ ਨਾਹਿਨ ਦਾਨੀ।

 ਨਂਹੀ ਰਖ ਜਰੂਰਤ ਮੂਰਤ ਕੀ  ਇਹੁ ਸਮਝ ਜਰੂਰ ਹੈ ਧੂਰ ਨਸਾਨੀ।

  ਦਾਸ ਭਗਵਾਨ ਹੋ ਤਾਲਬ ਕਾਲਬ  ਤਰਕ ਸਤਾਬ ਲਜਾਤ ਜੁਫਾਨੀ।।71।।

 

ਪਦ ਅਰਥ:-  ਗਰੂਰਤ=ਹੰਕਾਰ। ਰੋਜ ਬਰੋਜ=ਨਿਤ ਦਿਨ। ਤਿਗੱਯਰ ਔਰਤ ਬੱਦ ਲਊ=ਅਦਲਾ ਬਦਲੀ। ਪੈ=ਐਪਰ। ਧੂਰ ਨਸਾਨੀ=ਧੂਰ ਦਾ ਨਿਸ਼ਾਨਾ ਹੈ। ਤਾਲਬ=ਜ਼ਰੂਰਤਮੰਦ। ਕਾਲਬ=ਸਰੀਰ। ਸਤਾਬ=ਛੇਤੀ। ਲੱਜਤ=ਸੁਆਦ। ਫਾਨੀ=ਨਾਸ਼ ਹੋਣ ਵਾਲੇ ਸੁਆਦ।

ਅਰਥ:-  ਆਪਣੀ ਦੇਹ ਨੂੰ ਦੇਖ ਕੇ ਹੰਕਾਰ ਨਾ ਕਰ, ਇਹ ਦਿਨੋ ਦਿਨ ਪੁਰਾਣੀ ਹੁੰਦੀ ਜਾਂਦੀ ਹੈ। ਇਸ ਦਾ ਅਸਥਾਨ ਅਦਲਾ ਬਦਲੀ ਤੋਂ ਹੈ ਪਰ ਇਸ ਜੀਵ ਨੂੰ ਸਮਝ ਨਹੀਂ ਆਉਂਦੀ। ਇਸ ਮਿੱਟੀ ਦੀ ਸੂਰਤ ਦੀ ਜ਼ਰੂਰਤ ਨਾ ਰੱਖ, ਇਸਨੂੰ ਇਕ ਧੂੜ ਦੀ ਨਿਸ਼ਾਨੀ ਦੇ ਨਿਆਈਂ ਸਮਝ। ਰਾਜਾ ਸਾਹਿਬ ਜੀ ਕਹਿੰਦੇ ਹਨ ਕਿ ਨਾਸ਼ਵਾਨ ਦੁਨੀਆਂ ਦੇ ਸੁਆਦ ਛੱਡ ਕੇ ਇੱਕ ਦੇਹ ਦੇ ਮਾਲਕ ਦਾ ਇੱਛਾਵਾਨ ਹੋ॥71॥

 

 ਸ੍ਵੈਯਾ।।

ਅੰਗ ਕੋ ਦੇਖ ਉਮੰਗ ਨਂਹੀ ਕਰ  ਸਚ ਨਾ ਜਾਣ ਇਹ ਰੰਗ ਪਤੰਗੀ।

ਦੇਖ ਹਿਸਾਬ ਸੇ ਆਬ ਹਬਾਬ  ਕੋ ਨਾਹਿ ਬਕਾ ਕੀਏ ਕੋਟ ਬਦੰਗੀ।

  ਮਲਕਲ ਮੌਤ ਕੀ ਗਸਤ ਤਲੇ  ਗਏ ਖਾਇ ਸਿਕਸਤ ਹੋ ਖਸਤ ਫਰੰਗੀ।

   ਦਾਸ ਭਗਵਾਂਨ ਅਜਾਦ ਹੂਏ  ਦਿਲ ਸੌਕ ਸੇ ਫੌਕ ਕੋ ਲੈ ਯਕਰੰਗੀ।।72।।

 

ਪਦ ਅਰਥ:-  ਉਮੰਗ=ਉਤਸ਼ਾਹ। ਪਤੰਗੀ=ਉਡ ਜਾਣ ਵਾਲਾ। ਹਬਾਬ=ਪਾਣੀ ਦਾ ਬੁਲਬੁਲਾ। ਬਕਾ=ਅੰਤ। ਬਦੰਗੀ=ਬੁਰਾ ਅੰਗ। ਮਲਕਲ ਮੌਤ=ਮੌਤ ਦਾ ਫਰਿਸਤਾ। ਗਸਤ=ਫਿਰਨਾ। ਸਿਕਸਤ=ਹਾਰਨਾ। ਖਸਤ=ਖਤਮ ਹੋਣਾ। ਫਰੰਗੀ=ਅੰਗ੍ਰੇਜ਼।ਯਕਰੰਗੀ=ਏਕਤਾ।

ਅਰਥ:-  ਜਿਸਮ ਨੂੰ ਦੇਖ ਕੇ ਹੰਕਾਰ ਨਾ ਕਰ,ਇਹ ਬਿਨਸ ਜਾਣ ਵਾਲਾ ਹੈ। ਵਿਚਾਰ ਕੇ ਦੇਖ ਇਹ ਜਿਸਮ ਪਾਣੀ ਦੇ ਬੁਲਬੁਲੇ ਦੀ ਨਿਆਈਂ ਹੈ ਤੇ ਇਸ ਵਿਚ ਕੁਝ ਭੀ ਬਾਕੀ ਨਹੀਂ ਹੈ। ਮੌਤ ਦੇ ਫਰਿਸ਼ਤੇ ਦੀ ਲਪੇਟ ਵਿਚ ਫਰੰਗੀ ਭੀ ਸ਼ਿਕਸਤ ਖਾ ਕੇ ਬਦਰੰਗ ਹੋ ਗਏ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਜਦੋਂ ਦਿਲ ਅਜ਼ਾਦ ਹੋ ਗਿਆ ਤਾਂ ਏਕਤਾ ਦੀ ਪ੍ਰਾਪਤੀ ਹੋਈ ॥72॥

 

ਸ੍ਵੈਯਾ।।

ਦੇਖ ਵਲਾਇਤ ਛੋਡ ਸਕਾਇਤ  ਸਮਝਿ ਹਿਦਾਇਤ ਆਕਲ ਭਾਈ।

ਦਾਖਲ ਬੀਚ ਜਮਾਇਤ ਆਰਫ  ਹੋ ਕਰ ਆਸਕ ਲੈ ਰੁਸਨਾਈ।

  ਹੋਇ ਸਰੂਰ ਜਰੂਰ ਸਹੀ ਜਬ  ਨੂਰ ਗਫੂਰ ਸੇ ਹੋਤ ਬੀਨਾਈ।

     ਦਾਸ ਭਗਵਾਨ ਤਾਂ ਚਸਮ ਖੁਲੇ  ਕਰੇ ਸਾਥ ਪਨਾਹਿ ਜੇ ਇਹੁ ਅਸਨਾਈ।।73।।

 

ਪਦ ਅਰਥ:-  ਵਲਾਇਤ=ਦੇਸ਼। ਹਿਦਾਇਤ=ਰਸਤਾ ਦੱਸਣਾ। ਆਕਲ=ਸਿਆਣੇ। ਜਮਾਇਤ=ਮੰਡਲੀ। ਆਰਫ=ਰੱਬੀ ਲੋਕ। ਆਸਕ=ਪਿਆਰਾ। ਰੁਸਨਾਈ=ਨਜ਼ਰ। ਸਰੂਰ=ਨਸ਼ਾ, ਮਸਤੀ। ਗਫੂਰ=ਵਾਹਿਗੁਰੂ। ਬੀਨਾਈ=ਅੱਖ। ਚਸਮ=ਅੱਖ। ਪਨਾਹਿ=ਸਰਨ। ਅਸਨਾਈ=ਜਾਣੇ।

ਅਰਥ:-  ਹੇ ਸਿਆਣੇ ਪੁਰਖ! ਸ਼ਕਾਇਤ ਛੱਡ ਕੇ ਦੇਸ਼ ਵਿਚ ਖੋਜ ਕਰਕੇ ਦੇਖ। ਸੰਤਾਂ ਦੀ ਜਾਂ ਰੱਬੀ ਲੋਕਾਂ ਦੀ ਜਮਾਤ ਵਿਚ ਰਲ ਕੇ ਸੱਚਾ ਆਸ਼ਕ ਹੋ ਕੇ ਰੁਸ਼ਨਾਈ ਪ੍ਰਾਪਤ ਕਰ। ਜਦ ਵਾਹਿਗੁਰੂ ਦੇ ਨੂਰ ਤੋਂ ਇਹ ਰੁਸ਼ਨਾਈ ਮਿਲੇਗੀ ਤਾਂ ਉਸਦੀ ਹੋਂਦ ਦਾ ਸਰੂਰ ਪ੍ਰਾਪਤ ਹੋਵੇਗਾ। ਰਾਜਾ ਸਾਹਿਬ ਨਿਸਚਾ ਕਰਵਾਉਂਦੇ ਹਨ ਕਿ ਸਾਧਾਂ ਦੀ ਸੰਗਤ ਕਰਕੇ ਤੇ ਉਨ੍ਹਾਂ ਦੀ ਸ਼ਰਨ ਲਿਆਂ ਜ਼ਰੂਰ ਦ੍ਰਿਸ਼ਟੀ  ਖੁੱਲ੍ਹ ਜਾਏਗੀ ॥73॥

 

ਸ੍ਵੈਯਾ।।

 ਏ ਦਿਲਦਾਰ ਸੁਣੋ ਗੁਫਤਾਰ  ਦਾਤਾਰ ਸਤਾਰ ਕੋ ਨਾਹਿ ਭੁਲਾਵੋ।

       ਸਬਰੋਜ ਪਰਸਤਸ ਕਰਤ ਰਹੋ  ਨਂਹੀ ਬੀਚ ਸੈਤਾਨ ਕੀ ਗਰਦਸ ਆਵੋ।

     ਹੋਵਤ ਜਾਤ ਗੁਜਸਤ ਜੋ ਵਕਤ  ਨਾਂ ਦਸਤ ਮੇਂ ਆਵਤ ਹਸਤ ਠਰਾਵੋ।

    ਦਾਸ ਭਗਵਾਂਨ ਰੇ ਹੋਸ ਕੇ ਗੋਸ ਸੇ  ਸੁਖਨ ਸੁਣੋ ਪਸ ਪੇਸ ਗੁਵਾਵੋ।।74।।

 

ਪਦ ਅਰਥ:-  ਦਿਲਦਾਰ= ਪਿਆਰੇ। ਗੁਫਤਾਰ= ਕੁਹਾਵਤ, ਦਾਤਾ ਤੇ ਤਾਕਤ ਵਾਲਾ। ਸਬਰੋਜ= ਹਰ ਦਿਨ। ਗੁਜਸਤ= ਲੰਘ ਰਿਹਾ। ਗਰਦਸ= ਲਪੇਟ। ਦਸਤ= ਹੱਥ ਵਿਚ। ਹਸਤ= ਹੱਥ। ਠਰਾਵੋ= ਰੋਕੋ। ਹੋਸ ਕੇ ਗੋਸ= ਧਿਆਨ ਨਾਲ। ਸੁਖਨ= ਗੱਲ। ਪਸ ਪੇਸ= ਅੱਗਾ ਪਿੱਛਾ ਜਾਂ ਬੇਫਾਇਦਾ ਸੋਚ।

ਅਰਥ:-  ਹੇ ਪਿਆਰੇ ! ਸਾਡਾ ਕਹਿਣਾ ਸੁਣ, ਕਿ ਬਖਸ਼ਿਸ਼ਾਂ ਵਾਲੇ ਮਾਲਿਕ ਨੂੰ ਨਾ ਭੁਲਾਵੋ। ਰਾਤ ਦਿਨ ਬੰਦਗੀ ਕਰਦੇ ਰਹੋ। ਮਾਇਆ ਤੇ ਕਲਜੁਗ ਦੀ ਲਪੇਟ ਵਿਚ ਨਾ ਆਵੋ। ਜੋ ਸਮਾਂ ਲੰਘਦਾ ਜਾ ਰਿਹਾ ਹੈ ਮੁੜ ਹੱਥ ਨਹੀਂ ਆਵੇਗਾ, ਇਸ ਲਈ ਸਮੇਂ ਨੂੰ ਵਿਚਾਰੋ ਤੇ ਸਿਮਰਨ ਕਰੋ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਡੀ ਗੱਲ ਧਿਆਨ ਨਾਲ ਸੁਣੋ ਤੇ ਅੱਗਾ ਪਿੱਛਾ ਵਿਚਾਰ ਕੇ ਚਲੋ ॥74॥

 

ਸ੍ਵੈਯਾ।।

 ਸਬਦ ਸਰੋਤ ਕਰੋ ਨਿਸ ਬਾਸਰ  ਸਬਦ ਸਮਾਂਨ ਨਾ ਹੋਰ ਅਚਾਰਾ।

ਕੇਤਕ ਭਾਖ ਕਰੋ ਉਪਮਾਂ ਗੁਣ  ਸਕਤ ਹੈਂ ਸਬਦ ਕੇ ਅਪਰ ਅਪਾਰਾ।

ਤਮਸੀਲ ਕਹੂੰ ਕੁਝੁ ਸਮਝਨ ਕਾਰਨ  ਕੀਟ ਨੇ ਭ੍ਰਿੰਗ ਕਾ ਸਬਦ ਬੀਚਾਰਾ।

  ਦਾਸ ਭਗਵਾਂਨ  ਭ੍ਰਿੰਗ ਭਇਆ  ਸੁਣ ਸਬਦ ਹੈ ਜੀਵ ਸੇ ਬ੍ਰਹਮ ਬੰਗਾਰਾ।।75।।

 

ਪਦ ਅਰਥ:-  ਸਰੋਤ= ਸੁਣੋ। ਸਬਦ= ਬ੍ਰਹਮ। ਨਿਸ ਬਾਸਰ= ਰਾਤ ਦਿਨ। ਅਚਾਰਾ= ਸ਼ੁਭ ਆਚਾਰ। ਸਕਤ= ਜ਼ੋਰ। ਅਪਰ ਅਪਾਰਾ= ਪਰ੍ਹੇ ਤੋਂ ਪਰ੍ਹੇ। ਤਮਸੀਲ= ਮਿਸਾਲ ਜਾਂ ਉਦਾਹਰਨ। ਕੀਟ= ਸੁੰਡੀ। ਭ੍ਰਿੰਗ= ਘਰੀਕੀ। ਜੀਵ ਸੇ ਬ੍ਰਹਮ= ਬੰਦੇ ਤੋਂ ਰੱਬ। ਬੰਗਾਰਾ= ਗੱਜ ਕੇ।

ਅਰਥ:- ਰਾਤ- ਦਿਨੇ ਰੱਬ ਵਿਚ ਪਿਆਰ ਪਾ ਕੇ ਗੁਰੂ ਦੇ ਸ਼ਬਦ ਨੂੰ ਸੁਣੋ। ਇਸ ਜਿਹਾ ਹੋਰ ਕੋਈ ਚੰਗਾ ਕੰਮ ਨਹੀਂ ਹੈ। ਗੁਰੂ ਦੇ ਸ਼ਬਦ ਦੀ ਮਹਿਮਾਂ ਅਪਰ ਅਪਾਰ ਹੈ, ਕੀ ਕਹਿ ਕੇ ਦਸਿਆ ਜਾਵੇ? ਭਾਵ ਇਹ ਅਕਥ ਹੈ, ਕਹਿਣੇ ਤੋਂ ਪਰ੍ਹੇ ਹੈ। ਮਿਸਾਲ ਦੇ ਕੇ ਸਮਝਾਉਂਦੇ ਹਨ ਕਿ ਸੁੰਡੀ ਨੇ ਘਰੀਕਾਂ ਦਾ ਸ਼ਬਦ ਸੁਣਿਆ ਤੇ ਉਹ ਸੁੰਡੀ ਘਰੀਣੀ ਦਾ ਰੂਪ ਬਣ ਗਈ। ਰਾਜਾ ਸਾਹਿਬ ਜ਼ੋਰ ਨਾਲ ਗੱਜ ਵੱਜ ਕੇ ਕਹਿੰਦੇ ਹਨ ਕਿ ਸ਼ਬਦ ਦੀ ਸਰੋਤ ਦੁਆਰਾ ਜੀਵ ਜੋ ਸੁੰਡੀ ਨਿਆਈਂ ਤੁਛ ਜੀਵ ਸੀ ਇਕ ਬ੍ਰਹਮ ਦਾ ਰੂਪ ਬਣ ਗਿਆ ॥75॥

 

ਸ੍ਵੈਯਾ।।

 ਗਰੀਬ ਕੋ ਗੀਰ ਬਗੀਰ ਕਰੋ  ਅਰ ਪੰਚਨ ਮਾਰ ਕੇ ਧਿਆਨ ਧਰੋ।

ਤ੍ਰਿਪਟੀ ਮੱਧ ਜਾਇ ਨਿਵਾਸ ਕਰੋ  ਤਹਾਂ ਨੀਰ ਪਯੂਖ ਕੋ ਪਾਂਨ ਕਰੋ।

ਗਹੁ ਇਸਥਿਤ ਭੇਦ ਬਹਿ ਸਤ ਹਰੋ  ਤਬੈ ਭੈ ਸੰਸਾਰਿ ਅਸਾਨ ਤਰੋ।

ਦਾਸ ਭਗਵਾਂਨ ਅਰਾਮ ਕਰੋ  ਸਹੀ ਸਾਂਤ ਇਕਾਂਤ ਨਦਾਂਨ ਨਰੋ।।76।।

 

ਪਦ ਅਰਥ:-  ਗਰੀਬ ਕੋ ਗੀਰ= ਗਰੀਬ ਦੀ ਮੱਦਦ। ਪੰਚਨ= ਕਾਮ ਕ੍ਰੋਧ ਆਦਿ। ਤ੍ਰਿਪਟੀ= ਤਿੰਨਾਂ ਵਸਤਾਂ ਦੀ ਸਮੁਦਾਇ। ਗਿਆਤਾ= ਗਿਆਨ ਗੇਅ। ਧਿਆਤਾ= ਧਿਆਨ ਧੇਅ। ਦ੍ਰਿਸਟਾ= ਦ੍ਰਿਸ਼, ਦਰਸ਼ਨ। ਨਿਵਾਸ= ਟਿਕਾਣਾ। ਪਯੂਖ= ਅੰਮ੍ਰਿਤ। ਇਸਥਿਤ= ਟਿਕਾਓ। ਨਦਾਂਨ= ਅਨਜਾਣ ਜਾਂ ਅੰਤ ਨੂੰ।

 

ਅਰਥ:-  ਗਰੀਬ ਦੀ ਬਾਂਹ ਫੜੋ ਅਤੇ ਪੰਜਾਂ ( ਕਾਮ, ਕ੍ਰੋਧ ਆਦਿ) ਨੂੰ ਮਾਰ ਕੇ ਧਿਆਨ ਲਗਾਓ। "ਤ੍ਰਿਕੁਟੀ ਫੋਰ ਭਰਮ ਕੀ ਰੇਖਾ'' ਨੂੰ ਤੋੜ ਕੇ ਸਰੂਪ ਵਿਚ ਟਿਕਾਣਾ ਕਰਕੇ ਨਾਮ ਰੂਪੀ ਪ੍ਰੇਮ ਰਸ (ਅੰਮ੍ਰਿਤ) ਪੀਆ ਕਰੋ। ਬਿਰਤੀ ਟਿਕਾ ਕੇ ਭੈ ਦੂਰ ਕਰਕੇ ਸੰਸਾਰ ਸਹਿਜੇ ਹੀ ਤਰ ਜਾਈਦਾ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਸਹੀ ਸ਼ਾਂਤ ਇਸਥਾਨ ਸਰੂਪ ਵਿਚ ਟਿਕ ਕੇ ਆਰਾਮ ਕਰੋ ॥76॥

 

 ਸ੍ਵੈਯਾ।।

ਮਾਲ ਕਾ ਮਰਮ ਮਲੂਮ ਕਰੋ  ਕਿਹ ਕਾਰਨ ਧਾਰਨ ਕਰਨੀ ਬਣੀ।

ਕਿਸ ਬਿਧ ਕਹ ਢੰਗ ਮਣਕੇ ਕਹੇ  ਤਹ ਕਹ ਪ੍ਰਕਾਰ ਹੈ ਡੋਰ ਭਣੀ।

ਪ੍ਰੇਮ ਕੀ ਤਾਰ ਤਿਆਗ ਕਰੋ  ਫੁਨ ਸਾਧਨ ਚਾਰ ਪ੍ਰੋਇ ਮਣੀ।

 ਸਹਜ ਔ ਸੁੰਨ ਕੇ ਘਾਟ ਮੇ ਜਾ ਕਰ  ਦਾਸ ਭਗਵਾਂਨ ਬਚਾਰ ਘਣੀ।।77।।

 

ਪਦ ਅਰਥ:-  ਮਰਮ= ਭੇਤ। ਧਾਰਨ= ਧਾਰਨ ਕਰਨਾ। ਸਾਧਨ ਚਾਰ= ਤਰੀਕੇ। ਸਹਜ= ਗਿਆਨ। ਸੁੰਨ= ਅਫੁਰ। ਘਾਟ= ਟਿਕਾਣਾਂ। ਬਚਾਰ= ਸੋਚਣਾ।

ਅਰਥ:-  ਮਾਲਾ ਦਾ ਭੇਦ ਜਾਨਣਾ ਕਰੋ ਕਿਸ ਕਾਰਨ ਧਾਰਨ ਕਰਨੀ ਪਈ। ਕਿਸ ਤਰ੍ਹਾਂ ਕਿਸ ਢੰਗ ਦੇ ਮਣਕੇ ਕਹੇ ਤੇ ਕਿਸ ਤਰ੍ਹਾਂ ਡੋਰ ਕਹੀ। ਪ੍ਰੇਮ ਦੀ ਤਾਰ ਨੂੰ ਤਿਆਰ ਕਰਕੇ ਤੇ ਫਿਰ ਚਾਰ ਸਾਧਨ (1) ਵਿਵੇਕ, (2) ਬੈਰਾਗ, (3) ਖੱਟ ਸੰਪਤੀ, (4) ਮਮੋਕ। ਇਹ ਮਣਕੇ ਪਰੋਣਾ ਕਰੋ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਦਸਵੇਂ ਦੁਆਰ ਦੇ ਸਹਿਜ ਸੁੰਨ ਦੇ ਟਿਕਾਣੇ ਤੇ ਪੁਜ ਕੇ ਬਿਸਰਾਮ ਕਰੋ, ਜੋ ਬਿਬੇਕ ਵਿਚਾਰ ਨਾਲ ਪ੍ਰਾਪਤ ਹੁੰਦਾ ਹੈ ॥77॥

 ਸ੍ਵੈਯਾ।।

ਗਿਆਨ ਅਗਿਆਨ ਕੀ ਖੇਲ ਲਖੋ  ਇਹ ਚਾਲਾ ਅਜਾਇਬ ਬਾਤ ਨਿਰਾਲੀ।

ਨਾਂਮ ਜਿਸੇ ਸਤਰੰਜ ਕਹੇਂ  ਏਹ ਹੈ ਸਚ ਰੰਗ ਜਥਾਰਥ ਚਾਲੀ।

ਗਾਫਲ ਹੋ ਨਂਹੀ ਖੇਲ ਕਰੋ  ਏਹ ਮੁਸਕਲ ਬਾਤ ਨਾ ਜਾਣ ਸੁਖਾਲੀ।

 ਦਾਸ ਭਗਵਾਨ ਜੇ ਹੈਂ ਘਰ ਚਾਹਤ  ਤੌ ਕੁਝ ਚਾਹੀਏ ਹੈ ਮਗਜ ਭੀ ਆਲੀ।।78।।

 

ਪਦ ਅਰਥ:-  ਚਾਲਾ= ਢੰਗ। ਸਤਰੰਜ= ਬਾਜੀ।

ਅਰਥ:-  ਅਸੱਤ ਦਾ ਨਿਰਣਾ ਕਰਨਾ ਤੇ ਸਤ ਦਾ ਗ੍ਰਹਿਣ ਕਰਨਾ ਤੇ ਅਸੱਤ ਦਾ ਤਿਆਗ ਕਰਨਾ ਇਹ ਬੜੀ ਅਜੀਬ ਚਾਲ ਹੈ ਤੇ ਨਿਰਾਲੀ ਹੈ, ਇਹ ਸੱਚੇ ਪਿਆਰ ਦੀ ਚਾਲ, ਜਿਸ ਨੂੰ ਸ਼ਤਰੰਜ ਕਹਿੰਦੇ ਹਨ। ਸੱਚੇ ਪਿਆਰ ਦੀ ਖੇਲ ਵਿਚ ਗਾਫਲ ਨਾ ਹੋਵੇ ਇਹ ਬੜੀ ਮੁਸ਼ਕਲ ਗੱਲ ਹੈ ਸੁਖਾਲੀ ਗੱਲ ਨਹੀਂ ਹੈ ''ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥'' ਰਾਜਾ ਸਾਹਿਬ ਕਥਨ ਕਰਦੇ ਹਨ ਜੇਕਰ, ਪ੍ਰੇਮ ਦੀ ਖੇਲ੍ਹ ਖੇਲ੍ਹਣੀ ਹੈ ਤਾਂ ਇਸ ਕੰਮ ਲਈ ਉੱਚੀ ਸਮਝ ਦੀ ਲੋੜ ਹੈ॥78॥

ਸ੍ਵੈਯਾ।।

 ਹੋਇ ਰਹੀ ਖਲਾਰ ਹੈ ਐਨ ਅਪਾਰ  ਏਹ ਅਸਲ ਬਚਾਰ ਹੈ ਸਾਰ ਲਖਾਯੋ।

ਹਰ ਦੋ ਤਰਫ ਸੇ ਮੁਹਰੇ ਲਗੇ  ਫੁਨ ਮੁਹਰੇ ਮੁਕਾਬਲ ਮੁਹਰੇ ਲਗਾਯੋ।

ਆਂਖ ਕੀ ਤਾੜ ਸੇ ਤਾੜ ਕਰੋ  ਹਰਿ ਓਰ ਸੇ ਓਰ ਦਲੀਲ ਲੈ ਆਯੋ।

 ਬਾਤ ਬਰੀਕ ਬਖਾਨ ਨਦਾਂਨ ਤਹ  ਦਾਸ ਭਗਵਾਂਨ ਹਕੀਕਤ ਪਾਯੋ।।79।।

 

ਪਦ ਅਰਥ:-  ਖਲਾਰ= ਪਸਾਰਾ। ਅਪਾਰ= ਜਿਸ ਦਾ ਪਾਰਾਵਾਰ ਨਹੀਂ। ਸਾਰ= ਤੱਤ। ਲਖਾਯੋ= ਜਾਣੋ। ਮੁਹਰੇ= ਅੱਗੇ। ਫੁਨ= ਫੇਰ। ਓਰ= ਪਾਸੇ। ਬਰੀਕ= ਔਖੀ।

ਅਰਥ:-  ਇਹ ਜੋ ਸੰਸਾਰ ਦਾ ਪਸਾਰਾ ਹੋ ਰਿਹਾ ਹੈ ਇਸ ਦੇ ਅਸਲੇ ਨੂੰ ਵਿਚਾਰ ਕੇ ਤੱਤ ਨੂੰ ਜਾਣੋ। ਦੋਹਾਂ ਪਾਸਿਆਂ ਤੋਂ ਚਾਲ ਚਲ ਕੇ ਮੋਹਰੇ ਹੋਣ ਦਾ ਯਤਨ ਕਰਦੇ ਹਨ ਤੇ ਫਿਰ ਮੋਹਰੇ ਹੋ ਕੇ ਬਰਾਬਰ ਤੇ ਲਗਦੇ ਹਨ ( ਭਾਵ, ਸ਼ਤਰੰਜ ਦੀ ਚਾਲ ਦੀ ਨਿਆਈਂ ਇਕ ਦੂਜੇ ਤੋਂ ਮੁਹਰੇ ਹੁੰਦੇ ਹਨ) ਅੱਖ ਦੀ ਤਾੜ ਨਾਲ ਸਭ ਪਾਸਿਓਂ ਤਾੜ ਕੇ ਜਿਵੇਂ ਨਰਦ ਚਲਦੀ ਹੈ ਇਸੇ ਤਰ੍ਹਾਂ ਸੱਚ ਦੇ ਪਿਆਰ ਨੂੰ ਧਾਰਨ ਕਰਕੇ ਚਲੋ। ਰਾਜਾ ਸਾਹਿਬ ਇਹ ਬੜੀ ਬਰੀਕ ਬਾਤ ਦਾ ਬਿਆਨ ਕਰਦੇ ਹਨ ਕਿ ਪੂਰਨ ਵੀਚਾਰ ਦੁਆਰਾ ਹੀ ਹਕੀਕਤ ਪਛਾਣੀ ਜਾ ਸਕਦੀ ਹੈ ॥79॥

 

ਸ੍ਵੈਯਾ।।

 ਸਨਮੁਖ ਮਾਥ ਜੁਰੇ ਜਬ ਹੈਂ  ਤਬ ਲਰਜਾ ਨਾ ਖਾਵੀਏ ਥੀ ਕਰ ਗਾਜੀ।

ਘਬਰਾਓ ਨਂਹੀ ਰਖ ਸੌਕ ਸਨਾਖਤ  ਤੁਹਫਾ ਹੈ ਆਰਫ ਨਜਰ ਦਰਾਜੀ।

ਜਰਾ ਚਾਲ ਕੁਚਾਲ ਸੰਭਾਲ ਚਲੋ  ਫੇਰ ਤੇਰੇ ਇਹ ਆਗੇ ਹੈ ਕੀ ਕਹੁ ਪਾਜੀ।

 ਬੇਖਟਕ ਹੋ ਅਟੱਕ ਚੁਕਾਈ ਦਈ  ਲਈ ਦਾਸ ਭਗਵਾਨ ਹਕੀਕਤ ਬਾਜੀ।।80।।

 

ਪਦ ਅਰਥ:-  ਸਨਮੁਖ= ਸਾਹਮਣੇ। ਜੁਰੇ= ਜੁੜੇ। ਲਰਜਾ= ਕਾਂਬਾ। ਗਾਜੀ= ਬਹਾਦਰ। ਸਨਾਖਤ= ਪਛਾਣ। ਤੁਹਫਾ= ਸੁਗਾਤ। ਨਜਰ ਦਰਾਜੀ= ਦੂਰ ਦੀ ਸੋਚ। ਪਾਜੀ= ਮੂਰਖ। ਬੇਖਟਕ= ਬੇ-ਫਿਕਰ।

 

ਅਰਥ:-  ਜਦ ਸਾਹਮਣੇ ਮੱਥਾ ਆਣ ਜੁੜੇ ਤਬ ਘਬਰਾਹਟ ਨਾ ਖਾਈਏ ਤੇ ਹੌਸਲਾ ਰਖੀਏ। ਜਾਣ- ਪਛਾਣ ਕਰਨ ਦਾ ਸ਼ੌਕ ਰਖੀਏ ਫਕੀਰੀ ਦੀ ਬਖਸ਼ਿਸ਼ ਵਿਚ ਦੂਰ-ਅੰਦੇਸ਼ੀ ਤੋਂ ਕੰਮ ਲਈਏ। ਖੋਟੀ ਚਾਲ ਛੱਡ ਕੇ ਸੋਹਣੀ ਚਾਲ ਸੰਭਲ ਕੇ ਚਲੋ ਫਿਰ ਤੇਰੇ ਸਾਹਮਣੇ ਪ੍ਰਾਪਤੀ ਦੀ ਮੰਜ਼ਿਲ ਕੋਈ ਬਹੁਤ ਵੱਡੀ ਗੱਲ ਨਹੀਂ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਬੇਖੌਫ ਹੋ ਕੇ ਜਿਸ ਨੇ ਸਾਰੀਆਂ ਅਟਕਾਂ ਮੁਕਾ ਦਿੱਤੀਆਂ, ਉਹ ਮਨੁੱਖਾ ਜਨਮ ਦੀ ਬਾਜ਼ੀ ਨੂੰ ਜਿੱਤ ਲਏਗਾ॥80॥

ਸ੍ਵੈਯਾ ||

ਮਨ ਬਜੀਰ ਭਇਆ ਅਰ ਕਾ ਜੋਊ  ਖਰਾ ਬਰਾਬਰ ਕਰ ਕਰਤ ਖੁਵਾਰੀ।

ਅਵਿਦਿਆ ਸਮੂਹ ਨਂਹੀ ਦਲ ਜਾਇ  ਗਨਾ ਕੈਸੇ ਭਾਖ ਕਰੂੰ ਪ੍ਰਿਕ੍ਰਿਤ ਏਹ ਸਾਰੀ।

ਕਾਮ ਕ੍ਰੋਧ ਤੇ ਲੋਭ ਔ ਮੋਹਿ  ਅਹੰ ਫੀਲੇ ਘੋੜੇ ਹੈਂ ਰੁਖ ਸਿਕਦਾਰੀ।

ਲਘੂ ਮਤ ਏਹ ਕੈਸੇ ਲਖੋਂ ਪ੍ਰਮਾਰਥ  ਦਾਸ ਭਗਵਾਨ ਹਕੀਕਤ ਭਾਰੀ ||81||

 

ਪਦ ਅਰਥ:-  ਅਰ=ਦੁਸ਼ਮਣ। ਅਵਿਦਿਆ=ਮੂਰਖਪੁਣਾਂ।ਪ੍ਰਿਕ੍ਰਿਤ=ਸੰਸਾਰੀ। ਸਿਕਦਾਰੀ=ਹਕੂਮਤ। ਲਘੂ=ਛੋਟੀ। ਲਖੋਂ=ਜਾਨਣਾ।

ਅਰਥ:-  ਮਨ ਵਜੀਰ ਦੁਸ਼ਮਣ ਹੋ ਕੇ ਬਰਾਬਰ ਸਾਹਮਣੇ ਖੜ੍ਹਾ ਖੁਆਰ ਕਰ ਰਿਹਾ ਹੈ। ਅਵਿਦਿਆ ਰੂਪੀ ਫੌਜ ਜੋ ਦਲ ਹੈ ਉਹ ਗਿਣਿਆ ਨਹੀਂ ਜਾਂਦਾ। ਇਸ ਝੂਠ ਦੀ ਹਕੂਮਤ ਦਾ ਕੀ ਬਿਆਨ ਕਰ ਕੇ ਦੱਸਾਂ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਜਾਣੋ ਹਾਥੀ ਤੇ ਘੋੜ-ਸਵਾਰਾਂ ਦੀ ਫੌਜ ਹੈ ਤੇ ਇਹਨਾਂ ਦੀ ਹੀ ਸਰਦਾਰੀ ਪ੍ਰਧਾਨ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਇਹਨਾਂ ਜੀਵਾਂ ਦੀ ਮੱਤ ਮਾਰੀ ਹੋਈ ਹੈ। ਜੀਵ ਦੀ ਇਹ ਤੁੱਛ ਬੁੱਧੀ ਪਰਮਾਰਥ ਦੀ ਐਡੀ ਵੱਡੀ ਅਸਲੀਅਤ ਨੂੰ ਕੈਸੇ ਸਮਝ ਸਕਦੀ ਹੈ? ਇਸ ਲਈ ਪਰਮਾਰਥ ਦੀ ਪ੍ਰਾਪਤੀ ਇੱਕ ਬਹੁਤ ਭਾਰੀ ਮੁਸ਼ਕਿਲ ਗੱਲ ਹੈ॥81॥

 

ਸ੍ਵੈਯਾ।।

ਸਾਹਿ ਗਿਆਨ ਕੀ ਸੈਨ ਹੈ ਸਾਬਤ  ਕੈਸੇ ਬਣੀ ਦੇਖੋ ਹੋਇ ਅਗਾਰੀ।

ਅਨਭਵ ਏਹ ਬਜੀਰ ਖਲਾ  ਸੁਚ ਸੰਜਮ ਸਾਫ ਸੰਜੋਇ ਸਵਾਰੀ।

ਸਤ ਸੰਤੋਖ ਦੋ ਫੀਲ ਬਣੇ  ਅਸ੍ਵ ਭਏ ਬੈਰਾਗ ਬਬੇਕ ਹੈਂ ਭਾਰੀ।

   ਸਮ ਦਮ ਦੋ ਰੁਖ ਪਟੀ ਪੜੇ  ਏਹ ਦਾਸ ਭਗਵਾਂਨ ਹਕੀਕਤ ਸਾਰੀ।।82।।

 

ਪਦ ਅਰਥ:-  ਸਾਹਿ=ਬਾਦਸ਼ਾਹ। ਸੈਨ=ਫੌਜ। ਅਨਭਵ=ਤੱਤ ਜਾਨਣ। ਸੰਜੋਇ=ਲੋਹੇ ਦੀ ਪੁਸ਼ਾਕ। ਸਤ ਤੇ ਸੰਤੋਖ=ਹਾਥੀ ਬੈਰਾਗ ਤੇ ਬੇਬਾਕ ਘੋੜੇ। ਸਮ ਦਮ=ਮਨ ਤੇ ਇੰਦ੍ਰੀਆਂ ਦਾ ਰੋਕਣਾ।

ਅਰਥ:-  ਗਿਆਨ ਰੂਪੀ ਰਾਜੇ ਦੀ ਸੈਨਾ ਬਹੁਤ ਪੂਰੀ ਹੈ ਅਗੇ ਵਧਕੇ ਦੇਖੋ। ਅੰਤਰ ਆਤਮੇ ਤੱਤ ਨੂੰ ਜਾਨਣ ਵਾਲਾ ਜੋ ਅਨੁਭਵ ਰੂਪੀ ਵਜ਼ੀਰ ਹੈ। ਗਿਆਨ ਰੂਪੀ ਜੋ ਵਜ਼ੀਰ ਹੈ ਸੁਚ, ਸੰਜਮ ਤੇ ਸਫ਼ਾਈ ਦੀ ਲੋਹੇ ਦੀ ਪੁਸ਼ਾਕ ਪਹਿਨੀਂ ਖੜ੍ਹਾ ਹੈ। ਸਤ ਤੇ ਸੰਤੋਖ ਹਾਥੀਆਂ ਦੀ ਫੌਜ ਹੈ, ਬੈਰਾਗ ਤੇ ਬਿਬੇਕ ਦੀ ਫ਼ੌਜ ਜਾਣੋ ਘੋੜ-ਸਵਾਰ ਹਨ। ਇੰਦ੍ਰੀਆਂ ਤੇ ਮਨ ਨੂੰ ਵਿਕਾਰਾਂ ਤੋਂ ਰੋਕਣ ਦੀ ਇਹ ਪੱਟੀ ਪੜ੍ਹੇ ਹੋਏ ਹਨ, ਇਸ ਤਰ੍ਹਾਂ ਰਾਜਾ ਸਾਹਿਬ ਕਥਨ ਕਰਦੇ ਹਨ ਕਿ ਅਸਲ ਗੱਲ ਇਹੀ ਹੈ ॥82॥

ਸ੍ਵੈਯਾ।।

 ਅਸਟਾਂਗ ਹੀ ਜੋਗ ਕੇ ਪਿਆਦੇ ਖੜੇ  ਹਥ ਲੈ ਪਰਧਾਂਨ ਪ੍ਰੇਮ ਕਟਾਰੀ।

  ਲਾਇ ਹਸਾਬ ਕਰੋ ਐਸੀ ਚਾਲ  ਕਿ ਸਾਹ ਅਗਿਆਨ ਸਹ ਖਾਏ ਕਰਾਰੀ।

  ਪਹਿਲੇ ਬੰਨ ਕਿਲਾ ਸਭ ਨਰਦਨ ਕਾ  ਪਸ ਪੇਸ ਪਨਾਹਿ ਕਰੋ ਰਫਤਾਰੀ।

 ਆਪ ਮਰੇ ਨਂਹੀ ਮਾਰ ਅਰੀ ਐਸੇ  ਦਾਸ ਭਗਵਾਂਨ ਨਦਾਂਨ ਖਲਾਰੀ।।83।।

 

ਪਦ ਅਰਥ:-  ਅਸਟਾਂਗ ਅਠ=ਅੰਗ। ਪਿਆਦੇ=ਪੈਦਲ ਫੌਜ। ਪ੍ਰਧਾਨ= ਮੁਖੀ। ਕਟਾਰੀ=ਤਲਵਾਰ। ਸਾਹ ਅਗਿਆਨ ਮੂਰਖ=ਰਾਜਾ। ਕਰਾਰੀ= ਕਰੜੀ। ਨਰਦਨ= ਨਰਦਾਂ। ਪਸ ਪੇਸ਼ ਅਗੇ ਪਿਛੇ। ਪਨਾਹਿ=ਆਸਰਾ। ਰਫਤਾਰੀ =ਅੱਗੇ ਚੱਲਣਾ। ਅਰੀ=ਦੁਸ਼ਮਣ।

ਅਰਥ:-  ਜੋਗ ਦੇ ਅਠ ਅੰਗ ਜੋ ਜਾਣੋ ਪੈਦਲ ਫੌਜ ਹੈ ਤੇ ਪ੍ਰੇਮ ਰੂਪੀ ਪ੍ਰਧਾਨ ਜੋ ਹੱਥ ਵਿਚ ਕਟਾਰੀ ਲਈ ਖੜ੍ਹਾ ਹੈ। ਇਨ੍ਹਾਂ ਸਾਧਨਾਂ ਦੁਆਰਾ ਅਗਿਆਨ ਰੂਪ ਰਾਜੇ ਨੂੰ ਐਸੀ ਚਾਲ ਚਲਕੇ ਸੱਟ ਮਾਰੋ ਕਿ ਕਰਾਰੀ ਸੱਟ ਖਾ ਕੇ ਖੜੋ ਨਾ ਸਕੇ। ਦੇਹ ਕਿਲੇ ਦੀ ਚੰਗੀ ਤਰਾਂ ਪਕਿਆਈ ਕਰਕੇ ਅੱਗੋਂ ਪਿਛੋਂ ਦੀ ਚੰਗੀ ਤਰ੍ਹਾਂ ਵਿਚਾਰ ਕਰਕੇ ਅੱਗੇ ਵਧੋ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਇਸ ਬਾਜ਼ੀ ਨੂੰ ਖੇਲ੍ਹਣਾ ਨਹੀਂ ਜਾਣਦਾ, ਅਨਜਾਣ ਹੈ, ਉਹ ਮਾਰ ਖਾਂਦਾ ਹੈ॥83॥

 

 ਸ੍ਵੈਯਾ।।

 ਦੋ ਫੀਲੇ ਕੀ ਚਾਲ ਸੁਮਾਰ ਕਰੋ  ਗੋਸੇ ਮਲ ਅਮਲ ਹੈਂ ਮਲ ਮੁਕਾਏ।

  ਘੋੜੇ ਕੀ ਹਿਂਮਤ ਹਦ ਸੇ ਬਾਹਰ  ਤੀਸਰੇ ਜਾ ਘਰ ਹਸਤੀ ਉਡਾਏ।

 ਪਟੀ ਪਾਧਰ ਪਾਇ ਚਲੇ ਰੁਖ ਹੈ  ਜੋਊ ਨਰਦ ਮਿਲੇ ਰੁਕ ਖੇਲ ਖਪਾਏ।

       ਇਉ ਦਲ ਰਿਪ ਕੇ ਹਾਰ ਪੜੀ ਜਿਉਂ  ਦਾਸ ਭਗਵਾਨ ਹਕੀਕਤ ਪਾਏ।।84।।

 

ਪਦ ਅਰਥ:-  ਦੋ ਫੀਲੇ= ਕਾਮ ਕ੍ਰੋਧ। ਗੋਸੇ= ਇਕਾਂਤ। ਮੱਲ= ਪਹਿਲਵਾਨ। ਅਮਲ= ਨਾ ਮਲੇ ਜਾਣ ਵਾਲੇ। ਮਲ ਮੁਕਾਏ= ਖਤਮ ਕਰੇ। ਘੋੜੇ= ਲੋਭ ਮੋਹ ਅਹੰਕਾਰ। ਤੀਸਰੇ= ਤ੍ਰਿਗੁਣੀ ਮਾਇਆ। ਪਟੀ ਪਾਧਰ= ਗਿਆਨ ਦੀ ਤਲਵਾਰ। ਰਿਪ= ਦੁਸ਼ਮਣ।

ਅਰਥ:-  ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਹਾਥੀ ਤੇ ਘੋੜੇ ਜੋ ਬਹੁਤ ਤਕੜੇ ਹਨ ਤ੍ਰਿਗੁਣੀ ਮਾਇਆ ਤੋਂ ਅਤੀਤ ਹੋ ਕੇ ਗੋਸ਼ੇ ਨਸ਼ੀਨ ਹੋ ਕੇ ਨਾ ਮਲੇ ਜਾਣ ਵਾਲਿਆਂ ਨੂੰ ਸਿਮਰਨ ਦੀ ਬਰਕਤ ਨਾਲ ਮਲੀਆਮੇਟ ਕਰ ਦਿਤਾ ਜਾਵੇ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਗਿਆਨ ਰੂਪੀ ਤਲਵਾਰ ਨੂੰ ਹੱਥ ਵਿਚ ਲੈ ਕੇ ਇਨ੍ਹਾਂ ਪੰਜਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸੇ ਤਰੀਕੇ ਨਾਲ ਇਸ ਦੁਸ਼ਮਣ ਸੈਨਾਂ ਨੂੰ ਹਰਾਇਆ ਜਾ ਸਕਦਾ ਹੈ॥84॥

 ਸ੍ਵੈਯਾ।।

ਸੀਲ ਕੀ ਸੈਫ ਬਜੀਰ ਫੜੀ  ਚਾਰੇ ਤਰਫ ਦਿਤੀ ਐਸੀ ਆਣ ਤੜੀ।

 ਮਲਨ ਬਜੀਰ ਮੁਕਾਇ ਘੜੀ  ਖਾਧੀ ਸਾਹ ਅਗਿਆਨ ਸਕਸਤ ਬੜੀ।

 ਪਕੀ ਨਰਦ ਨਸਾਂਨ ਪੈ ਜਾਇ ਪੜੀ  ਘਰ ਚੌਸਠ ਮੈ ਫਿਰੀ ਤੋੜ ਅੜੀ।

 ਏਹ ਬਾਤ ਬਿਗਿਆਂਨ ਮੇਂ ਜਾਇ ਚੜੀ  ਧਜਾ ਦਾਸ ਭਗਵਾਂਨ ਅਗੱਮ ਖੜੀ।।85।।

 

ਪਦ ਅਰਥ:-  ਸੀਲ= ਸ਼ਾਂਤ ਸੁਭਾਉ। ਸੈਫ= ਤਲਵਾਰ। ਤੜੀ= ਡਾਂਟ। ਮਲਨ= ਮਲੀਨ ਬੁੱਧੀ। ਸਕਸਤ= ਹਾਰ। ਚੌਸਠ ਘੜੀ= ਰਾਤ ਦਿਨ। ਬਿਗਿਆਂਨ= ਆਤਮਕ ਗਿਆਨ। ਧਜਾ= ਝੰਡਾ। ਅਗੱਮ= ਨਾ ਹਿੱਲਣ ਵਾਲੇ।

ਅਰਥ:- ਸ਼ਾਂਤ ਸੁਭਾਉ ਦੀ ਤਲਵਾਰ ਹੱਥ ਵਿਚ ਫੜ ਕੇ ਚਾਰੇ ਪਾਸੇ ਐਸੀ ਡਾਂਟ ਦਿੱਤੀ, ਮਲੀਨ ਬੁੱਧੀ ਤੇ ਅਗਿਆਨੀ ਰੂਪ ਸ਼ਾਹ ਨੇ ਬਹੁਤ ਭਾਰੀ ਹਾਰ ਖਾਧੀ '' ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ||'' (ਕਬੀਰ ਜੀ) ਦੇ ਮਹਾਂਵਾਕ ਅਨੁਸਾਰ ਜਦ ਰਾਤ ਦਿਨੇ ਨਾਮ ਵਿਚ ਲਿਵ ਜੁੜ ਗਈ ਤਾਂ ਬਿਰਤੀ ਤੋੜ ਪੁਜ ਗਈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਜਦੋਂ ਆਤਮਕ ਅਵਸਥਾ ਪਰਪੱਕ ਹੋ ਗਈ ਤਾਂ ਅਚੱਲ ਝੰਡਾ ਗਡਿਆ ਗਿਆ॥85॥

 

ਸ੍ਵੈਯਾ।।

ਬੰਸੀ ਕਾਂਨ ਕੀ ਬਾਜ ਰਹੀ ਨਿਸਬਾਸਰ  ਸੋ ਇਸ ਹੋ ਤਿਨ ਲੋਇ ਰਹੀ।

ਮੋਹੰਨ ਮੋਹਿ ਲਈ ਸਭ ਗੁਆਰਨ  ਇਕਤਰ ਇਕਠੈ ਹੋਇ ਰਹੀ।

ਅਨੰਦ ਮਈ ਰਸ ਪਾਵਤ ਹੈ  ਮਿਲ ਸੰਸਨ ਕੋ ਸਭ ਖੋਇ ਰਹੀ।

     ਦਾਸ ਭਗਵਾਨ ਤੂੰ ਗਾਫਲ ਗਵਾਰਨ  ਪੈਰ ਪਸਾਰ ਕਿਉ ਸੋਇ ਰਹੀ।।86।।

 

ਪਦ ਅਰਥ:-  ਨਿਸ ਬਾਸਰ=ਰਾਤ ਦਿਨ ਇਕ ਰਸ। ਸੋ=ਅਵਾਜ਼। ਤਿੰਨ ਲੋਇ=ਤਿਨਾਂ ਲੋਕਾਂ ਵਿਚ। ਸੰਸਨ=ਭਰਮ।

ਅਰਥ:-  ਕਾਨ ਦੀ ਬੰਸਰੀ ਰਾਤ-ਦਿਨ ਬਜ ਰਹੀ ਹੈ ਤੇ ਤਿਨਾਂ ਲੋਕਾਂ ਵਿਚ ਇਸ ਦੀ ਸੋਇ (ਅਵਾਜ਼) ਸੁਣਾਈ ਦੇ ਰਹੀ ਹੈ। ਮੋਹਨ ਨੇ ਸਾਰੀਆਂ ਗੁਆਲਣਾਂ ਮੋਹ ਲਈਆਂ। ਉਹ ਸਾਰੀਆਂ ਇਕ ਥਾਂ ਇਕੱਠੀਆਂ ਹੋ ਰਹੀਆਂ ਹਨ। ਆਪਣੇ ਸੰਸਿਆਂ ਨੂੰ ਗੁਆਕੇ ਅਨੰਦਮਈ ਰਸ ਪ੍ਰਾਪਤ ਕਰ ਰਹੀਆਂ ਹਨ। ਨਾਭ ਕੰਵਲ ਜੀ ਕਹਿੰਦੇ ਹਨ, ਹੇ ਮੂਰਖ ਗਵਾਲਣ'! ਤੂੰ ਅਜੇ ਭੀ ਪੈਰ ਪਸਾਰ ਕੇ ਸੌਂ ਰਹੀ ਹੈਂ ॥86॥

ਸ੍ਵੈਯਾ।।

ਜਾਗ ਸਤਾਬ ਲੈ ਸਾਰ ਸਖੀ ਹੁਣ  ਕੁੰਜ ਗਲੀ ਵਿਚ ਛਾਇ ਰਹੇ।

 ਮੋਹਨ ਮੋਹਨ ਭਾਖਤ ਹੈਂ  ਬਿਚ ਧਰਨ ਅਕਾਸ ਸਮਾਇ ਰਹੇ।

   ਕਿਉ ਕਰ ਬਾਤ ਕਰੂੰ ਇਨ ਕੀ  ਇਹੁ ਰੁਣ ਝੁਣ ਸੁਰਤ ਲਗਾਇ ਰਹੇ।

    ਦਾਸ ਭਗਵਾਨ ਜਾ ਦੇਖ ਲਵੋ  ਹੁਣ ਪ੍ਰੇਮ ਪ੍ਰੀਤਮ ਲਾਇ ਰਹੇ।।87।।

 

ਪਦ ਅਰਥ:- ਸਤਾਬ= ਛੇਤੀ। ਕੁੰਜ ਗਲੀ= ਬਿੰਦ੍ਰਾਬਨ ਦੀ ਗਲੀ। ਭਾਖਤ ਹੈ= ਬੋਲਦੇ ਹਨ। ਧਰਨ ਅਕਾਸ= ਸਾਰੇ ਹੀ। ਰੁਝ ਝੁਣ= ਖੁਸ਼ੀ।

ਅਰਥ:-  ਛੇਤੀ ਜਾਗ ਕੇ ਖਬਰ ਲੈ ਭਗਵਾਨ ਕੁੰਜ ਗਲੀ ਵਿਚ ਛਾ ਰਹੇ ਹਨ, ਜਿਸ ਨੂੰ ਮੋਹਨ ਮੋਹਨ ਕਰਦੇ ਰਹਿੰਦੇ ਹਾਂ ਉਹ ਧਰਤੀ ਤੇ ਅਕਾਸ਼ ਵਿੱਚ ਸਮਾ ਰਹੇ ਹਨ। ਇਨਾਂ ਦੀ ਕੀ ਗੱਲ ਕਰਾਂ ਇਹ ਪ੍ਰੇਮ ਨਾਲ ਇਕਸਾਰਤਾ ਨਾਲ ਸੁਰਤ ਲਗਾ ਰਹੇ ਹਨ, ਸੁਰਤੀ ਵਿੱਚ ਖੇੜਾ ਲਗ ਰਿਹਾ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਹੁਣ ਪ੍ਰੀਤਮ ਆਪਣਾ ਪਿਆਰ ਸਾਰਿਆਂ ਵਿਚ ਲਗਾ ਰਹੇ ਹਨ ॥87॥

 

ਸ੍ਵੈਯਾ।।

ਬੰਸੀ ਹੈ ਆਣ ਬਜਾਈ ਜਬੇ  ਤਬ ਭੁਲ ਗਈ ਸਭ ਕਾਰ ਬਿਹਾਰੀ।

 ਮਥਰਾ ਔ ਗੋਕਲ ਮੋਹਿ ਲਈ  ਅਤੇ ਮੋਹ ਲਈ ਬ੍ਰਿਜ ਕੀ ਸਭ ਨਾਰੀ।

 ਹੱਸ ਰੱਸ ਕੇਲ ਕਰੇ ਸਭ ਹੈ  ਐਸੀ ਲਾਗਤ ਬੰਸਰੀ ਆਣ ਪਿਆਰੀ।

  ਦਾਸ ਭਗਵਾਂਨ ਹੋ ਗੁੰਮ ਰਹੇ ਹੁਣ  ਸੁਧ ਔ ਬੁਧ ਹੈ ਸਭ ਬਸਾਰੀ।।88।।

 

ਅਰਥ:-  ਜਦੋਂ ਕਾਨ ਨੇ ਆਣ ਕੇ ਬੰਸਰੀ ਬਜਾਈ ਤਾਂ ਗੁਆਲਣਾਂ ਸਭ ਕੰਮ ਕਾਜ ਭੁੱਲ ਗਈਆਂ। ਮਥਰਾ, ਗੋਕਲ ਨੂੰ ਮੋਹ ਲਿਆ ਤੇ ਬ੍ਰਿਜ ਦੀਆਂ ਸਭ ਇਸਤਰੀਆਂ ਮੋਹ ਲਈਆਂ। ਬੰਸਰੀ ਐਸੀ ਪਿਆਰੀ ਲਗਦੀ ਹੈ ਕਿ ਹੱਸ ਹੱਸ ਸਭ ਖੁਸ਼ੀਆਂ ਕਰਦੀਆਂ ਹਨ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਬੰਸਰੀ ਨੇ ਐਸੇ ਮਗਨ ਕੀਤੇ ਜੋ ਸਰੀਰ ਦੀ ਸਾਰੀ ਸੁੱਧ ਬੁੱਧ ਭੁੱਲ ਗਈ ॥88॥

ਸ੍ਵੈਯਾ|| ਬੰਸੀ ਕੀ ਟੇਰ soN ਟੇਰ ਹੂਈ ਲਖੀ ਫੇਰ ਜਾਂ ਫੇਰ ਹੈ ਐਨ ਬਚਾਰੀ। ਧੁਨ ਧਿਆਨ ਹੋ ਇਕ ਗਏ ਐਸੀ ਆਇ ਚੜੀ ਅਬ ਪ੍ਰੇਮ ਖੁਮਾਰੀ। ਨਾਹਿ ਆਪ ਰਹੀ ਨਾਹਿ ਗੁਆਰਨ ਹੈ ਨਾਹਿ ਬ੍ਰਿਜ ਰਹੀ ਨਾਹਿ ਕ੍ਰਿਸਨ ਮੁਰਾਰੀ। ਦਾਸ ਭਗਵਾਂਨ ਕੀ ਆਖ ਸਕੇ ਹੁਣ ਹੈ ਚਿਦਾਕਾਸ ਅਕਹ ਅਗਾਰੀ ।।89।। ਪਦ ਅਰਥ:-ਟੇਰ= ਅਵਾਜ਼। ਧੁਨ= ਆਵਾਜ਼। ਧਿਆਨ= ਸੁਰਤ ਜੋੜਨੀ। ਪ੍ਰੇਮ= ਖੁਮਾਰੀ ਮਸਤੀ। ਚਿਦਾਕਾਸ =ਅਕਾਸ਼ ਵੱਤ ਪੂਰਨਬ੍ਰਹਮ। ਅਰਥ:- ਜਦੋਂ ਬੰਸਰੀ ਦੀ ਆਵਾਜ਼ ਹੋਈ ਤਾਂ ਉਸ ਆਵਾਜ਼ ਵਿਚ ਸੁਰਤੀ ਇਸ ਪ੍ਰਕਾਰ ਲੀਨ ਹੋ ਗਈ ਕਿ ਉਸ ਪ੍ਰੇਮ ਦੀ ਖੁਮਾਰੀ ਵਿੱਚ ਆਵਾਜ਼ ਤੇ ਧਿਆਨ ਇਕਮਿਕ ਹੋ ਗਏ। ਨਾ ਬੰਸਰੀ ਰਹੀ ਨਾ ਗੁਆਲਣਾਂ, ਨਾ ਬ੍ਰਿਜ ਤੇ ਨਾ ਹੀ ਕ੍ਰਿਸ਼ਨ ਮੁਰਾਰੀ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਇਹੋ ਹੀ ਆਖ ਸਕਦੇ ਹਾਂ ਕਿ ਆਕਾਸ਼ ਵੱਤ ਪੂਰਨ ਬ੍ਰਹਮ ਹੀ ਸਾਰੇ ਵਿਆਪ ਰਿਹਾ ਹੈ ॥89॥

ਸ੍ਵੈਯਾ।।

ਅੰਤ ਵਾਹਕ ਕੋ ਹਮ ਕ੍ਰਿਸਨ ਕਹੇਂ  ਇਹ ਭੂਲ ਕੇ ਬਾਹਰ ਮਾਨ ਨਾ ਭਾਈ।

 ਅੰਤਰ ਬੀਚ ਬਹਾਰ ਕਰੀ ਸਭ  ਅੰਤਰ ਬੀਚ ਹੈ ਧੇਨ ਚਰਾਈ।

 ਅੰਤਰ ਬੀਚ ਹੈ ਬੰਸੀ ਬਜਾਵਤ  ਅੰਤਰ ਹੈ ਸਭ ਰਾਸ ਰਚਾਈ।

  ਦਾਸ ਭਗਵਾਂਨ ਨਾ ਤਿਨ ਸਰੀਰ  ਜਹ ਮਥਰਾ ਔ ਗੋਕਲ ਬ੍ਰਿਜ ਨਾ ਕਾਈ।।90।।

 

ਪਦ ਅਰਥ:- ਵਾਹਕ ਚਲਾਉਣ ਵਾਲਾ। ਧੇਨ ਗਊਆਂ। ਤਿਨ ਸਰੀਰ ਅਸਥੂਲ। ਸੂਖਮ। ਕਾਰਨ ਸਰੀਰ।

ਅਰਥ:-  ਕ੍ਰਿਸ਼ਨ ਭਗਵਾਨ ਭੁੱਲਕੇ ਬਾਹਰ ਨਾ ਮੰਨੋ ਜੋ ਅੰਦਰ ਨੂੰ ਚਲਾਉਣ ਵਾਲਾ ਹੈ, ਓਹੀ ਕ੍ਰਿਸ਼ਨ ਹੈ। ਅੰਦਰ ਹੀ ਬਹਾਰ ਕਰਦਾ ਹੈ ਤੇ ਅੰਦਰ ਹੀ ਗਊਆਂ ਚਾਰਦਾ ਹੈ। ਅੰਦਰ ਹੀ ਬੰਸਰੀ ਵਜਾਉਂਦਾ ਹੈ ਤੇ ਰਾਸ ਰਚਾ ਰਿਹਾ ਹੈ। ਰਾਜਾ ਸਾਹਿਬ ਉਸ ਅਵਸਥਾ ਦਾ ਬਿਆਨ ਕਰਦੇ ਹਨ ਜਿਥੇ ਤਿੰਨਾਂ ਹੀ ਸਰੀਰਾਂ ਦਾ ਕੋਈ ਭੇਦ ਨਹੀਂ ਹੈ ਨ ਮਥਰਾ, ਨਾ ਗੋਕਲ, ਨਾ ਬ੍ਰਿਜ ਹੈ ॥90॥

ਸ੍ਵੈਯਾ।।

ਆਤਮਾ ਰਾਮ ਕੁਸਲਿਆ ਹੈ ਨਿਜ  ਮਤ ਸੁਮਿਤ੍ਰਾ ਸੁਮਤ ਕੁਮਤ ਕੇਕਈ।

ਕੁਮਤ ਕਠੋਰ ਕੀ ਬਾਤ ਕਰੀ  ਦੇਖੋ ਕੈਸੀ ਕੁਮਾਰਗ ਆਣ ਪਈ।

ਦਸਰਥ ਗੁੰਮ ਜਥਾਰਥ ਹੈਂ  ਜਬ ਸੀਆ ਹੈ ਸੁਰਤ ਬਦੇਸ ਗਈ।

   ਅਨਭਵ ਲਛਮਨ ਰਾਮ ਚਲੇ ਦੇਖੋ  ਦਾਸ ਭਗਵਾਨ ਇਹ ਬਾਤ ਨਈ।।91।।

 

ਪਦ ਅਰਥ:- ਨਿਜ ਮਤ= ਆਪਣੀ ਮੱਤ | ਸੁਮਤ = ਸ਼੍ਰੇਸ਼ਟ ਮੱਤ | ਕੁਮਤ = ਖੋਟੀ ਮੱਤ | ਕੁਮਾਰਗ= ਖੋਟੇ ਰਸਤੇ| ਅਨਭਵ = ਅੰਤਰ ਗਿਆਨ |

ਅਰਥ:- ਰਾਮ ਆਤਮਾ ਕੁਸ਼ਲਿਆ ਆਪਣਾ ਧਰਮ, ਸੁਮਿਤ੍ਰਾ ਸ਼੍ਰੇਸ਼ਟ ਮੱਤ, ਕਕਈ ਖੋਟੀ ਮੱਤ ਨਿਰਦਈ ਨੇ ਕੀ ਕੀਤਾ ਕਿ ਉਲਟੇ ਰਸਤੇ ਪੈ ਗਈ। ਯਥਾਰਥ ਗੁੰਮ ਹੋ ਗਿਆ ਕਿਉਂਕਿ ਸੁਰਤੀ ਰੂਪ ਸੀਤਾ ਤੇ ਅਨਭਵ ਰੂਪ ਰਾਮ ਲਛਮਣ ਗੈਰ ਹਾਜ਼ਰ ਹੋ ਗਏ। ਰਾਜਾ ਸਾਹਿਬ ਇਹ ਨਵੀਂ ਤੇ ਅਸਚਰਜ ਬਾਤ ਬਿਆਨ ਕਰਦੇ ਹਨ ॥91॥

ਭਾਵ:- ਰਾਮਾਇਣ ਦੀ ਇਸ ਵਾਰਤਾ ਨੂੰ ਰਾਜਾ ਸਾਹਿਬ ਨੇ ਅੰਤਰ ਆਤਮੇ ਘਟਾ ਕੇ ਦਸਿਆ ਹੈ ਕਿ ਕੇਕਈ ਨੇ ਖੋਟੀ ਮੱਤ ਕਾਰਨ ਰਾਮ ਚੰਦ੍ਰ  ਨੂੰ ਬਨਵਾਸ ਦਵਾਇਆ, ਸੀਤਾ ਤੇ ਲਛਮਣ ਭੀ ਨਾਲ ਹੀ ਗਏ। ਦਸਰਥ ਉਨਾਂ ਦੇ ਵਿਯੋਗ ਵਿਚ ਪ੍ਰਾਣ ਤਿਆਗ ਗਿਆ |

ਸ੍ਵੈਯਾ।।

ਮਨ ਸਮਾਨ ਨ ਹੋਰ ਕੋ ਰਾਵਣ  ਹੈਂ ਦਸ ਇੰਦ੍ਰੇ ਜਹ ਸੀਸ ਬਣਾਏ।

ਇਸ ਕਾਰਨ ਦਹਸਰ ਨਾਮ ਕਹਾਵਤ  ਦਹ ਦਿਸ ਚੰਚਲ ਚਿਤ ਚਲਾਏ।

ਤਿਨ ਹਸਤੀ ਕੇ ਹੈਂ ਗੜ ਕੋਟ ਕੀਏ  ਤਹ ਨਾਮੁ ਮੁਕਾਮ ਹੈ ਲੰਕ ਰਖਾਏ।

  ਚਾਰੇ ਤਰਫ ਅਗਿਆਨ ਸੁਮੁਦ੍ਰ ਹੈ ਜਹ  ਦਾਸ ਭਗਵਾਂਨ ਏਹ ਰਾਜ ਕਮਾਏ।।92।।

 

ਪਦ ਅਰਥ:- ਦਸ ਇੰਦ੍ਰੇ=ਅੱਖਾਂ, ਕੰਨ, ਨਾਸਕਾ, ਜਿਹਬਾ, ਗੁਦਾ, ਲਿੰਗ, ਤਾਲੂ। ਦਹ ਦਿਸ=ਦਸੇ ਪਾਸੇ। ਤਿਨ ਹਸਤੀ= ਤਿਨਾਂ ਸਰੀਰਾਂ ਵਾਲੀ ਇਹ ਦੇਹ (1) ਅਸਥੂਲ (2) ਸੂਖਮ (3) ਕਾਰਣ।

ਅਰਥ:- ਮਨ ਜਿਹਾ ਹੋਰ ਕੋਈ ਰਾਵਣ ਨਹੀਂ ਹੈ ਤੇ ਦਸੋ ਇੰਦ੍ਰੇ ਹੀ ਜਿਸਦੇ ਦਸ ਸੀਸ ਹਨ। ਇਸੇ ਕਰਕੇ ਉਸਦਾ ਨਾਮ ਦਹਸਰ ਕਿਹਾ ਜਾਂਦਾ ਹੈ। ਇਹ ਚੰਚਲ ਚਿੱਤ ਦਸੋ ਦਿਸ਼ਾ ਭਰਮਦਾ ਹੈ। ਤਿੰਨ ਪ੍ਰਕਾਰ ਦੇ ਸਰੀਰਾਂ ਵਾਲੀ ਇਹ ਦੇਹ ਰੂਪ ਕਿਲਾ ਹੈ, ਜਿਸ ਵਿਚ ਮਨ ਰੂਪੀ ਰਾਵਣ ਰਹਿੰਦਾ ਹੈ। ਇਸਨੂੰ ਲੰਕਾ ਕਿਹਾ ਜਾਂਦਾ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਇਸ ਦੇ ਚਾਰੇ ਪਾਸੇ ਅਗਿਆਨਤਾ ਦਾ ਸਮੁੰਦਰ ਹੈ ਜਿਸ ਐਸੇ ਅਸਥਾਨ ਤੇ ਮਨ ਰੂਪ ਰਾਵਣ ਰਾਜ ਕਰਦਾ ਹੈ |

ਭਾਵ:- ਰਾਵਣ ਦੀ ਲੰਕਾ ਦਾ ਪ੍ਰਕਰਣ ਲੈ ਕੇ ਰਾਜਾ ਸਾਹਿਬ ਨੇ ਮਨ ਨੂੰ ਰਾਵਣ ਜਾਣਕੇ ਦੇਹ ਰੂਪ ਲੋਕਾਂ ਦਾ ਰਾਜਾ ਦਸਿਆ ਹੈ ॥92॥

ਸ੍ਵੈਯਾ।।

ਕੀ ਕਰਤੂਤ ਕਰੀ ਅਬ ਰਾਵਣ  ਅੰਗ ਬਭੂਤ ਅਸਾਰ ਮਲੀ।

        ਅਵਿਦਿਆ ਅਵਰਨ ਹੈ ਭੇਸ ਕੀਓ  ਕੈਸੀ ਕੁਟਲ ਕੁਮਤ ਕੀ ਮਤ ਹਲੀ।

        ਆਪ ਨੂ ਆਪ ਕਹਾਵਤ ਕੀ ਜਬ  ਧਾਰ ਲਈ ਕਰ ਚਾਹ ਬਗਲੀ।

        ਦਾਸ ਭਗਵਾਂਨ ਅਨਾਥ ਕੇ ਨਾਥ ਕੀ  ਰਾਵਣ ਹੈ ਅਬ ਸੀਆ ਛਲੀ।। 93।।

 

ਪਦ ਅਰਥ:-  ਅਸਾਰ=ਇਕ ਰਸ। ਅਵਰਨ=ਪੜਦਾ। ਕੁਟਲ=ਧੋਖੇ ਬਾਜ਼ਾ। ਕੁਮਤ=ਖੋਟੀ ਮਤ। ਬਗਲੀ=ਝੋਲੀ। ਅਨਾਥ ਕੇ ਨਾਥ=ਰਾਮ ਜੀ।

ਅਰਥ:-  ਦੇਖੋ ਰਾਵਣ ਨੇ ਕੀ ਕਰਤੂਤ ਕੀਤੀ ਆਪਣੇ ਸਾਰੇ ਅੰਗ ਨੂੰ ਸੁਆਹ ਮਲ ਲਈ। ਪੁਠੇ ਕੰਮ ਕਰਨ ਵਾਲੇ ਖੋਟੇ ਰਾਵਣ ਦੀ ਮੱਤ ਹਿਲ ਗਈ ਤੇ ਅਕਲ ਉਤੇ ਭੁਲੇਖੇ ਦਾ ਜਾਂ ਬੇਸਮਝੀ ਦਾ ਪੜਦਾ ਪੈ ਗਿਆ। ਆਪਣੇ ਆਪ ਨੂੰ ਰਾਵਣ ਕਹਾਉਂਦਾ ਹੋਇਆ ਫਕੀਰਾਂ ਵਾਲਾ ਭੇਸ ਬਦਲ ਕੇ ਬਗਲ ਵਿਚ ਝੋਲੀ ਪਾ ਲਈ।ਰਾਜਾ ਸਾਹਿਬ ਕਥਨ ਕਰਦੇ ਹਨ ਕਿ ਇਸ ਤਰਾਂ ਰਾਮ ਚੰਦ੍ਰ ਦੀ ਸੀਤਾ ਨੂੰ ਛਲ ਕੇ ਲੈ ਗਿਆ ॥93॥

ਸ੍ਵੈਯਾ।।

ਸੀਆ ਗਈ ਸਭ ਸੁਖ ਗਏ  ਇਤੇ ਦੁਖ ਭਏ ਗਿਣੇ ਜਾਵਤ ਨਾਂਹੀ।

ਸੀਆ ਸਰੂਪ ਮਿਲੇ ਕਬ ਹੈ  ਐਸੇ ਰੋਵਤ ਰਾਮ ਫਿਰੇ ਬਨ ਮਾਂਹੀ।

 ਕਭੀ ਬੂਝਤ ਹੈ ਝੁੰਡ ਤਰਵਰ ਕੋ  ਕਭੀ ਢੂਢਣ ਕੋ ਗਿਰ ਕੰਦਰ ਜਾਂਹੀ।

  ਦਾਸ ਭਗਵਾਂਨ ਬਿਯੋਗ ਕਰੇ  ਨਂਹੀ ਜਾਨ ਕੀ ਜਾਨ ਹੈ ਮਾਰਤ ਆਂਹੀ।।94।।

 

ਪਦ ਅਰਥ:-ਝੁੰਡ ਤਰਵਰ=ਦਰੱਖਤਾਂ ਦੇ ਸਮੂਹ। ਗਿਰ ਕੰਦਰ=ਪਹਾੜਾਂ ਦੀਆਂ ਕੰਦਰਾਂ ਵਿਚ। ਬਿਯੋਗ=ਵਿਛੋੜਾ।

ਅਰਥ:- ਸੀਤਾ ਵਿਛੜ ਗਈ ਸਾਰੇ ਸੁਖ ਚਲੇ ਗਏ, ਰਾਮ ਜੀ ਇੰਨੇ ਦੁਖੀ ਹੋਏ ਕਿ ਦੁਖ ਗਿਣੇ ਨਹੀਂ ਜਾਂਦੇ। ਰਾਮ ਚੰਦ੍ਰ ਜੀ  ਬਣ ਵਿਚ ਰੋਂਦੇ ਫਿਰਦੇ ਹਨ ਕਿ ਸੀਤਾ ਸਰੂਪ ਕਦ ਨਜ਼ਰੀ ਪਵੇ। ਕਦੇ ਦਰੱਖਤਾਂ ਦੇ ਝੁੰਡ ਕੋਲੋਂ ਪੁਛਦੇ ਹਨ ਕਦੇ  ਪਹਾੜਾਂ ਦੀਆਂ ਕੰਦਰਾਂ ਵਿਚ ਢੂੰਡਦੇ ਹਨ। ਜਾਨਕੀ ਜਾਨ ਹੈ ਕਦੇ ਵਿਛੜੇ ਨਹੀਂ ਸਨ ਇਸ ਕਰਕੇ ਰੋਂਦੇ ਤੇ ਆਹਾਂ ਭਰਦੇ ਹਨ ॥94॥

ਸੈਯਾ।।

ਧੁੰਨ ਧੁੰਨ ਮਾਥ ਕਹੇ ਰਘਨਾਥ  ਹੇ ਲਛਮਨ ਭ੍ਰਾਤਿ ਇਹ ਬਾਤ ਕੀ ਹੋਈ।

ਲਾਇ ਧਿਆਨਿ ਕਰੋ ਅਬ ਗਿਆਨ  ਹੈ ਜਾਂਨਕੀ ਜਾਨ ਕਿ ਜੀਵਤ ਮੋਈ।

ਗਿਆਤ ਨਾ ਗਾਤ ਨਾ ਕੁਝ ਸੁਹਾਤ ਹੈ  ਨੈਨ ਚੁਚਾਤਿ ਭਰੇ ਜਲ ਦੋਈ।

  ਤ੍ਰਿਲੋਕੀ ਕੇ ਨਾਥ ਕੀ ਏਹ ਦਸਾ ਜਬ  ਦਾਸ ਭਗਵਾਂਨ ਕੀ ਹੋਰ ਹੈ ਕੋਈ।।95।।

 

ਦ ਅਰਥ:-ਧੁੰਨ ਧੁੰਨ ਮਾਥ=ਮੱਥੇ ਹੱਥ ਮਾਰ ਕੇ। ਗਿਆਤ=ਸੋਝੀ। ਗਾਤ=ਸਰੀਰ। ਨੈਨ ਚੁਚਾਤਿ=ਹੰਝੂ ਵਰਾਣੇ।

ਅਰਥ:-ਰਾਮ ਜੀ ਮੱਥੇ ਤੇ ਹੱਥ ਮਾਰ ਕੇ ਲਛਮਣ ਨੂੰ ਕਹਿੰਦੇ ਹਨ ਕਿ ਹੇ ਭਰਾ ਜੀ! ਇਹ ਕੀ ਬਾਤ ਹੋਈ। ਧਿਆਨ ਲਗਾ ਕੇ ਦੇਖੋ ਕਿ ਸੀਤਾ ਮਰ ਗਈ ਹੈ ਕਿ ਜ਼ਿੰਦਾ ਹੈ। ਰਾਮ ਜੀ ਨੂੰ ਆਪਨੇ ਸਰੀਰ ਦੀ ਸੁਧ ਨਹੀਂ, ਨਾ ਹੀ ਕੁਝ ਚੰਗਾ ਲਗਦਾ ਹੈ ਦੋਹਾਂ ਅੱਖਾਂ ਵਿਚੋਂ ਅੱਥਰੂ ਡਿਗਦੇ ਹਨ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਦੇਖੋ ਤ੍ਰਿਲੋਕੀ ਨਾਥ ਦੀ ਇਹ ਹਾਲਤ ਹੋ ਗਈ ਤਾਂ ਹੋਰ ਕੋਈ ਕੀ ਹੈ॥95॥

ਸ੍ਵੈਯਾ।।

ਬਿਆਕੁਲ ਹੋ ਬਨ ਢੂੰਡ ਰਹੇ  ਬਨਬਾਸਨ ਮੇਂ ਬਨਬਾਸ ਬਿਚਾਰੇ।

ਇਤ ਤੇ ਉਤ ਓਰ ਕੋ ਡੋਲ ਰਹੇ  ਨਂਹੀ ਸੂਝਤ ਹੈ ਕੁਝ ਰਾਮ ਪਿਆਰੇ।

 ਡਾਢ ਕੋ ਮਾਰ ਪੁਕਾਰ ਕਰੇ  ਐਸੇ ਬਾਹ ਪਸਾਰ ਪਸਾਰ ਪੁਕਾਰੇ।

   ਜਾਨਕੀ ਜਾਨ ਹੈ ਜਾਨ ਕਹਾਂ  ਦੇਖੋ ਦਾਸ ਭਗਵਾਂਨ ਇਹ ਹਾਲ ਹਮਾਰੇ।।96।।

 

ਪਦ ਅਰਥ:-ਵਿਆਕੁਲ=ਦੁਖੀ। ਡਾਢ=ਧਾਹਾਂ ਮਾਰ ਕੇ।

ਅਰਥ:-  ਬਨਵਾਸੀ ਰਾਮ ਬਨ ਵਿਚ ਵਸਦੇ ਹੋਏ ਵਿਆਕੁਲ ਹੋ ਕੇ ਬਣ ਵਿਚ ਸੀਤਾ ਨੂੰ ਢੂੰਡ ਰਹੇ ਹਨ। ਇੱਧਰ ਉੱਧਰ ਫਿਰ ਰਹੇ ਹਨ ਤੇ ਉਨ੍ਹਾਂ ਨੂੰ ਕੁੱਝ ਸੁਝਦਾ ਨਹੀਂ। ਬਾਹਾਂ ਉਲਾਰ ਉਲਾਰ ਉਚੀ ਉਚੀ ਰੋ ਰਹੇ ਹਨ। ਰਾਜਾ ਸਾਹਿਬ ਬਿਆਨ ਕਰਦੇ ਹਨ, ਰਾਮ ਜੀ ਕਹਿੰਦੇ ਹਨ ਕਿ ਮੇਰੀ ਜਾਨ ਦੀ ਜਾਨ ਜਾਨਕੀ ਕਿਥੇ ॥96॥

ਸ੍ਵੈਯਾ।।

ਬੀਚ ਬਰਾਗ ਨਾ ਲਾਜ ਰਹੀ ਜਾਏ  ਕੇਲੇ ਪਹ ਕਦਲੀ ਸੀ ਜੰਘ ਰਰੇ।

ਮ੍ਰਿਗੋਂ ਕੀ ਡਾਰ ਮਿਲੇ ਬਨ ਮੇ  ਤਹ ਨਾਮ ਸੀਆ ਮ੍ਰਿਗ ਨੈਨੀ ਧਰੇ।

ਪੁਸਪੋਂ ਕੀ ਪੰਕਤ ਦੇਖ ਲਵੇ  ਤਹ ਕੋਮਲ ਬਦਨੀ ਕਾ ਅੰਗ ਭਰੇ।

ਚੰਦ ਮੁਖੀ ਚੰਦੁ ਦੇਖ ਕਹੇ ਐਸੇ  ਦਾਸ ਭਗਵਾਂਨ ਕਿਉਂ ਦੂਖ ਜਰੇ।।97।।

 

ਪਦ ਅਰਥ:-ਬਰਾਗ=ਉਦਾਸ। ਜਘ=ਲੱਤਾਂ। ਮ੍ਰਿਗ ਨੈਨੀ=ਹਰਨ ਦੀਆਂ ਅੱਖਾਂ ਵਰਗੀ। ਚੰਦ ਮੁਖੀ=ਚੰਦ੍ਰਮਾ ਵਰਗੀ।

ਅਰਥ:- ਵੈਰਾਗ ਦੀ ਦਸ਼ਾ ਵਿਚ ਲਾਜ ਨੂੰ ਛੱਡੀ ਫਿਰਦੇ ਹਨ ਕੇਲੇ ਕੋਲ ਜਾ ਕੇ ਸੀਤਾ ਦੀ ਜੰਘਾਂ ਦੀ ਸਿਫਤ ਕਰਦੇ ਹਨ। ਜੇ ਹਰਨਾਂ ਦੀ ਡਾਰ ਜੰਗਲ ਵਿਚ ਮਿਲ ਜਾਂਦੀ ਹੈ ਤਾਂ ਸੀਤਾ ਦਾ ਨਾਮ ਮ੍ਰਿਗ ਨੈਨੀ ਰੱਖ ਦਿੰਦੇ ਹਨ। ਜੇ ਫੁਲਾਂ ਦੀ ਪੰਕਤੀ ਤਕਦੇ ਹਨ ਤਾਂ ਕੋਮਲ ਅੰਗਾਂ ਵਾਲੀ ਸੀਤਾ ਦੀ ਸਿਫਤ ਕਰਦੇ ਹਨ। ਚੰਦ੍ਰਮਾ ਨੂੰ ਦੇਖਕੇ ਸੀਤਾ ਨੂੰ ਚੰਦਰਮੁਖੀ ਕਹਿੰਦੇ ਹਨ। ਇਸ ਤਰਾਂ ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਸੀਤਾ ਦੇ ਵਿਛੋੜੇ ਨੂੰ ਰਾਮ ਜੀ ਜਰ ਨਹੀਂ ਸਕਦੇ॥97॥

 

ਸ੍ਵੈਯਾ।।

ਖੋਜਤ ਖੋਜਤ ਖੋਜ ਲਹਿਓ ਹੁਣ  ਜਾਂਨਕੀ ਲੈ ਗਿਆ ਲੰਕ ਪਤੀ।

ਰਾਮ ਨੇ ਜੁਧ ਸਮਾਨ ਕੀਆ ਐਸੇ  ਜੋਸ ਹੂਆ ਹੁਣ ਆਇ ਅਤੀ।

ਸੀਲ ਸੁਗ੍ਰੀਵ ਹੈ ਸਾਥ ਲੀਓ  ਅਹੰ ਮਾਰ ਦੀਓ ਬਾਲੀ ਮਲਨ ਮਤੀ।

 ਦਾਸ ਭਗਵਾਂਨ ਬੈਰਾਗ ਹਨਵੰਤਤਰ  ਤੀਬਰ ਹੈ ਅਬ ਜਾਹਿ ਗਤੀ।।98।।

 

ਪਦ ਅਰਥ:- ਲੰਕ ਪਤੀ=ਰਾਵਣ। ਸੀਲ=ਸੋਹਣਾ, ਸੁਭਾਅ। ਸੁਗ੍ਰੀਵ=ਸੂਰਜ ਦਾ ਪੁਤ੍ਰ ਸ੍ਰੀ ਰਾਮ ਚੰਦ੍ਰ ਜੀ ਨੇ ਬਾਲੀ ਨੂੰ ਮਾਰ ਕੇ ਇਸ ਨੂੰ ਰਾਜ ਦਿਵਾਇਆ ਸੀ। ਸੁਗਰੀਵ ਨੇ ਲੰਕਾ ਫਤਹਿ ਕਰਨ ਵਿਚ ਸ੍ਰੀ ਰਾਮ ਚੰਦ੍ਰ ਜੀ ਦੀ ਮਦਦ ਕੀਤੀ। ਬਾਲੀ=ਸੁਗਰੀਵ ਦਾ ਵੱਡਾ ਭਾਈ।

ਅਰਥ:- ਖੋਜ ਕਰਦਿਆਂ ਪਤਾ ਲਗਾ ਕਿ ਸੀਤਾ ਰਾਵਣ ਲੈ ਗਿਆ ਹੈ ਅਤੀ ਜੋਸ਼ ਵਿਚ ਆ ਕੇ ਸ੍ਰੀ ਰਾਮ ਚੰਦ੍ਰ  ਜੀ ਨੇ ਯੁੱਧ ਦਾ ਉਤਸ਼ਾਹ ਕੀਤਾ। ਅਹੰਕਾਰ ਰੂਪੀ ਮਲੀਨ ਮੱਤ ਵਾਲੇ ਬਾਲੀ ਨੂੰ ਮਾਰ ਕੇ ਸੀਲ ਸੁਭਾਅ ਰੂਪ ਸੁਗਰੀਵ ਨੂੰ ਨਾਲ ਲੈ ਕੇ ਲੰਕਾ 'ਤੇ ਚੜਾਈ ਕੀਤੀ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਸ੍ਰੀ ਹਨੂੰਮਾਨ ਜੀ ਵੀ ਜਾਣ ਨੂੰ ਬੜੇ ਤੀਬਰ ਸਨ। ਇਸ ਲਈ ਉਨਾਂ ਨੂੰ ਵੀ ਨਾਲ ਲੈ ਲਿਆ॥98॥

 

 

ਸ੍ਵੈਯਾ॥

ਅੰਗਦ ਅੰਗ ਬਬੇਕ ਲੀਓ  ਕੀਨੀ ਰਾਮ ਨੇ ਲੰਕ ਪੈ ਆਣ ਚੜਾਈ।

ਸਮ ਦਮ ਹੈ ਨਲ ਨੀਲ ਦੋਊ  ਪੁਲੁ ਗਿਆਨ ਰਮੇਸਰ ਹੈ ਦ੍ਰਿੜਾਈ।

ਸੰਜਮ ਕੀ ਸਭ ਸੈਨ ਕਰੀ  ਜਿਨ ਰਾਵਣ ਕੀ ਰਜਧਾਨੀ ਰੁੜਾਈ।

ਰਾਵਣ ਬੁਧ ਮਦੋਦਰ ਬਰਜਤ  ਦਾਸ ਭਗਵਾਨ ਹੈ ਰਾਰ ਰਚਾਈ॥99॥

 

ਪਦ ਅਰਥ:-ਅੰਗਦ=ਬਾਲੀ ਦਾ ਪੁਤਰ, ਸ੍ਰੀ ਰਾਮ ਚੰਦ੍ਰ ਜੀ ਦਾ ਦੂਤ ਬਣਕੇ ਰਾਵਣ ਪਾਸ ਗਿਆ ਸੀ। ਨਲ ਨੀਲ=ਸ੍ਰੀ ਰਾਮ ਚੰਦ੍ਰ ਦੀ ਸੈਨਾ ਦੇ ਬਾਂਦਰ ਜਿਨਾਂ ਨੇ ਲੰਕਾ ਦਾ ਪੁਲ ਬਣਾਉਣ ਵਿਚ ਬਹੁਤ ਕੰਮ ਕੀਤਾ। ਰਮੇਸਰ=ਰਾਮ। ਮਦੋਦਰ= ਰਾਵਣ ਦੀ ਰਾਣੀ ਜਿਸਨੇ ਸ੍ਰੀ ਰਾਮ ਚੰਦ੍ਰ ਜੀ ਨਾਲ ਵੈਰ ਕਰਨ ਤੋਂ ਆਪਣੇ ਪਤੀ ਨੂੰ ਰੋਕਿਆ।

ਅਰਥ:- ਬਬੇਕ ਰੂਪ ਅੰਗਦ ਨੂੰ ਨਾਲ ਲੈ ਕੇ ਰਾਮ ਜੀ ਨੇ ਲੰਕਾ ਤੇ ਚੜ੍ਹਾਈ ਕੀਤੀ। ਇੰਦ੍ਰੇ ਤੇ ਮਨ ਦਾ ਰੋਕਣਾ ਇਹ ਦੋ ਸੈਨਾਪਤੀ ਨਾਲ ਲੈ ਲਏ, ਜਿਨਾਂ ਨੇ ਗਿਆਨ ਰੂਪ ਪੁਲ ਦਾ ਬੰਨਣ ਕੀਤਾ। ਸੁਚ ਸੰਜਮ ਤੇ ਸਫਾਈ ਦੀ ਸੈਨਾ ਨਾਲ ਲੈ ਕੇ ਰਾਵਣ ਦੀ ਰਾਜਧਾਨੀ ਲੰਕਾ ਨੂੰ ਰੁੜ੍ਹਾ ਦਿੱਤਾ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਰਾਵਣ ਦੀ ਰਾਣੀ ਮਦੋਦਰੀ ਜੋ ਚੰਗੀ ਬੁਧੀਵਾਨ ਸੀ, ਰਾਵਣ ਨੂੰ ਯੁੱਧ ਕਰਨ ਤੋਂ ਵਰਜਦੀ ਰਹੀ ॥99॥

 

ਸ੍ਵੈਯਾ।।

ਕਾਮਾਦ ਕੁਟੰਬ ਹੈ ਸਾਥ ਲੀਆ  ਆਏ ਦਹਸਿਰ ਲੈ ਦਲ ਜੁਧ ਮਝਾਰੀ।

ਦੋਨੋ ਤਰਫ ਸੇ ਆ ਸੰਗ੍ਰਾਂਮ ਲਗਾ  ਐਸੀ ਆਣ ਮਚੀ ਹੁਣ ਗਰਦ ਗੁਬਾਰੀ।

ਤ੍ਰਿਸਨਾ ਬਰਛੀ ਲਗੀ ਆਇ ਐਸੀ  ਪਈ ਲਛਮਣ ਮੂਰਛਾ ਆਣ ਕਰਾਰੀ।

ਦਾਸ ਭਗਵਾਂਨ ਆ ਐਸੀ ਭਈ  ਪਈ ਰਾਮ ਕੋ ਆ ਹੁਣ ਸੋਚ ਹੈ ਭਾਰੀ।।100।।

 

ਪਦ ਅਰਥ:-ਕਾਮਾਦ=ਕਾਮ ਕਰੋਧ ਆਦਿ ਪੰਜ ਦੂਤ। ਦਹਸਿਰ=ਰਾਵਣ। ਸੰਗ੍ਰਾਂਮ=ਜੰਗ। ਮੂਰਛਾ ਕਰਾਰੀ=ਕਰੜੀ ਬੇਹੋਸ਼ੀ

ਅਰਥ:-ਕਾਮਦਿਕ ਦੀ ਫੌਜ ਲੈ ਕੇ ਰਾਵਣ ਯੁੱਧ ਵਿਚ ਕੁੱਦ ਪਿਆ। ਦੋਹਾਂ ਪਾਸਿਆਂ ਤੋਂ ਬਹੁਤ ਕਰਾਰਾ ਯੁੱਧ ਹੋਇਆ, ਜਿਸ ਦੇ ਕਾਰਨ ਸਾਰੇ ਗਰਦ ਗੁਬਾਰ ਛਾ ਗਿਆ। ਤ੍ਰਿਸ਼ਨਾ ਰੂਪ ਬਰਛੀ ਲਗਣ ਤੇ ਲਛਮਣ ਮੂਰਛਿਤ ਹੋ ਗਿਆ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਇਸ ਸਮੇਂ ਸ੍ਰੀ ਰਾਮ ਚੰਦ੍ਰ ਜੀ  ਭਾਰੀ ਸੋਚ ਪੈ ਗਈ ॥100॥

ਸ੍ਵੈਯਾ।।

ਬੈਠ ਬਚਾਰਿ ਹੈ ਰਾਮ ਕੀਓ  ਈਹਾ ਬੈਦ ਸੁਜਾਨ ਕੋ ਭਾਲ ਜੀਆ।

ਸੁਖ ਚੈਨ ਤਤੱਗ ਮੁਹਾਤਮਾਂ ਹੈ  ਬੂਟੀ ਦੇ ਬ੍ਰਹਮ ਵਾਕ ਸੁਰਜੀਤ ਕੀਆ।

ਲਛਮਨ ਜਿਉਂ ਕਾ ਹੋ ਤਿਉਂ ਗਿਆ  ਵਤ ਆਪਣਾ ਆਪ ਸੰਭਾਲ ਲੀਆ।

ਦਾਸ ਭਗਵਾਨ ਆ ਜੋਰ ਕੀਆ  ਹੁਣ ਰਾਵਣ ਦੁਸਟ ਕੋ ਮਾਰ ਦੀਆ।।101।।

 

ਪਦ ਅਰਥ:-ਤਤੱਗ=ਤੱਤ ਨੂੰ ਜਾਨਣ ਵਾਲੇ। ਸੁਰਜੀਤ ਕੀਆ=ਹੋਸ਼ ਵਿਚ ਲਿਆਉਣਾ।

ਅਰਥ:-  ਰਾਮ ਜੀ ਨੇ ਬੈਠ ਕੇ ਵਿਚਾਰ ਕੀਤੀ ਕਿ ਕੋਈ ਸਿਆਣਾ ਵੈਦ ਲੱਭਣਾ ਚਾਹੀਦੈ। ਸੁਖ ਤੇ ਚੈਨ ਦੇ ਦੇਣ ਵਾਲੇ ਤੱਤਵੇਤਾ ਮਹਾਤਮਾ ਲੋਕ ਹੀ ਸੁਜਾਨ ਵੈਦ ਹੈ ਜਿਸ ਨੇ ਬ੍ਰਹਮਵਾਕ ਰੂਪੀ ਬੂਟੀ ਦਿੱਤੀ ਤੇ ਲਛਮਣ ਨੂੰ ਸੁਰਜੀਤ ਕੀਤਾ ਅਤੇ ਲਛਮਣ ਜਿਉਂ ਦਾ ਤਿਉਂ ਹੋ ਗਿਆ। ਰਾਵਣ ਤੇ ਉਸ ਦੀ ਸੈਨਾ ਨੇ ਐਸਾ ਜ਼ੋਰ ਪਾਇਆ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਦੁਸ਼ਟ ਨੂੰ ਮਾਰ ਦਿੱਤਾ॥101॥

 

 

ਸ੍ਵੈਯਾ।।

ਧੂਮ ਔ ਧਾਮ ਹੂਈ ਅਬ ਲੰਕ ਮੇ  ਦੁਰਜਨ ਰਾਮ ਨੇ ਆਣ ਮੁਕਾਏ।

ਬੋਧ ਬਭੀਛਨ ਜਾਣ ਲਵੋ ਜੋਈ  ਸਰਨ ਔ ਚਰਨ ਹੈਂ ਰਾਮ ਕੇ ਆਏ।

ਹੈ ਤਹ ਲੰਕ ਕਾ ਰਾਜ ਦੀਓ  ਨਿਜਿ ਹਾਥਨ ਸੇ ਰਾਜ ਤਿਲਕ ਚੜਾਏ।

ਦਾਸ ਭਗਵਾਨ ਸਮੇਤ ਸੀਆ ਹੁਣ  ਲਛਮਣ ਰਾਮ ਕੁਲਾਹਲ ਪਾਏ।।102।।

 

ਪਦ ਅਰਥ:-ਧੂਮ ਧਾਮ=ਖੁਸ਼ੀਆਂ। ਦੁਰਜਨ=ਖੋਟੇ ਪੁਰਸ਼। ਬੋਧ=ਸਮਝ ਵਾਲਾ। ਬਭੀਛਨ=ਰਾਵਣ ਦਾ ਭਾਈ ਬੁੱਧੀਵਾਨ ਪ੍ਰੇਮੀ। ਚਰਨ ਸਰਨ=ਰਾਮ ਦੀ ਸ਼ਰਨ। (ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ। ਕੁਲਾਹਲ=ਖੁਸ਼ੀਆਂ ਕੀਤੀਆਂ।

ਅਰਥ:- ਰਾਮ ਜੀ ਨੇ ਖੋਟੇ ਪੁਰਸ਼ਾਂ ਦਾ ਨਾਸ਼ ਕਰਕੇ ਲੋਕਾਂ ਵਿਚ ਬੜੀ ਧੂਮ-ਧਾਮ ਕੀਤੀ। ਬੋਧ ਰੂਪ ਬਭੀਸ਼ਣ ਜੋ ਰਾਮ ਜੀ ਦੀ ਚਰਨ ਸ਼ਰਨ ਪ੍ਰਾਪਤ ਹੋਇਆ ਉਸਦਾ ਪਿਆਰ ਤੇ ਪ੍ਰੇਮ ਦੇਖਕੇ ਲੰਕਾ ਦਾ ਰਾਜ ਦੇ ਕੇ ਤਿਲਕ ਦੇ ਦਿੱਤਾ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਰਾਮ ਚੰਦਰ ਜੀ ਸਮੇਤ ਲਛਮਣ ਤੇ ਸੀਤਾ ਨੇ ਬਹੁਤ ਖੁਸ਼ੀਆਂ ਕੀਤੀਆਂ ॥102॥

ਸ੍ਵੈਯਾ।।

ਅਮਰਾ ਪੁਰ ਆਜੁਧਿਆ ਆਇ ਗਏ  ਨਿਜ ਧਾਂਮ ਮੇ ਇਸਥਿਤ ਆ ਅਬ ਪਾਏ।

ਨਿਜ ਮਾਤਨ ਹੈ ਉਤਸਾਹ ਭਇਆ  ਮਿਲ ਸਖੀਅਨ ਹੈ ਸੁਭ ਮੰਗਲ ਗਾਏ।

ਬਾਜੇ ਬਾਜਤ ਭਾਂਤਨ ਭਾਂਤਨ ਕੇ  ਧੁਨ ਸੰਖ ਘੜਿਆਲ ਕੀ ਹੈ ਅਧਕਾਏ।

ਪਰਮਾਨੰਦ ਅਪ੍ਰੋਖ ਪਰੇਮ ਭਇਆ  ਹੁਣ ਦਾਸ ਭਗਵਾਂਨ ਕੀ ਆਖ ਸੁਣਾਏ।।103।।

 

ਪਦ ਅਰਥ:-ਪਰਮਾਨੰਦ=ਅਤੀ ਖੁਸ਼ੀ। ਅਪ੍ਰੋਖ=ਪ੍ਰਗਟ।

ਅਰਥ:- ਅਯੁਧਿਆ ਜੋ ਅਮਰਾਪੁਰੀ ਦੀ ਨਿਆਈਂ ਹੈ ਸ੍ਰੀ ਰਾਮ ਜੀ ਹੁਣ ਬਣ ਤੋਂ ਆਪਣੇ ਅਸਥਾਨ ਤੇ ਆ ਟਿਕੇ। ਮਾਤਾਵਾਂ ਨੂੰ ਬਹੁਤ ਉਤਸ਼ਾਹ ਹੋਇਆ, ਸਭ ਸਖੀਆਂ ਨੇ ਮਿਲ ਕੇ ਖੁਸ਼ੀ ਦੇ ਗੀਤ ਗਾਏ। ਭਾਂਤ ਭਾਂਤ ਦੇ ਵਾਜੇ ਵੱਜਦੇ ਹਨ ਤੇ ਸੰਖ ਤੇ ਘੜਿਆਲ ਆਦਿਕ ਦੀ ਉੱਚ ਧੁਨੀ ਹੋ ਰਹੀ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮਾਨੰਦ ਦਾ ਪ੍ਰੇਮ ਪ੍ਰਤੱਖ ਪ੍ਰਗਟ ਹੋ ਗਿਆ ਹੈ। ਭਾਵ ਪਰਮ ਅਨੰਦ ਦੀ ਪ੍ਰਾਪਤੀ ਹੋਈ ਹੈ। ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਭਾਵ ਇਹ ਅਕਥ ਹੈ। ਹੁਣ ਅਤਿਅੰਤ ਖੁਸ਼ੀ ਅਤੇ ਪ੍ਰੇਮ ਵਾਲਾ ਮਹੌਲ ਬਣਿਆ ਹੋਇਆ ਹੈ ॥103॥

 

ਸ੍ਵੈਯਾ।।

ਰਾਮ ਕੋ ਰੂਪ ਨਿਹਾਰ ਨਿਹਾਰ ਕੇ  ਆਪ ਬਸਾਰ ਹੋ ਰਾਮ ਗਏ।

ਭਾਵਨਾ ਭਾਵ ਮੇ ਭਾਵ ਹੂਏ  ਇਕ ਸਾਰ ਬਿਖੇ ਗੁੰਮ ਗਾਂਮ ਗਏ।

ਕਾਰਨ ਸੂਖਮ ਥੂਲ ਸ੍ਰੀਰ ਜਹ  ਆਪ ਨਂਹੀ ਨਾਮੀ ਨਾਂਮ ਗਏ।

 ਦਾਸ ਭਗਵਾਨ ਕੀ ਕਹੇ ਬਖਾਂਨ  ਜਹ ਧਿਆਨ ਹੀ ਪਾ ਬਿਸਰਾਂਮ ਗਏ।।104।।

 

ਪਦ ਅਰਥ:-ਨਿਹਾਰ=ਦੇਖ ਕੇ। ਬਸਾਰ=ਭੁਲਾ ਕੇ। ਸਾਰ=ਤੱਤ। ਕਾਰਨ, ਸੂਖਮ, ਥੂਲ=ਤਿੰਨ ਪ੍ਰਕਾਰ ਦੇ ਸਰੀਰ। ਨਾਮੀ=ਨਾਮ ਵਾਲਾ।

ਅਰਥ:- ਰਾਮ ਦਾ ਰੂਪ ਦੇਖਦੇ ਦੇਖਦੇ ਆਪਾ ਭਾਵ ਭੁਲਾ ਕੇ ਰਾਮ ਰੂਪ ਹੋ ਗਏ। ਭਾਵਨੀ ਵਿਚ ਜੋ ਭਾਵ ਹੈ ਉਸਦਾ ਰੂਪ ਹੋ ਗਏ ਇਕ ਤੱਤ ਸਰੂਪ ਵਿਚ ਲੀਨ ਹੋ ਗਏ। ਤਿੰਨ ਪ੍ਰਕਾਰ ਦੇ ਸਰੀਰਾਂ ਤੇ ਉਚੇ ਹੋ ਕੇ ਜਿੱਥੇ ਆਪਾ ਨਹੀਂ, ਉਥੇ ਨਾਮ ਵਾਲੇ ਰਾਮ ਵਿਚ ਰਾਮ ਰੂਪ ਹੋ ਗਏ। ਜਿੱਥੇ ਇੱਕ ਬ੍ਰਹਮ ਹੀ ਹੈ। ਉਸਦੇ ਧਿਆਨ ਵਿਚ ਲੀਨ ਹੋ ਗਏ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਅਜਿਹੀ ਅਵਸਥਾ ਕਥਨ ਤੋਂ ਪਰ੍ਹੇ ਹੈ ਉਸਦਾ ਬਿਆਨ ਕੀਤਾ ਹੀ ਨਹੀਂ ਜਾ ਸਕਦਾ ॥104॥

 

ਸ੍ਵੈਯਾ।।

ਭਇਆ ਬੋਧ ਨ਼ਹੀ ਅਬ ਜਾਂ ਜਨ ਕੋ  ਨਂਹੀ ਸਾਰ ਹੈ ਆਤਮ ਭੂਛਨ ਕੀ।

ਮਾਨਸ ਜਨਮ ਤਹ ਕਾਹੇ ਲੀਓ  ਨਂਹੀ ਸੁਧ ਅਨਾਤਮ ਦੂਛਨ ਕੀ।

ਜੜੀ ਭੂਤ ਹੂਏ ਪ੍ਰਪੰਚ ਬਿਖੇ  ਨਂਹੀ ਲਜਾ ਕਛੂ ਦਾੜੀ ਮੂਛਨ ਕੀ।

ਦਾਸ ਭਗਵਾਨ ਹੋ ਬੈਲ ਰਹੇ  ਇਕ ਕਸਰ ਰਹੀ ਸਿੰਙ ਪੂਛਨ ਕੀ।।105।।

 

ਪਦ ਅਰਥ:-ਬੋਧ=ਸਮਝ।ਸਾਰ=ਖਬਰ।ਆਤਮ ਭੂਛਨ=ਆਤਮਕ ਗਹਿਣਾ। ਮਾਨਸ=ਮਨੁੱਖ। ਸੁਧ=ਖਬਰ। ਅਨਾਤਮ=ਜੜ। ਦੂਛਨ=ਦੋਸ਼। ਜੜੀ ਭੂਤ=ਪੱਥਰ ਭੂਤਨੇ। ਪ੍ਰਪੰਚ=ਸੰਸਾਰ।

ਅਰਥ:-ਜਿਨਾਂ ਮਨੁੱਖਾਂ ਨੂੰ ਆਪਣੇ ਆਪ ਦਾ ਗਿਆਨ ਨਹੀਂ ਹੋਇਆ ਤੇ ਆਤਮਕ ਪਦਾਰਥ ਦੀ ਕੋਈ ਖਬਰ ਨਹੀਂ। ਉਨਾਂ ਨੇ ਮਨੁੱਖਾ ਜਨਮ ਕਿਸ ਲਈ ਪ੍ਰਾਪਤ ਕੀਤਾ ਜਿਨਾਂ ਨੂੰ ਮੂਰਖਪੁਣੇ ਦੇ ਦੋਸ਼ਾਂ ਦਾ ਅਹਿਸਾਸ ਨਹੀਂ ਹੋਇਆ। ਇਸ ਸੰਸਾਰ ਵਿੱਚ ਜੜ ਭੂਤ ਦੀ ਨਿਆਈਂ ਰਹੇ ਤੇ ਦਾੜ੍ਹੀ ਮੁੱਛਾਂ ਦੀ ਭੀ ਸ਼ਰਮ ਨਾ ਕੀਤੀ। ਦਾਸ ਭਗਵਾਨ ਬਿਆਨ ਕਰਦੇ ਹਨ ਉਹ ਬੈਲ ਹੀ ਰਹੇ ਕੇਵਲ ਸਿੰਗਾਂ ਤੇ ਪੂਛ ਦੀ ਕਸਰ ਹੈ ॥105॥

 

 

ਸ੍ਵੈਯਾ।।

ਚਿਦਾਕਾਸ ਪ੍ਰਕਾਸ ਸਰੂਪਸਹੀ  ਵਾਯੂ ਨਾਰ ਜਲ ਰੀਧ ਫਲਾਰ ਭਇਆ।

  ਸਾਂਤਕ ਰਾਜਸ ਤਾਮਸ ਜੋ ਗੁਣ  ਤੀਨ ਹਮਾ ਬਿਸਥਾਰ ਭਇਆ।

  ਤਾਕਤ ਆਪ ਸੁਭਾਵ ਸੇ  ਆਪ ਹੀ ਹੈ ਪੰਜ ਤਤ ਬੁਖਾਰੁ ਭਇਆ।

 ਜਾਤੀ ਮਾਦਾ ਹੋ ਅੰਕ੍ਰ ਜਾਤ ਵਿਖੇ  ਇਉ ਦਾਸ ਭਗਵਾਂਨ ਅਕਾਰ ਭਇਆ।।106।।

 

ਪਦ ਅਰਥ:- ਚਿਦਾਕਾਸ=ਅਕਾਸ਼ ਵੱਤ ਨਿਰਲੇਪ। ਬ੍ਰਹਮ=ਕਰਤਾਰ। ਵਾਯੂ=ਹਵਾ। ਨਾਰ=ਅੱਗ। ਜਲ=ਪਾਣੀ। ਰੀਧ=ਮਿੱਟੀ। ਫਲਾਰ=ਪਸਾਰਾ। ਸਾਂਤਕ ਰਾਜਸ ਤਾਮਸ=ਤਿੰਨ ਗੁਣਾਂ ਵਾਲੀ ਸ੍ਰਿਸਟੀ। ਹਮਾ=ਸਾਰਾ। ਪੰਜ ਤੱਤ=ਅੱਪ (ਪਾਣੀ) ਤੇਜ (ਅਗਨ) ਤੇਜ, ਵਾਯੂ, ਪ੍ਰਿਥਵੀ, ਅਕਾਸ਼। ਅਕਾਰ=ਪਸਾਰਾ।

ਅਰਥ:- ਅਕਾਸ਼ ਵੱਤ ਨਿਰਲੇਪ ਬ੍ਰਹਮ ਤੋਂ ਜੋ ਉਸਦਾ ਸਹੀ ਸਰੂਪ ਹੈ ਤੋਂ ਹਵਾ, ਪਾਣੀ ਅੱਗ ਆਦਿ ਦਾ ਪਸਾਰਾ ਹੋਇਆ। ਤਿੰਨਾਂ ਗੁਣਾਂ ਸੱਤ, ਰਜ, ਤਮ ਤੋਂ ਸਾਰਾ ਵਿਸਥਾਰ ਹੋਇਆ ਅਤੇ ਇਹ ਤਿੰਨੇ ਗੁਣ ਰਾਜਸ, ਸਾਂਤਕ, ਤਾਮਸ ਇਹ ਸਭ ਉਸਦੀ ਮਾਇਆ ਦਵਾਰਾ ਉਤਪੰਨ ਹੋਏ ਹਨ। ''ਚੀਨੈ ਤਿਨ੍ ਹੀ ਪਰਮ ਪਦੁ ਕਉ ਜੋ ਨਰੁ ਚੀਨੈੁ ਤਿਨੁ ਹੀ ਪਰਮ ਪਦੁ ਪਾਇਆ ॥' ਬ੍ਰਹਮ ਨੇ ਆਪਣੀ ਸ਼ਕਤੀ ਤੇ ਸੁਭਾਵ ਦੁਆਰਾ ਪੰਜਾਂ ਤੱਤਾਂ ਤੋਂ ਤ੍ਰਿਗੁਣੀ ਮਾਇਆ ਦਾ ਵਿਸਥਾਰ ਕੀਤਾ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਜੜ੍ਹ ਸੰਸਾਰ ਵਿਚ ਚੇਤਨ ਸੱਤ ਭਰਕੇ ਇਸ ਮਾਦੀ ਦੁਨੀਆਂ ਦਾ ਆਕਾਰ ਬਣਾਇਆ ॥106॥

 

ਸ੍ਵੈਯਾ।।

ਅੰਗ ਮੇ ਅੰਗ ਉਮੰਗ ਕਰੀ ਜਬ  ਅੰਗ ਨਾ ਅੰਗ ਮੇ ਅੰਗ ਹੈਂ ਆਏ।

ਦੇਸ ਕਾਲ ਮੇ ਆਇ ਨਿਵਾਸੁ ਕੀਓ  ਤਹ ਨੁਕਤੇ ਹਬਾਬ ਸੇ ਚਾਰ ਉਠਾਏ।

ਏਕ ਹੈ ਜਿਗਰ ਤੇ ਦੂਸਰਾ ਜੋ ਦਿਲ  ਤੀਸਰਾ ਬੀਚ ਦਮਾਂਗ ਕੇ ਜਾਏ।

ਚੌਥਾ ਘੇਰ ਲਿਆਵਤ ਹੈ ਤਿਨ ਕੋ  ਅਬ ਦਾਸ ਭਗਵਾਂਨ ਕੀ ਰੰਗੁ ਦਿਖਾਏ।।107।।

 

ਪਦ ਅਰਥ:-ਅੰਗ=ਬ੍ਰਹਮ। ਅੰਗ=ਜੀਵ। ਦੇਸ=ਕਾਲ=(ੳਜਠਕ) ਹਬਾਬ=ਬੁਲਬੁਲਾ।

ਅਰਥ:-  ਜਦੋਂ ਅਜੇ ਬ੍ਰਹਮ ਸੁਨ ਵਿਚ ਸੀ ਤੇ ਇੱਕ ਤੋਂ ਅਨੇਕ ਹੋਣ ਦੀ ਇੱਛਾ ਕੀਤੀ। ਜਿਸ ਸਮੇਂ ਦੇਸ ਕਾਲ ਵਾਲੀ ਦੇਹ ਵਿਚ ਆ ਕੇ ਨਿਵਾਸ ਕੀਤਾ ਤੇ ਉਸ ਤੋਂ ਫੁਰਨੇ ਰੂਪ ਬੁਲਬੁਲੇ ਤਿੰਨ ਅਸਥਾਨ ਇਸ ਸਰੀਰ ਵਿਚ ਕਾਇਮ ਕੀਤੇ। (1) ਜਿਗਰ (2) ਦਿਲ (3) ਸੁਰਤ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਜਦੋਂ ਤੁਰੀਆ ਪਦ ਤੇ ਪੁੱਜੇ ਤਾਂ ਉਸ ਅਵਸਥਾ ਦਾ ਜ਼ਿਕਰ ਕਥਨ ਤੋਂ ਪਰ੍ਹੇ ਹੈ

॥107॥

ਸ੍ਵੈਯਾ।।

ਖੋਜ ਖਿਆਲ ਲੈ ਖੂਬ ਜਮਾਲ  ਹੋ ਖਾਵਿੰਦ ਖਾਸ ਖੁਦਾਵੰਦ ਵਾਲੀ।

ਖਤਰਾ ਏ ਖੌਫੁ ਖੁਆਬ ਖੁਛਾਮਦ  ਖੋ ਖੁਦੀ ਖੁਦ ਖੁਦਾਇ ਖਿਆਲੀ।

 ਖਸਲਤ ਖਾਂਮ ਖਿਜਾਂਇ ਗਈ  ਭਈ ਮੌਸਮ ਮੌਜ ਬਹਾਰ ਨਿਰਾਲੀ।

  ਖਿਰਦਮੰਦ ਖਾਦਿਮ ਆਦਮ ਨੇ ਲਈ  ਦਾਸ ਭਗਵਾਨ ਹੈ ਲਜਤ ਆਲੀ।।108।।

 

ਪਦ ਅਰਥ:-ਖਿਆਲ=ਫੁਰਨਾ। ਜਮਾਲ=ਦਰਸ਼ਨ। ਖਾਵਿੰਦ=ਮਾਲਕ। ਖਤਰਾ ਏ ਖੌਫੁ=ਖੌਫ ਤੇ ਡਰ। ਖੁਆਬ=ਪਰੇਸ਼ਾਨੀ। ਖੁਛਾਮਦ=ਝੂਠੀ ਤਰੀਫ। ਖੋ=ਸੁਭਾਅ। ਖੁਦੀ=ਅਹੰਕਾਰ। ਖਸਲਤ=ਸੁਭਾ। ਖਾਂਮ=ਕੱਚੀ। ਖਿਜਾਂਇ=ਪੱਤਝੜ। ਖਿਰਦਮੰਦ=ਦਾਨਾ, ਸਿਆਣਾ।

ਅਰਥ:- ਆਪਣੇ ਖਿਆਲ ਦੀ ਖੋਜ ਕਰਕੇ ਖਾਸ ਖੁਦਾ ਦਾ ਦਰਸ਼ਨ ਕਰਕੇ ਖੁਦ ਖੁਦਾ ਹੋ ਜਾਹ। ਖੁਦਾ ਦੇ ਖਿਆਲ ਵਾਲਾ ਹੋ ਕੇ ਸਾਰੇ ਡਰ ਤੇ ਖੌਫ ਝੂਠੀ ਖੁਸ਼ਾਮਦ ਤੇ ਖੁਦੀ ਦੂਰ ਕਰ ਦੇਹ। ਸੁਭਾਅ ਦਾ ਕੱਚ-ਪੁਣਾ, ਜੋ ਪੱਤਝੜ ਦੇ ਮੌਸਮ ਦੀ ਨਿਆਈਂ ਹੈ, ਦੂਰ ਹੋਣ ਉਪਰੰਤ ਬਹਾਰ ਦੇ ਮੌਸਮ ਦੀ ਨਿਰਾਲੀ ਸ਼ਾਨ ਦੇਖਣ ਨੂੰ ਮਿਲੀ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਦਾਨੇ ਆਦਮੀ ਨੇ ਖਲਕਤ ਦੀ ਸੇਵਾ ਕਰਕੇ ਉੱਚਾ ਸੁਆਦ ਪ੍ਰਾਪਤ ਕੀਤਾ ਹੈ ॥108॥

ਸ੍ਵੈਯਾ।।

ਆਪ ਹੀ ਆਪ ਹੈ ਆਪ ਹੀ ਆਪ  ਇਹੁ ਆਪ ਹੀ ਆਪ ਹੈ ਆਪ ਵਲੀ।

ਆਪ ਹੀ ਆਪ ਹੈ ਆਪਿ ਬਿਆਪਕ  ਆਪ ਹੀ ਆਪ ਅਲਾਹਿ ਅਲੀ।

ਆਪ ਹੀ ਆਪਿ ਹੈ ਪਾਰ ਅਪਾਰ  ਇਹ ਆਪ ਹੀ ਆਪ ਅਛਲ ਛਲੀ।

  ਆਪ ਹੀ ਆਪ ਪਛਾਣ ਕੇ ਆਪ ਕੋ  ਦਾਸ ਭਗਵਾਨ ਹੈ ਮੌਜ ਭਲੀ।।109।।

 

ਅਰਥ:- ਮਨ ਕਰਕੇ ਬਾਣੀ ਕਰਕੇ ਤੇ ਬਚਨਾਂ ਕਰਕੇ ਇਹ ਆਪ ਹੀ ਵਲੀ ਹੈ, ਆਪ ਹੀ ਸਰਬ ਵਿਆਪੀ ਹੈ ਤੇ ਆਪ ਹੀ ਉੱਚ ਰੱਬ ਹੈ। ਆਪ ਹੀ ਪਾਰ ਤੋਂ ਅਪਾਰ ਹੈ ਇਹ ਆਪ ਹੀ ਅਛਲ ਹੈ ਤੇ ਸਭ ਨੂੰ ਛਲਣ ਵਾਲਾ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਆਪਣੇ ਆਪ ਨੂੰ ਪਛਾਣ ਕੇ ਭਲੀ ਮੌਜ ਪ੍ਰਾਪਤ ਹੁੰਦੀ ਹੈ॥109॥

ਸ੍ਵੈਯਾ।।

ਆਰਯ ਨਾਮ ਸ੍ਰੇਸਟ ਕਰਮ ਕਾ  ਬਾਕ ਅਵਾਂਤਰ ਬੇਦ ਬਖਾਨੇ।

    ਮਲਨ ਕਰਮ ਕਾ ਨਾਂਮ ਅਨਾਰਯ ਹੈ  ਨਾਹਿ ਪਾਂਬਰ ਬੇਦ ਕੇ ਬਚਨ ਕੋ ਮਾਨੇ।

    ਸਤ ਸੰਤੋਖ ਦਇਆ ਧਰਮ ਲੈ ਰਿਦ  ਨਾਮ ਔ ਦਾਨ ਇਸਨਾਨ ਪੈ ਆਨੇ।

ਇਤਆਦਕ ਕਰਮ ਹੈਂ ਆਰਯ ਕੇ  ਇਉਂ ਦਾਸ ਭਗਵਾਨ ਕੋ ਬਿਰਲਾ ਹੀ ਜਾਨੇ।।110।।

 

ਪਦ ਅਰਥ:-  ਅਵਾਂਤਰ=ਅੰਦਰਲਾ, ਵਿਚਲਾ। ਪਾਂਬਰ=ਪਾਜੀ।

ਅਰਥ:- ਵੇਦਾਂ ਦੇ ਅੰਦਰ ਦਾ ਇਹ ਵਾਕ ਹੈ ਕਿ ਆਰੀਏ ਸ੍ਰੇਸ਼ਟ ਨੂੰ ਕਹਿੰਦੇ ਹਨ। ਮੈਲੇ ਕਰਮ ਕਰਨ ਵਾਲੇ ਨੂੰ ਅਨਾਰਯ ਕਹਿੰਦੇ ਹਨ ਪਰ ਪਾਂਬਰ ਪਾਜੀ ਵੇਦ ਦੇ ਬਚਨਾਂ ਨੂੰ ਮੰਨਦਾ ਨਹੀਂ ਹੈ। ਦੈਵੀ ਗੁਣ ਸਤ ਸੰਤੋਖ ਆਦਿ ਹਿਰਦੇ ਵਿਚ ਧਾਰਨ ਕਰੇ ਤੇ ਨਾਮ ਜਪੇ, ਇਸ਼ਨਾਨ ਕਰੇ ਤੇ ਦਾਨ ਕਰੇ, ਇਹ ਆਰਯ ਦੇ ਕਰਮ ਹਨ। ਰਾਜਾ ਸਾਹਿਬ ਕਹਿੰਦੇ ਹਨ ਕਿ ਇਸ ਗੱਲ ਨੂੰ ਕੋਈ ਵਿਰਲਾ ਹੀ ਮੰਨਦਾ ਹੈ ॥110॥

 

ਸ੍ਵੈਯਾ।।

ਬੇਦ ਬਰੁਧ ਕਰੇ ਬਿਵਹਾਰ  ਜੋ ਸੋ ਮਹਾਂ ਮੂਰਖ ਮੰਦ ਮਤੀ।

  ਮਲਨ ਅਹਾਰ ਜਹ ਮਲਨ ਬਿਹਾਰ ਹੈ  ਕਰਤ ਕੁਕਰਮ ਨਾ ਸੰਕ ਰਤੀ।

   ਯਾਰੀ ਔ ਚੋਰੀ ਫਰੇਬ ਔ ਜੁਲਮ  ਬਰੋਧ ਬਦੀ ਨਿਹ ਸੰਕ ਅਤੀ।

   ਇਹ ਸਭ ਕਰਮ ਅਨਾਰਯ ਕੇ ਹੁਣ  ਦਾਸ ਭਗਵਾਨ ਬਚਾਰ ਬਤੀ।।111।।

 

ਪਦ ਅਰਥ:- ਬਰੁਧ=ਉਲਟ। ਮਲਨ=ਜ਼ਹਿਰ ਦਾ ਖਾਣਾ। ਬਤੀ=ਬਾਤ।

ਅਰਥ:- ਜੋ ਵੇਦਾਂ ਦੇ ਵਿਰੁੱਧ ਵਿਹਾਰ ਕਰਦਾ ਹੈ ਉਹ ਮੂਰਖ ਤੇ ਖੋਟੀ ਮੱਤ ਵਾਲਾ ਹੈ। ਨਿਸੰਕ ਹੋ ਕੇ ਖੋਟੇ ਕਰਮ ਕਰਦਾ ਹੈ, ਅਹਾਰ ਦਾ, ਵਿਹਾਰ ਦਾ ਗੰਦਾ ਹੈ, ਯਾਰੀ, ਚੋਰੀ, ਫਰੇਬ ਔਰ ਵਿਰੋਧ ਤੇ ਬੁਰਾਈ ਤੋਂ ਸ਼ੰਕਾ ਨਹੀਂ ਕਰਦਾ, ਇਹ ਸਭ ਕਰਮ ਅਨਾਰਯ ਦੇ ਹਨ ਰਾਜਾ ਸਾਹਿਬ ਕਹਿੰਦੇ ਹਨ ਇਸ ਗੱਲ ਨੂੰ ਵਿਚਾਰੋ॥111॥

ਸ੍ਵੈਯਾ।।

ਫਲੈਸੀਟਰ ਪਾਰਟੀ ਹੈ ਕਿਉਂ ਆਰਯ  ਬਾਤ ਕਹੋ ਕੁਝ ਮੋ ਸਮਝਾਈ।

ਹਿੰਸਾ ਤਜੀ ਨਂਹੀ ਹੁੱਜਤ ਕੋ ਪੜ  ਈਰਖਾ ਬਾਦ ਸੇ ਹੈ ਅਧਕਾਈ।

ਭੱਛ ਅਭੱਛ ਕਹੁ ਕੈਸੇ ਬਣੇ  ਜਬ ਨਾਮ ਹੀ  ਆਰਯ ਅਰਥ ਸਫਾਈ।

 ਦਾਸ ਭਗਵਾਨ ਹੈ ਸਾਫ ਅਨਾਰਯ  ਕਰਮ ਸ੍ਰੇਸਟ ਨਾ ਰੁਚਲਾਈ।।112।।

 

ਪਦ ਅਰਥ:-ਫਲੈਸੀਟਰ=ਮਾਸ ਅਹਾਰੀ। ਹਿੰਸਾ=ਬੇਰਹਿਮੀ। ਅਧਕਾਈ=ਬਹੁਤ। ਭੱਛ=ਖਾਣ ਯੋਗ। ਅਭੱਛ=ਨਾ ਖਾਣ ਯੋਗ। ਸ੍ਰੇਸਟ ਕਰਮ=ਚੰਗੇ ਕੰਮ। ਰੁਚ=ਰੁਚੀ।

ਅਰਥ:- ਇਹ ਗੱਲ ਸਾਨੂੰ ਸਮਝਾਓ ਭਾਈ, ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਮਾਸਹਾਰੀ ਕਿਵੇਂ ਆਰੀਆ ਕਿਹਾ ਜਾ ਸਕਦਾ ਹੈ। ਈਰਖਾ, ਝਗੜਾ ਤੇ ਬੇਰਹਿਮੀ ਛੱਡੀ ਨਹੀਂ ਇਨਾਂ ਔਗੁਣਾਂ ਵਿਚ ਵਾਧਾ ਹੀ ਕੀਤਾ। ਆਰੀਆ ਨਾਮੇਂ ਅੱਖਰ ਦਾ ਅਰਥ ਹੀ ਸਫਾਈ  ਹੈ ਤਾਂ ਫਿਰ ਨਾ ਖਾਣ ਯੋਗ ਨੂੰ ਕਿਉਂ ਖਾਧਾ ਜਾਵੇ। ਉਹ ਤਾਂ ਭਾਈ ਅਨਾਰਯ ਹੀ ਹੈ ਜਿਸ ਨੇ ਚੰਗੇ ਕੰਮਾਂ ਵਿਚ ਰੁਚੀ ਨਹੀਂ ਲਾਈ॥112॥

ਸ੍ਵੈਯਾ।।

ਬੀਚ ਸਮਾਜ ਕੇ ਦਾਖਲ ਰੋਵਣ  ਕੌਣ ਬਸੇਸਤਾ ਦਸੀਏ ਭਾਈ।

ਅਸਲ ਅਸੂਲ ਸੇ ਮੂਲ ਕੋ ਹਾਂਸਲ  ਬੀਚ ਰਵਾਜ ਨਾ ਧਸੀਏ ਜਾਈ।

  ਬ੍ਰਿਧੀ ਧਰਮ ਕੀ ਜੇ ਨਾਂਹਿ ਹੋਇ ਸਕੇ  ਕਿਉ ਹਾਂਨੀ ਮੇ ਦੀਜੀਏ ਮਦਦ ਆਈ।

  ਦਾਸ ਭਗਵਾਨ ਅਨਾਰਯ ਕੋ ਤਜ  ਆਰਯ ਕੋ ਨ਼ਹੀ ਹਸੀਏ ਰਾਈ।।113।।

 

ਪਦ ਅਰਥ:-ਸਮਾਜ=ਇਕੱਠ। ਬਸੇਸਤਾ=ਵਾਧਾ। ਬ੍ਰਿਧੀ ਧਰਮ=ਧਰਮ ਦਾ ਵਾਧਾ। ਹਾਂਨੀ=ਤੋੜਨਾ, ਨਾਸ਼ ਕਰਨਾ।

ਅਰਥ:- ਕਿਸੇ ਧਰਮ ਜਾਂ ਮਜ਼ਹਬ ਵਿਚ ਦਾਖਲ ਹੋਣ ਦੀ ਕੀ ਵਡਿਆਈ ਹੈ। ਸਹੀ ਅਸੂਲ ਨੂੰ ਛੱਡ ਕੇ ਰਿਵਾਜ਼ਾਂ ਵਿਚ ਦਾਖਲ ਹੋਣ ਨਾਲ ਕੁੱਝ ਹਾਸਿਲ ਨਹੀਂ ਹੋ ਸਕਦਾ। ਜੇਕਰ ਧਰਮ ਦੇ ਕੰਮਾਂ ਵਿਚ ਵਾਧਾ ਨਹੀਂ ਕਰ ਸਕਦਾ ਤਾਂ ਧਰਮ ਦੀ ਹਾਨੀ ਵਿਚ ਹੱਥ ਨਹੀਂ ਪਸਾਰਨਾ ਚਾਹੀਦਾ। ਭੈੜੇ ਪੁਰਸ਼ ਨੂੰ ਛੱਡ ਕੇ ਚੰਗੇ ਕੰਮ ਕਰਨ ਵਾਲੇ ਨੂੰ ਹੱਸਣਾ ਨਹੀਂ ਚਾਹੀਦਾ। ਰਾਜਾ ਜੀ ਦਾ ਇਹ ਕਥਨ ਹੈ ॥113॥

ਸ੍ਵੈਯਾ।।

ਮਾਸ ਅਹਾਰ ਨਹੀਂ  ਦਰਕਾਰ  ਨਾ ਸੁਭ ਅਚਾਰ ਇਹ ਹੈ ਅਨਾਚਾਰੀ।

ਜੜੀ ਭੂਤ ਅਵਿਦਿਆ ਮੇ ਹੋਇ ਰਹੇ  ਪਸ ਨਾ ਦੁਰਮਤ ਦਲੀਲ ਬਸਾਰੀ।

ਖੁਦ ਪਸੰਦ ਹੋ ਅੰਧ ਰਹੇ ਨ਼ਹੀ  ਆਰਯ ਮਤ ਕੀ ਬਾਤ ਬਚਾਰੀ।

 ਦਾਸ ਭਗਵਾਂਨ ਹੈ ਸਾਫ ਅਨਾਰਯ  ਝੂਠ ਨਾ ਜਾਣ ਇਹ ਗਲ ਹਮਾਰੀ।।114।।

 

ਪਦ ਅਰਥ:-ਮਾਸ ਅਹਾਰ=ਮਾਸ ਖਾਣਾ। ਦਰਕਾਰ=ਚਾਹੀਏ। ਸੁਭ ਅਚਾਰ=ਭਲਾ ਕਰਮ। ਅਨਾਚਾਰੀ=ਭੈੜਾ ਕਰਮ। ਜੜੀ ਭੂਤ=ਭੂਤ ਪ੍ਰੇਤ। ਅਵਿਦਿਆ=ਭੁਲੇਖਾ। ਪਸ=ਪਸ਼ੂ ।ਦੁਰਮਤ ਦਲੀਲ=ਖੋਟੀ ਮੱਤ ਵਾਲੀ ਦਲੀਲ।

ਅਰਥ:- ਮਾਸ ਨਹੀਂ ਖਾਣਾ ਚਾਹੀਦਾ ਇਹ ਚੰਗਾ ਕੰਮ ਨਹੀਂ, ਭੈੜਾ ਹੈ। ਭੁਲੇਖੇ ਕਰਕੇ ਮੂਰਖ ਪੱਥਰ ਬਣੇ ਹੋਏ। ਪਸ਼ੂਪੁਣੇ ਕਰਕੇ ਖੋਟੀ ਮੱਤ ਵਾਲੀ ਦਲੀਲ ਨਹੀਂ। ਸ੍ਰੇਸ਼ਟ ਮੱਤ ਦੀ ਗੱਲ ਨਾ ਵਿਚਾਰੀ ਤੇ ਅਹੰਕਾਰ ਤੇ ਖੁਦ ਪਸੰਦੀ ਦੇ ਕਾਰਨ ਅੰਨ੍ਹੇ ਹੋ ਰਹੇ ਹਨ ॥114॥

 

ਸ੍ਵੈਯਾ।।

ਬੈਜੀਟੇਰਯਨ ਪਾਰਟੀ ਹੈ ਕੁਝ ਠੀਕ  ਇਹੁ ਜਾਣ ਤਹਕੀਕ ਤਰੀਕ ਸਫਾਈ।

 ਹਾਲ ਕੋ ਪਾਇ ਕਮਾਲ ਖਿਆਲ ਸੇ  ਨੇਕ ਅਮਾਲ ਕਰੋ ਤੁਮ ਭਾਈ।

ਹੋਇ ਮੁਖਾਲਫ ਨਾਹਿ ਚਲੋ ਖਲੋ  ਮਾਰਗ ਧਰਮ ਕੇ ਊਪਰ ਆਈ।

 ਬਾਤ ਬਚਾਰ ਬਿਹਾਰ ਸਹੀ ਹੁਣ  ਦਾਸ ਭਗਵਾਂਨ ਕਹੇ ਸਮਝਾਈ।।115।।

 

ਪਦ ਅਰਥ:-ਬੈਜੀਟੇਰਯਨ=ਵੈਸ਼ਨਵ ਮੱਤ ਦੇ ਧਾਰਨੀ। ਤਹਕੀਕ=ਸਚਾਈ। ਨੇਕ ਅਮਾਲ=ਚੰਗੇ ਕੰਮ। ਮੁਖਾਲਫ=ਵਿਰੁੱਧ। ਧਰਮ ਕੇ ਮਾਰਗ=ਠੀਕ ਰਸਤਾ ''ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥"ਬਿਹਾਰ ਸਹੀ=ਠੀਕ ਵਿਹਾਰ।

ਅਰਥ:- ਵੈਸ਼ਨਵ ਭੋਜਨ ਦੀ ਪਾਰਟੀ ਕੁਝ ਠੀਕ ਹੈ। ਇਹ ਸੱਚ-ਮੁਚ ਸਫਾਈ ਵਾਲਾ ਰਸਤਾ ਹੈ। ਇਸ ਮੱਤ ਨੂੰ ਚੰਗੀ  ਤਰਾਂ ਜਾਣ ਕੇ ਹੇ ਭਾਈ ਚੰਗੇ ਕੰਮ ਕਰੋ। ਵੈਸ਼ਨਵ ਮੱਤ ਵਾਲਿਆਂ ਦੀ ਵਿਰੋਧਤਾ ਨਾ ਕਰੋ। ਧਰਮ ਦੇ ਰਸਤੇ ਤੇ ਪੱਕੇ ਹੋ ਕੇ ਖੜ ਰਹੋ। ਰਾਜਾ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਬਾਤ ਨੂੰ ਵਿਚਾਰ ਕੇ ਠੀਕ ਵਿਹਾਰ ਕਰੋ ॥115॥

 

ਸ੍ਵੈਯਾ।।

ਦੋ ਪ੍ਰਕਾਰ ਕੇ ਬੇਦ ਕੇ ਵਾਕ ਸੁਣੋ  ਅਬ ਦੇ ਕੰਨ ਤਿਨ ਸਿਆਨੋ।

 ਏਕ ਕਾ ਨਾਮ ਅਵਾਂਤਰ ਵਾਕ ਹੈ  ਦੂਸਰ ਕਾ ਮਹਾਂ ਵਾਕ ਪਛਾਨੋ।

  ਅਵਾਂਤਰ ਵਾਕ ਪਰੋਖ ਗਿਆਨ  ਮਹਾਂਵਾਕ ਸੇ ਅਪਰੋਖ ਗਿਆਨੋ।

    ਸੰਸਾ ਟਰੇ ਨਾਹਿ ਪਰੋਖ ਗਿਆਨ ਸੇ  ਦਾਸ ਭਗਵਾਂਨ ਜਥਾਰਥ ਜਾਨੋ।।116।।

 

ਪਦ ਅਰਥ:-ਅਵਾਂਤਰ=ਅੰਦਰ ਦਾ, ਭੀਤਰ। ਮਹਾਂਵਾਕ=ਉਤਮ, ਸੱਤਯ ਅਤੇ ਸਾਰ ਵਾਲਾ ਵਾਕ। ਪਰੋਖ=ਲੁਕਿਆ ਹੋਇਆ। ਅਪਰੋਖ=ਪ੍ਰਤੱਖ, ਪ੍ਰਗਟ।

ਅਰਥ:- ਹੇ ਸਿਆਣੇ ਪੁਰਸ਼ੋ! ਵੇਦ ਦੇ ਦੋ ਪ੍ਰਕਾਰ ਦੇ ਵਾਕ ਹਨ, ਧਿਆਨ ਨਾਲ ਸੁਣੋ। ਇਕ ਦਾ ਨਾਮ ਅੰਦਰ ਦਾ ਜਾਂ ਭੀਤਰ, ਦੂਸਰਾ ਸੱਤਯ ਅਤੇ ਸਾਰ ਵਾਲਾ ਵਾਕ ਜਾਣੋ। ਅਵਾਂਤਰ ਤੋਂ ਗਿਆਨ ਪ੍ਰਕਾ ਨਹੀਂ ਹੁੰਦਾ ਭਾਵ ਅੰਤਰੀਵੀ ਛੁਪਿਆ ਹੋਇਆ ਗਿਆਨ ਪ੍ਰਗਟ ਨਹੀਂ ਹੁੰਦਾ ਅਤੇ ਨਾ ਹੀ ਇਸ ਨਾਲ ਸੰਸਾ ਮਿਟਦਾ ਹੈ। ਪ੍ਰਤੱਖ ਗਿਆਨ ਦਵਾਰਾ ਹੀ ਸੰਸੇ ਦੀ ਨਵਿਰਤੀ ਹੁੰਦੀ ਹੈ। ਅਤੇ ਪ੍ਰਤੱਖ ਮਹਾਂਵਾਕ ਦਵਾਰਾ ਹੀ ਪ੍ਰਾਪਤ ਹੁੰਦਾ ਹੈ

॥116॥

 

ਸ੍ਵੈਯਾ।।

ਵਾਕ ਅਵਾਂਤਰ ਹੋਇ ਚੁਕਾ ਅਬ  ਰਹਿ ਗਿਆ ਹੈ ਮਹਾਂਵਾਕ ਜੁ ਬਾਕੀ।

ਭੇਦ ਲਿਹਾ ਸਤ ਸੰਗ ਸੇ ਇਹ ਤਬ  ਲਾਜ ਜੌ ਤੀਨ ਕੀ ਹੈ ਪਟ ਚਾਕੀ।

ਹੌਜ ਹਸਾਬ ਤੌਹੀਦ ਭਰਾ ਜਾਇ  ਪ੍ਰੇਮ ਪਿਆਲਾ ਲੈ ਪੀ ਅਬ ਸਾਕੀ।

 ਦਾਸ ਭਗਵਾਂਨ ਬਚਾਰਿਆ ਆਪ ਕੋ  ਆਬ ਨਾ ਬਾਦ ਨਾਂ ਆਤਸ ਖਾਕੀ।।117।।

 

ਪਦ ਅਰਥ:- ਅਵਾਂਤਰ=ਅੰਦਰਲਾ। ਮਹਾਂਵਾਕ=ਸਤਯ। ਲਾਜ=ਸ਼ਰਮ। ਪਟ ਚਾਕੀ=ਪੜਦਾ ਚੁਕਣਾ। ਹੌਜ=ਚਲਾ ਜਾਂ ਔਲੂ। ਹਸਾਬ=ਗਿਣਨਾ। ਤੌਹੀਦ=ਏਕਤਾ। ਸਾਕੀ-ਪਿਲਾਉਣ ਵਾਲਾ। ਆਬ=ਪਾਣੀ। ਬਾਦ=ਹਵਾ। ਆਤਸ=ਅਗ। ਖਾਕੀ=ਮਿਟੀ।

ਅਰਥ:-  ਗੁਪਤ ਵਾਕ ਦਾ ਜ਼ਿਕਰ ਹੋ ਚੁਕਿਆ ਹੈ ਹੁਣ ਅੱਗੇ ਸੱਤਯ ਵਾਕ ਦਾ ਭੇਦ ਖੋਲਦੇ ਹਨ। ਇਹ ਭੇਦ ਸਤਸੰਗ ਤੋਂ ਖੁਲਦਾ ਹੈ ਜਿਥੇ ਸ਼ਰਮ ਦਾ ਪਰਦਾ ਚੁੱਕਿਆ ਜਾਂਦਾ ਹੈ। ਸਾਕੀ ਅਰਥਾਤ ਨਸ਼ਾ ਪਿਲਾਉਣ ਵਾਲੇ ਅਵਾਂਤਰ ਵਾਕ (ਸੱਤਯ ਬਚਨ) ਰੂਪੀ ਪਿਆਲਾ ਮਾਰਫ਼ਤ ਰੂਪੀ ਹੌਜ਼ ਵਿਚੋਂ ਮਹਾਂਵਾਕ ਰੂਪੀ ਨਸ਼ਾ ਪੀ ਕੇ ਆਪਣੇ ਅਸਲੇ ਨੂੰ ਵਿਚਾਰ ਕਰੇ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਤੇਰਾ ਸਰੂਪ ਪੰਜਾਂ ਤੱਤਾਂ ਤੋਂ ਪਰ੍ਹੇ ਹੈ (ਭਾਵ ਅਸਲ ਵਿਚ ਇਸ ਸਰੀਰ ਦਾ ਮਾਲਕ ਜੋ ਪਾਣੀ, ਹਵਾ, ਅੱਗ ਤੇ ਮਿੱਟੀ ਤੋਂ ਬਣਿਆ ਹੈ ਇਸ ਤੋਂ ਪਰ੍ਹੇ ਤੇ ਉੱਪਰ ਹੈ॥117॥

 

ਸ੍ਵੈਯਾ।।

ਜਾਤ ਨਾਂ ਪਾਤ ਨਾਂ ਤਾਤ ਨਾਂ ਮਾਤ  ਜਹ ਸੋ ਮਮ ਰੂਪ ਹੀ ਸਭ ਧਰਾ ਹੈ।

ਅਚਰਜ ਰੂਪ ਬਿਆਪਕ ਹੈ ਇਕ  ਸਾਰ ਸਮੇਰ ਔ ਥਲ ਸਰਾ ਹੈ।

ਚਰ ਅਚਰ ਹੈ ਕਰ ਅਕਰ  ਚਰਿੰਦ ਪਰਿੰਦ ਔਰ ਨਾਰ ਨਰਾ ਹੈ।

ਖੰਡ ਅਖੰਡ ਪ੍ਰਚੰਡ ਸਭੇ ਇਉਂ  ਦਾਸ ਭਗਵਾਨ ਲਖੇ ਪਰਾ ਹੈ।।118।।

 

ਪਦ ਅਰਥ:-  ਤਾਤ=ਪਿਤਾ, ਮਾਤ=ਮਾਤਾ। ਮਮ=ਮੇਰਾ। ਧਰਾ=ਧਰਤੀ। ਸਮੇਰ=ਪਰਬਤ। ਸਰਾ=ਸਮੁੰਦਰ। ਚਰ=ਜੰਗਲ। ਅਚਰ=ਜੋੜ। ਚਰ ਅਚਰ=ਪਸ਼ੂ ਪੰਛੀ।

ਅਰਥ:- ਬ੍ਰਹਮ ਦਾ ਸਰੂਪ ਬਿਆਨ ਕਰਦੇ ਹਨ। (ਨਿਰਗੁਣ ਬ੍ਰਹਮ) ਜਿਸਦੀ ਕੋਈ ਜਾਤ ਨਹੀਂ, ਨਾ ਹੀ ਪਾਤ ਹੈ, ਪਿਤਾ ਮਾਤਾ ਆਦਿ ਨਹੀਂ ਹੈ, ਇਹ ਮੇਰਾ ਰੂਪ ਧਾਰਨ ਕੀਤਾ ਹੋਇਆ ਹੈ। ਪਹਾੜਾਂ ਵਿਚ ਮੈਦਾਨਾਂ ਵਿਚ ਸਮੁੰਦਰਾਂ ਵਿਚ ਇੱਕ ਸਾਰ ਅਸਚਰਜ ਰੂਪ ਵਾਹਿਗੁਰੂ ਵਿਆਪ ਰਿਹਾ ਹੈ। ਜੜ, ਜੰਗਮ, ਪਸ਼ੂ ਪੰਛੀ ਇਸਤਰੀ ਪੁਰਸ਼ ਸਭ ਉਸ ਨਾ ਕੀਤੇ ਜਾਣ ਵਾਲੇ ਨੇ ਹੀ ਕੀਤੇ ਹਨ ਜੋ ਟੁਕੜੇ-ਟੁਕੜੇ ਨਹੀਂ ਹੋ ਸਕਦਾ ਤੇ ਪ੍ਰਕਾਸ਼ ਸਰੂਪ ਨੂੰ ਇਉਂ ਜਾਣਿਆ ਜਾਂਦਾ  ਹੈ ॥118॥

 

ਸ੍ਵੈਯਾ।। ਸੋਖ ਸਮੀਰ ਸੇ ਹੋਇ ਨਂਹੀ ਨਂਹੀ ਸਲਲ ਕੇ ਬੀਚ ਇਹ ਆਇ ਗਰੇ। ਮ੍ਰਿਤਕਾ ਬੀਚ nNਹੀ ਮਿਸ ਜਾਵਤ ਪਾਵਕ ਬੀਚ ਨਾਂ ਜਾਇ ਜਰੇ। ਹਾਥਨ ਸੋ nNਹੀ ਹੋਵਤ ਹੈ ਗੈਹ ਸਸਤ੍ਰ ਸੋਂ ਨਹੀ ਛੇਦ ਧਰੇ। ਨਿਰਾਕਾਰ ਹੈ ਨਿਜ ਸਰੂਪ ਸਹੀ ਇਹ ਦਾਸ ਭਗਵਾਨ ਹੈ ਸਭ ਪਰੇ।।119।। ਪਦ ਅਰਥ:- ਸਮੀਰ=ਹਵਾ। ਸਲਲ=ਪਾਣੀ। ਗਰੇ=ਗਲਣਾ। ਮ੍ਰਿਤਕਾ=ਮਿਟੀ। ਮਿਸ ਜਾਵਤ=ਮਿਟ ਜਾਣਾ। ਪਾਵਕ=ਅਗਨੀ। ਜਰੇ=ਜਲਣਾਂ। ਗੈਹ=ਪਕੜਨਾ। ਛੇਦ=ਕੱਟਣਾ। ਨਿਰਾਕਾਰ=ਆਕਾਰ ਰਹਿਤ। ਨਿਜ=ਆਪਣਾ ਆਪ। ਅਰਥ:- ਨਿੱਜ ਸਰੂਪ ਦਾ ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਹਵਾ ਇਸ ਨੂੰ ਸੁਕਾ ਨਹੀਂ ਸਕਦੀ ਤੇ ਪਾਣੀ ਇਸ ਨੂੰ ਗਾਲ ਨਹੀਂ ਸਕਦਾ ਤੇ ਇਹ ਅੱਗ ਵਿਚ ਸੜ ਨਹੀਂ ਸਕਦਾ। ਹੱਥਾਂ ਨਾਲ ਪਕੜਿਆ ਨਹੀਂ ਜਾ ਸਕਦਾ ਤੇ ਸ਼ਸ਼ਤਰ ਨਾਲ ਕੱਟਿਆ ਨਹੀਂ ਜਾ ਸਕਦਾ। ਆਕਾਰ ਰਹਿਤ ਇਹ ਸਰੂਪ ਹੈ ਜੋ ਸਭ ਤੋਂ ਪਰ੍ਹੇ ਹੈ ॥119॥ ਸ੍ਵੈਯਾ।। ਸਤਿਗੁਰ ਸੰਗ ਕਾ ਰੰਗ ਚੜਾ ਖੜਾ ਪਾ ਸਰਬੰਗ ਉਮੰਗ ਤਭੀ। ਮਹਾਂਵਾਂਕ ਕਾ ਆ ਉਪਦੇਸ ਭਇਆ ਗਿਆ ਬਾਦ ਬਬਾਦ ਹੋ ਨਸਟ ਸਭੀ। ਰਿਹਾ ਭੇਦ ਔ ਭਰਮ ਨਾ ਮਰਮ ਲਖਾ ਲੀਆ ਲਖ ਅਲਖ ਹੈ ਅੱਖ ਜਭੀ। ਆਹਾ ਸ੍ਵਾਦ ਅਨਾਦ ਅਨਾਹਦ ਕਾ nNਹੀ ਦਾਸ ਭਗਵਾਨ ਜੋ ਭੰਗ ਕਭੀ।।120।। ਪਦ ਅਰਥ:- ਉਮੰਗ=ਉਤਸ਼ਾਹ। ਬਾਦ ਬਬਾਦ=ਚਰਚਾਵਾਦ ਜਾਂ ਵਿਤੇਤਾਵਾਦ। ਮਰਮ ਲਖਾ=ਭੇਦ ਜਾਣ ਲਿਆ। ਲਖ ਅਲਖ=ਅਲਖ ਨੂੰ ਜਾਣ ਲੈਣਾ। ਅਨਾਦ=ਜੋ ਆਦਿ ਰਹਿਤ ਹੈ। ਅਨਾਹਦ=ਇਕ ਰਸ। ਭੰਗ=ਨਾਸ਼ ਨਹੀਂ ਹੁੰਦਾ, ਤੋੜਿਆ ਨਹੀਂ ਜਾ ਸਕਦਾ। ਅਰਥ:- ਸਤਿਗੁਰਾਂ ਦੀ ਸੰਗਤ ਦਾ ਰੰਗ ਜਦ ਇਸ ਮਨ ਨੂੰ ਚੜ ਗਿਆ, ਤਦੋਂ ਅੰਗ-ਅੰਗ ਵਿਚ ਉਮੰਗ ਪੈਦਾ ਹੋਈ। ਜਦੋਂ ਸਤਿ ਦਾ ਉਪਦੇਸ਼ ਹੋਇਆ, ਤਦੋਂ ਬਹਿਸ ਮੁਬਾਹਿਸ ਸਭ ਨਸ਼ਟ ਹੋ ਗਈ। ਨਾ ਕੋਈ ਭੇਦ ਰਹਿ ਗਿਆ, ਨਾ ਭਰਮ। ਭੇਦ ਨੂੰ ਜਾਣ ਲਿਆ ਜਦੋਂ ਅੱਖ ਨੇ ਅਲਖ ਨੂੰ ਲਖ ਲਿਆ। ਜਿਸ ਨਿਜ-ਸਰੂਪ ਦਾ ਆਦਿ ਨਹੀਂ (ਭਾਵ ਅਨਾਦੀ ਬ੍ਰਹਮ) ਰਾਜਾ ਜੀ ਉਸ ਦਾ ਸੁਆਦ ਦਸਦੇ ਹਨ ਕਿ ਉਹ ਇਕ ਰਸ ਤੇ ਭਾਵ ਨਾ ਟੁੱਟਣ ਵਾਲਾ ਹੈ॥120॥

 

ਸ੍ਵੈਯਾ।।

ਨਾ ਹਮ ਬੇਦ ਕੇ ਪਸ ਭਏ  ਇਤਹਾਸ ਪੁਰਾਣ ਨਾਂ ਮੂਲ ਬਕੇਂ।

ਨਾਹਿ ਕੁਰਾਂਨ ਕਾ ਸਬਕ ਪੜੇਂ  ਹਮ ਨਾਹਿ ਅੰਜੀਲ ਕੋ ਮਾਨ ਸਕੇਂ।

ਨਾ ਹਮ ਆਰਯ ਬੀਚ ਹੈਂ ਦਾਖਲ  ਨਾਂਹਿ ਅਨਾਰਜ ਆਸ ਤਕੇਂ।

ਦਾਸ ਭਗਵਾਂਨ ਓਹੁ ਮਾਂਨ ਰਹੇ  ਹਮ ਜਾਹਿ ਇਸਾਰੇ ਸੇ ਆਣ ਜਕੇਂ।।121।।

 

ਅਰਥ:- ਇਸ ਉਪਰਲੇ ਸਵੱਈਏ ਵਿਚ ਰਾਜਾ ਸਾਹਿਬ ਪਠਨ ਪਾਠਨ ਦਾ ਖੰਡਨ ਕਰਦੇ ਹਨ ਕਿ ਨਾ ਅਸੀਂ ਵੇਦਾਂ ਦੇ ਪਿਛੇ ਪਏ ਤੇ ਨਾ ਹੀ ਪੁਰਾਣਾਂ ਦਾ ਇਤਿਹਾਸ ਪੜ੍ਹਦੇ ਹਾਂ। ਨਾ ਹੀ ਕੁਰਾਨ ਦਾ ਸਬਕ ਲੈਂਦੇ ਹਾਂ ਤੇ ਅੰਜੀਲ  ਮੰਨਦੇ ਹਾਂ। ਨਾ ਹੀ ਆਰੀਆ ਮੱਤ ਵਿਚ ਤੇ ਨਾ ਹੀ ਹੋਰ ਮੱਤਾਂ ਦੀ ਆਸ ਤੱਕਦੇ ਹਾਂ। ਅਸੀਂ ਉਸ ਦੇ ਮੰਨਣ ਵਾਲੇ ਹਾਂ, ਜਿਸ ਦੇ ਇਸ਼ਾਰੇ ਤੋਂ ਸਾਰੇ ਜਰਕਦੇ ਹਨ,ਭਾਵ ਭੈ ਖਾਂਦੇ ਹਨ॥121॥

 

 

ਸ੍ਵੈਯਾ।।

ਨਾਂ ਹਮ ਦੇਵਤਾ ਪੂਜਤ ਹੈਂ  ਨਹੀਂ ਠਾਕਰ ਕਰ ਪਸਿੰਦ ਲਏ।

ਨਾ ਹਮ ਧੂਣੀਆਂ ਤਾਪ ਕਰੇਂ  ਨਂਹੀ ਨੀਰ ਮੇ ਮੀਨ ਮਾਨਿੰਦ ਪਏ।

ਨਾ ਹਮ ਬਾਣੀਆਂ ਪੜ ਰਹੇ  ਨਹੀਂ ਦਾਂਨ ਦਹਿੰਦ ਹੈਂ ਇੰਦ ਭਏ।

 ਨਾਂ ਵੁਜੂ ਸਾਜ ਕਰੇਂ ਸੁਬਹਾ  ਇਉਂ ਦਾਸ ਭਗਵਾਨ ਹੋ ਰਿੰਦ ਗਏ।।122।।

 

ਪਦ ਅਰਥ:- ਮੀਨ=ਮੱਛੀ। ਮਨਿੰਦ=ਤਰ੍ਹਾਂ। ਦਹਿੰਦ=ਦੇਣਾ। ਵੁਜੂ=ਪੰਜ ਇਸ਼ਨਾਨਾ। ਸੁਬਹਾ=ਸਵੇਰੇ। ਰਿੰਦ=ਆਜ਼ਾਦ।

ਅਰਥ:-  ਰਾਜਾ ਜੀ ਬਿਆਨ ਕਰਦੇ ਹਨ ਕਿ ਨਾ ਅਸੀਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਾਂ ਤੇ ਨਾ ਹੀ ਠਾਕੁਰਾਂ ਨੂੰ ਪਸੰਦ ਕਰਦੇ ਹਾਂ। ਨਾ ਧੂਣੀਆਂ ਤਪਾਉ਼ਦੇ  ਹਾਂ ਤੇ ਨਾ ਹੀ ਮੱਛੀ ਦੀ ਤਰਾਂ ਪਾਣੀ ਵਿਚ ਰਹਿੰਦੇ ਹਾਂ। ਨਾ ਹੀ ਬਾਣੀਆਂ ਪੜਦੇ ਹਾਂ ਤੇ ਨਾ ਹੀ ਦਾਨ ਦੇ ਕੇ ਆਪਣੇ ਆਪ ਨੂੰ ਇੰਦ ਜਾਣਦੇ ਹਾਂ। ਨਾ ਅਸੀਂ ਪੰਜ ਨਿਮਾਜ਼ੀਆਂ ਵਾਂਗ ਵੁਜੂ ਕਰਦੇ ਹਾਂ। ਅਸੀਂ ਸ਼ਰ੍ਹਾ ਦੀ ਕੈਦ ਤੋਂ ਬਾਹਰ ਹੋ ਕੇ ਆਜ਼ਾਦ ਸਦਾਉਂਦੇ ਹਾਂ॥122॥

ਸ੍ਵੈਯਾ।।

ਗੁੰਬਜ ਬੀਚ ਅਵਾਜ ਭਈ  ਕਹੁ ਮਾਲਕੁ ਕੌਣ ਹੈ ਅੰਦਰ ਕਾ।

ਲਖੇ ਸਾਰ ਅਸਾਰ ਹੈ ਭੇਤੁ ਸਭੀ  ਵਾਲੀ ਕੌਣੁ ਕਲਾ ਬਾਲੇ ਮੰਦਰ ਕਾ।

ਕਾਰੋਬਾਰ ਬਿਹਾਰ ਨੂ ਕਰ ਰਿਹਾ  ਬਾਨੀ ਕੌਣ ਇਸਾਰੇ ਦੇ ਫੰਦਰ ਕਾ।

ਅਚਰਜ ਮੌਜ ਰਚਾ ਏਹ ਖੇਲ ਹੈ  ਦਾਸ ਭਗਵਾਂਨ ਕਲੰਦਰ ਕਾ।।123।।

 

ਪਦ ਅਰਥ:- ਬਾਨੀ=ਬੁਨਿਆਦ ਰੱਖਣ ਵਾਲਾ। ਕਲੰਦਰ=ਮਸਤ, ਬੇਪਰਵਾਹ।

ਅਰਥ:-  ਇਹ ਦੇਹ ਅੰਦਰ ਜੋ ਆਵਾਜ਼ ਹੋ ਰਹੀ ਹੈ, ਕਹੋ ਕੌਣ ਅੰਦਰ ਦਾ ਮਾਲਕ ਹੈ? ਜੋ ਸਤਿ ਅਸਤਿ ਦਾ ਜਾਣੂ ਹੈ, ਇਸ ਮੰਦਰ ਦਾ ਮਾਲਕ ਕੌਣ ਹੈ'? ਸਾਫ ਕਾਰ ਵਿਹਾਰ ਚਲਾ ਰਿਹਾ ਹੈ, ਜਿਸ ਦੇ ਇਸ਼ਾਰੇ ਤੇ ਦੇਹ ਦੀ ਸਾਰੀ ਕਲਾ ਚਲਦੀ ਹੈ, ਉਸ ਦਾ ਰਚਨਹਾਰ ਕੌਣ ਹੈ'?  ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਉਸ ਬੇਪਰਵਾਹ ਵਾਹਿਗੁਰੂ ਨੇ ਮੌਜ ਨਾਲ ਇਹ ਅਸਚਰਜ ਖੇਲ੍ਹ ਰਚ ਰਖਿਆ ਹੈ॥123॥

 

ਸ੍ਵੈਯਾ।।

ਕੌਣ ਬਿਰਾਜ ਰਿਹਾ ਬਿਚ ਮੰਦਰ  ਕਰ ਕਿਆਸ ਇਹ ਬਾਤ ਬੜੀ।

ਹੈ ਸਭ ਤਾਕਤ ਫੈਲ ਰਹੀ  ਜਿਸ ਆਸਰੇ ਹੈ ਇਹੁ ਦੇਹ ਖੜੀ।

ਨਖਸਿਖਾ ਲੌ ਪੂਰਨ ਖੇਲ ਕਰੇ  ਪੰਚੀਕਰਨ ਪ੍ਰਾਨ ਕੀ ਬੰਨ ਮੜੀ।

ਸਰਬ ਬਿਵਸਥਾ ਦਾ ਸਾਹਬ ਪੂਜਨਾ  ਦਾਸ ਭਗਵਾਂਨ ਤੂੰ ਮੰਨ ਥੜੀ।।124।।

 

ਪਦ ਅਰਥ:- ਕਿਆਸ=ਖਿਆਲ, ਅੰਦਾਜ਼ਾ ਲਾਉਣਾ। ਨਖਸਿਖ=ਸਿਰ ਤੋਂ ਪੈਰਾਂ ਤੀਕ। ਪੰਚੀਕਰਨ=ਵੇਦਾਂਤ ਮੱਤ ਅਨੁਸਾਰ ਪੰਜ ਤੱਤਾਂ ਦੀ ਵੰਡ ਪੁਰਾਣ ਗ੍ਰੰਥਾਂ ਵਿਚ ਪੰਚੀਕਰਨ ਕਈ ਪ੍ਰਕਾਰ ਲਿਖਿਆ ਹੈ, ਪਰ ਬਹੁਤਿਆਂ ਦਾ ਮੱਤ ਹੈ ਕਿ ਇਕ ਤੱਤ ਦੇ ਦੋ ਦੋ ਹਿੱਸੇ ਕੀਤੇ ਗਏ, ਇਕ ਹਿੱਸਾ ਸਾਬਤ ਰਿਹਾ, ਦੂਜੇ ਭਾਗ ਦੇ ਚਾਰ ਟੁਕੜੇ ਬਣਾਏ ਗਏ, ਇਸ ਤਰਾਂ ਪੰਜ ਭਾਗ ਹੋਏ। ਫਿਰ ਇਹਨਾਂ ਭਾਗਾਂ ਨੂੰ ਦੂਜੇ ਤੱਤਾਂ ਦੇ ਭਾਗ ਨਾਲ ਮਿਲਾ ਦਿਤਾ, ਤਾਂਕਿ ਆਪੋ ਵਿਚ ਹੀ  ਸਾਰੇ ਤੱਤ ਮਿਲੇ ਕੇ ਰਚਨਾ ਕਰਨ ਵਿਚ ਸਹਾਇਕ ਹੋਣ। ਪੰਚੀਕਰਨ ਪੰਚ ਤੱਤ ਜੋ ਜੋ, ਅੰਤਹਕਰਨ ਉਪਾਏ ਸੋਈ। ਪ੍ਰਾਨ=ਦਸ ਪ੍ਰਾਣ, ਸ੍ਵਾਸ ਦੇ ਦਸ ਭੇਦ, ਪ੍ਰਾਨ, ਅਪਾਨ, ਸਮਾਨ, ਉਦਿਆਨ, ਬਿਆਨ, ਨਾਗ, ਕੂਰਮ ਕ੍ਰਿਕਲ, ਦੇਵਦਤ, ਧਨੇਜੈ। ਪ੍ਰਾਨ ਰਿਦੇ ਵਿਚ, ਅਪਾਨ ਗੁਦਾ ਵਿਚ, ਨਾਭ ਵਿਚ, ਸਮਾਨ ਗੰਠ ਵਿਚ, ਉਦਿਆਨ, ਸਾਰੇ ਸਰੀਰ ਵਿਚ ਵਿਆਪਕ=ਬਿਆਨ ਡਕਾਰ ਦਾ ਹੈਤੁ, ਨਾਗ। ਨੇਤ੍ਰਾਂ ਨੂੰ ਖੋਲਣ ਵਾਲੀ ਕੂਰਮ। ਕ੍ਰਿਕਲ ਤੋਂ ਭੁਖ ਦਾ ਲਖਣਾਂ। ਦੇਵਦੱਤ ਤੇ ਅਵਾਸੀ। ਮਰਨ ਪਿਛੋਂ ਸਰੀਰ ਨੂੰ ਫੈਲਾਉਣ ਵਾਲੀ ਧਨਜੈ।

ਅਰਥ:-  ਇਸ ਗੱਲ ਦਾ ਅੰਦਾਜ਼ਾ ਲਾ ਕੇ ਦੇਖ ਕਿ ਇਸ ਮੰਦਰ ਵਿਚ ਕੌਣ ਵੱਸ ਰਿਹਾ ਹੈ। ਉਹੋ ਹੀ ਤਾਕਤ ਫੈਲ ਰਹੀ ਹੈ, ਜਿਸ ਦੇ ਆਸਰੇ ਇਹ ਦੇਹ ਖੜੀ ਹੈ। ਸਿਰ ਤੋਂ ਪੈਰਾਂ ਤੀਕ ਸਾਰਾ ਖੇਲ ਕਰ ਰਿਹਾ ਹੈ, ਪੰਚੀਕਰਨ ਤਾਂ ਪ੍ਰਾਣਾਂ ਦੀ ਮੜੀ ਬਣਾ ਦਿੱਤੀ ਹੈ। ਸਾਰੀਆਂ ਅਵਸਥਾਵਾਂ ਦਾ ਸਾਹਿਬ ਮਾਲਕ ਹੈ ਤੇ ਪੂਜਯ ਹੈ। ਰਾਜਾ ਸਾਹਿਬ ਹੁਕਮ ਕਰਦੇ ਹਨ ਕਿ ਇਸ ਨੂੰ ਛੱਡ ਕੇ ਗੋਰ ਮੜੀ ਦੀ ਪੂਜਾ ਮੱਤ ਕਰ ॥124॥

ਸ੍ਵੈਯਾ।।

ਪੀ ਸੁਧਾ ਸਾਗਰ ਹੋਇ ਇਕਾਗਰ  ਗਾਗਰ ਫੋੜ ਹਲਾਹਲ ਕੀ।

ਸਮਝ ਸਮੀਪ ਨਾਂ ਭਾਲੀਏ ਦੀਪ  ਏਹ ਦੇਖ ਰਦੀਫ ਕਿ ਹੈ ਗਲ ਕੀ।

ਆਤਮਾ ਨੰਦ ਮੇ ਹੋਹ ਨ੍ਰਿਦ੍ਵੰਦ  ਲੈ ਲਜਤਿ ਆਨ ਅਮੀ ਜਲ ਕੀ।

ਹੋਹ ਤ੍ਰਿਪਤ ਨਾਂ ਬਿਪਤ ਰਹੇ ਇਹ  ਦਾਸ ਭਗਵਾਂਨ ਲਖੋ ਬਲ ਕੀ।।125।।

 

ਪਦ ਅਰਥ:- ਸੁਧਾ=ਅੰਮ੍ਰਿਤ। ਹਲਾਹਲ=ਜ਼ਹਿਰ। ਰਦੀਫ=ਘੋੜ ਸਵਾਰ ਦੇ ਪਿਛੇ ਬੈਠਣ ਵਾਲੇ ਆਦਮੀ ਪਿਛਲੇ ਪਾਸੇ ਰਹਿਣ ਵਾਲੀ ਫੌਜ। ਨ੍ਰਿਦ੍ਵੰਦ=ਕਲਹ ਰਹਿਤ। ਲਜਤਿ=ਸੁਆਦ। ਅਮੀ=ਅੰਮ੍ਰਿਤ। ਤ੍ਰਿਪਤ=ਰੱਜ ਜਾਣਾ। ਬਲ=ਛਲ ਬਲ।

ਅਰਥ:- ਇਕਾਗਰ ਚਿੱਤ ਹੋ ਕੇ ਜ਼ਹਿਰ ਦੀ ਗਾਗਰ (ਵਿਸ਼ੇ ਵਿਕਾਰਾਂ ਦੀ ਵਰਤੋਂ ਛੱਡ ਕੇ) ਤੋੜ ਦੇ ਤੇ ਨਾਮ ਰੂਪੀ ਸਮੁੰਦਰ ਵਿਚੋ਼ ਅੰਮ੍ਰਿਤ ਪੀ। ਪ੍ਰਭੂ ਨੂੰ ਨੇੜੇ ਤੋਂ ਨੇੜੇ ਜਾਣ ਕੇ ਵਿਕਾਰਾਂ ਤੋਂ ਹਟ ਕਿਉਂ ਕਿ ਇਹ ਕੁਝ ਨਹੀਂ ਹਨ। ਝਗੜੇ ਝਾਂਜੇ ਛੱਡ ਕੇ ਆਤਮ ਅਨੰਦ ਵਿਚ ਮਗਨ ਹੋ ਕੇ, ਅੰਮ੍ਰਿਤ ਰੱਸ ਦੇ ਸੁਆਦ ਨੂੰ ਮਾਣ। ਇਸ ਭੇਤ ਨੂੰ ਜਾਣ ਕੇ ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਅੰਮ੍ਰਿਤ ਰਸ ਦੇ ਪੀਣ ਨਾਲ ਕੋਈ ਬਿਪਤਾ ਨਹੀਂ ਰਹਿ ਜਾਂਦੀ ॥125॥

ਸ੍ਵੈਯਾ।।

ਅੰਮ੍ਰਿਤ ਕੁੰਡ ਕੀ ਆਸ ਹੀ ਸੰਤਨ  ਜਾ ਤਿਸ ਊਪਰ ਐਨ ਅਘਾਨੇ।

ਝੂਲ ਰਿਹਾ ਤਹ ਪੰਖਾ ਹੈ ਕੁਦਰਤ  ਆਣ ਫੁਹਾਰ ਉਠੇ਼ ਸੇ ਹਤਾਨੇ।

ਸਾਂਤ ਭਈ ਬਿਸਰਾਂਮ ਕੀਓ ਜਬ  ਸਤਗੁਰ ਆਨ ਮਿਲੇ ਹਨ ਦਾਂਨੇ।

ਅੰਮ੍ਰਿਤ ਪਾਨ ਕੀਓ ਜਬ ਬ੍ਰਿਤ ਹੈ  ਦਾਸ ਭਗਵਾਨ ਥੀਏ ਮਸਤਾਨੇ।।126।।

 

ਪਦ ਅਰਥ:-ਅੰਮ੍ਰਿਤ ਦੇ ਕਈ ਅਰਥ ਹਨ ਜੈਸਾ ਕਿ:- ਸੁਧਾ, ਜਲ, ਘੀ, ਦੁੱਧ, ਧਨ, ਮੁਕਤੀ, ਰਸ, ਕਵਿਤਾ, ਆਤਮਾ, ਪਾਰਾ,ਅਨਾਜ, ਰੋਗ ਨਾਸ਼ਕ ਦਵਾ, ਜਿਦਾ, ਪਿਆਰ ਆਦਿ। ਐਨ ਅਘਾਨੇ=ਰੱਜ ਗਏ। ਹਤਾਨੇ=ਬੰਨੇ ਹੋਏ।

ਅਰਥ:-ਅੰਮ੍ਰਿਤ ਕੁੰਡ ਦੀ ਆਸ ਕਰ ਕੇ, ਸੰਤ ਉਥੇ ਅੱਪੜ ਕੇ ਐਨ ਰੱਜ ਗਏ। ਕੁਦਰਤ ਦਾ ਪੱਖਾ ਉਥੇ ਝੁਲ ਰਿਹਾ ਹੈ ਤੇ ਫੁਹਾਰ ਉਠ ਰਹੀ ਹੈ। ਜਦੋਂ ਦਾਨੇ ਸਤਿਗੁਰ ਆਣ ਮਿਲੇ,ਮਨ ਸ਼ਾਂਤ ਹੋ ਗਿਆ ਤੇ ਬਿਰਤੀ ਟਿਕ ਗਈ। ਜਦੋਂ ਬਿਰਤੀ ਨੇ ਉਸ ਅੰਮ੍ਰਿਤ ਨੂੰ ਪੀਤਾ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਫਿਰ ਅਸੀਂ ਮਸਤਾਨੇ ਤੇ ਮਤਵਾਲੇ ਹੋ ਗਏ।।

ਭਾਵ:-  ਜਿਸ ਅੰਮ੍ਰਿਤ ਬਾਰੇ ਦਾਸ ਭਗਵਾਨ ਆਪਣੀ ਰਚਨਾ ਵਿਚ ਬਿਆਨ ਕਰ ਰਹੇ ਹਨ,ਉਸ ਅੰਮ੍ਰਿਤ ਬਾਰੇ ਸੋਰਠਿ ਰਾਗ ਅੰਦਰ ਪੰਜਵੀਂ ਜੋਤ ਗੁਰੂ ਨਾਨਕ ਜੀ ਲਿਖਦੇ ਹਨ ਕਿ ਕੇਵਲ ਇਕ ਅੰਮ੍ਰਿਤ ਦੀ ਬੂੰਦ ਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ, ਤਾਂ ਉਸਦਾ ਸਦਕਾ ਬਰਕਤਾਂ ਦੇ ਭੰਡਾਰ ਖੁਲ ਗਏ। ਪੰਚ ਦੂਤ ਇਸ ਦੇਹ ਦਾ ਕਬਜ਼ਾ ਛੱਡ ਕੇ ਭੱਜ ਗਏ ਤੇ ਅਧੀਨ ਹੋ ਕੇ ਰਹਿਣ ਲਗੇ, ਅਟੱਲ ਅਮਰਪਦ ਦੇ ਅੰਮ੍ਰਿਤ ਦੀ ਬਰਕਤ ਨਾਲ ਅੱਪੜ ਪਏ॥126॥

ਸ੍ਵੈਯਾ।।

ਹੈ ਸਭ ਭੇਸ ਹੀ ਸੰਤਨ ਕੇ  ਜਬ ਪਾਇ ਬ੍ਰਹਮ ਗਿਆਂਨ ਬਹੇ।

ਚਾਹੇ ਕੇਸ ਸਵਾਰ ਬਲੇ ਦਸਤਾਰ  ਉਤਾਰ ਚਾਹੇ ਬੀਆਬਾਂਨ ਰਹੇ।

ਚਾਹੇ ਚੜ ਤੁਰੰਗ ਉਮੰਗ ਕਰੇ  ਚਾਹੇ ਬਸਤ੍ਰ ਰੰਗ ਗਿਆਂਨ ਗਹੇ।

ਚਾਹੇ ਮੋਨ ਕੋ ਧਾਰ ਗੁਜਾਰ ਕਰੇ  ਦੰਮ ਦਾਸ ਭਗਵਾਂਨ ਬਿਗਿਆਂਨ ਲਹੇ।।127।।

 

ਪਦ ਅਰਥ:-ਬੀਆਬਾਂਨ=ਜੰਗਲ। ਤੁਰੰਗ=ਘੋੜਾ। ਉਮੰਗ=ਉਤਸ਼ਾਹ। ਦੰਮ=ਝੱਟ। ਬਿਗਿਆਂਨ=ਆਤਮਕ ਗਿਆਨ।

ਅਰਥ:- ਦਾਸ ਭਗਵਾਨ ਆਤਮਕ ਗਿਆਨੀ ਦੀ ਅਵਸਥਾ ਦੱਸਦੇ ਹਨ ਕਿ ਫਕੀਰ ਕਿਸੇ ਭੀ ਭੇਸ ਵਿਚ ਰਹੇ, ਚਾਹੇ ਕੇਸ  ਸਵਾਰ ਕੇ ਦਸਤਾਰ ਬੰਨ ਲਵੇ, ਚਾਹੇ ਉਤਾਰ ਕੇ ਜੰਗਲ ਜਾ ਕੇ ਰਹੇ, ਚਾਹੇ ਘੋੜੇ ਤੇ ਸਵਾਰੀ ਦਾ ਉਤਸ਼ਾਹ ਮਨ ਵਿਚ ਲਿਆਵੇ, ਚਾਹੇ ਰੰਗਦਾਰ ਬਸਤਰ ਪਹਿਨ ਲਵੇ, ਚਾਹੇ ਮੋਨ ਧਾਰ ਕੇ ਝੱਟ ਗੁਜ਼ਾਰ ਲਵੇ, ਇਹ ਗਿਆਨਵਾਨ ਦੀ  ਅਵਸਥਾ ਹੈ॥127॥

ਸ੍ਵੈਯਾ।।

ਚਾਹੇ ਸੀਸ ਮਹਲ ਮੇ ਸੋਇ ਰਹੇ  ਚਾਹੇ ਛਾਉਂ ਜਾ ਬਹੇ ਕਰੀਰਨ ਕੀ।

ਚਾਹੇ ਟੁਕਰ ਮਾਂਗ ਕੇ ਖਾਇ ਲਏ  ਚਾਹੇ ਥਾਲੀ ਛਕੇ ਬੈਹਿ ਖੀਰਨ ਕੀ।

ਚਾਹੇ ਮਖਮਲ ਅਤਲਸ ਓਢ ਫਿਰੇ  ਚਾਹੇ ਗੋਦੜੀ ਲੈ ਬਹੁ ਲੀਰਨ ਕੀ।

ਦਾਸ ਭਗਵਾਂਨ ਰਹੇ ਰੰਗ ਮੇ  ਇਹ ਹੈ ਸਭ ਮੌਜ ਫਕੀਰਨ ਕੀ।।128।।

 

ਪਦ ਅਰਥ:-ਅਤਲਸ=ਇਕ ਪ੍ਰਕਾਰ ਦਾ ਰੇਸ਼ਮੀ ਚਮਕੀਲਾ ਬਸਤਰ। ਮਖਮਲ =ਇਕ ਪ੍ਰਕਾਰ ਦਾ ਰੇਸ਼ਮੀ ਬਸਤਰ ਜੋ ਬਹੁਤ  ਕੋਮਲ ਹੁੰਦਾ ਹੈ। ਸੀਸ ਮਹਿਲ=ਉਹ ਮਹਿਲ ਜਿਸ ਵਿਚ ਸ਼ੀਸ਼ੇ ਲਗੇ ਹੋਣ।

 

ਅਰਥ:- ਕਾਮਲ ਫਕੀਰ ਦੀ ਮੌਜ ਹੈ, ਚਾਹੇ ਸੀਸ ਮਹਿਲਾਂ ਵਿਚ ਸੌਵੇਂ, ਚਾਹੇ ਕਰੀਰਾਂ ਦੇ ਦਰੱਖਤ ਦੀ ਛਾਵੇਂ ਹੀ ਬੈਠਾ ਰਹੇ, ਚਾਹੇ ਰੋਟੀ ਮੰਗ ਕੇ ਖਾ ਲਵੇ। ਚਾਹੇ ਖੀਰਾਂ ਦੇ ਥਾਲ ਛਕੇ। ਚਾਹੇ ਰੇਸ਼ਮ ਤੇ ਰੇਸ਼ਮ ਦੇ ਨਰਮ ਕਪੜੇ ਪਹਿਨ ਲਵੇ, ਚਾਹੇ ਲੀਰਾਂ ਦੀ ਗੋਦੜੀ ਵਿਚ ਪਿਆ ਫਿਰੇ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਇਹ ਫਕੀਰ ਦੀ ਮੌਜ ਹੈ, ਚਾਹੇ ਕਿਸੇ ਰੰਗ ਵਿਚ ਵੀ ਰਹੇ ॥128॥

ਸ੍ਵੈਯਾ।।

ਆਪਣਾ ਆਪ ਜੌ ਜਾਣ ਲੀਓ  ਅਨਲਹਕ ਚਾਹੇ ਯਕਲਖਤ ਕਹੇ।

ਚਾਹੇ ਖਮੋਸ ਹੋ ਗੋਸ ਕਰੇ ਬੰਦ  ਕੁਝੁ ਕਹੋ ਚਾਹੇ ਸਖਤ ਰਹੇ।

ਚਾਹੇ ਹੋ ਮਸਕੀਨ ਇਹ ਖੀਨ ਫਿਰੇ  ਚਾਹੇ ਆਦਲ ਹੋਕਰ ਤਖਤ ਬਹੇ।

ਇਸ ਸਭ ਮੌਜ ਹੈ ਆਰਫ ਕੀ  ਰਹੇ ਦਾਸ ਭਗਵਾਂਨ ਬੇਰਖਤ ਚਹੇ।।129।।

 

ਪਦ ਅਰਥ:- ਅਨਲਹਕ=ਮੈਂ ਪਰਮੇਸ਼ਰ ਹਾਂ। ਸੂਫੀ ਫਕੀਰਾਂ ਵਿਚੋਂ ਜੋ ਆਪਣੇ ਆਪ ਨੂੰ ਬ੍ਰਹਮ ਮੰਨਦੇ ਹਨ, ਉਹ ਇਹ ਵਾਕ ਆਖਦੇ ਹਨ। ਯਕਲਖਤ=ਇਕ ਦਮ,ਝੱਟ ਪੱਟ। ਗੋਸ=ਕੰਨ। ਮਸਕੀਨ=ਚੁਪਚਾਪ ਰਹਿਣ ਵਾਲਾ। ਹਲੀਮ,ਅਧੀਨ। ਖੀਨ=ਪਤਲਾ, ਦੁਬਲਾ। ਆਦਲ=ਇਨਸਾਫ ਕਰਨ ਵਾਲਾ। ਆਰਫ਼=ਰੱਬੀ ਬੰਦਾ। ਬੇਰਖਤ=ਸਾਮਾਨ, ਅਸਬਾਬ  ਤੋਂ ਬਿਨਾਂ।

ਅਰਥ:- ਜਦੋਂ ਆਪਣਾ ਆਪ ਜਾਣ ਲਿਆ, ਫਿਰ ਭਾਵੇਂ ਇਕ ਦਮ ਖੁਦਾਈ ਦਾ ਦਾਅਵਾ ਕਰੇ। ਚਾਹੇ ਮੌਨਧਾਰੀ ਹੋ ਕੇ ਕਿਸੇ ਦੀ ਨਾ ਕਹੇ ਨਾ ਸੁਣੇ, ਚਾਹੇ ਕੁਝ ਕੁ ਕਰੜਾ ਹੋ ਕੇ ਰਹੇ। ਆਪਣੇ ਆਪ ਵਿਚ ਮਸਤ ਹੋ ਕੇ ਫਿਰੇ। ਚਾਹੇ ਜੱਜ ਬਣ ਕੇ ਤਖਤ ਤੇ ਬੈਠ ਕੇ ਇਨਸਾਫ ਕਰੇ। ਮਹਾਰਾਜ ਜੀ ਫੁਰਮਾਨ ਕਰਦੇ ਹਨ ਕਿ ਇਹ ਫਕੀਰ ਦੀ ਮੌਜ ਹੈ। ਚਾਹੇ ਬੇਰਖਤ ਤਿਆਗੀ ਹੋ ਕੇ ਰਹੇ। ਚਾਹੇ ਬਿਨਾਂ ਸਾਜੋ ਸਾਮਾਨ ਦੇ ਹੀ ਰਹੇ

॥129॥

ਸ੍ਵੈਯਾ।।

ਹੈ ਸਭ ਦੇਸ ਹੀ ਸੰਤਨ ਕੇ  ਚਾਹੇ ਜਾ ਅਫਗਾਂਨਸਤਾਂਨ ਰਹੇ।

ਚਾਹੇ ਇੰਗਲਸਤਾਂਨ ਕੀ ਸੈਰ ਕਰੇ  ਚਾਹੇ ਬਾਤ ਬਲੋਚਸਤਾਂਨ ਕਹੇ।

ਚਾਹੇ ਸੰਗਲਾਦੀਪ ਸਮੀਪ ਰਹੇ  ਚਾਹੇ ਜਾ ਬਿਚ ਰੇਗਸਤਾਂਨ ਬਹੇ।

ਇਹੁ ਸਭ ਖੇਲ ਹੈ ਆਰਫ ਕੇ  ਰਹੇ ਹਿੰਦਸਤਾਂਨ ਭਗਵਾਂਨ ਚਹੇ।।130।।

 

ਪਦ ਅਰਥ:- ਅਫਗਾਨਿਸਤਾਨ=ਅਫ਼ਗਾਨਾਂ ਦੇ ਰਹਿਣ ਦਾ ਦੇਸ਼। ਇੰਗਲਸਤਾਨ (England)=ਅੰਗਰੇਜ਼ਾਂ ਦੇ ਰਹਿਣ ਦਾ ਦੇਸ਼। ਬਲੋਚਸਤਾਨ=ਬਲੋਚਾਂ ਦੇ ਰਹਿਣ ਦਾ ਦੇਸ਼। ਸੰਗਲਾਦੀਪ=ਲੰਕਾ ਦਾ ਟਾਪੂ।

ਅਰਥ:- ਸਾਰੇ ਦੇਸ਼ ਸੰਤਾਂ ਦੇ ਹਨ। ਉਹ ਚਾਹੁਣ ਤਾਂ ਅਫਗਾਨਿਸਤਾਨ 'ਚ ਰਹਿਣ, ਇੰਗਲੈਂਡ ਦੀ ਸੈਰ ਕਰਨ ਜਾਂ ਬਲੋਚਿਸਤਾਨ ਦੀਆਂ ਗੱਲਾਂ ਕਰਨ। ਚਾਹੇ ਉਹ ਲੰਕਾ ਦੇ ਟਾਪੂਆਂ ਵਿਚ ਜਾ ਰਹਿਣ ਜਾਂ ਰੇਗਿਸਤਾਨ ਵਿਚ ਜਾ ਬਹਿਣ। ਮਹਾਰਾਜ ਜੀ ਫੁਰਮਾਉਂਦੇ ਹਨ- ਇਹ ਸਭ ਉਹਨਾਂ ਦੀ ਮੌਜ (ਮਰਜ਼ੀ ਤੇ ਨਿਰਭਰ) ਤੇ ਕਰਦਾ ਹੈ ॥130॥

ਸ੍ਵੈਯਾ।।

ਪਾਥਰ ਪੋਟ ਪਾ ਰੇਤ ਕੇ ਕੋਟ ਲੈ  ਆਸਰਾ ਓਟ ਕਿਉਂ  ਹੋਏ ਇਞਾਨਾ।

ਗੋਬਰ ਗਾਵ ਔ ਕਾਗਜ ਨਾਵ ਲੈ  ਆਬ ਬਹੇ ਕੋਈ ਪੁਰਖ ਦੀਵਾਨਾ।

ਕਾਂਮਨ ਕੂਪ ਰਵਾਜ ਕੇ ਰੂਪ  ਨਾ ਜੂਪ ਕੀ ਊਪ ਮੇ ਆਵਤ ਦਾਨਾ।

ਸੌਕ ਸਨਾਸ ਲੈ ਸਚ ਕੀ ਰਾਸ ਤੂੰ  ਦਾਸ ਭਗਵਾਂਨ ਹੋ ਮਰਦ ਸਿਆਨਾ।।131।।

 

ਪਦ ਅਰਥ:- ਪੋਟ=ਗੰਢ ਜਾਂ ਗਠੜੀ। ਕੋਟ=ਕਿਲ੍ਹਾ। ਆਬ=ਪਾਣੀ। ਦੀਵਾਨਾ=ਸ਼ੁਦਾਈ। ਕੂਪ=ਕੂਆ। ਜੂਪ=ਜੂਆ। ਉਪ=ਉਪਮਾ, ਵਡਿਆਈ। ਦਾਨਾ=ਅਕਲਮੰਦ। ਸਨਾਸ=ਪਛਾਣ।

ਅਰਥ:- ਮਾਇਆ ਦੇ ਅਡੰਬਰ ਦਾ ਜ਼ਿਕਰ ਕਰਦੇ ਹੋਏ ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਪੱਥਰਾਂ ਦੇ ਗੰਢ ਤੇ ਰੇਤ ਦੇ ਕਿਲ੍ਹੇ ਇਨ੍ਹਾਂ ਦਾ ਆਸਰਾ ਲੈਣ ਵਾਲਾ ਅਨਜਾਣ ਬਾਲਕ ਹੈ। ਸ਼ੁਦਾਈ ਆਦਮੀ ਹੀ ਗੋਹੇ ਦਾ ਪਿੰਡ ਤੇ ਕਾਗਜ਼ਾਂ ਦੀ ਬੇੜੀ ਨੂੰ ਪਾਣੀ ਵਿਚ ਪਾਉਂਦਾ ਹੈ। ਭਲਾ ਏਨੀਆਂ ਕੱਚੀਆਂ ਚੀਜ਼ਾਂ ਪਾਣੀ ਵਿਚ ਕਿਵੇਂ ਸਾਬਤ ਰਹਿ ਸਕਦੀਆਂ ਹਨ? ਕਾਮਨਾ ਦੇ ਖੂਹ ਤੇ ਦਿਖਾਵੇ ਦੇ ਰੂਪ ਰਿਵਾਜ਼ ਤੇ ਜੂਏ ਦੀ ਮਹਿਮਾ ਵਿਚ ਸਿਆਣਾ ਆਦਮੀ ਨਹੀਂ ਆਉਂਦਾ। ਪ੍ਰੇਮ ਦੀ ਪਰਖ ਕਰਕੇ ਸੱਚ ਦੀ ਰਾਸ ਕੱਠੀ ਕਰਨਾ, ਇਹ ਦਾਨਿਆਂ ਦਾ ਕੰਮ ਹੈ ॥131॥

ਸ੍ਵੈਯਾ।।

ਰਾਉ ਨਾ ਰੰਕ ਨਸੰਕ ਰਹੇ  ਜਬ ਅੰਕ ਲਖੇ ਮਿਲਿ ਆਸਕ ਕੋ।

ਆਖ ਕੀ ਧਾਰ ਗਵਾਰ ਪੜੀ  ਨਾਹਿ ਪਾਇ ਲੀਆ ਆਇ ਲਾਸਕ ਕੋ।

ਹੈ ਕਹ ਕੇਲ ਇਹ ਖੇਲ ਕਹੋ  ਜਹ ਮੇਲ ਸੇ ਮੌਜ ਉਪਾਸਕ ਕੋ।

ਆ ਚੜੇ ਰੰਗ ਨਾ ਸੰਗਤ ਜੋ  ਤਜ ਦਾਸ ਭਗਵਾਂਨ ਆ ਫਾਸਕ ਕੋ।।132।।

 

ਪਦ ਅਰਥ:- ਰਾਉ=ਅਮੀਰ। ਰੰਕ=ਗਰੀਬ। ਅੰਕ=ਲਿਬਾਸ, ਦੇਹ, ਜਾਂ ਦਿਲ। ਲਾਸਕ=ਮੋਰ, ਨੱਚਣਾ। ਕਹ ਕੇਲ=ਕਿਸ ਦਾ ਚੋਜ। ਉਪਾਸਕ=ਪੁਜਾਰੀ। ਰੰਗ=ਪਿਆਰ। ਫਾਸਕ=ਫਸਾਉਣ ਵਾਲਾ।

ਅਰਥ:- ਜਦੋਂ ਆਸ਼ਕ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਤਾਂ ਉਥੇ ਅਮੀਰੀ ਗਰੀਬੀ ਦਾ ਭਿੰਨ-ਭੇਦ ਨਹੀਂ ਰਹਿ ਜਾਂਦਾ। ਜਦੋਂ ਪਿਆਰੇ ਦੇ ਜਲਵੇ ਦਾ ਅੱਖਾਂ ਵਿਚ ਲਿਸ਼ਕਾਰਾ ਪਿਆ ਤਾਂ ਮਨ ਮੋਰ ਦੀ ਤਰ੍ਹਾਂ ਖੁਸ਼ੀ ਵਿਚ ਨੱਚ ਉਠਿਆ। ਜਿਸ  ਪੂਜਾ ਕਰਨ ਵਾਲੇ ਨੂੰ ਇਸ ਮੇਲ ਦੀ ਮੌਜ ਪ੍ਰਾਪਤ ਹੋਈ ਹੈ, ਉਹ ਕਿਸ ਦਾ ਚੋਜ ਹੈ ਇਸ ਨੂੰ ਵਿਚਾਰੋ? ਰਾਜਾ ਜੀ ਬਿਆਨ ਕਰਦੇ ਹਨ ਕਿ ਜਿਸ ਸੰਗਤ ਦੁਆਰਾ ਪਿਆਰ ਦਾ ਰੰਗ ਨਹੀਂ ਚੜ੍ਹਦਾ, ਉਸ ਫਸਾਉਣ ਵਾਲੇ ਮੇਲ ਦਾ ਸੰਗ ਛੱਡੋ ॥132॥

ਸ੍ਵੈਯਾ।।

ਹੈ ਰਿਦੇ ਰਾਮ ਕਿਉ ਰਾਉਂ ਕੇ ਹੋਵਤ  ਜੌ ਨਂਹੀ ਆਰਫ ਸੰਗ ਕਰੇ ਹੈ।

ਨਾ ਮਿਲੇ ਨੂਰੁ ਹੋ ਚੂਰ ਜੀਆ  ਬਿਚ ਤਨ ਤਨੂਰ ਜਰੂਰ ਜਰੇ ਹੈ।

ਨਾਂ ਦਿਨ ਰੈਨ ਮੇ ਚੈਨ ਹੈ ਆਵਤ  ਸੈਨ ਕਰੇ ਬਿਨ ਬੈਨ ਮਰੇ ਹੈ।

ਨਾ ਹਟੇ ਹੌਲ ਹੈ ਕੌਲ ਕਰੇ ਬਿਨ  ਦਾਸ ਭਗਵਾਨ ਭੀ ਆਹ ਭਰੇ ਹੈ।।133।।

 

ਪਦ ਅਰਥ:-  ਰਾਉ=ਰਾਵਣ। ਆਰਫ=ਫਕੀਰ। ਨੂਰੁ=ਦਰਸ਼ਨ,ਜਮਾਲ। ਬੈਨ=ਬਚਨ। ਕੌਲ ਕਰੇ ਬਿਨ=ਬਚਨ ਬਿਲਾਸ ਤੋਂ ਬਿਨਾਂ।

ਅਰਥ:-  ਜਦ ਰਾਮ ਹਿਰਦੇ ਵਿਚ ਵਸਦਾ ਹੈ ਫਿਰ ਸਤਿ ਪੁਰਸ਼ ਦੀ ਸੰਗਤ ਬਿਨਾਂ ਰਾਵਣ ਅਹੰਕਾਰੀ ਵਰਗਾ ਸੁਭਾ ਧਾਰਨ ਕੀਤਾ ਹੈ। ਉਸ ਨੂਰਾਂ ਦੇ ਨੂਰ ਦੇ ਨੂਰ ਦਾ ਜਮਾਲ ਹੋਏ ਬਿਨਾਂ ਇਹ ਸਰੀਰ ਵਿਚ ਤੰਦੂਰ ਦੀ ਤਰ੍ਹਾਂ ਤਪਦਾ ਹੈ। ਰਾਤ ਦਿਨ ਚੈਨ ਨਹੀਂ ਪੈਂਦੀ ਤੇ ਨੀਂਦ ਨਹੀਂ ਆਉਂਦੀ। ਪਿਆਰੇ ਦੇ ਬਚਨਾਂ ਬਿਨਾਂ ਮਰਨ ਹੁੰਦਾ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਬਚਨਾਂ ਬਿਨਾਂ ਹੌਲ ਨਹੀਂ ਹਟਦਾ ਤੇ ਆਹਾਂ ਭਰਦੇ ਹਾਂ ॥133॥

ਸ੍ਵੈਯਾ।।

ਰਾਓਂ ਕੀ ਰਾਸ ਕੇ ਭਾਖ ਬਲਾਸ  ਨਾ ਹੋ ਕਰ ਖਾਸ ਆ ਆਸਨ ਮੇ।

ਕੂੜ ਖਿਆਲ ਨਾ ਦਿਲ ਬਿਚ ਡਾਲ  ਹਕੀਕਤ ਹਾਲ ਲੈ ਸਾਸਨ ਮੇ।

ਜਾਇ ਤੌਹੀਦ ਪੈ ਦੀਦ ਚੜੇ  ਜਬ ਦ੍ਵੈਤ ਗਈ ਭਏ ਖਾਸਨ ਮੇ।

ਰਾਉ ਨਾ ਰੰਕ ਨਾਂ ਸੰਕ ਕਛੂ  ਅਬ ਦਾਸ ਭਗਵਾਨ ਬਲਾਸਨ ਮੇ।।134।।

 

ਪਦ ਅਰਥ:- ਰਾਉ ਕੀ ਰਾਸ=ਰਾਜ ਲੀਲ੍ਹਾ ਦੇ ਕੌਤਕ। ਭਾਖ ਬਲਾਸਨ=ਨਾ ਜਿਕਰ ਕਰ। ਆਸਨ=ਟਿਕਾਣੇ। ਸਾਸਨ=ਸ੍ਵਾਸਾਂ ਵਿਚ। ਤੌਹੀਦ=(Unitarianism)। ਅਦ੍ਵੈਤਵਾਦ,ਇਕ ਪਾਰਬ੍ਰਹਮ ਦਾ ਨਿਸ਼ਚਾ। ਖਾਸਨ=ਖਾਸਾਂ ਵਿਚ। ਬਿਲਾਸ=ਰੰਗ ਤਮਾਸ਼ੇ, ਖੁਸ਼ੀ ਵਿਚ।

ਅਰਥ:-  ਖਾਸਾਂ ਵਿਚੋਂ ਹੋ ਕੇ ਟਿਕਾਣੇ ਤੇ ਆ ਤੇ ਰਾਸ ਲੀਲ੍ਹਾ ਵਾਲੇ ਹਾਸ-ਬਿਲਾਸ ਨਾ ਕਰ। ਝੂਠਾ ਖਿਆਲ ਦਿਲ ਵਿਚ ਨਾ ਲਿਆ। ਸਵਾਸਾਂ ਦੁਆਰਾ ਸੱਚ ਦਾ ਖਿਆਲ ਚਿੱਤ ਵਿਚ ਲਿਆ। ਜਦੋਂ ਇੱਕ ਵਾਹਿਗੁਰੂ ਨੂੰ ਜਾਣ ਲਿਆ, ਫਿਰ ਦ੍ਵੈਤ ਭਾਵ ਦੂਰ ਹੋ ਗਿਆ ਤੇ ਖਾਸਾਂ ਵਿਚ ਸ਼ਾਮਿਲ ਹੋ ਗਏ। ਰਾਜਾ ਸਾਹਿਬ ਹੁਣ ਬੜੀ ਮੌਜ ਵਿਚ ਹਨ ਜਦੋਂ ਅਮੀਰ ਗਰੀਬ ਜਾਂ ਛੋਟੇ ਵੱਡੇ ਦਾ ਸ਼ੰਕਾ ਅੰਦਰੋਂ ਮੁਕ ਗਿਆ   ॥134॥

ਸ੍ਵੈਯਾ।।

ਨਾ ਰਹੀ ਅਟਕ ਆ ਲਟਕ ਭਈ  ਜਬ ਪਾਇ ਛੁਹੇ ਆਇ ਆਸੁਕ ਕੇ।

ਬੋਲ ਬਹਾਰ ਮਿਲੀ ਗੁਲਜਾਰ  ਇਹ ਹੈ ਉਪਕਾਰ ਜੋ ਲਾਸਕ ਕੇ।

ਪਾ ਗੁਣ ਗੰਜ ਨਾ ਰੰਜ ਰਹੇ  ਨਂਹੀ ਫੰਦ ਫਸੇ ਫਿਰ ਫਾਸੁਕ ਕੇ।

ਪਾਇ ਪਨਾਹ ਅਲਾਹਿ ਕੇ ਰੰਗ  ਹੈਂ ਦਾਸ ਭਗਵਾਂਨ ਉਪਾਸਕ ਕੇ।।135।।

 

ਪਦ ਅਰਥ:- ਲਟਕ=ਸੁਭਾ ਦਾ ਪੱਕ ਜਾਣਾ। ਅਟਕ=ਰੋਕ। ਗੁਲਜਾਰ=ਫੁਲਵਾੜੀ। ਲਾਸਕ=ਨਟ। ਗੁਣ ਗੰਜ=ਗੁਣਾਂ ਦਾ ਖਜ਼ਾਨਾ। ਫਾਸਕ=ਮਾਇਆ ਰੂਪ ਫੰਦਾ। ਪਨਾਹ=ਆਸਰਾ।

                ਜਦੋਂ ਸੱਚੇ ਆਸ਼ਕ ਦੇ ਪੈਰਾਂ ਦੀ ਛੁਹ ਪ੍ਰਾਪਤ ਕੀਤੀ ਤਾਂ ਦੁਨੀਆਂ ਦੀਆਂ ਲਟਕਾਂ ਤੇ ਅਟਕਾਂ ਖਤਮ ਹੋ ਗਈਆਂ। ਰੱਬ ਰੂਪ ਨਟ ਦੇ ਇਹ ਉਪਕਾਰ ਹਨ ਕਿ ਸਭ ਪਾਸੇ ਬਹਾਰ ਰੁੱਤ ਦੀ ਨਿਆਈਂ ਖੇੜਾ ਹੀ ਖੇੜਾ ਹੈ। ਜਦੋਂ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਤਾਂ ਮਾਇਆ ਦੇ ਝੂਠੇ ਫੰਦਿਆਂ ਵਿਚ ਨਹੀਂ ਫਸੇ। ਰਾਜਾ ਸਾਹਿਬ ਬਿਆਨ ਕਰਦੇ  ਹਨ ਕਿ ਜਦੋਂ ਰੱਬ ਦੀ ਸ਼ਰਨ ਲੈ ਕੇ ਉਪਾਸਕ ਹੋ ਕੇ ਉਸ ਦੀ ਉਪਾਸਨਾ ਕੀਤੀ, ਤਾਂ ਰੱਬੀ ਪਿਆਰ ਪ੍ਰਾਪਤ  ਹੋਇਆ ॥135॥

ਸ੍ਵੈਯਾ।।

ਨਾਂ ਬਿਨ ਬੋਧ ਕੇ ਸਾਂਤ ਹੈ ਆਵਤ  ਹੋ ਗਿਰ ਕੰਦਰ ਬੀਚ ਚਹੇ।

ਚਾਹੇ ਗੋਮਤੀ ਗੰਗ ਕੇ ਤੀਰ ਫਿਰੇ  ਚਾਹੇ ਬੀਚ ਬਨਾਰਸ ਜਾਇ ਰਹੇ।

ਸਾਖਿਆਤ ਸਰੂਪ ਨਾ ਹੋਤ ਇਵੇਂ   ਚਾਹੇ ਬਣ ਮਹੰਤ ਇਕੰਤ ਬਹੇ।

ਨਾ ਸਤਸੰਗ ਕਾ ਰੰਗੁ ਚੜੇ  ਜਬ ਦਾਸ ਭਗਵਾਨ ਕੀ ਭੇਦੁ ਲਹੇ।।136।।

 

ਪਦ ਅਰਥ:- ਬੋਧ=ਗਿਆਨ। ਗਿਰ ਕੰਦਰ=ਪਹਾੜ ਦੀ ਗੁਫਾ। ਤੀਰ=ਕਿਨਾਰੇ। ਗੋਮਤੀ=(ੳ) ਇਕ ਨਦੀ, (ਅ) ਗੋਮਤੀ ਪਰਬਤ ਤੇ ਨਿਵਾਸ ਕਰਨ ਵਾਲੀ ਇਕ ਦੇਵੀ। ਗੰਗ=(ੳ) ਇਕ ਨਦੀ, (ਅ) ਇਕ ਕਵੀ, (ੲ) ਨਦੀ ਜੋ ਸਦਾ ਗਮਨ ਕਰਦੀ ਹੈ, (ਸ) ਗੁਰ ਯਸ ਕਰਤਾ ਇਕ ਭੱਟ। ਸਾਖਿਆਤ=ਪ੍ਰਤੱਖ, ਅੱਖਾਂ ਦੇ ਸਾਹਮਣੇ ਜ਼ਾਹਿਰ।

ਅਰਥ:- ਬਿਨਾਂ ਗਿਆਨ ਤੋਂ ਸ਼ਾਂਤੀ ਨਹੀਂ, ਭਾਵੇਂ ਪਹਾੜਾਂ ਦੀਆਂ ਕੰਦਰਾਂ (ਗੁਫਾਵਾਂ) ਵਿਚ ਜਾ ਬੈਠੇ, ਚਾਹੇ ਗੰਗਾ ਤੇ ਗੋਮਤੀ ਆਦਿਕ ਨਦੀਆਂ ਦੇ ਕਿਨਾਰਿਆਂ ਤੇ ਫਿਰਦਾ ਰਹੇ, ਚਾਹੇ ਬਨਾਰਸ ਵਿਚ ਜਾ ਕੇ ਟਿਕਾਣਾ ਕਰ ਲਵੇ। ਚਾਹੇ ਮਹੰਤ ਬਣ ਕੇ ਇਕਾਂਤ ਹੋ ਕੇ ਬੈਠਾ ਰਹੇ, ਇਸ ਤਰਾਂ ਉਸ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਰਾਜਾ ਸਾਹਿਬ ਫੈਸਲਾ ਦਿੰਦੇ ਹਨ ਕਿ ਜਦ ਤਕ ਸਤਿਸੰਗ ਦਾ ਰੰਗ ਨਹੀਂ ਚੜ੍ਹਦਾ, ਇਹ ਪ੍ਰਾਪਤੀ ਦਾ ਭੇਦ ਨਹੀਂ ਖੁਲ੍ਹਦਾ॥136॥

ਸ੍ਵੈਯਾ।।

ਹੈ ਸਭ ਭੇਸ ਤੌ ਸਫਲ ਕੀਏ  ਜਬ ਆ ਸਤਸੰਗ ਦੀ ਗੰਗ ਬਹੇ।

ਰੋਮ ਕਟਾਇ ਬਣੇ ਮੁੰਡੀਆ  ਚਾਹੇ ਹੋ ਕਰ ਨੰਗ ਮਲੰਗ ਰਹੇ।

ਚਾਹੇ ਕੰਨ ਪੜਾਏ ਬਭੂਤ ਮਲੇ  ਚਾਹੇ ਧੂਣੀਆਂ ਤਾਪ ਆ ਅੰਗ ਦਹੇ।

ਗਿਆਨ ਬਹੂੰਨ ਹੈ ਊਨ ਸਭੀ  ਇਉਂ ਦਾਸ ਭਗਵਾਨ ਬਖਾਂਨ ਕਹੇ।।137।।

 

ਪਦ ਅਰਥ:- ਭੇਸ=ਭੇਖ। ਮਲੰਗ=(ੳ) ਮਲਾਂਗ, ਜਿਸਦੇ ਅੰਗਾਂ ਨੂੰ ਮੈਲ ਲੱਗੀ ਹੈ, (ਅ) ਬੇਹੋਸ਼, (ੲ) ਮੁਸਲਮਾਨਾਂ ਦਾ ਇਕ ਫ਼ਿਰਕਾ ਜੋ ਜ਼ਿੰਦਾ ਸ਼ਾਹ ਮਦਾਰ ਤੋਂ ਚਲਿਆ ਹੈ, ਨਸ਼ਿਆਂ ਦਾ ਖਾਣਾ ਪੀਣਾ ਇਨ੍ਹਾਂ ਦਾ ਧਾਰਮਿਕ ਨਿਯਮ ਬਣ ਗਿਆ ਹੈ। ਬਿਭੂਤ=ਸੁਆਹ। ਬਖਾਂਨ=ਬਿਆਨ।

ਅਰਥ:- ਬਾਹਰੋਂ ਫਕੀਰੀ ਦੇ ਭੇਖ ਬਣਾਉਣੇ ਤਦੋਂ ਹੀ ਸੁਫਲੇ ਹਨ, ਜੇਕਰ ਸਤਿਸੰਗ ਰੂਪੀ ਗੰਗਾ ਵਿਚ ਇਸ਼ਨਾਨ ਕਰੇ। ਸਤਿਸੰਗ ਤੋਂ ਬਿਨਾਂ ਚਾਹੇ ਰੁੰਡ-ਮੁੰਡ (ਭਾਵ ਸਿਰ ਮੂੰਹ ਮੁਨਵਾ ਕੇ) ਹੋਵੇ, ਚਾਹੇ ਨੰਗਾ ਹੋ ਕੇ ਮਲੰਗ ਬਣ ਰਹੇ, ਚਾਹੇ ਕੰਨ ਪੜਾ ਕੇ ਮੁੰਦਰਾਂ ਪਾਵੇ, ਚਾਹੇ ਪਿੰਡੇ ਤੇ ਸੁਆਹ ਮਲੇ, ਚਾਹੇ ਧੂਣੀਆਂ ਤਪਾ ਕੇ ਸਰੀਰ ਨੂੰ ਸਾੜੇ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਗਿਆਨ ਤੋਂ ਬਿਨਾਂ ਸਭ ਕਰਮ ਧਰਮ ਫੋਕਟ ਹੀ ਹਨ ॥137॥

 

ਸ੍ਵੈਯਾ।।

ਹੈ ਸਭ ਦੇਸ ਦਸਾਨ ਬਿਖੇ  ਇਕੁ ਆਪ ਹੀ ਆਪ ਨਾ ਹੋਰ ਹੈ ਕੋਈ।

ਅੰਤ੍ਰ ਬਾਹਰ ਪੂਰ ਰਿਹਾ  ਇਹ ਹੈ ਜਹਿ ਸੂਤ ਮੇ ਸਭ ਪਰੋਈ।

ਨੇਤ ਹੀ ਨੇਤ ਜਹ ਬੇਦ ਬਖਾਂਨਤ  ਹੈ ਪ੍ਰਮਾਤਮ ਆਤਮ ਸੋਈ।

ਹੈ ਤਹ ਭੇਦ ਮੇਂ  ਭੇਦ ਲਖਾ  ਜਹ ਦਾਸ ਭਗਵਾਂਨ ਹੈ ਜਾਂਨ ਬਲੋਈ।।138।।

 

ਪਦ ਅਰਥ:- ਦਸਾਨ=ਪਾਸੇ ਹੋਰ ਦੇਸ਼ਾਂ ਵਿਚ। ਨੇਤ ਹੀ ਨੇਤ=ਨਹੀਂ ਅੰਤ ਬੇਦ, (ੳ) ਇਲਮ। (ਅ) ਹਿੰਦੂ ਧਰਮ ਦੇ ਪ੍ਰਧਾਨ ਧਰਮ ਗ੍ਰੰਥ:- ਰਿਗ, ਯਜੁਰ, ਸਾਮ ਅਤੇ ਆਥਰਵ। (ੲ) ਰੜਕਾ। (ਸ) ਅੱਗ ਮਚਾਉਣ ਲਈ ਘਾਹ ਦਾ ਮੁੱਠਾ। (ਹ) ਬੇਦੀ ਵਿਆਹ ਸਮੇਂ ਰਚੀ ਹੋਈ। (ਕ) ਬਿੰਦੀ। (ਖ) ਬੈਂਤ ਦੀ ਬੇਲ। ਬਖਾਨਤ=ਕਹਿੰਦੇ ਹਨ। ਬਿਲੋਈ=ਰਿੜਕੀ। (ਗ) ਮਧਾਣੀ। (ਘ) ਦੇਖੀ।

ਅਰਥ:- ਆਪ ਹੀ ਆਪ ਸਾਰੇ ਦੇਸ਼ਾਂ ਦੇਸ਼ਾਂਤਰਾਂ ਵਿਚ ਹੈ, ਹੋਰ ਕੋਈ ਨਹੀਂ। ਅੰਦਰ ਬਾਹਰ ਸਾਰੇ ਪਰੀਪੂਰਨ ਹੋ ਰਿਹਾ ਹੈ, ਸਭ ਇੱਕੋ ਸੂਤਰ ਵਿਚ ਪਰੋਤੇ ਹਨ। ਵੇਦ ਤੇ ਧਰਮ ਗ੍ਰੰਥ ਸਾਰੇ ਜਿਸਨੂੰ ਬੇਅੰਤ ਹੀ ਬੇਅੰਤ ਕਹਿੰਦੇ ਹਨ ਉਸ ਪਰਮਾਤਮਾ ਦੀ ਹੀ ਜੋਤ ਸਾਰੇ ਪਰੀਪੂਰਨ ਹੋ ਰਹੀ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਜਿਸ ਨੇ ਇਸ ਭੇਦ ਨੂੰ ਜਾਣ ਲਿਆ, ਉਸਨੇ ਜਾਣੋ ਉਸਦੇ ਦਰਸ਼ਨ ਕਰ ਲਏ ॥138॥

 

ਸ੍ਵੈਯਾ।।

ਹੋ ਕਰ ਬੰਧ ਨਾ ਅੰਧ ਖਲੋ  ਇਹ ਹੈ ਸਭ ਧੰਦ ਹੀ ਧੁੰਦ ਪਸਾਰਾ।

 ਪਾਂਧੀ ਨਾਂ ਪੈ ਅਟਕ ਰਹੋ  ਚਲੋ ਮਾਰਗ ਮੋਖ ਇਹ ਪਾ ਗੁਫਤਾਰਾ।

ਜੈਂਹ ਤੁਮ ਔ ਹਮ ਹੈਂ ਤਮ ਭਏ ਤਹ  ਨਾਂ ਤਿਨ ਕਾਲ ਇਹ ਹੈ ਸੰਸਾਰਾ।

ਦਾਸ ਭਗਵਾਨ ਨਾ ਹੋਹ ਨਦਾਨ  ਹਕੀਕਤ ਜਾਨ ਬਿਗਿਆਂਨ ਬਹਾਰਾ।।139।।

 

ਪਦ ਅਰਥ:- ਬੰਧ=ਬੰਨ੍ਹ ਕੇ। ਧੰਦ=ਧੰਦੇ। ਧੁੰਦ ਪਸਾਰਾ=ਛਿਨ ਭੰਗਰ। ''ਇਹੁ ਜਗੁ ਧੂਏ ਕਾ ਪਹਾਰ|| ਤੈ ਸਾਚਾ ਮਾਨਿਆ ਕਿਹ ਬਿਚਾਰਿ ।।1।।'' ਪਾਂਧੀ=ਰਾਹੀ। ਮਾਰਗ=ਰਸਤਾ। ਮੋਖ=ਮੁਕਤੀ। ਗੁਫਤਾਰਾ=ਕਹਿਣਾ। ਤਿੰਨ ਕਾਲ=ਭੂਤ, ਭਵਿੱਖ, ਵਰਤਮਾਨ। ਬਿਗਿਆਂਨ=ਆਤਮਕ ਗਿਆਨ, ਮਾਰਫਤ।

ਅਰਥ:- ਧੰਦਿਆਂ ਵਿਚ ਅੰਨ੍ਹਾ ਨਾ ਹੋ। ਇਹ ਜੋ ਦਿਸਦਾ ਹੈ, ਸਭ ਧੁੰਦ ਦੀ ਨਿਆਈਂ ਛਿਨ ਭੰਗਰ ਹੈ। ਇਸ ਖਿਆਲ ਨੂੰ ਸਮਝ ਕੇ ਹੇ ਰੱਬ ਦੇ ਰਾਹ ਦੇ ਪਾਂਧੀ ! ਇਹ ਸਾਡੀ ਕਹਾਵਤ ਸਮਝ ਕੇ ਠੀਕ ਰਸਤੇ ਚਲ ਕੇ ਮੁਕਤੀ ਪ੍ਰਾਪਤ ਕਰ। ਜਿਥੇ ਹਮ ਅਤੇ ਤੁਮ ਦਾ ਭੇਦ ਹੈ, ਉਸਨੂੰ ਸੰਸਾਰ ਕਹਿੰਦੇ ਹਨ। ਜੋ ਅੰਧੇਰ ਰੂਪ ਸੰਸਾਰ ਨਾ ਪਿੱਛੇ ਸੀ, ਨਾ ਹੁਣ ਹੈ ਅਤੇ ਨਾ ਅੱਗੋਂ ਹੋਵੇਗਾ। ਰਾਜਾ ਸਾਹਿਬ ਇਸ ਮਨੁੱਖ ਨੂੰ ਖਬਰਦਾਰ ਕਰਦੇ ਹਨ ਕਿ ਅਨਜਾਣ ਨਾ ਬਣ, ਅਸਲ ਨੂੰ ਪਛਾਣ ਕੇ ਆਤਮਿਕ ਅਨੰਦ ਵਿਚ ਵਿਚਰ ॥139॥

ਸ੍ਵੈਯਾ।।

ਸਬਕ ਸਕੂਲ ਹੈਂ ਭੂਲ ਗਏ  ਜਬ ਮੂਲ ਮੁਕਾਲੇ ਕੋ ਸਮਝ ਖੜੇ।

ਸੂਫੀਆ ਕੌਲ ਕੀ ਡੌਲ ਕੋ ਲੈ ਕੀਏ  ਲੁਗਤ ਆ ਹਲ ਹਰੂਫੁ ਬੜੇ।

ਸਾਬਕ ਸਬਕ ਸੁਨੀਦ ਕਹਾਂ  ਜਹਾਂ ਹਾਲ ਤੌਹੀਦ ਪੈ ਦੀਦ ਚੜੇ।

ਸੁੰਮਨ ਬੁਕਮ੍ਰ ਹੋਇ ਰਹੇ  ਅਬ ਦਾਸ ਭਗਵਾਂਨ ਨਾਂ ਫਰਕ ਫੜੇ।।140।।

 

ਪਦ ਅਰਥ:- ਮੂਲ ਮੁਕਾਲੇ=ਮਹਾਂਵਾਕ। ਸੂਫੀਆ=ਆਰਫ। ਕੌਲ=ਬਚਨ। ਲੁਗਤ= ਸ਼ਬਦ, ਲਫਜ਼। ਹਰੂਫ਼ ਬੜੇ=ਆਤਮਿਕ। ਸਾਬਕ=ਪਹਿਲਾ। ਸੁੰਮਨ=ਉਤਮ ਮਨ ਵਾਲੇ।

ਅਰਥ:- ਜਦੋਂ ਬ੍ਰਹਮ ਵਿਦਿਆ ਤੋਂ ਜਾਣੂ ਹੋ ਗਏ, ਤਦੋਂ ਸਬਕ ਤੇ ਸਕੂਲ ਭੁੱਲ ਗਏ। ਆਰਫ ਲੋਕਾਂ ਦੇ ਬਚਨ ਲੈ ਕੇ ਬ੍ਰਹਮ ਜੋ ਸ਼ਬਦ ਹੈ ਉਸ ਨੂੰ ਪ੍ਰਾਪਤ ਕੀਤਾ। ਜਦੋਂ ਅੱਖਾਂ ਅੱਗੇ ਏਕਤਾ ਦਾ ਹਾਲ ਆ ਗਿਆ, ਉੱਥੇ ਸਬਕ ਤੇ ਉਸਤਾਦ ਦੀ ਲੋੜ ਨਹੀਂ ਰਹਿ ਗਈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਜਦੋਂ ਮਨ ਸਾਫ ਹੋ ਗਿਆ ਤਾਂ ਪ੍ਰਾਪਤੀ ਵਿਚ ਕੋਈ ਫਰਕ ਨਹੀਂ ਰਹਿ ਗਿਆ ॥140॥

ਸ੍ਵੈਯਾ।।

ਦਿਲ ਦਰਮਿਆਨ ਆ ਆਰਜੂ ਲਾਮਤ  ਆਯੂ ਇਹ ਲਜਤ ਸਾਥ ਹੀ ਬੀਤੇ।

ਆਰਜਾ ਆਏ ਨਾ ਬਾਤਨ ਮੇ  ਤਿਨ ਹੈ ਜਿਨ ਪ੍ਰੇਮ ਪਿਆਲੜੇ ਪੀਤੇ।

ਸੁਖਨ ਇਹ ਸਾਫ ਹੈਂ ਲਾਫ ਨ ਜਾਣ ਤੂੰ  ਨਾ ਹਮ ਕੌਲ ਹੈ ਕੱਸਬ ਕੇ ਕੀਤੇ।

ਆ ਖੁਦ ਆਂਖ ਦੇ ਦੇਖ ਲਵੋ ਇਹ  ਦਾਸ ਭਗਵਾਨ ਜੋ ਮਰ ਕਰ ਜੀਤੇ।। 141।।

 

ਪਦ ਅਰਥ:-  ਆਰਜੂ=ਇੱਛਾ। ਲਜਤ=ਸੁਆਦ। ਲਾਮਤ ਆਯੂ=ਨਾ ਮੁੱਕਣ ਵਾਲੀ। ਬਾਤਨ=ਅੰਦਰ। ਲਾਫ=ਗੱਪ। ਕੱਸਬ=ਝੂਠੇ।

ਅਰਥ:-  ਦਿਲ ਦੀ ਇੱਛਾ ਜੋ ਬੇਹੱਦ ਹੈ, ਇਸ ਸੁਆਦ ਵਿਚ ਹੀ ਲੰਘਦੀ ਜਾਂਦੀ ਹੈ। ਜਿਨ੍ਹਾਂ ਨੇ ਪ੍ਰੇਮ ਪਿਆਲੇ ਪੀਤੇ ਹਨ, ਉਨ੍ਹਾਂ ਦੇ ਅੰਦਰ ਖਾਹਸ਼ ਪੈਦਾ ਹੀ ਨਹੀਂ ਹੁੰਦੀ। ਇਹ ਅਸੀਂ ਸਾਫ ਬਚਨ ਕੀਤਾ ਹੈ। ਇਹ ਝੂਠ ਮੂਠ ਬਚਨ ਨਹੀਂ ਕੀਤੇ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਮਰਜੀਵੜੇ ਹੀ ਪ੍ਰੇਮ ਪਿਆਲੇ ਨੂੰ ਪੀਂਦੇ ਹਨ॥141॥

ਸ੍ਵੈਯਾ।।

ਜਰ ਜਰਾਇਤ ਛੋੜ ਜਮਾਇਤ  ਪਕੜ ਕਨਾਇਤ ਕਾਂਮ ਸਰੇ।

 ਸਾਬਰ ਸਬਰ ਕਾ ਅਬਰ ਪੜੇ  ਜਬ ਸੌਕ ਕੀ ਸਾਖ ਆ ਸਬਜ ਕਰੇ।

 ਕੈਹਤ ਦੂਰ ਦਰਮਿਸਕ ਕਾ ਹੋਵਤ  ਬਾਤਨ ਬੀਚ ਧਿਆਂਨ ਧਰੇ।

ਸੁਖਨ ਸਨਾਖਤ ਆਣ ਕਰੀ  ਜਬ ਦਾਸ ਭਗਵਾਨ ਭੀ ਸਾਸ ਭਰੇ।।142।।

 

ਪਦ ਅਰਥ:-  ਜਰ=ਰੁਪਿਆ, ਪੈਸਾ। ਜਰਾਇਤ=ਖੇਤੀ ਬਾੜੀ। ਜਮਾਇਤ=ਟੱਬਰ, ਕਬੀਲਾ ਆਦਿ। ਕਨਾਇਤ=ਸਬਰ ਸੰਤੋਖ। ਸਾਬਰ=ਸਬਰ ਕਰਨ ਵਾਲਾ। ਅਬਰ=ਬਦਲ। ਸ਼ੌਕ=ਪ੍ਰੇਮ। ਸ਼ਾਖ=ਟਾਹਣੀ। ਕੈਹਤ=ਕਾਲ। ਦਰਮਿਸਕ= ਅੰਤਹਕਰਣ। ਸੁਖਨ ਸਨਾਖਤ=ਜਦੋਂ ਕੌਲ ਦੀ ਪਛਾਣ ਕੀਤੀ। ਸਾਸ=ਗਵਾਹੀ।

ਅਰਥ:-  ਕੰਮ ਤਦੋਂ ਹੀ ਸਰਦਾ ਹੈ, ਜਦ ਸਭ ਤਰ੍ਹਾਂ ਸਾਰੀਆਂ ਵਸਤਾਂ। ਧੰਨ, ਮਾਲ, ਖੇਤੀ, ਸੰਬੰਧੀ ਆਦਿ ਤੋਂ ਮਨ ਉਦਾਸ ਹੋ ਜਾਵੇ, ਜਦੋਂ ਸਾਬਰ ਤੇ ਸਬਰ ਦਾ ਮੀਂਹ ਪੈਂਦਾ ਹੈ, ਤਦੋਂ ਪ੍ਰੇਮ ਦੀ ਸ਼ਾਖ ਪੈਦਾ ਹੁੰਦੀ ਹੈ ਤੇ ਹਰੀ ਭਰੀ ਹੁੰਦੀ ਹੈ। ਜਦੋਂ ਅੰਦਰ ਦਾ ਧਿਆਨ ਧਰਦਾ ਹੈ ਤਾਂ ਕਾਲ ਦੂਰ ਹੋ ਜਾਂਦਾ ਹੈ। ਰਾਜਾ ਸਾਹਿਬ ਇਸ ਚਾਲ ਦੀ ਗਵਾਹੀ ਦਿੰਦੇ ਹਨ ਕਿ ਜਦੋਂ ਬਚਨ ਦੀ ਪਛਾਣ ਕੀਤੀ ਤਾਂ ਰੱਬੀ ਪਿਆਰ ਪ੍ਰਾਪਤ ਹੋਇਆ ॥142॥

ਸ੍ਵੈਯਾ।।

ਆਹਿ ਹੋ ਸਰਦ ਔ ਹੈ ਰੰਗ ਜਰਦ ਜੌ ਹੈ ਤਰ ਚਸਮ ਆ ਹੋਇ ਰਹੀ।

ਇਹ ਅਲਾਮਤ ਬੀਚ ਜਿਸੇ ਮੁਬਤਲਾਇ ਹੈ ਇਸਕ ਮੇ ਸਖਸ ਵਹੀ।

 ਉਮਦੈ ਹੈ ਆਦਤ ਬੀਚ ਇਬਾਦਤ ਜਾਣਸ ਆਦਤ ਮੰਦ ਸਹੀ।

ਤੋੜ ਕੇ ਅਟਕ ਬੇ ਖਟਕ ਰਹੇ ਦੇਖੋ ਦਾਸ ਭਗਵਾਨ ਆ ਲਟਕ ਯਹੀ।।143।।

 

ਪਦ ਅਰਥ:-  ਆਹ ਹੋ ਸਰਦ=ਠੰਡੇ ਸਾਹ ਲੈਣੇ। ਰੰਗ ਜਰਦ=ਪੀਲਾ ਰੰਗ। ਤਰ ਚਸਮ=ਅੱਖਾਂ ਤਰ ਰਹਿਣ। ਅਲਾਮਤ=ਹਾਲ ਵਿਚ। ਮੁਬਤਲਾਇ=ਪਰਵਿਰਤ ਹੋਇਆ, ਵੱਸ ਹੋਇਆ। ਇਸ਼ਕ=ਪਿਆਰ। ਸ਼ਖਸ=ਆਦਮੀ। ਉਮਦੈ=ਸੋਹਣੀ। ਆਦ=ਸੁਭਾ। ਇਬਾਦਤ=ਭਜਨ ਬੰਦਗੀ। ਸਾਦਤ ਮੰਦ=ਨੇਕ ਬਖਤ, ਖੁਸ਼ਨਸੀਬ, ਭਾਗਵਾਨ। ਸਹੀ=ਠੀਕ। ਅਟਕ=ਰੁਕਾਵਟ। ਬੇਖਟਕ=ਬੇਡਰ। ਲਟਕ=ਲਗਨ।

ਅਰਥ:-  ਇਸ਼ਕ ਦੇ ਪ੍ਰੇਮੀ ਦੀ ਸਰੀਰਕ ਅਵਸਥਾ ਬਾਰੇ ਰਾਜਾ ਜੀ ਦੱਸਦੇ ਹਨ ਕਿ ਆਸ਼ਕ ਦੀ ਪਛਾਣ ਕੀ ਹੈ? ਠੰਡੇ ਸਾਹ, ਪੀਲਾ ਰੰਗ, ਉਸਦੀ ਅੱਖ ਤਰ ਹੀ ਰਹਿੰਦੀ ਹੈ। ਜਿਸ ਬੰਦੇ ਵਿਚ ਇਹ ਲੱਛਣ ਦੇਖੋ, ਉਸਨੂੰ ਇਸ਼ਕ ਦਾ ਰੋਗੀ ਜਾਣੋ। ਉਸਦਾ ਸੁਭਾ ਚੰਗਾ ਹੈ ਤੇ ਭਜਨ ਬੰਦਗੀ ਵਿਚ ਰਹਿੰਦਾ ਹੈ ਤੇ ਸਹੀ ਤੌਰ ਤੇ ਉਹ ਭਾਗਾਂ ਵਾਲਾ ਹੈ। ਜਿਸ ਨੂੰ ਇਹ ਲਟਕ ਲੱਗ ਗਈ ਹੈ, ਉਹ ਸਾਰੀਆਂ ਅਟਕਾਂ ਤੋਂ ਬੇਖਟਕ ਹੋ ਜਾਂਦਾ ਹੈ॥143॥

 

ਸ੍ਵੈਯਾ।।

ਬਸ ਬੁਲਾਓ ਨਂਹੀ ਹਮ ਕੋ  ਕੋਈ ਨੋਸ ਨਸਾ ਕੀਆ ਹੈ ਹਮ ਨੇ।

ਤੁਹਫਾ ਤਯਸਰ ਭਿਆ ਮੁਯਸਰ  ਪਕੜ ਕਨਾਰ ਲੀਆ ਗਮ ਨੇ।

ਨਾਂ ਰਹੀ ਖਬਰ ਹੈ ਆਲਮ ਕੀ  ਏਹਾ ਆਇ ਆਰਾਮ ਕੀਆ ਦੰਮ ਨੇ।

 ਦਾਸ ਭਗਵਾਂਨ ਦਿਲੇ ਦਰਮਿਆਨ  ਨਸੀ ਕੀਆ ਹੈ ਅਬ ਆ ਰਮ ਨੇ।।144।।

 

ਪਦ ਅਰਥ:- ਨੋਸ=ਪੀਣਾ। ਨਸਾ=ਸ਼ਰਾਬ ਆਦਿਕ। ਤੁਹਫਾ=ਸੁਗਾਤ। ਤਯਸਰ=ਪ੍ਰਾਪਤ ਹੋਣ ਯੋਗ। ਮੁਯਸਰ=ਪ੍ਰਾਪਤ ਹੋਣਾ। ਕਨਾਰ=ਪਾਸੇ ਹੋ ਜਾਣਾ। ਗਮਨੇ=ਫਿਕਰਾਂ ਨੇ। ਆਲਮ=ਦੁਨੀਆਂ। ਦਿਲੇ ਦਰਮਿਆਨ=ਦਿਲ ਦੇ ਅੰਦਰ, ਸਕੂਨ ਠਹਿਰਾਓ।

ਅਰਥ:- ਅਸੀਂ ਕੋਈ ਨਸ਼ਾ ਪੀਤਾ ਹੋਇਆ ਹੈ, ਹੁਣ ਸਾਨੂੰ ਕੋਈ ਨਾ ਬੁਲਾਓ। ਇਸ ਨਸ਼ੇ ਦੇ ਪੀਣ ਕਰਕੇ, ਇਹ ਨਾ ਪ੍ਰਾਪਤ ਹੋਣ ਵਾਲਾ ਤੁਹਫਾ ਪ੍ਰਾਪਤ ਹੋ ਗਿਆ ਹੈ। ਜਿਸ ਦੀ ਬਰਕਤ ਦਾ ਸਦਕਾ ਗਮਾਂ ਤੇ ਫ਼ਿਕਰਾਂ ਨੇ ਕਿਨਾਰਾ ਕਰ ਲਿਆ ਹੈ। ਹੁਣ ਦੁਨੀਆਂ ਤੋਂ ਬੇਖਬਰ ਹੋ ਗਏ ਹਾਂ, ਤੇ ਸੁਖ ਦੀ ਥਾਂ ਪੁਜ ਗਏ ਹਾਂ। ਰਾਜਾ ਜੀ ਬਿਆਨ ਕਰਦੇ ਹਨ ਕਿ ਹੁਣ ਦਿਲ ਦੇ ਅੰਦਰ ਹੀ ਠੀਕ ਟਿਕਾਣਾ ਬਣਾ ਲਿਆ ਹੈ ॥144॥

 

ਸ੍ਵੈਯਾ।।

ਜਲਵਾ ਇ ਜਾਮ ਭਰਾ ਹੂਆ ਆਮ  ਹੈ ਪੀਵੇਗਾ ਸੋ ਮਰੇ ਜੀਵਤ ਜੋ।

ਦੀਨ ਦੁਨੀ ਦਾਵਾ ਦੂਰ ਭਇਆ  ਤਹ ਲਾ ਪਰਵਾਹ ਨਸੇ ਖੀਵਤ ਜੋ।

ਬਿਆਂਨ ਕਰੇ ਯਾਹਿ ਲੱਜਤ ਕੋ  ਓਹੁ ਬੀਚ ਤਾਸੀਰ ਆ ਥੀਵਤ ਜੋ।

 ਨੇਹਮਤ ਨੂਰ ਮੁਰੈਹਮਤ ਹੈ ਤਿਸ  ਦਾਸ ਭਗਵਾਂਨ ਇਹ ਪੀਵਤ ਜੋ।।145।।

 

ਪਦ ਅਰਥ:-  ਜਲਵਾ ਇ ਜਾਮ=ਨੂਰ ਦਾ ਪਿਆਲਾ। ਮਰੇ ਜੀਵਤ=ਜੋ ਜ਼ਿੰਦਾ ਮਰ ਰਹੇ। ਦੀਨ ਦੁਨੀ=ਲੋਕ ਪਰਲੋਕ। ਦਾਵਾ= ਅਪਣੱਤ, ਮੈਂ=ਮੇਰੀ। ਲਾ ਪਰਵਾਹ=ਬੇ ਗਰਜ। ਖੀਵਤ=ਮਸਤਾਨੇ। ਲੱਜਤ=ਸੁਆਦ। ਤਾਸੀਰ=ਅਸਰ ਹੇਠ। ਥੀਵਤ=ਹੁੰਦਾ ਹੈ। ਨੇਹਮਤ=ਸੁਗਾਤ। ਮੁਰੈਹਮਤ=ਬਖਸ਼ਿਸ਼।

ਅਰਥ:-  ਨੂਰ ਦਾ ਪਿਆਲਾ ਲਬਾਲਬ ਸਾਰੇ ਭਰਪੂਰ ਹੋ ਰਿਹਾ ਹੈ, ਪਰ ਦੁਨੀਆਂ ਵਲੋਂ ਮਰ ਚੁੱਕੇ (ਆਸਾਂ ਛੱਡਣ ਵਾਲੇ) ਇਸ ਪਿਆਲੇ ਨੂੰ ਪੀਂਦੇ ਹਨ। ਇਸ ਬੇ-ਪਰਵਾਹੀ ਦੇ ਨਸ਼ੇ ਨੂੰ ਉਹ ਪੀਂਦੇ ਹਨ, ਜਿਨ੍ਹਾਂ ਨੇ ਦੁਨੀਆਂ ਦਾ ਦਾਅਵਾ ਦੂਰ ਕੀਤਾ ਹੈ, ਉਹ ਰੱਬੀ ਮਸਤੀ ਮਾਣਦੇ ਹਨ। ਜੋ ਨਸ਼ੇ ਦੇ ਅਸਰ ਹੇਠ ਆ ਜਾਂਦਾ ਹੈ ਉਹ ਕੀ ਬਿਆਨ ਕਰੇ? ਭਾਵ ਦੱਸ ਨਹੀਂ ਸਕਦਾ। (ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ।।)ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਜਿਨ੍ਹਾਂ ਤੇ ਪ੍ਰਭੂ ਦੀ ਅਪਾਰ ਕਿਰਪਾ ਹੈ, ਉਨ੍ਹਾਂ ਤੇ ਖੁਸ਼ ਹੋ ਕੇ 'ਉਹ' ਇਹ ਬਖਸ਼ਿਸ਼ ਬਖਸ਼ਦਾ ਹੈ॥145॥

 

ਸ੍ਵੈਯਾ।।

ਤਿਫਲ ਤਫੈਲ ਹੋ ਉਮਰ ਅਵੈਲ  ਮੇਂ ਜਾਹਦ ਜੈਲ ਕੈ ਗੈਲ ਜੋ ਆਵੇਂ।

ਉਲਫਤ ਆਰਫ ਲੁਤਫ ਤਜਾਰਤ  ਸਮਝ ਇਸਾਰਤ ਜਿਆਰਤ ਪਾਵੇਂ।

ਰਾਹਿ ਰਿਆਜਤ ਹਕ ਇਜਾਜਤ  ਕਰ ਮੁਤਾਬਤ ਮਰਤਬੇ ਜਾਵੇਂ।

 ਗੌਂਸੀ ਹਜੂਰੀ ਦੇ ਮਰਤਬਾ ਮੁਰਸਦ  ਦਾਸ ਭਗਵਾਨ ਜੇ ਚਸਮ ਚੜਾਵੇਂ।।146।।

 

ਪਦ ਅਰਥ:- ਤਿਫਲ=ਬਾਲਕ। ਤਫੈਲ=ਬਰਕਤ। ਅਵੈਲ=ਐਬਾਂ ਤੋਂ ਬਿਨਾਂ। ਜਾਹਦ=ਦੁਨੀਆਂ ਵਲੋਂ ਮੁਖ ਮੋੜ ਕੇ ਪਰਮੇਸ਼ਰ ਵਲ ਰਹਿਣ ਵਾਲਾ। ਜੈਲ=ਪੱਲਾ, ਦਾਮਨ, ਲੜ। ਉਲਫਤ=ਪਿਆਰ। ਆਰਫ=ਫੱਕਰ। ਲੁਤਫ=ਸੁਆਦ। ਤਜਾਰਤ=ਸੌਦਾਗਰੀ। ਇਸਾਰਤ=ਸੈਨਤ। ਜਿਆਰਤ=ਦਰਸ਼ਨ। ਰਾਹਿ ਰਿਆਜਤ=ਬੰਦਗੀ ਦਾ ਰਸਤਾ। ਹੱਕ ਇਜਾਜਤ=ਰੱਬੀ ਹੁਕਮ। ਮੁਤਾਬਕ=ਅਨੁਸਾਰ। ਮਰਤਬੇ=ਦਰਜੇ। ਗੌਂਸੀ ਹਜੂਰੀ=ਰੱਬੀ ਦਰਬਾਰ ਦਾ ਦਰਬਾਰੀ। ਮੁਰਸ਼ਦ=ਰਹਿਬਰ, ਗੁਰੂ। ਚਸਮ ਚੜ੍ਹਾਵੇਂ=ਜੇ ਕਬੂਲ ਪੈ ਜਾਵੇ।

ਅਰਥ:-  ਜੇਕਰ ਮਨੁੱਖ ਆਪਣੀ ਬਾਲ ਅਵਸਥਾ ਵਿਚ ਹੀ (ਜਦੋਂ ਉਹ ਬੇ-ਐਬ ਹੁੰਦਾ ਹੈ) ਸੱਚੇ ਗੁਰੂ ਦਾ ਪੱਲਾ ਫੜ ਲਵੇ, ਤਾਂ ਐਸੇ ਮੁਰਸ਼ਦ ਦੇ ਇਸ਼ਾਰੇ ਤੇ ਚਲ ਕੇ ਸੱਚ ਦਾ ਵਪਾਰ ਕਰਦਾ ਹੋਇਆ, ਰੱਬ ਦਾ ਜਮਾਲ ਪ੍ਰਾਪਤ ਕਰੇਗਾ। ਬੰਦਗੀ ਦੇ ਰਸਤੇ ਤੇ ਹੁਕਮ ਤੇ ਆਗਿਆ ਵਿੱਚ ਰਹਿ ਕੇ ਉੱਚੇ ਦਰਜੇ ਤੇ ਪੁੱਜ ਸਕਦਾ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਜੇ ਕਾਮਲ ਮੁਰਸ਼ਦ ਦੀ ਨਜ਼ਰ ਵਿਚ ਮਨਜ਼ੂਰ ਹੋ ਜਾਵੇ, ਤਾਂ ਰੱਬ ਦੀ ਹਜ਼ੂਰੀ ਦਾ ਦਰਸ਼ਨ ਮਿਲ ਜਾਂਦਾ ਹੈ (ਭਾਵ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ) ॥146॥

ਸ੍ਵੈਯਾ।।

ਆਲਮ ਹੋ ਮਸਗੂਲ ਹੈਂ ਆਲਮ  ਕੋਸਸ ਇਲਮ ਸੇ ਫੈਜੁ ਕੀ ਪਾਯਾ।

ਜੋਹਫ ਜੋ ਜਿਗਰ ਮੇਂ ਦੀਗਰ ਹੈ  ਗੌਗਾ ਗੈਬ ਸੇ ਗਜਬ ਕਾ ਇਸ ਉਠਾਯਾ।

ਜੇਰ ਔ ਜਬਰ ਕਾ ਅਬਰ ਚੜਾ  ਤਮਾ ਬੀਚ ਤੁਫਾਨ ਕੀ ਸੋਰ ਮਚਾਯਾ।

   ਦਾਸ ਭਗਵਾਂਨ ਹੈਰਾਨ ਹੂਏ  ਨਂਹੀ ਹਰਫ ਕੀ ਤਰਫ ਆਰਮੁ ਜੁ ਆਯਾ।।147।।

 

ਪਦ ਅਰਥ:- ਆਲਮ=ਵਿਦਵਾਨ। ਮਸਗੂਲ=ਰੁੱਝ ਕਰਕੇ। ਫੈਜੁ=ਨਤੀਜਾ। ਜੋਹਫ=ਕਮਜ਼ੋਰੀ। ਜਿਗਰ=ਜਡਕਗ ਕਲੇਜਾ; ਇਸ ਦਾ ਰੰਗ ਸੁਰਖੀ ਮਿਲਿਆ ਭੂਰਾ ਹੁੰਦਾ ਹੈ, ਜਿਗਰ ਦਾ ਬਹੁਤਾ ਹਿੱਸਾ ਸੱਜੇ ਪਾਸੇ ਪਸਲੀਆਂ ਹੇਠ ਮਿਹਦੇ ਦੇ ਉਪਰ ਅਤੇ ਥੋੜ੍ਹਾ ਹਿੱਸਾ ਖੱਬੇ ਪਾਸੇ ਵੱਲ ਹੋਇਆ ਕਰਦਾ ਹੈ। ਦੀਗਰ=ਹੋਰ। ਗੌਗਾ=ਸ਼ੋਰ। ਗਜਬ ਕਾ=ਬਹੁਤ ਹੀ। ਜੇਰ ਔ ਜਬਰ =ਹੇਠਾਂ ਉੱਤੇ। ਅਬਰ=ਬਦਲ। ਤਮਾ=ਲਾਲਚ। ਤੁਫਾਨ=ਅੰਧੇਰੀ। ਹਰਫ=ਅੱਖਰ।

ਅਰਥ:- ਹੇ ਵਿਦਵਾਨ ! ਬੜੇ ਯਤਨ ਨਾਲ ਵਿੱਦਿਆ ਪੜ੍ਹ ਕੇ ਭਲਾ ਦੱਸ ਇਸ ਤੋਂ ਕੀ ਲਾਭ ਪ੍ਰਾਪਤ ਕੀਤਾ? ਵਿੱਦਿਆ ਦੇ ਮਦ ਵਿਚ ਬੜਾ ਰੌਲਾ ਪਾ ਪਾ ਕੇ ਵਾਦ ਵਿਵਾਦ ਵਿੱਚ ਸਿਰ ਖਪਾਇਆ ਹੈ। ਮਾਇਆ ਦੇ ਲੋਭ ਵਿਚ ਫਸ ਕੇ ਊਚ੍ਰ ਨੀਚ ਦੇ ਭੇਦ ਦਾ ਬੱਦਲ ਜਾਣ ਕੇ ਬਰਸਿਆ। ਵਰਨ ਆਸ਼ਰਮਾਂ ਦੀ ਇਸ ਡੰਡ ਰੌਲੀ ਤੋਂ ਕੀ ਹਾਸਲ ਕੀਤਾ? ਰਾਜਾ ਸਾਹਿਬ ਜੀ ਹੈਰਾਨੀ ਪ੍ਰਗਟ ਕਰਦੇ ਹੋਏ ਲਿਖਦੇ ਹਨ ਕਿ ਤੌਹੀਦ ਦਾ ਇਕੋ ਅੱਖਰ ਹੈ ਜੋ ਖੁਸ਼ੀ ਦੇਣ ਵਾਲਾ  ਹੈ॥147॥

ਸ੍ਵੈਯਾ।।

ਖਾਮ ਖਿਆਲ ਕੀ ਚਾਲ ਨਿਕਾਲ  ਬਿਹਾਲ ਕਰੇ ਕਭੀ ਆ ਤੁਝੇ ਖੈਨੂੰ।

ਖੇਲਤ ਖੇਲਤ ਗੇਂਦ ਗਿਰੇ ਮਤ  ਮਾਤ ਕਰੇ ਰਿਹਾਂ ਖੇਲ ਹੈਂ ਜੈਨੂ।

ਆ ਨਜਦੀਕ ਹੈ ਬਾਤ ਬਰੀਕ  ਤਹਕੀਕ ਬਤਾਵਣ ਆਰਫ ਤੈਨੂ।

ਹੈ ਸਤਸੰਗ ਮੇ ਢੰਗ ਸਹੀ ਕੁਝੁ  ਦਾਸ ਭਗਵਾਂਨ ਇਉਂ ਮਾਲਮ ਮੈਨੂ।।148।।

 

ਪਦ ਅਰਥ:-  ਖਾਮ ਖਿਆਲ=ਕੱਚੇ ਖਿਆਲ। ਬਿਹਾਲ=ਦੁਖੀ। ਖੈ=ਨਾਸ਼। ਮਾਤ=ਨੀਚਾ ਦਿਖਾਉਣਾ। ਤਹਕੀਕ=ਨਿਸਚੇ ਕਰਕੇ ਠੀਕ।

ਅਰਥ:-  ਕੱਚੇ ਖਿਆਲਾਂ ਦੀ ਚਾਲ ਦਿਲ ਵਿੱਚੋਂ ਕੱਢ ਦੇ, ਇਹ ਕਿਸੇ ਦਿਨ ਤੈਨੂੰ ਖਰਾਬ ਕਰੇਗੀ ਤੇ ਨਾਸ਼ ਦਾ ਕਾਰਨ ਬਣੇਗੀ। ਇਹ ਜੋ ਦੁਨੀਆਂ ਦੀ ਝੂਠੀ ਖੇਲ੍ਹ ਵਿਚ ਖੱਚਤ ਹੋ ਰਿਹਾ ਹੈਂ ਇਹ ਖੇਲ ਤੈਨੂੰ ਖਰਾਬ ਕਰਨ ਵਾਲੀ ਹੈ। ਸਤਿ ਪੁਰਸ਼ਾਂ ਦੀ ਸੰਗਤ ਕਰ, ਉਹ ਤੈਨੂੰ ਸੱਚੀ ਖੇਲ੍ਹ ਦਾ ਵਿਚਾਰ ਦੱਸ ਦੇਣਗੇ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਸਾਨੂੰ ਤਾਂ ਇਹ ਪਤਾ ਹੈ ਕਿ ਸਤਿਸੰਗ ਦੀ ਬਰਕਤ ਨਾਲ ਸਹੀ ਖੇਲ੍ਹ ਦਾ ਭੇਦ ਪਤਾ ਲਗ ਸਕਦਾ ਹੈ॥148॥

 

ਸ੍ਵੈਯਾ।।

 ਰੋਕ ਰਕੀਬ ਕੋ ਹੁਬ ਹਬੀਬ ਸੇ  ਬਾਤ ਅਜੀਬ ਇਹ ਜਾਣ ਜਰੂਰੀ।

 ਗਾਫਲ ਗੌਰ ਸੇ ਤੌਰ ਤਰੀਕਤ  ਸਮਝ ਹਕੀਕਤ ਆ ਅਬ ਪੂਰੀ।

ਪੂਤਲਾ ਪਾਕ ਹੈ ਖਾਕ ਵਿਖੇ ਇਹ  ਖੋਜ ਕੇ ਹੋ ਰਹੁ ਨੌ ਸਹੁ ਨੂਰੀ।

 ਪਾਇ ਤੌਹੀਦ ਲੈ ਦੀਦ ਸਹੀ  ਇਹ ਦਾਸ ਭਗਵਾਨ ਤੂੰ ਧਾਰ ਸਬੂਰੀ।।149।।

 

ਪਦ ਅਰਥ:-  ਰਕੀਬ=ਨਿਗਾਹਬਾਨ। ਮੁਕਾਬਲਾ ਕਰਨ ਵਾਲਾ=ਪਰਸਪਰ ਉਹ ਦੋ ਆਦਮੀ, ਜੋ ਇਕ ਹੀ ਪਿਆਰੇ ਨਾਲ ਪ੍ਰੇਮ ਕਰਨ ਵਾਲੇ ਹੋਣ ਪਰ ਆਪੋ ਵਿਚ ਈਰਖਾ ਰਖਦੇ ਹੋਣ। ਹੁਬ=ਪਿਆਰ, ਮੁਹੱਬਤ,ਉਮੰਗ,ਚਾਉ। ਹਬੀਬ=ਪਿਆਰਾ, ਦੋਸਤ, ਮਿੱਤਰ। ਅਜੀਬ=ਅਸਚਰਜ। ਗੌਰ=ਧਿਆਨ ਨਾਲ। ਤੌਰ=ਰਸਤਾ। ਤਰੀਕਤ=ਅੰਤਹਕਰਣ ਦੀ ਸ਼ੁੱਧੀ ਦਾ ਤਰੀਕਾ। ਹਕੀਕਤ=ਅਸਲੀਅਤ ਸਚਾਈ। ਪੂਤਲਾ ਪਾਕ=ਸਹੀ ਸਰੂਪ। ਖਾਕ=ਮਿੱਟੀ ਦੀ ਦੇਹ। ਸਹੁ=ਮਾਲਕ। ਨੂਰੀ=ਆਤਮਾ। ਤੌਹੀਦ=ਇਕ ਪਾਰਬ੍ਰਹਮ ਦਾ ਨਿਸ਼ਚਾ। ਦੀਦ=ਦਰਸ਼ਨ। ਸਬੂਰੀ=ਸੰਤੋਖ ਦਾ ਧਾਰਨੀ।

ਅਰਥ:-  ਰਕੀਬ ਜੋ ਇਹ ਮਨ ਹੈ ਉਲਟੇ ਪਾਸੇ ਲਿਜਾਂਦਾ ਹੈ, ਇਸ ਨੂੰ ਪਿਆਰੇ ਦੇ ਪਿਆਰ ਵਲ੍ਹ ਲਾ ਕੇ ਰੋਕੋ, ਇਹ ਅਸਚਰਜ ਗੱਲ ਹੈ ਤੇ ਜ਼ਰੂਰੀ ਭੀ ਹੈ। ਹੇ ਗਾਫਲ ਮਨ! ਅੰਤਹਕਰਨ ਹੀ ਸ਼ੁੱਧੀ ਦਾ ਤਰੀਕਾ ਪੂਰੀ ਤਰ੍ਹਾਂ ਸਮਝ ਲੈ। ਨੂਰ ਦਾ ਪੁਤਲਾ ਜੋ ਖਾਕੀ ਵਿਚ ਸਮਾਇਆ ਹੋਇਆ ਹੈ, ਉਸ ਨੂੰ ਖੋਜ ਕੇ ਨੂਰੀ ਹੋ ਜਾ। ਇੱਕ ਪ੍ਰਭੂ ਦਾ ਪੁਜਾਰੀ ਬਣ ਕੇ ਰਾਜਾ ਸਾਹਿਬ ਦੇ ਕਥਨ ਅਨੁਸਾਰ ਸਬਰ ਸੰਤੋਖ ਨੂੰ ਧਾਰਨ ਕਰਕੇ ਰੱਬ ਦਾ ਦੀਦਾਰ ਪਾ ਲਵੇਂਗਾ॥149॥

 

ਸ੍ਵੈਯਾ।।

 ਜਿੰਦਗੀ ਜੌਕ ਲੈ ਫੌਕ ਚਲੋ  ਏਹੋ ਹੋਵਣਾ ਸਾਬਤ ਹੋਣ ਕਰੋ।

ਆਇ ਗਰੀਜ ਮਰੀਜ ਭਇਆ  ਰੂਹ ਆਰਫ ਘਾਟ ਪੈ ਧੋਣ ਧਰੋ।

ਬਾਂਧ ਕੇ ਕਮਰ ਇਹ ਅਮਰ ਲਵੋ,  ਨਂਹੀ ਗਾਫਲ ਹੋ ਵਿਚ ਰੋਣ ਮਰੋ।

ਦਾਸ ਭਗਵਾਂਨ ਗਿਆਂਨ ਪਛਾਂਨ ਇਹ  ਪਾ ਅਭਮਾਨ ਕਾ ਹੋਣ ਹਰੋ।।150।।

 

ਪਦ ਅਰਥ:-  ਜੌਕ=ਫੌਜ, ਸੈਨਾ। ਜੌਕ=ਖੁਸ਼ੀ, ਅਨੰਦ। ਫੌਕ=ਵਿਸ਼ੇਸ਼ਤਾ। ਗਰੀਜ=ਗੰਦਾ। ਮਰੀਜ=ਬੀਮਾਰ। ਅਮਰ=ਹੁਕਮ।

ਅਰਥ:-  ਜ਼ਿੰਦਗੀ ਦੀ ਵਿਸ਼ੇਸ਼ਤਾ ਜਾਣ ਕੇ ਆਤਮਕ ਅਨੰਦ ਦੀ ਪ੍ਰਾਪਤੀ ਦਾ ਹੋਣਾ ਹੀ ਅਸਲੀ ਹੋਣਾ ਹੈ। ਇਹ ਰੂਹ ਵਿਕਾਰਾਂ ਕਰਕੇ ਗੰਦੀ ਹੋ ਗਈ ਤੇ ਹਉਮੈ ਕਰਕੇ ਰੋਗੀ ਹੋ ਗਈ। ਇਸ ਦੀ ਮੈਲ ਨੂੰ ਸੰਤਾਂ ਦੀ ਸੰਗਤ ਦੇ ਘਾਟ ਤੇ ਧੋ ਕੇ ਸਾਫ਼ ਕਰੋ। ਗਾਫਲੀ ਦੀ ਨੀਂਦ ਤੋਂ ਜਾਗ ਕੇ ਹੁਕਮ ਵਿਚ ਤੱਤਪਰ ਹੋ ਕੇ ਨਿੱਤ ਦਾ ਰੋਣਾ ਜੰਮਣ ਮਰਨ ਮੁਕਾ ਦਿਉ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਗਿਆਨਵਾਨ ਦੀ ਬਿਰਤੀ ਦੀ ਪਛਾਣ ਕਰਕੇ ਮੈਂ ਮੇਰੀ ਨੂੰ ਦੂਰ ਕਰੋ॥150॥

 

ਸ੍ਵੈਯਾ।।

ਕਾਫਰ ਹੈਂ ਕਰ ਬਾਫਰ ਕਾਮ ਕੋ, ਸਮਝ ਮੁਸਾਫਰ ਸਿਖ ਹਮਾਰੀ।

 ਨਫਸ ਕੀ ਕੈਦ ਬੇ ਫੈਦ ਫਸੇਂ ਨਾਹਿ  ਛੂਟਣ ਕੀ ਕੋਈ ਬਾਤ ਬਚਾਰੀ।

ਮਜਹਬੀ ਬੈਲ ਨਾ ਲਜਤ ਪਾਵਤ  ਮੋਮਨ ਹੋਣ ਕੀ ਮੌਜ ਨਿਰਾਰੀ।

ਆਰਫ ਮਰਦ ਕੀ ਸੁਹਬਤ ਸੇਂ ਇਹ  ਦਾਸ ਭਗਵਾਨ ਆਜਾਦ ਬਿਹਾਰੀ।।151।।

 

 

ਪਦ ਅਰਥ:-  ਕਾਫਰ=ਜੋ ਸ਼ਰ੍ਹਾ ਤੋਂ ਉਲਟ ਚਲੇ। ਬਾਫਰ=ਵਾਧੂ। ਨਫਸ ਦੀ ਕੈਦ=ਮਨ ਦੇ ਮਤੇ। ਬੇ ਫੈਦ=ਬੇ ਅਰਥ, ਫ਼ਜ਼ੂਲ। ਮਜਹਬੀ ਬੈਲ=ਵਰਨ, ਆਸ਼ਰਮ ਦਾ ਅਭਿਮਾਨੀ। ਲਜਤ=ਸੁਆਦ। ਮੋਮਨ=ਮੁਸਲਮਾਨ। ਨਿਰਾਰੀ=ਨਿਰਾਲੀ। ਆਰਫ=ਭਲੇ ਪੁਰਸ਼। ਬਿਹਾਰੀ=ਵਿਚਾਰਨਾ।

ਅਰਥ:-  ਹੇ ਮੁਸਾਫਰ! ਕਾਫ਼ਰ ਹੋ ਕੇ ਵਾਧੂ ਕੰਮ ਕਰਦਾ ਹੈਂ, ਸਾਡੀ ਸਿਖਿਆ ਸੁਣ ਲੈ। ਬੇਅਰਥ ਹੀ ਮਾਇਆ ਦੇ ਜਾਲ ਵਿਚ ਫਸ ਕੇ ਦੁਖੀ ਹੋ ਰਿਹਾ ਹੈਂ ਤੇ ਛੁਟਕਾਰੇ ਦਾ ਕੋਈ ਸਾਧਨ ਨਹੀਂ ਵਿਚਾਰਦਾ। ਸਹੀ ਮੋਮਨ ਹੋਣ ਦੀ ਮੌਜ ਨਿਰਾਲੀ ਹੈ। ਸ਼ਰ੍ਹਾਂ ਦਾ ਜਨੂੰਨੀ ਇਨਸਾਨ ਰੱਬੀ ਸੁਆਦ ਨਹੀਂ ਪ੍ਰਾਪਤ ਕਰ ਸਕਦਾ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਭਲੇ ਲੋਕਾਂ ਦੀ ਸੰਗਤ ਕਰਕੇ ਹੀ ਵਰਨ ਆਸ਼ਰਮਾਂ ਤੇ ਸ਼ਰ੍ਹਾਂ ਦੇ ਬੰਧਨਾਂ ਵਿਚੋਂ ਨਿਕਲ ਕੇ ਆਜ਼ਾਦ ਹੋ ਸਕੇਂਗਾ॥151॥

 

ਸ੍ਵੈਯਾ।।

ਹੈਫ ਹਜਾਰ ਹੈ ਕੈਫ ਕੇ ਪੀਣ ਕੋ  ਸਾਬਰੀ ਸੈਫ ਨਾ ਆਂਣ ਉਠਾਏਂ।

 ਮਰਗ ਕਰੀਬ ਹਬੀਬ ਖੜੀ ਨਾਹਿ  ਨਫਸ ਰਕੀਬ ਕੋ ਮਾਰ ਮੁਕਾਏਂ।

ਦਾਮਨ ਦਾਗ ਹੈ ਲਾਗ ਰਿਹ੍ਰਾ  ਅਬ ਨਾ ਬਦਫੈਲ ਬਛਾਵਣਾ ਚਾਏਂ।

ਦੇਖ ਹੈਸੀਅਤ ਨੀਤ ਨਾ ਬਾਂਧਤ  ਦਾਸ ਭਗਵਾਨ ਆ ਸੋਰ ਮਚਾਏਂ।।152।।

 

ਪਦ ਅਰਥ:-  ਹੈਫ=ਲਾਹਨਤ। ਕੈਫ=ਸ਼ਰਾਬ। ਸਾਬਰੀ=ਸਬਰ ਦੀ। ਸੈਫ=ਤਲਵਾਰ। ਮਰਗ=ਮੌਤ। ਹਬੀਬ=ਪਿਆਰਾ। ਨਫਸ=ਰੂਹ। ਰਕੀਬ=ਈਰਖਾਲੂ। ਦਾਮਨ=ਪੱਲਾ। ਬਦਫੈਲ=ਬੁਰਾ ਕਰਮ, ਵਿਚਾਰ। ਬਛਾਵਣਾ=ਬਿਛਾਉਣਾ। ਚਾਏਂ=ਉਠਾਉਣਾਂ। ਹੈਸੀਅਤ=ਆਪਣਾ ਵਿਤ। ਨੀਤ=ਨਿਯਮਬੱਧ ਹੋਣਾ।

ਅਰਥ:-  ਹਜ਼ਾਰ ਵਾਰ ਲਾਹਨਤ ਹੈ ਤੇ ਸ਼ਰਾਬ ਪੀਣੇ ਨੂੰ ਜੇਕਰ ਸਬਰ ਦੀ ਤਲਵਾਰ ਹੱਥ ਵਿਚ ਲੈ ਕੇ ਇਸ ਭੈੜੀ ਵਾਦੀ ਦਾ ਨਾਸ਼ ਨਾ ਕਰੇ। ਹੇ ਪਿਆਰੇ! ਮੌਤ ਤੇਰੇ ਸਿਰ ਤੇ ਖੜ੍ਹੀ ਹੈ, ਮਨ ਰੂਪੀ ਦੁਸ਼ਮਣ ਸੰਸਾਰ ਕਿਉਂ ਨਹੀਂ ਮੁਕਾਉਂਦਾ? ਬਦਫੈਲੀ ਦਾ ਬਿਸਤਰਾ ਗੋਲ ਨਹੀਂ ਕਰਦਾ। ਤੇਰਾ ਇਹ ਇਨਸਾਨੀ ਜਾਮਾ ਦਾਗੀ ਹੋ ਰਿਹਾ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਸ਼ੋਰ ਕਿਸ ਲਈ ਮਚਾਇਆ ਹੈ? ਆਪਣੇ ਅਸਲੇ ਵਲ ਦੇਖੇ ਬਿਨਾਂ ਨਿਯਮਬੱਧ ਕਿਉਂ ਨਹੀਂ ਹੁੰਦਾ?॥152॥

 

ਸ੍ਵੈਯਾ।।

ਦੌਲਤ ਦਾਂਮ ਦੀਵਾਨ ਮਕਾਂਨ  ਨਦਾਂਨ ਗੁਮਾਨ ਨਾਂ ਇਨ ਕਰੋ।

ਔਰਤ ਪੂਤ ਔ ਦੂਤ ਕੋ ਸੂਤ  ਇਹ ਦੇਖ ਬਭੂਤ ਨਾ ਮਾਂਣ ਮਰੋ।

 ਪਾ ਪੁਰਸਾਰਥ ਲੈ ਪਰਮਾਰਥ  ਸਮਝ ਜਥਾਰਥ ਧਿਆਂਨ ਧਰੋ।

ਆਤਮ ਰੰਗ ਕੇ ਅੰਗ ਕੋ ਪਾ ਕਰ  ਦਾਸ ਭਗਵਾਂਨ ਆਪਾਰ ਪਰੋ।।153।।

 

ਪਦ ਅਰਥ:- ਦੌਲਤ ਦਾਂਮ=ਰੁਪਿਆ ਪੈਸਾ। ਦੀਵਾਨ=ਬੈਠਕਾਂ। ਮਕਾਂਨ=ਘਰ। ਨਦਾਨ=ਭੁੱਲੜ। ਗੁਮਾਨ=ਅਹੰਕਾਰ। ਸੂਤ=ਰਥਵਾਹੀ। ਬਭੂਤ=ਸਮੱਗਰੀ। ਪੁਰਸਾਰਥ=ਉੱਦਮ। ਜਥਾਰਥ=ਜੋਗ। ਆਤਮ ਰੰਗ=ਰੱਬੀ ਪਿਆਰ। ਅੰਗ=ਪਾਸਾ।

 

ਅਰਥ:-  ਹੇ ਮੂਰਖ! ਰੁਪਿਆ ਪੈਸਾ, ਦੀਵਾਨ ਖਾਨ, ਮਕਾਨ ਆਦਿਕ ਇਨ੍ਹਾਂ ਦਾ ਹੰਕਾਰ ਨਾ ਕਰ, ਇਹ ਭੁੱਲ ਹੈ। ਇਸਤਰੀ, ਪੁਤਰ, ਨੌਕਰ ਚਾਕਰ, ਤੇ ਹੋਰ ਸਾਰੀ ਸਮੱਗਰੀ ਦਾ ਮਾਣ ਨਾ ਕਰੋ। ਜੋ ਯੋਗ ਰਸਤਾ ਹੈ, ਉਹ ਪਰਮਾਰਥ ਦੀ ਪ੍ਰਾਪਤੀ ਹੈ। ਉਸ ਨੂੰ ਪ੍ਰਾਪਤ ਕਰਨ ਦੀ ਜੁਗਤੀ ਵਿਚ ਸੁਰਤੀ ਨੂੰ ਜੋੜੋ। ਰਾਜਾ ਸਾਹਿਬ ਪਾਰ ਹੋਣ ਦਾ ਰਸਤਾ ਦਸਦੇ ਹਨ ਕਿ ਆਪਣੀ ਆਤਮਾ ਨੂੰ ਰੱਬੀ ਪਿਆਰ ਵਿਚ ਰੰਗੋ ॥153॥

ਸ੍ਵੈਯਾ।।

ਪਾ ਦਰਵੇਸ ਕਾ ਦ੍ਰਸਨੁ ਪ੍ਰਸਨੁ  ਸ੍ਰਸਨ ਸਾਥ ਉਧਾਰ ਕਰੋ।

ਆ ਅਧਕਾਰ ਸੇ ਅਰਜ ਗੁਜਾਰ  ਤਿਆਗ ਹੰਕਾਰ ਬਕਾਰ ਹਰੋ।

 ਕੀਜੋ ਆ ਸੇਵ ਇਹ ਦੇਵ ਪਛਾਣ ਕੇ  ਭੇਵ ਸੇ ਭੈ ਸੰਸਾਰ ਤਰੋ।

 ਹੋਇ ਮਮੋਛੂ ਆ ਮੋਛ ਲਹੋ  ਇਉ ਦਾਸ ਭਗਵਾਨ ਆ ਸਾਚ ਰਰੋ।।154।।

 

ਪਦ ਅਰਥ:-  ਦਰਵੇਸ=ਰੱਬ ਦਾ ਪਿਆਰਾ। ਪ੍ਰਸਨੁ=ਸੰਸੇ ਨਵਿਰਤੀ ਲਈ ਪੁੱਛਣਾ। ਸ੍ਰਸਨ=ਪ੍ਰਸੰਤਾ। ਅਧਕਾਰ=ਲੋੜਵੰਦ। ਬਕਾਰ=ਵਿਸ਼ੇ ਵਿਕਾਰਾਂ ਦੀ ਇਛਿਆ। ਦੇਵ=ਰੱਬ ਰੂਪ। ਭੇਵ=ਅਸਲ। ਮਮੋਛੂ=ਮੁਕਤੀ ਦੀ ਇਛਿਆ ਵਾਲਾ। ਮੋਛ=ਮੁਕਤੀ। ਰਰੋ=ਬੋਲ ਨਾ।

ਅਰਥ:-  ਰੱਬੀ ਬੰਦੇ ਦੇ ਦਰਸ਼ਨ ਕਰਕੇ ਪ੍ਰਸੰਨਤਾ ਜਾਂ ਖੇੜਾ ਪ੍ਰਾਪਤ ਕਰੋ। ਬੜੀ ਸ਼ਰਧਾ ਸਹਿਤ ਲੋੜਵੰਦ ਹੋ ਕੇ ਅਹੰਕਾਰ ਨੂੰ ਛੱਡ ਕੇ ਬੇਨਤੀ ਕਰੋ। ਰੱਬ ਦਾ ਰੂਪ ਜਾਣ ਕੇ, ਸੇਵਾ ਕਰਕੇ, ਅਸਲੀ ਭੇਦ ਨੂੰ ਜਾਣ ਕੇ, ਸੰਸਾਰ ਸਾਗਰ ਨੂੰ ਪਾਰ ਕਰਨ ਦਾ ਯਤਨ ਕਰੋ। ਰਾਜਾ ਸਾਹਿਬ ਸੱਚ ਦੀ ਟੇਕ ਵੱਲ੍ਹ ਪ੍ਰੇਰਦੇ ਹੋਏ, ਕਥਨ ਕਰਦੇ ਹਨ ਕਿ ਹੇ ਮੁਕਤੀ ਦੀ ਇੱਛਾ ਵਾਲੇ ਜਗਿਆਸੂ ! ਇਸ ਤਰਾਂ ਨਾਲ ਤੂੰ ਮੁਕਤੀ ਪ੍ਰਾਪਤ ਕਰ ਸਕਦਾ ਹੈਂ॥154॥

ਸ੍ਵੈਯਾ।।

ਲੇਖ ਲਿਲਾਟ ਕੇ ਪਲਟਤ ਆ  ਸਤਸੰਗ ਕੀ ਸਾਟ ਹੋ ਸਾਦਕ ਖਾਂਏ।

 ਕੂਕਰ ਸੂਕਰ ਗਰਧਬ ਜੋਨ ਹੈਂ  ਨਾਂ ਕਰ ਕਰਮ ਜੌ ਇਹ ਪਲਟਾਏਂ।

ਨਾਮ ਔ ਰੂਪ ਜੋ ਮਾਨਤ ਆਪ ਕੋ  ਇਹ ਸਭ ਤ੍ਰਿਗਦ ਜੋਨ ਕਹਾਏਂ।

ਆਸਰਾ ਆਪ ਇਹ ਨਾਮ ਔ ਰੂਪ ਕਾ  ਦਾਸ ਭਗਵਾਂਨ ਦਨਾ ਸਮਝਾਏਂ।।155।।

 

ਪਦ ਅਰਥ:-  ਲਿਲਾਟ=ਮੱਥਾ। ਪਲਟਤ=ਬਦਲਣਾਂ। ਸਾਟ=ਸੱਟ। ਸਾਦਕ=ਸਿਦਕ ਵਾਲਾ। ਕੂਕਰ=ਕੁੱਤਾ। ਸੂਕਰ=ਸੂਰ। ਗਰਧਬ=ਗਧਾ। ਕਰਮ=ਕਰਤੂਤ। ਨਾਮ ਔ ਰੂਪ=ਸੰਸਾਰ, (ਅਨਾਮ, ਅਰੂਪ=ਵਾਹਿਗੁਰੂ) ਤ੍ਰਿਗਦ=ਟੇਢੇ ਚਲਣ ਵਾਲੇ ਸੱਪ ਮੇਂਡਕ ਆਦਿ। ਦਨਾ=ਸਿਆਣੇ।

ਅਰਥ:-  ਸਿੱਦਕੀ ਹੋ ਕੇ ਜਦ ਸਤਿਸੰਗ ਦੀ ਕਸਵੱਟੀ ਸਹਾਰਦਾ ਹੈ, ਤਾਂ ਮੱਥੇ ਦੇ ਲੇਖ ਉਲਟ ਤੋਂ ਸਿੱਧੇ ਹੋ ਜਾਂਦੇ ਹਨ। ਐਸਾ ਕਰਮ ਨਾ ਕਰੋ, ਜਿਨ੍ਹਾਂ ਕਰਮਾਂ ਦੇ ਕਰਨੇ ਕਰਕੇ ਕੁੱਤੇ, ਸੂਰ ਤੇ ਗਧਿਆਂ ਦੀ ਜੂਨ ਵਿਚ ਜਾਣਾ ਪਵੇ। ਜੋ ਨਾਮ ਰੂਪ ਸੰਸਾਰ ਹੈ, ਉਸ ਤੋਂ ਆਪਣੀ ਬਿਰਤੀ ਨੂੰ ਉੱਚਾ ਨਹੀਂ ਲੈ ਜਾਂਦਾ, ਉਹ ਟੇਢੀਆਂ ਸੱਪਾਂ, ਮੇਂਡਕਾਂ ਦੀਆਂ ਜੂਨਾਂ ਵਿਚ ਭਟਕਦਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸਦੇ ਆਸਰੇ ਇਹ ਨਾਮ ਰੂਪ ਸੰਸਾਰ ਹੈ, ਉਸ ਭੇਤ ਨੂੰ ਦਾਨੇ ਲੋਕ ਸਮਝਾਉਂਦੇ ਹਨ ॥155॥

 

ਸ੍ਵੈਯਾ ।।

ਮਾਨਸ ਜਾਤ ਮੇ ਭੇਦ ਨਂਹੀ ਕੁਝੁ  ਹੈ ਸਭ ਏਕ ਹੀ ਰੂਪ ਭਏ।

 ਸਜਾਤੀ ਬਜਾਤੀ ਹੈਂ ਮਨੱਤ ਮੇਂ  ਨਂਹੀ ਅੰਗ ਕੋ ਦੂਸਰ ਹੋਇ ਗਏ।

ਆਤਮ ਗਿਆਂਨ ਸੁਭਾਵ ਸਜਾਤੀ  ਅਗਿਆਤ ਆ ਅੰਗ ਬਜਾਤ ਪਏ।

ਛੋਡ ਬਣਾਵਟ ਕੂੜ ਕੀ ਮੰਨਤ  ਦਾਸ ਭਗਵਾਂਨ ਬਚਾਰ ਲਏ।।156।।

 

ਪਦ ਅਰਥ:-  ਸਜਾਤੀ=ਉਸੇ ਜਾਤ ਦਾ। ਬਜਾਤੀ=ਦੂਜੀ ਜਾਤ ਵਾਲਾ।

ਅਰਥ:-  ਮਨੁੱਖ ਜ਼ਾਤ ਵਿਚ ਕੋਈ ਭਿੰਨ-ਭੇਦ ਨਹੀਂ, ਸਭ ਹੀ ਬ੍ਰਹਮ ਦਾ ਸਰੂਪ ਹੈ। ਜ਼ਾਤੀ ਜਾਂ ਬਜ਼ਾਤੀ ਭੇਦ ਮੰਨਣ ਕਰਕੇ ਹੀ ਹੈ ਅੰਗ ਸਭ ਦੇ ਇਕੋ ਹਨ, ਦੂਜੇ ਨਹੀਂ। ਆਤਮ ਗਿਆਨ ਕਰਕੇ ਮਨ ਬ੍ਰਹਮ ਦੀ ਜ਼ਾਤ ਹੈ, ਭਾਵ ਸਜਾਤੀ ਹੈ। ਐਪਰ ਅਗਿਆਨ ਕਰਕੇ ਭੇਦ ਭਾਵ ਪ੍ਰਤੀਤ ਕਰਦਾ ਹੈ ਤਾਂ ਇਹ ਬਜ਼ਾਤੀ ਹੈ। ਰਾਜਾ ਸਾਹਿਬ ਉਪਦੇਸ਼ ਕਰਦੇ ਹਨ ਕਿ ਝੂਠ ਦੀ ਬਨਾਵਟ ਛੱਡ ਕੇ, ਇੱਕ ਬਿਬੇਕ ਵਿਚਾਰ ਦੀ ਮੰਨਤ ਵਿਚ ਆ ਜਾ॥156॥

 

ਸ੍ਵੈਯਾ।।

ਅਕਾਸ ਹੋ ਨਿਰਮਲ ਹੈ ਪੜੇ ਬਾਦਲ  ਸ੍ਰਬ ਪਦਾਰਥ ਹੈਂ ਦ੍ਰਿਸ ਆਤੇ।

 ਹੋਇ ਬੈਰਾਗ ਤ੍ਰਤੀਬ੍ਰ ਹੈ ਤਿਉਂ  ਅੰਤਸਕਰਨ ਹੋ ਸੁਧ ਹੈਂ ਜਾਤੇ।

 ਸਤ ਅਸਤ ਕੋ ਦ੍ਰਿਸ ਲਖੇ  ਜਬ ਆਤਮ ਗਿਆਂਨ ਤੌ ਹੈਂ ਪ੍ਰਸਾਤੇ।

 ਪਾ ਨਿਜ ਰੂਪ ਸਰੂਪ ਸਹੀ ਅਬ  ਦਾਸ ਭਗਵਾਨ ਨਂਹੀ ਬਿਲਲਾਤੇ।।157।।

 

ਪਦ ਅਰਥ:- ਬੈਰਾਗ=ਦੁਨੀਆਂ ਦੇ ਪਦਾਰਥਾਂ ਤੋਂ ਉਪਰਾਮਤਾ। ਤ੍ਰਤੀਬ੍ਰ=ਉੱਚ-ਕੋਟੀ ਦੀ ਉਪਰਾਮਤਾ। ਅੰਤਸਕਰਨ=ਹਿਰਦਾ। ਪਰਸਾਤੇ=ਛੋਹਣਾ। ਬਿਲਲਾਤੇ=ਵਿਰਲਾਪ ਕਰਨਾ।

ਅਰਥ:- ਜਿਸ ਪ੍ਰਕਾਰ ਬੱਦਲ ਵਰਸਣ ਤੋਂ ਉਪਰੰਤ ਅਕਾਸ਼ ਨਿਰਮਲ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਰੇ ਪਦਾਰਥ ਸਾਫ ਦੇਖਣ ਵਿਚ ਆਉਂਦੇ ਹਨ। ਇਸੇ ਤਰ੍ਹਾਂ ਜਦ ਮਨੁੱਖ ਨੂੰ ਤਰਤੀਬਰ ਬੈਰਾਗ ਹੋ ਜਾਂਦਾ ਹੈ ਤਾਂ ਹਿਰਦਾ ਸ਼ੁੱਧ ਹੋ ਜਾਂਦਾ ਹੈ। ਜਦੋਂ ਸੱਤ ਅਸੱਤ ਦਾ ਨਿਰਣਾ ਕਰਕੇ ਸੱਤ ਨੂੰ ਗ੍ਰਹਿਣ ਕਰਦਾ ਹੈ ਤੇ ਅਸੱਤ ਨੂੰ ਛੱਡ ਦਿੰਦਾ ਹੈ ਤਾਂ ਆਤਮ ਗਿਆਨ ਦੀ ਛੋਹ ਪ੍ਰਾਪਤੀ ਹੁੰਦੀ ਹੈ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਜਦੋਂ ਆਪਣੇ ਸਹੀ ਸਰੂਪ ਨੂੰ ਜਾਣ ਲਿਆ ਫਿਰ ਜਿਵੇਂ ਪਪੀਹੇ ਨੂੰ ਸਵਾਂਤੀ ਬੂੰਦ ਮਿਲ ਜਾਂਦੀ ਹੈ ਵਿਰਲਾਪ ਨਹੀਂ ਕਰਦਾ ਇਸੇ ਤਰ੍ਹਾਂ ਭਟਕਣਾਂ ਮੁਕ ਜਾਂਦੀ ਹੈ॥157॥

ਸ੍ਵੈਯਾ।।

ਬੋਹਥ ਬਾਂਧ ਲੀਓ ਗੁਰ ਸਬਦ ਕਾ  ਹੈ ਤਿਸ ਊਪਰ ਆਨ ਖੜੇ।

ਇਹ ਭਵ ਸਾਗਰ ਪਾਰ ਪਏ  ਜਬ ਸਤਗੁਰ ਕੇ ਹਮ ਸਰਨ ਪੜੇ।

ਆਇ ਅਨੰਦ ਅਕਹ ਭਆ  ਜਹ ਜਾ ਅਸਥਾਨ ਹੈਂ ਅਬ ਚੜੇ।

ਪ੍ਰੇਮ ਪਹਾਰ ਕੋ ਪਾਕਰ ਹੈ  ਅਬ ਦਾਸ ਭਗਵਾਂਨ ਇਹ ਘਾਟ ਘੜੇ।।158।।

 

ਪਦ ਅਰਥ:-  ਬੋਹਥ=ਜਹਾਜ਼। ਭਵ ਸਾਗਰ=ਸੰਸਾਰ। ਅਨੰਦ ਅਕਹ=ਜੋ ਕਿਹਾ ਨਹੀਂ ਜਾ ਸਕਦਾ। ਪ੍ਰੇਮ ਪਹਾਰ=ਭੱਠੀ।

ਅਰਥ:-  ਜਦੋਂ ਗੁਰੂ ਸ਼ਬਦ ਰੂਪੀ ਜਹਾਜ਼ ਬਣ ਕੇ ਤਿਆਰ ਕਰਕੇ ਆ ਖੜ੍ਹੇ ਹੋਏ ਸਤਿਗੁਰਾਂ ਦੀ ਚਰਨ ਸ਼ਰਨ ਲੈ ਕੇ ਸੰਸਾਰ ਰੂਪੀ ਸਮੁੰਦਰ ਪਾਰ ਹੋ ਗਏ। ਜਿਸ ਅਸਥਾਨ ਤੇ ਹੁਣ ਅਸੀਂ ਅੱਪੜੇ ਹਾਂ ਉਥੇ ਅਕਹਿ ਅਨੰਦ ਪ੍ਰਾਪਤ ਹੋਇਆ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਸ਼ਬਦ ਦੀ ਘਾੜਤ ਪ੍ਰੇਮ ਰੂਪੀ ਭੱਠੀ ਵਿਚ ਪਾ ਕੇ ਘੜੀ ਜਾਂਦੀ ਹੈ ॥158॥

ਸ੍ਵੈਯਾ।।

ਪਾਂਬ੍ਰ ਪੁਰਸ ਸੁਭਾਵ ਸਹੀ  ਨਾਹਿ ਆਣ ਨਂਹੀ ਤਿਸ ਚੀਤ ਧਰੋ।

ਦੂਸਰ ਨਾਮ ਸੁਭਾਵ ਬਖਈ  ਜੋ ਜਾਣ ਇਹ ਕਾਂਮ ਨਾਂ ਹੇਤ ਹਰੋ।

 ਹੈ ਜੁਗਿਆਸੂ ਸਭਾਵ ਸਰੇਸਟ  ਲੈ ਰਿਦ ਧਾਰਨ ਏਹ ਕਰੋ।

ਮੁਕਤ ਸੁਭਾਵ ਜੋ ਚਤਰਥ ਹੈ  ਇਹ ਦਾਸ ਭਗਵਾਂਨ ਹੈ ਅਪਰ ਪਰੋ।।159।।

 

ਪਦ ਅਰਥ:-  ਪਾਂਬ੍ਰ=ਕਮੀਨਾ, ਪਾਜੀ। ਬਖਈ=ਵਿਸ਼ਿਆਂ ਵਿਚ ਲੱਗਾ ਹੋਇਆ। ਮੁਕਤ=ਛੁਟਕਾਰਾ ਪਾ ਗਿਆ।

ਅਰਥ:- ਕਮੀਨੇ ਆਦਮੀ ਦਾ ਸੁਭਾਅ ਚੰਗਾ ਨਹੀਂ ਹੁੰਦਾ, ਉਸ ਦੇ ਖਿਆਲਾਂ ਵਿਚ ਚਿੱਤ ਨਾ ਧਰੋ। ਦੂਜੇ ਵਿਸ਼ੇ ਵਿਕਾਰਾਂ ਵਿਚ ਲੱਗਾ ਹੋਇਆ ਪੁਰਖ, ਇਹ ਭੀ ਕਿਸੇ ਕੰਮ ਨਹੀਂ, ਇਸ ਤੋਂ ਭੀ ਦੂਰ ਰਹੋ। ਜਗਿਆਸਾ ਵਾਲਾ ਸੁਭਾਅ ਚੰਗਾ ਹੈ, ਇਸਨੂੰ ਚਿੱਤ ਵਿਚ ਧਾਰਨ ਕਰੋ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਮੁਕਤ ਪੁਰਸ਼ ਦਾ ਸੁਭਾਵ ਸਭ ਤੋਂ ਸਰੇਸ਼ਟ ਹੈ ਤੇ ਪਰ੍ਹੇ ਤੋਂ ਪਰ੍ਹੇ ਹੈ, ਉਸ ਤਰ੍ਹਾਂ ਦੇ ਸੁਭਾਉ ਨੂੰ ਧਾਰਨ ਕਰੋ॥159॥

 

ਸ੍ਵੈਯਾ।।

ਚੁਹਲ ਚਮਨ ਕੇ ਗਮ੍ਰ ਵਿਖੇ  ਈਹਾਂ ਬਮਨ ਕਰੇ ਕੋਈ ਆਇ ਇਞਾਨਾ।

 ਸੇਹਤ ਕੀ ਸਭ ਸਿਫਤ ਗਈ  ਜਬ ਬਿਫਤ ਮੇ ਹੈ ਇਹ ਰੂਹ ਗਰਦਾਨਾ।

ਸੋਰ ਕਰੇ ਕੁਝੁ ਹੋਰ ਹੀ ਹੋ ਕਰ  ਆਪਣੇ ਆਪ ਕੋ ਭੁਲ ਨਦਾਨਾ।

ਦਾਸ ਭਗਵਾਂਨ ਬਿਆਂਨ ਪਛਾਨ  ਨਾ ਉਮਰ ਜੁਆਨ ਮੇ ਹੋਹ ਦੀਵਾਨਾ।।160।।

 

ਪਦ ਅਰਥ:- ਚੁਹਲ=ਹਾਸ ਬਿਲਾਸ। ਚਮਨ=ਫੁਲਵਾੜੀ। ਗਮਨ=ਮੈਧਨ, ਇਸਤ੍ਰੀ ਰਮਣ। ਬਮਨ=ਕੈ, ਡਾਕੀ, ਪਰਾਈ ਨਿੰਦਾ। ਗਰਦਾਨਾ=ਪਕੜੀ ਗਈ। ਨਦਾਨਾ=ਮੂਰਖ।

ਅਰਥ:-  ਇਸ ਸੰਸਾਰ ਰੂਪੀ ਫੁਲਵਾੜੀ ਵਿਚ ਵਿਸ਼ੇ ਵਿਕਾਰ ਤੇ ਹਾਸ ਬਿਲਾਸ ਵਿੱਚ ਨਾਦਾਨ ਅੰਞਾਣਾ ਫਸ ਜਾਂਦਾ ਹੈ। ਜਿਸ ਸਮੇਂ ਇਨ੍ਹਾਂ ਵਿਕਾਰਾਂ ਦਾ ਅਸਰ ਸਰੀਰ ਤੇ ਹੁੰਦਾ ਹੈ ਤਾਂ ਸਿਹਤ ਦੀ ਸਿਫਤ ਸਭ ਨਾਸ਼ ਹੋ ਜਾਂਦੀ ਹੈ ਤੇ ਰੂਹ ਝਮੇਲੇ ਵਿਚ ਪੈ ਜਾਂਦੀ ਹੈ। ਆਪਾ ਭੁਲ ਕੇ ਅਨਜਾਣ ਹੋਰ ਦਾ ਹੋਰ ਹੋ ਕੇ ਡੰਡ ਰੌਲੀ ਪਾਉਂਦਾ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਜੁਆਨੀ ਦੇ ਨਸ਼ੇ ਵਿਚ ਮਸਤਾਨਾ ਨਾ ਹੋ ਬੈਠ, ਇਸ ਭੇਤ ਨੂੰ ਪਛਾਣ॥160॥

ਸ੍ਵੈਯਾ।।

 ਏ ਪਰਦੇਸੀਆ ਜੀਉੜਿਆ ਸਮਝ ਲੈ  ਨਾਂ ਇਹ ਦੇਸੁ ਹਮੇਸ ਹਮਾਰਾ।

ਹੈ ਕੋਈ ਕਾਲ ਖ੍ਵਾਬ ਖਿਆਲ ਇਹ  ਦੇਖ ਹੁਵਾਲ ਨ ਪਾਉ ਪਸਾਰਾ।

ਭਾਰਜਾ ਭੈਣ ਜੋ ਬੈਣ ਕਰੇ  ਇਨੀ ਨਾ ਕੁਝੁ ਕਰਨਾ ਹੈ ਆਇ ਸਹਾਰਾ।

ਕੂੜ ਕੀ ਖੇਲ ਕਾ ਮੇਲ ਭਇਆ  ਇਹ ਦਾਸ ਭਗਵਾਨ ਆ ਪਕੜ ਕਨਾਰਾ।।161।।

 

ਪਦ ਅਰਥ:-  ਭਾਰਜਾ=ਇਸਤ੍ਰੀ। ਬੈਣ=ਬਚਨ, ਗੱਲਬਾਤ।

ਅਰਥ:-  ਹੇ ਮੇਰੇ ਪਰਦੇਸੀ ਜੀਅੜੇ! ਨਿਸ਼ਚੇ ਕਰ ਕਿ ਇਹ ਦੇਸ਼ ਹਮੇਸ਼ਾਂ ਸਾਡਾ ਨਹੀਂ ਹੈ। ਇਸ ਦੀ ਅਸਲੀਅਤ ਨੂੰ ਸਮਝ ਕੇ ਭੈੜੇ ਖਿਆਲਾਂ ਵਿਚ ਖਚਤ ਨਾ ਹੋ ਤੇ ਸੋਚ ਕੇ ਪਸਾਰੇ ਨੂੰ ਪਸਾਰ। ਇਸਤ੍ਰੀ ਭੈਣ ਆਦਿ ਇਹ ਜੋ ਤੇਰੇ ਨਾਲ ਗੱਲਾਂ-ਬਾਤਾਂ ਕਰਦੇ ਹਨ ਤੈਨੂੰ ਕਿਸੇ ਨੇ ਸਹਾਰਾ ਨਹੀਂ ਦੇਣਾ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਇਸ ਦੁਨੀਆਂ ਨੂੰ ਕੂੜ ਦਾ ਪਸਾਰਾ ਜਾਣ ਕੇ ਇਸ ਤੋਂ ਕਿਨਾਰਾਕਸ਼ੀ ਕਰ॥161॥

ਸ੍ਵੈਯਾ ।।

 ਚੌ ਗੋਸੀ ਕੁਲਾਹਿ ਹੈ ਪੈਹਨ ਲਈ  ਜਬ ਸਾਹਿਨਸਾਹਿ ਕਾ ਮਗਜ ਲੀਓ।

ਦੁਨੀਆ ਕੀ ਤਰਕ ਕਾ ਗੋਸਾ ਲੀਓ  ਇਕ ਦੂਸਰ ਤਰਕ ਉਕਥਾਇ ਕੀਓ।

 ਮੌਲਾ ਕੀ ਤਰਕ ਕਾ ਗੋਸਾ ਤੀਆ  ਚੌਥੇ ਤਰਕ ਕੀ ਤਰਕ ਹੈ ਆਣ ਥੀਓ।

 ਇਹ ਸਿਰਤਾਜ ਹੈ ਫਕਰ ਕੇ  ਜਬ ਦਾਸ ਭਗਵਾਂਨ ਉਡਾਵਤ ਬੀਓ।।162।।

 

ਪਦ ਅਰਥ:-  ਚੌ ਗੋਸੀ=ਚਾਰ ਕਿਨਾਰਿਆਂ ਵਾਲੀ। ਕੁਲਾਹਿ=ਟੋਪੀ। ਉਕਥਾਇ=ਪਰਲੋਕ। ਮੌਲਾ=ਪ੍ਰਫੁੱਲਤ ਕਰਨ ਵਾਲਾ। ਅਨੰਦ=ਖੁਸ਼। ਮੌਲਾ=ਕਰਤਾਰ। ਉਹ ਗੁਲਾਮ ਜੋ ਆਜ਼ਾਦ ਕੀਤਾ ਗਿਆ। ਮਾਲਕ=ਅਦਾਲਤੀ। ਬੁੱਢੇ ਬੈਲ ਨੂੰ ਭੀ ਮੌਲਾ ਕਹਿੰਦੇ ਹਨ, ਕਿਉਂਕਿ ਉਹ ਆਜ਼ਾਦ ਕੀਤਾ ਜਾਂਦਾ ਹੈ। ਬੀਓ=ਦੂਜਾ। ਉਡਾਵਤ=ਖ਼ਤਮ ਕਰਨਾ।

ਅਰਥ:-  ਜਦੋਂ ਚੌਕਨਾ ਕੁੱਲਾ ਸਿਰ ਤੇ ਰੱਖ ਲਿਆ, ਜਾਣੇ ਸ਼ਹਿਨਸ਼ਾਹ ਦੇ ਮਗਜ਼ ਦੀ ਨਿਸ਼ਾਨੀ ਹੈ। ਐਸੇ ਸ਼ਹਿਨਸ਼ਾਹ ਦੇ ਚੌਕਨਾ ਦਾ ਭਾਵ ਇਹ ਹੈ ਕਿ ਇਕ ਗੋਸ਼ਾ ਦੁਨੀਆਂ ਦੀ ਤਰਕ, ਦੂਜਾ ਗੋਸ਼ਾ ਪਰਲੋਕ ਦੀ ਤਰਕ (ਭਾਵ ਪਰਲੋਕ ਦੇ ਕਿਸੇ ਪਦਾਰਥ ਦੀ ਇੱਛਾ ਨਹੀਂ।) ਤੀਜੇ ਮਾਲਕੀ ਦੀ ਤਰਕ ਤੇ ਚੌਥੇ ਇਨ੍ਹਾਂ ਤਰਕਾਂ ਦੀ ਭੀ ਤਰਕ (ਭਾਵ ਤਿਆਗ)।  ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਐਸੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਦੁਨਿਆਵੀ ਤਾਜ ਦੀ ਲੋੜ ਨਹੀਂ  ਰਖਦੇ॥162॥

 

ਸ੍ਵੈਯਾ।।

 ਕਾਬਾ ਹੈ ਕਲਬ ਜਹ ਤਲਬ ਹੋ ਹਾਂਸਲ  ਅਰਬ ਕੇ ਮੁਲਖ ਨਾ ਭਾਲੁ ਟਕਾਨਾ।

ਸਾਲਕ ਹੋਕਰ ਮਾਲਕ ਕੋ ਮਿਲ  ਹੋ ਖੁਦ ਖਾਲਕ ਮਸਤ ਦੀਵਾਨਾ।

 ਰੰਜੋ ਰਾਹਤ ਕੀ ਨਾਹਿ ਆਹਿਟ ਹੈ  ਜਹ ਐਨ ਅਜਾਇਬ ਕਿਬਲਾ ਇ ਖਾਨਾ।

ਮੁਰਸਦ ਕਾਮਲ ਮੇਹਰ ਸੇ  ਅਬ ਦਾਸ ਭਗਵਾਨ ਹੈ ਸਾਚੁ ਪਛਾਨਾ।।163।।

 

ਪਦ ਅਰਥ:-  ਕਲਬ=ਜਿਸਮ। ਤਲਬ=ਇੱਛਾ। ਹਾਂਸਲ=ਪ੍ਰਾਪਤ। ਸਾਲਕ=ਖੁਦਾ ਦੋਸਤ। ਖਾਲਕ=ਰੱਬ। ਰੰਜੋ ਰਾਹਤ=ਦੁਖ ਸੁਖ ਦਾ ਵਿਤਕਰਾ। ਆਹਿਟ=ਆਵਾਜ਼। ਅਜਾਇਬ=ਅਸਚਰਜ। ਮੁਰਸ਼ਦ ਕਾਮਲ=ਪੂਰਨ ਗੁਰੂ।

ਅਰਥ:-  ਮੱਕਾ ਤਾਂ ਤੇਰੇ ਅੰਦਰ ਹੀ ਹੈ ਜੋ ਚਾਹੇ ਅੰਦਰੋਂ ਮਿਲ ਸਕਦਾ ਹੈ। ਅਰਬ ਦੇ ਦੇਸ਼ ਵਿਚ ਜਾ ਕੇ ਟਿਕਾਣਾ ਲੱਭਣ ਦੀ ਲੋੜ ਨਹੀਂ। ਖੁਦਾ ਨੂੰ ਪਿਆਰ ਕਰਕੇ ਖੁਦਾ ਨੂੰ ਮਿਲ ਤੇ ਤੂੰ ਖੁਦ ਹੀ ਖੁਦਾ ਹੈਂ, ਇਸ ਤਰ੍ਹਾਂ ਰੱਬੀ ਮਸਤੀ ਨੂੰ ਮਾਣ। ਜਿਥੇ ਸੁਰਤੀ ਦੁੱਖ ਸੁੱਖ ਤੋਂ ਉੱਚੀ ਹੋ ਜਾਵੇ, ਇਹ ਅਸਚਰਜ ਅਵਸਥਾ ਹੀ ਖੁਦਾ ਦਾ ਘਰ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਅਸੀਂ ਪੂਰੇ ਗੁਰੂ ਦੀ ਕਿਰਪਾ ਦਾ ਸਦਕਾ ਇਹ ਅਵਸਥਾ ਪ੍ਰਾਪਤ ਕੀਤੀ ਹੈ ਤੇ ਸੱਚ ਨੂੰ ਪ੍ਰਾਪਤ ਹੋਏ ਹਾਂ॥163॥

 

ਸ੍ਵੈਯਾ।।

 ਸਾਹਿਬ ਸਬਰ ਇਹ ਖਵਰ ਲਵੋ  ਇਸ ਹੈ ਬਿਚ ਕਬਰ ਕੇ ਕੌਣ ਸਮਾਯਾ।

ਗਨੀ ਗ਼ਰੀਬ ਜਹ ਜੇਰ ਜਰੀਬ  ਹਬੀਬ ਕਹੁ ਹਾਕਮ ਕੌਣ ਹੈ ਆਯਾ।

ਭੇਦ ਲਬਾਸ ਕੀਆ ਇਜਲਾਸ  ਹੋ ਮੁਨਸਫ ਖਾਸ ਹੈ ਕਦਮ ਟਕਾਯਾ।

 ਦਾਸ ਭਗਵਾਨ ਲਖੋ ਦਿਲਦਾਨ  ਹੋ ਜਾਂਨ ਕੀ ਜਾਂਨ ਹੈ ਜਾਂਨ ਕਹਾਯਾ।।164।।

 

  ਪਦ ਅਰਥ:-  ਸਾਹਿਬ ਸਬਰ=ਸਬਰ ਦੇ ਧਾਰਨੀ। ਕਬਰ=ਦੇਹ ਰੂਪ ਕੰਬਲ। ਗਨੀ ਗਰੀਬ=ਅਮੀਰ, ਗਰੀਬ। ਜਹ ਜੇਰ ਜਰੀਬ=ਜਿਸਦੇ ਅਧੀਨ ਹਨ। ਲਬਾਸ=ਪਹਿਰਾਵਾ। ਇਜਲਾਸ=ਜਲਸਾ। ਮੁਨਸਫ=ਨਿਆਂ ਕਰਨ ਵਾਲਾ। ਦਿਲਦਾਨ=ਸਿਆਣੇ, ਦਾਨਾ।

ਅਰਥ:-  ਹੇ ਸੰਤੋਖ ਨੂੰ ਧਾਰਨ ਕਰਨ ਵਾਲੇ ਬੰਦੇ! ਇਹ ਪਤਾ ਕਰੋ ਕਿ ਇਸ ਦੇਹ ਰੂਪ ਕੰਬਲ ਵਿਚ ਕੌਣ ਸਮਾਇਆ ਹੋਇਆ ਹੈ। ਅਮੀਰ ਗਰੀਬ ਜਿਸ ਦੀ ਗਿਣਤੀ ਮਿਣਤੀ ਵਿਚ ਹਨ ਉਸ ਹਾਕਮ ਦਾ ਪਤਾ ਕਰੋ। ਬਾਹਰੋਂ ਮਨੁੱਖ ਲਿਬਾਸ ਪਹਿਨ ਕੇ ਆਪਣਾ ਆਪ ਪ੍ਰਗਟ ਕਰ ਰਿਹਾ ਹੈ ਉਹ ਆਪ ਹੀ ਨਿਆਇਕਾਰੀ ਹੋ ਕੇ ਅੱਗੇ ਵਧਿਆ ਹੈ। ਸਿਆਣੇ ਬਣ ਕੇ ਇਸ ਗੱਲ ਦੀ ਪਛਾਣ ਕਰੋ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਸਾਰੀਆਂ ਜਾਨਾਂ ਦੀ ਜਾਨ ਹੋ ਕੇ ਆਪਣੇ ਆਪ ਨੂੰ ਜਾਨ ਵਾਲਾ ਕਹਾਉਂਦਾ ਹੈ॥164॥

 

ਸ੍ਵੈਯਾ।।

ਨਾਂ ਪੜ ਆਇਤ ਸਮਝ ਹਿਦਾਇਤ  ਹੋਇ ਇਨਾਇਤ ਕਾਮਲ ਤੇ।

ਕਿਬਰ ਕਨੂੰਨੁ ਨਾ ਹੋ ਗੂਨਾ ਗੂਨ  ਏਹ ਜਾਇ ਜਨੂਨ ਹੈ ਆਮਲ ਤੇ।

ਆਰਫ ਚਾਲ ਹਕੀਕਤ ਹਾਲ  ਇਹ ਕਰਮ ਕਮਾਲ ਹੋ ਸਾਮਲ ਤੇ।

ਦਾਸ ਭਗਵਾਨ ਇਹ ਸਾਚ ਕੀ ਕਾਨ  ਲੈ ਪਾ ਆਰਫਾਨਾ ਅਨਾਮਲ ਤੇ।।165।।

 

ਪਦ ਅਰਥ:-  ਆਇਤ=ਕੁਰਾਨ ਦੀਆਂ ਤੁਕਾਂ। ਹਿਦਾਇਤ=ਨਸੀਹਤ। ਇਨਾਇਤ=ਬਖਸ਼ਸ਼। ਕਾਮਲ=ਪੂਰੇ। ਕਿਬਰ ਕਨੂੰਨੁ=ਸ਼ਰਹ ਦੇ ਮਸਲੇ। ਗੂਨਾ ਗੂਨ=ਭਾਂਤ ਭਾਂਤ ਦੇ। ਜਨੂਨ=ਸੁਦਾਈਪੁਣਾ। ਆਮਲ=ਕਰਣੀ ਵਾਲਾ। ਕਾਨ=ਖਾਨ। ਆਰਫਾਨਾ=ਰੱਬੀ ਰਮਜ਼ ਵਾਲੇ। ਅਨਾਮਲ=ਨਿਰਮਲ।

ਅਰਥ:-  ਕਾਮਲ ਗੁਰੂ ਤੋਂ ਭੇਦ ਦਾ ਪਤਾ ਲੱਗੇਗਾ, ਆਇਤਾਂ ਪੜ੍ਹਨ ਨਾਲ ਨਹੀਂ ਪਤਾ ਲੱਗੇਗਾ, ਗੁਰੂ ਦੀ ਸਿਖਿਆ ਸੁਣ। ਸ਼ਰਹ ਦੇ ਰੰਗ-ਬਰੰਗੇ ਮਸਲਿਆਂ ਵਿੱਚ ਨਾ ਖਪ। ਇਸ ਸ਼ੁਦਾਪੁਣੇ ਤੋਂ ਹਟ। ਸਹੀ ਰਸਤਾ ਤਾਂ ਕਾਮਲ ਫਕੀਰਾਂ ਦੀ ਚਾਲ ਹੈ। ਇਹ ਕਮਾਲ ਦੀ ਬਖਸ਼ਸ਼ ਕਾਮਲਾਂ ਦੀ ਸੰਗਤ ਤੋਂ ਮਿਲੇਗੀ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸੱਚ ਦੀ  ਖਾਨ ਨਿਰਮਲ ਆਤਮਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ॥165॥

 

ਸ੍ਵੈਯਾ।।

ਬੂਦੋ ਬਾਸ ਵਲਾਇਤ ਛੋੜ ਦਈ  ਅਬ ਪਾਇ ਲੀਆ ਈਂਹਾਂ ਆਇ ਮਜਾਰਾ।

ਰੈਹ ਜਨ ਬੀਚ ਸਕੂਨਤ ਦਾਖਲ  ਸਮਝ ਚਂਲੀ  ਕੁਝੁ ਐ ਦਿਲਦਾਰਾ।

ਏਹ ਬੰਦੋਬਸਤ ਹੋ ਕੋਸਸ ਸੇ ਨਂਹੀ  ਸੋਰੁ ਪਵੇ ਕਭੀ ਆਇ ਕਰਾਰਾ।

 ਦਾਸ ਭਗਵਾਨ ਨਾਂ ਹੋਹ ਨਦਾਨ  ਲੈ ਰਮਜ ਪਛਾਨ ਹੈ ਕੀ ਗੁਫਤਾਰਾ।।166।।

 

ਪਦ ਅਰਥ:-  ਬੂਦੋ ਬਾਸ=ਰਹਿਣ ਦੀ ਥਾਂ। ਵਲਾਇਤ=ਪਰਦੇਸ। ਰੈਹ ਜਨ=ਰਾਹ ਮਾਰ, ਲੁਟੇਰੇ। ਸਕੂਨਤ=ਟਿਕਾਣਾ। ਦਿਲਦਾਰਾ=ਹੇ ਪਿਆਰੇ। ਕਰਾਰਾ=ਬਹੁਤਾ। ਨਦਾਨ=ਅਨਜਾਣ। ਰਮਜ=ਗੈਬੀ ਭੇਦ। ਗੁਫਤਾਰਾ=ਕਹਾਵਤ।

ਅਰਥ:-  ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਆਪਣੇ ਰਹਿਣ-ਸਹਿਣ ਦੀ ਥਾਂ ਜੋ ਪਰਦੇਸ ਦੀ ਨਿਆਈ ਹੈ, ਛੱਡ ਦਿੱਤੀ ਹੈ। ਸਭ ਕੁਝ ਛੱਡ ਛੁਡਾ ਕੇ ਹੁਣ ਮਜ਼ਾਰੇ ਕਿਆਮ ਕੀਤਾ ਹੈ। ਭਾਵ ਅਸੀਂ ਮਜ਼ਾਰੇ ਨੂੰ ਆਪਣਾ ਟਿਕਾਣਾਂ ਬਣਾ ਲਿਆ ਹੈ, ਪਰ ਹੇ ਪਿਆਰੇ! ਇਸ ਗੁੱਝੇ ਭੇਤ ਨੂੰ ਜ਼ਰਾ ਗਹਿਰਾਈ ਨਾਲ ਸਮਝਣ ਦਾ ਯਤਨ ਕਰ, ਕਿਉਂਕਿ ਇਥੇ ਇਕ ਦਿਨ ਲੁਟੇਰੇ ਆਦਿ ਦਾਖਲ ਹੋਣਗੇ, ਇਹ ਸਮਾਂ ਬਹੁਤ ਯਤਨ ਨਾਲ ਸੰਭਾਲਿਆ ਜਾਵੇਗਾ, ਕਿਉਂਕਿ ਬਹੁਤ ਸ਼ੋਰ-ਸ਼ਰਾਬਾ ਹੋਣ ਦਾ ਡਰ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ, ਇਸ ਗੁੱਝੇ ਭੇਦ ਨੂੰ ਅਕਲ ਦੀ ਚਤੁਰਾਈ ਨਾਲ ਸਮਝਣ ਦਾ ਯਤਨ ਕਰ ॥166॥

 

ਸ੍ਵੈਯਾ।।

ਸਾਹਿਬ ਲੋਕ ਇਹ ਬਾਤ ਬਤਾਵਤ ਹੈ  ਸਭ ਰੂਪ ਹੀ ਯਾਰ ਯਗਾਨਾ।

ਹੈ ਖੁਦ ਖਾਸ ਸਨਾਸ ਕਰੋ ਨਂਹੀ  ਦੂਸਰ ਹੋਰ ਕੋ ਜਾਣ ਬਗਾਨਾ।

ਨੂਰ ਕੀ ਚਾਦਰ ਹੈ ਸਭ ਸਾਦਰ  ਅਰਬਾ ਇਨਾਸਰ ਹੈ ਹਮਾਖਾਨਾ।

ਦਾਸ ਭਗਵਾਨ ਗੁਮਾਨ ਕੇਹਾ  ਜਬ ਗੈਰ ਨਂਹੀ ਕਿਤੇ ਸਮਝ ਨਦਾਨਾ।।167।।

 

ਪਦ ਅਰਥ:-  ਬਿਗਾਨਾ=ਆਪਣਾ, ਦੂਜਾ। ਸਨਾਸ=ਪਛਾਣ। ਨੂਰ ਕੀ ਚਾਦਰ=ਰੱਬੀ ਜਮਾਲ। ਸਾਦਰ=ਜਾਰੀ ਹੋਣ ਵਾਲਾ। ਅਰਬਾ ਇਨਾਸਰ=ਚਾਰ ਤੱਤ-(1) ਅਗਨ, (2) ਪਵਣ, (3) ਜਲ, (4) ਪ੍ਰਿਥਵੀ। ਹਿੰਦੂ ਮੱਤ ਇੱਕ ਹੋਰ ਆਕਾਸ਼ ਤੱਤ ਭੀ ਮੰਨਦਾ ਹੈ। ਹਮਾਖਾਨਾ=ਸਾਰੇ ਸਰੀਰ। ਗੁਮਾਨ=ਹੰਕਾਰ।

ਅਰਥ:-  ਮਹਾਂਪੁਰਖ ਇਹ ਗੱਲ ਕਹਿੰਦੇ ਹਨ ਕਿ ਸਾਰੇ ਆਪਣੇ ਯਾਰ ਬੇਲੀ ਹਨ। ਸਾਰੇ ਹੀ ਪਾਸੇ ਆਪਣਾ ਆਪ ਹੀ ਹੈ, ਹੋਰ ਦੂਜਾ ਕੋਈ ਨਹੀਂ ਜਿਸ ਨੂੰ ਬਿਗਾਨਾ ਕਹੀਏ। ਸਾਰੇ ਓਸੇ ਦਾ ਨੂਰ ਫੈਲਿਆ ਹੋਇਆ ਹੈ, ਸਾਰੇ ਸਰੀਰ ਪੰਜਾਂ ਤੱਤਾਂ ਦੇ ਬਣੇ ਹੋਏ ਹਨ। ਮਹਾਰਾਜ ਕਥਨ ਕਰਦੇ ਹਨ ਕਿ ਹੇ ਨਦਾਨ ਬੰਦੇ! ਫਿਰ ਅਹੰਕਾਰ ਕਾਹਦਾ ਜਦੋਂ ਦੂਸਰਾ ਹੋਰ ਹੈ ਹੀ ਨਹੀਂ, ਸਭ ਆਪਣੇ ਹਨ॥167॥

 

ਸ੍ਵੈਯਾ।।

 ਸੁਰਤ ਸਮਾਲ ਨਾ ਹੋਹ ਨਢਾਲ  ਖਿਆਲ ਲਖੋ ਅਬ ਆ ਅੰਦਰੂੰਨੀ।

 ਚਸਮ ਉਘਾੜ ਤਹ ਤਾੜ ਕਰੋ  ਜਹ ਚਸਮਾ ਇ ਨੂਰ ਭਿਆ ਗੂਨਾ ਗੂਨੀ।

ਕਰ ਕਰ ਨੋਸ ਖਮੋਸ ਭਏ  ਗਏ ਹੋ ਫਰਾਮੋਸ ਹੈ ਜੋਸ ਨਮੂਨੀ।

 ਮਿਲ ਜਾਤ ਮੇਂ ਜਾਤ ਹੋ ਜਾਤ ਗਏ  ਜਬ ਦਾਸ ਭਗਵਾਨ ਹੈਂ ਅਮਰ ਅਜੂਨੀ।।168।।

 

ਪਦ ਅਰਥ:- ਨਢਾਲ=ਸੁਸਤ। ਅੰਦਰੂਨੀ=ਅੰਦਰ ਦਾ। ਚਸਮਾ=ਅੱਖਾਂ। ਚਸਮਾ ਇ ਨੂਰ=ਨੂਰ ਦਾ ਚਸ਼ਮਾ। ਗੂਨਾ ਗੂਨੀ=ਰੰਗ ਬਰੰਗਾ। ਨੋਸ=ਪੀ ਕੇ। ਖਮੋਸ=ਚੁਪ। ਫਰਾਮੋਸ=ਭੁੱਲ ਗਏ। ਜੋਸ ਨਮੂਨੀ=ਦਿਖਾਵੇ ਦੇ ਜੋਸ਼। ਅਮਰ=ਮੌਤ ਤੋਂ ਬਿਨਾਂ।ਅਜੂਨੀ=ਜੂਨ ਤੋਂ ਬਿਨਾਂ।

ਅਰਥ:-  ਸੁਸਤੀ ਛੱਡ ਕੇ ਖਬਰਦਾਰ ਹੋਵੋ ਤੇ ਅੰਦਰ ਦੇ ਖਿਆਲ ਨੂੰ ਜਾਣੋ, ਬੜਾ ਧਿਆਨ ਲਗਾ ਕੇ ਰੰਗ-ਬਰੰਗੇ ਨੂਰ ਦੇ ਚਸ਼ਮੇ ਨੂੰ ਤੱਕੋ। ਜਦੋਂ ਉਸ ਨੂਰ ਦੇ ਚਸ਼ਮੇ ਨੂੰ ਤੱਕਿਆ ਤੇ ਪੀਣਾ ਕੀਤਾ ਤਾਂ ਸਾਰੇ ਦਿਖਾਵੇ ਦੇ ਸੁਆਦ ਭੁੱਲ ਗਏ ਤੇ ਇਸ ਸੁਆਦ ਵਿਚ ਗੁੱਟ ਹੋ ਗਏ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਜੀਵ ਅਤੇ ਬ੍ਰਹਮ ਦੀ ਏਕਤਾ ਹੋ ਗਈ ਤਾਂ ਜੂਨਾਂ ਤੋਂ ਰਹਿਤ ਹੋ ਕੇ ਅਮਰ ਪਦਵੀ ਨੂੰ ਪ੍ਰਾਪਤ ਕਰ ਲਿਆ ॥168॥

 

ਸ੍ਵੈਯਾ।।

ਸੁਹਬਤ ਆਰਫ ਐਨ ਕਰੀ  ਜਬ ਗੈਨ ਕੀ ਸੂਰਤ ਦੂਰ ਪਰੀ।

ਸਮਝੀ ਹੈ ਸੈਨ ਉਠਾ ਕਰ ਨੈਨ  ਹੈ ਚੈਨ ਭਈ ਦਿਨ ਰੈਨ ਖਰੀ।

ਪਾਕ ਬੇਬਾਕ ਭਏ ਤਬ ਤੇ ਜਬ ਤੇ  ਨਾਹਿ ਗੈਰ ਪੈ ਨਜਰ ਧਰੀ।

 ਨਾਮ ਨਸਾਨ ਨਂਹੀ ਨੁਕਤਾ  ਜਹ ਦਾਸ ਭਗਵਾਨ ਬਹਾਰ ਕਰੀ।।169।।

 

ਪਦ ਅਰਥ:- ਸੁਹਬਤ=ਸੰਗ। ਐਨ=ਸਹੀ। ਗੈਨ=ਗੈਰ। ਸੈਨ=ਇਸ਼ਾਰਾ। ਪਾਕ=ਸਾਫ। ਬੇਬਾਕ=ਬੇਡਰ, ਨਿਰਭਉ। ਗੈਰ=ਦਵੈਤ। ਨੁਕਤਾ=(1) ਬਿੰਦੀ, (2) ਸਿਫਰ; ਬਰੀਕ ਬਾਤ, (3) ਪਰਨਾ।

ਅਰਥ:-  ਜਦੋਂ ਸਹੀ ਤਰੀਕੇ ਨਾਲ ਗੁਰਮੁਖਾਂ ਦੀ ਸੰਗਤ ਕੀਤੀ ਉਦੋਂ ਦੂਈ ਦਾ ਭਾਵ ਹੀ ਦੂਰ ਹੋ ਗਿਆ। ਜਦੋਂ ਅੱਖ ਚੁੱਕ ਕੇ ਇਸ਼ਾਰੇ ਨੂੰ ਸਮਝਿਆ ਤਦੋਂ ਰਾਤ ਦਿਨ ਚੈਨ ਪ੍ਰਾਪਤ ਹੋ ਗਿਆ। ਜਦੋਂ ਗੈਰੀਅਤ ਦਾ ਖਿਆਲ ਦਿਲ ਵਿਚੋਂ ਕੱਢ ਦਿੱਤਾ ਤੇ ਹਿਰਦਾ ਨਿਰਮਲ ਹੋ ਗਿਆ ਤੇ ਬੇਖੌਫ ਹੋ ਗਿਆ। ਨਾਮ ਰੂਪ ਸੰਸਾਰ ਤੋਂ ਬਿਰਤੀ ਉੱਚੀ ਕਰਕੇ ਬਰੀਕ ਬਾਤ ਨੂੰ ਸਮਝ ਲਿਆ, ਹੁਣ ਮੌਜ ਹੀ ਮੌਜ ਹੈ ॥169॥

 

ਸ੍ਵੈਯਾ।।

ਐਹਲ ਤਮੀਜ ਅਜੀਜ ਬਣੋ  ਅਬ ਭਰਮ ਭਿਆਨਕ ਮੇ ਸਬ ਹੀ।

ਈਰਖਾ ਵਾਦ ਉਠਾਇ ਦੋਊ  ਸੁਧ ਸਾਂਤ ਸਰੂਪ ਕੋ ਧਾਰ ਸਹੀ।

ਵਰਨ ਅਸਰਮ ਕਾ ਮਾਣ ਤਜੋ  ਇਕ ਗੋਬਿੰਦ ਜਾਣਿਓ ਸ੍ਰਬ ਮਹੀ।

ਜਹ ਕਹ ਏਕ ਬਿਰਾਜ ਰਿਹਾ  ਇਹ ਦਾਸ ਭਗਵਾਨ ਹੈ ਬਾਤ ਸਹੀ।।170।।

 

ਪਦ ਅਰਥ:-  ਐਹਲ ਤਮੀਜ=ਅਦਬ ਸਮੇਤ। ਅਜੀਜ=ਪਿਆਰੇ। ਭਰਮ ਭਿਆਨਕ=ਭਰਮ ਰੂਪ ਅੰਧੇਰਾ ਭੈਅਦਾਇਕ। ਈਰਖਾ=ਸਾੜਾ। ਬਾਦ=ਝਗੜਾ। ਵਰਨ ਅਸਰਮ ਕਾ ਮਾਣ=ਉਚੀ ਜਾਤ ਦਾ ਅਹੰਕਾਰ। ਜਹ ਕਹ=ਜਿਥੇ ਕਿਥੇ।

ਅਰਥ:-  ਸਾਰੀ ਦੁਨੀਆਂ ਭਰਮ ਭੁਲੇਖੇ ਵਿਚ ਪਈ ਹੋਈ ਹੈ। ਹੇ ਪਿਆਰੇ! ਅਦਬ ਤੇ ਸਤਿਕਾਰ ਦੇ ਰਸਤੇ ਉਤੇ ਆ। ਸਾੜਾ ਤੇ ਵਾਦ-ਵਿਵਾਦ ਛੱਡ ਕੇ ਆਪਣੇ ਸ਼ੁੱਧ ਤੇ ਸਹੀ ਸਰੂਪ ਦੀ ਪਛਾਣ ਕਰ। ਉੱਚ ਜਾਤੀ ਦਾ ਮਾਣ ਛੱਡ ਕੇ ਇਸ ਅਕਾਲ ਪੁਰਖ ਨੂੰ ਸਭ ਵਿਚ ਰਸਿਆ ਹੋਇਆ ਦੇਖੋ। ਰਾਜਾ ਸਾਹਿਬ ਦੇ ਇਸ ਕਥਨ ਵਿਚ ਕੋਈ ਸ਼ੰਕਾ ਨਹੀਂ ਕਿ ਜਿਥੇ ਕਿਥੇ ਭੀ ਉਹ ਇਕ ਅਕਾਲ ਪੁਰਖ ਹੀ ਬਿਰਾਜ ਰਿਹਾ ਹੈ॥170॥

 

ਸ੍ਵੈਯਾ।।

ਸਤਿਗੁਰ ਮੇਲ ਸੇ ਖੇਲ ਲਖੀ  ਇਕ ਤ੍ਰਜ ਤਰੀਕਾ ਹੈ ਜਾਹਿ ਨਿਰਾਰਾ।

ਨਾ ਰਹੀ ਹਾਜਤ ਹੁਜਤ ਕੀ ਅਬ  ਨਾ ਹਮ ਦੰਭ ਕਾ ਖੰਭ ਖਲਾਰਾ।

ਹੋ ਮੁਤਅਜਬ ਮਹਵ ਹੈਂ  ਅਬ ਦੇਖਿਆ ਆਣ ਅਲਾਹਿ ਇਸਾਰਾ।

ਕਾਰ ਬਲਖਣ ਕਾਂਖਿਆ ਭਖਣ  ਦਾਸ ਭਗਵਾਂਨ ਤੌਹੀਦ ਕਾਨਾਰਾ।।171।।

 

ਪਦ ਅਰਥ:-ਖੇਲ ਲਖੀ=ਭੇਦ ਨੂੰ ਸਮਝਿਆ। ਤ੍ਰਜ ਤਰੀਕਾ=ਰਸਤਾ, ਢੰਗ। ਨਿਰਾਰਾ=ਨਿਰਾਲਾ। ਹਾਜਤ=ਇਛਿਆ। ਹੁਜਤ=ਢੁੱਚਰ। ਮੁਤਅਜਬ=ਅਸਚਰਜ ਜਾਂ ਹੈਰਾਨੀ। ਮਹਵ=ਲੀਨ ਹੋ ਜਾਣਾ। ਬਲਖਣ=ਨਿਰਾਲੀ। ਕਾਂਖਿਆ=ਇੱਛਾ ਜਾਂ ਤ੍ਰਿਸ਼ਨਾ। ਭਖਣ=ਖਤਮ ਕਰਨਾ। ਤੌਹੀਦ=ਏਕਤਾ ਦਾ ਅਸਥਾਨ।

ਅਰਥ:-  ਪੂਰੇ ਗੁਰੂ ਤੋਂ ਪਤਾ ਲੱਗਾ ਕਿ ਰੱਬੀ ਬੰਦਿਆਂ ਦੀ ਚਾਲ ਤੇ ਤਰੀਕਾ ਨਿਰਾਲਾ ਹੀ ਹੈ। ਹੁਣ ਹੁੱਜਤ ਕਰਨ ਦੀ ਕੋਈ ਥਾਂ ਨਹੀਂ ਰਹਿ ਗਈ ਤੇ ਨਾ ਹੀ ਅਸੀਂ ਪਖੰਡ ਦਾ ਖਲਾਰਾ ਖਲਾਰ ਰਹੇ ਹਾਂ, ਜਦੋਂ ਰੱਬੀ ਜਲਵੇ ਦਾ ਝਲਕਾ ਦੇਖਿਆ ਉਸ ਅਸਚਰਜ ਅਵਸਥਾ ਵਿਚ ਲੀਨ ਹੋ ਰਹੇ ਹਾਂ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਤ੍ਰਿਸ਼ਨਾ ਨੂੰ ਭਖਣ ਕਰਨ ਦੀ ਕਾਰ ਨਿਰਾਲੀ ਹੈ, ਇਸ ਤਰ੍ਹਾਂ ਏਕਤਾ ਦੇ ਮਕਾਨ ਤੇ ਪੁਜਿਆ ਜਾਂਦਾ ਹੈ। ਭਾਵ, ਤ੍ਰਿਸ਼ਨਾ ਖੈ ਕਰਕੇ॥171॥

 

ਸ੍ਵੈਯਾ।।

ਬੈਠ ਬਿਚਾਰ ਇਕੰਤ ਕਰੀ  ਜਬ ਤੰਤ ਪ੍ਰੇਮ ਕੀ ਆਣ ਬਜੀ।

ਨਾ ਅਬ ਸੰਗ ਪਤੰਗ ਕਰੀ  ਯਕਰੰਗ ਹੋ ਅੰਗ ਉਮੰਗ ਤਜੀ।

ਗਈ ਗਾਂਠ ਅਗਿਆਨ ਨ ਸਾਂਠ ਰਿਹਾ  ਪੂਜਾ ਪਾਠ ਨਾ ਠਾਠ ਪ੍ਰੇਮ ਗਜੀ।

ਪਾ ਬਿਸਰਾਂਮ ਨਾ ਸੁਬਹਾ ਇ ਸਾਮ  ਜਹ ਦਾਸ ਭਗਵਾਂਨ ਬਹਾਰ ਸਜੀ।।172।।

 

ਪਦ ਅਰਥ:- ਇਕੰਤ=ਇਕੱਲੇ। ਪਤੰਗ=ਕੱਚਾ। ਉਮੰਗ=ਉਤਸ਼ਾਹ। ਅਗਿਆਨ=ਭੁਲੇਖਾ। ਸਾਂਠ=ਸੰਧ, ਜੋੜ। ਠਾਠ=ਸੁਰਾਂ ਦੀ ਇਸਥਿਤੀ।

ਅਰਥ:- ਜਦ ਇਕਾਂਤ ਬੈਠ ਕੇ ਵਿਚਾਰ ਕੀਤੀ ਤਾਂ ਪ੍ਰੇਮ ਦੀ ਤਾਰ ਆਣ ਕੇ ਵੱਜੀ। ਦੁਨੀਆਂ ਦਾ ਕੱਚਾ ਰੰਗ ਛੱਡ ਦਿੱਤਾ, ਝੂਠੇ ਉਤਸ਼ਾਹ ਛੱਡ ਕੇ ਇੱਕ ਰੰਗ ਹੋ ਗਏ। ਜਦੋਂ ਪ੍ਰੇਮ ਰੂਪ ਦਾ ਠਾਠ ਵੱਜਾ ਤਾਂ ਅਗਿਆਨਤਾ ਦੀ ਗੱਠ  ਖੁਲ੍ਹ ਗਈ, ਪੂਜਾ ਪਾਠ ਸਭ ਦਿਖਾਵੇ ਦੂਰ ਹੋ ਗਏ। ਜਿਥੇ ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸਵੇਰ ਤੇ ਸ਼ਾਮ ਦਾ ਭਿੰਨ ਭੇਦ ਨਹੀਂ, ਜਿੱਥੇ ਸਦਾ ਬਹਾਰ ਹੈ, ਉੱਥੇ ਬਿਸਰਾਮ ਮਿਲ ਗਿਆ॥172॥

 

ਸ੍ਵੈਯਾ।।

 ਬੈਹਰ ਬੂੰਦ ਹੋ ਇਕ ਗਏ  ਲਖੇ ਕੌਣ ਜਾਂ ਆਬ ਮੇ ਆਬ ਪਿਆ ਹੈ।

ਦ੍ਵੈਤ ਕੀ ਸਾਖ ਹੈ ਦੂਰ ਭਈ  ਜਬ ਵਹਿਦ ਵਾਹਿਦ ਹੋਇ ਗਿਆ ਹੈ।

 ਗੈਰ ਇਲਾਮਤ ਉਠ ਗਈ  ਸਬ ਨੂਰ ਹੀ ਨੂਰ ਸਮਾਇ ਰਹਿਆ ਹੈ।

ਜਮਾ ਬੀਚੁ ਆਜੁਜ ਹੈ ਜਮਾ ਹੂਈ  ਇਉਂ  ਦਾਸ ਭਗਵਾਨ ਅਲਾਹਿ ਭਇਆ ਹੈ ।।173।।

 

ਪਦ ਅਰਥ:-  ਬੈਹਰ=ਸਮੁੰਦਰ। ਆਬ-ਪਾਣੀ। ਦ੍ਵੈਤ=ਦੂਜਾ। ਸਾਖ=ਟਹਿਣੀ। ਵਹਿਦ ਵਾਹਿਦ=ਇੱਕੋ ਇੱਕ। ਅਲਾਮਤ=ਲੱਛਣ। ਅਜੁਜ=ਹਿੱਸੇ। ਅਲਾਹਿ=ਰੱਬ।

ਅਰਥ:- ਬੈਹਰ (ਬ੍ਰਹਮ) ਬੂੰਦ (ਜੀਵ) ਜਦ ਇੱਕ ਹੋ ਗਏ ਤਾਂ ਕੌਣ ਨਿਰਣਾ ਕਰ ਸਕਦਾ ਹੈ ਕਿ ਕਿਹੜਾ ਜੀਵ ਹੈ, ਕਿਹੜਾ ਬ੍ਰਹਮ? ਜਦੋਂ ਇਕ-ਮਿਕ ਹੋ ਗਏ ਫਿਰ ਦੂਈ ਦ੍ਵੈਤ ਖਤਮ ਹੋ ਗਈ। ਕਲੱਛਣ ਪੁਣਾ ਮੁੱਕ ਗਿਆ, ਸਾਰੇ ਇਕੋ ਨੂਰ ਹੀ ਨੂਰ ਦਿਸਦਾ ਹੈ। ਜਮਾਂ ਰੂਪ ਸਮੁੰਦਰ ਦੂਜੀ ਨਦੀ ਨਾਲ ਆ ਮਿਲੇ ਤਾਂ ਫਿਰ ਸਮੁੰਦਰ ਹੀ ਹੋ ਗਿਆ। ਇਸ ਤਰ੍ਹਾਂ ਰਾਜਾ ਸਾਹਿਬ ਪ੍ਰਕਾਸ਼ ਰੂਪ ਖ਼ੁਦ ਰੱਬ ਬਣ ਗਏ ॥173॥

 

ਸ੍ਵੈਯਾ।।

ਜਾਂਣਿਆਂ ਆਂਮ ਹੈ ਜਗ ਤਮਾਮ ਇਹ ਸ੍ਰਬ ਹੀ ਖਾਂਮ ਹੈ ਚਾਂਮ ਪਸਾਰਾ।

 ਗਿਆਨ ਧਿਆਨ ਲੈ ਸਾਚ ਪਛਾਨ ਹੋ ਸੁਘੜ ਸੁਜਾਨ ਅਬੇ ਦਿਲਦਾਰਾ।

ਮਨ ਸਲਾਹਿ ਲੈ ਪਾਇ ਪਨਾਹਿ ਹੈ ਸਭ ਫਨਾਹਿ ਅਕਾਰ ਬਹਾਰਾ।

ਓਂਕਾਰ ਅਧਾਰ ਸਭੇ ਨਿਰਾਕਾਰ ਹੈ ਦਾਸ ਭਗਵਾਨ ਇਹ ਬੋਲ ਬਚਾਰਾ।।174।।

 

ਪਦ ਅਰਥ:-  ਖਾਂਮ=ਕੱਚਾ। ਚਾਂਮ=ਚੰਮ। ਸੁਘੜ ਸੁਜਾਨ=ਸਿਆਣਾ। ਦਿਲਦਾਰਾ=ਪਿਆਰੇ। ਪਨਾਹਿ=ਰੱਖਿਆ ਨੂੰ ਪ੍ਰਾਪਤ ਹੋਣਾ। ਫਨਾਹ=ਨਾਸ਼ਵੰਤ। ਓਅੰਕਾਰ=ਓਅੰਧੁਨ (ਓਅੰ ਦਾ ਉਚਾਰਣ)

ਅਧਾਰ=ਆਸਰੇ। ਨਿਰਾਕਾਰ=ਆਕਾਰ ਰਹਿਤ, ਕਰਤਾਰ, ਆਕਾਸ਼।

ਅਰਥ:-  ਅਸੀਂ ਇਹ ਜਾਣ ਲਿਆ ਹੈ ਕਿ ਸਾਰਾ ਜਗਤ ਕੱਚਾ ਹੈ ਤੇ ਚੰਮ ਦਾ ਪਸਾਰਾ ਹੈ। ਹੇ ਪਿਆਰੇ! ਗੁਰੂ ਦੇ ਗਿਆਨ ਵਿੱਚ ਧਿਆਨ ਲਾ ਕੇ ਇਸ ਪਸਾਰੇ ਪਿੱਛੇ ਜੋ ਅਸਲੀਅਤ ਹੈ ਬੜੇ ਗਹੁ ਨਾਲ ਸੋਚ ਵਿਚਾਰ ਕੇ ਸਮਝ ਲੈ। ਇਹ ਜੋ ਆਕਾਰ ਵਾਲਾ ਸੰਸਾਰ ਦਿਸ ਰਿਹਾ ਹੈ ਇਹ ਸਭ ਨਾਸ਼ਵੰਤ ਹੈ, ਇਹ ਸਲਾਹ ਮੰਨ ਕੇ ਗੁਰੂ ਦੇ ਸ਼ਰਨ ਪ੍ਰਾਪਤ ਕਰੋ। ਉਹ ਅਕਾਰ ਰਹਿਤ ਓਅੰਕਾਰ ਹੀ ਸਾਰੀ ਸ੍ਰਿਸਟੀ ਦਾ ਅਧਾਰ ਹੈ, ਮਹਾਰਾਜ ਜੀ ਦੇ ਇਸ ਕਥਨ ਦਾ ਗੰਭੀਰਤਾ ਨਾਲ ਵਿਚਾਰ  ਕਰੋ ॥174॥

 

ਸ੍ਵੈਯਾ।।

 ਸਮਝ ਜੁਆਂਨ ਹੈਂ ਹਮ ਮਹਿਮਾਂਨ  ਇਹ ਕੂਚ ਜਹਾਨ ਨਦਾਨ ਕਰੈਂਗੇ।

ਮੁਹਲਤ ਨਾ ਦੰਮ ਏਕ ਮਿਲੇ  ਕੁਝੁ ਨਾਂ ਕਰ ਹੁਜਤ ਛਿਨ ਅਰੈਂਗੇ।

 ਮਸਲਹਤ ਬਾਝ ਹੀ ਉਠ ਚਲੇਂ  ਅਗੇ ਕਾਲ ਕਰਾਰ ਨਾ ਮੂਲੁ ਫਰੈਂਗੇ।

 ਪਾਵ ਪਸਾਰ ਖਲਾਰ ਕਰੇਂ ਇਹ  ਓੜਕ ਦਾਸ ਭਗਵਾਨ ਹਰੈਂਗੇ।।175।।

 

ਪਦ ਅਰਥ:- ਮਹਿਮਾਨ=ਪਰਾਹੁਣੇ। ਨਦਾਨ=ਅੰਤ ਨੂੰ |ਮੁਹਲਤ ਨਾ ਦਮ ਇਕ ਦਮ ਭਰ ਦੀ ਵਿਹਲ। ਹੁੱਜਤ=ਬਹਾਨਾ। ਅਰੈਗੇਂ=ਅੜ ਖਲੋਣਾ। ਮਸਲਹਤ=ਸਲਾਹ ਮਸ਼ਵਰਾ। ਕਰਾਰ ਫੜਨ=ਹੌਂਸਲਾ ਰੱਖਣਾ।

ਅਰਥ:- ਭਾਵੇਂ ਜੁਆਨੀ ਵਿੱਚ ਹੀ ਹੈ ਫਿਰ ਭੀ ਇਹ ਸਮਝ ਅਸੀਂ ਚਾਰ ਦਿਨ ਦੇ ਪੁਰਾਹੁਣੇ ਹਾਂ ਅਤੇ ਇਥੋਂ ਕੂਚ ਕਰਾਂਗੇ। ਅੰਤ ਸਮੇਂ ਇੱਕ ਦਮ ਭੀ ਹੋਰ ਸਮਾਂ ਨਹੀਂ ਮਿਲੇਗਾ ਤੇ ਕਿਸੇ ਤਰ੍ਹਾਂ ਭੀ ਹੁੱਜਤ ਕਰਕੇ ਇੱਕ ਛਿਨ ਭੰਗਰ ਭੀ ਨਹੀਂ ਅੜ ਸਕਾਂਗੇ। ਮੌਤ ਦੇ ਸਾਹਮਣੇ ਸਾਡਾ ਧੀਰਜ ਹਿਲ ਜਾਏਗਾ ਤੇ ਥੋੜ੍ਹਾ ਜਿੰਨਾ ਭੀ ਵਿਹਲ ਨਹੀਂ ਮਿਲੇਗਾ (ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ || (ਪੰਨਾ 78) ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਤੂੰ ਇਸ ਸੰਸਾਰ ਵਿਚ ਬੇਫਿਕਰ ਹੋ ਕੇ ਪੈਰ ਪਸਾਰੀ ਬੈਠਾ ਹੈਂ। ਇਥੋਂ ਹਾਰ ਕੇ ਹੀ ਜਾਣਾ ਪਊ॥175॥

 

ਸ੍ਵੈਯਾ।।

ਇਹ ਸੰਸਾਰ ਬਕਾਰ ਬਜਾਰ ਹੈ  ਦੁਖ ਹਜਾਰ ਬਗਾਰ ਭਰਾ।

ਜਨਮ ਔ ਮਰਨ ਤੇ ਭੁਖ ਪਿਆਸ ਹੈ  ਰਾਗ ਦੁਐਖ ਬਕਾਰ ਖਰਾ।

ਤ੍ਰਿਪਤ ਨਂਹੀ ਕੁਝੁ ਭੋਗਨ ਮੇਂ   ਇਨ ਭੋਗ ਅਰਾਂਮ ਕਹੁ ਕਿਨ ਕਰਾ।

ਹੋ ਉਪਰਾਂਮ ਰਹੋ ਅਠ ਜਾਂਮ ਹੀ  ਦਾਸ ਭਗਵਾਨ ਨਦਾਂਨ ਨਰਾ।।176।।

 

ਪਦ ਅਰਥ:- ਬਕਾਰ ਬਜਾਰ=ਵਿਸ਼ੇ ਵਿਕਾਰਾਂ ਦਾ ਬਜ਼ਾਰ। ਬਗਾਰ=ਖਪਣਾ, ਬਿਨਾਂ ਮਜ਼ਦੂਰੀ ਭਾਰ ਢੋਣਾ। ਰਾਗ=ਪਿਆਰ। ਦੁਐਖ=ਵੈਰ ਭਾਵ। ਤ੍ਰਿਪਤ=ਰੱਜਣਾ। ਉਪਰਾਮ=ਉਦਾਸ ਹੋਣਾ। ਆਠ ਜਾਮ=ਅੱਠੇ ਪਹਿਰ।

ਅਰਥ:- ਇਹ ਜਗਤ ਵਿਕਾਰਾਂ ਦਾ ਬਾਜ਼ਾਰ ਹੈ ਤੇ ਇਸ ਬਾਜ਼ਾਰ ਵਿਚ ਹਜ਼ਾਰਾਂ ਹੀ ਦੁੱਖ ਹਨ। ਉਨ੍ਹਾਂ ਵਿਕਾਰਾਂ ਦਾ ਅਗੋਂ ਨਿਰਣਾ ਕਰਦੇ ਹਨ। ਦਵੰਦ ਮੈਂ, ਜੰਮਣ, ਮਰਨ, ਭੁੱਖ, ਪਿਆਸ, ਕਿਸੇ ਨਾਲ ਪਿਆਰ ਕਿਸੇ ਨਾਲ ਵਿਰੋਧ ਇਤਿਆਦਿ ਇਹ ਵਿਕਾਰ ਹਨ। ਇਨ੍ਹਾਂ ਭੋਗਾਂ ਨੂੰ ਭੋਗ ਕੇ ਰੱਜ ਨਹੀਂ ਆਉਂਦਾ। ਰਾਜਾ ਸਾਹਿਬ ਪੁਛਦੇ ਹਨ ਭਾਈ! ਦੱਸੋ ਇਨਾਂ ਭੋਗਾਂ ਨੂੰ ਭੋਗ ਕੇ ਕਿਸ ਨੇ ਆਰਾਮ ਕੀਤਾ? ਭਾਵ ਕਿਸੇ ਨੇ ਨਹੀਂ। ਹੇ ਭੁੱਲੜ ਜੀਵ! ਅੱਠੇ ਪਹਿਰ ਆਪਣੀ ਚਿਤ ਬਿਰਤੀ ਨੂੰ ਉਪਰਾਮ ਰਖੋ ਤੇ ਪ੍ਰਭੂ ਵਲ ਲੱਗੋ॥176॥

 

ਸ੍ਵੈਯਾ।।

ਬੋਧ ਬਂਹੀਨ ਨਾ ਚੀਨਸ ਆਤਮ  ਜੋ ਪ੍ਰਬੀਨ ਹੈ ਸ੍ਰਬ ਕਲਾ।

ਧਾਵਤ ਧਾਵਤ ਦਿਵਸ ਗਿਆ  ਗਈ ਰੈਂਨ ਹੈ ਸੈਨ ਮੇ ਸਭ ਖਲਾ।

ਅਵਸਰ ਫੇਰ ਨਾਂ ਇਹ ਮਿਲੇ  ਜਾਂਦਾ ਜਨਮ ਅਮੋਲਕ ਛੈਲ ਛਲਾ।

ਹਿੰਮਤ ਹਾਰ ਨਾ ਧਾਰੁ ਬਚਾਰ ਕੋ  ਦਾਸ ਭਗਵਾਨ ਹੋ ਅਮਲ ਮਲਾ।।177।।

 

ਪਦ ਅਰਥ:-  ਬੋਧ ਬ਼ਹੀਨ=ਸਮਝ ਤੋਂ ਬਿਨਾਂ। ਚੀਨਸ ਆਤਮ=ਆਤਮਾ ਨੂੰ ਜਾਣ। ਪ੍ਰਬੀਨ=ਚਤਰ ਸਿਆਣਾ। ਸ੍ਰਬ ਕਲਾ=ਸਭ ਸ਼ਕਤੀਆਂ ਵਾਲਾ। ਰੈ਼ਨ ਹੈ ਸੈਨ=ਰਾਤ ਸੁੱਤਿਆਂ ਲੰਘ ਗਈ। ਖਲਾ=ਮੂਰਖ। ਅਵਸਰ=ਮੌਕਾ। ਅਮੋਲਕ=ਵੱਡਮੁੱਲਾ। ਛੈਲ=ਗਭਰੂ। ਛਲ=ਧੋਖਾ। ਅਮਲ ਮਲਾ=ਮੈਲ ਤੋਂ ਸ਼ੁੱਧ ਹੋ।

ਅਰਥ:-  ਜੋ ਸਰਬ ਕਲਾ ਸਮ੍ਰਥ ਵਾਹਿਗੁਰੂ ਹੈ ਬਿਨਾਂ ਆਤਮਿਕ ਗਿਆਨ ਤੋਂ ਨਹੀਂ ਜਾਣਿਆਂ ਜਾਂਦਾ। ਇਸ ਮੂਰਖ ਦਾ ਦਿਨ ਕੰਮਾਂ-ਕਾਰਾਂ ਵਿਚ ਲੰਘ ਗਿਆ ਤੇ ਰਾਤ ਸੌਂ ਕੇ ਗੁਜ਼ਾਰ ਦਿੱਤੀ। ਹੇ ਗੱਭਰੂ! ਮਨੁੱਖ ਜਨਮ ਬੜਾ ਅਮੋਲਕ ਹੈ, ਇਹ ਸਮਾਂ ਤੈਨੂੰ ਮੁੜ ਨਹੀਂ ਮਿਲੇਗਾ (ਭਜਨ ਕਰ ਲੈ) ਹਿੰਮਤ ਨਹੀਂ ਹਾਰਨੀ ਚਾਹੀਦੀ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਵਿਚਾਰਵਾਨ ਹੋ ਕੇ ਮੈਲ ਤੋਂ ਨਿਰਮਲ ਹੋਣ ਦਾ ਯਤਨ ਕਰ ਲੈ

॥177॥

 

ਸ੍ਵੈਯਾ।।

ਏਕ ਅਕਾਲ ਕੀ ਘਾਲ ਕਮਾਲ  ਓਹੁ ਹਰ ਹਰ ਹਾਲ ਸੰਭਾਲ ਚਲੋ।

ਤਿਆਗ ਗੋਪਾਲ ਨਾਂ ਆਨ ਸੇ ਲਾਗ  ਨਾਂ ਬੀਚ ਜੰਜਾਲ ਜੁਵਾਲ ਜਲੋ।

ਸਾਚ ਸੇ ਰਾਚ ਨਾ ਕਾਚ ਮੇਂ  ਮਾਚ  ਇਹ ਪਾ ਕਰ ਵਾਚ ਅਵਾਚ ਖਲੋ।

ਹੋ ਨਿਰਪੱਖ ਅਲਖ ਲਖੋ  ਅਬ ਦਾਸ ਭਗਵਾਨ ਅਛਲ ਛਲੋ।।178।।

 

ਪਦ ਅਰਥ:- ਅਕਾਲ=ਕਾਲ ਰਹਿਤ। ਘਾਲ=ਸੇਵਾ। ਗੋਪਾਲ=ਪ੍ਰਭੂ। ਆਨ=ਹੋਰ। ਜੰਜਾਲ=ਸੰਸਾਰਕ ਧੰਦੇ। ਜੁਵਾਲ=ਅਗਨੀ। ਸਾਚ ਸੇ ਰਾਚ=ਸਭ ਨਾਲ ਪਿਆਰ। ਕਾਚ ਮੇਂ ਮਾਚ=ਝੂਠ ਵਿਚ ਮਸਤ। ਅਵਾਚ=ਚੁਪ, ਖਾਮੋਸ਼, ਅਵਾਚਯ (ਜੋ ਕਹਿਣ ਯੋਗ ਨਾ ਹੋਵੇ) ਨੀਚ, ਪਾਮਰ। ਵਾਚ=ਬਾਣੀ, ਕਥਨ, ਭਾਸ਼ਾ, ਬੋਲੀ, ਸਰਸਵਤੀ, ਜਿਹਬਾ। ਨਿਰਪੱਖ=ਪੱਤਪਾਤ ਰਹਿਤ।

ਅਰਥ:- ਹਰ ਹਾਲ ਅਕਾਲ ਪੁਰਖ ਨੂੰ ਚੇਤੇ ਕਰੋ, ਉਸੇ ਦੀ ਘਾਲ ਕਮਾਲ ਦੀ ਹੈ, ਜੰਜਾਲ ਰੂਪ ਅੱਗ ਵਿਚ ਨਾ ਜਲੋ, ਰੱਬ ਦਾ ਪਾਸਾ ਛੱਡ ਕੇ ਹੋਰ ਪਾਸੇ ਨਾ ਲੱਗੋ, ਝੂਠ ਛੱਡ ਕੇ ਸੱਚ ਵਿਚ ਰਹੋ, ਇਹ ਬਚਨ ਮੰਨ ਕੇ ਚੁਪ ਰਹੋ (ਭਾਵ ਡੰਡ- ਰੌਲੀ ਨਾ ਪਾਉ, ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਪੱਖ-ਪਾਤ ਤੋਂ ਰਹਿਤ ਹੋ ਕੇ ਅਲਖ ਵਾਹਿਗੁਰੂ ਨੂੰ ਜਾਣੋ, ਮਾਇਆ ਜੋ ਅਛਲ ਹੈ ਉਸ ਨੂੰ ਛਲਣ ਦੇ ਯੋਗ ਬਣੋ॥178॥

 

ਸ੍ਵੈਯਾ।।

ਬੀਚ ਸਰਾਇਂ ਮੁਸਾਫਰ ਹੈਂ ਕੋਈ  ਦੰਮ ਗੁਜਾਰ ਕੇ ਉਠ ਚਲੈਂਗੇਂ।

ਕਰ ਪਸਾਰ ਗੁਵਾਰ ਨਂਹੀ ਈਹਾਂ  ਦਾਵੇ ਸੇ ਮੂਹ ਸਭ ਖਾਕ ਮਲੈਂਗੇਂ।

ਬਾਤ ਬਚਾਰ ਬਪਾਰ ਕਰੋ ਕੁਝੁ  ਓੜਕ ਹੋਇ ਨਿਰਾਸ ਖਲੈਂਗੇ।

ਹੋਹ ਬੇਦਾਰ ਲਖੀ ਗੁਫਤਾਰ ਹੈ  ਦਾਸ ਭਗਵਾਂਨ ਆ ਜਾਤ ਰਲੈਂਗੇ।।179।।

 

ਪਦ ਅਰਥ:- ਦਾਵੇ=ਅਪਣਤ। ਨਿਰਾਸ=ਆਸ ਰਹਿਤ। ਬੇਦਾਰ=ਖਬਰਦਾਰ। ਗੁਫਤਾਰ=ਕਹਿਣਾ।

ਅਰਥ:- ਸੰਸਾਰ ਇਕ ਸਰਾਂ ਦੀ ਨਿਆਈਂ ਹੈ, ਮੁਸਾਫਰ ਦੀ ਤਰ੍ਹਾਂ ਰਾਤ ਕੱਟ ਕੇ ਇਥੋਂ ਤੁਰ ਪਵਾਂਗੇ। ਮੂਰਖ ਨੂੰ ਸਮਝਾਉਂਦੇ ਹਨ ਕਿ ਪਸਾਰੇ ਵਿਚ ਨਾ ਫਸ, ਝੂਠੇ ਦਾਅਵੇ ਬੰਨ੍ਹਣ ਵਾਲੇ ਮੂੰਹ ਨੂੰ ਮਿੱਟੀ ਮਲ ਕੇ ਤੁਰ ਜਾਣਗੇ। ਗੱਲ ਨੂੰ ਵਿਚਾਰ ਕੇ ਵਪਾਰ ਕਰੋ ਤਾਂ ਜੋ ਇਥੋਂ ਨਿਰਾਸ ਹੋ ਕੇ ਨਾ ਜਾਣਾ ਪਵੇ। (ਭਾਵ,ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ)।  ਰਾਜਾ ਸਾਹਿਬ ਦੇ ਇਸ ਬਚਨ ਨੂੰ ਮੰਨ ਕੇ ਖਬਰਦਾਰ ਹੋ ਕੇ ਰੱਬੀ ਜਾਤ ਵਿਚ ਮਿਲ ਜਾਏਂਗਾ ॥179॥

 

 

ਸ੍ਵੈਯਾ।।

ਹੋ ਇਸਤਿਆਕ ਬੇਬਾਕ ਜਿਸੇ  ਓਹ ਹੈ ਮੁਸਤਾਕ ਬੇਝਾਕ ਵਲੇ।

ਹਿਜਰ ਹਿਲਾਕ ਫਿਰਾਕ ਗਏ  ਬਹੇ ਹੋ ਕਰ ਪਾਕ ਨਾਂ ਖਾਕ ਮਲੇ।

ਹੋ ਹਮਵਾਰ ਨਿਹਾਰ ਰਹੇ  ਭਏ ਵਸਲ ਵਸਾਲ ਹੁਵਾਲ ਭਲੇ।

ਦੂਈ ਦੂਰ ਸੇ ਨੂਰ ਹੋ ਨੂਰ ਰਹੇ  ਹੁਣ ਦਾਸ ਭਗਵਾਨ ਭੀ ਉਠ ਚਲੇ।।180।।

 

ਪਦ ਅਰਥ:- ਇਸਤਿਆਕ=ਸ਼ੌਕ ਦਾ ਭਾਵ, ਅਭਿਲਾਸ਼ਾ, ਚਾਹ, ਪ੍ਰੇਮ। ਬੇਬਾਕ=ਬੇਡਰ। ਮੁਸਤਾਕ=ਇੱਛਾਵਾਨ। ਹਿਜਰ=ਜੁਦਾਈ। ਹਿਲਾਕ=ਨਾਸ਼ ਹੋਣਾ। ਫਿਰਾਕ=ਵਿਛੋੜੇ ਦਾ ਦੁੱਖ। ਹਮਵਾਰ=ਇਕੋ ਜਿਹਾ। ਨਿਹਾਰ=ਦੇਖਣਾ। ਵਸਲ=ਜੀਵਾਤਮਾ ਦੀ ਪਰਮਾਤਮਾ ਨਾਲ ਅਭੇਦਤਾ। ਵਸਾਲ=ਮੇਲ। ਹੁਵਾਲ=ਮਾਜਰਾ।

ਅਰਥ:- ਜਿਸ ਦੇ ਅੰਦਰ ਪ੍ਰੇਮ ਉਤਪੰਨ ਹੁੰਦਾ ਹੈ ਉਹ ਬੇਡਰ ਤੇ ਉਤਸ਼ਾਹ ਸਹਿਤ ਵਿਚਰਦਾ ਹੈ। ਜਿਸਦੇ ਅੰਦਰੋਂ ਵਿਛੋੜੇ ਤੇ ਜੁਦਾਈ ਦਾ ਨਾਸ਼ ਹੋ ਗਿਆ ਹੈ, ਉਹ ਸਾਫ ਹੋ ਕੇ ਬੈਠਦਾ ਹੈ, ਦੇਹ ਤੇ ਖਾਕ ਨਹੀਂ ਮਲਦਾ। ਮਤਭੇਦ ਅੰਦਰੋਂ ਕੱਢ ਕੇ ਸਭ ਵਿਚ ਉਸੇ ਦਾ ਜਲਵਾ ਦੇਖਣ ਵਾਲੇ ਵਾਹਿਗੁਰੂ ਵਿਚ ਅਭੇਦ ਹੋ ਜਾਂਦੇ ਹਨ। ਜਦੋਂ ਦੂਈ ਦਾ ਪੜਦਾ ਦੂਰ ਹੋ ਗਿਆ  ਤਾਂ ਸਾਰੇ ਪਾਸੇ ਚਾਨਣਾ ਹੀ ਚਾਨਣਾ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਦ੍ਵੈਤ ਅੰਦਰੋਂ ਉਠ ਗਈ ਹੈ 180

 

ਸ੍ਵੈਯਾ।।

ਐਨ ਮੁਹਾਤਮਾਂ ਮਤ ਵਿਖੇ  ਮਤ ਮਲਨ ਹੋ ਜਾਤ ਹੈ ਸੰਗ ਕੁਸੰਗੀ।

ਭੂਲ ਕਰੋ ਨਾਹਿ ਨੇੜੁ ਕਭੀ  ਇਨ ਮੇਲ ਸੇ ਖੇਲ ਹੋ ਜਾਇ ਕੁਰੰਗੀ।

ਨੀਤ ਕੋ ਤੋੜ ਅਨੀਤ ਕਰੇ  ਨਾਹਿ ਮੀਤ ਪ੍ਰੀਤ ਹੈ ਪਾਂਬਰ ਚੰਗੀ।

ਦਾਸ ਭਗਵਾਨ ਜੇ ਹੋਇ ਸਕੇ  ਕੁਝੁ ਬਾਤ ਕਰੋ ਕਿਤੇ ਪਾ ਸਤਸੰਗੀ।।181।।

 

ਪਦ ਅਰਥ:-ਮੁਹਾਤਮਾਂ ਮਤ=ਸੱਤ ਪੁਰਸ਼ਾਂ ਦਾ ਮੱਤ। ਮਤ ਮਲਨ=ਹੇ ਮਨ ਮਤਾਂ। ਕੁਰੰਗੀ=ਵਿਗੜ ਜਾਣਾ। ਪਾਂਬਰ=ਸਾਕਤ।

ਅਰਥ:- ਸੱਤ ਮਤ ਵਿਚ ਰਹਿੰਦਿਆਂ ਮਤਾਂ ਹੇ ਮਨਾ! ਕਿਤੇ ਕੁਸੰਗੀਆਂ ਦਾ ਸੰਗ ਨਾ ਕਰ ਬੈਠੀਂ। ਕਦੇ ਭੁਲ ਕੇ ਭੀ ਕੁਸੰਗੀਆਂ ਦੀ ਸੰਗਤ ਨਾ ਕਰੋ, ਇਨ੍ਹਾਂ ਦੇ ਮੇਲ ਤੋਂ ਖੇਲ੍ਹ ਵਿਗੜ ਜਾਂਦੀ ਹੈ। ਸਹੀ ਰਸਤਾ ਛੱਡ ਕੇ ਔਝੜ ਪੈਣਾ ਠੀਕ ਨਹੀ਼। ਇਸੇ ਤਰ੍ਹਾਂ ਹੇ ਮਿਤ੍ਰਾ! ਮਨਮੁੱਖ ਦੀ ਸੰਗਤ ਚੰਗੀ ਨਹੀ਼ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਜੇ ਹੋ ਸਕੇ ਤਾਂ ਸਤਿਸੰਗੀ ਪੁਰਸ਼ ਨੂੰ ਮਿਲ ਕੇ ਗੱਲਬਾਤ ਕਰੋ॥181॥

 

ਸ੍ਵੈਯਾ।।

ਸਾਕਤ ਕੋ ਐਸੇ ਸੀਖ ਕਰੀ  ਜੈਸੇ ਮੂਰਖ ਮੰਦ ਮਵਾਦ ਨਿਕਾਲਾ।

ਅਵਗੁਣ ਆਣ ਭਆ ਸਭ ਗੁਣਨ ਕਾ  ਬਿਸੀਅਰ ਕੋ ਜਿਵੇਂ ਦੂਧ ਪਿਆਲਾ।

ਤਪਤ ਤਨੂਰ ਗਰੂਰ ਭਰਾ ਨਂਹੀ  ਸੇਹਤ ਜਾਮ ਕਾ ਦੇਹ ਹੁਵਾਲਾ।

ਦਾਸ ਭਗਵਾਂਨ ਨਦਾਂਨ ਨਾ ਪ੍ਰਸੀਏ  ਸਾਕਤ ਸਮਝ ਕੇ ਬਾਸਨ ਕਾਲਾ।।182।।

 

ਪਦ ਅਰਥ:-ਸਾਕਤ=ਸ਼ਕਤੀ (ਮਾਇਆ) ਦਾ ਪੁਜਾਰੀ। ਸੀਖ=ਸਿਖਿਆ। ਮਵਾਦ=ਗੰਦ। ਬਿਸੀਅਰ=ਸੱਪ। ਤਪਤ ਤਨੂਰ=ਤੰਦੂਰ ਦੀ ਤਰ੍ਹਾਂ ਤਪਣਾ। ਗਰੂਰ=ਅਹੰਕਾਰ। ਜਾਮ=ਪਿਆਲਾ। ਹਵਾਲਾ=ਮਿਸਾਲ। ਪਰਸੀਏ=ਛੋਹਣਾ। ਬਾਸਨ=ਬਰਤਨ।

ਅਰਥ:- ਮਨਮੁੱਖ ਨੂੰ ਸਿਖਿਆ ਦੇਣੀ ਇਸ ਪਰਕਾਰ ਹੈ ਜੈਸੇ ਮੂੰਹ ਵਿਚੋਂ ਮੁਆਦ ਕੱਢਣਾ ਹੈ। ਸਾਰੇ ਗੁਣ ਔਗੁਣਾਂ ਵਿਚ ਬਦਲ ਜਾਂਦੇ ਹਨ, ਜਿਸ ਤਰ੍ਹਾਂ ਸੱਪ ਨੂੰ ਦੁੱਧ ਪਿਲਾਉਣ ਨਾਲ ਉਹ ਡੰਗ ਹੀ ਮਾਰਦਾ ਹੈ। ਜਿਸ ਮਨਮੁੱਖ ਦੇ ਜਿਸਮ ਵਿਚ ਅਹੰਕਾਰ ਰਹਿਆ ਹੈ ਤੇ ਤ੍ਰਿਸ਼ਨਾ ਦੀ ਤਪਸ਼ ਨਾਲ ਤਪ ਰਿਹਾ ਹੈ ਉਸ ਨੂੰ ਸਿਹਤ ਦੇ ਪਿਆਲੇ ਨਾਲ ਤੁਲਨਾ ਦੇਣੀ ਅਣਬਣੀ ਗੱਲ ਹੈ। ਕਦੇ ਭੁਲ ਕੇ ਭੀ ਮਨਮੁੱਖ ਦੀ ਸੰਗਤ ਨਾ ਕਰੋ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਇਹ ਕਾਲ ਭਾਂਡਾ ਹੈ 182

 

ਸ੍ਵੈਯਾ।।

ਬੀਚ ਮਹੱਬਤ ਨਾਂ ਕੁਝ ਲਜਤ  ਭੂਲ ਕਰੋ ਨਾਹਿ ਨਾਰ ਪ੍ਰੀਤੀ।

ਓੜਕ ਐਰ ਹੋ ਗੈਰ ਬਣੇ ਨਂਹੀ  ਖੈਰ ਕਰੇ ਇਹ ਪਾਪ ਪਲੀਤੀ।

ਬੀਚ ਬਚਾਰ ਆ ਹਾਰ ਪਰੀ ਗਈ  ਕੌਲ ਕਰਾਰ ਬਸਾਰ ਹੀ ਜੀਤੀ।

ਝੂਠ ਕਹੂੰ ਨਾਹਿ ਰੰਚਕ ਮੰਤ੍ਰ  ਦਾਸ ਭਗਵਾਂਨ ਹੈ ਊਪਰ ਬੀਤੀ।।183।।

 

ਪਦ ਅਰਥ:- ਲਜਤ=ਸੁਆਦ। ਓੜਕ=ਅੰਤ ਨੂੰ। ਪਾਪ ਪਲੀਤੀ=ਪਾਪਾਂ ਨਾਲ ਮੈਲੀ। ਜੀਤੀ=ਜੀਉਂਦੇ ਜੀਅ। ਰੰਚਕ=ਥੋੜ੍ਹਾ ਜਿਹਾ।

ਅਰਥ:- ਝੂਠੀ ਪਰੀਤ ਦਾ ਖੰਡਨ ਕਰਦੇ ਹਨ ਕਿ ਭੁਲ ਕੇ ਭੀ ਇਸਤਰੀ ਨਾਲ ਪਿਆਰ ਨਾ ਕਰੋ, ਇਸ ਪਿਆਰ ਵਿਚ ਕੁੱਝ ਸੁਆਦ ਨਹੀਂ ਹੈ। ਇਹ ਪਾਪਾਂ ਨਾਲ ਪਲੀਤ ਹੋਈ ਨਾਰੀ ਅੰਤ ਨੂੰ ਬੇਗਾਨੀ ਹੋ ਜਾਂਦੀ ਹੈ। ਜਦੋਂ ਵਿਚਾਰ ਦਾ ਸਮਾਂ ਆਇਆ ਤਾਂ ਹਾਰ ਜਾਂਦੀ ਹੈ ਤੇ ਜਿਉਂਦਿਆਂ ਹੀ ਕੀਤੇ ਬਚਨਾਂ ਨੂੰ ਭੁਲਾ ਦਿੰਦੀ ਹੈ। ਇਸ ਵਿਚ ਥੋੜ੍ਹਾ ਮਾਤਰ ਭੀ ਝੂਠ ਨਹੀਂ ਕਿ ਰਾਜਾ ਸਾਹਿਬ ਤੇ ਇਹ ਆਪਣੇ ਉਪਰ ਬੀਤੀ ਹੈ ॥183॥

 

ਸ੍ਵੈਯਾ।।

ਮਾਇਆ ਕੀ ਭਾਹਿ ਲਗੀ ਚਹੂੰ ਓਰ ਹੈ  ਭਾਗ ਚਲੇਂ ਅਬ ਕਿਧਰ ਕੋ।

ਆਇ ਦਰੇਗ ਭਯਾ ਮਨ ਹੈ  ਦੇਖੀ ਆਗ ਲਗੀ ਸਭ ਹੀ ਧਿਰ ਕੌ।

ਪੜ ਪੁਕਾਰ ਚੌਤਰਫ ਰਹੀ  ਦੇਂਖਾਂ ਆਂਖ ਉਠਾਇ ਮੈਂ ਜਿਧਰ ਕੋ।

ਸਤਸੰਗ ਸਰੋਵਰ ਸਾਂਤ ਬਹੇ  ਹੁਣ ਦਾਸ ਭਗਵਾਂਨ ਆ ਇਧਰ ਕੋ।।184।।

 

ਪਦ ਅਰਥ:-  ਭਾਹਿ=ਅਗਨੀ। ਚਹੂੰ ਓਰ=ਚਾਰੇ ਪਾਸੇ। ਦਰੇਗ=ਕਮੀ, ਕਸਰ, ਸ਼ੋਕ। ਧਿਰ=ਪਾਸੇ।

ਅਰਥ:-  ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਚਾਰੇ ਪਾਸੇ ਲਗ ਰਹੀ ਹੈ, ਹੁਣ ਕਿਧਰ ਨੂੰ ਭੱਜ ਜਾਈਏ? ਮਨ ਵਿਚ ਬੜਾ ਸ਼ੋਕ ਪੈਦਾ ਹੋ ਗਿਆ ਹੈ ਜਦੋਂ ਸਾਰੇ ਧਿਰਾਂ ਨੂੰ ਅੱਗ ਹੀ ਲੱਗੀ ਹੋਈ ਵੇਖੀ। ਜਿਧਰ ਭੀ ਅੱਖ ਚੁਕ ਕੇ ਦੇਖਦੇ ਹਾਂ ਸਾਰੇ ਪਾਸੇ ਹਾਹਾਕਾਰ ਮੱਚ ਰਹੀ ਹੈ। ਇਕ ਸਤਿਸੰਗ ਹੀ ਸ਼ਾਂਤੀ ਦਾ ਸਰੋਵਰ ਹੈ। ਰਾਜਾ ਸਾਹਿਬ ਸਤਿਸੰਗ ਵਲ ਪਰੇਰਦੇ ਹਨ ਕਿ ਭਾਈ! ਜੇ ਸ਼ਾਂਤੀ ਚਾਹੁੰਦੇ ਹੋ ਤਾਂ ਇਸ ਸਤਿਸੰਗ ਦੇ ਪਾਸੇ ਵੱਲ੍ਹ ਆਓ ॥184॥

 

ਸ੍ਵੈਯਾ।।

ਹੌਂ ਮਸਕੀਨ ਹਾਂ ਦੀਨ ਅਤੀ ਕਰ  ਬਖਸਨਹਾਰ ਤੂੰ ਸਾਹਿਬ ਮੇਰਾ।

ਮੈਂ ਮਹਾਂ ਮੰਦ ਅਤੀ ਮਤ ਅੰਧ  ਨਾ ਜਾਂਣਿਆਂ ਹੈ ਗੁਣ ਸਤਿਗੁਰ ਤੇਰਾ।

ਦੀਨ ਦਿਆਲ ਦਇਆ ਨਿਧ ਜੀ  ਇਹ ਭੂਲਣਹਾਰ ਹੈ ਮੂੜ ਘਨੇਰਾ।

ਹਾਰ ਪੜਾ ਦਰ ਆਪ ਕੇ ਮਾਲਕ  ਦਾਸ ਭਗਵਾਂਨ ਨਦਾਨ ਇਹ ਚੇਰਾ।।185।।

 

ਪਦ ਅਰਥ:- ਮਸਕੀਨ=ਗਰੀਬ। ਮਤ ਅੰਧ=ਖੋਟੀ ਮੱਤ ਵਾਲਾ।

ਅਰਥ:- ਇਸ ਉਪਰਲੇ ਸਵੈਯੇ ਵਿਚ ਸਤਿਗੁਰ ਦੀ ਵਡਿਆਈ ਤੇ ਆਪਣੀ ਨਿੰਮ੍ਰਤਾ ਦੱਸਦੇ ਹਨ:- ਮੈਂ ਗਰੀਬ ਤੇ ਅਤੀ ਹੀਣਾ ਹਾਂ, ਤੂੰ ਬਖਸ਼ਣ ਵਾਲਾ ਮੇਰਾ ਮਾਲਕ ਹੈਂ। ਮੈਂ ਖੋਟੀ ਤੇ ਅੰਧੀ ਮੱਤ ਵਾਲਾ ਹਾਂ। ਹੇ ਸਤਿਗੁਰ !ਤੇਰੇ ਗੁਣ ਨਹੀਂ ਜਾਣ ਸਕਿਆ। ਦੀਨ ਤੇ ਦਇਆ ਕਰਨ ਵਾਲੇ ਤੇ ਦਇਆ ਦੇ ਭੰਡਾਰ ! ਇਹ ਮੂਰਖ ਬਹੁਤਾ ਹੀ ਭੁੱਲਣਹਾਰ ਹੈ। ਤੁਹਾਡੇ ਦਰ ਤੇ ਇਹ ਨਦਾਨ ਚੇਲਾ ਢਹਿ ਪਿਆ ਹੈ, ਤੁਸੀਂ ਬਖਸ਼ਿੰਦ  ਹੋ ॥185॥

 

ਸ੍ਵੈਯਾ।।

ਆ ਅਗਿਆਨ ਜਹਾਂਨ ਭਆ ਅਬ  ਆਨ ਕੀ ਆਨ ਹੈਂ ਬਾਤ ਚਲਾਤੇ।

ਸਮਝਣ ਸਾਰ ਨਾ ਕਰਨ ਬਚਾਰ  ਇਹ ਬਾਹਜ ਬਿਹਾਰ ਸਭੀ ਬਤਲਾਤੇ।

ਬ੍ਰਿਤੀ ਸੰਕੋਚਨ ਬਾਤ ਨਂਹੀ  ਸਗੋਂ ਦੇ ਉਪਦੇਸੁ ਇਹ ਹੈਂ ਸੰਸਰਾਤੇ।

ਦਾਸ ਭਗਵਾਨ ਨਦਾਂਨ ਬਣੇ  ਇਕ ਜਾਣ, ਦ੍ਵੈਤ ਨਾਂ ਦੂਰ ਹਟਾਤੇ।।186।।

 

ਪਦ ਅਰਥ:- ਅਗਿਆਨ ਜਹਾਨ ਭਆ=ਸੰਸਾਰ ਭੁਲੇਖੇ ਵਿਚ ਪੈ ਗਿਆ। ਆਨ ਕੀ ਆਨ=ਹੋਰ ਦੀ ਹੋਰ ਹੀ। ਸਾਰ ਨ=ਠੀਕ ਨਹੀਂ ਸਮਝ। ਬਾਹਜ=ਬਾਹਰ ਦਾ (ਭਾਵ, ਸੰਸਾਰੀ) ਬ੍ਰਿਤੀ ਸੰਕੋਚਨ=ਸੰਸਾਰ ਵਲੋਂ ਸੁਰਤੀ ਰੋਕਣੀ। ਸੰਸਰਾਤੇ=ਸੰਸਾਰ ਵੱਲ੍ਹ ਲਾਉਣਾ। ਦ੍ਵੈਤ=ਦੂਈ (ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ।।)।

ਅਰਥ:- ਜਗਤ ਕਿੰਨਾ ਭੁਲੇਖੇ ਵਿਚ ਪੈ ਰਿਹਾ ਹੈ (ਆਤਮਕ ਵਿਚਾਰ ਛੱਡ ਕੇ) ਹੋਰ ਹੀ ਹੋਰ ਗੱਲਾਂ ਚਲਾਉਂਦੇ ਹਨ। ਅਸਲੀ ਤੱਤ ਨੂੰ ਨਾ ਸਮਝਦੇ ਹੋਏ ਵੀਚਾਰ ਨਹੀਂ ਕਰਦੇ, ਬਾਹਰ ਦੇ ਵਿਹਾਰ ਦੀਆਂ ਗੱਲਾਂ ਕਰਦੇ ਹਨ। ਬਿਰਤੀ ਨੂੰ ਸੰਕੋਚਣ ਦੀ ਕੋਈ ਗੱਲ ਨਹੀਂ ਸਗੋਂ ਸੰਸਾਰ ਵਿਚ ਫਸਣ ਦਾ ਹੀ ਉਪਦੇਸ਼ ਕਰਦੇ ਹਨ (ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ॥) ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਇੱਕ ਬ੍ਰਹਮ ਨੂੰ ਜਾਣੇ ਬਿਨਾਂ ਭੇਦ ਭਾਵ ਨਹੀਂ ਹਟਾ ਸਕਦੇ॥186॥

 

ਸ੍ਵੈਯਾ।

ਮਾਇਆ ਤਜੀ ਨਂਹੀ ਮਾਨੁ ਤਜਾ ਨਂਹੀ  ਗਿਆਨ ਭਆਂ ਜਬ ਹੈਂ ਉਨਮਾਦੀ।

ਬਣ ਆਪ ਕੋ ਕੁਝੁ ਦਖਾਵਤ ਹੈਂ  ਇਹ ਨਿਸਦਿਨ ਆਇ ਅਵਿਦਆ ਹੈ ਸਾਧੀ।

ਦਿਲੋਂ ਦੂਜ ਸੇ ਪੂਜ ਕਰਾਵਤ ਹੈਂ  ਅਭਮਾਨ ਤਜੇਂ ਨਂਹੀ ਅਬ ਬਿਖਾਹਦੀ।

ਬ੍ਰਿਤ ਅਵਿਦਿਆ ਮੇਂ ਲਾਗ ਰਹੀ  ਅਬ ਦਾਸ ਭਗਵਾਨ ਨਾ ਠੀਕ ਏਹ ਬਾਦੀ।।187।।

 

ਪਦ ਅਰਥ:- ਉਨਮਾਦੀ=ਸ਼ੁਦਾਈ,ਪਾਗਲ। ਬਿਖਾਹਦੀ=ਝਗੜਾਲੂ। ਅਵਿਦਆ=ਮੂਰਖਪੁਣਾ। ਬਾਦੀ=ਆਦਤ, ਸੁਭਾਅ।

ਅਰਥ:- ਮਾਇਆ ਤਿਆਗ ਦਿੱਤੀ ਪਰ ਮਾਣ ਨਹੀਂ ਤਿਆਗਿਆ, ਇਹ ਅਗਿਆਨੀ ਹੈ ਤੇ ਸ਼ੁਦਾਈਪੁਣਾ ਹੈ। ਆਪਣੇ ਆਪ ਨੂੰ ਕੁੱਝ ਦਾ ਕੁੱਝ ਬਣਾ ਕੇ ਦੱਸਦੇ ਹਨ, ਇਸ ਭੁਲੇਖੇ ਵਿਚ ਹੀ ਰਾਤ ਦਿਨ ਬੀਤ ਰਿਹਾ ਹੈ। ਦਿਲ ਵਿਚ ਤਾਂ ਦਵੈਤ ਭਾਵਨਾ ਹੈ, ਹੰਕਾਰ ਬਿਰਤੀ ਝਗੜਾਲੂ ਹਨ, ਪਰ ਪੂਜਾ ਦੇ ਚਾਹਵਾਨ ਹਨ। ਰਾਜਾ ਸਾਹਿਬ ਇਸ ਪ੍ਰਕਾਰ ਦੇ ਸੁਭਾਅ ਨੂੰ ਠੀਕ ਨਹੀਂ ਦੱਸਦੇ ਤੇ ਮੂਰਖਪੁਣਾ ਦੱਸਦੇ ਹਨ॥187॥

 

ਸ੍ਵੈਯਾ।।

ਬੇਦ ਬਲਾਸ ਇਹ ਖਾਸ ਕਹੇ  ਇਕ ਰਾਸ ਅਨਾਸ ਲਖੋ ਘਰ ਕੀ।

ਬਿਆਸ ਬਸਿਸਟ ਸ੍ਰਿਸਟ ਏਹੋ  ਸਹੀ ਪਾਇ ਗਏ ਆਂਪਣੇਂ ਕਰ ਕੀ।

ਨਾਂ ਬਤ੍ਰੇਕ ਬ੍ਰਹਮ ਕੇ ਹੋਰ  ਇਹ ਸਾਚੁ ਉਪਾਸਨਾ ਹੈ ਹਰ ਕੀ।

  ਲਖੇ ਏਕ ਨਾ ਹੋਇ ਅਨੇਕ ਬਹੇ  ਦੇਖੋ ਦਾਸ ਭਗਵਾਨ ਕਰੇ ਨਰ ਕੀ।।188।।

 

ਪਦ ਅਰਥ:- ਬਲਾਸ=ਬਚਨ। ਰਾਸ ਅਨਾਸ=ਨਾ ਨਾਸ਼ ਹੋਣ ਵਾਲੀ ਪੂੰਜੀ। ਸ੍ਰਿਸਟ=ਉੱਤਮ ਪੁਰਸ਼। ਸਹੀ=ਗਵਾਹੀ। ਕਰ ਕੀ=ਹੱਥਾਂ ਦੀ। ਬਤ੍ਰੇਕ=ਬਿਨਾਂ। ਬਸਿਸਟ=ਰਾਮ ਚੰਦ੍ਰ ਜੀ ਦੇ ਗੁਰੂ। ਬਿਆਸ=ਵੇਦਾਂ ਦੀ ਵੰਡ ਅਤੇ ਪੁਰਾਣ ਕਥਾ ਦੀ ਵਿਸਥਾਰ ਕਰਨ ਵਾਲਾ ਇਕ ਰਿਸ਼ੀ।

ਅਰਥ:- ਵੇਦ ਭੀ ਇਹ ਬਚਨ ਕਹਿੰਦੇ ਹਨ ਕਿ ਬ੍ਰਹਮ ਦੀ ਵਿਚਾਰ ਹੀ ਨਾ ਨਾਸ਼ ਹੋਣ ਵਾਲੀ ਪੂੰਜੀ ਹੈ। ਸ੍ਰੇਸ਼ਟ ਪੁਰਸ਼ ਬਿਆਸ ਤੇ ਵਸਿਸਟ ਆਦਿ ਵੇਦਾਂ ਤੇ ਪੁਰਾਣਾਂ ਦੇ ਭਾਸ਼ਯ ਤੇ ਯੋਗ ਵਸਿਸਟ ਵਿਚ ਆਪਣੇ ਹੱਥ ਦੀ ਗਵਾਹੀ ਲਿਖ ਗਏ ਹਨ ਕਿ ਬ੍ਰਹਮ ਵਿਚਾਰ ਹੀ ਸ੍ਰੇਸ਼ਟ ਹੈ। ਇਕ ਬ੍ਰਹਮ ਤੋਂ ਬਿਨਾਂ ਹੋਰ ਕੁਝ ਨਹੀਂ, ਇਹੋ ਹੀ ਪ੍ਰਭੂ ਦੀ ਸਹੀ ਪੂਜਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ  ਇੱਕ ਨੂੰ ਜਾਣੇ ਬਿਨਾਂ ਮਾਇਆ ਦੀ ਅਨੇਕਤਾ ਵਿਚ ਫਸਿਆ ਹੋਇਆ ਇਹ ਜੀਵ ਕੀ ਕਰਦਾ ਫਿਰਦਾ ਹੈ?॥188॥

 

ਸ੍ਵੈਯਾ।।

ਹੈਂ ਪ੍ਰਣਾਮੀ ਪਦਾਰਥ ਇਹੁ ਸਭ  ਜਾਣ ਕੇ ਸਤ ਨਾ ਮੋਹ ਬੜਾਈਏ।

ਉਪਜਤ ਬਿਨਸਤ ਬਾਰ ਨਾਂ ਲਾਗਤ  ਲੰਪਟ ਹੋ ਨਂਹੀ ਜਨਮ ਗੁਵਾਈਏ।

ਜਾ ਸਤ ਸੰਗ ਮੇ ਸਾਂਚ ਪਛਾਣ ਕੇ  ਨਿਸਦਿਨ ਰੰਗ ਉਮੰਗ ਚੜਾਈਏ।

ਦਾਸ ਭਗਵਾਨ ਹੋ ਸਾਫ ਸੁਜਾਨ  ਇਹ ਪਾਇ ਗਿਆਨ ਬਿਗਿਆਨ ਪੈ ਆਈਏ।।189।।

 

ਪਦ ਅਰਥ:- ਪ੍ਰਣਾਮੀ=ਅੰਤ ਵਾਲੇ। ਉਪਜਤ=ਪੈਦਾ ਹੋਣਾ। ਬਿਨਸਤ=ਨਾਸ਼ ਹੋਣਾ। ਬਾਰ=ਦੇਰ। ਲੰਪਟ=ਫਸਣਾਂ। ਰੰਗ ਉਮੰਗ=ਉਤਸ਼ਾਹ ਦਾ ਰੰਗ। ਸੁਜਾਨ=ਸਿਆਣੇ। ਬਿਗਿਆਨ=ਜ਼ਿਕਰ।

ਅਰਥ:- ਸੰਸਾਰਕ ਪਦਾਰਥ ਸਭ ਨਾਸ਼ ਹੋਣ ਵਾਲੇ ਹਨ, ਇਹ ਬਿਆਨ ਠੀਕ ਜਾਣ ਕੇ ਜਾਂ ਠੀਕ ਸਮਝ ਕੇ ਮੋਹ ਨਾ ਪਾਈਏ। ਇਨ੍ਹਾਂ ਨੂੰ ਆਉਂਦਿਆਂ ਜਾਂਦਿਆਂ ਦੇਰ ਨਹੀਂ ਲੱਗਦੀ, ਇਨ੍ਹਾਂ ਵਿਚ ਫਸ ਕੇ ਅਮੋਲਕ ਜਨਮ ਬੇਅਰਥ ਨਾ ਗਵਾਈਏ। ਸੱਤ ਪੁਰਸ਼ਾਂ ਦੀ ਸੰਗਤ ਕਰਕੇ ਸੱਚ ਨੂੰ ਪਛਾਣ ਕੇ ਹਰ ਵੇਲੇ ਰੱਬੀ ਪਿਆਰ ਵਿਚ ਪ੍ਰੀਤ ਪਾਈਏ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਹਿਰਦੇ ਦੀ ਸਫਾਈ ਕਰਕੇ ਸਮਝਦਾਰ ਹੋ ਕੇ ਇਸੇ ਦਾ ਬਿਆਨ ਕਰੀਏ ॥189॥

 

ਸ੍ਵੈਯਾ।।

ਦੇਖਤ ਦੇਖਤ ਦੇਖੁ ਗਿਆ ਜਗੁ  ਨਾਂ ਥਿਰ ਕੋਇ ਜੁ ਦੇਤ ਦਖਾਈ।

ਨੈਨ ਬੀਚ ਇਹ ਹੋ ਸਭ ਖੇਲੁ ਰਿਹਾ  ਨ਼ਹੀ ਬਾਤ ਛਿਪੀ ਪ੍ਰਤਖ ਹੈ ਭਾਈ।

ਏਹ ਬਿਵਹਾਰ ਨਿਹਾਰ ਨਿਹਾਰ ਕਿਉਂ  ਮੋਹਿ ਪ੍ਰੀਤ ਹੈ ਅਤ ਬਢਾਈ।

ਲੰਪਟ ਹੋ ਨਂਹੀ ਕੂੜ ਬਿਖੇ  ਅਬ ਦਾਸ ਭਗਵਾਂਨ ਤੂੰ ਰਖੁ ਸਫਾਈ।।190।।

 

ਪਦ ਅਰਥ:-ਥਿਰ=ਟਿਕਣ ਵਾਲਾ। ਬਿਵਹਾਰ=ਕਾਰੋਬਾਰ। ਨਿਹਾਰ ਨਿਹਾਰ=ਦੇਖ ਦੇਖ ਕੇ। ਲੰਪਟ=ਫਸ ਕੇ।

ਅਰਥ:- ਇਹ ਸੰਸਾਰ ਦੇਖਦਿਆਂ ਦੇਖਦਿਆਂ ਜੋ ਦਿਸਦਾ ਹੈ ਚਲਿਆ ਜਾ ਰਿਹਾ ਹੈ (ਭਾਵ ਟਿਕਣ ਵਾਲਾ ਕੁੱਝ ਨਹੀਂ) ਤੇਰੀਆਂ ਅੱਖਾਂ ਸਾਹਮਣੇ ਇਹ ਸਾਰਾ ਖੇਲ੍ਹ ਹੋ ਰਿਹਾ ਹੈ, ਇਹ ਕੋਈ ਲੁਕੀ ਛਿਪੀ ਗੱਲ ਨਹੀਂ। ਇਹ ਕੁੱਝ ਦੇਖ ਕੇ ਹੇ ਭਾਈ ! ਫਿਰ ਇਨ੍ਹਾਂ ਵਿਚ ਮੋਹ ਤੇ ਪ੍ਰੀਤ ਕਿਸ ਲਈ ਪਾਈ ਹੋਈ ਹੈ? ਸੱਚ ਤੇ ਸਫਾਈ ਦੀ ਪਛਾਣ ਕਰਕੇ ਇਸ ਝੂਠੇ ਪਸਾਰੇ ਵਿਚ ਖੱਚਤ ਨਾ ਹੋ॥190॥

 

ਸ੍ਵੈਯਾ।।

ਸਾਜਨ ਸੰਗ ਸਖਾਇ ਜਿਤੇ  ਮਿਲ ਆਪਸ ਮੇ ਅਬ ਹੈਂ ਹਰਖਾਤੇ।

ਬਿਪਤ ਪੜੀ ਨਾਹਿ ਨੇੜ ਕੋ ਆਵਤ  ਪੀਠ ਭਵਾਇ ਸਭੀ ਉਠ ਜਾਤੇ।

ਹੁਬ ਹਜਾਰ ਓਹ ਯਾਰ ਕਹਾਂ ਅਬ  ਆਗੇ ਸੇਂ ਆਇ ਜੁ ਹਾਥ ਮਿਲਾਤੇ।

ਇਹ ਬਿਵਹਾਰ ਬਣਾਉ ਬਣਾ ਜਗ  ਦਾਸ ਭਗਵਾਨ ਕਿਉਂ ਮੋਹੁ ਬਢਾਤੇ।।191।।

 

ਪਦ ਅਰਥ:- ਸਖਾਇ=ਮਿਤ੍ਰ। ਹਰਖਾਤੇ=ਖੁਸ਼ ਹੋਣਾ, ਖਿੜਨਾ। ਹੁਬ=ਪਿਆਰ। ਬਿਵਹਾਰ=ਧੰਧਾ।

ਅਰਥ:- ਮਿਤ੍ਰ ਪਿਆਰੇ ਸੰਗੀ ਸਾਥੀ ਜਿੰਨੇ ਭੀ ਆਪਸ ਵਿਚ ਮਿਲ ਕੇ ਜੋ ਬਹੁਤ ਖੁਸ਼ੀਆਂ ਕਰਦੇ ਹਨ, ਬਿਪਤਾ ਪਈ ਤੇ ਕੋਈ ਨੇੜੇ ਨਹੀਂ ਆਉਂਦਾ, ਸਾਰੇ ਮੂੰਹ ਫੇਰ ਕੇ ਪਿੱਠ ਦਿਖਾਲ ਜਾਂਦੇ ਹਨ। ਹਜ਼ਾਰਾਂ ਤਰ੍ਹਾਂਦਾ ਪਿਆਰ ਪ੍ਰਗਟ ਕਰਨ ਵਾਲੇ ਮਿਤ੍ਰ ਹੁਣ ਕਿਥੇ ਚਲੇ ਗਏ ਜਿਹੜੇ ਰੋਜ਼ ਆ ਕੇ ਹੱਥ ਮਿਲਾਉਂਦੇ ਸਨ ਰਾਜਾ ਸਾਹਿਬ ਖਬਰਦਾਰ ਕਰਦੇ ਹਨ ਕਿ ਇਹ ਸਾਰਾ ਬਨਾਉ ਤਨਾਉ ਬਨਾਵਟੀ ਹੈ, ਇਸ ਨਾਲ ਬੰਦੇ ਤੂੰ ਕਿਉਂ ਮੋਹ ਵਧਾਇਆ ਹੈ ॥191॥

 

ਸ੍ਵੈਯਾ।।

ਨਾਂ ਰਹੀ ਸਕਤ ਬ੍ਰਕਤ ਭਏ ਜਬ  ਬ੍ਰਿਤੀ ਹੋ ਥਕਤ ਆ ਫਕਤ ਭਈ।

ਤੂਲ ਔ ਅਰਜ ਕੀ ਦਰਜ ਨਂਹੀ ਕੋਈ  ਨਾਂ ਅਬ ਫਰਜ ਜਾਂ ਗਰਜ ਗਈ।

ਐਨ ਅਪਾਰ ਇਹ ਹੈ ਗੁਲਜਾਰ  ਲੈ ਬਾਤ ਨ ਯਾਰ ਬਹਾਰ ਨਈ।

ਆ ਸੰਤੋਖ ਸੇ ਮੋਖ ਭਇਆ  ਅਬ ਦਾਸ ਭਗਵਾਨ ਅਨੰਦ ਮਈ।।192।।

 

ਪਦ ਅਰਥ:- ਬ੍ਰਕਤ=ਵੈਰਾਗਵਾਨ। ਫਕਤ=ਖਤਮ। ਤੂਲ=ਲੰਬਾਈ। ਅਰਜ=ਚੌੜਾਈ। ਦਰਜ=ਦਰੇੜ। ਗਰਜ=ਲੋੜ। ਅਪਾਰ=ਪਰ ਰਹਿਤ। ਬਾਤ ਨ=ਅੰਦਰੂਨੀ। ਮੋਖ=ਮੁਕਤੀ।

ਅਰਥ:-  ਬਿਰਤੀ ਦੀ ਭਟਕਣਾ ਮੁਕ ਗਈ ਜਦੋਂ ਦੁਨੀਆਂ ਤੋਂ ਉਪਰਾਮ ਹੋ ਗਏ, ਸਾਰੇ ਫਰਜ਼ ਤੇ ਗਰਜ਼ਾਂ ਮੁਕ ਗਈਆਂ, ਲੰਬੇ ਚੌੜੇ ਕਿੱਸੇ ਖਤਮ ਹੋ ਗਏ ਜਦੋਂ ਬਿਰਤੀ ਵਿਚ ਉਪਰਾਮਤਾ ਆਈ। ਇਹ ਅੰਦਰ ਦੀ ਫੁਲਵਾੜੀ ਅਪਾਰ ਹੀ ਹੈ, ਹੇ ਪਿਆਰੇ! ਹੁਣ ਅੰਦਰ ਦੀ ਬਹਾਰ ਦਾ ਅਨੰਦ ਲੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਮਨ ਨੂੰ ਸੰਤੋਖ  ਆ ਗਿਆ ਤਾਂ ਫਿਰ ਅਨੰਦ ਹੀ ਅਨੰਦ ਹੈ॥192॥

 

ਸ੍ਵੈਯਾ।।

ਜਹ ਸਿੰਘ ਕੁਰੰਗ ਹੈ ਅੰਗ ਇਕਾ  ਇਕਾ ਬਕਰੀ ਔ ਬਘਿਆਰ ਅਹੇ।

ਜਹ ਹਸਤੀ ਔ ਕੀਟ ਹੈ ਡੀਠ ਇਕਾ  ਇਕਾ ਹੋ ਜਹ ਹੈਂ ਨਰ ਨਾਰ ਰਹੇ।

ਜਹ ਜੀਵ ਬ੍ਰਹਮ ਹੈ ਮਰਮ ਇਕਾ ਇਕਾ  ਬਰਨ ਆਸਰਮ ਕੀ ਧਾਰ ਬਹੇ।

ਸੋ ਅਸਥਾਂਨ ਕੀ ਆਸ ਹੀ ਸੰਤਨ  ਦਾਸ ਭਗਵਾਨ ਨਦਾਨ ਕਹੇ।।193।।

 

ਪਦ ਅਰਥ:- ਸਿੰਘ=ਸ਼ੇਰ। ਕੁਰੰਗ=ਹਰਨ। ਅੰਗ=ਸਰੀਰ। ਹਸਤੀ=ਹਾਥੀ। ਕੀਟ=ਕੀੜੀ। ਡੀਠ=ਨਜ਼ਰ। ਮਰਮ=ਭੇਦ। ਬਰਨ=ਚਾਰ (ਬ੍ਰਹਮਣ, ਖਤ੍ਰੀ, ਵੈਸ਼, ਸ਼ੂਦਰ) ਆਸ਼ਰਮ=ਬ੍ਰਹਮਚਰਜ, (ਗ੍ਰਸਤ, ਸੰਨਿਆਸ, ਬਾਨਪ੍ਰਸਤ)। ਧਾਰ=ਧਾਰਾ। ਬਹੇ=ਚਲ ਰਹੀ ਹੈ।

ਅਰਥ:- ਇਸ ਉਪਰਲੇ ਸਵੱਈਏ ਵਿਚ ਰਾਜਾ ਸਾਹਿਬ ਦੱਸਦੇ ਹਨ ਕਿ ਬ੍ਰਹਮ ਕਿਵੇਂ ਸਾਰੇ ਸਮਾਇਆ ਹੋਇਆ ਹੈ? ਸ਼ੇਰ ਤੇ ਹਰਨ, ਬੱਕਰੀ ਤੇ ਬਘਿਆੜ, ਹਾਥੀ ਤੇ ਕੀੜੀ ਇਸਤ੍ਰੀ ਤੇ ਪੁਰਸ਼ ਇਨ੍ਹਾਂ  ਦੇ ਸਰੀਰ ਤੇ ਨਾਮ ਭਾਵੇਂ ਜੁਦੇ-ਜੁਦੇ ਹਨ ਪਰ ਜੋਤ ਸਾਰਿਆਂ ਵਿਚ ਇਕੋ ਹੈ। ਜੀਵ ਤੇ ਬ੍ਰਹਮ ਦਾ ਭੇਦ ਇਕੋ ਹੈ ਬਰਨ ਤੇ ਆਸ਼ਰਮ ਦਾ ਏਕਤਾ ਦੇ ਮਕਾਨ ਤੇ ਕੋਈ ਭਿੰਨ ਭੇਦ ਨਹੀਂ ਹੈ। ਇਸ ਪਰਮਪਦ ਦੀ ਆਸ ਕੇਵਲ ਸੰਤ ਜਨਾਂ ਨੂੰ ਹੀ ਹੈ। ਸੰਤ ਜਨ ਹੀ ਇਸ ਦਰਜੇ ਤੇ ਪੁਚਾ ਸਕਦੇ ਹਨ  ॥193॥

 

ਸ੍ਵੈਯਾ।।

ਜਾਗ ਸਵੇਰ ਨਂਹੀ  ਕਰ ਦੇਰ  ਇਹ ਵੇਰ ਨਾ ਫੇਰ ਮਿਲੇ ਕਭੀ ਆਈ।

ਸੌਕ ਸਨਾਖਤ ਰਖ ਰਫਾਕਤ  ਲੇਹੁ ਲਿਆਕਤ ਆਰਫ ਭਾਈ।

ਗਹੇਂ ਗੁਫਤਾਰ ਰਹੇਂ ਦਿਲਦਾਰ  ਗੁਫਾਰ ਦੀਦਾਰ ਹੋਵੇ ਤੁਰਤਾਈ।

ਇਉਂ ਦਿਲਬਾਗ ਦਮਾਗ ਹੋਇ ਰੌਸਨ  ਦਾਸ ਭਗਵਾਨ ਕਹੇ ਸੁਭਰਾਈ।।194।।

 

ਪਦਅਰਥ:-ਸਨਾਖਤ=ਪਛਾਣ। ਰਫਾਕਤ=ਮਿੱਤ੍ਰਤਾ, ਦੋਸਤੀ। ਲਿਆਕਤ=ਅਦਬ, ਸਤਿਕਾਰ। ਗੁਫਾਰ=ਖੁਦਾ। ਤੁਰਤਾਈ=ਛੇਤੀ। ਦਿਲਬਾਗ=ਦਿਲ ਦੀ ਖੁਸ਼ੀ। ਸੁਭਰਾਈ=ਭਰਨਾ।

ਪਦ-ਅਰਥ:-  ਸਵੇਰੇ ਉਠ ਬਿਨਾਂ ਦੇਰ ਤੋਂ, ਇਹ ਸਮਾਂ ਤੈਨੂੰ ਫੇਰ ਨਹੀਂ ਮਿਲੇਗਾ, ਰੱਬੀ ਲੋਕਾਂ ਦੇ ਮਿਲਣ ਦੀ ਇਛਿਆ ਰੱਖ ਤੇ ਉਨ੍ਹਾਂ  ਨਾਲ ਮਿੱਤ੍ਰਤਾ ਰੱਖ ਤੇ ਬੜੇ ਅਦਬ ਨਾਲ ਬੋਲਣਾ ਬੋਲ। ਜੇ ਸਾਡੇ ਇਸ ਬਚਨ ਨੂੰ ਮੰਨੇਗਾ ਤੇ ਮਹਾਂਪੁਰਸ਼ਾਂ ਨਾਲ ਪਿਆਰ ਵਾਲਾ ਵਰਤਾਉ ਰਖੇਂਗਾ ਤਾਂ ਛੇਤੀ ਹੀ ਰੱਬ ਦਾ ਜਮਾਲ ਪ੍ਰਾਪਤ ਹੋਵੇਗਾ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਤੇਰਾ ਦਿਲ ਦਿਮਾਗ ਰੌਸ਼ਨ ਹੋਵੇਗਾ ਤੇ ਰੂਹ ਰੱਜ ਜਾਏਗੀ॥194॥

 

ਕਬਿਤ।।

ਅੰਕਰ ਜਿਉਂ ਏਕ ਬਟ ਸੂਖਮ ਸੇ ਸੂਖਮ ਸੀ ਤਿਸ ਕੇ ਹੋ ਤੀਨ ਡਾਲ ਭਇਆ ਬਿਸਥਾਰ ਹੈ।

ਏਕ ਸੇ ਦੋ ਤੀਨ ਚਾਰ ਭਏ ਹੈਂ ਹਜਾਰ ਯਾਰ ਲਾਖ ਤੇ ਕਰੋੜ ਅਰਬ ਖਰਬ ਬੇ ਸੁਮਾਰ ਹੈ।

ਐਸੇ ਏਕ ਆਂਤਮਾਂ ਸੇ ਮਨ ਚਿਤ ਬੁਧ ਹੋਇ ਰਜੋ ਤਮੋ ਸਤੋ ਤੀਨ ਗੁਣਾ ਸੰਸਾਰ ਹੈ।

 ਪਾਇ ਐਸਾ ਮੂਲ ਨਂਹੀ ਅਰਜ ਔ ਤੂਲ ਜਾਂ ਮੇਂ ਦਾਸ ਭਗਵਾਂਨ ਸਹੀ ਆਤਮ ਬਚਾਰ ਹੈ ।।195।।

 

ਪਦ ਅਰਥ:- ਅੰਕਰ=ਮੁਢ, ਬੀਜ ਰੂਪ। ਬਟ=ਬੋਹੜ। ਬਿਸਥਾਰ=ਫੈਲਾਉ ਜਿਸ ਦੁਆਰਾ ਜਾਣੀਏ, ਗਿਆਨ ਦਾ ਆਧਾਰ ਰੂਪ, ਅਥਵਾ-ਜਿਸ ਨੂੰ ਗੁਰ ਉਪਦੇਸ਼ ਅਤੇ ਉੱਤਮ ਗ੍ਰੰਥਾਂ ਤੋਂ ਜਾਣੀਏ, ਜੀਵਾਤਮ, ਰੂਹ, ਇਹ ਪ੍ਰਾਣੀਆਂ ਵਿਚ ਤਤਵ ਹੈ ਜੋ ਅਨੇਕ ਚੇਸ਼ਟਾ ਦਾ ਕਾਰਨ ਹੈ। ਮਨ=ਜੀਵਾਤਮਾ। ਬੁਧ=ਅਕਲ, ਸਮਝ। ਮਨ=ਜਿਸ ਕਰਕੇ ਸੰਕਲਪ ਵਿਕਲਪ ਫਿਰਦੇ ਹਨ। ਬੁਧ=ਜਿਸ ਤੋਂ ਵਿਚਾਰ ਅਤੇ ਨਿਸ਼ਚਾ ਹੁੰਦਾ ਹੈ। ਚਿਤ=ਜਿਸ ਕਰਕੇ (ਸਿਮਰਨ) ਚੇਤਾ ਹੁੰਦਾ ਹੈ। ਅਹੰਕਾਰ=ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਹੁੰਦਾ ਹੈ, ਮਮਤ੍ਵ ਮਮਤਾ, ਸਤਿਗੁਰ ਨਾਨਕ ਦੇਵ ਨੇ ਜਪੁਜੀ ਵਿਚ ਇਨ੍ਹਾਂ ਦਾ ਜ਼ਿਕਰ ਕੀਤਾ ਹੈ=ਤਿਥੈ ਘੜੀਐ ਸੁਰਤ (ਚਿਤ) ਮਤ (ਅਹੰਕਾਰ, ਮਮਤਾ) ਮਨਿ, ਬੁੱਧ। ਤਿਨ ਗੁਣ=ਸਤੋ, ਰਜੋ, ਤਮੋ, ਸਤੋ= goodness। ਰਜੋ=Passion। ਤਮੋ=Darkness on Virue, Foulness; Ignorance respectively ਸਤੋ ਗੁਣ ਤੋਂ ਗਿਆਨ, ਰਜੋ ਗੁਣ ਤੋਂ ਲੋਭ, ਤਮੋਗੁਣ ਤੋਂ ਅਗਿਆਨ ਜਾਂ ਮੇਂ=ਜਿਸ ਵਿਚ। ਮੂਲ=ਮੁੱਢ। ਅਰਜ ਔ ਤੂਲ=ਲੰਬਾਈ, ਚੌੜਾਈ ||

ਅਰਥ:- ਬੋਹੜ ਦਾ ਬੀਜ ਜਿਵੇਂ ਛੋਟੇ ਤੋਂ ਛੋਟਾ ਹੁੰਦਾ ਹੈ ਉਸ ਤੋਂ ਡਾਲੀਆਂ ਦਾ ਖਲਾਰ ਹੋਇਆ। ਇਕ ਤੋਂ ਦੋ, ਤਿੰਨ, ਚਾਰ, ਹੇ ਮਿਤ੍ਰਾ ਉਸ ਤੋਂ ਹਜ਼ਾਰਾਂ ਹੀ ਲੱਖ ਕਰੋੜ, ਅਰਬ ਖਰਬ ਬੇਅੰਤ ਹੈ। ਇਸੇ ਤਰ੍ਹਾਂਇੱਕ ਆਤਮ ਤੋਂ ਮਨ, ਚਿੱਤ ਬੁਧ ਤੇੇ ਤਿੰਨ ਗੁਣਾਂ ਵਾਲਾ ਸੰਸਾਰ ਬਣਿਆ। ਜਿਸ ਨੇ ਮੂਲ (ਗੁਰ ਸ਼ਬਦ) ਪ੍ਰਾਪਤ ਕੀਤਾ। ਰਾਜਾ ਸਾਹਿਬ ਬਿਆਨ ਕਰਦੇ ਹਨ, ਇਸੇ ਤੋਂ ਹੀ ਸਾਰਾ ਪਸਾਰ ਹੈ ਠੀਕ ਵਿਚਾਰ ਏਹੀ ਹੈ 195

 

ਕਬਿਤ।।

ਜੇਰ ਸਾਯਾ ਕਾਲ ਕਿਉ ਹੋਵੇ ਇਹ ਅਕਾਲ ਬਾਤ ਬੜੀ ਹੀ ਮੁਹਾਲ ਡਾਲ ਅੰਕਰ ਸਮਾਵਣੇ।

ਮਿਲੇ ਕਾਮਲ ਜੇ ਪੀਰ ਹੋਹ ਦਾਮਨ ਬਗੀਰ ਐਸੀ ਕਰ ਤਦਬੀਰ ਤਕਦੀਰ ਤੀਰ ਚਾਵਣੇ।

ਬਾਤ ਅਸਲੀ ਬਚਾਰ ਹੋਇਆ ਕਹਾਂ ਸੇ ਪਸਾਰ ਐਸੇ ਕਰਕੇ ਸਮਾਰ ਨਿਰਾਕਾਰ ਨਿਜ ਪਾਵਣੇ।

ਆਪ ਆਪ ਕੋ ਨਿਹਾਰ ਪਾਇਆ ਏਕ ਓਂਕਾਰ ਜਬ ਦਾਸ ਭਗਵਾਂਨ ਪੜੇ ਪ੍ਰੇਮ ਕੇ ਬਛਾਵਣੇ।।196।।

 

ਪਦ ਅਰਥ:- ਜੇਰ ਸਾਯਾ=ਕਾਲ ਦੇ ਚੱਕਰ ਹੇਠ। ਅਕਾਲ=ਮੌਤ ਰਹਿਤ, ਅਮਰ। ਮੁਹਾਲ=ਔਖੀ। ਡਾਲ=ਟਾਹਣੀਆਂ। ਅੰਕਰ=ਬੀਜ। ਦਾਮਨ ਬਗੀਰ=ਪੱਲਾ ਫੜਨਾ। ਤਦਬੀਰ=ਯੁਗਤੀ। ਤਕਦੀਰ=ਕਿਸਮਤ। ਚਾਵਣੇ=ਚੁਕਣੇ। ਸਮਾਰ=ਗਿਣ ਕੇ। ਨਿਰਾਕਾਰ=ਆਕਾਰ ਰਹਿਤ। ਏਕ ਓਂਕਾਰ=ਅਕਾਲ ਪੁਰਖ।

ਅਰਥ:- ਇਹ ਗੱਲ ਬੜੀ ਔਖੀ ਹੈ ਕਿ ਕਾਲ ਦੇ ਪ੍ਰਭਾਵ ਹੇਠ ਇਹ ਜੀਵ ਅਕਾਲ ਕਿਵੇਂ ਹੋ ਸਕਦਾ ਹੈ? ਜਿਸ ਤਰ੍ਹਾਂ ਬੀਜ ਵਿਚ ਡਾਲੀਆਂ ਦਾ ਸਮਾਉਣਾਂ ਹੈ। ਜੇਕਰ ਪੂਰਾ ਗੁਰੂ ਮਿਲ ਜਾਵੇ ਉਸ ਦਾ ਪੱਲਾ ਫੜ ਲੈ, ਇਹ ਸਭ ਤੋਂ ਚੰਗਾ ਯਤਨ ਹੈ, ਉਹ ਤਕਦੀਰ ਨੂੰ ਬਦਲ ਦੇਣਗੇ। ਅਸਲੀ ਗੱਲ ਨੂੰ ਵਿਚਾਰ ਇਹ ਪਸਾਰਾ ਕਿਥੋਂ ਹੋਇਆ ਹੈ? ਇਸ ਤਰ੍ਹਾਂ ਵਿਚਾਰ ਦਵਾਰਾ ਆਪਣੇ ਨਿੱਜ ਸਰੂਪ ਨੂੰ ਜਾਣੋਗੇ। ਜਦੋਂ ਆਪਣੇ ਆਪ ਨੂੰ ਪਛਾਣ ਕੇ ਇਕ ਨਿਰੰਕਾਰ ਨੂੰ ਪ੍ਰਾਪਤ ਕੀਤਾ ਤਾਂ ਪ੍ਰੇਮ ਦੇ ਬਿਸਤਰ ਤੇ ਆਰਾਮ ਕੀਤਾ ॥196॥

ਕਬਿਤ।।

ਮਲਕੀ ਔ ਵਸਲੀ ਹਕੀਕੀ ਜੋ ਵਜੂਦ ਤਿਨ ਹਸਤੀ ਭੀ ਏਹੀ ਬਿਚ ਇਸਮ ਜੂਨਾਨੀ ਹੈ।

ਸੂਖਮ ਤੇ ਥੂਲ ਔਰ ਕਾਰਨ ਸਰੀਰ ਇਹ ਹਿੰਦਗੀ ਜਬਾਨ ਨਾਮ ਤਿਨੇ ਹੀ ਬਖਾਂਨੀ ਹੈ।

ਆਪਣਾ ਜੋ ਆਪੁ ਤੁਰੀਆ ਸਭ ਕਾ ਅਧਿਸਟਾਨ ਲਖੇ ਜੋਊ ਤਿਸੇ ਸੋਈ ਆਰਫ ਗਿਆਨੀ ਹੈ।

ਦਰਜੈ ਲਾਹੂਤ ਪਰ ਜਾਇ ਭਗਵਾਨ ਦਾਸ ਹੋਇ ਖੁਦ ਨੂਰ ਜੁ ਖਾਵਿੰਦ ਇਹ ਲਾਸਾਨੀ ਹੈ।।197।।

 

ਪਦ ਅਰਥ:- ਮਲਕੀ=ਸੂਖਮ। ਵਸਲੀ=ਅਸਥੂਲ। ਹਕੀਕੀ=ਕਾਰਨ ਇਹ ਤਿੰਨ ਸਰੀਰ ਮੰਨੇ ਜਾਂਦੇ ਹਨ। ਹਸਤੀ=ਹੈ। ਇਸਮ=ਨਾਮ। ਜੂਨਾਨੀ=ਯੂਨਾਨ ਦੇਸ਼ ਦੀ ਭਾਸ਼ਾ। ਤੁਰੀਆ=ਚੌਥਾ ਪਦ। ਅਧਿਸਟਾਨ=ਆਸਰਾ ਰੂਪ। ਲਾਹੂਤ=ਰੱਬ ਦੀ ਪ੍ਰਾਪਤੀ। ਖਾਵਿੰਦ=ਮਾਲਕ। ਲਾਸਾਨੀ=ਬੇਮਿਸਾਲ।

ਅਰਥ:-ਮਲਕੀ, ਵਸਲੀ, ਹਕੀਕੀ ਜੋ ਯੂਨਾਨੀ ਭਾਸ਼ਾ ਵਿਚ ਤਿੰਨ ਵਜੂਦ ਮੰਨੇ ਜਾਂਦੇ ਹਨ। ਸੂਖਮ, ਅਸਥੂਲ ਤੇ ਕਾਰਨ ਸਰੀਰ ਹਿੰਦਕੀ ਭਾਸ਼ਾ ਵਿਚ ਕਹੇ ਜਾਂਦੇ ਹਨ, ਗਿਆਨ ਦੀ ਅਵਸਥਾ ਜੋ ਸਭ ਦਾ ਆਸਰਾ ਰੂਪ ਹੈ, ਜਿਹੜਾ ਉਸ ਨੂੰ ਜਾਣ ਲੈਂਦਾ ਹੈ ਉਸਨੂੰ ਹੀ ਗਿਆਨੀ ਜਾਂ ਆਰਫ ਕਿਹਾ ਜਾਂਦਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਇੱਕਮਿੱਕ ਅਵਸਥਾ ਵਿਚ ਇਨਸਾਨ ਖ਼ੁਦ ਨੂਰੀ ਹੋ ਜਾਂਦਾ ਹੈ ਤੇ ਅਨੂਪ ਰੂਪ ਮਾਲਕ ਦਾ ਰੂਪ ਹੋ ਜਾਂਦਾ ਹੈ ॥197॥

ਕਬਿਤ।।

ਤੀਨ ਤਬਾ ਕੇ ਮਕਾਨ ਤੀਨ ਹਸਤੀ ਪਛਾਨ ਗੁਣ ਤੀਨਨ ਕੀ ਕਾਂਨ ਮੇ ਦੁਕਾਨ ਕੋ ਚਲਾਇਆ ਹੈ।

ਤੀਨ ਤਬਾ ਦਰਮਿਆਨ ਹੂਆ ਸਗਲ ਜਹਾਂਨ ਐਸੇ ਕਰਕੇ ਸਮਾਂਨ ਰਚੀ ਤ੍ਰਿਗੁਣੀ ਮਾਇਆ ਹੈ।

ਪੰਚੀਕਰਨ ਪਸਾਰ ਕੀਆ ਕੁਲ ਸੰਸਾਰ ਨਿਰਾਕਾਰ ਸੇ ਅਕਾਰ ਬਣ ਆਪ ਕੋ ਭੁਲਾਇਆ ਹੈ।

ਪਾਇ ਪਾਇ ਸਾਨ ਹੋਇਆ ਸਾਨ ਸੇ ਬੇਸਾਨ ਸਾਨ ਦਾਸ ਭਗਵਾਨ ਬਾਲਾਸਾਨ ਸਾਨੀ ਕੋ ਭੁਲਾਇਆ ਹੈ198

 

ਪਦ ਅਰਥ:-  ਤਬਾ=ਤਬੀਅਤ। ਤੀਨ=ਜਾਗਤ, ਸੁਪਨ, ਸਖੋਪਦ। ਤੀਨ ਹਸਤੀ=ਸੁਰ, ਅਸੁਰ, ਨਰ। ਗੁਣ ਤੀਨਨ=ਰਜੋ ਸਤੋ ਤਮੋ। ਕਾਂਨ=ਖਾਨ। ਤ੍ਰਿਗੁਣੀ=ਰਜ, ਸਤ, ਤਮ। ਪੰਚੀਕਰਨ=ਪੰਝੀ ਪ੍ਰਕ੍ਰਿਤੀਆਂ। ਅਕਾਰ=ਸਰੀਰ ਧਾਰੀ। ਬਾਲਾਸਾਨ=ਸਭ ਤੋਂ ਉੱਚਾ। ਸਾਨ=ਸ਼ਾਨ।

ਅਰਥ:-  ਉਪਰਲਾ ਕਬਿੱਤ ਗੁਰੂ ਨਾਨਕ ਦੀਆਂ ਇਨ੍ਹਾਂ ਤੁਕਾਂ ਨਾਲ ਮੇਲ ਖਾਂਦਾ ਹੈ:-

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ || ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀ ਬਾਣੁ॥

(ਜਪੁ ਜੀ ਸਾਹਿਬ)

                   ਬ੍ਰਹਮਾ, ਬਿਸ਼ਨ ਮਹੇਸ਼ ਤਿੰਨ ਹਸਤੀਆਂ ਇਨ੍ਹਾਂ ਦਾ ਕੰਮ ਪੈਦਾ ਕਰਨਾ ਹੈ ਪਾਲਣਾ ਤੇ ਸੰਘਾਰ, ਰਜ, ਸਤ, ਤਮ ਬਿਰਤੀ ਵਾਲੇ ਜੀਵ ਇਹ ਸਾਰੇ ਸੰਸਾਰ ਦੀ ਬਨਾਵਟ ਹੈ ਤਿੰਨਾਂ ਹੀ ਗੁਣਾਂ ਵਿਚ ਸਾਰਾ ਸੰਸਾਰ ਮਾਇਆ ਦੁਆਰ ਰਚਿਆ ਗਿਆ ਹੈ। ਪੰਜ ਤੱਤ, ਪੱਚੀ ਪਰਕਿਰਤੀਆਂ ਦੁਆਰ ਨਿਰਾਕਾਰ ਤੋਂ ਆਕਾਰ ਬਣਕੇ ਸੰਸਾਰ ਨੂੰ ਭੁਲੇਖੇ ਵਿਚ ਪਾ ਦਿੱਤਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਮਾਇਆ ਦੀ ਸ਼ਾਨੋ-ਸ਼ੌਕਤ ਵਿਚ ਭੁਲ ਕੇ ਆਦਮੀ ਸ਼ਾਨ ਤੋਂ ਬੇਸ਼ਾਨ ਹੋ ਗਿਆ ਹੈ ਬੇਸਾਨ ਤੋਂ ਬੇਮਿਸਾਲ ਸ਼ਾਨ ਵਾਲੇ ਨੂੰ ਭੁਲ ਗਿਆ ਹੈ ॥198॥

 

ਕਬਿਤ।।

ਸੁੰਨ ਸੇ ਸੁਭਾਵਕ ਸੁਭਾਵ ਹੀ ਕੀ ਤਾਕਤ ਸੇ ਸੁਰਤ ਸਲੋਨੀ ਆਇ ਫੜਿਆ ਕਰਾਰ ਹੈ।

ਸੁਰਤ ਔ ਰੂਹ ਨਾਮ ਏਕ ਹੀ ਕਹਾਵਤ ਹੈਂ ਤੀਨ ਅਸਥਾਨਨ ਮੈ ਫੜਿਆ ਫਲਾਰ ਹੈ।

ਐਸੀ ਰਚਕੇ ਖਲਾਰ ਲਾਇ ਬੈਠੀ ਆ ਬਜਾਰ ਤਾਂ ਹੀ ਹੋਈ ਹੈ ਖੁਆਰ ਛਡ ਬੈਠੀ ਜਬ ਸਾਰ ਹੈ।

ਤਾਂ ਹੀ ਲਏ ਏਹ ਅਨੰਦੁ ਫੜੇ ਸੁੰਨ ਦਾ ਜੇ ਰੰਦੁ ਹੁਣ ਦਾਸ ਭਗਵਾਂਨ ਸੁੰਨ ਅਪਰ ਅਪਾਰ ਹੈ।।199।।

 

ਪਦ ਅਰਥ:- ਸੁੰਨ=ਅਫੁਰ ਬ੍ਰਹਮ, ਖਾਲੀ, ਜੜ੍ਹ। ਸਲੋਨੀ=ਸੋਹਣੀ, ਸੁੰਦਰ। ਕਰਾਰ=ਇਸਥਿਰਤਾ, ਠਹਰਾਉ। ਤੀਨ ਅਸਥਾਨਨ=ਸੁਰਗ, ਮਰਤ, ਪਯਾਲ। ਫਲਾਰ=ਪਸਾਰਾ। ਰੰਦੁ=ਰੰਦਾਂ।

ਅਰਥ:- ਰੂਹ ਦੇ ਟਕਾਓ ਵਿਚ ਬੜੀ ਸ਼ਕਤੀ ਹੈ, ਸੁਰਤ ਸੋਹਣੀ ਹੈ ਕਿ ਟਿਕ ਜਾਂਦੀ ਹੈ। ਰੂਹ ਤੇ ਸੁਰਤ ਇਕੋ ਚੀਜ਼ ਹੈ, ਰੂਹ ਦਾ ਹੀ ਤਿੰਨਾਂ ਲੋਕਾਂ ਵਿਚ ਪਸਾਰਾ ਹੈ। ਰੂਹ ਅਸਲੀ ਸੋਨੇ ਦੇ ਅਸਥਾਨ ਨੂੰ ਛੱਡ ਕੇ ਪਸਾਰੇ ਵਿਚ ਰਚ ਕੇ ਖੁਆਰ ਹੋ ਰਹੀ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੇਕਰ ਸੁੰਨ ਦੇ ਅਸਥਾਨ ਨੂੰ ਫੜ ਲਵੇ, ਜਸ ਦੀ ਮਹਿਮਾਂ ਪਰ੍ਹੇ ਤੋਂ ਪਰ੍ਹੇ ਹੈ ਤਾਂ ਅਨੰਦ ਨੂੰ ਪ੍ਰਾਪਤ ਹੋਵੇ॥199॥

 

ਕਬਿਤ।।

ਜਿਗਰ ਮੇਂ ਆਇ ਨਾਮ ਰੂਹ ਕਾ ਤਬ ਈ ਹੋਇ ਦਿਲ ਅਸਥਾਨ ਨਾਮ ਇਸਦਾ ਹੈਵਾਨੀ ਹੈ।

ਨੀਚਲੇ ਮਕਾਨ ਛੋਡ ਚਲੁ ਅਬ ਊਪਰ ਕੋ ਅੰਤਰ ਦਮਾਂਗ ਬਣ ਬੈਠੀ ਨਫਸਾਨੀ ਹੈ।

ਬੈਠ ਕੇ ਅਲਗ ਦੇਖੁ ਅੰਤਰਿ ਧਿਆਨ ਹੋ ਬਣਾਵਟ ਇਹ ਕਾਰ ਬਿਸਥਾਰ ਸਭ ਫਾਨੀ ਹੈ।

ਪੰਚੀਕਰਨ ਕਹੁ ਕਹਾਂ ਜਹਾਂ ਹੂਆ ਹੈ ਅਪੰਚੀਕਰਨ ਦਾਸ ਭਗਵਾਨ ਐਸੇ ਸੁੰਨ ਇਹੁ ਲਾਸਾਨੀ ਹੈ।।200।।

 

ਅਰਥ:- ਰੂਹ ਦਾ ਹੀ ਨਾਮ ਜਿਗਰ ਵਿਚ ਜਾਂ ਦਿਲ ਅਸਥਾਨ ਤੇ ਜਿਗਰਾ ਹੋ ਜਾਂਦਾ ਹੈ। ਇਹੀ ਰੂਹ ਜਦ ਦਿਮਾਗ ਵਿਚ ਜਾਂਦੀ ਹੈ ਤਾਂ ਉਥੇ ਇਸੇ ਦਾ ਨਾਮ ਨਫਸਾਨੀ ਹੋ ਜਾਂਦਾ ਹੈ। ਜ਼ਰਾ ਅਲੱਗ ਬੈਠ ਕੇ ਅੰਤਰ-ਧਿਆਨ ਹੋ ਕੇ ਦੇਖ ਕਿ ਜੋ ਬਨਾਵਟ ਹੈ ਸਭ ਰੂਹ ਦਾ ਪਸਾਰਾ ਹੈ ਤੇ ਸਭ ਨਾਸ਼ਵੰਤ ਹੈ। ਜਿੱਥੇ ਪੰਜਾਂ ਤੱਤਾਂ ਤੇ ਪੱਚੀ ਪਰਕਿਰਤੀਆਂ ਦਾ ਮੇਲ ਹੀ ਨਹੀਂ ਉਥੇ ਦੇਹ ਕਿਥੇ? ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਸੁੰਨ ਇੱਕ ਲਾਸਾਨੀ ਅਵਸਥਾ ਹੈ॥200॥

ਕਬਿਤ।।

ਤੀਨ ਦੇਵਤਾਓਂ ਕੀਆਂ ਪੁਰੀਆਂ ਏਹੁ ਤੀਨ ਜਾਣ ਤੀਨ ਹੀ ਸੁਭਾਵ ਪ੍ਰਕ੍ਰਿਤ ਅਚਾਰ ਹੈ।

ਜਹਾਂ ਜਹਾਂ ਲਗਦੀ ਹੈ ਸੁਰਤ ਦ੍ਰਿੜ ਹੋਇ ਤਹਾਂ ਤਹਾਂ ਰਚਦੀ ਬਿਲੱਖਣ ਇਹ ਕਾਰ ਹੈ।

ਜਿਤਨੀਆ ਤਾਕਤਾਂ ਜਹਾਂਨ ਕੀਆਂ ਰੂਹ ਬਿਚ ਰੂਹ ਕਾ ਖਜਾਨਾ ਐਸਾ ਅਪਰ ਅਪਾਰ ਹੈ।

ਤੀਨੋ ਗੁਣੋ ਕੋ ਤਿਆਗ ਚੌਥੇ ਪਦ ਮੇ ਜਾ ਲਾਗ ਇਓ ਦਾਸ ਭਗਵਾਂਨ ਤੁਰੀਆ ਪਦ ਨਿਰਾਕਾਰ ਹੈ।।201।।

 

ਪਦ ਅਰਥ:-ਤੀਨ ਦੇਵਤੇ=ਬ੍ਰਹਮਾ, ਬਿਸ਼ਨ, ਮਹੇਸ਼। ਤੀਨ ਪੁਰੀਆਂ=ਬ੍ਰਹਮ ਪੁਰੀ, ਵੈਸ਼ਨੂੰ ਪੁਰੀ, ਸ਼ਿਵ ਪੁਰੀ। ਤੀਨ ਸੁਭਾਵ=ਰਜੋ, ਸਤੋ, ਤਮੋ। ਤੁਰੀਆ ਪਦ=ਚੌਥਾ ਪਦ। ਨਿਰਾਕਾਰ=ਆਕਾਰ ਰਹਿਤ।

ਅਰਥ:-ਤਿੰਨਾਂ ਦੇਵਤਿਆਂ ਦੀਆਂ ਤਿੰਨੇ ਪੁਰੀਆਂ ਤੇ ਤਿੰਨਾਂ ਹੀ ਗੁਣਾਂ ਦੀ ਪਰਕ੍ਰਿਤੀ ਹੈ, ਉਸਦੇ ਅਨੁਸਾਰ ਕੋਈ ਸ਼ਾਂਤ ਬਿਰਤੀ ਵਾਲਾ, ਕੋਈ ਰਜੋ ਗੁਣੀ ਤੇ ਕੋਈ ਤਮੋ ਗੁਣ ਵਾਲੀ ਬਿਰਤੀ ਵਾਲਾ ਹੈ। ਜਿੱਥੇ-ਜਿੱਥੇ ਭੀ ਸੁਰਤ ਜੁੜ ਜਾਂਦੀ ਹੈ ਉਥੇ ਵੈਸਾ ਹੀ ਪਸਾਰਾ ਪਸਾਰ ਲੈਂਦੀ ਹੈ। ਰੂਹ ਦਾ ਖਜ਼ਾਨਾ ਪਰ੍ਹੇ ਤੋਂ ਪਰ੍ਹੇ ਹੈ ਜਿਤਨੀਆਂ ਦੁਨੀਆਂ ਵਿਚ ਤਾਕਤਾਂ ਹਨ ਸਭ ਰੂਹ ਦਾ ਹੀ ਪਸਾਰਾ ਹੈ। ਰਾਜਾ ਸਾਹਿਬ ਪਰੇਰਨਾ ਕਰਦੇ ਹਨ ਕਿ ਤ੍ਰਿਗੁਣੀ ਮਾਇਆ ਤੋਂ ਉੱਚਾ ਉਠ ਕੇ ਤੁਰੀਆ ਪਦ ਜੋ ਨਿਰਾਕਾਰ ਹੈ ਉਥੇ ਸੁਰਤੀ ਨੂੰ ਜੋੜੋ ॥201॥

 

ਕਬਿਤ।।

ਆਰਫੋਂ ਕੋ ਮਿਲਿ  ਰੂਹ ਆਪਣੀ ਨੂੰ ਖੋਜ ਦੇਖੁ  ਕਹਾਂ ਸੇ ਏਹ ਆਈ  ਕਹਾਂ ਜਾਇ ਕੇ ਸਮਾਏਗੀ।

ਕੌਣ ਸੀ ਏਹ ਚੀਜ  ਕਿਸ ਜਮਾ ਸੇ ਆਜੁਜ ਹੂਈ  ਕੌਣ ਸੀ ਉਪਾਇ  ਨਿਜਿ ਰੂਪ ਮੇਂ ਏਹ ਆਏਗੀ।

ਪੀਛੇ ਕੋ ਹਟਾਇ  ਰੁਖੁ ਇਸਥਤੀ ਪਾਇ  ਕਰ ਉਰਧ ਮੁਖ ਬ੍ਰਿਤ  ਹੋ ਘਰ ਮੇ ਆ ਜਾਏਗੀ।

ਆਪ ਕੋ ਨਿਹਾਰ ਭਈ ਸੁਧ ਨਿਰਬਿਕਾਰ ਰੂਪ ਦਾਸ ਭਗਵਾਨ ਚਿਦਾਕਾਸ ਐਸੇ ਪਾਏਗੀ।।202।।

 

ਪਦ ਅਰਥ:- ਜਮਾ=ਸਮੂਹ, ਇਕੱਠ। ਆਜੁਜ=ਟੁੱਕੜੇ। ਨਿਜਿ ਰੂਪ=ਆਪਾ। ਇਸਥਤੀ=ਟਿਕਾਓ। ਉਰਧ ਮੁਖ ਬਿਰਤੀ=ਸੁਰਤ ਨੂੰ ਉੱਚਿਆਂ ਲੈ ਜਾਣਾ। ਨਿਹਾਰ=ਦੇਖ। ਸੁਧ ਨਿਰਬਿਕਾਰ=ਵਿਕਾਰਾਂ ਤੋਂ ਰਹਿਤ। ਚਿਦਾਕਾਸ=ਅਕਾਸ਼ ਵੱਤ ਪੂਰਨ ਬ੍ਰਹਮ।

ਅਰਥ:- ਰੱਬੀ ਲੋਕਾਂ ਦੀ ਸੰਗਤ ਕਰਕੇ ਆਪਣੀ ਰੂਹ ਦੀ ਖੋਜ ਕਰੋ ਕਿ ਇਹ ਕਿਥੋਂ ਆਈ ਹੈ? ਤੇ ਕਿਥੇ ਜਾ ਕੇ ਸਮਾਏਗੀ। ਇਹ ਕੀ ਚੀਜ਼ ਹੈ? ਕਿਸ ਇਕੱਠ ਵਿਚੋਂ ਹਿੱਸੇ ਬਣ ਕੇ ਆਈ ਤੇ ਫਿਰ ਕਿਸ ਜੁਗਤੀ ਨਾਲ ਏਕਤਾ, ਭਾਵ ਆਪਣੇ ਅਸਲੀ ਸਰੂਪ ਤੇ ਆ ਜਾਏਗੀ? ਪਸਾਰੇ ਵਲੋਂ ਬਿਰਤੀ ਨੂੰ ਸੰਕੋਚ ਸੁਰਤ ਨੂੰ ਉੱਚੀ ਲੈ ਜਾਓ। ਤਾਂ ਆਪਣੇ ਸਹੀ ਘਰ ਵਿਚ  ਆ ਜਾਏਗੀ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਆਪਣੇ ਸਰੂਪ ਦੀ ਪਛਾਣ ਲਈ ਇਸ ਜੁਗਤੀ ਨਾਲ ਸ਼ੁੱਧ ਸਰੂਪ ਜੋ ਨਿਰਵਿਕਾਰ ਬ੍ਰਹਮ ਹੈ, ਉਸ ਦੀ ਪ੍ਰਾਪਤੀ ਹੋਵੇਗੀ 202

ਕਬਿਤ।।

ਕਰੇ ਕਰਮ ਅਨੇਕ ਨਂਹੀ ਲਖਿਆ ਅਨੇਕ ਏਕ ਪਾਇਆ ਨਾਂ ਬਬੇਕ ਨਂਹੀ ਆਰਫੋਂ ਪਹ ਆਇਆ ਹੈ।

ਮੁਦਾ ਕੈਸੇ ਪਾਏ ਪੈੜ ਬਾਹਰ ਲਜਾਏ ਆਪ ਆਪ ਕੋ ਖਪਾਏ ਨਂਹੀ ਭੇਦ ਕਂਹੀ ਪਾਇਆ ਹੈ।

ਖੋਜੀ ਮਿਲੇ ਗੁਰੁ ਪੈੜ ਉਲਟੀ ਪੁਚਾਈ ਧੁਰ ਸਾਂਤ ਆਈ ਉਰ ਖੋਜ ਅਸਲੀ ਜਾਂ ਪਾਇਆ ਹੈ।

ਮੁਦਾ ਲਿਆ ਪਾਇ ਕੁਲ ਕਰਮ ਭੁਲਾਇ ਹੁਣ ਦਾਸ ਭਗਵਾਨ ਚਿਦਾਕਾਸ ਮੇ ਸਮਾਇਆ ਹੈ।।203।।

 

ਪਦ ਅਰਥ:-ਬਬੇਕ=ਵਿਚਾਰ, ਵਸਤੂ ਦੇ ਅਸਲੀ ਸਰੂਪ ਦਾ ਵਿਚਾਰਨਾ। ਮੁਦਾ=ਅਸਲੀਅਤ। ਪੈੜ=ਪੈਰ ਦਾ ਨਿਸ਼ਾਨ, ਖੋਜ। ਉਰ=ਹਿਰਦਾ।

ਅਰਥ:-ਕਿਉਂਕਿ ਸੱਤ ਪੁਰਸ਼ਾਂ ਦੀ ਸੰਗਤ ਨਹੀਂ ਕੀਤੀ, ਇਸ ਕਾਰਨ ਨਿਰਣਾ ਕਰਕੇ ਅਨੇਕਤਾ ਵਿਚ ਇੱਕ ਨੂੰ ਨਹੀਂ ਜਾਣ ਸਕੇ। ਅਸਲ ਨੂੰ ਕਿਵੇਂ ਸਮਝੇ ਜਦ ਬਿਰਤੀ ਤਾਂ ਖਿੰਡਾਓ ਵਾਲੇ ਪਾਸੇ ਲੈ ਜਾਂਦਾ ਹੈ। ਇਸ ਤਰ੍ਹਾਂ ਤਾਂ ਖਪਣਾ ਹੀ ਹੈ, ਭੇਦ ਨਹੀਂ ਪਾ ਸਕੀਦਾ। ਪੂਰੇ ਗੁਰੂ ਦਾ ਮੇਲ ਹੋ ਜਾਏ ਤਾਂ ਸੰਸਾਰ ਵਲੋਂ ਬਿਰਤੀ ਮੋੜ ਕੇ ਪਰਮਾਰਥ ਵੱਲ੍ਹ ਲਾ ਦੇਵੇ ਤਾਂ ਖੋਜ ਕਰਕੇ ਹਿਰਦੇ ਵਿਚ ਸ਼ਾਂਤੀ ਪ੍ਰਾਪਤ ਹੁੰਦੀ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਜਦੋਂ ਅਸਲੇ ਨੂੰ ਜਾਣ ਲਿਆ ਸਾਰੇ ਕਰਮ ਧਰਮ ਸੰਜਮ ਸਾਧਨਾ ਤੋਂ ਉੱਚਾ ਉੱਠ ਕੇ ਬ੍ਰਹਮ ਵਿੱਚ ਲੀਨ ਹੋ ਜਾਈਦਾ ਹੈ॥203॥

ਕਬਿਤ।।

ਪੀਆ ਕੋ ਪਛਾਣ ਪੀਆ ਪ੍ਰੇਮ ਹੈ ਪ੍ਰਾਣ ਪੀਆ ਹਮਰਾ ਹੈ ਤਾਣ ਪੀਆ ਪਾਇਆ ਜਾਂਨ ਜਾਨ ਮੇਂ।

ਪੀਆ ਹਮਰਾ ਅਲਾਹ ਨਂਹੀ ਕਰੀਏ ਬਸਾਹ ਪੀਆ ਹੈ ਪਨਾਹ ਰਾਹੁ ਪਾਇਆ ਗੁਰ ਗਿਆਂਨ ਮੇਂ।

ਪੀਆ ਕੇ ਬਜੋਗ ਸਭ ਹੋਂਵਦੇ ਹੈਂ ਰੋਗ ਸੋਗ ਪੀਆ ਕਾ ਸੰਜੋਗ ਭਇਆ ਹਮੇ ਏਕ ਧਿਆਨ ਮੈ।

ਪੀਆ ਕੇ ਦੀਦਾਰ ਹੋਇ ਰਹੀ ਹੈ ਬਹਾਰ ਹੁਣ ਦਾਸ ਭਗਵਾਂਨ ਪੀਆ ਪਾਇਆ ਬਿਗਿਆਨ ਮੈ।।204।।

 

ਅਰਥ:-ਪਿਆਰੇ ਪ੍ਰੀਤਮ ਨੂੰ ਪਛਾਣੋ, ਪ੍ਰਾਣਾਂ ਦਾ ਪਿਆਰਾ ਹੈ, ਜਾਨ ਦੀ ਜਾਨ ਹੈ ਤੇ ਤਾਣ ਭੀ ਓਹੀ ਪ੍ਰੀਤਮ ਹੈ। ਸਾਡਾ ਪਿਆਰਾ ਰੱਬ ਹੈ, ਉਸਦਾ ਕਦੇ ਵਸਾਹ ਨਾ ਕਰੀਏ (ਭਾਵ ਭੁਲਾਈਏ ਨਾ ਸਾਡਾ ਆਸਰਾ ਰੂਪ ਹੈ) ਗੁਰੂ ਦੇ ਗਿਆਨ ਰਾਹੀਂ ਉਸਦੀ ਪਛਾਣ ਹੁੰਦੀ ਹੈ, ਪਿਆਰੇ ਪ੍ਰੀਤਮ ਤੋਂ ਵਿਛੜ ਕੇ ਸਾਰੇ ਰੋਗ ਤੇ ਸੋਗ ਫੜ ਲੈਂਦੇ ਹਨ, ਉਸ ਦੀ ਪ੍ਰਾਪਤੀ ਇਕ ਧਿਆਨ ਨਾਲ ਹੁੰਦੀ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਜਦੋਂ ਆਤਮਕ ਗਿਆਨ ਦੁਆਰਾ ਪਿਆਰੇ ਦੀ ਪ੍ਰਾਪਤੀ ਹੋ ਗਈ ਤਾਂ ਹੁਣ ਸਾਰੇ ਪਾਸੇ ਖੇੜਾ ਹੀ ਖੇੜਾ ਹੈ ॥204॥

ਕਬਿਤ।।

ਉਪਮਾਂ ਅਪਾਰ ਕੈਸੇ ਕਰਾਂ ਮੈਂ ਉਚਾਰ ਮਹਮਾਂ ਗੁਰ ਕੀ ਅਪਾਰ ਪ੍ਰਮਾਤਮਾਂ ਸੇ ਪਰੇ ਹੈ।

ਭੈਜਲ ਸੰਸਾਰ ਪਰਮਾਤਮਾਂ ਪਸਾਰ ਇਹ ਗੁਰੁ ਉਪਦੇਸ ਪਾਰ ਪਲਕ ਮੈ ਕਰੇ ਹੈ।

ਪ੍ਰਮਾਤਮਾ ਛਪਾਇਆ ਆਪ ਆਪ ਕੋ ਬਤਾਇਆ ਨਹੀਂ ਗੁਰ ਪ੍ਰਤਾਪ ਅਹੰ ਬ੍ਰਹਮ ਹੀ ਉਚਰੇ ਹੈ।

ਪੈਗੰਬਰ ਔਤਾਰ ਸਭ ਮਾਇਆ ਕਾ ਬਿਹਾਰ ਇਹ ਦਾਸ ਭਗਵਾਂਨ ਗੁਰ ਸਾਚ ਹੀ ਕੋ ਰਰੇ ਹੈ।।205।।

 

ਪਦ ਅਰਥ:- ਉਪਮਾ=ਵਡਿਆਈ। ਪਸਾਰ=ਪਸਾਰਾ। ਪਲਕ=ਅੱਖ ਦਾ ਫੋਰ। ਅਹੰ ਬ੍ਰਹਮ=ਮੈਂ ਬ੍ਰਹਮ ਹੂੰ। ਪੈਗੰਬਰ=ਜੋ ਈਸ਼ਵਰ ਦਾ ਸੁਨੇਹਾ ਲੋਕਾਂ ਪਾਸ ਲਿਆਵੇ, ਐਸਾ ਧਰਮ ਦਾ ਆਚਾਰਯ, ਨਬੀ। ਔਤਾਰ=ਕਿਸੇ ਦੇਵਤਾ ਦਾ ਮਨੁੱਖ ਆਦਿ ਪ੍ਰਾਣੀਆਂ ਦੀ ਦੇਹ ਵਿਚ ਪ੍ਰਗਟ ਹੋਣਾਂ।

ਅਰਥ:- ਗੁਰੂ ਦੀ ਉਪਮਾ ਪਰ੍ਹੇ ਤੋਂ ਪਰ੍ਹੇ ਹੈ, ਮੈਂ ਕਿਸ ਤਰ੍ਹਾਂ ਬਿਆਨ ਕਰਾਂ ਪਰਮਾਤਮਾ ਤੋਂ ਭੀ ਪਰ੍ਹੇ ਹੈ। ਭੈਅ ਸਾਗਰ ਇਹ ਜੋ ਸੰਸਾਰ ਹੈ ਓਸੇ ਦਾ ਪਸਾਰਾ ਹੈ, ਗੁਰੂ ਦੀ ਕਿਰਪਾ ਨਾਲ ਇਕ ਅੱਖ ਦੇ ਫੋਰ ਵਿੱਚ ਲੰਘ ਜਾਈਦਾ ਹੈ। ਇਸ ਰਚਨਾ ਵਿਚ ਪਰਮਾਤਮਾ ਨੇ ਆਪਣੇ ਆਪ ਨੂੰ ਲੁਕਾ ਰਖਿਆ ਹੈ, ਗੁਰੂ ਕਿਰਪਾ ਦਾ ਸਦਕਾ ਇਹ ਹੀ ਬ੍ਰਹਮ ਹੋ ਜਾਂਦਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸੱਚੇ ਗੁਰੂ ਇਹ ਠੀਕ ਕਹਿ ਰਹੇ ਹਨ ਕਿ ਪੈਗੰਬਰ ਅਵਤਾਰ ਆਦਿ ਭੀ ਮਾਇਆ ਦੇ ਪਰਭਾਵ ਹੇਠਾਂ ਹੀ ਹਨ ॥205॥

ਕਬਿਤ।।

ਗੁਰ ਕੋ ਅਦੇਸ ਕਰ ਸਗਲ ਕਲੇਸ ਹਰ ਹੀਏ ਮੈ ਹਮੇਸ ਧਰ ਨਿਜ ਰੂਪ ਪਾਇਆ ਹੈ।

ਗੁਰ ਮਿਹਰਵਾਂਨ ਕੀਆ ਮੁਝ ਪੈ ਇਹਸਾਨ ਦਾਨ ਦੀਆ ਹੈ ਬਿਗਿਆਂਨ ਗਿਆਂਨ ਅਗਿਆਂਨ ਕੋ ਗਵਾਇਆ ਹੈ।

ਮਹਮਾ ਗੁਰ ਕੀ ਅਪਾਰ ਬਲਹਾਰ ਇਹ ਬਹਾਰ ਐਸੋ ਕੀਆ ਉਪਕਾਰ ਨਿਰਾਕਾਰ ਕੋ ਲਖਾਇਆ ਹੈ।

ਗੁਰ ਕਾਮਲ ਕੋ ਰਿਦੇ ਧਾਰ ਬੰਦਨਾ ਹੈ ਬਾਰ ਬਾਰ ਦਾਸ ਭਗਵਾਂਨ ਗੁਰ ਸਾਦਕੀ ਸਮਾਇਆ ਹੈ।।206।।

 

ਪਦ ਅਰਥ:-ਅਦੇਸ=ਨਮਸਕਾਰ। ਇਹਸਾਨ=ਮੇਹਰ ਕੀਤੀ। ਬਿਗਿਆਂਨ=ਆਤਮਕ ਗਿਆਨ। ਨਿਰਾਕਾਰ=ਅਕਾਰ ਰਹਿਤ। ਲਖਾਇਆ=ਜਣਾ ਦਿਤਾ। ਕਾਮਲ=ਪੂਰਾ। ਸਾਦਕੀ=ਸਿਦਕ ਵਾਲਾ, ਸ਼ਰਧਾਵਾਨ, ਸੱਚ ਦਾ ਧਾਰਨੀ।

ਅਰਥ:-ਐਸੇ ਗੁਰੂ ਨੂੰ ਸਦਾ ਰਿਦੇ ਵਿਚ ਧਾਰਨ ਕਰ ਤੇ ਨਮਸਕਾਰ ਕਰ ਜਿਸਨੇ ਸਰੂਪ ਦਾ ਗਿਆਨ ਕਰਾਇਆ ਹੈ। ਮੇਰੇ ਉਪਰ ਗੁਰੂ ਨੇ ਬੜੀ ਮੇਹਰ ਕੀਤੀ ਜੋ ਅਗਿਆਨ ਦੂਰ ਕਰਕੇ ਆਤਮਕ ਗਿਆਨ ਬਖਸ਼ਿਆ ਹੈ। ਗੁਰੂ ਦੀ ਅਪਾਰ ਮਹਿਮਾ ਹੈ। ਉਸ ਸਮੇਂ ਤੋਂ ਕੁਰਬਾਨ ਜਾਵਾਂ ਬੜਾ ਉਪਕਾਰ ਕਰਕੇ ਆਕਾਰ ਰਹਿਤ ਬ੍ਰਹਮ ਨੂੰ ਲਖਾ ਦਿੱਤਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਕਾਮਲ ਗੁਰੂ ਨੂੰ ਹਿਰਦੇ ਵਿਚ ਧਾਰਨ ਕਰਕੇ ਮੁੜ-ਮੁੜ ਨਮਸਕਾਰ ਕਰੋ ਕਿਉਂ ਜੋ ਗੁਰੂ ਸਿਦਕਵਾਨ ਸੱਚ ਵਿਚ ਸਮਾਇਆ ਹੈ॥206॥

ਕਬਿਤ।।

ਆਇਆ ਗੁਰ ਕੀ ਹੌਂ ਸਾਂਮ ਹੈ ਦੰਡੌਤ ਪਰਨਾਮ ਐਸੇ ਨਾਮ ਨਾਮੀ ਨਿਜ ਰੂਪ ਗੁਰ ਹੂੰ ਸੇ ਪਾਇਆ ਹੈ।

ਦਾਨੁ ਦੀਆ ਹੈ ਅਤੋਲ ਜੇਹਦਾ ਮੋਲ ਹੈ ਅਮੋਲ ਮੋਲ ਬੋਲ ਸੇ ਅਬੋਲ ਬੋਲ ਗੁਰ ਨੇ ਲਖਾਇਆ ਹੈ।

ਗੁਰ ਪਰਤਾਪ ਗਏ ਸਭ ਬਿਰਲਾਪ ਪਾਪ ਪਾਇ ਕੇ ਅਜਾਪ ਜਾਪ ਜਾਪ ਕੋ ਜਰਾਇਆ ਹੈ।

ਗੁਰ ਕਾਮਲ ਕੋ ਰਿਦੇ ਧਾਰ ਬੰਦਨਾ ਹੈ ਬਾਰ ਬਾਰ ਦਾਸ ਭਗਵਾਨ ਗੁਰ ਸਾਦਕੀ ਸਮਾਇਆ ਹੈ।।207।।

 

ਪਦ ਅਰਥ:- ਸਾਂਮ=ਸ਼ਰਨ। ਦੰਡੌਤ=ਪਰਨਾਮ=ਡੰਡੋਵੱਤ ਲੰਮੇ ਪੈ ਕੇ। ਨਿਜ ਰੂਪ=ਆਪਾ। ਬਿਰਲਾਪ=ਰੋਣੇ।

ਅਰਥ:- ਮੈਂ ਗੁਰ ਦੀ ਸ਼ਰਨ ਆਇਆ ਹਾਂ, ਡੰਡੋਵੱਤ ਹੋ ਕੇ ਨਮਸ਼ਕਾਰ ਕਰਦਾ ਹਾਂ, ਗੁਰੂ ਤੋਂ ਨਾਮੀ ਪ੍ਰਭੂ ਜੋ  ਅੰਤਰ ਆਤਮਾਂ ਵਿੱਚ ਸਮਾਇਆ ਹੈ। ਉਸਨੂੰ ਪ੍ਰਾਪਤ ਕੀਤਾ ਹੈ, ਨਾ ਤੋਲਿਆ ਜਾਣ ਵਾਲਾ ਦਾਨ ਦਿੱਤਾ ਜਿਸ ਦਾ ਮੁੱਲ ਅਮੋਲਕ ਹੈ ਜੋ ਬੋਲ ਕੇ ਦਸਿਆ ਨਹੀਂ ਜਾ ਸਕਦਾ, ਗੁਰ ਨੇ ਬੋਲ ਕੇ ਜਣਾ ਦਿੱਤਾ ਹੈ। ਗੁਰ ਕਿਰਪਾ ਦਾ ਸਦਕਾ ਵਿਰਲਾਪ ਦੂਰ ਹੋ ਗਏ, ਅਜਪਾ ਜਾਪ ਨੂੰ ਪ੍ਰਾਪਤ ਕਰਕੇ ਪਾਪ ਭੀ ਦੂਰ ਹੋ ਗਏ, ਜਾਪ ਵਾਲਾ ਸੁਭਾਅ ਅੰਦਰ ਜਾਗ ਪਿਆ। ਚੌਥੀ ਤੁਕ ਦੇ ਅਰਥ ਦੇ ਲਈ ਕਬਿੱਤ ਨੰ: 205 ਦੇ ਅਰਥ ਦੇਖੋ॥207॥

ਕਬਿਤ।।

ਪੀਰ ਕੋ ਅਦਾਬ ਉਠ ਕਰੀਏ ਸਤਾਬ ਜਿਨ ਇਸਕ ਦੇ ਬਾਬ ਦਾ ਹਿਸਾਬ ਸਿਖਲਾਇਆ ਹੈ।

ਪੀਰ ਨੇ ਪਲਾਇ ਪਿਆਲਾ ਕੀਆ ਮਤਵਾਲਾ ਹਮੇ ਹੂਆ ਹੈ ਉਜਾਲਾ ਆਲਾ ਐਸਾ ਬਤਲਾਇਆ ਹੈ।

ਪਈ ਲਸਕ ਅਜੈਬ ਗੈਬ ਗੈਬਲ ਹੋ ਰਹੇ ਗੈਬ ਦਰਜਾ ਆਵੈਬ ਐਸਾ ਪੀਰ ਦਿਖਲਾਇਆ ਹੈ।

ਪੀਰ ਕਾਮਲ ਕੋ ਰਿਦੇ ਧਾਰ ਬੰਦਨਾ ਹੈ ਬਾਰਿ ਬਾਰਿ ਦਾਸ ਭਗਵਾਨ ਪੀਰ ਸਾਦਕੀ ਸਮਾਇਆ ਹੈ ।।208।।

 

ਪਦ ਅਰਥ:- ਅਦਾਬ=ਸਤਿਕਾਰ। ਸਤਾਬ=ਛੇਤੀ। ਬਾਬ=ਸਬਕ। ਹਿਸਾਬ=ਰਸਤਾ, ਤਰੀਕਾ। ਮਤਵਾਲਾ=ਮਸਤ। ਉਜਾਲਾ=ਰੌਸ਼ਨੀ। ਆਲਾ=ਸੰਦ। ਗੈਬ ਗੈਬਲ=ਗੁਪਤ ਤੋਂ ਗੁਪਤ, ਮਨ ਇੰਦ੍ਰੀਆਂ ਤੋਂ ਪਰ੍ਹੇ। ਆਵੈਬ=ਹਿੱਸਾ, ਅੰਗ।

ਅਰਥ:- ਜਿਸਨੇ ਪਿਆਰੇ ਦੇ ਪਿਆਰ ਦਾ ਸਬਕ ਸਿਖਾਇਆ ਹੈ ਉਸਨੂੰ ਝੱਟ-ਪੱਟ ਉਠ ਕੇ ਅਦਾਬ (ਭਾਵ ਨਮਸ਼ਕਾਰ) ਕਰੀਏ। ਪੀਰ ਨੇ ਐਸਾ ਪਿਆਲਾ ਪਿਲਾਇਆ ਕਿ ਅਸੀਂ ਮਤਵਾਲੇ ਹੋ ਗਏ, ਐਸਾ ਰਸਤਾ ਦੱਸਿਆ ਕਿ ਅੰਦਰ ਰੌਸ਼ਨੀ ਹੋ ਗਈ। ਗੁਰੂ ਨੇ ਐਸਾ ਨਜ਼ਾਰਾ ਦਿੱਤਾ ਜੋ ਦਰਜਾ ਮਨ ਤੇ ਇੰਦ੍ਰੀਆਂ ਤੋਂ ਪਰ੍ਹੇ ਹੈ ਉਸਦਾ ਭੇਦ ਜਣਾ ਦਿੱਤਾ। ਚੌਥੀ ਤੁਕ ਦੇ ਅਰਥ ਲਈ ਕਬਿੱਤ ਨੰ: 205 ਦੇ ਅਰਥ ਦੇਖੋ ॥208॥

ਕਬਿਤ।।

ਪੀਰ ਕੋ ਸਲਾਮ ਕਰੀ ਸਚ ਦੀ ਕਲਾਂਮ ਜਿਨ ਤਕੀਆ ਤਮਾਮ ਆਮ ਨਾਮ ਫੁਰਮਾਇਆ ਹੈ।

ਪੀਰ ਜੇਹਾ ਇਨਸਾਨ ਨਂਹੀ ਬਿਚ ਹੈ ਜਹਾਂਨ ਕਰਿ ਰਿਹਾ ਮੈ ਧਿਆਨ ਨਂਹੀ ਨਜਰ ਕੋ ਆਇਆ ਹੈ।

ਐਸੀ ਪੀਰ ਦੀ ਸੀ ਸਾਨ ਕਰਾਂ ਜਾਂਨ ਕੁਰਬਾਨ ਕੈਸੇ ਕਹੇ ਏਹ ਜਬਾਨ ਨਾ ਨਦਾਨ ਏਹਾ ਪਾਇਆ ਹੈ।

ਪੀਰ ਕਾਮਲ ਕੋ ਰਿਦੇ ਧਾਰ ਬੰਦਨਾ ਹੈ ਬਾਰ ਬਾਰ ਦਾਸ ਭਗਵਾਂਨ ਪੀਰ ਸਾਦਕੀ ਸਮਾਇਆ ਹੈ।।209।।

 

ਪਦ ਅਰਥ:- ਸਚ ਦੀ ਕਲਾਂਮ=ਸੱਚਾ ਬਚਨ। ਤਕੀਆ=ਆਸਰਾ, ਓਟ, ਰਹਿਣ ਦੀ ਥਾਂ। ਇਨਸਾਨ=ਮਨੁੱਖ। ਸਾਨ=ਸ਼ੋਭਾ। ਨਦਾਨ=ਅਨਜਾਣ।

ਅਰਥ:- ਜਿਸ ਨਾਮ ਦੀ ਮਹਿਮਾ ਜਿਸ ਦੇ ਆਸਰਿਤ ਸਾਰਾ ਜਗਤ ਹੈ, ਗੁਰੂ ਨੇ ਦੱਸੀ, ਉਸ ਨੂੰ ਮੈਂ ਨਮਸਕਾਰ ਕਰਦਾ ਹਾਂ। ਗੁਰੂ ਜਿਹੀ ਹਸਤੀ ਦਾ ਮਾਲਕ ਸਾਰੇ ਜਹਾਨ ਵਿਚ ਟੋਲ੍ਹ  ਕਰਕੇ ਨਹੀਂ ਲੱਭ ਸਕਿਆ। ਐਸੇ ਗੁਰੂ ਦੀ ਸ਼ੋਭਾ ਨੂੰ ਜ਼ੁਬਾਨ ਬਿਆਨ ਨਹੀਂ ਕਰ ਸਕਦੀ। ਮੈਂ ਜਾਨ ਕੁਰਬਾਨ ਕਰ ਦਿਆਂ ਹੋਰ ਗੁਰੂ ਦੀ ਸ਼ੋਭਾ ਦਾ ਮੁੱਲ ਮੇਰੇ ਕੋਲ ਕੀ ਹੈ? ਭਾਵ ਨਹੀਂ ਹੈ। ਚੌਥੀ ਤੁਕ ਦਾ ਅਰਥ ਕਬਿੱਤ ਨੰ: 205 ਵਿਚ ਦੇਖੋ॥209॥

 

 

ਕਬਿਤ।।

ਸਿਜਦਾ ਗੁਜਾਰ ਦਿਲਦਾਰ ਦਸਤਗੀਰ ਜੀ ਕੋ ਰੌਸ਼ਨ ਜਮੀਰ ਜੁ ਤਾਮੀਰ ਲੀਏ ਆਇਆ ਹੈ।

ਸੀਨੇ ਦੀ ਸਫਾਈ ਕਰ ਗੈਹਰੀ ਹੈ ਖੁਦਾਈ ਪ੍ਰੇਮ ਪੋਦਾ ਵਹਾਂ ਏਕ ਧਿਆਨ ਸੋਂ ਲਗਾਇਆ ਹੈ।

ਅਨਭਵ ਰੂਪੀ ਫੂਲ ਉਤਰਿਆ ਸਮਾ ਪਾਇ ਗਿਆਨ ਰੂਪੀ ਫਲ ਐਸੇ ਤਹਾਂ ਪ੍ਰਗਟਾਇਆ ਹੈ।

ਗੁਰ ਪ੍ਰਸਾਦ ਰਸ ਰਸੀਆ ਹੋ ਪੀਆ ਜਬ ਦਾਸ ਭਗਵਾਨ ਬਿਗਿਆਂਨ ਪਦੁ ਪਾਇਆ ਹੈ।।210।।

 

ਪਦ ਅਰਥ:-ਸਿਜਦਾ=ਸਲਾਮ। ਦਿਲਦਾਰ=ਪਿਆਰੇ। ਦਸਤਗੀਰ=ਸਹਾਰਾ ਦੇਣ ਵਾਲਾ, ਆਸਰਾ ਦੇਣ ਵਾਲਾ। ਰੌਸ਼ਨ ਜਮੀਰ=ਰੂਹ ਦੇ ਖਿੜਾਓ ਵਾਲਾ। ਤਾਮੀਰ=ਉਸਾਰੀ। ਸੀਨੇ ਦੀ ਸਫਾਈ=ਦਿਲ ਸਾਫ਼। ਖੁਦਾਈ=ਪੁੱਟਣਾ। ਪੌਦਾ=ਬੂਟਾ। ਅਨਭਵ=ਪ੍ਰਤੱਖ ਗਿਆਨ।

ਅਰਥ:-ਪਿਆਰੇ ਰਹਿਬਰ ਨੂੰ ਝੁਕ ਕੇ ਸਲਾਮ ਕਰ, ਜੋ ਉੱਚੀ ਸੂਰਤ ਵਾਲਾ ਤੇਰੀ ਰੂਹ ਦੀ ਉਸਾਰੀ ਕਰਨ ਆਇਆ ਹੈ। ਦਿਲ ਸਾਫ ਕਰਕੇ ਡੂੰਘਾ ਪਰੇਮ ਰੂਪੀ ਬੂਟਾ ਬੜੇ ਗਹੁ ਨਾਲ ਲਗਾ। ਸਮਾਂ ਪਾ ਕੇ ਪ੍ਰਤੱਖ ਗਿਆਨ ਰੂਪੀ ਫੁੱਲ ਉਤਰੇਗਾ ਤੇ ਉਪਰੰਤ ਆਤਮਿਕ ਗਿਆਨ ਰੂਪ ਫਲ ਪ੍ਰਾਪਤ ਹੋਵੇਗਾ। ਗੁਰੂ ਦੀ ਕਿਰਪਾ ਦਾ ਸਦਕਾ ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਆਤਮਿਕ ਗਿਆਨ ਦੀ ਪ੍ਰਾਪਤੀ ਹੋਈ ਤਾਂ ਫਿਰ ਨਾਮ ਰੂਪੀ ਰਸ ਨੂੰ ਰਸੀਆ ਹੋ ਕੇ ਪੀਤਾ॥210॥

 

 

ਕਬਿਤ।।

ਚਮਨ ਲਗਾਇ ਚੰਬਾ  ਅੰਭਾ ਪਾ ਅਰਾਸਤੀ ਦਾ  ਬੋਧ ਕੇ ਬਲਾਸ ਸੇ ਸਨਾਸ ਸਾਖ ਲਾਇਆ ਹੈ।

ਸੌਕ ਕਾ ਸਕੂਫਾ  ਆਇ ਫੈਲਿਆ ਬਹਾਰ ਬਿਚ  ਫੈਹਮ ਫਲਾਰ ਫੂਲੁ ਅਜਬ ਸੁਹਾਇਆ ਹੈ।

ਸੁਰਤ ਔ ਨਿਰਤ ਇਹ  ਮਾਲਣ ਇਕੱਤ੍ਰ ਹੋ  ਚੁਣ ਚੁਣ ਫੂਲ ਫੂਲ ਫੂਲ ਕੋ ਫਲਾਇਆ ਹੈ।

ਪਾਇਆ ਜਦੋਂ ਰਸੁ  ਆਇ ਰਸੀਆ ਹੋ ਰਸ  ਰਸ ਦਾਸ ਭਗਵਾਂਨ ਬਿਚ ਸੇਹਤਿ ਸਮਾਇਆ ਹੈ।।211।।

 

ਪਦ ਅਰਥ:-ਚੰਬਾ=ਚੰਬੇਲੀ ਦੇ ਫੁੱਲ। ਅੰਭ=ਪਾਣੀ। ਅਰਾਸਤੀ=ਸਜਾਵਟ। ਬੋਧ ਕੇ ਬਲਾਸ=ਗਿਆਨ ਗੋਸ਼। ਸਨਾਸ=ਪਛਾਣ। ਸਕੂਫਾ=ਖਿੜਿਆ ਹੋਇਆ। ਫੈਹਮ=ਸਮਝ। ਸੁਰਤ ਔ ਨਿਰਤ=ਸੁਰਤ ਵਿੱਚ ਨਿਰਨਯ, ਕਰਨਾ। ਸੇਹਤਿ=ਯਥਾਰਥਾ, ਦਰੁਸਤੀ।

ਅਰਥ:-ਚੰਬੇਲੀ ਦੇ ਫੁੱਲ ਦਾ ਉਦਾਹਰਣ ਦੇ ਕੇ ਨਾਮ ਦੀ ਸੁਗੰਧੀ ਦਾ ਬਿਆਨ ਕਰਦੇ ਹਨ। ਬਾਗ ਵਿਚ ਅੰਤਰ ਆਤਮ ਸੁਗੰਧਿਤ ਚੰਮੇਲੀ ਦਾ ਬੂਟਾ ਲਾਓ ਤੇ ਸਜਾਵਟ ਦਾ ਪਾਣੀ ਪਾਓ, ਗਿਆਨ ਦੀ ਵਿਚਾਰ ਨਾਲ ਬ੍ਰਹਮ ਦੀ ਪਛਾਣ ਕਰੋ ਇਹ ਮਾਨੋ ਟਹਿਣੀਆਂ ਹਨ। ਪਰੇਮ ਰੂਪੀ ਫੁੱਲ ਬਹਾਰ ਵਿਚ ਖਿੜਦਾ ਹੈ। ਉਚ ਸਮਝ ਰੂਪੀ ਫੈਲਾਓ ਜਾਂ ਖਿੜਾਓ ਦੇ ਕਾਰਨ ਇਹ ਆਤਮਿਕ ਫੁੱਲ ਬੜਾ ਸੋਭਾ ਵਾਲਾ ਹੈ। ਸੁਰਤੀ ਦੁਆਰਾ ਨਿਰਣਾ ਕਰਕੇ ਜਾਣੋ ਇਹ ਮਾਲਕ ਨੇ ਚੁਣ-ਚੁਣ ਕੇ ਫੁਲ ਬਾਗ ਵਿਚੋਂ ਲਿਆਂਦੇ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਜਦੋਂ ਨਾਮ ਰਸ ਦੀ ਸੁਗੰਧੀ ਨੂੰ ਰਸੀਆ ਹੋ ਕੇ ਪ੍ਰਾਪਤ ਕੀਤਾ ਤਾਂ ਯਥਾਰਥ ਪਦ ਵਿਚ ਲੀਨ ਹੋ ਗਏ॥211॥

 

 

ਕਬਿਤ ||

ਏਕ ਹੀ ਬ੍ਰਹਮ ਕਾ ਪਸਾਰ  ਪ੍ਰਕਿਤ ਭੇਦ  ਬ੍ਰਹਮ ਬਤਰੇਕ  ਨਂਹੀ ਭਇਆ ਕਛੂ ਕਾਰ ਹੈ।

ਬ੍ਰਹਮ ਕਾ ਬਲਾਸੁ ਸਾਰੇ  ਬ੍ਰਹਮ ਅਬਨਾਸੁ ਸਾਰੇ  ਬ੍ਰਹਮ ਕੇ ਹੁਲਾਸ  ਪ੍ਰਕਾਸ ਸੰਸਾਰ ਹੈ।

ਪ੍ਰਕ੍ਰਿਤ ਭਾਵਨਾ ਸੇ  ਪ੍ਰਕ੍ਰਿਤ ਰੂਪੁ ਹੋਇ ਕਰ  ਜੀਵ ਭਾਵ ਮੰਨ  ਪਾਏ ਕਸਟ ਹਜਾਰ ਹੈ।

ਬ੍ਰਹਮ ਭਾਵਨਾ ਸੇ  ਬ੍ਰਹਮ ਰੂਪੁ ਹੋਇ ਜਾਇ  ਦਾਸ ਭਗਵਾਨ ਬ੍ਰਹਮ ਅਪਰ ਅਪਾਰ ਹੈ ||212||

 

ਪਦ ਅਰਥ:-ਬ੍ਰਹਮ=ਪ੍ਰਭੂ। ਪ੍ਰਕ੍ਰਿਤ=ਮਾਇਆ। ਬਤਰੇਕ=ਜੁਦਾ। ਅਬਨਾਸ=ਨਾ ਨਾਸ਼ ਹੋਣ ਵਾਲਾ। ਹੁਲਾਸ=ਉਤਸ਼ਾਹ।

ਅਰਥ:-ਸਾਰੇ ਇੱਕ ਬ੍ਰਹਮ ਦਾ ਹੀ ਪਸਾਰਾ ਹੈ, ਐਪਰ ਮਾਇਆ ਦੀ ਉਪਾਧੀ ਕਰਕੇ ਬ੍ਰਹਮ ਭਿੰਨ ਪ੍ਰਤੀਤ ਹੁੰਦਾ ਹੈ। ਬ੍ਰਹਮ ਦੀ ਹੀ ਸਾਰੀ ਖੇਡ ਹੈ ਤੇ ਨਾ ਨਾਸ਼ ਹੋਣ ਵਾਲਾ ਬ੍ਰਹਮ ਦਾ ਹੀ ਸਾਰੇ ਸੰਸਾਰ ਵਿਚ ਪ੍ਰਕਾਸ਼ ਹੋ ਰਿਹਾ ਹੈ। ਮਾਇਆ ਦੀ ਉਪਾਧੀ ਕਰਕੇ ਜੀਵ ਆਪਣੇ ਆਪ ਨੂੰ ਬ੍ਰਹਮ ਤੋਂ ਜੁਦਾ ਸਮਝ ਕੇ ਹਜ਼ਾਰਾਂ ਹੀ ਕਸ਼ਟ ਝੱਲਦਾ ਹੈ। ਬ੍ਰਹਮ ਭਾਵਨਾ ਪੈਦਾ ਹੋਣ ਨਾਲ ਮਨੁੱਖ ਬ੍ਰਹਮ ਰੂਪ ਹੀ ਹੋ ਜਾਂਦਾ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਬ੍ਰਹਮ ਪਰ੍ਹੇ ਤੋਂ ਪਰ੍ਹੇ ਹੈ ਅਤੇ ਅਪਾਰ ਤੋਂ ਅਪਾਰ ਹੈ ॥212॥

 

 

ਕਬਿਤ।।

ਬ੍ਰਿਤੀ ਸੰਕੋਚ ਪ੍ਰਕ੍ਰਿਤ ਬਸਾਰ ਕਰ  ਇਸਥਿਤੀ ਪਾਇ  ਦੇਖੁ ਆਪਣੇ ਹੀ ਆਪ ਕੋ।

ਸੂਖਮੁ ਸਰੂਪੁ ਰੂਪੁ ਆਪਣਾ ਨਿਹਾਰ ਕਰ  ਸੰਸਨ ਬਸਾਰ ਡਾਰ ਜਾਰ ਤੀਨ ਤਾਪ ਕੋ।

ਬ੍ਰਹਮ ਅਭਆਸ ਐਸੇ ਕਰੀਏ ਨਿਵਾਸ  ਨਂਹੀ ਰਹੇ ਕਰਤਬ ਖੋਇ ਜਾਪੁ ਔ ਅਜਾਪ ਕੋ।

ਦਾਸ ਭਗਵਾਂਨ ਨਂਹੀ ਗਿਆਂਨ ਅਗ੍ਹਾਨ ਰਹੇ  ਪਾਇ ਬਿਗਿਆਨ ਹਰੋ ਮਾਪ ਔ ਅਮਾਪ ਕੋ।।213।।

 

ਪਦ ਅਰਥ:-ਸੰਕੋਚ=ਕੱਠੀ ਕਰਨਾ। ਇਸਥਿਤੀ=ਟਿਕਾਓ। ਸੂਖਮੁ=ਬਰੀਕ। ਨਿਹਾਰ=ਦੇਖਣਾ। ਸੰਸਨ ਬਸਾਰ=ਸੰਸੇ ਛੱਡਦੇ। ਤੀਨ ਤਾਪ=ਆਧਿ, ਬਿਆਧਿ, ਉਪਾਧੀ। ਹਰੋ=ਦੂਰ ਕਰੋ।

ਅਰਥ:-ਮਾਇਆ ਵਲੋਂ ਸੁਰਤੀ ਨੂੰ ਰੋਕ ਕੇ ਬਿਰਤੀ ਨੂੰ ਟਿਕਾ ਕੇ ਆਪਣੇ ਆਪ ਨੂੰ ਦੇਖੋ। ਆਪਣੇ ਅਸਲੀ ਰੂਪ ਨੂੰ ਦੇਖ ਕੇ ਸੰਸੇ ਬਿਰਤੀ ਦੂਰ ਕਰਕੇ ਤਿੰਨਾਂ ਤਾਪਾਂ ਨੂੰ ਅਚਨਚੇਤ ਸਾੜੋ (ਭਾਵ ਆਧਿ=ਆਤਮਕ ਦੁਖ, ਬਿਆਧਿ=ਸਰੀਰਕ ਰੋਗ। ਉਪਾਧਿ=ਅਚਨਚੇਤ ਦਾ ਦੁੱਖ) ਹੌਲੇ-ਹੌਲੇ ਅਭਿਆਸ ਦੁਆਰਾ ਅਸਲੀ ਟਿਕਾਣੇ ਤੇ ਪੁੱਜੋ ਜਿਥੇ ਜਾਪ ਅਜਾਪ ਦਾ ਕੋਈ ਥਾਂ ਨਹੀਂ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਆਤਮਿਕ ਗਿਆਨ ਪ੍ਰਾਪਤ ਕਰਕੇ ਜੋ ਗਿਆਨ ਅਗਿਆਨ ਤੋਂ ਪਰ੍ਹੇ ਤੇ ਮਾਪ ਤੋਂ ਬਾਹਰ ਹੈ ॥213॥

 

 

ਕਬਿਤ।।

ਏਕ ਹੀ ਬ੍ਰਹਮ ਕੀਆਂ  ਦੱਮਕਾਂ ਅਨੇਕ ਹੋਇ  ਮਾਰ ਮਾਰ ਠਾਠ ਕੈਸੇ ਕਰਤ ਕਲੋਲ ਹੈ।

ਕਂਹੀ ਹੋ ਪਰਿੰਦ  ਜਾਇ ਉਡਦੇ ਅਕਾਸ ਮੇ ਹੈਂ  ਕਂਹੀ ਹੋ ਚਰਿੰਦ ਚੁਗ ਜਿਮੀ ਕਰੇ ਬੋਲ ਹੈ।

ਕਂਹੀ ਹੋ ਚੁਪਾਏ ਖਾਇ ਰਹੇ ਹੈਂ ਚੁਪਾਇਆਂ ਕੋ ਕਂਹੀ ਨਰ ਨਾਰ ਹੋਇ ਕਰ ਰਹੇ ਚੋਹਲ ਹੈਂ ।

ਐਸੋ ਅਦ੍ਵੈਤ ਬ੍ਰਹਮ  ਏਕ ਸਰਬ ਆਤਮਾ ਹੈ  ਦਾਸ ਭਗਵਾਨ ਗੁਣ ਬ੍ਰਹਮ ਕੇ ਅਤੋਲ ਹੈ।।214।।

 

ਪਦ ਅਰਥ:-ਦੱਮਕਾਂ=ਚਮਤਕਾਰ। ਪਰਿੰਦ=ਪੰਛੀ। ਚਰਿੰਦ=ਪਸ਼ੂ। ਚੁਪਾਏ=ਸ਼ੇਰ ਆਦਿਕ। ਚੁਪਾਏ=ਹਰਨ ਆਦਿ। ਚੋਹਲ=ਹਾਸ ਬਲਾਸ। ਅਦ੍ਵੈਤ=ਦ੍ਵੈਤ ਬਿਨਾਂ ਭਾਵ ਕਰਤਾਰ।

ਅਰਥ:-ਸਾਰੇ ਚਮਤਕਾਰ ਬ੍ਰਹਮ ਦੇ ਹਨ, ਠਾਠਾਂ ਮਾਰ ਕੇ ਕਲੋਲ ਕਰ ਰਿਹਾ ਹੈ। ਕਿਤੇ ਪੰਛੀ ਹੋ ਕੇ ਅਕਾਸ਼ ਵਿਚ ਉੱਡ ਰਿਹਾ ਹੈ, ਕਿਤੇ ਪਸ਼ੂ ਹੋ ਕੇ ਚੁਗ ਰਿਹਾ ਹੈ ਤੇ ਕਈ ਬੋਲ ਬੋਲਦਾ ਹੈ। ਕਿਤੇ ਸ਼ੇਰ ਬਘਿਆੜ ਹੋ ਕੇ ਹਰਨ ਆਦਿਕਾਂ ਨੂੰ ਮਾਰ ਕੇ ਖਾ ਰਿਹਾ ਹੈ, ਕਿਤੇ ਇਸਤਰੀ ਪੁਰਸ਼ ਦਾ ਜਾਮਾ ਧਾਰ ਕੇ ਚੋਹਲ ਕਰ ਰਿਹਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਦ੍ਵੈਤ ਤੋਂ ਰਹਿਤ ਇਕੋ ਹੀ ਬ੍ਰਹਮ  ਸਾਰਿਆਂ ਵਿਚ ਸਮਾ ਰਿਹਾ ਹੈ, ਜਿਸ ਦੇ ਗੁਣ ਤੋਲੇ ਨਹੀਂ ਜਾ ਸਕਦੇ॥214॥

 

 

ਕਬਿਤ।।

ਏਕ ਹੀ ਬ੍ਰਹਮ ਕੀਆਂ  ਤਾਕਤਾਂ ਅਨੇਕ ਭਾਂਤ  ਲਹਰ ਉਠਾਇ ਕਰ ਰਹੀ ਜੋਰ ਸੋਰ ਹੈ।

ਕਂਹੀ ਮੁਰਗ ਗੁਜਾਰੇ ਬਾਂਗ ਝਪਟੇ ਬਲਰੀਆ ਆ  ਕਂਹੀ ਸੁਵਾਨਨ ਚਲਾਏ ਚਲੇ ਜਾਤੇ ਕੈਸੇ ਮੋਰ ਹੈ।

ਘੁਗੀ ਸਾਰਸ ਕਪੋਤ  ਕਂਹੀ ਚਿੜੀਆਂ ਹੈਂ ਚੁਹਕ ਰਂਹੀ  ਸਿਕਰਾ ਔ ਬਾਜ ਕਂਹੀ ਕਰ ਰਹੇ ਜੋਰ ਹੈ।

ਦਾਸ ਭਗਵਾਂਨ  ਕੈਸੇ ਕਰੀਏ ਬਖਾਂਨ  ਐਸੇ ਬ੍ਰਹਮ ਪ੍ਰਕਾਸ ਸੇ ਪ੍ਰਕਾਸ ਸਭ ਓਰ ਹੈ।।215।।

 

ਦ ਅਰਥ:-ਮੁਰਗ=ਕੁੱਕੜ। ਬਲਰੀਆ=ਬਿਲੀਆਂ। ਸਵਾਨਨ=ਕੁੱਤੇ। ਸਾਰਸ=ਸਾਰਕਾਂ। ਕਪੋਤ=ਕਬੂਤਰ।

ਅਰਥ:-ਇੱਕ ਬ੍ਰਹਮ ਦੀਆਂ ਅਨੇਕ ਤਾਕਤਾਂ ਹਨ, ਕਿਤੇ (ਸਮੁੰਦਰ ਤੇ ਦਰਿਆ) ਲਹਿਰਾਂ ਉਠਾ ਕੇ ਸ਼ੋਰ ਕਰ ਰਿਹਾ ਹੈ। ਕਿਤੇ ਕੁੱਕੜ ਹੋ ਕੇ ਬਾਂਗ ਦੇ ਰਿਹਾ ਹੈ, ਕਿਤੇ ਬਿੱਲੀ ਬਣ ਕੇ ਕੁੱਕੜ ਨੂੰ ਝਪਟਾਂ ਮਾਰਦਾ ਹੈ, ਕਿਤੇ ਕੁੱਤੇ ਭੌਂ-ਭੌਂ ਕਰਦੇ ਹਨ, ਕਿਤੇ ਮੋਰ ਹੋ ਕੇ ਸ਼ੋਰ ਪਾ ਰਿਹਾ ਹੈ ਤੇ ਪੈਲਾਂ ਪਾਉਂਦਾ ਹੈ। ਘੁਗੀਆਂ, ਸਾਰਕਾਂ ਤੇ ਕਬੂਤਰ ਬਣ ਕੇ ਤੇ ਚਿੜੀਆਂ  ਵੱਖੋ-ਵੱਖਰੀਆਂ ਬੋਲੀਆਂ ਬੋਲ ਰਿਹਾ ਹੈ। ਬਾਜ ਤੇ ਸ਼ਿਕਰਾ ਮਾਸਾਹਾਰੀ ਬਣ ਕੇ ਪੰਛੀਆਂ ਤੇ ਜ਼ੋਰ ਕਰਕੇ ਦਿਖਾਲ ਰਿਹਾ ਹੈ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਕੀ-ਕੀ ਬਿਆਨ ਕਰੀਏ? ਬ੍ਰਹਮ ਦੇ ਪ੍ਰਕਾਸ਼ ਤੋਂ ਹੀ ਸਭ ਪ੍ਰਕਾਸ਼ਮਾਨ ਹਨ॥215॥

ਕਬਿਤ।।

ਏਕ ਹੈ ਬ੍ਰਹਮ  ਹੋਰ ਦੂਸਰੋ ਭਰਮ  ਇਹੁ ਜਾਣ ਕੇ ਮਰਮ ਜੁ ਪ੍ਰਮ ਪਦੁ ਲਹੀਏ।

ਰੋਜ ਹਰਿ ਰੋਜ  ਰੂਹ ਆਪਣੇ ਨੂੰ ਖੋਜ  ਐਸੇ ਪਾਇ ਕਰ ਚੋਜ ਨਾ ਬਸੋਝ ਬਣ ਬਹੀਏ।

ਨਂਹੀ ਕਰੀਏ ਗੁਮਾਨ  ਐਸੇ ਹੋਇ ਕੇ ਸੁਜਾਨ  ਫਿਰਿ ਪਾਇ ਕੇ ਗਿਆਨ ਬਿਗਿਆਂਨ ਹੀ ਮੇ ਰਹੀਏ।

ਦਾਸ ਭਗਵਾਂਨ  ਕਰ ਅਮੀ ਰਸ ਪਾਂਨ  ਏਹੀ ਸਚ ਕਾ ਧਿਆਨ ਜੋ ਬ੍ਰਹਮ ਬਾਕ ਗਹੀਏ।।216।।

 

ਪਦ ਅਰਥ:-ਮਰਮ=ਭੇਦ। ਪ੍ਰਮ ਪਦੁ=ਗਿਆਨ ਪ੍ਰਾਪਤੀ। ਚੋਜ=ਚੋਜੀ। ਬਸੋਝ=ਬੇਸਮਝ। ਬਿਗਿਆਂਨ=ਆਤਮਿਕ ਅਵਸਥਾ। ਅਮੀ ਰਸ=ਅੰਮ੍ਰਿਤ। ਬੁੱਧ ਪਾਂਨ=ਪੀਣਾ। ਬ੍ਰਹਮ ਬਾਕ=ਗੁਰੂ ਦੀ ਕਿਰਪਾ ਦੁਆਰਾ ਬਖਸ਼ਿਆ ਹੋਇਆ ਗੁਰੂ ਸ਼ਬਦ ਰੂਪੀ ਵਾਕ।

ਅਰਥ:- ਬ੍ਰਹਮ ਇੱਕ ਹੈ ਹੋਰ ਸਭ ਭਰਮ ਹਨ, ਇਸ ਭੇਦ ਨੂੰ ਜਾਣ ਕੇ ਪਰਮ ਪਦ ਨੂੰ ਪ੍ਰਾਪਤ ਕਰ ਸਕਦੇ ਹਾਂ। ਹਰ ਦਿਨ ਹਰ ਸਮੇਂ ਆਪਣੀ ਰੂਹ ਦੀ ਖੋਜ ਕਰੋ, ਐਸਾ ਉੱਚਾ ਖਿਆਲ ਪ੍ਰਾਪਤ ਕਰਕੇ ਬੇਸਮਝ ਹੋ ਕੇ ਨਹੀਂ ਰਹਿਣਾ ਚਾਹੀਦਾ। ਐਸੀ ਉੱਚ ਸਮਝ ਪ੍ਰਾਪਤ ਕਰਕੇ ਅਹੰਕਾਰ ਨਾ ਕਰੀਏ ਤੇ ਹਰ ਵੇਲੇ ਆਤਮਿਕ ਅਵਸਥਾ ਵਿਚ ਮਗਨ ਰਹੀਏ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸੱਚ ਦਾ ਧਿਆਨ ਇਹੀ ਹੈ ਕਿ ਗੁਰੂ ਸ਼ਬਦ ਦਾ ਸੁਆਸ-ਸੁਆਸ ਅਭਿਆਸ ਕਰਕੇ ਹੀ ਅਸੀਂ ਅੰਮ੍ਰਿਤ-ਰਸ ਨੂੰ ਪੀ ਸਕਦੇ ਹਾਂ॥216॥

 

 

ਕਬਿਤ।।

ਏਕ ਹੀ ਬ੍ਰਹਮ  ਪ੍ਰਵਿਰਤੇ ਅਨੇਕ ਭਾਂਤ   ਦੇਖ ਕੇ ਖਲਾਰ ਹਮ ਹੂਏ ਬਿਸਮਾਦ ਹੈ।

ਕਂਹੀ  ਵਿਦ੍ਵਾਂਨ ਹੋਇ  ਕਰੇ ਉਪਦੇਸ ਹੀ  ਅਵਿਦਿਆ ਕੋ ਪਾਇ ਕਂਹੀ ਕਰਤ ਫਸਾਦ ਹੈ।

ਬੰਧੂਏ ਬਿਖਾਈ  ਕਂਹੀ ਬੰਦੀਖਾਂਨੇ ਬੰਦ ਹੋਹ  ਆਦਲ ਬਹਾਰ ਬਿਚ ਕਰੇ ਕਂਹੀ ਸਾਦ ਹੈ।

ਦਾਸ ਭਗਵਾਂਨ ਕੈਸੇ  ਕਰੀਏ ਬਖਾਨ  ਐਸੋ ਬ੍ਰਹਮ ਅਪ੍ਰਮਾਨ ਦਸੋ ਦਿਸਾ ਹੀ ਅਬਾਦ ਹੈ।।217।।

 

ਪਦ ਅਰਥ:-ਪ੍ਰਵਿਰਤੇ=ਪਸਰਿਆ ਹੋਇਆ। ਬਿਸਮਾਦ=ਅਸਚਰਜ। ਬੰਧੂਏ=ਬੰਨ੍ਹੇ ਹੋਏ। ਬੰਦੀਖਾਂਨੇ=ਜੇਲ੍ਹ। ਆਦਲ=ਇਨਸਾਫ ਕਰਨ ਵਾਲਾ। ਸਾਦ=ਖੁਸ਼ੀਆਂ। ਅਪ੍ਰਮਾਨ=ਨਾ ਮਿਣਿਆਂ ਜਾਣ ਵਾਲਾ। ਦਸੋ ਦਿਸਾ=ਚਾਰ ਪਾਸੇ, ਚਾਰ ਕੋਨੇ, ਧਰਤੀ ਤੇ ਆਕਾਸ਼।

ਅਰਥ:-ਇਕ ਬ੍ਰਹਮ ਹੀ ਕਈ ਰੂਪ ਧਾਰ ਕੇ ਪਸਰ ਰਿਹਾ ਹੈ, ਉਸ ਦਾ ਪਸਾਰਾ ਦੇਖ ਕੇ ਅਸੀਂ ਅਸਚਰਜ ਹੋ ਰਹੇ ਹਾਂ। ਕਿਤੇ ਵਿਦਵਾਨ ਹੋ ਕੇ ਉਪਦੇਸ਼ ਕਰਦਾ ਹੈ, ਕਿਤੇ ਮੂਰਖ ਹੋ ਕੇ ਝਗੜੇ ਹੀ ਖੜ੍ਹੇ ਕਰਦਾ ਹੈ। ਕਿਤੇ ਫਸਾਦੀ ਹੋ ਕੇ ਕੈਦੀ ਬਣਕੇ ਕੈਦਖਾਨੇ ਵਿੱਚ ਪਿਆ ਹੈ ਕਿਧਰੇ ਅਦਾਲਤੀ ਹੋ ਕੇ ਇਨਸਾਫ ਕਰ ਰਿਹਾ ਹੈ ਤੇ ਕਿਤੇ ਖੁਸ਼ੀਆਂ ਕਰ ਰਿਹਾ ਹੈ। ਬ੍ਰਹਮ ਦੇ ਪਸਾਰੇ ਨੂੰ ਕਿਥੋਂ ਤਕ ਦੱਸੀਏ? ਰਾਜਾ ਸਾਹਿਬ ਕਥਨ ਕਰਦੇ ਹਨ ਕਿ ਬ੍ਰਹਮ ਦੀ ਮਿਣਤੀ ਨਹੀਂ ਹੋ ਸਕਦੀ। ਦਸੋ ਦਿਸ਼ਾ ਓਸੇ ਦੀ ਆਬਾਦੀ ਹੈ॥217॥

 

ਕਬਿਤ।।

ਤੂੰ ਹੀ ਆਤਮਾਂ ਬ੍ਰਹਮ  ਬੇਦ ਤੂੰ ਹੀ ਹੈ ਅਭੇਦ ਭੇਦ  ਅਛਲ ਅਛੇਦ ਛੇਦ ਹੋਇਆ ਹੈ ਨਦਾਨ ਤੂੰ।

 ਤੂੰ ਹੀ ਰਾਮ ਔ ਰਹੀਮ  ਤੂੰ ਹੀ ਗਾਫਲ ਗਨੀਮ  ਤੂੰ ਹੀ ਹਾਕਮ ਹਕੀਮ ਭਇਆ ਸਾਕਨ ਸੁਜਾਨ ਤੂੰ।

ਤੂੰ ਹੀ ਮੌਲਵੀ ਮੁਲਾਣਾ  ਤੂੰ ਹੀ ਪੰਡਿਤ ਸਿਆਣਾਂ  ਤੂੰ ਹੀ ਹੋਇਕੇ ਨਿਤਾਣਾ ਭੌਂਦਾ ਫਿਰੇਂ ਬੀਆਬਾਨ ਤੂੰ।

ਸ੍ਰਬ ਜਹਾਂਨ  ਤੂੰ ਹੀ ਸੂਖਮ ਸਮਾਂਨ ਜਾਂਨ  ਦਾਸ ਭਗਵਾਂਨ ਆਹਾ ਸਭਿ ਦਰਮਿਆਂਨ ਤੂੰ।।218।।

 

ਸ਼ਬਦ ਅਰਥ:-ਆਤਮਾਂ=ਪ੍ਰਭੂ। ਬ੍ਰਹਮ ਬੇਦ=ਬ੍ਰਹਮ ਨੂੰ ਜਾਨਣ ਵਾਲਾ। ਅਭੇਦ ਭੇਦ=ਭੇਤ ਬਿਨਾਂ। ਅਛਲ=ਨਾ ਛਲਿਆ ਜਾਣ ਵਾਲਾ। ਨਦਾਨ=ਬੇਸਮਝ। ਗਾਫਲ=ਗਫਲਤ ਕਰਨ ਵਾਲਾ। ਗਨੀਮ=ਦੁਸ਼ਮਣ। ਹਾਕਮ=ਅਫਸਰ। ਹਕੀਮ=ਵੈਦ। ਸਾਕਨ=ਟਿਕਾਣਾ। ਸੁਜਾਨ=ਸਮਝਦਾਰ। ਭੌਂਦਾ=ਫਿਰਨਾ। ਬੀਆਬਾਨ=ਉਜਾੜ। ਸਮਾਂਨ=ਇਕੋ ਜਿਹਾ। ਆਹਾ=ਹੈਂ। ਦਰਮਿਆਂਨ=ਸਭ ਦੇ ਅੰਦਰ।

ਅਰਥ:-ਤੂੰ ਹੀ ਆਤਮਾ ਹੈਂ ਤੇ ਫਿਰ ਜਾਨਣ ਵਾਲਾ ਭੀ ਤੂੰ ਹੀ ਹੈਂ, ਭੇਦ ਰਹਿਤ, ਨਾ ਛਲਿਆ ਜਾਣ ਵਾਲਾ, ਨਾ ਕੱਟਿਆ ਜਾਣ ਵਾਲਾ ਤੇ ਬੇਸਮਝ ਭੀ ਤੂੰ ਹੀ ਹੈਂ। ਹਿੰਦੂਆਂ ਦਾ ਰਾਮ ਤੇ ਮੁਸਲਮਾਨਾਂ ਦਾ ਰਹੀਮ ਭੀ ਤੂੰ ਹੀ ਹੈਂ। ਗਾਫਲ ਵਿੱਚ ਤੇ ਦੁਸ਼ਮਣ ਵਿੱਚ ਦੁਸ਼ਮਣੀ ਭੀ ਤੇਰੀ ਹੀ ਹੈ। ਹੁਕਮ ਕਰਨ ਵਾਲਾ ਹਾਕਮ ਤੇ ਰੋਗੀਆਂ ਨੂੰ ਦਾਰੂ ਦੇਣ ਵਾਲਾ ਹਕੀਮ ਤੇ ਸੁਜਾਨ ! ਸਾਰੇ ਤੇਰੇ ਟਿਕਾਣੇ ਹਨ। ਮੌਲਵੀ ਮੁਲਾਣਾ ਹੋ ਕੇ ਸ਼ਰਾ ਦੇ ਰਸਤੇ ਦੱਸਣ ਵਾਲਾ ਤੇ ਪੰਡਿਤਾਂ ਵਿਚ ਪੰਡਤਾਈ ਭੀ ਤੇਰੀ ਹੀ ਹੈ ਤੇ ਫਿਰ ਕਮਜ਼ੋਰ ਹੋ ਕੇ ਜੰਗਲਾਂ ਵਿਚ ਤੂੰ ਹੀ ਭੌਂਦਾ ਫਿਰਦਾ ਹੈਂ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮਾਤਮਾ ਸਾਰੇ ਜਗਤ ਵਿੱਚ ਸੂਖਮ ਤੋਂ ਅਤੀ ਸੂਖਮ ਹੋ ਕੇ ਭਾਵ ਛੋਟੇ ਤੋਂ ਛੋਟਾ ਹੋ ਕੇ ਵਿਚਰ ਰਿਹਾ ਹੈਂ ਅਤੇ ਸਾਰਿਆਂ ਦੀ ਅੰਤਰ ਆਤਮਾ ਵਿਚ ਸਮਾਇਆ ਹੋਇਆ ਹੈਂ॥218॥

 

ਕਬਿਤ।।

ਨੂਰ ਕਾ ਫਲਾਰ  ਹੈ ਖਲਾਰ ਜੋ ਬਿਹਾਰ ਯਾਰ  ਨੂਰ ਕੀ ਪੁਕਾਰ ਸਾਰੇ ਨੂਰ ਭਰਪੂਰ ਹੈ।

ਨੂਰ ਕੀ ਪਨਾਹ ਸਾਰੇ  ਨੂਰ ਹੀ ਗਵਾਹ ਸਾਰੇ  ਨੂਰ ਕੀ ਸਲਾਹ ਸਾਰੇ  ਨੂਰ ਕਾ ਜਹੂਰ ਹੈ।

ਨੂਰ ਕਾ ਉਜਾਰਾ ਸਾਰੇ  ਨੂਰ ਕਾ ਇਸਾਰਾ ਸਾਰੇ  ਨੂਰ ਕਾ ਨਜਾਰਾ ਸਾਰੇ  ਘੁਰ ਦਾ ਮਮੂਰ ਹੈ।

ਜੁਮਲਾ ਜਹਾਂਨ  ਦਰਮਿਆਨ ਜਾਨ ਨੂਰ ਹੈ ਜੁ  ਦਾਸ ਭਗਵਾਂਨ ਵਾਹ ਵਾਹ ਕੈਸੇ ਨੂਰ ਹੈ।।219।।

 

ਪਦ ਅਰਥ:-ਫਲਾਰ=ਪਸਾਰਾ। ਭਰਪੂਰ=ਪਰੀਪੂਰਨ। ਪਨਾਹ=ਆਸਰਾ। ਜਹੂਰ=ਨਜ਼ਾਰਾ। ਉਜਾਰਾ=ਰੌਸ਼ਨੀ। ਇਸਾਰਾ=ਸੈਨਤ। ਘੁਰ=ਸੂਰ ਆਦਿਕ ਪਸ਼ੂਆਂ ਦਾ ਸ਼ਬਦ। ਮਮੂਰ=ਖੁਸ਼ ਹਾਲਤ। ਜੁਮਲਾ=ਸਾਰਾ। ਦਰਮਿਆਨ=ਵਿਚਕਾਰ। ਨੂਰ=ਕਰਤਾਰ ਦਾ ਚਮਤਕਾਰ।

ਅਰਥ:- ਹੇ ਮਿਤ੍ਰਾ ਨੂਰ ਦਾ ਸਾਰੇ ਵਿਹਾਰ ਫੈਲਾਓ ਉਤੇ ਪਸਾਰ ਹੈ, ਨੂਰ ਦਾ ਹੀ ਬੋਲਬਾਲਾ ਤੇ ਨੂਰ ਹੀ ਸਾਰੇ ਭਰਪੂਰ ਹੈ। ਸਭ ਨੂਰ ਦੇ ਹੀ ਆਸਰੇ ਹਨ ਤੇ ਨੂਰ ਹੀ ਸਾਰਿਆਂ ਦਾ ਸ੍ਰੇਸ਼ਟ ਗਵਾਹ ਹੈ। ਨੂਰ ਹੀ ਸਾਰਿਆਂ ਦਾ ਸਲਾਹਕਾਰ ਤੇ ਓਸੇ ਦਾ ਹੀ ਸਾਰੇ ਜ਼ਹੂਰ ਹੈ। ਨੂਰ ਦੇ ਇਸ਼ਾਰੇ ਤੇ ਸਭ ਚਲਦੇ ਹਨ ਤੇ ਰੌਸ਼ਨੀ ਭੀ ਨੂਰ ਦੀ ਹੀ ਹੈ। ਸਾਰੇ ਨੂਰ ਹੀ ਨਜ਼ਰ ਆ ਰਿਹਾ ਹੈ ਤੇ ਨੂਰ ਹੀ ਖੁਸ਼ੀ ਵਿਚ ਉਛਲ ਕੇ ਸਾਰੇ ਪਸ਼ੂਆਂ ਵਿਚ ਸ਼ੋਰ ਪਾ ਰਿਹਾ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਸਾਰੇ ਜਗਤ ਦੇ ਵਿਚਕਾਰ ਨੂਰ ਹੀ ਨੂਰ ਹੈ, ਇਸ ਕਰਕੇ ਵਾਹ ਵਾਹ ਨੂਰ ਹੈ ॥219॥

 

ਕਬਿਤ।।

ਜਬ ਲਗ ਮਨੀ ਬਨੀ  ਤਬ ਲਗ ਗਨੀ ਧਨੀ  ਮਨੀ ਗਈ ਹਨੀ  ਹਨੀ ਗਈ ਹੈ ਤਵੰਗ੍ਰੀ।

ਮਨੀ ਕਾ ਪਸਾਰਾ  ਹੈ ਨਜਾਰਾ ਦਿਲਦਾਰਾ ਸਾਰਾ  ਮਨੀ ਕੋ ਬਗਾਰਾ  ਤੋ ਬਗਾਰਾ ਰਸ ਅੰਗਰੀ।

ਸਰਸਬਜ ਮਦਾਂਨ  ਜਹਾਂ ਮਨੀ ਕੀ ਦੁਕਾਂਨ  ਏਹੋ ਰੌਸਨੀ ਕੀ ਕਾਂਨ  ਹੈ ਨਦਾਨ ਦੇਵ ਅੰਗਰੀ।

ਜਮਾਂ ਜਿਨਸ ਜਾਂ ਹਾਰੀ  ਗੁੰਮ ਗਈ ਹੋ ਪਸਾਰੀ ਸਾਰੀ  ਦਾਸ ਭਗਵਾਂਨ ਹੁਣ ਹੋਈ ਹੈ ਕੁਵੰਗਰੀ।।220।।

 

ਪਦ ਅਰਥ:-ਮਨੀ-ਧਨ ਦੌਲਤ। ਗਨੀ ਧਨੀ=ਧਨੀ ਗਿਣਿਆਂ ਜਾਂਦਾ ਹੈ। ਹਨੀ=ਨਾਸ਼ ਹੋਣਾ। ਤਵੰਗ੍ਰੀ=ਅਮੀਰੀ। ਨਜਾਰਾ=ਖੇਡ। ਦਿਲਦਾਰਾ=ਪਿਆਰੇ। ਅੰਗਰੀ=ਦੇਹਧਾਰੀ। ਬਗਾਰਾ=ਬਿਗਾੜਨਾ। ਜਮਾਂ ਜਿਨਸ=ਇਕੱਠੀ ਹੋਈ ਜਿਣਸ। ਪਸਾਰੀ=ਪਸਾਰਾ। ਕੁਵੰਗਰੀ=ਗਰੀਬੀ।

ਅਰਥ:-ਜਦ ਤਕ ਧਨ ਦੌਲਤ ਕੋਲ ਹੈ ਉਦੋਂ ਤੱਕ ਧਨੀ ਗਿਣਿਆਂ ਜਾਂਦਾ ਹੈ ਜਦੋਂ ਧਨ ਦੀ ਹਾਨੀ ਹੋ ਗਈ ਤਾਂ ਅਮੀਰੀ ਚਲੇ ਗਈ। ਬ੍ਰਹਮਚਰਜ ਦਾ ਹੀ ਸਾਰਾ ਨਜ਼ਾਰਾ ਹੈ। ਹੇ ਮਿਤ੍ਰਾ ਜੇ ਬ੍ਰਹਮਚਰਜ ਵਿਗੜ ਗਿਆ ਤਾਂ ਸਰੀਰਕ ਰਸ ਵੀ ਮਾਨੋ ਖਤਮ ਹੋ ਗਏ। ਦੇਹ ਰੂਪ ਮੈਦਾਨ ਵਿਚ ਖੇੜਾ ਭੀ ਬ੍ਰਹਮਚਰਜ ਦੇ ਕਾਰਨ ਹੀ ਹੈ। ਇਹੋ ਹੀ ਨੂਰ ਦੀ ਖਾਣ ਦੇਹ ਵਿਚ ਹੈ, ਦੇਵ ਦੇਹ ਦੀ ਪ੍ਰਾਪਤੀ ਤਕ ਇਹ ਬ੍ਰਹਮਚਰਜ ਪੁਚਾ ਦਿੰਦਾ ਹੈ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਜਿਸ ਦੇਹ ਅੰਦਰ ਬ੍ਰਹਮਚਰਜ ਜਿਹੀ ਜਿਨਸ ਨਾ ਰਹੀ ਤਾਂ ਇੰਦਰੇ ਰੂਪ ਪਸਾਰਾ ਭੀ ਨਿਕੰਮਾ ਹੋ ਜਾਂਦਾ ਹੈ ਤਾਂ ਮਨੁੱਖ ਕੰਗਾਲ ਹੋ ਜਾਂਦਾ ਹੈ॥220॥

 

 

ਕਬਿਤ।।

ਨਾਰ ਕੀ ਕਲਾਂਮ  ਕਰ ਜਾਏ ਕਤਲਾਂਮ  ਦੂਰੋਂ ਕਰਕੇ ਸਲਾਮੁ  ਜੋ ਛਲਾਂਗ ਮਾਰ ਜਾਈਏ।

ਕਹੇ ਜੇ ਬਚਨ ਜਨ  ਸੁਣੀਏ ਨਾਂ ਦੇਇ ਕੰਨ  ਹੋਇ ਪ੍ਰਸੰਨ ਮਨ  ਪਿਆਰੁ ਨਂਹੀ ਪਾਈਏ।

ਲਾਏ ਜੇ ਪ੍ਰੀਤ  ਨਹੀ ਮੰਨ ਪ੍ਰਤੀਤ  ਮੀਤ ਹੋਇ ਕੇ ਅਤੀਤ  ਚੀਤ ਚਾਂਮ ਸੋਂ ਨਾ ਲਾਈਏ।

ਨਾਰ ਨਜਦੀਕ  ਜੇ ਤਹਕੀਕ ਹੋ ਸਰੀਕ ਠੀਕ  ਦਾਸ ਭਗਵਾਂਨ ਪੈਹਲੂ ਪੈਹਲੂ ਸੇ ਛਪਾਈਏ।।221।।

 

ਪਦ ਅਰਥ:-ਕਲਾਂਮ=ਬੋਲ। ਕਤਲਾਂਮ=ਕੱਟ ਜਾਣਾ। ਜਨ=ਇਸਤ੍ਰੀ। ਅਤੀਤ=ਉਦਾਸੀ। ਨਜਦੀਕ=ਨੇੜੇ। ਤਹਕੀਕ=ਠੀਕ। ਸਰੀਕ=ਹਿੱਸਾ ਲੈਣਾ। ਪੈਹਲੂ=ਪਾਸੇ।

ਅਰਥ:-ਰਾਜਾ ਸਾਹਿਬ ਜੀ ਦਾ ਉਪਦੇਸ਼ ਪਰਾਈ ਇਸਤ੍ਰੀ ਬਾਰੇ ਹੈ ਕਿਉਂਕਿ ਗੁਰਮਤਿ ਕਹਿੰਦੀ ਹੈ ''ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ'' ਅਗੇ ਅਰਥ ਚਲਦਾ ਹੈ:- ਇਸਤ੍ਰੀ ਦਾ ਬੋਲ ਜਾਣੋ ਕਤਲ ਕਰ ਜਾਂਦਾ ਹੈ (ਭਾਵ ਧਰਤੀ ਉਖੇੜ ਦਿੰਦਾ ਹੈ) ਸਿਰ ਝੁਕਾ ਕੇ ਛਾਲ ਮਾਰ ਕੇ ਪਰ੍ਹੇ ਹੱਟ ਜਾਣਾ ਚਾਹੀਏ ਜੇ ਕੋਈ ਗੱਲ ਕਹੇ ਤਾਂ ਉਸ ਨੂੰ ਕੰਨ ਦੇ ਕੇ ਨਾ ਸੁਣੀਏ ਤੇ ਮਨ ਵਿਚ ਪਸੀਜ ਕੇ ਪਿਆਰਾਂ ਵਾਲਾ ਸੁਭਾਵ ਨਾ ਬਣਾਈਏ। ਕਿਉਂਕਿ ਜੇ ਇਸਤ੍ਰੀ ਪਿਆਰ ਪਾਉਂਦੀ ਹੈ ਇਸ ਦੀ ਪ੍ਰੀਤ ਦਾ ਭਰੋਸਾ ਨਹੀਂ। ਹੇ ਮਿਤ੍ਰਾ ਉਦਾਸੀ ਹੋ ਕੇ ਚਿੱਤ ਚੰਮ ਨਾਲ ਨਾ ਲਾਈਏ। ਰਾਜਾ ਸਾਹਿਬ ਬਿਆਨ ਕਰਦੇ ਹਨ ਜੇਕਰ ਕਿਸੇ ਕਾਰਨ ਕਰਕੇ ਇਸਤ੍ਰੀ ਦਾ ਨੇੜ ਕਰਨਾ ਪੈ ਜਾਵੇ ਤਾਂ ਸਾਰਿਆਂ ਪਾਸਿਆਂ ਤੋਂ ਖਬਰਦਾਰ ਰਹਿ ਕੇ ਆਪਣਾ ਆਪ ਬਚਾਈਏ ॥221॥

 

ਕਬਿਤ।।

ਜਿਸਮ ਜਨਾਨਾ  ਨਂਹੀ ਆਪਣਾ ਬਗਾਂਨਾ  ਕਿਉਂ ਫਿਰਦਾਂ ਦਿਵਾਂਨਾਂ ਪਰਵਾਨਾਂ ਜਲ ਜਾਏਂਗਾ।

ਦੇਖਕੇ ਤੇ ਲਾਸ  ਨਂਹੀ ਕਂਰੀ ਦਿਲ ਪਾਸ  ਪਾਸ ਮਿਲੇ ਨਾ ਨਕਾਸ  ਲਾਸ ਆਪਣੀ ਖਪਾਏਂਗਾ।

ਐਸਾ ਇਸ ਦਾ ਨਜਾਰਾ  ਭਾਰਾ ਕਾਤਲ ਕਰਾਰਾ  ਯਾਰਾ ਖਾਇ ਕੇ  ਇਸਾਰਾ ਮਾਰਾ ਮਾਰਾ ਪਿਆ ਗਾਂਏਂਗਾ।

ਦਾਸ ਭਗਵਾਨ  ਕੁਝੁ ਬਣੀ ਇਨਸਾਂਨ  ਹੁਣ ਹੋਂਈ ਨਾ ਨਦਾਨ  ਆਪ ਆਪ ਮੇ ਸਮਾਏਂਗਾ।।222।।

 

ਪਦ ਅਰਥ:-ਜਿਸਮ ਜਨਾਨਾ=ਇਸਤ੍ਰੀ ਦਾ ਸਰੀਰ। ਦਿਵਾਂਨਾਂ=ਸ਼ੁਦਾਈ। ਪਰਵਾਨਾਂ=ਪਤੰਗਾ। ਲਾਸ=ਦੇਹ। ਦਿਲ ਪਾਸ=ਦਿਲ ਦੇਣਾ। ਨਕਾਸ=ਨਿਕਲਣਾ। ਨਜਾਰਾ=ਝਲਕਾ। ਕਾਤਲ ਕਰਾਰਾ=ਬੜਾ ਕਤਲ ਕਰਨ ਵਾਲਾ।

ਅਰਥ:-ਜ਼ਨਾਨੀ ਦੀ ਦੇਹ ਤੇ ਕਿਉਂ ਲੱਟੂ ਹੋਇਆ ਫਿਰਦਾ ਹੈਂ ਇਹ ਅੱਗ ਦੀ ਲਾਟ ਹੈ। ਸ਼ੁਦਾਈਆ ਪਤੰਗਿਆਂ ਵਾਂਗ ਸੜ ਜਾਏਂਗਾ। ਇਸ ਦੀ ਲਾਸ਼ ਨੂੰ ਦੇਖਕੇ ਨੇੜ ਨਾ ਕਰ ਬੈਠੀਂ ਫਿਰ ਛੁਟਕਾਰਾ ਔਖਾ ਹੋ ਜਾਊ ਤੇ ਆਪਣੀ ਲਾਸ਼ ਦਾ ਨਾਸ਼ ਕਰ ਲਏਂਗਾ। ਹੇ ਮਿਤ੍ਰਾ! ਇਸ ਦੀ ਅੱਖ ਦਾ ਇਸ਼ਾਰਾ ਤੈਨੂੰ ਕਤਲ ਕਰ ਜਾਏਗਾ, ਇਸ਼ਕ ਮਜਾਜ਼ੀ ਦੇ ਹੱਥ ਵਿਕ ਕੇ ਮਾਰਾ ਮਾਰਾ ਪਿਆ ਗਾਉਂਦਾ ਫਿਰੇਂਗਾ। ਰਾਜਾ ਸਾਹਿਬ ਖਬਰਦਾਰ ਕਰਦੇ ਹਨ ਕਿ ਮੂਰਖਾ ਬੰਦਿਆਂ ਵਾਲੇ ਕੰਮ ਕਰਕੇ ਹੀ ਆਪਣੇ ਸਹੀ ਰੂਪ ਵਿਚ ਸਮਾਈ ਪਾ ਸਕੇਂਗਾ॥222॥

 

 

ਕਬਿਤ।।

ਕਾਮਨੀ ਕੀ ਕਾਰ  ਲਈ ਏਸ ਗਲ ਬਚਾਰ  ਫੇਰ ਮਾਣੀਏ ਬਹਾਰ  ਦਿਲਦਾਰ ਦਿਲ ਪਾਈਏ।

ਦੱਮਾਂ ਕੀ ਦੁਕਾਂਨ  ਕਿਤੇ ਖੋਹਲੀਏ ਮਕਾਨ  ਨਂਹੀ ਹੋਇ ਕੇ ਨਦਾਨ  ਆਂਨ ਬਾਂਨ ਕੋ ਲਗਾਈਏ।

ਪਾਇ ਬਿਗਿਆਨ ਨਂਹੀ  ਰਹੇ ਜਹ ਗਿਆਂਨ  ਧਿਆਨ ਕਹਾਂ ਅਗਿਆਂਨ  ਜਹਾਂ ਗਿਆਂਨ ਹੀ ਗਵਾਈਏ।

ਦਾਸ ਭਗਵਾਂਨ  ਬੋਲ ਭਾਖਤ  ਹੈਂ  ਤੋਲ ਤੋਲ  ਹੋਇ ਕੇ ਅਬੋਲ  ਬਿਚ ਬੋਲ ਦੇ ਸਮਾਈਏ।।223।।

 

ਪਦ ਅਰਥ:-ਕਾਮਨੀ ਕੀ ਕਾਰ=ਇਸਤ੍ਰੀ ਦਾ ਪ੍ਰਭਾਵ। ਦਿਲਦਾਰ=ਪਿਆਰਾ। ਦੱਮਾਂ=ਸੁਆਸ। ਬਾਂਨ=ਆਦਤ। ਬਿਗਿਆਨ= ਆਤਮਕ ਗਿਆਨ।

ਅਰਥ:- ਚੰਗੀ ਵਿਚਾਰ ਦੁਆਰਾ ਇਸਤ੍ਰੀ ਦੇ ਅਸਰ ਹੇਠੋਂ ਨਿਕਲ ਕੇ ਦਿਲਾਂ ਦਾ ਮਾਲਕ ਦਿਲਦਾਰ ਨੂੰ ਆਪਣਾ ਦਿਲ ਦੇ ਕੇ ਪ੍ਰਾਪਤੀ ਕਰੀਏ (ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ॥) ਹੋਰ ਖੋਟੀਆਂ ਵਾਦੀਆਂ ਛੱਡ ਕੇ ਸ਼ੁਭ ਸੁਆਸਾਂ ਰੂਪੀ ਪੂੰਜੀ ਲਾ ਕੇ ਸਿਮਰਨ ਦਾ ਵਪਾਰ ਕਰੀਏ ਭਾਵ ਆਪ ਜਪੀਏ ਹੋਰਨਾਂ ਨੂੰ ਜਪਾਈਏ ''ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ ਜਿਹੜਾ ਗਿਆਨ ਮੂਰਖਤਾ ਦੇ ਪਾਸੇ ਲਿਜਾਣ ਵਾਲਾ ਹੋਵੇ ਉਸ ਵਲ ਧਿਆਨ ਕਾਸਨੂੰ ਲਾਈਏ। ਆਤਮਕ ਗਿਆਨ ਦੀ ਪ੍ਰਾਪਤੀ ਹੀ ਯੋਗ ਹੈ ਜਿੱਥੇ ਝੂਠੇ ਗਿਆਨ ਨਾਸ਼ ਹੋ ਜਾਂਦੇ ਹਨ ''ਐਸਾ ਗਿਆਨੁ ਬਿਚਾਰੁ ਮਨਾ॥ਹਰਿ ਕੀ ਨ ਸਿਮਰਹੁ ਦੁਖ ਭੰਜਨਾ॥ ਰਾਜਾ ਸਾਹਿਬ ਤੋਲ-ਤੋਲ ਕੇ ਬਚਨ ਬੋਲਦੇ ਹਨ ਤੇ ਕਹਿੰਦੇ ਹਨ, ਮਨ ਨੂੰ ਸੰਸਾਰ ਵਲੋਂ ਚੁਪ ਕਰਾ ਕੇ ਬੋਲ ਵਾਲੇ ਦੇ ਵਿਚ ਲੀਨ ਹੋ ਜਾਈਏ ॥223॥

 

ਕਬਿਤ।।

ਕਾਂਮਨੀਂ ਸੋਂ ਕੇਲ ਕਰ  ਦਾਮਨੀ ਸੋਂ ਮੇਲ ਕਰ  ਸਾਪਨੀ ਸੋਂ ਖੇਲ ਕਰ  ਕੁਸਲ ਕਿਉਂ ਪਾਏਂਗਾ।

ਨੀਤ ਕੋ ਅਨੀਤ ਕਰ  ਮੂਰਖ ਕੋ ਮੀਤ ਕਰ  ਜੂਪਨ ਕੀ ਜੀਤ  ਕੌਨ ਰੁਤਬੇ ਪੈ ਜਾਏਂਗਾ।

ਦਿਲ ਕੋ ਬੇਦਿਲ ਕਰ  ਪੰਚਨ ਸੋਂ ਮਿਲ ਕਰ  ਖੁਦ ਨੂਰੁ ਖਿਲ ਕਰ  ਕਹਾਂ ਜਾ ਸਮਾਏਂਗਾ।

ਸਮਝ ਲੈ ਸਾਰ  ਐਸੇ ਭਾਖਤ ਹੌਂ ਬਾਰਬਾਰ  ਦਾਸ ਭਗਵਾਂਨ  ਕਦੋਂ ਫੇਰ ਘਰ ਆਏਂਗਾ।।224।।

 

ਪਦ ਅਰਥ:-ਕਾਂਮਨੀ=ਇਸਤ੍ਰੀ। ਕੇਲ=ਰੰਗ ਰਲੀਆਂ। ਦਾਮਨੀ=ਬਿਜਲੀ। ਕੁਸਲ=ਖੁਸ਼ੀ। ਨੀਤ ਅਨੀਤ=ਯੋਗ ਅਯੋਗ। ਜੂਪਨ=ਜੂਆ। ਰੁਤਬੇ=ਦਰਜੇ। ਪੰਚਨ=ਸੰਤ ਜਨ।

ਅਰਥ:-ਇਸਤ੍ਰੀ ਨਾਲ ਕਾਮ ਕੇਲ ਬਿਜਲੀ ਦੇ ਚਮਤਕਾਰ ਵਾਂਗ ਸ਼ਿੰਗਾਰ ਮਾਤਰ ਹੈ ਤੇ ਸੱਪਣੀ ਨਾਲ ਖੇਲ੍ਹ ਕੇ ਕਿਵੇ਼ ਸੁਖ ਪ੍ਰਾਪਤ ਕਰ ਸਕੇਂਗਾ (''ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ॥) ਨਾ ਕਰਨ ਯੋਗ ਕੰਮ ਨੂੰ ਕਰਕੇ ਮੂਰਖ ਨੂੰ ਮਿਤ੍ਰ ਬਣਾਕੇ ਜੂਏ ਦੀ ਜਿੱਤ ਭੀ ਹਾਰ ਦੇ ਤੁਲ ਹੈ। ਇਹਨਾਂ ਕੰਮਾਂ ਨਾਲ ਕਿਹੜੇ ਦਰਜੇ ਤੇ ਪੁੱਜ ਸਕੇਂਗਾ ਭਾਵ ਕਿਤੇ ਨਹੀਂ (ਕਹਿ ਕਬੀਰ ਕਿਛੁ ਗੁਨੁ ਬੀਚਾਰਿੜੂ ਚਲੇ ਜੁਆਰੀ ਦੁਇ ਹਥ ਝਾਰਿ॥) ਸੱਤ ਪੁਰਸ਼ਾਂ ਦੀ ਸੰਗਤ ਕਰਕੇ ਦਿਲ ਨੂੰ ਦੁਨੀਆਂ ਦੇ ਪਾਸਿਓਂ ਤੋੜ ਕੇ ਖੁਦਾ ਦੇ ਨੂਰ ਦਾ ਅੰਦਰ ਖੇੜਾ ਲਿਆ ਕੇ ਅਸਲੇ ਵਿਚ ਸਮਾ ਸਕੇਂਗਾ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਭਾਈ ਸਿਧਾਂਤ ਨੂੰ ਸਮਝ ਤੈਨੂੰ ਮੁੜ-ਮੁੜ ਸਮਝਾਈਦਾ ਹੈ ਕਿ ਫਿਰ ਕਦੋਂ ਆਪਣੇ ਸਰੂਪ ਵਿਚ ਆਵੇਂਗਾ॥224॥

 

ਕਬਿਤ।।

ਨਾਰ ਕੀ ਪ੍ਰੀਤ  ਮੀਤ ਬੜੀ ਬਿਪ੍ਰੀਤਿ ਰੀਤ  ਨਾਰ ਕੋ ਨਾ ਹੀਤ  ਚੀਤ ਚੰਚਲ ਮੇਂ ਆਣੀਏ।

ਨਾਰ ਕੀ ਨਗਾਹ  ਕਰ ਜਾਂਵਦੀ ਫਨਾਹ  ਨਂਹੀ ਕਰੀਏ ਬਸਾਹੁ  ਸਾਹੁ ਸੂਤਣੀ ਇਹੁ ਜਾਣੀਏ।

ਦੇਖਕੇ ਤੇ ਚਾਲ  ਨਂਹੀ ਹੋਵੀਏ ਬਿਹਾਲ  ਹਾਲ ਸੁਰਤ ਸੰਭਾਲ  ਆਪ ਆਪ ਮੇ ਸਮਾਣੀਏ।

ਹੱਕ ਕੋ ਨਿਹਾਰ  ਹੋਏ ਅਜਬ ਬਹਾਰ  ਫਿਰ ਦਾਸ ਭਗਵਾਂਨ  ਤਾਂ ਅਨੰਦ ਐਸ਼ ਮਾਣੀਏ।।225।।

 

ਪਦ ਅਰਥ:-ਬਿਪ੍ਰੀਤਿ=ਉਲਟੀ। ਹੀਤ=ਪਿਆਰ।ਫਨਾਹ=ਤਬਾਹ,ਨਾਸ਼। ਸੂਤਣੀ=ਬੱਚਿਆਂ ਦੇ ਅੱਗੇ ਬੰਨ੍ਹਣ  ਵਾਲੀ। ਹੱਕ=ਰੱਬ।

ਅਰਥ:-ਨਾਰੀ ਦੀ ਪ੍ਰੀਤੀ ਹੇ ਮ੍ਰਿੱਤਾ! ਬੜੀ ਉਲਟੀ ਹੈ ਇਸ ਲਈ ਨਾਰ ਦਾ ਪਿਆਰ ਚੰਚਲ ਚਿੱਤ ਵਿਚ ਕਦੇ ਨਾ ਲਿਆਵੀਏ। ਨਾਰ ਦੀ ਨਿਗਾਹ ਆਦਮੀ ਨੂੰ ਖਤਮ ਕਰ ਦਿੰਦੀ ਹੈ। ਇਸ ਦਾ ਭਰੋਸਾ ਨਾ ਕਰੀਏ, ਬੱਚਿਆਂ ਦੇ ਅੱਗਾ ਢੱਕਣ ਵਾਲੀ ਇੱਕ ਟਾਕੀ ਖਿਆਲ ਕਰੀਏ। ਨਾਰ ਦੀ ਚਾਲ ਤੇ ਮਸਤ ਨ ਹੋਵੀਏ ਸੁਰਤ ਨੂੰ ਸੰਭਾਲ ਕੇ ਆਪਣੇ ਆਪ ਦਾ ਵਿਚਾਰ ਕਰੀਏ। ਸੱਚ ਤੇ ਸਫਾਈ ਦੀ ਸ਼ਕਤੀ ਜੋ ਸਭ ਦੇ ਪਿੱਛੇ ਕੰਮ ਕਰ ਰਹੀ ਹੈ ਉਸਨੂੰ ਤੱਕੋ। ਰਾਜਾ ਸਾਹਿਬ ਕਥਨ ਕਰਦੇ ਹਨ ਤਾਂ ਫਿਰ ਅਸਚਰਜ ਅਨੰਦ ਤੇ ਸੁੱਖ ਨੂੰ ਮਾਣੋ ॥225॥

 

 

ਕਬਿਤੁ । ।

ਨਾਰ ਤੋ ਹੈ ਨਾਰ  ਨਂਹੀ ਕਰੋ ਇਤਬਾਰ  ਏਹ ਕਰੇਗੀ ਖੁਆਰ  ਗਮ ਖੁਆਰ ਬਣ ਰਹੀਓ ।

ਸੋਹਲਾ ਦੀਪਕ ਹੈ ਨਾਰ  ਏਹੋ ਸਹੀ ਦਿਲਦਾਰ ਤੁਝੇ ਆਖਿਆ ਪੁਕਾਰ  ਨਾ ਪਤੰਗ ਬਣ ਬਹੀਓ ।

ਚਸਮ ਚੜਾਇ  ਕੁਝ ਮਗਜ ਬੜਾਇ  ਆਪ ਆਪ ਕੋ ਪੜਾਇ  ਖੁਦ ਨੂਰੁ ਖੁਦ ਲਹੀਓ ।

ਖਸਲਤ ਖੂਬੁ  ਹੋਇ ਮਹਰਮ ਮਹਬੂਬੁ ਸਹੀ  ਦਾਸ ਭਗਵਾਂਨ ਤਾਂ ਕੇ  ਮਰਮ ਕੋ ਗਹੀਓ ||226||

 

ਪਦ ਅਰਥ:-ਖੁਆਰ=ਖਰਾਬ। ਗਮ ਖੁਆਰ=ਸਹਿਣ ਸ਼ੀਲਤਾ। ਸੋਹਲਾ ਦੀਪਕ=ਕਾਮਦੇਵ ਮਨ। ਚਸਮ ਚੜਾਇ=ਰੋਹਬ ਵਿਚ। ਮਗਜ ਬੜਾਇ=ਸੋਚ ਕੇ। ਖਸਲਤ ਖੂਬੁ=ਸੋਹਣਾ ਸੁਭਾਅ। ਮਹਰਮ=ਭੇਤੀ। ਗਹੀਓ=ਜਾਨਣਾ।

ਅਰਥ:-ਭਾਵੇਂ ਇਸਤ੍ਰੀ ਕਿੰਨੀ ਚੰਗੀ ਤੋਂ ਚੰਗੀ ਪ੍ਰਤੀਤ ਹੋਵੇ ਫਿਰ ਭੀ ਇਤਬਾਰ ਨਾ ਕਰੋ, ਸਹਿਣ ਸ਼ੀਲਤਾ ਨੂੰ ਧਾਰਨ ਕਰ ਰੱਖੋ।  ਇਹ ਇਸਤ੍ਰੀ ਕਾਮਦੇਵ ਦਾ ਰੂਪ ਹੈ, ਮਨ ਨੂੰ ਮਥਨ ਵਾਲੀ ਹੈ, ਦੇਖੀਂ ਕਿਤੇ ਪਤੰਗ ਬਣਕੇ ਸੜ ਨਾ ਜਾਈਂ, ਜਦ ਸਾਹਮਣੇ ਹੋਵੇ ਤਾਂ ਘੂਰੀ ਵੱਟ ਕੇ ਡੂੰਘੀ ਸਮਝ ਨਾਲ ਆਪਣੇ ਆਪ ਨੂੰ ਵਿਚਾਰ ਕੇ ਅੰਦਰ ਦਾ ਗਿਆਨ ਪ੍ਰਾਪਤ ਕਰੀਏ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸੋਹਣੇ ਸੁਭਾਅ ਵਾਲਾ ਸਾਰਿਆਂ ਸੁੰਦਰਾਂ ਦਾ ਸੁੰਦਰ ਵਾਹਿਗੁਰੂ ਹੈ ਉਸਦੇ ਭੇਦ ਨੂੰ ਜਾਣੀਏ ॥226॥

 

ਕਬਿਤ।।

ਨਰ ਕੋ ਹੈ ਨਾਰੀ  ਜੈਸੇ ਧੁਏਂ ਕੀ ਗੁਬਾਰੀ  ਭਾਰੀ ਅਕਲ ਭੁਲਾਇ ਸਾਰੀ  ਕਰੇ ਖਫਤਾਨਾ ਹੈ।

ਹੋਇ ਰਿਹਾ ਅੰਧ  ਬੋਲ ਸੁਣਦਾ ਹੈ ਮੰਦ ਮੰਦ  ਕਰੀ ਅਸਵਾਰ ਕੰਧ ਹੋ ਗਿਆ ਦਿਵਾਨਾ ਹੈ।

ਮਸਲਤ ਮੈਲ ਮੈਲ  ਕਰ ਰਿਹਾ ਫੈਲ ਫੈਲ  ਹੋਇ ਰਿਹਾ ਬੈਲ ਬਿਚ ਬੈਲ ਬਸਤਾਂਨਾ ਹੈ।

ਹੋ ਗਿਆ ਜਹੀਰ ਗਈ ਤਨ ਤੇ ਤਸੀਰ ਸੀਰ  ਦਾਸ ਭਗਵਾਨ ਪਸ ਪਿਆ ਪਛੁਤਾਨਾ ਹੈ।।227।।

 

ਪਦ ਅਰਥ:-ਖਫਤਾਨਾ=ਸ਼ੁਦਾਈ। ਕਰੀ=ਹਾਥੀ। ਕੰਧ=ਜੜ੍ਹ ਮੱਤ ਬੁਧ ਹੀਣ। ਮੈਲ ਮੈਲ=ਮੈਲੀ ਸਲਾਹ। ਫੈਲ=ਕਹਿਣੀ। ਬੈਲ=ਐਬੀ, ਮੂਰਖ। ਬਸਤਾਂਨਾ=ਬਧਾ ਹੋਇਆ। ਜਹੀਰ=ਸ਼ੋਕਾਤਰ, ਗਮਗੀਨ। ਤਸੀਰ ਸੀਰ=ਦੁੱਧ ਦਾ ਅਸਰ। ਪਸ ਪਸ਼ੂ। ਨਾਰ=ਅੱਗ।

ਅਰਥ:-ਅੱਗ ਦੀ ਨਾਲ ਧੂੰਏਂ ਦੇ ਗੁਬਾਰ ਦੀ ਨਿਆਈਂ ਨਾਰੀ ਹੈ ਅਕਲ ਨੂੰ ਭੁਲਕੇ ਸ਼ੁਦਾਈ ਕਰ ਦਿੰਦੀ ਹੈ। ਜਿਵੇਂ ਹਾਥੀ ਕਾਗਜ਼ਾਂ ਦੀ ਹੱਥਣੀ ਦੇਖਕੇ ਕਾਮ ਚੇਸ਼ਟਾ ਵਿੱਚ ਅੰਨ੍ਹਾ ਹੋਇਆ ਧਾਈ ਕਰਕੇ ਜਾਂਦਾ ਹੈ ਤੇ ਵੱਸ ਵਿਚ ਹੋ ਜਾਂਦਾ ਹੈ। ਇਸੇ ਤਰ੍ਹਾਂ ਕਾਮੀ ਪੁਰਸ਼ ਮੰਦੇ ਪਾਸੇ ਤੋਂ ਹਟਾਉਣ ਵਾਲੇ ਬੋਲ ਨਹੀਂ ਸੁਣਦਾ। ਮੂਰਖ ਐਬ ਦਾ ਬੱਝਾ ਹੋਇਆ ਵਧ-ਵਧ ਕੇ ਕਾਮ ਚੇਸ਼ਟਾ ਦੀ ਹੀ ਇੱਛਾ ਕਰਦਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਮਾਂ ਦੇ ਦੁੱਧ ਦਾ ਅਸਰ ਸਰੀਰ ਵਿਚੋਂ ਚਲੇ ਗਿਆ ਦੁਖੀ ਹੋ ਕੇ ਮੂਰਖ ਫਿਰ ਪਛਤਾਉਂਦਾ ਹੈ॥227॥

 

ਕਬਿਤ।।

ਨਾਰ ਕੀ ਜੋ ਨਾਰ  ਨਾਰ ਹੋਈ ਹੈ ਤਿਆਰ ਤਾਰ  ਬੰਨ ਕੇ ਕਤਾਰ  ਜੋ ਸਤਾਰ ਸਾਫੁ ਬਣੀ ਹੈ।

ਬੰਦ ਬੰਦ ਕੋ ਸਵਾਰ  ਕਰ ਕਰ ਕੇ ਸਮਾਰ  ਹੋਇ ਰਹੀ ਹੈ ਉਭਾਰ  ਜੋ ਕਰਾਰ ਤਾਰ ਤਣੀ ਹੈ।

ਅੰਗ ਅੰਗ ਕੋ ਫਲਾਰ  ਰੰਗ ਰੰਗ ਕੋ ਨਖਾਰ  ਢੰਗ ਢੰਗ ਕੀ ਪੁਕਾਰ  ਕਰੇ ਕਸਸ ਇਹ ਮਣੀ ਹੈ।

ਅੜਦ ਬਜਾਰ  ਹਰੇ ਹੁਸਨ ਹਜਾਰ ਯਾਰ  ਦਾਸ ਭਗਵਾਂਨ ਐਸੀ  ਆਫਤ ਇਹੁ ਅਣੀ ਹੈ।।228।।

 

ਪਦ ਅਰਥ:-ਸਤਾਰ=ਤਾਰਾਂ ਦਾ ਸਾਜ਼। ਕਰਾਰ=ਕਰਾਰੀ। ਫਲਾਰ=ਫੈਲਾਓ। ਮਣੀ=ਵੀਰਜ। ਅੜਦ=ਅਟਕ ਗਏੇ। ਆਫਤ=ਮੁਸੀਬਤ। ਅਣੀ=ਤਿੱਖੀ ਨੋਕ, ਤੀਰ ਦੀ ਮੁਖੀ।

ਅਰਥ:-ਅੱਗ ਦੀ ਨਾਲ ਇਹ ਨਾਰੀ ਜੋ ਤਿਆਰ ਹੋਈ ਹੈ ਜੋ ਸਤਾਰ ਦੀ ਤਰ੍ਹਾਂ ਸਾਫ ਬਣੀ ਹੋਈ ਹੈ। ਬੰਦ-ਬੰਦ ਗਿਣ-ਗਿਣ ਕੇ ਸਵਾਰੇ ਹੋਏ ਹਨ, ਕਰੜੀਆਂ ਤਾਰਾਂ ਕਰਕੇ ਤਣੀ ਹੋਈ ਹੈ। ਹਰ ਪ੍ਰਕਾਰ ਦੇ ਭਾਵ ਦਿਖਾ ਕੇ ਹਰ ਇੱਕ ਆਪਣੇ ਵੱਲ ਖਿੱਚ ਪਾ ਰਹੀ ਹੈ ਇਹ ਸਾਰੀ ਕਸ਼ਿਸ਼ ਮਣੀ ਦੀ ਹੈ। ਹੇ ਮਿਤਰਾ! ਇਸ ਹੁਸਨ ਦੇ ਬਜ਼ਾਰ ਵਿਚ ਕਈ ਫਸ ਗਏ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਇਸ ਚੇਤਨ ਮਾਇਆ ਨਾਰੀ ਨੇ ਬੜੀਆਂ ਆਫਤਾਂ ਲਿਆਂਦੀਆਂ ਹਨ ॥228॥

 

ਕਬਿਤ।।

ਨਾਰ ਕੀ ਜਬਾਨ  ਹੈ ਜੋ ਨਰਮ ਨਸਾਨ  ਇਹੁ ਕਰਕੇ ਬਿਆਨ  ਬਾਰੁ ਜਾਂਨ ਕੋ ਚਲਾਏਗੀ।

ਮੱਧਮ ਅਵਾਜ  ਨਂਹੀ ਸੁਣੀਏ ਦਰਾਜ  ਇਹ ਸਮਝ ਲੈ ਰਾਜ  ਜੋ ਨਿਮਾਜ ਸੇ ਹਿਲਾਏਗੀ।

ਰੋਜਾ ਬੰਦਗੀ ਕੁਰਾਂਨ  ਔ ਪੁਰਾਂਨ ਵਖਿਆਂਨ  ਏਹ ਕਰਕੇ ਵਖਾਂਨ ਆਂਨ ਧਿਆਂਨ ਕੋ ਭੁਲਾਏਗੀ।

ਮੱਲੀਏ ਮਦਾਂਨ  ਨਂਹੀ ਬਣੇ ਇਨਸਾਨ  ਨਂਹੀ ਦਾਸ ਭਗਵਾਂਨ  ਐਸੇ ਐਸੇ ਏਹ ਜਲਾਏਗੀ।।229।।

 

ਪਦ ਅਰਥ:- ਦਰਾਜ=ਦੂਰੋਂ। ਰਾਜ=ਭੇਦ। ਵਖਾਂਨ=ਬਿਆਨ। ਆਂਨ ਧਿਆਂਨ=ਹੋਰ ਧਿਆਨ।

ਅਰਥ:- ਨਾਰੀ ਦੀ ਜ਼ਬਾਨ ਜੋ ਬੜੀ ਨਰਮ ਨਿਸ਼ਾਨ ਵਾਲੀ ਹੈ, ਇਹ ਨਿਸ਼ਚੇ ਜਾਣੋ ਇਹ ਬੋਲ ਕੇ ਤੁਹਾਡੀ ਜਾਨ ਤੇ ਵਾਰ  ਕਰੇਗੀ। ਇਸ ਦੀ ਨੀਵੀਂ ਅਵਾਜ਼ ਦੂਰੋਂ ਭੀ ਨਾ ਸੁਣੀਏ, ਇਸ ਭੇਤ ਨੂੰ ਸਮਝ ਇਹ ਤਾਂ ਨਮਾਜ਼ ਭੀ ਕਜ਼ਾ ਕਰ ਦੇਵੇਗੀ ਰੋਜ਼ੇ ਰੱਖਣੇ, ਬੰਦਗੀ ਕਰਨੀ, ਕੁਰਾਨ ਦੀ ਤਲਾਵਤ ਕਰਨੀ ਹਿੰਦੂ ਹੋ ਕੇ ਪੁਰਾਣ ਵਾਚਣੇ ਤੇ ਵਿਆਖਿਆਨ ਕਰਕੇ ਇਹ ਸ਼ੁਭ ਕਰਮਾਂ ਤੋਂ, ਆਪਣੇ ਵਿਆਖਿਆਨ ਕਰਕੇ ਧਿਆਨ ਤੋਂ ਬੇ-ਧਿਆਨ ਕਰ ਦੇਵੇਗੀ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਜਦੋਂ ਤੋੜੀ ਇਨਸਾਨ ਖਬਰਦਾਰ ਹੋ ਕੇ ਆਪਣੇ ਮਨ ਤੇ ਪਹਿਰਾ ਨਹੀਂ ਦਿੰਦਾ ਇਸ ਦੀ ਦਸ਼ਾ ਪਤੰਗੇ ਵਰਗੀ ਹੋਵੇਗੀ ॥229॥

 

ਕਬਿਤ।।

ਆਹੀ ਆਫਤ ਹਜਾਰ  ਹੋਇਆ ਨਾਰ ਸੇ ਪਿਆਰ  ਇਹ ਅਜਬ ਅਜਾਰੁ  ਹੁਣ ਮਿਟੂ ਕਦੇ ਭਾਗ ਸੇ।

ਹੋਇ ਬਿਸਥਾਰ  ਦਿਨੋ ਦਿਨ ਹੈ ਤਿਆਰ  ਇਹੁ ਬਿਹਾਰ ਜੋ ਬਕਾਰ  ਹੈ ਅਗਾਰ ਆਇਆ ਆਗ ਸੇ।

ਨਿਸਦਿਨ ਜਲੇ ਜੀਆ  ਤਪ ਤਪ ਖਪੇ ਹੀਆ  ਪੀਆ ਕੋ ਨਾ ਪੀਆ ਕੀਆ  ਮੇਲੁ ਕਾਲੀ ਨਾਗ ਸੇ।

ਕਸਟ ਸਰੀਰ  ਪੀਰ ਹੋਇ ਬਿਨਾਂ ਪੀਰ ਪੀਰ  ਦਾਸ ਭਗਵਾਂਨ ਗਏ ਬਾਗ ਬਾਗ ਬਾਗ ਸੇ।।230।।

 

ਪਦ ਅਰਥ:-ਆਫਤ=ਮੁਸੀਬਤ। ਅਜਾਰੁ=ਦੁੱਖ। ਭਾਗ ਸੇ=ਭਾਗਾਂ ਨਾਲ। ਬਿਸਥਾਰ=ਵਾਧਾ। ਅਗਾਰ=ਅੰਗਾਰਾ। ਆਗ=ਅੱਗ ਤੋਂ।ਹੀਆ=ਹਿਰਦਾ। ਨਾਗ=ਸੱਪ। ਪੀਰਪੀੜਾ। ਪੀਰ=ਗੁਰੂ। ਬਾਗ ਬਾਗ=ਖੁਸ਼ੀ ਖੁਸ਼ੀ। ਬਾਗ=ਸੰਸਾਰ ਰੂਪੀ ਬਾਗ।

ਅਰਥ:-ਨਾਰ ਨਾਲ ਪਿਆਰ ਹਜ਼ਾਰ ਮੁਸੀਬਤਾਂ ਦਾ ਘਰ ਹੈ ਇਹ ਅਜੀਬ ਤਰ੍ਹਾਂ ਦਾ ਦੁੱਖ ਹੈ ਕਦੇ ਭਾਗਾਂ ਨਾਲ ਹੀ ਦੂਰ ਹੋਵੇਗਾ। ਦਿਨੋ ਦਿਨ ਜੋ ਜੀਵ ਵਧਦੇ ਜਾ ਰਹੇ ਹਨ ਇਹ ਜੋ ਕਾਮ ਅਗਨੀ ਦਾ ਪਸਾਰਾ ਹੈ, ਇਸ ਦੇ ਕਾਰਨ ਦਿਨੇ ਰਾਤ ਖੱਪ-ਖੱਪ ਹਿਰਦਾ ਤਪ ਰਿਹਾ ਹੈ ਤੇ ਚੇਤਨ ਰੂਪ ਮਾਇਆ ਸਰਪਨੀ ਨੇ ਪਿਆਰੇ ਪ੍ਰੀਤਮ ਨਾਲ ਮੇਲ ਨਹੀਂ ਹੋਣ ਦਿੱਤਾ। ਗੁਰ ਪੀਰ ਦੇ ਮੇਲ ਤੋਂ ਬਿਨਾਂ ਅਨੇਕਾਂ ਕਸ਼ਟ ਤੇ ਪੀੜਾਂ ਇਹ ਜੀਵ ਸਹਾਰਦਾ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਇਕ ਗੁਰੂ ਤੇ ਗੁਰੂ ਪੀਰ ਵਾਲੇ ਹੀ ਇਸ ਸੰਸਾਰ ਰੂਪ ਬਾਗ ਦੀ ਸੈਰ ਕਰਕੇ ਖੁਸ਼ੀ ਖੁਸ਼ੀ ਇਥੋਂ ਜਾਂਦੇ ਹਨ॥230॥

 

ਕਬਿਤ।।

ਸੁਰਤ ਸਵਾਰ  ਜਰਾ ਸੁਰਤ ਸੰਭਾਰ  ਨਹੀਂ ਮੋੜਦਾ ਮੁਹਾਰ  ਦਿਲਦਾਰ ਦੁਖ ਪਾਏਂਗਾ।

ਚਲੇ ਤੇਜ ਰਫਿਤਾਰ  ਏਹ ਕਰੇਗੀ ਖੁਆਰੁ  ਖ੍ਹਲੀ ਮੂਰਖ ਗਵਾਰ  ਕਹਾਂ ਤਕ ਏਹ ਭਜਾਏਂਗਾ।

ਐਸੀ ਹੋਈ ਹੈ ਅਵਾਰ  ਚਲੀ ਬੰਨ ਕੇ ਲਗਾਰ  ਏਹ ਕਰੇਗੀ ਬੇਜਾਰ  ਜਦੋਂ ਤਦੋਂ ਚਚਲਾਏਂਗਾ।

ਦਾਸ ਭਗਵਾਂਨ  ਕਿਉ ਹੋਇਆ ਹੈਂ ਨਦਾਂਨ  ਇਸ ਭੇਤ ਕੋ ਪਛਾਨ  ਕਦੋਂ ਫੇਰ ਘਰ ਆਏਂਗਾ।।231।।

 

ਪਦ ਅਰਥ:-ਮੋੜਦਾ ਮੁਹਾਰ=ਸਿਧੇ ਰਸਤੇ ਕਿਉਂ ਨਹੀਂ ਆਉਂਦਾ? ਦਿਲਦਾਰ=ਹੇ ਪਿਆਰੇ। ਗਵਾਰ=ਅਵਾਰਾ। ਬੇਜਾਰ=ਦੁਖੀ। ਚਚਲਾਏਂਗਾ=ਉੱਚੀ ਉੱਚੀ ਰੋਣਾ।

ਅਰਥ:- ਰੂਹ ਜਾਂ ਸੁਰਤੀ ਨੂੰ ਠੀਕ ਕਰੋ ਤੇ ਭਟਕਦੀ ਨੂੰ ਰੋਕੋ ਜੇ ਇਸ ਤਰ੍ਹਾਂ ਨਹੀਂ ਕਰੋਗੇ ਤਾਂ ਹੇ ਪਿਆਰੇ! ਦੁਖੀ ਹੋਵੋਗੇ। ਇਹ ਜੋ ਬੜੀ ਤੇਜ਼ੀ ਨਾਲ ਸੁਰਤ ਦੌੜ ਰਹੀ ਹੈ ਇਹ ਠਿੱਠ ਕਰੇਗੀ ਇਸ ਨੂੰ ਖੁਲ੍ਹ ਦੇ ਕੇ ਮੂਰਖਾ ਕਿੱਥੋ਼ ਤਾਈਂ ਭਜਾਏਂਗਾ? ਸੁਰਤੀ ਕਾਬੂ ਤੋਂ ਬਾਹਰ ਹੋਣ ਕਰਕੇ ਇਹ ਭਟਕਦੀ ਹੀ ਭਟਕਦੀ ਹੈ, ਇਸ ਦੇ ਦੁਖਾਂ ਦਾ ਦੁਖਾਇਆ ਹੋਇਆ ਧਾਹਾਂ ਮਾਰ ਕੇ ਰੋਵੇਂਗਾ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਮੂਰਖ ਨਾ ਬਣ ਭੇਦ ਵਾਲੀ ਗੱਲ ਨੂੰ ਪਛਾਣਕੇ ਆਪਣੇ ਅਸਲੀ ਘਰ ਵਿਚ ਆ ਜਾ ॥231॥

 

ਕਬਿਤ॥

ਸੁਰਤ ਸਵਾਰ  ਦਿਤੀ ਸੁਰਤ ਵਸਾਰ  ਏਹ ਛਡੀ ਆ ਮੁਹਾਰ  ਤੁਝੇ ਕੌਣੁ ਸਮਝਾਏਗਾ।

ਕਰੇਂ ਨਾ ਬਿਚਾਰ  ਕੁਲ ਆਖਦੇ ਪੁਕਾਰ  ਐਸੇ ਰਿਹਾ ਜੇ ਅਵਾਰ  ਮੰਨ ਮਾਰ ਕੇ ਮਕਾਏਗਾ।

ਹੋਇ ਝੁਨਕਾਰ  ਜਹਾਂ ਸਬਦ ਸਮਾਰ  ਤਹਾਂ ਸੁਰਤ ਸਧਾਰ  ਤਾਂ ਅਨੰਦ ਕੁਝੁ ਆਏਗਾ।

ਲਿਵ ਜਾਏ ਲਗ  ਜਹਾਂ ਜੋਤ ਰਹੀ ਜਗ ਮਗ  ਦਾਸ ਭਗਵਾਨ ਲੈ ਰਹਸ ਕੋ ਅਘਾਏਗਾ॥232॥

 

ਪਦ ਅਰਥ:-ਆ ਮੁਹਾਰ=ਖੁਲ੍ਹੀ ਛੱਡ ਦੇਣਾ। ਅਵਾਰ=ਅਵਾਰਾ। ਸਮਾਰ=ਚੇਤੇ ਕਰ। ਰਹਸ=ਆਤਮਕ ਅਨੰਦ। ਅਘਾਏਗਾ=ਰੱਜ ਜਾਣਾ।

ਅਰਥ:-ਸੁਰਤੀ ਨੂੰ ਸੰਭਾਲਣ ਦਾ ਖਿਆਲ ਹੀ ਭੁਲਾ ਦਿੱਤਾ ਹੈ ਇਸ ਨੂੰ ਆਪਮੁਹਾਰੀ ਕਿਉਂ ਛਡਿਆ ਹੈ? ਤੈਨੂੰ ਕੌਣ ਸਮਝਾਏਗਾ? ਇਸ ਗੱਲ ਨੂੰ ਵਿਚਾਰ ਸਾਰੇ ਪੁਕਾਰ ਕੇ ਆਖਦੇ ਹਨ ਇਸ ਅਵਾਰਾ ਮਨ ਨੂੰ ਮਾਰ ਕੇ ਮੁਕਾਇਆਂ ਹੀ ਸੁਰਤੀ ਸੁਧਰ ਸਕਦੀ ਹੈ। ਸੁਧਰੀ ਹੋਈ ਅਨਹਦ ਸ਼ਬਦ ਦੀ ਸੁਰਤ ਦੁਆਰਾ ਸ਼ਬਦ ਦੀ ਸੰਭਾਲ ਕਰਨੇ ਕਰਕੇ ਜਿਥੇ ਝੰਨਕਾਰ ਹੋ ਰਹੀ ਹੈ ਉਥੇ ਦਾ ਅਨੰਦ ਪ੍ਰਾਪਤ ਕਰ ਸਕੇਂਗਾ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਿੱਥੇ ਜੋਤ ਜਗ ਰਹੀ ਜੇਕਰ ਉੱਥੇ ਲਿਵ ਜੁੜ ਜਾਵੇ ਤਾਂ ਸੱਚੇ ਸੁਖ ਨੂੰ ਪ੍ਰਾਪਤ ਕਰਕੇ ਆਤਮਿਕ ਅਨੰਦ ਨਾਲ ਤੇਰੀ ਰੂਹ ਰੱਜ ਜਾਵੇਗੀ ਅਤੇ ਤੇਰੀਆਂ ਸਭ ਭੁੱਖਾਂ ਦੂਰ ਹੋ ਜਾਣਗੀਆਂ॥232॥

 

ਕਬਿਤ।।

ਸੁਰਤਿ ਸਵਾਰ  ਹੁਣ ਹੋਇ ਹੁਸਿਆਰ  ਲਹੇਂ ਸੁਰਤ ਕੀ ਸਾਰ  ਤਾਂ ਅਪਾਰ ਸੁਖੁ ਪਾਏਂਗਾ।

ਫੜੇ ਜੇ ਫਲਾਰ  ਮਾਰ ਚਾਬਕ ਜੁ ਸਾਰ  ਸਾਰ ਰਖੇ ਜੇ ਸੁਧਾਰ  ਸੁਧਾ ਰਸ ਪੈ ਲੈ ਜਾਏਂਗਾ।

ਨਿਰਤ ਨਿਹਾਰ  ਕਰੇ ਸੁਰਤ ਖਲਾਰ  ਹੋਇ ਅਜਬ ਬਹਾਰ  ਆਪ ਆਪ ਮੇਂ ਸਮਾਏਂਗਾ।

ਕਰਕੇ ਦੀਦਾਰ  ਹੋਇ ਰਹੇ ਹਮਵਾਰ ਯਾਰ  ਦਾਸ ਭਗਵਾਂਨ  ਕੈਸੇ ਕਾਂਮਨਾ ਚਲਾਏਂਗਾ।।233।।

 

ਅਰਥ:- ਖਬਰਦਾਰ ਹੋ ਕੇ ਸੁਰਤੀ ਦੀ ਸੰਭਾਲ ਕਰ ਤਾਂ ਅਪਾਰ ਸੁਖ ਪਾਏਂਗਾ। ਜੇ ਸੁਰਤ ਖਿੰਡਾਓ ਵਲ ਜਾਵੇ ਤਾਂ ਗੁਰ ਸ਼ਬਦ ਦਾ ਚਾਬਕ ਲਾ ਕੇ ਰੋਕੋ ਤਾਂ ਅੰਮ੍ਰਿਤ-ਰਸ ਨੂੰ ਪੀ ਸਕੋਗੇ। ਸੰਸਾਰੀ ਨਾਚ ਨੂੰ ਦੇਖ ਕੇ ਸੁਰਤ ਖਿਲਰ ਜਾਂਦੀ ਹੈ। ਦੁਨੀਆਂ ਦਾ ਮੌਜ ਮੇਲਾ ਦੇਖ ਕੇ ਸੁਰਤੀ ਇਸ ਪਾਸੇ ਲੀਨ ਹੋ ਜਾਂਦੀ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸੱਚ ਦਾ ਦੀਦਾਰ ਕਰਕੇ ਪੱਧਰੇ ਹੋ ਰਹੇ ਹਾਂ, ਹੁਣ ਕਾਮਨਾ ਚਲਾਇਮਾਨ ਨਹੀਂ ਹੁੰਦੀ ॥233॥

 

 

ਕਬਿਤ।।

ਸੁਰਤ ਸਵਾਰ  ਲਂਖੀ ਸੁਰਤ ਕੀ ਕਾਰ  ਏਹ ਕਰੇ ਜੇ ਬਗਾਰ  ਤਾਂ ਅਜਾਬੁ ਆਪ ਪਾਏਂਗਾ।

ਆਰਫ ਹਜਾਰ  ਕਹਿਦੇ ਸੁਖਨ ਸਵਾਰ  ਨਂਹੀ ਮੰਨੇ ਗੁਫਤਾਰ  ਆਪ ਆਪ ਕੋ ਗਵਾਏਂਗਾ।

ਫੜੇ ਬਿਸਥਾਰ  ਨਂਹੀ ਹੁੰਦੀ ਹੈ ਸਹਾਰ  ਕੁਝੁ ਕਰੇ ਨਾ ਕਰਾਰੁ  ਤਾਂ ਅਨੰਦੁ ਕੀ ਲੈ ਜਾਏਂਗਾ।

ਬਤਨ ਬਜਾਰ  ਛਡੀ ਜਾਂਦਾ ਦਿਲਦਾਰ ਯਾਰ  ਦਾਸ ਭਗਵਾਂਨ  ਕਦੋਂ ਫੇਰ ਘਰ ਆਏਂਗਾ।।234।।

 

ਪਦ ਅਰਥ:- ਬਗਾਰ=ਬਿਨਾਂ ਮਜੂਰੀ ਭਾਰ ਪਹੁੰਚਾਉਣਾ। ਅਜਾਬੁ=ਦੁੱਖ। ਆਰਫ=ਰੱਬੀ ਲੋਕ। ਸੁਖਨ ਸਵਾਰ=ਸੋਹਣੀ ਗੱਲ। ਗੁਫਤਾਰ=ਕਹਿਣਾ। ਵਿਸਥਾਰ=ਖਿੰਡਾਓ। ਕਰਾਰੁ=ਟਿਕਾਓ। ਬਤਨ=ਦੇਸ਼।

ਅਰਥ:-ਸੁਰਤੀ ਨੂੰ ਚੰਗੀ ਸੁਰਤ ਦੁਆਰਾ ਹੀ ਸੁਆਰਿਆ ਜਾ ਸਕਦਾ ਹੈ ਜੇਕਰ ਖਿੰਡਾਓ ਵਾਲੇ ਕੰਮ ਕਰਦਾ ਹੈ ਤਾਂ ਦੁਖੀ ਹੁੰਦਾ ਹੈ। ਰੱਬੀ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਇਸ ਦੇ ਭਲੇ ਦੀ ਗੱਲ ਕਹਿੰਦੇ ਹਨ ਪਰ ਬਚਨ ਨੂੰ ਨਹੀਂ ਮੰਨਦਾ ਤਾਂ ਫਿਰ ਆਨੰਦ ਕਿਵੇਂ ਪ੍ਰਾਪਤ ਹੋਵੇਗਾ? ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮਿਤ੍ਰਾ! ਸਾਰੇ ਇਹ ਮੇਲਾ ਭਰਿਆ ਹੀ ਛੱਡ ਕੇ ਤੁਰੇ ਜਾਂਦੇ ਹਨ ਅਸਲੀ ਘਰ ਵਿਚ (ਭਾਵ ਸਰੂਪ ਦਾ ਗਿਆਨ) ਕਦੋਂ ਆਵੇਗਾ ॥234॥

 

ਕਬਿਤ।।

ਬਾਹਜ ਨਿਹਾਰ  ਹੋਇ ਰਿਹ੍ਹਾ ਹੈਂ ਅਵਾਰ  ਕਰ ਚਸਮ ਤਰਾਰ  ਚਾਰ ਕੌਗਲੌ ਲੜਾਏਂਗਾ।

ਕਰਿ ਰਿਹ੍ਹਾ ਹੈਂ ਦੀਦਾਰ  ਬਾਜੂ ਬਾਜੂ ਕੋ ਫਲਾਰ  ਚਲ ਜਾਵਣਾ ਆਨਾਰਿ  ਪਿਆਰ ਕੌਗਲੌ ਬੜਾਏਂਗਾ|

ਗਾਫਲ ਗਵਾਰ  ਦੀਆ ਰਬ ਹੈ ਬਸਾਰ  ਹੋਣੀ ਬੁਰਦ ਬਹਾਰ  ਪੈਰ ਕੌਗਲੌ ਅੜਾਏਂਗਾ।

ਕੂਚ ਦਾ ਮਕਾਂਨ  ਇਹ ਮੁਸਾਫਰੀ ਸਰਾਇਂ ਜਾਣੁ  ਦਾਸ ਭਗਵਾਂਨ  ਕੂਚਾ ਕੂਚ ਕਰ ਜਾਏਂਗਾ ।।235।।

 

ਪਦ ਅਰਥ:-ਬਾਹਜ=ਬਾਹਰ ਮੁਖੀ ਬਿਰਤੀ। ਅਵਾਰ=ਅਵਾਰਾ। ਚਸਮ ਤਰਾਰ=ਚੋਰ ਅੱਖ। ਫਲਾਰ=ਵਧਾ ਕੇ। ਚਲ ਜਾਵਣਾ ਆਨਾਰਿ=ਸਰੀਰ ਦਾ ਖਤਮ ਹੋਣਾ। ਬੁਰਦ ਬਹਾਰ=ਬਾਹਰ ਦਾ ਸਮਾਂ ਖਤਮ ਹੋਣਾ। ਕੌਗਲੌ=ਕਦੋਂ ਤਾਈਂ।

ਅਰਥ:-ਬਾਹਰ ਮੁਖੀ ਬਿਰਤੀ ਕਰਕੇ ਅਵਾਰਾ ਹੋ ਕੇ (ਇਸਤ੍ਰੀ ਦੇਖ ਕੇ) ਚੋਰ ਅੱਖਾਂ ਨਾਲ ਕਦ ਤਾਈਂ ਅੱਖਾਂ ਲੜਾਏਂਗਾ? ਬਣ ਠਣ ਕੇ ਆਪਣੇ ਆਪ ਨੂੰ ਫੁਲ ਫੁਲ ਦੱਸ ਰਿਹਾਂ, ਇਹ ਝੂਠਾ ਪਿਆਰ ਕਦੋਂ ਤਾਈਂ ਵਧਾਵੇਂਗਾ, ਇਕ ਦਿਨ ਤੇਰੀ ਇਸ ਦੇਹ ਨੇ ਖਤਮ ਹੋ ਜਾਣਾ ਹੈ। ਅਵੇਸਲਾ ਹੋ ਕੇ ਰੱਬ ਨੂੰ ਭੁਲਾ ਕੇ ਇਹ ਜੁਆਨੀ ਵਿੱਚ ਮਸਤ ਹੋ ਕੇ ਚਾਰ ਦਿਨ ਦੀ ਬਹਾਰ ਵਿੱਚ ਕਿੰਨਾ ਕੁ ਚਿਰ ਪੈਰ ਅੜਾਏਂਗਾ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਸੰਸਾਰ ਇੱਕ ਸਰਾਂ ਦੀ ਤਰ੍ਹਾਂ  ਹੈ, ਇਥੋਂ ਜ਼ਰੂਰ ਡੇਰਾ ਕੂਚ ਕਰਨਾ ਪਏਗਾ ॥235॥

 

ਕਬਿਤ।।

ਜਿਸਮ ਜੁਆਨੀ  ਬਿਚ ਪਿਆ ਅਭਮਾਂਨ  ਕਰ ਕਰਕੇ ਗੁਮਾਨੁ  ਦਿਨ ਕੌਗਲੌ ਲਘਾਏਂਗਾ।

ਪਾਇ ਪਾਇ ਪੈਲ  ਖੂਬੁ ਚਲਦਾ ਹੈਂ ਫੈਲ ਫੈਲ  ਹੋਇ ਕੇ ਅਵੈਲ  ਫੈਲ ਕੌਗਲੌ ਕਮਾਏਂਗਾ।

ਕਾਲੁ ਕਰੇ ਮਾਰ  ਜਾਂ ਅਗਾਰ ਹੋ ਖੁਆਰ  ਤੂੰ ਕਬੂਤ੍ਰ ਦੇ ਵਾਂਗ  ਆਂਖ ਸਾਸ ਕੋ ਚਰਾਏਂਗਾ।

ਕੂਚ ਦਾ ਮਕਾਂਨੁ  ਇਹ ਮੁਸਾਫਰੀ ਸਰਾਇ ਜਾਣੁ  ਦਾਸ ਭਗਵਾਨ  ਕੂਚਾ ਕੂਚ ਕਰ ਜਾਏਂਗਾ ।।236।।

 

ਪਦ ਅਰਥ:-ਅਭਮਾਂਨ=ਹੰਕਾਰ। ਪੈਲ=ਆਕੜ ਆਕੜ ਤੁਰਨਾ। ਅਵੈਲ=ਅਮੋੜ। ਫੈਲ=ਐਬ। ਅਗਾਰ=ਅੱਗੇ।

ਅਰਥ:-ਜੁਆਨੀ ਦੇ ਅਹੰਕਾਰ ਵਿੱਚ ਪਿਆ ਹੋਇਆ ਕਦ ਤਾਈਂ ਸਮਾਂ ਲੰਘਾਏਂਗਾ। ਬੜਾ ਆਕੜ ਆਕੜ ਕੇ ਚਲਦਾ ਹੈਂ ਤੇ ਹੰਕਾਰ ਵਿਚ ਫੁਲ ਫੁਲ ਦੱਸਦਾ ਹੈਂ। ਅਮੋੜ ਹੋ ਕੇ ਐਬ ਕਦ ਤਾਈਂ ਕਮਾਏਂਗਾ? ਜਦੋਂ ਕਾਲ ਦਾ ਡੰਡਾ ਸਿਰ ਤੇ ਵੱਜੇਗਾ ਉਸਦੇ ਅੱਗੇ ਖੁਆਰ ਹੋਣਾ ਪਊ ਤੇ ਉਸ ਵੇਲੇ ਜਿਵੇਂ ਕਬੂਤਰ ਬਿੱਲੀ ਨੂੰ ਦੇਖਕੇ ਅੱਖਾਂ ਮੀਟ ਲੈਂਦਾ ਹੈ ਓਹੋ ਹਾਲਤ ਤੇਰੀ ਹੋਵੇਗੀ। ਅਖੀਰ ਦੀਆਂ ਤੁਕਾਂ ਦੇ ਅਰਥ ਲਈ ਦੇਖੋ ਕਬਿੱਤ ਨੰ:234 ਦੀ ਆਖਰੀ ਤੁਕ ॥236॥

 

ਕਬਿਤ।।

ਮੌਸਮ ਬਹਾਰ  ਨਂਹੀ ਕਰੀਏ ਹੰਕਾਰ ਯਾਰ  ਖਿਜਾਂ ਦੀ ਬਹਾਰ   ਕਂਹੀ ਨਜਰ ਨਾ ਆਏਂਗਾ।

ਨਂਹੀ ਕਰੋ ਇਤਬਾਰ  ਇਹ ਜਿੰਦਗੀ ਨਾ ਪਾਏਦਾਰ  ਵਾਂਗ ਗੁਲਜਾਰ  ਦਿਲਦਾਰ ਕੁਮਲਾਏਂਗਾ।

ਝੜੇ ਇਹ ਫਲਾਰ  ਜੋਊ ਕਰਿਆ ਪਸਾਰ  ਰਲ ਜਾਏ ਐਸਾ ਛਾਰ  ਨਂਹੀ ਡਾਲ ਫੇਰ ਪਾਏਂਗਾ।

ਕੂਚ ਦਾ ਮਕਾਨ  ਇਹੁ ਮੁਸਾਫਰੀ ਸਰਾਇਂ ਜਾਣ  ਦਾਸ ਭਗਵਾਂਨ  ਕੂਚਾ ਕੂਚ ਕਰ ਜਾਏਂਗਾ ।।237।।

 

ਪਦ ਅਰਥ:-ਖਿਜਾਂ=ਪੱਤਝੜ। ਨਾ ਪਾਏਦਾਰ=ਪੱਕੀ ਨਹੀਂ, ਕੱਚੀ ਹੈ। ਗੁਲਜਾਰ=ਫੁੱਲਵਾੜੀ। ਫਲਾਰ=ਫੁੱਲਵਾੜੀ। ਡਾਲ=ਡਾਲੀ।

ਅਰਥ:-ਜੁਆਨੀ ਦਾ ਅਹੰਕਾਰ ਨਾ ਕਰੀਏ। ਪੱਤਝੜ ਦੀ ਰੁੱਤ ਭਾਵ ਬੁਢਾਪੇ ਤੋਂ ਉਪਰੰਤ ਕਿਤੇ ਦੇਖਣ ਵਿਚ ਨਹੀਂ ਆਵੇਂਗਾ। ਇਸ ਥੋੜ੍ਹੇ ਚਿਰ ਰਹਿਣ ਵਾਲੀ ਜ਼ਿੰਦਗੀ ਦਾ ਕੋਈ ਭਰੋਸਾ ਨਾ ਕਰੋ, ਖਿੜੀ ਫੁਲਵਾੜੀ ਦੇ ਵਾਂਗ ਅੰਤ ਨੂੰ ਕੁਮਲਾ ਜਾਏਂਗਾ। ਇਸ ਸੰਸਾਰ ਦੇ ਪਸਾਰੇ ਵਿਚ ਜੋ ਤੂੰ ਆਪਣਾ ਖਲਾਰਾ ਖਲਾਰ ਰਖਿਆ ਹੈ, ਇਹ ਸਭ ਕੁੱਝ ਮਿੱਟੀ ਵਿਚ ਮਿਲ ਜਾਏਗਾ, ਤੇ ਫਿਰ ਆਪਣੇ ਅਸਲੇ ਨਾਲ ਜੁੜਨ ਦਾ ਸਮਾਂ ਹੱਥ ਨਹੀਂ ਆਵੇਗਾ ॥237॥

 

ਕਬਿਤ।।

ਧੁੰਨ ਦਾ ਹੈ ਮਾਥ  ਨਂਹੀ ਜਾਣਿਆ ਪ੍ਰਾਣ ਨਾਥ  ਭੁਲ ਕੇ ਅਨਾਥ ਨਾਥ  ਕਿਸ ਕੋ ਧਿਆਏਂਗਾ।

ਨਂਹੀ ਲਖਿਆ ਅਰੂਪ  ਰੂਪ ਭੂਪਨ ਕੋ ਭੂਪ ਜੋਈ  ਛਡਕੇ ਸਰੂਪ ਰੂਪ  ਕਿਸ ਕੋ ਮਨਾਏਂਗਾ।

ਹਾਦਰ ਹਦੂਰ  ਜੇਹੜਾ ਨਹੀਂ ਕਿਤੇ ਦੂਰ ਹੈ ਜੋ  ਤਜ ਕੇ ਇਹੁ ਖੁਦ ਨੂਰ  ਕਿਸ ਮੇ ਸਮਾਏਂਗਾ।

       ਕੂਚ ਦਾ ਮਕਾਂਨ  ਇਹੁ ਮੁਸਾਫਰੀ ਸਰਾਇਂ ਜਾਣ  ਦਾਸ ਭਗਵਾਂਨ ਕੂਚਾ ਕੂਚ ਕਰ ਜਾਏਂਗਾ।।238।।

 

ਪਦ ਅਰਥ:-ਧੁੰਨ ਦਾ ਮਾਥ=ਪਛਤਾਉਣਾ।ਅਰੂਪ ਰੂਪ=ਵਾਹਿਗੁਰੂ। ਭੂਪਨ ਕੋ ਭੂਪ=ਰਾਜਿਆਂ ਦਾ ਰਾਜਾ। ਹਾਦਰ ਹਦੂਰ=ਸਦਾ ਨੇੜੇ। ਖੁਦ ਨੂਰ=ਰੌਸ਼ਨ।

ਅਰਥ:-ਪ੍ਰਾਣਾਂ ਦੇ ਦਾਤੇ ਮਾਲਕ ਨੂੰ ਭੁਲਾ ਕੇ ਪਛਤਾਉਂਦਾ ਹੈ। ਅਨਾਥਾਂ ਦੇ ਨਾਥ ਨੂੰ ਭੁਲਾ ਕੇ ਫਿਰ ਕਿਸ ਨੂੰ ਯਾਦ ਕਰੇਂਗਾ? ਰੂਪ ਤੋਂ ਅਰੂਪ ਰਾਜਿਆਂ ਦੇ ਰਾਜੇ ਨੂੰ ਨਹੀਂ ਜਾਣਿਆਂ, ਸਹੀ ਸਰੂਪ ਨੂੰ ਛੱਡ ਕੇ ਕਿਹੜੇ ਰੂਪ ਨੂੰ ਮਨਾਏਂਗਾ? ਜੋ ਹਾਜ਼ਰ ਨਾਜ਼ਰ ਵਾਹਿਗੁਰੂ ਕਿਤੇ ਦੂਰ ਨਹੀਂ, ਜੋ ਤੇਰਾ ਆਪਣਾ ਰੂਪ ਹੈ ਉਸਨੂੰ ਛੱਡ ਕੇ ਕਿਥੇ ਸਮਾਏਂਗਾ  ॥238॥

 

 

ਕਬਿਤ।।

ਭੈਜਲ ਸਗਾਹ  ਦੇਖ ਭਰਦਾ ਹੈਂ ਠੰਢੇ ਸਾਹ  ਜਾਣੀ ਨਾ ਪਨਾਹ  ਬੇ ਅਥਾਹ ਗੋਤੇ ਖਾਏਂਗਾ।

ਪਾਮਦਾ ਅਜਾਬ  ਬਿਨ ਆਬ ਗਰਕਾਬ  ਨਂਹੀ ਜਾਣਿਆਂ ਹਸਾਬ  ਤਾਂ ਸੁਵਾਬੁ ਕੈਸੇ ਪਾਏਂਗਾ।

ਜਾਇ ਫੜੁ ਪੇਸਵਾਇ  ਦੇਵੇ ਮਾਰਗ ਬਤਾਇ  ਇਹ ਕਰਕੇ ਉਪਾਇ  ਹੌਲ ਹੁਣ ਹੀ ਹਟਾਏਂਗਾ।

ਕੂਚ ਦਾ ਮਕਾਂਨ ਇਹੁ  ਮੁਸਾਫਰੀ ਸਰਾਇਂ ਜਾਣ ਦਾਸ ਭਗਵਾਨ  ਕੂਚਾ ਕੂਚ ਕਰ ਜਾਏਂਗਾ।।239।।

 

ਪਦ ਅਰਥ:-ਭੈਜਲ ਸਗਾਹ=ਅਥਾਹ ਸੰਸਾਰ ਸਾਗਰ। ਠੰਢੇ ਸਾਹ=ਹਉਕੇ। ਪਨਾਹ=ਸ਼ਰਨ। ਬੇ ਅਥਾਹ=ਜਿਸ ਦੀ ਡੂੰਘਾਈ ਦਾ ਪਤਾ ਨਾ ਹੋਵੇ। ਅਜਾਬ=ਦੁਖ। ਆਬ=ਪਾਣੀ। ਹਸਾਬ=ਤਰੀਕਾ। ਸੁਵਾਬੁ=ਪੁੰਨ ਫਲ। ਪੇਸਵਾਇ=ਗੁਰੂ ਜਾਂ ਰਹਿਬਰ। ਹੌਲ=ਦੁੱਖ।

ਅਰਥ:-ਸੰਸਾਰ ਸਾਗਰ ਜੋ ਬੇਅਥਾਹ ਹੈ ਇਸ ਨੂੰ ਦੇਖਕੇ ਜੀਵ ਹਉਕੇ ਲੈਂਦਾ ਹੈ। ਕਿਉਂਕਿ ਗੁਰੂ ਮਲਾਹ ਦੀ ਸ਼ਰਨ ਪ੍ਰਾਪਤ ਨਹੀਂ ਹੋਈ ਜੋ ਇਸ ਨੂੰ ਗੋਤੇ ਖਾਣ ਤੋਂ ਬਚਾ ਲੈਂਦਾ। ਬਿਨਾਂ ਪਾਣੀ ਤੋਂ ਡੁੱਬਦਾ ਜਾਂਦਾ ਹੈ ਤੇ ਦੁਖੀ ਹੁੰਦਾ ਹੈ, ਕਿਉਂਕਿ ਜੁਗਤੀ ਤੋਂ ਬਿਨਾਂ ਕਿਸ ਤਰ੍ਹਾਂ ਪਾਰ ਲੰਘੇਗਾ? ਪੂਰੇ ਗੁਰੂ ਦੀ ਸ਼ਰਨ ਫੜ ਲੈ ਭਾਈ! ਉਹ ਜੀਵਨ ਜੁਗਤੀ ਦੱਸ ਕੇ ਤੇਰਾ  ਸਾਰਾ ਡਰ ਦੂਰ ਕਰਕੇ ਪਾਰ ਕਰ ਦੇਣਗੇ। ਅੱਗੋਂ ਦੇ ਅਰਥਾਂ ਲਈ ਦੇਖੋ ਕਬਿੱਤ ਨੰ: (235) ਦੀਆਂ ਅਖੀਰਲੀਆਂ ਤੁਕਾਂ॥239॥

ਕਬਿਤ।।

ਜੁਲਮੀ ਨਾ ਕਰੋ  ਧਰੋ ਗੁਰੂ ਕਾ ਧਿਆਨ ਭਾਈ  ਮਾਇਆ ਮਦ ਅੰਧ ਛਾਈ  ਦਿਲ ਥੋ ਉਤਾਰੋ ਖਾਂ।

 ਕਹੇ ਜੋਈ ਵਾਕ  ਆਪ ਗ੍ਰਿੰਥਨ ਮੇ ਮਹਾਰਾਜ  ਸਰਧਾ ਸੰਜੁਗਤ ਹੋ  ਤਿਨ ਕੋ ਬਚਾਰੋ ਖਾਂ।

 ਛੋਡਿ ਮਤ ਮੰਦ  ਪੰਦ ਗੁਰ ਕੀ ਪਸੰਦ ਕਰ  ਹੋਇ ਨਿਰਦ੍ਵੰਦ  ਜਰਾ ਅਖੀਆਂ ਉਘਾਰੋ ਖਾਂ।

ਹਿਰਸ ਹਮੰਚਲ  ਲਬੇੜ ਨਂਹੀ ਅੰਚਲ ਕੋ  ਦਾਸ ਭਗਵਾਂਨ  ਜੜ ਜਾਹਲੀ ਦੀ ਉਖਾਰੋ ਖਾਂ।।240।।

 

ਪਦ ਅਰਥ:-  ਮਾਇਆ ਮਦ=ਮਾਇਆ ਦਾ ਹੰਕਾਰ। ਅੰਧ ਛਾਈ=ਕਾਲਖ। ਸਰਧਾ ਸੰਜੁਗਤ=ਸ਼ਰਧਾ ਨਾਲ, ਨਿਸ਼ਚੇ ਨਾਲ। ਪੰਦ=ਉਪਦੇਸ਼। ਨਿਰਦ੍ਵੰਦ=ਦਵੈਤ ਤੋਂ ਬਿਨਾਂ। ਹਿਰਸ ਹਮੰਚਲ=ਹਿਰਸ ਜੋ ਪਰਬਤ ਜਿਹੀ ਹੈ। ਅੰਚਲ=ਪੱਲਾ।

ਅਰਥ:-  ਮਾਇਆ ਦੇ ਮਦ ਵਿਚ ਕਿਸੇ ਨਾਲ ਵਾਧਾ ਨਾ ਕਰੋ, ਗੁਰੂ ਦੇ ਉਪਦੇਸ਼ ਵੱਲ੍ਹ ਧਿਆਨ ਕਰੋ। ਜੋ ਬਚਨ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਕਹੇ ਹਨ ਉਨ੍ਹਾਂ   ਨੂੰ ਸ਼ਰਧਾ ਸਮੇਤ ਵਿਚਾਰੋ। ਖੋਟੀ ਮਤ ਨੂੰ ਛੱਡ ਕੇ ਗੁਰਮਤਿ ਨੂੰ ਧਾਰਨ ਕਰੋ, ਦੂਈ ਦ੍ਵੈਤ ਤੋਂ ਰਹਿਤ ਹੋ ਕੇ ਜ਼ਰਾ ਗਹੁ ਨਾਲ ਵਿਚਾਰ ਕਰੋ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਤ੍ਰਿਸ਼ਨਾ ਜੋ ਹਿਮਾਚਲ ਪਰਬਤ ਦੀ ਨਿਆਈਂ ਹੈ ਹਿਰਦੇ ਰੂਪ ਪੱਲੇ ਨੂੰ ਇਸ ਨਾਲ ਨਾ ਲਬੇੜੋ ਤੇ ਜਾਹਲਪੁਣੇ ਦੀਆਂ ਜੜ੍ਹਾ ਪੁੱਟ ਕੇ  ਸੁੱਟੋ॥240॥

 

ਕਬਿਤ।।

ਗੁਰ ਕੀ ਪਛਾਂਨ  ਆਂਨ ਝਟਕੇ ਦੀ ਤਜੋ ਬਾਂਨ  ਕਰੋ ਨਾ ਧਰਾਣ  ਤਾਣ ਜਾਣ ਪਰਮਾਂਨ ਕੋ।

ਮਾਸ ਕਾ ਅਹਾਰਾ  ਮਹਾਂ ਪੁਰਸੋਂ ਪੁਕਾਰਾ ਨਾਹਿ  ਲੈਕਨ ਇਸਾਰਾ ਐਸੇ  ਕੀਆ ਹੈ ਨਦਾਂਨ ਕੋ।

ਰਤ ਲਗੇ ਕਪੜੇ ਜੇ  ਜਾਮਾ ਹੋ ਪਲੀਦ ਜਾਏ  ਮਾਂਨਸ ਕਿਉਂ ਖਾਏ  ਪਾਇ ਨਿਰਮਲ ਗਿਆਂਨ ਕੋ।

ਇਸਟ ਤੁਮਾਰਾ ਕਹੇ ਪਕੜੋ ਕਨਾਰਾ ਇਸੋਂ  ਦਾਸ ਭਗਵਾਂਨ  ਨਾਂ ਭੁਲਾਓ ਵਖਿਆਨ ਕੋ।। 241।।

 

ਪਦ ਅਰਥ:-ਧਰਾਣ ਤਾਣ=ਜ਼ੁਲਮ। ਪਰਮਾਂਨ=ਬਰਾਬਰ। ਰਤ=ਲਹੂ। ਪਲੀਦ=ਗੰਦਾ। ਇਸਟ=ਗੁਰੂ।

ਅਰਥ:-ਗੁਰ ਦੀ ਪਛਾਣ ਕਰਨ ਲਈ ਝਟਕੇ ਦੀ ਬਾਣ ਛੱਡਣੀ ਪਊ। ਬੇਜ਼ਬਾਨ ਜੀਵਾਂ ਉਪਰ ਜ਼ੁਲਮ ਕਰਨਾ ਇਹ ਜਾਇਜ਼ ਨਹੀਂ ਮੰਨਿਆ ਜਾਂਦਾ। ਕਿਸੇ ਭੀ ਮਹਾਂਪੁਰਸ਼ ਨੇ ਮਾਸ ਖਾਣ ਦੀ ਆਗਿਆ ਨਹੀਂ ਦਿੱਤੀ। ਲੇਕਿਨ ਮੂਰਖ ਨੂੰ ਸਮਝਾਉਣ ਵਾਸਤੇ ਇਸ਼ਾਰਾ ਦਿੱਤਾ ਹੈ ਕਿ ਜੇਕਰ ਜਾਮੇਂ ਨੂੰ ਲਹੂ ਲੱਗ ਜਾਵੇ ਤਾਂ ਉਹ ਪਲੀਤ ਹੋ ਗਿਆ ਮੰਨਿਆ ਜਾਂਦਾ ਹੈ। ॥241॥

ਇਸ ਕਰਕੇ ਦੱਸੋ, ਭਾਈ ਮਾਸ ਖਾਣ ਵਾਲਾ ਗੁਰੂ ਦੇ ਨਿਰਮਲ ਗਿਆਨ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ? ਰਾਜਾ ਸਾਹਿਬ ਕਥਨ ਕਰਦੇ ਹਨ ਕਿ ਜਦ ਤੁਹਾਡਾ ਗੁਰੂ ਕਹਿੰਦਾ ਹੈ, ਇਸ ਤੋਂ ਕਿਨਾਰਾ ਕਰੋ ਤਾਂ ਫਿਰ ਉਨ੍ਹਾਂ ਦੇ ਉਪਦੇਸ਼ ਨੂੰ ਕਿਉਂ ਭੁਲਾਇਆ ਜਾਵੇ ॥241॥

 

ਕਬਿਤ।।

 ਅਗਰ ਕਹੋ ਦੋਸ ਨਂਹੀ  ਸਿੰਘਨ ਕੋ ਝਟਕੇ ਮੇ  ਮੁਝੇ ਬਤਲਾਓ ਤੁਮੇ  ਕਿਸ ਫੁਰਮਾਇਆ ਹੈ।

ਕੌਣ ਸੀ ਅਚਾਰਜ  ਓਹੁ ਕੌਣ ਅਵਤਾਰਿ ਕਹੀਏ  ਕੌਣ ਨੀਤੀ ਵਾਲਾ ਜਿਨ  ਰਾਹੁ ਏਹ ਚਲਾਇਆ ਹੈ।

ਦੀਨ ਮਸਕੀਨ ਕਹੋ  ਮਾਰਨੇ ਹੈਂ ਕਹਾਂ ਆਏ  ਅਕੇ ਇਹ ਮਸਲਾ  ਮਨੋਕਤੀ ਬਨਾਇਆ ਹੈ।

 ਬਾਣੀ ਓਹੁ ਸੁਣਾਓ  ਜਾਂ ਮੈ ਧਰਮ ਹੈ ਜੀਵ ਹਨੀ  ਦਾਸ ਭਗਵਾਂਨ ਏਵੇਂ ਰੌਲਾ ਕਿਉਂ ਮਚਾਇਆ ਹੈ।।242।।

 

ਪਦ ਅਰਥ:-  ਅਚਾਰਜ=ਵੱਡੇ ਪੁਰਸ਼। ਨੀਤੀ=ਇਨਸਾਫ ਪਸੰਦ। ਮਨੋਕਤੀ=ਮਨਘੜਤ। ਜੀਵ ਹਨੀ=ਜੀਵਾਂ ਦਾ ਮਾਰਨਾ।

ਅਰਥ:-  ਜੇਕਰ ਇਹ ਕਿਹਾ ਜਾਵੇ ਕਿ ਸਿੰਘਾਂ ਨੂੰ ਝਟਕੇ ਖਾਣ ਵਿਚ ਕੋਈ ਦੋਸ਼ ਨਹੀਂ ਤਾਂ ਇਹ ਦੱਸੋ ਭਾਈ! ਕਿਸ ਮਹਾਂਪੁਰਸ਼ ਨੇ ਇਹ ਆਗਿਆ ਦਿੱਤੀ ਹੈ? ਕੋਈ ਮਹਾਂਪੁਰਸ਼ ਅਵਤਾਰੀ ਜਾਂ ਇਨਸਾਫ-ਪਸੰਦ ਦੱਸੋ ਜਿਸ ਨੇ ਇਹ ਮਾਸ ਖਾਣ ਦਾ ਰਾਹ ਚਲਾਇਆ ਹੈ? ਦੀਨ ਤੇ ਮਸਕੀਨਾਂ ਦੇ ਗਲ ਤੇ ਛੁਰੀ ਚਲਾਉਣੀ ਕਿਥੋਂ ਇਹ ਗੱਲ ਬਣ ਸਕਦੀ ਹੈ? ਇਹ ਇਕ ਮਨਘੜਤ ਢਕੌਂਸਲਾ ਘੜਿਆ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਉਹ ਕੋਈ ਬਾਣੀ ਦੱਸੋ ਜਿਥੋਂ ਜੀਵਾਂ ਨੂੰ ਮਾਰਨਾ ਜਾਇਜ਼ ਕਿਹਾ ਹੋਵੇ, ਵਾਧੂ ਰੌਲਾ ਪਾਉਣ ਦੀ ਕੀ ਲੋੜ ਹੈ ? ॥242॥

 

ਕਬਿਤ।।

ਜੀਵੋਂ ਕੋ ਸਤਾਨਾਂ  ਨਾ ਬਖਾਨਾ ਹੈ ਮਹਾਤਮਾਂ ਨੇ  ਬਲਕ ਛੁਡਾਨਾ ਸਹੀ ਸਮਝ ਮੇਂ ਆਇਆ ਹੈ।

ਰਾਖਸੋਂ ਕੇ ਦੇਸ ਜਾਇ  ਆਪ ਗੁਰੂ ਨਾਨਕ  ਜੀ ਦੇਖੋ ਉਪਦੇਸ ਕੈਸੇ  ਉਨ ਕੋ ਜਣਾਇਆ ਹੈ।

ਮੇਵੋਂ ਕਾ ਭੀ ਖਾਣਾ ਨਾ  ਕਬੂਲੁ ਕੀਤਾ ਤਦੋਂ ਤੀਕ  ਜਦੋਂ ਤੀਕ ਨਾ ਅਭੱਛ ਸੇ ਸੀ  ਨਿਜਮ ਕਰਾਇਆ ਹੈ।

ਸ੍ਵਛ ਧਰਮ ਗ੍ਰੈਹਣ ਸੀ ਕੀਤਾ ਜਦੋਂ ਰਾਖਸਾਂ ਨੇ  ਦਾਸ ਭਗਵਾਂਨ ਤਾਂ ਹੀ ਭੋਗ ਸੀ ਲਗਾਇਆ ਹੈ ।।243।।

 

ਪਦ ਅਰਥ:-ਅਭੱਛ=ਨਾ ਖਾਣ ਯੋਗ ਭਾਵ ਮਾਸ। ਸ੍ਵਛ=ਪਵਿੱਤ੍ਰ।

ਅਰਥ:-ਜੀਵਾਂ ਨੂੰ ਦੁਖਾਉਣਾ ਮਹਾਤਮਾਂ ਲੋਕਾਂ ਨੇ ਨਹੀਂ ਕਿਹਾ ਬਲਕਿ ਦਇਆ ਦਾ ਉਪਦੇਸ਼ ਕਰਦੇ ਹਨ। ਗੁਰੂ ਨਾਨਕ ਜੀ ਨੇ ਰਾਖਸ਼ਾਂ ਦੇ ਦੇਸ਼ ਜਾ ਕੇ ਉਨ੍ਹਾਂ ਨੂੰ ਮਾਸ ਖਾਣ ਤੋਂ ਮਨ੍ਹਾ ਕੀਤਾ। ਜਦੋਂ ਤੋੜੀ ਉਨ੍ਹਾਂ ਤੋਂ ਇਸ ਗੱਲ ਦਾ ਨਿਯਮ ਨਹੀਂ ਕਰਾ ਲਇਆ ਉਨ੍ਹਾਂ ਦੇ ਮੇਵੇ ਵੀ ਗੁਰੂ ਜੀ ਨੇ ਪਰਵਾਣ ਨਹੀਂ ਕੀਤੇ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਜਦੋਂ ਉਨ੍ਹਾਂ ਵੈਸ਼ਨਵ ਮਤ ਨੂੰ ਧਾਰਨ ਕੀਤਾ ਤਦੋਂ ਹੀ ਮੇਵਿਆਂ ਦਾ ਭੋਗ ਲਾਇਆ ਸੀ || 243||

ਭਾਵ:- ਜਿਨ੍ਹਾਂ ਰਾਖਸ਼ਾਂ ਦਾ ਜ਼ਿਕਰ ਰਾਜਾ ਸਾਹਿਬ ਨੇ ਕੀਤਾ ਹੈ ਉਨ੍ਹਾਂ ਦਾ ਜ਼ਿਕਰ ਨਾਨਕ ਪ੍ਰਕਾਸ਼ ਗਰੰਥ ਵਿਚ ਦੇਵਲੂਤ ਨਾਮੇਂ ਰਾਖਸ਼ ਦੀ ਸਾਖੀ ਵਿਚ ਆਉਂਦਾ ਹੈ, ਜਿਸ ਦਾ ਸੰਖੇਪ ਇਸ ਪ੍ਰਕਾਰ ਹੈ:-ਦੇਵਲੂਤ ਨੇ ਆਪਣੇ ਵਜ਼ੀਰ ਨੂੰ ਸੱਦਿਆ, ਮਿਠੇ ਫਲ ਤੇ ਹੋਰ ਮੇਵੇ ਮੰਗਵਾਏ ਤੇ ਸਤਿਗੁਰਾਂ ਅੱਗੇ ਭੇਟ ਕੀਤੇ। ਗੁਰੂ ਜੀ ਨੇ ਕਿਹਾ ਜੇ ਸਾਡਾ ਸ਼ੁਭ ਉਪਦੇਸ਼ ਮੰਨੋਗੇ (ਭਾਵ ਮਾਸ ਦਾ ਅਹਾਰ ਛੱਡੋ) ਤਾਂ ਤੁਹਾਡਾ ਭੋਜਨ ਛਕਾਂਗੇ। ਗੁਰੂ ਜੀ ਨੇ ਬਚਨ ਕੀਤਾ, ''ਪ੍ਰਹਿਲਾਦ ਭਗਤ ਭੀ ਤੁਹਾਡੀ ਕੁਲ ਵਿਚੋਂ ਸੀ, ਤੇ ਭਵੀਖਨ ਰਾਵਣ ਦਾ ਭਾਈ ਜਿਸ ਨੇ ਪਰੇਮ ਭਗਤੀ ਕੀਤੀ'' ॥243॥

 

ਕਬਿਤ।।

ਅਜ ਕੋ ਨਾ ਮਾਰ  ਅਬ ਗਾਫਲੀ ਬਸਾਰ ਭਾਈ  ਕਥਨੀ ਬਚਾਰ ਸਾਰ ਕਹੀ ਗ੍ਰੰਥ ਆਦ ਹੈ।

ਅਠ ਸਠ ਤੀਰਥ ਤੇ  ਸਗਲ ਹੀ ਪੁੰਨੁ ਜੀਵ  ਦਇਆ ਪ੍ਰਵਾਂਨ ਆਇਆ  ਮਾਝ ਰਾਗ ਪਾਦ ਹੈ।

ਛਿਮਾ ਹੀਏ ਧਾਰੋ  ਨਂਹੀ ਜੁਲਮੀ ਗੁਜਾਰੋ ਭਾਈ  ਆਜਜੋਂ ਪੈ ਕੋਪ  ਕਹੋ ਕੌਣ ਸੀ ਇਹ ਦਾਦ ਹੈ।

ਮਤ ਕਹੋ ਜੀਵ ਹਨੀ  ਕਿਸੇ ਭੀ ਹੈ ਕਹੀ ਗੁਰ  ਦਾਸ ਭਗਵਾਨ ਨਂਹੀ  ਕੋਈ ਭੀ ਬੇਦਾਦ ਹੈ ।।244।।

 

ਪਦ ਅਰਥ:- ਅਜ=ਬੱਕਰਾ। ਆਜਜ਼ੋਂ=ਗਰੀਬ। ਕੋਪ=ਗੁੱਸਾ। ਦਾਦ=ਇਨਸਾਫ। ਜੀਵ ਹਨੀ=ਜੀਵਾਂ ਦਾ ਮਾਰਨਾ। ਬੇਦਾਦ=ਬੇਇਨਸਾਫ।

ਅਰਥ:- ਆਦਿ ਗੁਰੂ ਗ੍ਰੰਥ ਸਾਹਿਬ ਮੇਂ ਜੋ ਸ਼੍ਰੇਸ਼ਠ ਵਿਚਾਰ ਕਹੀ ਉਸਨੂੰ ਵਿਚਾਰ ਕੇ ਬੱਕਰੇ ਦੀ ਗਰਦਨ ਤੇ ਛੁਰੀ ਮੱਤ ਚਲਾ। ਮਾਝ ਰਾਗੁ ਵਿਚ ਇਹ ਪਦ ਆਇਆ ਹੈ:

""ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ||

ਭਾਵ ਅਰਥ:- ਇਕ ਜੀਵ ਉੱਪਰ ਤਰਸ ਕਰਨਾ ਅਠਾਹਠ ਤੀਰਥਾਂ ਦੇ ਇਸ਼ਨਾਨ ਦੇ ਫਲ ਦੇ ਬਰਾਬਰ ਹੈ। ਦਸੋ ਭਾਈ !ਅਾਜਜ਼ਾਂ ਤੇ ਛੁਰੀ ਚਲਾਉਣੀ ਕਿਥੋਂ ਦਾ ਇਹ ਇਨਸਾਫ ਹੈ? ਰਾਜਾ ਸਾਹਿਬ ਜੀ ਫੁਰਮਾਨ ਕਰਦੇ ਹਨ ਕਿ ਜੀਵਾਂ ਨਾਲ ਬੇਇਨਸਾਫੀ ਕਰਨੀ ਕਿਸੇ ਗੁਰ ਪੀਰ ਦੀ ਇਹ ਮੱਤ ਨਹੀਂ ਹੈ ॥244॥

ਕਬਿਤ।।

ਸਿਦਕੀ ਹੋ ਸਿੰਘ  ਕਰੋ ਧਾਰਨ ਧਰਮ ਓਹੋ  ਗੁਰੂ ਜੀ ਗੋਬਿੰਦ ਸਿੰਘ  ਕਹਾ ਜੋ ਅਸੂਲ ਹੈ।

ਚਿਉਂਟੀ ਅਤੇ ਕੁੰਚਰ ਲੌ  ਥੂਲਾ ਦੇਖੋ ਸਭ ਹੀ ਪੈ  ਕ੍ਰਿਪਾ ਦ੍ਰਿਸਟ ਸਿਉਂ  ਰਿਹ੍ਹਾ ਏਕ ਫੂਲ ਹੈ।

ਸਾਰੇ ਪ੍ਰਫੁਲਤ ਹੋ ਰਿਹਾ ਸਹੀ ਆਤਮਾਂ ਜਾਂ  ਮ੍ਰਿਗ ਔ ਮ੍ਰੁਗ ਮੇ ਕੈਸੇ ਨਂਹੀ ਮੂਲ ਹੈ।

ਮੁਖਵਾਕ ਆਪ ਕਹੀ  ਰਾਵਰ ਜਾਂ ਦਸਵੇਂ ਨੇ  ਦਾਸ ਭਗਵਾਂਨ ਕਹਣਾ ਕਰੇਂ ਕਿਉਂ ਅਦੂਲ ਹੈ ।।245।।

 

ਪਦ ਅਰਥ:-ਸਿਦਕੀ=ਸਿਦਕ ਵਾਲੇ। ਚਿਉਂਟੀ=ਕੀੜੀ। ਕੁੰਚਰ=ਹਾਥੀ। ਥੂਲਾ=ਵੱਡਾ। ਫੂਲ=ਖੁਸ਼ ਹੋ ਰਿਹਾ ਹੈ। ਅਦੂਲ=ਹੁਕਮ ਨਾ ਮੰਨਣਾ।

ਅਰਥ:-ਜੇ ਸਿਦਕ ਵਾਲੇ ਸਿੰਘ ਹੋ ਜਾਂ ਦਸਮ ਪਾਤਸ਼ਾਹ ਦੇ ਅਸੂਲ ਦੇ ਧਾਰਨੀ ਬਣੋ। ਕੀੜੀ ਤੋਂ ਲੈ ਕੇ ਹਾਥੀ ਤੀਕ ਸਾਰਿਆਂ ਉੱਤੇ ਨਿਰੰਕਾਰ ਮਿਹਰ ਤੇ ਤਰਸ ਦੀ ਨਜ਼ਰ ਕਰਕੇ ਪ੍ਰਸੰਨ ਹੋ ਰਿਹਾ ਹੈ। ਜਦੋਂ ਸਾਰੇ ਪਾਸੇ ਓਸੇ ਦੀ ਫੁਲਵਾੜੀ ਹੈ ਤਾਂ ਮੁਰਗ ਤੇ ਹਿਰਨ ਵਿਚ ਭੀ ਓਸੇ ਦਾ ਨੂਰ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਸਿੰਘ ਹੋ ਕੇ ਦਸਵੇਂ ਪਾਤਸ਼ਾਹ ਦੇ ਬਚਨਾਂ ਦੀ ਹੁਕਮ-ਅਦੂਲੀ ਕਿਉਂ ਕਰਦੇ ਹੋ ?॥245॥

ਅਗੋਂ ਸ਼ਰਾਬ ਦਾ ਪ੍ਰਕਰਣ ਆਰੰਭ ਹੁੰਦਾ ਹੈ -

ਕਬਿਤ।।

ਪੀਵੀਏ ਸਰਾਬ ਨਂਹੀ  ਹੋਵੀਏ ਖਰਾਬ ਨਂਹੀ  ਪਾਵੀਏ ਅਜਾਬ ਐਸੇ ਅਸਲ ਬਿਚਾਰਿਆ।

ਦਮ ਮੇ ਦਲੀਲ ਨਂਹੀ  ਅਮਲ ਅਸੀਲ  ਨਂਹੀ  ਬੁਖਲ ਬਖੀਲ ਫੀਲ ਅੰਦਰ ਲੈ ਡਾਰਿਆ।

ਜੀਵਣੇ ਦਾ ਹਜੁ ਨਂਹੀ  ਮਰਨੇ ਦਾ ਚਜੁ ਨਂਹੀ  ਪੀਆ ਦੀ ਨਾਂ ਲਜ  ਗਜ ਬਜ ਕੀ ਸਵਾਰਿਆ।

ਕਹੇ ਭਗਵਾਂਨ ਦਾਸ  ਸਚ ਦੇ ਬਲਾਸ ਰਾਸ  ਇਸਕ ਅਦਾਇ ਬਿਨਾ ਨਸਾ ਨਾ ਪਿਆਰਿਆ।।246।।

 

ਪਦ ਅਰਥ:-ਅਜਾਬ=ਦੁੱਖ। ਦਮ ਮੇਂ ਦਲੀਲ=ਅਕਲ ਮਾਰੀ ਜਾਂਦੀ ਹੈ। ਅਮਲ ਅਸੀਲ=ਠੀਕ ਅਮਲ ਨਹੀਂ। ਬੁਖਲ ਬਖੀਲ=ਲਾਲਚ ਕਰਕੇ। ਇਸਕ ਅਦਾਇ=ਸੱਚਾ ਇਸ਼ਕ ਜਾਂ ਨਾਮ ਦਾ ਨਸ਼ਾ।

ਅਰਥ:-ਅਸਲੀ ਵੀਚਾਰ ਤਾਂ ਇਹ ਹੈ ਕਿ ਸ਼ਰਾਬ ਪੀ ਕੇ ਖਰਾਬ ਨ ਹੋਈਏ। ਇਹ ਨਸ਼ਾ ਠੀਕ ਨਹੀਂ ਜੋ ਅਕਲ ਮਾਰ ਦਿੰਦਾ ਹੈ। ਨਸ਼ੇ ਦੀ ਮਦ ਵਿਚ ਅਹੰਕਾਰ ਰੂਪ ਹਾਥੀ ਅੰਦਰ ਪ੍ਰਗਟ ਹੋ ਜਾਂਦਾ ਹੈ। ਸ਼ਰਾਬੀ ਆਦਮੀ ਦੇ ਜੀਵਨ ਦਾ ਕੋਈ ਹੱਜ ਨਹੀਂ ਤੇ ਮਰਨ ਦਾ ਕੋਈ ਚੱਜ ਨਹੀਂ ਤੇ ਮਾਲਕ ਦੀ ਕੋਈ ਸ਼ਰਮ ਨਹੀਂ, ਫੋਕੀ ਫੂੰ ਫਾਂ ਕਰਕੇ ਕੀ ਸਵਾਰ ਲਿਆ? ਭਾਵ ਕੁਝ ਨਾ ਸਵਾਰਿਆ। ਰਾਜਾ ਸਾਹਿਬ ਇਹ ਸਾਰੇ ਬਚਨ ਸੱਚ ਬੋਲਦੇ ਹਨ, ਰੱਬੀ ਪਰੇਮ ਤੋਂ ਬਿਨਾਂ ਸਭ ਨਸ਼ੇ ਝੂਠੇ ਹਨ ॥246॥

ਭਾਵ:-  ਹਰ ਇਕ ਇਨਸਾਨੀ ਦਿਲ ਨਾਮ ਦੀ ਮਸਤੀ ਦਾ ਚਾਹਵਾਨ ਹੈ, ਪਰ ਇਹ ਸ਼ਰਾਬ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਪਰ ਬੜੀ ਹੁਸ਼ਿਆਰੀ ਨਾਲ ਪੀਣੀ ਪੈਂਦੀ ਹੈ ਕਿਉਂਕਿ ਸੰਸਾਰ ਵਲੋਂ ਪਿਆਰ ਤੋੜਨਾਂ ਤੇ ਰੱਬ ਵਲ ਜੋੜਨਾਂ ਡਾਢੀ ਹੁਸ਼ਿਆਰੀ ਦਾ ਕੰਮ ਹੈ|

ਕਬਿਤ।।

ਪੀ ਪੀ ਭੰਗ ਨਂਹੀ  ਹੂਆ ਹੈਂ ਮਲੰਗ ਨਂਹੀ  ਬਣ ਕੇ ਨਹੰਗ ਅੰਗ ਅੰਗ ਸੇ ਹੈ ਮਾਰਿਆ।

ਕਾਂਮ ਤੇ ਕ੍ਰੋਧ ਪਾਇ  ਰਹੇ ਹੈਂ ਬ੍ਰੋਧ ਲੋਭ  ਮੋਹ ਔ ਹੰਕਾਰ ਨੇ ਹੈ ਬੁਰਜ ਉਸਾਰਿਆ।

ਕਰ ਰਹੇ ਜੁਧ ਨਂਹੀ ਆਂਵਦੀ ਹੈ ਸੁਧ  ਐਸੇ ਹੋਇ ਕੇ ਬਰੁਧ ਉਧ ਤੁਧ ਨੂੰ ਨਿਘਾਰਿਆ।

ਕਹੇ ਭਗਵਾਂਨ ਦਾਸ ਸਚ ਦੇ ਬਲਾਸ ਰਾਸ  ਇਸਕ ਅਦਾਇ ਬਿਨਾ ਨਸਾ ਨਾ ਪਿਆਰਿਆ।।247।।

 

ਪਦ ਅਰਥ:-ਮਲੰਗ=ਮੁਸਲਮਾਨਾਂ ਦਾ ਇਕ ਫ਼ਿਰਕਾ ਜੋ ਜਿੰਦਾ ਸ਼ਾਹ ਮਦਾਰ ਤੋਂ ਚਲਿਆ ਹੈ। ਮਲੰਗ ਸਿਰ ਦੇ ਕੇਸ ਨਹੀਂ ਮਨਾਉਂਦੇ। ਜੂੜਾ ਗਿੱਚੀ ਵਿਚ ਕਰਦੇ ਹਨ। ਨਸ਼ਿਆਂ ਦਾ ਖਾਣਾ ਪੀਣਾ ਇਨ੍ਹਾਂ ਦਾ ਧਾਰਮਿਕ ਨਿਯਮ ਬਣ ਗਿਆ ਹੈ।

ਅਰਥ:-ਭੰਗ ਪੀ ਕੇ ਮਲੰਗ ਥੋੜ੍ਹਾ ਬਣ ਜਾਂਦਾ ਹੈ ਜਦੋਂ ਤਾਈਂ ਮਨ ਨੂੰ ਮਾਰ ਕੇ ਅਹੰਕਾਰ ਦੂਰ ਨਾ ਕਰੇ। ਕਾਮ ਕਰੋਧ ਲੋਭ ਮੋਹ ਅਹੰਕਾਰ ਆਦਿ ਵਿਰੋਧੀ ਹੋ ਕੇ ਯੁੱਧ ਦਾ ਬੁਰਜ ਉਸਾਰੀ ਬੈਠੇ ਹਨ। ਇਹ ਸਦਾ ਝਗੜਾ ਕਰਦੇ ਹਨ, ਤੈਨੂੰ ਸੋਝੀ ਨਹੀਂ ਹੋਣ ਦਿੰਦੇ। ਥੋੜ੍ਹਾ ਦੇ ਵੱਸ ਵਿਚ ਹੋ ਕੇ ਨਿਘਰਦਾ ਜਾ ਰਿਹਾ ਹੈਂ। ਰਾਜਾ ਸਾਹਿਬ ਸੱਚ ਦੇ ਬਚਨ ਕਹਿੰਦੇ ਹਨ ਕਿ ਸੱਚੀ ਆਸ਼ਕੀ ਬਿਨਾਂ ਨਸ਼ੇ ਝੂਠੇ ਹਨ॥247॥

ਕਬਿਤ।।

ਖਾਇ ਪੋਸਤ ਅਫੀਮ  ਨਂਹੀ ਪਾਈ ਹੈ ਤਲੀਮ  ਐਸੇ ਦੇਖ ਅਕਲੀਮ ਤਸਲੀਮ ਨਾ ਗੁਜਾਰਿਆ।

ਕਰੀ ਨਂਹੀ ਘੋਕ  ਪਈ ਪੰਚਨ ਕੀ ਰੋਕ  ਕਭੀ ਲਾਇ ਲਾਇ ਝੋਕ ਨਂਹੀ ਨਸੇ ਕੋ ਨਤਾਰਿਆ।

ਹੂਈ ਨਾਂ ਮਕੂਫੀ  ਸੂਫੀ ਸਿਫਲੀ  ਮਕਾਨ ਨਸੇ ਅਜਲੀ ਮਕਾਨ ਪੈ ਨਾ ਜਾਇ ਝਾਕਾ ਮਾਰਿਆ।

ਕਹੇ ਭਗਵਾਨ ਦਾਸ  ਸਚ ਦੇ ਬਲਾਸ ਰਾਸ  ਇਸਕ ਅਦਾਇ ਬਿਨਾ ਨਸਾ ਨਾ ਪਿਆਰਿਆ।।248।।

ਪਦ ਅਰਥ:-ਤਲੀਮ=ਸਿਖਿਆ। ਅਕਲੀਮ=ਕਮੀਨਾਪਣ। ਤਸਲੀਮ=ਸ੍ਵੀਕਾਰ, ਅੰਗੀਕਾਰ। ਘੋਕ=ਉਚੀ ਗਰਜ ਨਾਲ ਬੋਲਣਾ। ਪੰਚਨ=ਕਾਮ, ਕਰੋਧ, ਲੋਭ, ਮੋਹ, ਹੰਕਾਰ। ਮਕੂਫੀ=ਅਟਕਾਇਆ ਹੋਇਆ। ਸੂਫੀ=ਮੁਸਲਮਾਨਾਂ ਦਾ ਇਕ ਫਿਰਕਾ ਸੂਫੀ ਅਥਵਾ ਸੂਫਈ ਅਖਵਾਉਂਦਾ ਹੈ ਜੋ ਵੇਦਾਂਤ ਅਤੇ ਇਸਲਾਮ ਦੇ ਮੇਲ ਤੋਂ ਉਪਜਿਆ ਹੈ, ਇਸ ਮੱਤ ਦਾ ਪਰਚਾਰਕ ਬਹਾਉਦੀਨ ਸਾਮ ਹੈ, ਜੋ ਈਸਵੀ ਤੇਰ੍ਹਵੀਂ ਸਦੀ ਦੇ ਅਰੰਭ ਵਿਚ ਹੋਇਆ ਹੈ। ਸੂਫੀਆਂ ਦੇ ਨੇਮ ਇਹ ਹਨ:

(ੳ) ਖੁਦਾ ਸਭ ਵਿਚ ਹੈ ਔਰ ਖੁਦਾ ਵਿੱਚ ਸਭ ਕੁਝ ਹੈ।

(ਅ) ਮਜ਼ਹਬ ਮੁਕਤੀ ਦਾ ਸਾਖਯਾਤ ਸਾਧਨ ਨਹੀਂ, ਕੇਵਲ ਜੀਵਨ ਯਾਤਰਾ ਦਾ ਤਰੀਕਾ ਹੈ।

(ੲ) ਖੁਦਾ ਦੀ ਰਜ਼ਾ ਵਿਚ ਸਾਰੀ ਰਚਨਾ ਹੈ, ਉਸਦੀ ਪ੍ਰੇਰਨਾ ਬਿਨਾਂ ਆਦਮੀ ਕੁਝ ਨਹੀਂ ਕਰ ਸਕਦਾ।

(ਸ) ਜੀਵਾਤਮਾ ਦੇਹ ਤੋਂ ਪਹਿਲਾਂ ਸੀ ਅਤੇ ਕਰਣੀ ਦੇ ਪ੍ਰਭਾਵ ਖੁਦਾ ਵਿਚ ਸਮਾਏਗਾ।

(ਹ) ਪੂਰੇ ਗੁਰੂ ਦੀ ਕਿਰਪਾ ਨਾਲ ਖੁਦਾ ਦੇ ਸਿਮਰਨ ਵਿਚ ਲੀਨ ਰਹਿਣ ਤੋਂ ਅਭੇਦਤਾ ਪ੍ਰਾਪਤ ਹੁੰਦੀ ਹੈ। ਜਿਸ ਤਰ੍ਹਾਂ ਵੇਦਾਂਤੀਆਂ ਨੇ ਸੱਤ ਭੂਮਿਕਾ ਮੰਨੀਆਂ ਹਨ, ਓਸੇ ਤਰ੍ਹਾਂ ਸੂਫੀ ਪਰਮਪਦ ਦੇ ਸਫਰ ਦੀਆਂ ਚਾਰ ਮੰਜ਼ਲਾਂ ਕਲਪਦੇ ਹਨ, ਔਰ ਮੁਸਾਫਰ ਜਗਿਆਸੂ ਨੂੰ ''ਸਲਿਕ'' ਆਖਦੇ ਹਨ।

ਪਹਿਲੀ ਮੰਜ਼ਲ ''ਨਾ ਸੂਤ'' (ਇਨਸਾਨੀਅਤ) ਹੈ, ਜਿਸ ਵਿਚ ਸ਼ਰੀਅਤ ਅਨੁਸਾਰ ਚੱਲਣਾ ਜ਼ਰੂਰੀ ਹੈ।

ਦੂਜੀ ਮੰਜ਼ਲ ''ਮਲਕੂਤ'' (ਫਰਿਸ਼ਤ ਖਸਲਤ) ਹੈ, ਜਿਸ ਵਿਚ ''ਤਰੀਕਤ'' ਅਰਥਾਤ ਮੁਰਸ਼ਦ ਦੇ ਦੱਸੇ ਤਰੀਕੇ ਅਨੁਸਾਰ ਚਲਣਾ ਹੈ।

ਤੀਜੀ ਮੰਜ਼ਲ ''ਜਬਰੂਤ'' (ਸ਼ਕਤਿ) ਹੈ, ਜਿਸ ਵਿਚ ''ਮਾਰਫਤ'' (ਗਿਆਨ ਬਲ) ਦੀ ਪ੍ਰਾਪਤੀ ਹੁੰਦੀ ਹੈ।

ਚੌਥੀ ਮੰਜ਼ਲ ''ਫਨਾ'' ਅਭਾਵ ਹੈ, ਜਿਸ ਵਿਚ ''ਹਕੀਕਤ' (ਸਤਯ ਸਰੂਪ) ਦੀ ਪਰਾਪਤੀ ਹੋਣ ਕਰਕੇ ਸਭ ਕਲਪਿਤ ਵਸਤੂਆਂ ਦਾ ਅਭਾਵ ਹੋ ਕੇ ''ਵਸਲ'' ਮਿਲਾਪ ਹੁੰਦਾ ਹੈ। ਸਿਫਲੀ=ਤੁਛ, ਘਟੀਆ।

ਅਰਥ:-ਰੱਬੀ ਤਲੀਮ ਪੋਸਤ ਤੇ ਅਫੀਮ ਦੇ ਨਸ਼ੇ ਵਿੱਚ ਭੁੱਲ ਗਏ, ਕਮੀਨਾਪਣ ਅੰਦਰ ਹੋਣ ਕਰਕੇ ਰੱਬ ਅੱਗੇ ਸਿਜਦਾ ਨਾ ਕੀਤਾ। ਗੱਜ ਬੱਜ ਕੇ ਪੰਜਾਂ ਚੋਰਾਂ ਦੀ ਰੋਕ ਥਾਮ ਨਾ ਕੀਤੀ, ਰੱਬੀ ਪਿਆਰ ਦੀ ਮਸਤੀ ਦਾ ਨਸ਼ਾ ਕਦੇ ਨਾ ਮਾਣਿਆ। ਘਟੀਆ ਮੇਲ ਦੇ ਨਸ਼ੇ ਦੇ ਕਾਰਨ ਗਿਆਨ ਦੀ ਅਵਸਥਾ ਨਸ਼ਟ ਹੋ ਗਈ, ਕਿਉਂਕਿ ਸੁਰਤੀ ਦੀ ਸਫਾਈ ਦੇ ਮਕਾਨ ਤੇ ਕਦੇ ਝਾਤੀ ਨਹੀਂ ਪਾਈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਸੱਚੀ ਆਸ਼ਕੀ ਤੋਂ ਬਿਨਾਂ ਨਸ਼ੇ ਸਭ ਝੂਠੇ ਹਨ ||

ਕਬਿਤ।।

ਸੁਲਫਾ ਕਿਉਂ ਪੀਆ  ਗੈਹਰੋ ਗੈਹਰ ਨਾ ਥੀਆ  ਜੀਆ ਬੀਆ ਬਰਨ ਸਰੂਪ ਉਰ ਧਾਰਿਆ।

ਐਹਲ ਤਮੀਜ ਨਂਹੀ  ਅਮਲ ਅਜੀਜ ਨਂਹੀ  ਪਾਈ ਐਸੀ ਚੀਜ ਨਾਂ ਮਰੀਜ ਮਤਵਾਰਿਆ।

ਗਲਤ ਗਨੀਮ ਨਂਹੀ  ਦੇਖੀ ਤਕਸੀਮ ਨਂਹੀ  ਹੋਇ ਮੁਸਤਕੀਮ ਨਾ ਤੌਹੀਦੀ ਦਮੁ ਮਾਰਿਆ।

ਕਹੇ ਭਗਵਾਨ ਦਾਸ  ਸਚ ਦੇ ਬਲਾਸ ਰਾਸ ਇਸਕ ਅਦਾਇ ਬਿਨਾ ਨਸਾ ਨਾ ਪਿਆਰਿਆ।।249।।

 

ਪਦ ਅਰਥ:- ਸੁਲਫਾ=ਇਕ ਨਸ਼ੇਦਾਰ ਪਦਾਰਥ ਜੋ ਤੰਬਾਕੂ ਅਤੇ ਭੰਗ ਦੇ ਮੇਲ ਤੋਂ ਬਣਦਾ ਹੈ, ਇਸਨੂੰ ਚਿਲਮ ਵਿਚ ਰੱਖ ਕੇ ਧੂੰਆਂ ਪੀਤਾ ਜਾਂਦਾ ਹੈ। ਇਸ ਦੀ ਤਾਸੀਰ ਗਰਮ ਖੁਸ਼ਕ ਹੈ, ਦਿਲ ਦਿਮਾਗ ਅਤੇ ਪੱਠਿਆਂ ਤੇ ਇਸ ਦਾ ਬਹੁਤ ਬੁਰਾ ਅਸਰ ਹੁੰਦਾ ਹੈ। ਗੈਹਰੋ ਗੈਹਰ=ਕਰਤਾਰ ਦਾ ਗਿਆਨ। ਬੀਆ=ਹੋਰ। ਬਰਨ=ਰੰਗ। ਐਹਲ ਤਮੀਜ=ਲਿਆਕਤ। ਅਜੀਜ=ਪਿਆਰਾ। ਮਰੀਜ=ਰੋਗੀ। ਗਨੀਮ=ਦੁਸ਼ਮਣ। ਤਕਸੀਮ=ਵੰਡ। ਮੁਸਤਕੀਮ=ਪੱਕੀ ਤਰ੍ਹਾਂ। ਤੌਹੀਦੀ=ਏਕਤਾ।

ਅਰਥ:- ਐਸੇ ਸੁਲਫੇ ਪੀਣ ਤੋਂ ਕੀ ਲਾਭ ਜੇਕਰ ਕਰਤਾਰ ਦਾ ਗਿਆਨ ਨਹੀਂ ਹੋਇਆ? ਇੱਕ ਦਾ ਪਿਆਰ ਛੱਡ ਕੇ ਮਾਇਆ ਦਾ ਪਿਆਰ ਅੰਦਰ ਧਾਰਨ ਕੀਤਾ। ਹੇ ਪਿਆਰੇ! ਸ਼ੁਭ ਅਮਲ ਨਹੀਂ ਕੀਤੇ, ਨਾ ਹੀ ਰੱਬੀ ਪਿਆਰ ਅੰਦਰ ਧਾਰਨ ਕੀਤਾ। ਅੰਦਰ ਦੀ ਸਫਾਈ ਤੋਂ ਬਿਨਾਂ ਮਨੁੱਖ ਸ਼ੁਦਾਈ ਤੇ ਰੋਗੀ ਹੈ। ਪੱਕੇ ਹੋ ਕੇ ਏਕਤਾ ਦੇ ਪਾਸੇ ਲੱਗਣ ਦੀ ਥਾਂ ਵਰਨ ਵੰਡ ਦੀ ਗਲਤੀ ਵਿੱਚ ਪੈ ਕੇ ਦਵੈਤ ਭਾਵ ਅੰਦਰ ਧਾਰਨ ਕੀਤਾ। ਰਾਜਾ ਸਾਹਿਬ ਜੀ ਸੱਚੇ ਬਚਨ ਕਹਿੰਦੇ ਹਨ ਕਿ ਪਰੇਮ ਤੋਂ ਬਿਨਾਂ ਨਸ਼ੇ ਕਿਸੇ ਕੰਮ ਨਹੀਂ ॥249॥

ਕਬਿਤ।।

ਖਾਂਵਦਾਂ ਕਬਾਬ  ਨਂਹੀ ਜਾਣਿਆ ਜਬਾਬ  ਕੈਸੇ ਮਿਲੇਗਾ ਸਵਾਬ ਜਾਂ ਹਸਾਬ ਨਾ ਬਚਾਰਿਆ।

ਨਫਸ ਸਤਾਨ  ਨਂਹੀ ਮਾਰਿਆ ਨਦਾਂਨ  ਏਹ ਸਤਵੇਂ ਮਕਾਂਨ ਪੈ ਨਾਂ ਜਾਇਕੇ ਸਵਾਰਿਆ।

ਖਾਇ ਨਂਹੀ ਲੀਆ  ਪੂਰਾ ਅਮਲ ਨਾ ਕੀਆ  ਕਭੀ ਦਸਵੇਂ ਦੁਵਾਰ ਜਾ ਅਰਾਮ ਨਾਂ ਗੁਜਾਰਿਆ।

ਕਹੇ ਭਗਵਾਨ ਦਾਸ  ਸਚ ਦੇ ਬਲਾਸ ਰਾਸ  ਇਸਕ ਅਦਾਇ ਬਿਨਾਂ ਨਸਾ ਨਾਂ ਪਿਆਰਿਆ ।।250।।

 

ਪਦ ਅਰਥ :-ਕਬਾਬ=ਭੁੰਨਿਆ ਹੋਇਆ ਮਾਸ। ਸਵਾਬ=ਨੇਕੀ, ਪੁੰਨ। ਨਫਸ=ਜਾਨ। ਸਤਵੇਂ ਮਕਾਂਨ=ਤੁਰੀਆ ਪਦ, ਚੌਥੇ ਪਦ ਦੀ ਪ੍ਰਾਪਤੀ। ਦਸਵੇਂ ਦੁਵਾਰ=ਚਿੱਤ ਵਿਰਤੀ ਦੀ ਇਕਾਗ੍ਰਤਾ।

ਅਰਥ :- ਮਾਸ ਭੁੰਨ ਕੇ ਖਾਂਦਾ ਹੈ, ਉਸ ਸਮੇਂ ਨੂੰ ਨਹੀਂ ਜਾਣਦਾ ਜਦੋਂ ਜਵਾਬ ਦੇਣਾ ਪਏਗਾ। ਪਾਪ ਪੁੰਨ ਦੇ ਨਿਰਣੇ ਦਾ ਵਿਚਾਰ ਨਾ ਕੀਤਾ। ਮਨ ਦੀ ਸ਼ੈਤਾਨੀ ਨੂੰ ਜਦ ਤੋੜੀ ਨਹੀਂ ਮਾਰਦਾ ਤਾਂ ਤੁਰੀਆ ਪਦ ਨੂੰ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ? ਜਦੋਂ ਤਕ ਰੱਬ ਦੇ ਰਸਤੇ ਤੇ ਅਮਲੀ ਕਦਮ ਨਹੀਂ ਰੱਖੇ ਦਸਵੇਂ ਦੁਆਰ ਵਿਚ ਬਿਰਤੀ ਟਿਕਾ ਕੇ ਕਿਵੇਂ ਸਹੀ ਆਰਾਮ ਪ੍ਰਾਪਤ ਹੋ ਸਕਦਾ ਹੈ? ਰਾਜਾ ਸਾਹਿਬ ਸੱਚੇ ਬਚਨ ਆਖਦੇ ਹਨ ਕਿ ਸੱਚੇ ਪਰੇਮ ਬਿਨਾਂ ਸਭ ਨਸ਼ੇ ਝੂਠੇ ਹਨ ॥250॥

ਕਬਿਤ।।

ਸੁਖਾ ਸੁਲਫਾ ਸਰਾਬ   ਚੰਡੂ ਪੋਸਤ ਅਫੀਮ ਸਾਰੇ  ਪੀਏ ਹੈਂ  ਅਮਲ ਨਂਹੀ ਅਮਲ ਗੁਜਾਰਿਆ।

 ਨਂਹੀ ਮਰਮ ਪਛਾਨਾ   ਭੇਦ ਬਾਤਨੀ ਨਾਂ ਜਾਨਾ  ਭਇਆ ਵਾਵਰਾ ਦੀਵਾਨਾ ਮੂੜ ਆਪ ਕੋ ਬਸਾਰਿਆ।

ਮੁਦਾ ਨਂਹੀ ਪਾਇਆ ਰੂਪ ਰੇਤ ਮੇਂ ਰਲਾਇਆ ਆਪ  ਆਪ ਕੋ ਗਵਾਇਆ ਨਂਹੀ ਨੂਰ ਕੋ ਨਖਾਰਿਆ।

  ਕਹੇ ਭਗਵਾਨ ਦਾਸ  ਸਚ ਦੇ ਬਲਾਸ ਰਾਸ  ਇਸਕ ਅਦਾਇ ਬਿਨਾ ਨਸਾਂ ਨਾ ਪਿਆਰਿਆ।। 251।।

 

ਪਦ ਅਰਥ:-ਸੁਖਾ-ਭੰਗੜਾਂ ਦਾ ਕਲਪਿਆ ਹੋਇਆ ਭੰਗ ਦਾ ਨਾਮ। ਚੰਡੂ=ਅਫੀਮ ਤੋਂ ਬਣਾਇਆ ਹੋਇਆ ਇਕ ਨਸ਼ਾ। ਪੋਸਤ=ਅਫੀਮ ਦੇ ਡੋਡੇ ਦੀ ਛਿੱਲ। ਬਾਤਨੀ=ਅੰਦਰ। ਮੁਦਾ=ਮੁੱਢ।

ਅਰਥ:- ਸੁੱਖਾ, ਸੁਲਫਾ, ਸ਼ਰਾਬ, ਚੰਡ, ਪੋਸਤ, ਅਤੇ ਅਫੀਮ ਨਸ਼ੇ ਤਾਂ ਸਾਰੇ ਪੀਤੇ ਪਰ ਚੰਗੇ ਅਮਲ ਨਾ ਕੀਤੇ। ਅੰਦਰ ਦੇ ਭੇਤ ਨੂੰ ਨਾ ਪਛਾਣਿਆ, ਆਪਣੇ ਆਪ ਨੂੰ ਭੁਲਾ ਕੇ ਨਸ਼ਿਆਂ ਵਿਚ ਸ਼ੁਦਾਈ ਹੋਇਆ ਫਿਰਦਾ ਹੈ। ਅਸਲੇ ਨੂੰ ਨਾ ਪਛਾਣ ਕੇ ਵੀਰਯ ਨਸ਼ਟ ਕੀਤਾ, ਆਪਾ ਭੁਲਾ ਕੇ ਰੱਬੀ ਨੂਰ ਦੀ ਪਛਾਣ ਨਾ ਕੀਤੀ। ਰਾਜਾ ਸਾਹਿਬ ਸੱਚੇ ਬਚਨ ਉਚਾਰਦੇ ਹਨ ਕਿ ਸੱਚੇ ਪਰੇਮ ਤੋਂ ਬਿਨਾਂ ਕੋਈ ਨਸ਼ਾ ਨਹੀਂ ਹੈ॥251॥

ਕਬਿਤ।।

ਦੋਸਤ ਦਮਾਗ ਹੈ ਬੇਦਾਗ ਬਾਗ ਰੌਸਨ ਜਹ  ਬਰਗ ਪੈ ਬਰਗ ਸਮਾਇਆ ਦਿਲਦਾਰ ਹੈ।

ਅਜਬ ਅਵਾਜ ਨਂਹੀ ਜਰਾ ਇਹੁਤਰਾਜ ਏਹੁ  ਰਾਜੁ ਜੁ ਦਰਾਜ ਹੂਆ ਸੌਕ ਮੇ ਸਮਾਰ ਹੈ।

ਮਨਜਲ ਮੁਕਾਮ ਨਾਮੁ ਤਹਾਂ ਕਾ ਹੈ ਨਿਜ ਧਾਮ  ਸਚ ਕਾ ਅਰਾਮ ਹੂਈ ਵਹਦਤ ਬਹਾਰ ਹੈ।

ਕਰੋ ਤਹਾਂ ਕੀ ਤਿਆਰੀ  ਜਹਾਂ ਜਾਤ ਹੈ ਹਮਾਰੀ  ਹੁਣ ਦਾਸ ਭਗਵਾਨ ਏਹੁ ਸਹੀ ਗੁਫਤਾਰ ਹੈ।।252।।

 

ਪਦ ਅਰਥ:-ਸਮਾਇਆ=ਮਿਲਿਆ ਹੋਇਆ। ਇਹੁਤਰਾਜ=ਸ਼ੰਕਾ। ਦਰਾਜ=ਲੰਬਾ। ਮਨਜਲ=ਅਕਾਲ। ਵਹਦਤ=ਏਕਤਾ। ਗੁਫਤਾਰ=ਬੋਲ।

ਅਰਥ :- ਦਸਵੇਂ ਦੁਆਰ ਦਾ ਜ਼ਿਕਰ ਕਰਦੇ ਹਨ:

ਦਸਮ ਦੁਆਰਾ ਜੋ ਰੌਸ਼ਨੀ ਦਾ ਬਾਗ ਹੈ ਤੇ ਕਮਲ ਦੀਆਂ ਪੰਖੜੀਆਂ ਖਿੜ ਰਹੀਆਂ ਹਨ। ਇਕ ਰਸ ਨਿਰਸੰਸੇ ਅਨਾਹਦ ਸ਼ਬਦ ਦੀ ਅਵਾਜ਼ ਹੋ ਰਹੀ ਹੈ, ਜਿਸ ਵਿਚ ਮਨ ਖੀਵਾ ਹੁੰਦਾ ਹੈ। ਇਸ ਅਸਥਾਨ ਦਾ ਨਾਮ ਨਿਜ ਧਾਮ ਭੀ ਹੈ ਜੋ ਕਾਲ ਤੋਂ ਰਹਿਤ ਹੈ, ਇਹ ਸੁਆਦ ਯਕਸੂਈ ਤੋਂ ਪ੍ਰਾਪਤ ਹੁੰਦਾ ਹੈ। ਰਾਜਾ ਸਾਹਿਬ ਉਥੋਂ ਵਾਸਤੇ ਤਿਆਰੀ ਲਈ ਪਰੇਰਦੇ ਹਨ, ਜੋ ਅਸਲੀ ਟਿਕਾਣਾ ਨਿੱਜ ਧਾਮ ਹੈ, ਹੁਣ ਅਗੋਂ ਉਥੇ ਦਾ ਜ਼ਿਕਰ ਅਗਲੇ ਕਬਿੱਤਾਂ ਵਿਚ ਕਰਦੇ ਹਨ॥252॥

ਕਬਿਤ।।

ਮਾਲਕ ਮੱਲਿਕ ਕੁਲ ਮੁਲਕ ਮਲੱਕ ਯੱਕ ਹੱਕ  ਬਰਹੱਕ ਬਰਹੱਕ ਹੈ ਹਕੀਕਤੀ।

ਜਿਸਮ ਜਮਾਤ ਜਾਤ ਜਿਸਮੀ ਆਜਾਤ ਜਾਤ  ਜਿਸਮੀ ਕੀ ਜਾਤ ਜਾਤ ਜਾਤ ਹੈ ਰਫੀਕਤੀ।

ਜਿਸਮ ਫਨਾਹਿ ਜਬ ਇਸਮ ਬਕਾਇ ਕਬ  ਇਸਮੀ ਔ ਜਿਸਮੀ ਕੀ ਕਰੁ ਤਸਦੀਕਤੀ।

ਅਰਸ ਔ ਫਰਸ ਸਮਾਇ ਰਿਹ੍ਹਾ ਖੁਦ ਨੂਰ  ਦਾਸ ਭਗਵਾਂਨ ਲੈ ਸਨਾਖਤ ਤਹਕੀਕਤੀ।।253।।

 

ਪਦ ਅਰਥ :-ਮੱਲਿਕ-ਪਾਤਸ਼ਾਹ। ਯੱਕ=ਇਕੋ। ਹੱਕ=ਸੱਚ। ਹਕੀਕਤੀ=ਅਸਲ ਵਿਚ। ਜਿਸਮੀ=ਜਿਸਮ ਵਾਲਾ, ਵਜੂਦ ਵਾਲਾ। ਰਫੀਕਤੀ=ਦੋਸਤੀ। ਬਕਾਇ=ਅੰਤਮ।

ਅਰਥ:- ਕੁਲ ਖਲਕਤ ਤੇ ਮੁਲਕਾਂ ਦਾ ਮਾਲਕ ਇੱਕੋ ਸੱਚਾ ਰੱਬ ਹੀ ਹੈ। ਦੇਹਧਾਰੀ ਦੀ ਜਾਤ ਜਿਸਮ ਕਰਕੇ ਕੋਈ ਜਾਤ ਨਹੀਂ, ਰੱਬੀ ਪਿਆਰ ਹੀ ਸਹੀ ਸੱਚੀ ਜਾਤ ਹੈ (ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ || ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ||) ਜਦ ਜਿਸਮ ਖਤਮ ਹੋ ਗਿਆ ਤਾਂ ਨਾਮ ਭੀ ਖਤਮ ਹੋ ਗਿਆ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਅਰਸ਼ ਤੇ ਫਰਸ਼ ਤੇ ਉਸਦੀ ਜੋਤ ਪ੍ਰਕਾਸ਼ਕ ਹੈ, ਐਪਰ ਲੋੜ ਦੇਖਣ ਵਾਲੀ ਅੱਖ ਦੀ ਹੈ॥253॥

ਕਬਿਤ।।

ਸਾਹਬ ਸਲੂਕ ਮਹਾਂ ਸੁੰਦ੍ਰ ਮਲੂਕ ਹੋਇ  ਮਹਰਮ ਮਲੂਕ ਕਰੇ ਆਸਕੀ ਕਰਾਰੀ ਹੈ।

ਅਜ਼ਬ ਅਦਾਇ ਰਹੇ ਦੇਖਕੇ ਅਘਾਇ ਸਕਾਂ  ਕਿਕੂੰ ਮੈਂ ਬਤਾਇ ਐਸੀ ਸੂਰਤ ਸ੍ਵੈਕਾਰੀ ਹੈ।

ਦਿਲ ਤੇ ਈਮਾਂਨ ਕਰਾਂ ਜਾਂਨ ਕੁਰਬਾਂਨ  ਓਹੁ ਹੁਸਨ ਦੀ ਖਾਨ ਜੋ ਪ੍ਰਾਨ ਹੂੰ ਸੇ ਪਿਆਰੀ ਹੈ।

ਕਰੀਏ ਜੇ ਸੰਗ ਰੰਗ ਦੇਖ ਦਿਲੁ ਦੰਗ ਹੋਇ  ਦਾਸ ਭਗਵਾਂਨ ਰਹੇ ਆਂਖੋਂ ਮੇ ਖੁਮਾਰੀ ਹੈ।।254।।

 

ਪਦ ਅਰਥ:-ਸਲੂਕ=ਬਾਦਸ਼ਾਹ। ਮਲੂਕ=ਜਿਸ ਨਾਲ ਪਿਆਰ ਕੀਤਾ ਜਾਏ। ਆਸਕੀ=ਪਿਆਰ ਕਰਨ ਦੀ ਕਿਰਿਆ।ਕਰਾਰੀ=ਡਾਢੀ। ਅਦਾਇ=ਨਖਰਾ। ਅਘਾਇ=ਰੱਜ ਗਏ। ਸ੍ਵੈਕਾਰੀ=ਪ੍ਰਵਾਨੀਕ। ਰੰਗ=ਪਿਆਰ। ਖੁਮਾਰੀ=ਮਸਤੀ।

ਅਰਥ:-ਸੋਹਣਾ ਸਲੂਕ ਕਰਨ ਵਾਲਾ ਉਹ ਮੇਰਾ ਮਾਲਕ ਸੁੰਦਰਾਂ ਦਾ ਸੁੰਦਰ, ਸ਼ਾਹਾਂ ਦਾ ਸ਼ਾਹ ਹੈ ਤੇ ਪਿਆਰ ਕਰਨ ਵਾਲੇ ਦੇ ਪਿਆਰ ਨੂੰ ਜਾਣ ਕੇ ਡਾਢਾ ਪਿਆਰ ਕਰਦਾ ਹੈ। ਉਸ ਮਾਲਕ ਦੇ ਪਿਆਰ ਵਾਲੇ ਕਰਤੱਵ ਦੇਖ ਕੇ ਦਿਲ ਨੂੰ ਰੱਜ ਆ ਗਿਆ। ਐਸੀ ਮਨੋਹਰ ਸੂਰਤ ਦੇ ਗੁਣ ਕਿਨ੍ਹਾਂ ਅੱਖਰਾਂ ਨਾਲ ਬਿਆਨ ਕਰਾਂ? ਉਹ ਸੁੰਦਰਤਾ ਦੀ ਖਾਨ ਜੋ ਪ੍ਰਾਣਾਂ ਤੋਂ ਭੀ ਪਿਆਰੀ ਉਸ ਤੋਂ ਮੈਂ ਆਪਣਾ ਦਿਲ ਤੇ ਜਾਨ ਵਾਰ ਦਿਆਂ (ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ||) ਰਾਜਾ ਸਾਹਿਬ ਜੀ ਫੁਰਮਾਉਂਦੇ ਹਨ ਕਿ ਜੇ ਪਿਆਰੇ ਦੀ ਸੰਗਤ ਕਰੀਏ ਤਾਂ ਪਿਆਰ ਦੇਖਕੇ ਦਿਲ ਅਸਚਰਜ ਰਹਿ ਜਾਂਦਾ ਹੈ, ਅੱਖਾਂ ਵਿਚ ਹਰ ਵੇਲੇ ਮਸਤੀ ਰਹਿੰਦੀ ਹੈ ॥254॥

ਕਬਿਤ।।

ਆਕਲ ਅਸੀਲ ਡੀਲ ਸੂਖਮ ਸਕੀਲ ਐਸਾ  ਵੈਸਾ ਹੀ ਵਸੀਲ ਹਰੇ ਦਿਲ ਦਾ ਦੁਰਾਉ ਹੈ।

ਸੂਰਤ ਦਾ ਸੋਹਣਾ ਮੋਹਣਾ ਖੋਹਣਾ ਦਿਲ ਦੋਸਤਾਂ ਦੇ  ਬੋਸਤਾਂ ਦੇ ਬਾਬ ਦੇਖ ਘਟੇ ਘਬਰਾਉ ਹੈ।

ਐਸਾ ਨਿਗਾਵਾਂਨ ਕਰ ਸਕੇ ਨਾ ਜੁਬਾਨ ਬਿਆਂਨ  ਕਦਰ ਹੋਇ ਦਾਂਨ ਕਰੇ ਦਿਲ ਦਾ ਬਰਾਉ ਹੈ।

ਸੀਨੇ ਦਾ ਹੈ ਸਾਫ ਨਾਫ ਦੇਖ ਭਗਵਾਂਨ ਦਾਸ  ਪਾਸ ਪਿਆਰਾ ਖਾਸ ਹੋਇ ਰੰਕ ਹੀ ਸੇ ਰਾਉ ਹੈ ।।255।।

 

ਪਦ ਅਰਥ:-ਆਕਲ=ਸਮਝਦਾਰ। ਅਸੀਲ=ਸੋਹਣੇ ਸੁਭਾਅ ਵਾਲਾ। ਡੀਲ=ਸਰੀਰਕ ਬਨਾਵਟ। ਸਕੀਲ=ਸੁੰਦਰ। ਵਸੀਲ=ਉਦਾਰਚਿੱਤ। ਦੁਰਾਉ=ਛੁਪਿਆ ਹੋਇਆ। ਬੋਸਤਾਂ=ਫੁਲਵਾੜੀ। ਬਾਬ=ਅਭਿਪ੍ਰਾਯ, ਮਤਲਬ। ਕਦਰਦਾਂਨ=ਕਦਰ ਕਰਨ ਵਾਲਾ। ਬਰਾਉ=ਉੱਤਮ। ਨਾਫ=ਕਸਤੂਰੀ ਦੀ ਸੁਗੰਧੀ ਜੋ ਮ੍ਰਿਗ ਦੀ ਨਾਭੀ ਵਿੱਚ ਹੁੰਦੀ ਹੈ। ਰੰਕ=ਗਰੀਬ। ਰਾਉ=ਅਮੀਰ ਜਾਂ ਰਾਜਾ।

ਅਰਥ:- ਜਿਸ ਤਰ੍ਹਾਂ ਦਾ ਸਮਝਦਾਰ, ਸੋਹਣੇ ਸੁਭਾਅ ਵਾਲਾ, ਡੀਲ ਡੌਲ ਵਾਲਾ, ਸੋਹਣੀ ਸ਼ਕਲ ਵਾਲਾ ਹੈ, ਓਸੇ ਤਰ੍ਹਾਂ ਦਾ ਹੀ ਦਰਿਆ ਦਿਲ ਤੇ ਸੁੱਚਾ ਮੋਤੀ ਹੈ। ਸੂਰਤ ਦਾ ਸੋਹਣਾ ਤੇ ਦੋਸਤਾਂ ਦੇ ਦਿਲ ਖੋਹਣ ਵਾਲਾ ਫੁੱਲਾਂ ਦੇ ਬਾਗ ਦੀ ਤਰ੍ਹਾਂਖਿੜਿਆ ਦੇਖ ਕੇ ਘਬਰਾਓ ਘਟਦਾ ਹੈ। ਉਸਦੀ ਗਰੀਬ-ਪਰਵਰੀ ਦਾ ਬਿਆਨ ਨਹੀਂ

ਹੋ ਸਕਦਾ। ਕਦਰ ਸ਼ਨਾਸ ਹੋਣ ਕਰਕੇ ਦਿਲ ਨੂੰ ਨਾਮ ਦੀ ਸੁਗੰਧੀ ਨਾਲ ਸੁਗੰਧਿਤ ਕਰ ਦਿੰਦਾ ਹੈ। ਐਸੇ ਸੀਨੇ ਦੀ ਸਫ਼ਾਈ ਵਾਲਾ ਤੇ ਨਾਮ ਦੀ ਸੁਗੰਧ ਬਖਸ਼ਣ ਵਾਲਾ ਜੇ ਪਿਆਰਾ ਪਾਸ ਹੋਵੇ ਤਾਂ ਇਹ ਨਾਚੀਜ਼ ਬੰਦਾ ਸ਼ਾਹਾਂ ਦਾ ਸ਼ਾਹ ਹੈ ||255||

ਕਬਿਤ।।

ਸਾਹਬ ਸਹੂਰ ਨੂਰੁ ਸਚ ਦਾ ਸਰੂਰ ਹੂਰ  ਦੇਖ ਦਸਤੂਰ ਮਗਰੂਰ ਮੀਤ ਡਾਰੀਏ।

ਨਾਜਕ ਨਸਾਨ ਹੈ ਜਹਾਂਨ ਦੀ ਹੀ ਜਾਂਨ ਸਾਂਨ  ਦਿਲ ਦਰਮਿਆਂਨ ਧਿਆਂਨ ਉਸਦਾ ਹੀ ਧਾਰੀਏ।

ਹੁਬਦਾ ਹਜਾਰੀ ਕਾਰੀ ਕਰਦਾ ਅਸਾਰੀ  ਪਰਕਾਰੀ ਬਸ ਯਾਰੀ ਦਿਲਦਾਰੀ ਮੇ ਗੁਜਾਰੀਏ।

ਹੋਇ ਜਦੋਂ ਮੇਲ ਕੇਲ ਕਰੇ ਭਗਵਾਂਨ ਦਾਸ  ਪਾਸ ਮੁਸਤਾਕ ਕਿਉਂ ਝਰੋਂਖੀ ਝਾਤਾਂ ਮਾਰੀਏ।। 256।।

 

ਪਦ ਅਰਥ':-ਸਾਹਬ ਸਹੂਰ=ਅਕਲਾਂ ਦਾ ਕੋਟ। ਨੂਰੁ=ਰੌਸ਼ਨੀ। ਸਚ ਦਾ ਸਰੂਰ=ਸੱਚਾ ਨਸ਼ਾ। ਹੂਰ=ਅਪੱਛਰਾਂ, ਪਰੀਆਂ। ਮਗਰੂਰ=ਹੰਕਾਰ। ਨਾਜਕ=ਸੋਹਲ। ਦਰਮਿਆਂਨ=ਅੰਤਰ ਆਤਮੇ। ਹੁਬਦਾ=ਪਿਆਰ, ਮੁਹੱਬਤ, ਉਮੰਗ, ਚਾਉ ਨਾਲ।

ਹਜਾਰੀ=ਹਜ਼ਾਰਾਂ ਵਾਲਾ। ਕਾਰੀ=ਕ੍ਰਿਯਾ, ਇਲਾਜ, ਕਾਲੀ ਦੇਵੀ, ਕਾਲੀ ਨਾਗ ਰੇਖਾ, ਸਿਆਹ, ਕਰਨ ਵਾਲਾ, ਪ੍ਰਧਾਨ, ਅਸਰ ਵਾਲਾ, ਡੂੰਘਾ, ਪੜ੍ਹਨ ਵਾਲਾ, ਕੁਰਾਨ ਨੂੰ ਸ਼ੁਧ ਪੜ੍ਹਨ ਵਾਲਾ। ਪਰਕਾਰੀ=ਭਾਂਤੀ, ਚੰਦਨ, ਅਗਰ, ਬੁਛਾੜ, ਲਛਣ। ਦਿਲਦਾਰੀ=ਰਸੀਆ, ਉਦਾਰ ਦਾਤਾ, ਪਿਆਰਾ, ਪ੍ਰੀਤਮ। ਮੁਸਤਾਕ=ਸ਼ੌਕ ਰੱਖਣ ਵਾਲਾ।

ਅਰਥ:- ਹੇ ਮ੍ਰਿੱਤਾ! ਉਹ ਸਾਹਿਬ ਸਨੂਰ ਨੂਰੋ ਨੂਰ ਪਰੀਆਂ ਤੋਂ ਭੀ ਸੋਹਣਾ ਹੈ, ਉਸ ਦਾ ਦਸਤੂਰ ਦੇਖਕੇ ਹੰਕਾਰ ਨੂੰ ਦੂਰ ਕਰਕੇ ਦਰਸ਼ਨ ਮਾਣੀਏ। ਕੋਮਲਤਾ ਦਾ ਘਰ ਸਾਰਿਆਂ ਦੀ ਜਾਨ ਤੇ ਹਾਣ ਅੰਤਰ ਆਤਮੇ ਵਿਚ ਉਸੇ ਦਾ ਧਿਆਨ ਧਰੀਏ। ਉਸਦੀ ਪਿਆਰੀ ਯਾਰੀ ਵਿਚ ਹੀ ਸਮਾਂ ਗੁਜ਼ਾਰੀਏ, ਜੋ ਪਿਆਰ ਦਾ ਸੋਮਾ ਹੈ ਤੇ ਸਭ ਤਰ੍ਹਾਂ ਸਭ ਦੀ ਸਾਰ ਲੈਂਦਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਪਰੇਮ ਸਰੂਪ ਪਿਆਰੇ ਦਾ ਮੇਲ ਹੋਵੇ ਤਾਂ ਉਸ ਦੇ ਮੇਲ ਦੇ ਅਨੰਦ ਨੂੰ ਮਾਣੀਏ ਤੇ ਹੋਰ ਝਾਕ ਤੇ ਭਟਕਣਾ ਮੁਕਾ ਦੇਵੀਏ॥256॥

ਕਬਿਤ।।

ਮਹਰਮ ਮਹਬੂਬ ਬਣਾ ਹੌਜ ਹੈ ਹਬੂਬ ਤੇ  ਖਿਰਦਮੰਦ ਖੂਬੁ ਖੂਬੁ ਰਖਦਾ ਦਨਾਈ ਹੈ।

ਜਾਦੂ ਦਾ ਜ਼ਖੀਰਾ ਹੈ ਮਮੀਰੇ ਦਾ ਜੰਜੀਰਾ ਓਹੁ  ਆਸਕਾਂ ਦੇ ਦੀਦਿਆਂ ਨੂੰ ਦੇਂਵਦਾ ਬੀਨਾਈ ਹੈ।

 ਬਹਦਤ ਬਹਾਰ ਪਰ ਪੱਕਿਆ ਪਿਆਰ ਹੋਰ  ਛੁਟਿਆ ਬਿਹਾਰ ਜਦੋਂ ਹੋਈ ਰੁਸਨਾਈ ਹੈ।

 ਬਟੀਏ ਨਾ ਬਖ ਤੇ ਪਲਟੀਏ ਨਾ ਅਖ ਰਖ  ਦਾਸ ਭਗਵਾਂਨ ਹੋਇ ਐਸੀ ਅਸਨਾਈ ਹੈ।। 257।।

 

ਪਦ ਅਰਥ:-ਮਹਰਮ=ਭੇਤੀ। ਮਹਬੂਬ=ਜਿਸ ਨਾਲ ਪਿਆਰ ਕੀਤਾ ਜਾਵੇ। ਹੌਜ=ਚੁਬੱਚਾ। ਹਬੂਬ=ਦਾਨੇ, ਟੈਕਸ। ਖਿਰਦਮੰਦ=ਅਕਲਮੰਦ। ਜ਼ਖੀਰਾ=ਢੇਰ। ਮਮੀਰੇ=ਇਕ ਪੌਦਾ ਜੋ ਸਮਗਰਮ ਅਤੇ ਠੰਡੇ ਪਹਾੜਾਂ ਵਿਚ ਹੁੰਦਾ ਹੈ, ਜਿਸਦੀ ਜੜ੍ਹ ਸੁਰਮੇ ਵਿੱਚ ਵਰਤੀਦੀ ਹੈ ਜੋ ਨੇਤ੍ਰ ਦੇ ਰੋਗਾਂ ਲਈ ਉੱਤਮ ਮੰਨੀ ਗਈ ਹੈ। ਜੰਜੀਰਾ=ਟਾਪੂ। ਦੀਦਿਆਂ=ਅੱਖਾਂ। ਬਹਦਤ=ਏਕਤਾ। ਕਿਆਰ=ਕਿਆਰਾ। ਰੁਸਨਾਈ=ਲੋ।

ਅਰਥ:- ਆਸ਼ਕ ਲੋਕ ਉਸ ਪਿਆਰੇ ਦੇ ਭੇਤੀ ਹਨ ਜੋ ਪਿਆਰ ਨਾਲ ਭਰਿਆ ਹੋਇਆ ਦਾਨਿਆਂ ਦਾ ਦਾਨਾ ਤੇ ਵੱਡਾ ਦਾਨਾ ਹੈ। ਜਾਦੂ ਦਾ ਭੰਡਾਰ ਹੈ ਤੇ ਮਮੀਰੇ (ਜੋ ਅੱਖਾਂ ਨੂੰ ਰੌਸ਼ਨੀ ਦਿੰਦਾ ਹੈ) ਦਾ ਟਾਪੂ ਹੈ, ਆਸ਼ਕਾਂ ਦੀਆਂ ਅੱਖਾਂ ਨੂੰ ਰੱਬੀ ਨੂਰ ਦੀ ਨਜ਼ਰ ਬਖਸ਼ਦਾ ਹੈ। ਬਹਾਰ ਦੀ ਰੁੱਤ ਆਈ ਤੇ ਏਕਤਾ ਦਾ ਕਿਆਰਾ ਖਿੜਿਆ ਸਾਰਾ ਸੰਸਾਰਕ ਵਿਹਾਰ ਛੁੱਟ ਗਿਆ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਜਦੋਂ ਰੱਬੀ ਰੌਸ਼ਨੀ ਪ੍ਰਾਪਤ ਹੋਈ। ਉਹ ਰੌਸ਼ਨੀ ਐਸੀ ਹੈ ਜਦੋਂ ਸਾਹਮਣੇ ਆਵੇ ਫਿਰ ਮੂੰਹ ਨਾ ਮੋੜੀਏ ਤੇ ਅੱਖਾਂ ਨਾ ਬਦਲੀਏ॥257॥

 

ਕਬਿਤ।।

ਪ੍ਰੀਤਮ ਪਿਆਰੇ ਦੇ ਇਸਾਰੇ ਜੋ ਨਿਆਰੇ ਨਿਆਰੇ  ਜਦੋਂ ਦੇ ਨਿਹਾਰੇ ਹੋਇ ਰਹੇ ਬਲਹਾਰੇ ਹਾਂ।

ਕੈਸੀ ਦਿਆਂ ਮੈਂ ਨਸਾਨੀ ਨਂਹੀ ਬਿਚ ਦੋ ਜਹਾਨੀ  ਐਸੀ ਸੂਰਤ ਲਾਸਾਨੀ ਦੇਖ ਹੋਏ ਬਨਜਾਰੇ ਹਾਂ।

ਖੇਲ ਹੈ ਖਿਆਲੀ ਚਾਲ ਓਸ ਦੀ ਨਰਾਲੀ  ਅਂਸੀ ਜਦੋਂ ਦੀ ਹੈ ਭਾਲੀ ਲੈਂਦੇ ਤਦੋਂ ਦੇ ਨਜਾਰੇ ਹਾਂ।

ਰਿਹਾ ਨਂਹੀ ਗੰਮ ਪਿਆ ਦੰਮ ਬਿਚ ਦੰਮ ਆਇ   ਦਾਸ ਭਗਵਾਂਨ ਹੋਇ ਰਹੇ ਮਤਵਾਰੇ ਹਾਂ।। 258।।

 

ਪਦ ਅਰਥ: ਨਿਹਾਰੇ=ਦੇਖੇ। ਬਲਹਾਰੇ=ਕੁਰਬਾਨ, ਸਦਕੇ। ਲਾਸਾਨੀ=ਜਿਸ ਦੀ ਬਰਾਬਰੀ ਤੇ ਹੋਰ ਨਾ ਹੋਵੇ। ਬਨ=ਸੌਦਾਗਰ, ਵਪਾਰੀ। ਮਤਵਾਰੇੵ=ਮਸਤ।

ਅਰਥ:- ਪ੍ਰੀਤਮ ਪਿਆਰੇ ਦੇ ਇਸ਼ਾਰੇ ਜੋ ਨਿਆਰੇ ਹਨ ਜਦੋਂ ਦੇ ਦੇਖੇ ਹਨ ਕੁਰਬਾਨ ਹੋ ਰਹੇ ਹਾਂ। ਉਸਦੀ ਸੋਹਣੀ ਸੂਰਤ ਦਾ ਕੀ ਬਿਆਨ ਕਰਾਂ? ਤੇ ਕੀ ਨਿਸ਼ਾਨੀ ਦਿਆਂ? ਦੋ ਜਹਾਨਾਂ ਵਿਚ ਕੋਈ ਐਸੀ ਨਿਸ਼ਾਨੀ  ਨਹੀਂ ਹੈ, ਅਸੀਂ ਦੇਖ ਕੇ ਖਰੀਦਦਾਰ ਬਣ ਗਏ ਹਾਂ। ਉਸ ਦੇ ਖਿਆਲ ਦੀ ਖੇਲ੍ਹ ਤੇ ਚਾਲ ਨਿਰਾਲੀ ਹੈ। ਅਸੀਂ ਜਦੋਂ ਤੋਂ ਜਾਣੀ ਹੈ ਉਸ ਸਮੇਂ ਤੋਂ ਅਜਬ ਨਜ਼ਾਰੇ ਲੈ ਰਹੇ ਹਾਂ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਰੇ ਫਿਕਰ ਦੂਰ ਹੋ ਗਏ, ਐਸਾ ਸੁੱਖ ਦਾ ਸਾਹ ਆਇਆ ਜੋ ਖੀਵੇ ਹੋ ਹੋ ਜਾਈਦਾ ਹੈ॥258॥

ਬਿਤ।।

ਚੰਦ ਦਾ ਭੀ ਚੰਦ ਓਹ ਸਚ ਕਾ ਅਨੰਦ ਹੈ  ਹੈ ਪਸੰਦ ਦਿਲਬੰਦ ਜੁ ਬਲੰਦ ਅਂਸੀ ਜਾਣਿਆਂ।

ਪੁਸਤ ਪਨਾਹਿ ਭਾਰੀ ਗੈਬਲ ਗਵਾਹਿ ਸਹੀ  ਦਸਦਾ ਸਲਾਹਿ ਹੈ ਨਿਗਾਹ ਬਿਚਿ ਆਣਿਆਂ।

ਮੁਖ ਮਤਵਾਲਾ ਪੀਆ ਪ੍ਰੇਮ ਜਾਂ ਪਿਆਲਾ  ਹੋਇਆ ਹਾਂਸਲੁ ਹੁਵਾਲਾ ਤਾਂ ਸਰੂਪ ਹੈ ਸਿਆਣਿਆਂ।

ਪਾਇਆ ਪਿਆਰਾ ਪਾਸ ਖਾਸ ਭਇਆ ਬਸ ਵਾਸ ਨਾਸ  ਦਾਸ ਭਗਵਾਂਨ ਤਾਂ ਅਨੰਦ ਖੂਬੁ ਮਾਣਿਆਂ।।259।।

 

ਪਦ ਅਰਥ :- ਚੰਦ ਦਾ ਭੀ ਚੰਦ=ਨਿਸਕਲੰਕ ਚੰਦ੍ਰਮਾ। ਗੱਤ, ਚੇਤਨ ਤੇ ਅਨੰਦ ਰੂਪ। ਦਿਲਬੰਦ=ਦਿਲ ਨੂੰ ਬੰਨ੍ਹਣ ਵਾਲਾ। ਬਲੰਦ=ਉੱਚਾ। ਪਸਤ ਪਨਾਹਿ=ਸਰਨ ਸੂਰੇ। ਗੈਬਲ ਗਵਾਹਿ=ਆਤਮਕ ਦੁਨੀਆਂ ਦਾ ਸਾਥੀ। ਮਤਵਾਲਾ=ਮਸਤਾਨਾ। ਸੁਲਾਹ=ਮਿਲਾਪ। ਵਾਸ=ਵਾਸਨਾਂ। ਨਾਸ=ਨਾਸ਼ ਹੋ ਗਈ।

ਅਰਥ:- ਸਤਿ ਚਿਤ ਅਨੰਦ ਸਰੂਪ ਪ੍ਰਭੂ ਚੰਦ ਨੂੰ ਭੀ ਰੌਸ਼ਨੀ ਦੇਣ ਵਾਲਾ, ਦਿਲ ਨੂੰ ਬੰਨ੍ਹਣ ਵਾਲਾ, ਉੱਚਾ ਤੇ ਭਾਅ ਜਾਣ ਵਾਲਾ ਜਾਣਿਆ ਹੈ। ਉਹ ਪ੍ਰਭੂ ਸਰਣ ਸੂਰ ਤੇ ਪਰਲੋਕ ਦਾ ਗਵਾਹ ਤੇ ਸੱਚਾ ਸਲਾਹਕਾਰ ਹੈ। ਉਸ ਨੂੰ ਗੁਰ ਦੀ ਕਿਰਪਾ ਨਾਲ ਖਿਆਲ ਵਿੱਚ ਲਿਆਂਦਾ। ਜਦੋਂ ਐਸੇ ਪ੍ਰਭੂ ਦੇ ਦਰਸ਼ਨ ਕੀਤੇ ਤਾਂ ਅਸੀਂ ਮਸਤਾਨੇ ਹੋ ਗਏ ਉਸਦੇ ਮੇਲ ਨਾਲ ਉਸਦੀ ਸਿਆਣ ਕੀਤੀ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਉਸ ਦਾ ਪਿਆਰ ਪ੍ਰਾਪਤ ਕੀਤਾ ਤਾਂ ਵਾਸਨਾ ਨਾਸ ਹੋ ਗਈ, ਹੁਣ ਖੂਬ ਅਨੰਦ ਮਾਣ ਰਹੇ ਹਾਂ॥259॥

 

ਕਬਿਤ।।

ਸਾਜਨ ਸਰੀਫ ਤੋਹਫਾ ਤਿਸਦੀ ਤਾਰੀਫ  ਕਰਾਂ ਕੈਸੇ ਤਸਨੀਫ ਐਡੀਂ ਅਕਲ ਨਾ ਭਾਰੀ ਹੈ।

ਉਰ ਮੇ ਹੈ ਆਲਾ ਓਹੁ ਉਜਾਲਾ ਜੁ ਬਸਾਲਾ  ਦੇ ਮਹੱਬਤ ਮਸਾਲਾ ਪ੍ਰਕਾਸੇ ਬਿਸ੍ਵ ਸਾਰੀ ਹੈ।

ਹਰਿ ਹਰਿ ਹਾਲ ਰਹਿਂਦਾ ਖੂਬੁ ਖੁਸਹਾਲ  ਚਾਲ ਮਿਲਦੀ ਮੁਹਾਲ ਚਾਹੇ ਸਭ ਨਰ ਨਾਰੀ ਹੈ।

ਬਾਤ ਬਹੁਤੀ ਕੀ ਪੁਕਾਰੂੰ ਜੀਉਂਦੀ ਜਾਂਨ ਨਾਂ ਬਸਾਰੂੰ  ਓਹੁ ਦਾਸ ਭਗਵਾਨ ਐਸੀ ਸੂਰਤ ਦੀਦਾਰੀ ਹੈ।।260।।

 

ਪਦ ਅਰਥ:-ਤੋਹਫਾ=ਸੁਗਾਤ। ਤਸਨੀਫ=ਬਿਆਨ। ਉਰ=ਹਿਰਦੇ। ਆਲਾ=ਸੰਦ। ਉਜਾਲਾ=ਰੌਸ਼ਨੀ। ਬਸਾਲਾ=ਬਹੁਤ। ਮਹੱਬਤ ਮਸਾਲਾ=ਪਿਆਰ ਦੀ ਖੁਰਾਕ। ਸਾਰੀ=ਸਾਰੀ ਦੁਨੀਆਂ। ਖੁਸਹਾਲ=ਖੇੜਾ। ਮੁਹਾਲ=ਔਖੀ। ਦੀਦਾਰੀ=ਦਰਸ਼ਨ ਕਰਨ ਵਾਲੀ।

ਅਰਥ:- ਮੈਂ ਇੰਨੀ ਅਕਲ ਨਹੀਂ ਰੱਖਦਾ ਕਿ ਮੇਰਾ ਸੱਜਣ ਭਾਵ ਪ੍ਰਮਾਤਮਾ ਜੋ ਕਿ ਸ਼ਰਾਫਤ ਦਾ ਘਰ ਹੈ, ਉਸ ਦੀ ਸਿਫਤ ਬਿਆਨ ਕਰ ਸਕਾਂ। ਉਸਦੀ ਸਿਫਤ ਭੀ ਬਹੁਤ ਭਾਰੀ ਸੌਗਾਤ ਹੈ, ਉਹ ਬੜੇ ਪ੍ਰਕਾਸ਼ ਵਾਲਾ ਜਦੋਂ ਮੇਰੇ ਹਿਰਦੇ ਵਿਚ ਪ੍ਰਗਟ ਹੋਇਆ ਤਾਂ ਉਸਦੀ ਬਖ਼ਸ਼ੀ ਆਤਮਕ ਖੁਰਾਕ ਨਾਲ ਰੱਜ ਗਏ। ਹੁਣ ਦੁਨੀਆਂ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਗਈਆਂ। ਉਹ ਹਰ ਸਮੇਂ ਹਰ ਹਾਲ ਵਿਚ ਖੁਸ਼ ਰਹਿੰਦਾ ਹੈ। ਸਭ ਇਸਤ੍ਰੀਆਂ ਪੁਰਸ਼ ਉਸ ਨੂੰ ਪਿਆਰ ਕਰਦੇ ਹਨ ਪਰ ਉਸ ਦੀ ਚਾਲ ਅਨੁਸਾਰ ਚਲਣਾ ਬਹੁਤ ਮੁਸ਼ਕਿਲ ਹੈ। ਰਾਜਾ ਸਾਹਿਬ ਜੋ ਉਸਦੇ ਰੂਪ ਦੇ ਦੀਦਾਰੀ ਹਨ ਕਥਨ ਕਰਦੇ ਹਨ ਕਿ ਅਸੀਂ ਉਸਨੂੰ ਜੀਉਂਦੀ ਜਾਨ ਭੁਲਾ ਨਹੀਂ ਸਕਦੇ॥260॥

ਕਬਿਤ।।

ਸਾਜਨ ਸਿਆਣਾਂ ਮੈਂ ਨਦਾਂਨ ਹਾਂ ਇਆਣਾ  ਨਂਹੀ ਮੰਨਦਾ ਜਾਂ ਭਾਣਾਂ ਤਾਂ ਟਕਾਣਾ ਕੈਸੇ ਪਾਵਾਂ ਮੈਂ।

ਸਿਫਤ ਸਨਾਇ ਸਾਰੀ ਕਹੀ ਨਂਹੀ ਜਾਇ  ਜਾਂਨੀ ਜਿਗਰ ਮਨਾਇ ਹਾਲੁ ਕੁਝ ਕੁ ਅਲਾਵਾਂ ਮੈਂ।

ਮੁਨਸਫ ਆਪ ਭਾਰਾ ਕਰੇ ਇਨਸਾਫ ਸਾਰਾ  ਦੇਖ ਕੇ ਸਤਾਰਾ ਬਲਹਾਰ ਬਲ ਜਾਵਾਂ ਮੈਂ।

ਪਿਆ ਲਸਕਾਰਾ ਦਿਲੁ ਲੈ ਗਿਆ ਹਮਾਰਾ  ਹੁਣ ਦਾਸ ਭਗਵਾਂਨ ਗੀਤ ਉਸਦੇ ਹੀ ਗਾਵਾਂ ਮੈਂ ।।261।।

 

ਪਦ ਅਰਥ :-ਸਿਫਤ ਸਨਾਇ=ਤਰੀਫ। ਅਲਾਵਾਂ=ਬਿਆਨ ਕਰਾਂ। ਮੁਨਸਫ=ਨਿਆਂਕਾਰੀ। ਇਨਸਾਫ=ਨਿਆਂ। ਸਤਾਰਾ=ਭਾਗ। ਲਸਕਾਰਾ=ਝਲਕਾਂ।

ਅਰਥ:- ਸੱਜਣ ਸਿਆਣਾ ਹੈ, ਮੈਂ ਅਨਜਾਣ ਹਾਂ, ਜਦੋਂ ਤੱਕ ਭਾਣਾ ਨਹੀਂ ਮੰਨਦਾ ਤਾਂ ਮਨ ਦਾ ਟਿਕਾਓ ਕਿਵੇਂ ਪ੍ਰਾਪਤ ਹੋਵੇ? ਉਸਦੀ ਮਹਿਮਾ ਕਹੀ ਨਹੀਂ ਜਾਂਦੀ, ਉਸ ਜਿਗਰ ਦੇ ਜਾਨੀ ਨੂੰ ਮਨਾ ਕੇ ਕੁਝ ਕੁ ਹਾਲ ਦੱਸਦਾ ਹਾਂ। ਉਹ ਪ੍ਰਭੂ ਨਿਆਂਕਾਰੀ ਹੋ ਕੇ ਸਾਰਾ ਨਿਆਂ ਕਰਦਾ ਹੈ। ਉਸ ਭਾਗਸ਼ਾਲੀ ਮਾਲਕ ਨੂੰ ਦੇਖ ਕੇ ਮੈਂ ਸਦਕੇ ਹੋ ਹੋ ਜਾਂਦਾ ਹਾਂ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਉਸਦੀ ਰਹਿਮਤ ਦਾ ਲਿਸ਼ਕਾਰਾ ਵੱਜਾ ਤਾਂ ਦਿਲ ਕਾਬੂ ਤੋਂ ਬਾਹਰ ਹੋ ਗਿਆ, ਹੁਣ ਓਸੇ ਦੇ ਹੀ ਗੀਤ ਗਾਉਂਦੇ ਹਾਂ॥261॥

ਕਬਿਤ।।

ਦੇਖ ਐਸੇ ਡੌਲ  ਪਿਆਰਾ ਰਿਹ੍ਹਾ ਕੈਸੇ ਮੌਲ  ਸਾਰੇ ਸੁਣ ਸੁਣ ਕੌਲ ਹੌਲ ਹਟਣ ਸਰੀਰ ਦੇ।

ਬੋਲੀ ਬੋਲ ਸੇ ਬਰੀਕ ਨਂਹੀ ਕੋਈ ਹੈ ਸਰੀਕ  ਏਹ ਸਮਝ ਤਰੀਕ ਪਾਸ ਪੀਆ ਹੈ ਫਕੀਰ ਦੇ।

ਵਸਲ ਵਸਾਲ ਹੋਇ ਰਿਹਾ ਹੈ ਜਮਾਲ ਦੇਖ  ਦੇਖ ਕੇ ਨਿਹਾਲ ਤੌਰ ਤਪੇ ਤਕਦੀਰ ਦੇ।

ਲਈਏ ਕਰ ਹੱਜੁ ਰਜ ਰਖੀਏ ਨ ਲੱਜ ਅਜ  ਦਾਸ ਭਗਵਾਂਨ ਮੇਲੇ ਮੇਲੀਆ ਅਖੀਰ ਦੇ।।262।।

 

ਪਦ ਅਰਥ:-  ਮੌਲ=ਖਿੜਨਾ, ਫੈਲਣਾ। ਕੌਲ=ਬਚਨ। ਹੌਲ=ਦੁੱਖ। ਸਰੀਕ=ਬਰਾਬਰ। ਤਰੀਕ=ਢੰਗ, ਤਰੀਕਾ। ਵਸਲ ਵਸਾਲ=ਮੈਲ। ਜਮਾਲ=ਦਰਸ਼ਨ। ਤੌਰ=ਹਾਲਤ, ਦਸ਼ਾ। ਤਕਦੀਰ=ਕਿਸਮਤ।

ਅਰਥ:- ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ॥

                   ਪਿਆਰੇ ਦਾ ਪਿਆਰ ਸਰੂਪ ਕਿਸ ਤਰ੍ਹਾਂ ਦਰ ਅਸਚਰਜ ਜੀਵਾਂ ਵਿਚ ਮੌਲ ਰਿਹਾ ਹੈ। ਬਚਨ ਸੁਣ ਕੇ ਸਰੀਰ ਦੇ ਦੁਖ ਦੂਰ ਹੁੰਦੇ ਹਨ। ਉਸਦੀ ਬੋਲੀ ਸੂਖਮ ਤੋਂ ਸੂਖਮ ਹੈ, ਉਸ ਦਾ ਕੋਈ ਸ਼ਰੀਕ ਨਹੀਂ, ਉਸਨੂੰ ਜਾਨਣ ਦੀ ਜੁਗਤੀ ਫਕੀਰ ਪਾਸੋਂ ਲੱਭਦੀ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਮੇਲ ਮਿਲਾਪ ਦਾ ਰਸ ਤੇ ਦਰਸ਼ਨ ਕਰ ਕਰ ਪ੍ਰਸੰਨ ਹੋ ਰਹੇ ਹਨ ਤੇ ਕਿਸਮਤ ਦਾ ਤਰੀਕਾ ਬਦਲ ਰਿਹਾ ਹੈ। ਅੱਜ ਪਿਆਰੇ ਦਾ ਹੱਜ ਰੱਜ ਕੇ ਕਰ ਲਈਏ, ਹੁਣ ਆਖਰੀ ਮੇਲੇ ਹਨ ॥262॥

ਕਬਿਤ।।

ਦਿਲਬਰ ਯਾਰ ਸੁਣੀ ਸਚ ਦੀ ਪੁਕਾਰ  ਆਈ ਅਬਰ ਬਹਾਰ ਦਿਲਦਾਰ ਰਸ ਘੋਲਦੇ।

ਬਤਕ ਲਟੋਰ ਮੋਰ ਕਰ ਰਹੀ ਕੋਲ ਸੋਰ  ਬਦਲ ਦੀ ਘੋਰ ਤੇ ਜਨਾਵਰ ਭੀ ਬੋਲਦੇ।

ਬਿੰਡੇ ਮੇਂਡਕ ਔ ਮੀਨ ਰਹੇ ਸਬਦ ਕੋ ਚੀਨ  ਕੈਸੇ ਸੁਣ ਸੁਣ ਬੀਨ ਅਹਿ ਸਿਰ ਝੋਲਦੇ।

ਇਸਕ ਦੇ ਬੈਹਰ ਦੀ ਲੈਹਰ ਚੜਾਈ ਬਿਚ  ਦਾਸ ਭਗਵਾਂਨ ਨਾਂ ਕਤਾਬ ਕਦੇ ਖੋਲਦੇ।।263।।

 

ਪਦ ਅਰਥ:- ਦਿਲਬਰ=ਪਿਆਰਾ। ਅਬਰ=ਬੱਦਲ। ਚੀਨ=ਜਾਨਣਾ।

ਅਰਥ:- ਪਿਆਰੇ, ਸੱਚੀ ਗੱਲ ਸੁਣ ਲੈ ਬੱਦਲਾਂ ਦੀ ਬਹਾਰ ਆ ਗਈ। ਜਦੋਂ ਗੁਰੂ ਰੂਪ ਬੱਦਲ ਵੱਸਦਾ ਹੈ ਤਾਂ ਰਸੀਏ ਉਸ ਰਸ ਨੂੰ ਮਾਣਦੇ ਹਨ। ਬੱਦਲ ਦੀ ਘੋਰ ਸੁਣਕੇ ਬੱਤਕ ਤੇ ਮੋਰ ਲੱਟੂ ਹੋ ਰਹੇ ਹਨ ਤੇ ਕੋਇਲ ਸ਼ੋਰ ਮਚਾ ਰਹੀ ਹੈ ਤੇ ਹੋਰ ਜਾਨਵਰ ਭੀ ਬੋਲਦੇ ਹਨ। ਬਿੰਡੇ ਡੱਡੂ ਤੇ ਮੱਛੀਆਂ ਸ਼ਬਦ ਦੀ ਪਛਾਣ ਕਰਦੀਆਂ ਹਨ ਤੇ ਬੀਨ ਦੀ ਆਵਾਜ਼ ਸੁਣਕੇ ਸੱਪ ਝੂਮਦੇ ਹਨ। ਪ੍ਰੇਮ ਦੇ ਸਮੁੰਦਰਾਂ ਦੀ ਲਹਿਰ ਬੜੀ ਚੜ੍ਹਾਈ ਵਿਚ ਹੈ। ਰਾਜਾ ਸਾਹਿਬ ਜੀ ਫੁਰਮਾਨ ਕਰਦੇ ਹਨ ਕਿ ਇਸ਼ਕ ਦੇ ਸਮੁੰਦਰਾਂ 'ਚ ਤਾਰੀ ਲਾਉਂਦਿਆਂ ਕਿਤਾਬਾਂ ਦੀ ਪੜ੍ਹਾਈ ਦੀ ਕੋਈ ਲੋੜ ਨਹੀਂ ਰਹਿ ਜਾਂਦੀ॥263॥

 

ਕਬਿਤ।।

ਆਈ ਘਟ ਛਾਂਮ ਜਗੁ ਦੇਖਦਾ ਤਮਾਮ  ਉਤੇ ਚੜ ਚੜ ਬਾਂਮ ਆਂਮ ਅਬਰ ਨਿਹਾਰ ਦੇ।

 ਬਗ ਤਿਤਰ ਚਕੋਰ ਤੋਤੇ ਤਿਲੀਯਰ ਹੋਰ  ਹੋਰੁ ਦੇਖ ਚਮਕੋਰ ਹੋ ਚੁਕੰਨੇ ਚਾਂਗਾ ਮਾਰਦੇ।

ਬਣਾਂ ਦੇ ਬਘੇਰੇ ਸਿੰਘ ਮਾਰਨ ਬਧੇਰੇ ਫੇਰੇ  ਮਿਰਗ ਚੁਫੇਰੇ ਆਪ ਆਪ ਕੋ ਉਭਾਰਦੇ।

ਪਏ ਜਦੋਂ ਆਂਣ ਠਾਠ ਰਹੇ ਨਂਹੀ ਪੂਜਾ ਪਾਠ  ਦਾਸ ਭਗਵਾਂਨ ਕੌਲ ਕਰਨ ਬਹਾਰ ਦੇ।।264।।

 

ਪਦ ਅਰਥ:- ਛਾਂਮ=ਕਾਲੀ। ਬਾਂਮ=ਛੱਤ। ਚਾਂਗਾ=ਉਚੀ ਬੋਲਣਾ। ਉਭਾਰਦੇ=ਉਛਲ। ਕੌਲ=ਬਚਨ।

ਅਰਥ:- ਕਾਲੀ ਘਟਾ ਚੜ੍ਹਕੇ ਆਈ ਸਭ ਲੋਕਾਈ ਛੱਤਾਂ ਤੇ ਚੜ੍ਹ ਕੇ ਵੇਖਦੀ ਹੈ। ਬਗਲੇ, ਤਿੱਤਰ, ਚਕੋਰ, ਤੋਤੇ, ਤਿਲੀਅਰ, ਸਭ ਚੁਕੰਨੇ ਹੋ ਕੇ ਚਾਂਗਾਂ ਮਾਰਦੇ ਹਨ। ਬਣਾਂ ਦੇ ਸ਼ੇਰ ਬੁਕ ਰਹੇ ਹਨ ਤੇ ਹਰਨ ਚਾਰੇ ਪਾਸੇ ਫਿਰਦੇ ਹਨ, ਖੁਸ਼ੀ ਵਿਚ ਛਾਲਾਂ ਮਾਰਦੇ ਹਨ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਬਹਾਰ ਦਾ ਠੱਠ ਬੱਝਦਾ ਹੈ ਤਾਂ ਪੂਜਾ ਪਾਠ ਭੀ ਭੁੱਲ ਜਾਂਦਾ ਹੈ॥264॥

 

ਕਬਿਤ।।

ਚੜ ਬਦਲੀ ਜਾਂ ਆਈ ਸਾਰੀ ਧਰਤ ਸੁਹਾਈ  ਏਹ ਦੇ ਰੰਗ ਦੀ ਸੁਫਾਈ ਜਾਣੁ ਬੜੀ ਦੁਰਲਭ ਤੂੰ।

ਭਾਂਤ ਭਾਂਤ ਖੁਲੇ ਰੰਗ ਖਿਲ ਖਿਲ ਪੈਣ ਅੰਗ  ਹੋਈ ਹੈ ਉਮੰਗ ਜੁ ਨਸੰਗ ਦੇਖ ਸਭ ਤੂੰ।

ਕਾਰ ਕਰ ਬੰਦ ਲਂਈ ਸਚ ਕਾ ਅਨੰਦ ਹੁਣ  ਖਿਚ ਨਂਹੀ ਤੰਦ ਚੰਦ ਚੌਦਮੀ ਦਾ ਲਭ ਤੂੰ।

ਕਰ ਕਰ ਸੰਗੁ ਅਬ ਹੋਹ ਖੁਦ ਰੰਗ ਫਿਰ  ਹੁਣ ਦਾਸ ਭਗਵਾਂਨ ਏਹ ਕਸੀਦਾ ਛਡ ਝਬ ਤੂੰ।।265।।

 

ਪਦ ਅਰਥ :- ਸੁਹਾਈ=ਸੋਭਦੀ ਹੈ। ਦੁਰਲਭ=ਨਾਯਾਬ, ਨਾ ਮਿਲਣ ਵਾਲੀ। ਉਮੰਗ=ਉਤਸ਼ਾਹ। ਨਸੰਗ=ਬੇਫ਼ਿਕਰ। ਕਸੀਦਾ= ਸੰਸਾਰੀ ਜੰਜਾਲ।

ਅਰਥ:- ਬੱਦਲ ਚੜ੍ਹ ਕੇ ਆਇਆ ਧਰਤੀ ਸੋਭਾ ਵਾਲੀ ਹੋ ਗਈ (ਧਰਤੀ ਸੋਭ ਕਰੇ ਜਲ ਬਰਸੈ ਤਿਉਂ ਸਿਖ ਗੁਰਮਿਲ ਵਿਗਸਾਈ'') ਜੋ ਰੰਗ ਇਸ ਨਾਲ ਧਰਤੀ ਨੂੰ ਚੜ੍ਹਦਾ ਹੈ, ਉਸਦਾ ਨਜ਼ਾਰਾ ਬੜਾ ਦੁਰਲੱਭ ਹੈ। ਭਾਂਤ-ਭਾਂਤ ਦੇ ਰੰਗ ਖਿੜਦੇ ਹਨ, ਜੀਵ ਜੰਤ ਉਤਸ਼ਾਹ ਵਿਚ ਆਉਂਦੇ ਹਨ। ਹਿਰਦੇ ਦੀ ਸਫਾਈ ਨਾਲ ਸਭ ਨੂੰ ਦੇਖ ਸੰਸਾਰੀ ਧੰਦਿਆਂ ਵੱਲੋਂ ਬਿਰਤੀ ਰੋਕ ਕੇ ਸੱਚੇ ਅਨੰਦ ਨੂੰ ਪ੍ਰਾਪਤ ਕਰ, ਧੰਦੇ ਰੂਪ ਤੰਦ ਨੂੰ ਛੱਡ ਕੇ ਪੂਰਨ ਜੋਤ ਨੂੰ ਲੱਭਣ ਦਾ ਯਤਨ ਕਰ। ਮਹਾਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸਤਿਪੁਰਸ਼ਾਂ ਦੀ ਸੰਗਤ ਕਰਕੇ ਸਾਰੇ ਪੁਆੜੇ ਮੁਕਾ ਕੇ ਮਨ ਨੂੰ ਉਹਦੇ ਨਾਮ ਦੀ ਰੰਗਣਾਂ 'ਚ ਰੰਗ ਲੈ॥265॥

ਕਬਿਤੁ।।

 ਦਿਲਬਰ ਯਾਰ ਖੂਬੁ ਖਿਲੇ ਗੁਲਨਾਰ  ਹੋਇ ਅਜਬ ਤਿਆਰ ਬਿਚ ਸਬਜੀ ਸੁਹਾਵਣੀ।

ਛਡ ਕੇ ਸਕੂਫਾ ਲੰਬਾ ਖਿੜਿਆ ਗੁਲਾਬ ਬੰਬਾ  ਮਰੂਆ ਤੇ ਚੰਬਾ ਹੈ ਚੰਬੇਲੀ ਖਿਲੀ ਸਾਵਣੀ।

 ਗਮਲੋਂ ਕੇ ਗੁਲ ਫੁਲ ਫੁਲ ਕੇ ਹੈਂ ਹੋਏ ਫੁਲ  ਬਰਗੋਂ ਪੈ ਚੁਹਕੇ ਬੁਲਬੁਲ ਮਨ ਭਾਵਣੀ।

ਸਮਝੇ ਨਾਂ ਗਲ ਬੈਠੇ ਕਲੀਆਂ ਕੋ ਮਲ ਮਲ  ਦਾਸ ਭਗਵਾਂਨ ਬਾਜੀ ਬੁਰਦ ਹੋਇ ਜਾਵਣੀ।।266।।

 

ਪਦ ਅਰਥ:- ਗੁਲਨਾਰ=ਅਨਾਰ ਦੇ ਫੁੱਲ। ਸੁਹਾਵਣੀ=ਸ਼ੋਭਨੀਕ। ਸਕੂਫਾ=ਫਲਾਂ ਦੀ ਡੋਡੀ ਜਾਂ ਗੁੰਚਾ। ਬੰਬਾ=ਖੂਬ। ਮਰੂਆ=ਤੁਲਸੀ ਦੀ ਜ਼ਾਤ ਦਾ ਇਕ ਪੌਦਾ, ਦਵਾਈਆਂ ਅਤੇ ਚਟਣੀਂ ਵਿਚ ਵਰਤੀਦਾ ਹੈ। ਚੁਹਕੇ=ਬੋਲਦੀ ਹੈ।

ਅਰਥ:- ਪਾਤਿਸ਼ਾਹ ਫਰਮਾਨ ਕਰਦੇ ਹਨ ਕਿ ਸੰਸਾਰ ਰੂਪੀ ਫੁਲਵਾੜੀ ਜੋ ਬਹੁਤ ਖਿੜ ਰਹੀ ਹੈ, ਇਹ ਸਦਾ ਥਿਰ ਰਹਿਣ ਵਾਲੀ ਨਹੀਂ। ਇਸ ਨੂੰ ਸਪੱਸ਼ਟ ਕਰਨ ਲਈ ਰਾਜਾ ਸਾਹਿਬ ਜੀ ਅਲੰਕਾਰ ਬੰਨ੍ਹ ਕੇ ਦੱਸਦੇ ਹਨ ਕਿ ਇਸ ਸਰੀਰ ਤੇ ਪੱਤਝੜ ਦੀ ਰੁੱਤ ਭੀ ਆਏਗੀ। ਹੇ ਪਿਆਰੇ! ਅਨਾਰ ਦੇ ਸੋਹਣੇ ਲਾਲ ਲਾਲ ਫੁੱਲ ਖਿੜ ਰਹੇ ਹਨ ਤੇ ਫੁੱਲਾਂ ਦੇ ਬਾਗ ਵਿਚ ਹਰਿਆਵਲ ਭੀ ਬਹੁਤ ਸੋਭਦੀ ਹੈ। ਕਈ ਅਜੇ ਫੁੱਲਾਂ ਦੀਆਂ ਡੋਡੀਆਂ ਹੀ ਹਨ ਤੇ ਕਈ ਥਾਈਂ ਗੁਲਾਬ ਬੜੇ ਸੱਜ ਧੱਜ ਨਾਲ ਗੱਜ ਵੱਜ ਕੇ ਖਿੜ ਰਹੇ ਹਨ। ਮਰੂਆ, ਚੰਬਾ ਤੇ ਚੰਬੇਲੀ ਸਭ ਖਿੜ ਰਹੇ ਹਨ। ਗਮਲਿਆਂ ਵਿਚ ਫੁਲ ਖਿੜ ਖਿੜ ਕੇ ਖੁਸ਼ ਹੋ ਰਹੇ ਹਨ ਤੇ ਬੁਲਬੁਲਾਂ ਸੋਹਣੇ ਗੀਤ ਟਾਹਣੀਆਂ ਤੇ ਬੈਠ ਕੇ ਗਾ ਰਹੀਆਂ ਹਨ। ਮੂਰਖ ਇਸ ਸੰਸਾਰ ਦੀ ਫੁਲਵਾੜੀ ਵਿਚ ਮੱਲਾਂ ਮੱਲ ਮੱਲ ਬੈਠਾ ਹੈ ਤੇ ਮੌਤ ਨੂੰ ਭੁਲਾ ਦਿੱਤਾ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਆਖਰ ਇਸ ਸਰੀਰ ਦਾ ਅੰਤ ਹੋ ਜਾਵੇਗਾ ॥266॥

ਕਬਿਤ ||

ਘਟਾ ਆਈ ਪਰ ਬੰਨ ਹੋਇ ਰਹੀ ਧੰਨ ਧੰਨ  ਸਾਰੇ ਮਨ ਤਨ ਪ੍ਰਸੰਨਤਾ ਲਿਆਂਵਦੀ।

ਮਿਠੀ ਮਿਠੀ ਵਗੇ ਪੌਣ ਬਗੁਲੇ ਅਕਾਸ ਭੌਣ  ਸੌਣ ਦੀ ਸਿਫਤ ਕੋਈ ਕਹੀ ਨਂਹੀ ਜਾਂਵਦੀ।

ਪੈਣ ਲਗੀ ਆ ਫੁਹਾਰ ਬੂੰਦ ਨਨੀ ਦਿਲਦਾਰ  ਹੋਏ ਹਮ ਹਮਵਾਰ ਨਾਰ ਨਾਰ ਕੁਸਲਾਂਵਦੀ।

ਬੈਹਣ ਬਿਸਥਾਰ ਉਤੇ ਆਏ ਭਗਵਾਂਨ ਦਾਸ  ਨੇਹੁ ਵਾਲੀ ਨਦੀ ਨਂਹੀ ਪਲਕ ਠਰਾਂਵਦੀ।।267।।

 

ਪਦ ਅਰਥ:- ਪਰ ਬੰਨ=ਘੁਮੰਡ ਕੇ। ਪ੍ਰਸੰਨਤਾ=ਖੁਸ਼ੀ। ਬੈਹਣ=ਬਹਾਓ। ਬਿਸਥਾਰ=ਫੈਲਾਓ। ਨੇਹੁ=ਪਿਆਰ। ਠਰਾਂਵਦੀ= ਅਟਕਦੀ।

ਅਰਥ:- (ਜੇਠ ਹਾੜ ਦੀ ਤਪਸ਼ ਮਗਰੋਂ) ਘਟਾ ਚੜ੍ਹ ਕੇ ਆਈ ਤਾਂ ਸਾਰੇ ਧਨ ਧਨ ਹੋ ਰਹੀ ਹੈ, ਸਰੀਰ ਤੇ ਮਨ ਦੋਵੇਂ ਖਿੜ ਰਹੇ ਹਨ। ਕਾਲੀਆਂ ਘਟਾਵਾਂ ਵਿਚ ਚਿੱਟੇ ਚਿੱਟੇ ਬਗਲੇ ਘੁੰਮ ਰਹੇ ਹਨ। ਸਾਉਣ ਦੀ ਸਿਫਤ ਬਿਆਨ ਨਹੀਂ ਹੋ ਸਕਦੀ। ਠੰਡੀ ਠੰਡੀ ਹਵਾ ਚਲਦੀ ਹੈ। ਹੇ ਪਿਆਰੇ ! ਮਿੱਠੀ ਮਿੱਠੀ ਫੁਹਾਰ ਪੈਣ ਲੱਗੀ, ਮਨ ਨੂੰ ਟਿਕਾਅ ਹੋ ਗਿਆ ਤੇ ਸਰੀਰ ਦੀ ਨਾੜ-ਨਾੜ ਖੁਸ਼ ਹੋ ਰਹੀ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਪਿਆਰੇ ਦੀ ਯਾਦ ਵਿਚ ਪਿਆਰ ਦੇ ਅੱਥਰੂ ਇੱਕ ਰਸ ਵਹਿੰਦੇ ਹਨ, ਪਿਆਰ ਵਾਲੀ ਨਦੀ ਬੇਰੋਕ ਤੁਰੀ ਜਾਂਦੀ ਹੈ, ਅੱਖਾਂ ਵਿਚ ਨੀਂਦ ਭੀ ਨਹੀਂ ਆਉਂਦੀ। ਭਾਵ ਸੱਚੇ ਪਿਆਰ ਵਾਲਾ ਵਹਿਣ ਇਕਸਾਰਤਾ ਵਿਚ ਵਗ ਰਿਹਾ ਹੈ। ਪ੍ਰੇਮ ਵਾਲੀ ਨਦੀ ਇੱਕ ਪਲ ਵੀ ਰੁਕੇ ਬਿਨਾਂ ਬੇਰੋਕ ਤੁਰੀ ਜਾਂਦੀ ਹੈ ।।267।।

ਕਬਿਤੁ।।

 ਜੇਹੜੇ ਪਾਏ ਗਲ ਹਾਰ ਸੋਈ ਗਏ ਗਲ ਹਾਰ  ਹੁਣ ਪਈ ਗਲ ਹਾਰ ਹਾਰ ਹਾਰ ਪਈ ਹੋਂਵਦੀ।

ਕੰਜਰ ਸੇ ਜੋਈ ਸੋਈ ਭਏ ਅਬ ਕੰਜਰ ਹੈਂ  ਕੰਜਰ ਕੇ ਹੂਏ ਨਾਰ ਕੰਜਰ ਕੀ ਰੋਂਵਦੀ।

ਨਂਹੀ ਕਰ ਜੋਰ ਜਰਾ ਜਰ ਦਾ ਹੈ ਜੋਰ ਜਰਾ  ਜਰਾ ਜਰਵਾਣੀ ਜੋਰ ਜੋਰ ਲੈ ਖਲੋਂਵਦੀ।

ਖਿੜੀ ਗੁਲਜਾਰ ਕਰ ਰਹੀ ਅਬ ਜਾਰ ਜਾਰ  ਦਾਸ ਭਗਵਾਂਨ ਭਾਵੀ ਬਣੇ ਕੰਮ ਖੋਂਵਦੀ।।268।।

 

ਪਦ ਅਰਥ:- ਕੰਜਰ=ਝਾੜੂ ਸਿਰਕੀ ਬਣਾ ਕੇ ਗੁਜ਼ਾਰਾ ਕਰਨ ਵਾਲੀ ਇਕ ਜ਼ਾਤ, ਸੂਰਜ, ਹਾਥੀ, ਪੇਟ, ਮੋਰ, ਅਗਸਤ ਮਨਿ। ਕੰਜਰ (ਸਵਰਨ ਨੂੰ ਇਸ਼ਟ ਮੰਨਣ ਵਾਲੀ ਇਕ ਜ਼ਾਤ ਜੋ ਵਿਭਚਾਰ ਦੀ ਠੇਕੇਦਾਰ ਹੈ)। ਜੋਰ=ਵਧੀਕੀ। ਜਰਾ=ਥੋੜ੍ਹਾ। ਜਰ ਦਾ ਜੋਰ ਜਰਾ=ਪੈਸੇ ਦਾ ਜੋਰ ਬੋਦਾ ਹੈ। ਜਰਾ=ਬੁਢੇਪਾ। ਜੋਰ ਜੋਰ=ਜੋਰੋ ਜੋਰੀ। ਗੁਲਜਾਰ=ਫੁਲਵਾੜੀ। ਜਾਰ ਜਾਰ=ਰੋਣਾ। ਭਾਵੀ=ਹੋਣੀ।

ਅਰਥ:- ਜਿਹੜੇ ਹਾਰ ਗਲੇ ਵਿਚ ਪਾਏ ਸੀ, ਉਹ ਗਲ ਗਏ (ਭਾਵ-ਬੱਚੇ, ਬੱਚੀਆਂ ਇਸਤ੍ਰੀ ਆਦਿ ਛੱਡ ਗਏ) ਹੁਣ ਸਾਰੇ ਪਾਸੇ ਦੁਨੀਆਂ ਹਾਰ ਹੀ ਹਾਰ ਪਾਈ ਦਿਸਦੀ ਹੈ। ਮਾਇਆ ਦੇ ਮੱਦ ਵਿਚ ਕੰਜਰ (ਹਾਥੀ) ਦੀ ਨਿਆਈਂ ਜੋ ਫੁਰਾਟੇ ਮਾਰਦੇ ਸੀ, ਉਹ ਹੁਣ ਕੰਜਰਾਂ (ਸਿਰਕੀ ਬਣਾ ਕੇ ਗੁਜ਼ਾਰਾ ਕਰਨ ਵਾਲੀ ਇਕ ਜ਼ਾਤ) ਦੀ ਤਰ੍ਹਾਂ ਅਤੀ ਕੰਗਲੇ ਹੋ ਗਏ ਹਨ। ਜਦੋਂ ਅਤਿ ਦੀ ਗਰੀਬੀ ਹੋ ਗਈ, ਤਾਂ ਜੋ ਇਸਤ੍ਰੀ, ਸੋਨੇ ਚਾਂਦੀ ਦੀ ਭੁੱਖ ਸੀ ਉਸਨੂੰ ਰੋਣ ਪੈ ਗਿਆ। (ਇਸਤ੍ਰੀ ਪੁਰਖੈ ਦਾਮਿ ਹਿਤੁ ਭਾਵੈ ਆਇ ਕਿਥਾਊਂ ਜਾਈ।) ਜਰਾ ਪੈਸੇ ਦਾ ਜ਼ੋਰ ਨਾ ਦਿਖਾਲ ਭਾਈ! ਜੋਰ ਬੋਦਾ ਹੈ। ਬੁਢੇਪਾ ਜੋ ਬੜਾ ਜ਼ਾਲਮ ਹੈ, ਉਹ ਮੱਲੋ ਮੱਲੀ ਸਿਰ ਤੇ ਆ ਖੜ੍ਹਾ ਹੋਵੇਗਾ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਜਦੋਂ ਬੁਢੇਪੇ ਮਗਰੋਂ ਮੌਤ ਆ ਗਈ, ਤਾਂ ਜੋ ਇਹ ਪਰਿਵਾਰ ਰੂਪੀ ਫੁਲਵਾੜੀ ਖਿੜੀ ਹੋਈ ਸੀ, ਹੁਣ ਉਚੀ-ਉਚੀ ਰੋਂਦੇ ਹਨ। ਹੋਣੀ ਬਣੇ ਬਣਾਏ ਕੰਮਾਂ ਨੂੰ ਵਿਗਾੜ ਦਿੰਦੀ ਹੈ ॥268॥

ਕਬਿਤ।।

ਹਾਂਣ ਲਾਭ ਆਪਣੀ ਨਾ ਦੇਖੇਂ ਅਗਿਆਂਨ ਕਰ  ਪਟਿਆ ਹੈਂ ਨੀਂਦ ਨੇ ਨਾਂ ਅਖੀਆਂ ਉਘਾੜਦਾਂ।

ਮਿਰਗ ਅੰਗੂਰੀ ਚੁਗ ਜਾਣ ਪਛੁਤਾਏਂ ਫੇਰ  ਐਸ ਬਿਚ ਪਿਆ ਹੁਣ ਛੇਜਾਂ ਹੈਂ ਲਤਾੜਦਾਂ।

ਕਰ ਕੇ ਬਚਾਰ ਮਨ ਰੰਦੁ ਨਂਹੀ ਰੋਕਦਾ ਜਾਂ  ਉਕਰ ਕੇ ਜੜ ਆਪ ਆਪਣੀ ਉਖਾੜਦਾਂ।

ਕਿਸੇ ਨੂੰ ਕੀ ਦੋਸੁ ਫੇਰ ਦੇਂ ਭਗਵਾਨ ਦਾਸ  ਕੇਸਰ ਕਿਆਰੀ ਹਂਥੀ ਆਪਣੀ ਉਜਾੜਦਾਂ।।269।।

 

ਪਦ ਅਰਥ:- ਹਾਣ ਲਾਭ=ਨਫਾ ਨੁਕਸਾਨ। ਅੰਗੂਰੀ=ਹਰਿਆਵਲ। ਐਸ=ਮੌਜ ਮੇਲਾ। ਰੰਦ=ਸਾਫ। ਕੇਸਰ ਕਿਆਰੀ=ਉਹ ਕਿਆਰੀ ਜਿਸ ਵਿਚ ਕੇਸਰ ਬੀਜਿਆ ਹੋਵੇ।

ਅਰਥ:- ਭੁਲੇਖੇ ਵਿਚ ਪੈ ਕੇ ਆਪਣਾ ਨਫਾ ਨੁਕਸਾਨ ਨਹੀਂ ਸੋਚਦਾ, (ਮਾਇਆ ਦੀ ਮੋਹ ਰੂਪੀ) ਨੀਂਦ ਵਿਚ ਸੁੱਤਾ ਪਿਆ ਹੈ। (ਗਿਆਨ ਰੂਪ) ਅੱਖਾਂ ਨਹੀਂ ਉਘਾੜਦਾ (ਕਾਮ, ਕ੍ਰੋਧ, ਅਹੰਕਾਰ ਆਦਿ ਮਿਰਗ ਸੁਆਸਾਂ ਰੂਪ ਖੇਤੀ ਨੂੰ ਖਾਈ ਜਾਂਦੇ ਹਨ, ਪਰ ਪਸ਼ਚਾਤਾਪ ਕਰੇਂਗਾ ਹੁਣ ਸੇਜਾਂ ਨੂੰ ਮਾਣ ਰਿਹਾ ਹੈ, ਵੀਚਾਰ ਕਰਕੇ ਮਨ ਨੂੰ ਸਿਧੇ ਰਸਤੇ ਨਹੀਂ ਪਾਉਂਦਾ, ਇਸ ਤਰ੍ਹਾਂ ਆਪਣੀਆਂ ਜੜ੍ਹਾਂ ਆਪ ਹੀ ਪੱਟ ਰਿਹਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਮਨੁੱਖ ਜਨਮ ਜਿਸ ਵਿਚ ਸੁਆਸਾਂ ਰੂਪ ਕੇਸਰ ਦੀ ਕਿਆਰੀ ਹੈ, ਆਪਣੇ ਹੱਥੀਂ ਮਨ ਮਾਇਆ ਦੇ ਹੱਥ ਵਿਕ ਕੇ ਉਜਾੜ ਰਿਹਾ ਹੈਂ॥269॥

 

ਕਬਿਤੁ।।

ਹੋਇ ਕੇ ਬੇਬਸਾ ਮਨ ਫਿਰਦਾ ਹੈ ਵਾਂਹੀਯਾਤ  ਕਾਰਜ ਕਸੂਤ ਹੁਣ ਬਾਗਾਂ ਨੂੰ ਨਾਂ ਮੋੜਦਾਂ।

ਗਾਡੀ ਰਾਹੁ ਛਡਕੇ ਤੂੰ ਔਝੜ ਅੜਿਕਿਆਂ ਮੇ  ਹੋਮਦਾ ਖੁਆਰੁ ਖੈਰ ਆਪਣੀ ਨਾ ਲੋੜਦਾਂ।

ਪਾਂਣੀ ਬੇ ਅਥਾਹ ਬਿਚੋਂ ਬੰਨੇ ਆਂਣ ਲਗਾ ਹੋਇਆ  ਬੇੜਾ ਹੁਣ ਧਕ ਕੇ ਤੂੰ ਆਪ ਫੇਰ ਰੋੜਦਾਂ।

ਐਸਾ ਹੈਂ ਬੇ ਸਮਝ ਨਦਾਨ ਭਗਵਾਂਨ ਦਾਸ  ਪੱਥਰ ਦੇ ਨਾਲ ਮਾਰ ਸੀਸਾ ਹਥੀ ਤੋੜਦਾਂ।।270।।

 

ਪਦ ਅਰਥ:- ਬੇਬਸ=ਵੱਸ ਤੋਂ ਬਾਹਰ। ਵਾਂਹੀਯਾਤ=ਫਜ਼ੂਲ, ਨਿਕੰਮਾ। ਬਾਗਾਂ=ਘੋੜੇ ਦੀਆਂ ਰਾਸਾਂ। ਗਾਡੀ ਰਾਹ=ਜਰਨੈਲੀ ਸੜਕ। ਬੇ ਅਥਾਹ=ਬੇ ਓੜਕ।

ਅਰਥ:- ਮਨ ਦੇ ਪਿੱਛੇ ਲਗ ਕੇ ਕਸੂਤੇ ਕੰਮ ਕਰਦਾ ਹੈਂ ਤੇ ਅਮੋੜ ਮਨ ਨੂੰ ਮੋੜਦਾ ਨਹੀਂ। ਗੁਰਮੁਖਤਾਈ ਦਾ ਸਿੱਧਾ ਰਸਤਾ ਛੱਡ ਕੇ ਔਝੜਾਂ ਅੜਿੱਕਿਆਂ ਵਿਚ ਪੈ ਕੇ ਖਰਾਬ ਹੁੰਦਾ ਹੈਂ, ਆਪਣਾ ਭਲਾ ਕਿਉਂ ਨਹੀਂ ਚਾਹੁੰਦਾ? ਪਾਣੀ ਬੇ ਅਥਾਹ (ਚਉਰਾਸੀ ਲੱਖ ਜੂਨਾਂ ਵਿਚੋਂ ਫਿਰ ਕੇ) ਹੁਣ ਮਨੁੱਖ ਜਨਮ ਪਾ ਕੇ ਰੱਬ ਦੇ ਪਾਸੇ ਕਿਉਂ ਨਹੀਂ ਲਗਦਾ? ਇਹ ਸਰੀਰ ਰੂਪ ਬੇੜੇ ਨੂੰ ਮੁੜ ਚਉਰਾਸੀ ਦੇ ਗੇੜੇ ਵਿਚ ਪਾਉਣ ਦੇ ਕੰਮ ਕਰਦਾ ਹੈਂ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ  ਇਹ ਮੂਰਖ ਜੀਵ ਐਡਾ ਭੁੱਲੜ ਹੈ ਕਿ ਵਿਕਾਰਾਂ ਰੂਪੀ ਪੱਥਰ ਮਾਰ ਕੇ ਅਮੋਲਕ ਮਨੁੱਖੀ ਜਨਮ ਰੂਪ ਸ਼ੀਸ਼ੇ ਨੂੰ ਤੋੜ ਰਿਹਾ ਹੈ॥270॥

 

ਕਬਿਤ।।

ਕਰੇਂ ਅਵਲੱਛ ਫਿਰੇਂ ਲੱਦਿਆ ਮਜਾਜ ਦਾ ਹੀ  ਐਸਾ ਤੂੰ ਕੁਲੱਛਣਾ ਨਾ ਮੁੜਦਾ ਹੈਂ ਮੋੜਿਆ।

ਮਾਰ ਕੇ ਗੁਲੇਲਾ ਹਥੁ ਆਪਣਾ ਹੀ ਭੰਨ ਲਿਆ  ਬਿਨਾ ਉਸਤਾਦ ਤੇ ਨਸਾਨਾਂ ਐਸਾ ਜੋੜਿਆ।

ਇਤਨਾ ਅਜਾਬ ਤਾਂ ਹੀ ਪਾਇਆ ਹੈ ਸਰੀਰ ਕਰ  ਮੂਰਖ ਨਾ ਸੰਗੁ ਜੇ ਤੈਂ ਆਰਫਾਂ ਦਾ ਲੋੜਿਆ।

 ਕਿਸੇ ਦਾ ਕੀ ਗਿਆ ਕਹੁ ਨਦਾਂਨ ਭਗਵਾਂਨ ਦਾਸ  ਆਪਣਾ ਹੀ ਆਪ ਵਾਂਗ ਨਿੰਬੂ ਦੇ ਨਚੋੜਿਆ।।271।।

 

ਪਦ ਅਰਥ:- ਅਵਲੱਛ=ਭੈੜੇ ਲੱਛਣ। ਮਜਾਜ=ਆਕੜ। ਗੁਲੇਲਾ=ਮਿੱਟੀ ਦੀ ਗੋਲੀ ਜੋ ਗੋਪੀਏ ਵਿਚ ਰੱਖ ਕੇ ਚਲਾਈਦੀ ਹੈ। ਅਜਾਬ=ਦੁੱਖ। ਸਰੀਰ ਕਰ=ਦੇਹ ਕਰਕੇ। ਆਰਫਾਂ=ਫ਼ਕੀਰਾਂ, ਰੱਬੀ ਲੋਕਾਂ।

ਅਰਥ:- ਜੁਆਨੀ ਦੇ ਜੋਸ਼ ਵਿਚ ਬੜਾ ਆਕੜ ਆਕੜ ਚਲਦਾ ਹੈਂ ਕਿ ਭੈੜੇ ਲੱਛਣਾਂ ਤੋਂ ਮੋੜਿਆ ਮੁੜਦਾ ਨਹੀਂ। ਬੇਸਮਝੀ ਦੇ ਕਾਰਨ ਨਿਸ਼ਾਨੇ ਤੋਂ ਉੱਕ ਕੇ ਐਸਾ ਗੁਲੇਲਾ ਚਲਾਇਆ ਕਿ ਆਪਣਾ ਹੀ ਹੱਥ ਭੰਨ ਲਿਆ। ਸਰੀਰ ਕਰਕੇ ਵਿਕਾਰਾਂ ਵਿਚ ਪੈ ਕੇ ਕਾਮ ਕੇਲ ਦੇ ਕਾਰਨ ਆਪਣੇ ਸਰੀਰ ਨੂੰ ਦੁਖੀ ਕੀਤਾ, ਕਿਉਂਕਿ ਮੂਰਖ ਨੇ ਭਲਿਆਂ ਪੁਰਸ਼ਾਂ ਦੀ ਸੰਗਤ ਨਹੀਂ ਕੀਤੀ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮੂਰਖ ! ਕਿਸੇ ਦਾ ਕੀ ਗਿਆ, ਤੂੰ ਆਪਣੇ ਆਪ ਨੂੰ ਵਿਕਾਰਾਂ ਵਿੱਚ ਨਾਸ਼ ਕਰ

ਲਿਆ॥271॥

 

ਕਬਿਤ।।

ਸੁਫਨੇ ਦਾ ਰੰਗੁ ਸਚੁ ਮੰਨ ਨਾ ਗਵਾਰ ਬੈਠੁ  ਸੁਫਨੇ ਦੀ ਕਾਰ ਯਾਰ ਆਖਰ ਨਬੂਦਗੀ।

ਕੂੜ ਦਾ ਬਿਹਾਰ ਕੁਲ ਹੋਇ ਕੇ ਫਨਾਹ ਇਹ  ਖਾਕ ਮੇਂ ਸਮਾਇ ਜਾਊ ਖਾਕ ਦੀ ਵਜੂਦਗੀ।

ਕਾਲ ਦਾ ਗ੍ਰਾਸ ਕਾਇਆਂ ਸੁੰਦ੍ਰ ਸਰੂਪ ਜਬ  ਭੁਲ ਕੇ ਨਦਾਨ ਕਰੇਂ ਕੰਮ ਕਿਉਂ ਅਲੂਦਗੀ।

ਹੋਹ ਹੁਸਆਰ ਅਬ ਜਾਗ ਭਗਵਾਂਨ ਦਾਸ  ਸਚ ਨੂੰ ਸਮਾਲ ਕਚੁ ਛਡ ਦੇ ਬੇਹੂਦਗੀ।।272।।

 

ਪਦ ਅਰਥ :-ਸੁਫਨੇ ਦਾ ਰੰਗ=ਝੂਠਾ ਪਿਆਰ। ਨਬੂਦਗੀ=ਨਾ ਰਹਿਣ ਵਾਲੀ। ਫਨਾਹ=ਨਾਸ਼ਵਾਨ। ਵਜੂਦਗੀ=ਮਿੱਟੀ ਦਾ ਸਰੀਰ ਮਿੱਟੀ ਵਿਚ ਮਿਲ ਜਾਊ। ਕਾਲ=ਮੌਤ। ਗ੍ਰਾਸ=ਖਾਣਾ। ਅਲੂਦਗੀ=ਗੰਦੇ, ਭੈੜੇ। ਸਮਾਲ=ਸਾਰ ਲੈ। ਬੇਹੂਦਗੀ=ਫਜ਼ੂਲ, ਨਿਕੰਮੇ।

ਅਰਥ:- ਸੰਸਾਰ ਸੁਪਨੇ ਦੀ ਨਿਆਈਂ ਹੈ, ਮੂਰਖ ਸੱਚ ਮੰਨੀ ਬੈਠਾ ਹੈ। ਹੇ ਮਿੱਤਰਾ! ਸੁਪਨੇ ਦਾ ਕੰਮ ਰਹਿਣ ਵਾਲਾ ਨਹੀਂ, ਝੂਠ ਦਾ ਪਸਾਰਾ ਇਹ ਸਭ ਨਾਸ਼ਵੰਤ ਹੈ। ਤੇਰੀ ਇਹ ਮਿੱਟੀ ਦੀ ਦੇਹ ਮਿੱਟੀ ਵਿਚ ਮਿਲ ਜਾਊ। ਤੇਰੀ ਸੋਹਣੀ ਦੇਹ ਮੌਤ ਦਾ ਖਾਜਾ ਹੈ, ਇਸ ਲਈ ਮੌਤ ਨੂੰ ਭੁਲ ਕੇ ਭੈੜੇ ਕੰਮ ਕਿਉਂ ਕਰਦਾ ਹੈਂ? ਭਾਈ ਖਬਰਦਾਰ ਹੋ ! ਰਾਜਾ ਸਾਹਿਬ ਕਥਨ ਕਰਦੇ ਹਨ ਕਿ ਬੇਫਾਇਦਾ ਕੱਚੇ ਸੰਸਾਰ ਦਾ ਪਿਆਰ ਛੱਡ ਕੇ ਸਤਿ ਸਰੂਪ ਵਾਹਿਗੁਰੂ ਨੂੰ ਚੇਤੇ ਕਰ||272||

ਕਬਿਤ।।

ਗਾਫਲੀ ਦਾ ਪਲਾ ਚੱਕੁ ਭੁਲ ਨਾ ਨਦਾਂਨ ਅਬ  ਹੋਸ ਕਰ ਦੇਖ ਆਦ ਕੀ ਹੈ ਤੇਰੀ ਜਦ ਓਇ।

ਦਿਲ ਦੀ ਨਗਾਹ ਖੋਲੁ ਅਸਲੀ ਸਰੂਪ ਦੇਖੁ  ਸੁਧ ਹੈ ਬ੍ਰਹਮ ਯਾਰ ਹੱਦ ਦੇ ਬੇਹੱਦ ਓਇ।

ਦ੍ਵੈਤ ਕੋ ਉਠਾਇ ਰੋਕ ਬਾਸਨਾ ਹਿਸਾਬ ਲਾਇ  ਸੁਧ ਮੇ ਸਮਾਇ ਕਾਰ ਜੀਵ ਵਾਲੀ ਰਦ ਓਇ।

ਪੂਰਨ ਬ੍ਰਹਮ ਹੋਇ ਜਾਏਂ ਭਗਵਾਂਨ ਦਾਸ  ਭੰਨ ਕਰ ਹਿਰਸ ਹਵਾਇ ਵਾਲੀ ਹੱਦ ਓਇ।।273।।

 

ਪਦ ਅਰਥ:- ਗਾਫਲੀ=ਅਵੇਸਲਾਪਨ। ਜਦ=ਅਸਲਾ, ਪੁਰਾਤਨਤਾ। ਬਾਸਨਾ=ਭਟਕਣਾਂ। ਹਿਰਸ ਹਵਾਇ=ਇਛਾ ਵਾਸਨਾਂ।

ਅਰਥ:- ਹੇ ਮੂਰਖ ! ਗਫਲਤ ਛੱਡ ਕੇ ਸੋਝੀ ਨਾਲ ਦੇਖ ਤੇਰਾ ਅਸਲਾ ਕੀ ਹੈ? ਦਿਲ ਦੀਆਂ ਅੱਖਾਂ ਖੋਲ੍ਹ ਕੇ ਦੇਖ ਕਿ ਤੇਰਾ ਅਸਲੀ ਸਰੂਪ ਕੀ ਹੈ? ਇਹ ਤਾਂ ਸ਼ੁਧ ਬ੍ਰਹਮ (ਲੇਪ ਛੇਪ ਤੋਂ ਬਿਨਾਂ) ਹੱਦ ਤੋਂ ਬੇਹੱਦ ਹੈ (ਭਾਵ ਅਨਾਦੀ ਬ੍ਰਹਮ) ਬ੍ਰਹਮ ਦੀ ਪਛਾਣ ਕਰਨ ਲਈ ਵਾਸਨਾਂ ਨੂੰ ਖੈ ਕਰ ਤੇ ਦੁਬਿਧਾ ਮਨ ਵਿਚੋਂ ਦੂਰ ਕਰਕੇ ਤੇ ਜੀਵ ਭਾਵ ਅੰਦਰੋਂ ਦੂਰ ਕਰਕੇ ਸੁਧ ਬ੍ਰਹਮ ਵਿਚ ਸਮਾਓ। (''ਇਨਿ ਦੁਬਿਧਾ ਘਰ ਬਹੁਤੇ ਗਾਲੇ।।'') ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੇਕਰ ਆਸ਼ਾ ਤ੍ਰਿਸ਼ਨਾਂ, ਵਾਸਨਾਂ ਆਦਿਕ ਦਾ ਤਿਆਗ ਕਰ ਦੇਵੇਂ ਤਾਂ ਪੂਰਨ ਬ੍ਰਹਮ ਰੂਪ ਹੀ ਹੋ ਜਾਏਂਗਾ||273||

ਕਬਿਤ।।

ਸੋਇਆਂ ਜੁਗ ਬੀਤ ਗਏ ਅਬ ਤੂੰ ਨਦਾਂਨ ਜਾਗ  ਅੱਖੀਆਂ ਉਘਾੜ ਦੇਖੁ ਬਾਜੀ ਤੇਰੀ ਹਾਰਦੀ।

ਖੁਦੀ ਨੂ ਗਵਾਇ ਖੁਦ ਰੂਪ ਦੀ ਬਚਾਰ ਕਰ  ਖੋਜ ਲੈ ਟਕਾਉ ਏਕ ਗਲ ਹੈ ਹਜਾਰ ਦੀ।

ਦਿਲ ਤੇ ਦਮਾਂਗ ਦੀ ਦਰੁਸਤੀ ਦੇ ਨਾਲ ਯਾਰ  ਬਗਲ ਮੇ ਸੂਰਤ ਪਛਾਣ ਦਿਲਦਾਰ ਦੀ।

ਹੋਇ ਨਿਰਬੰਧ ਤੂੰ ਨਦਾਂਨ ਭਗਵਾਂਨ ਦਾਸ  ਦੇਖ ਲੈ ਬਹਾਰ ਦਰਵੇਸ ਗੁਲਜਾਰ ਦੀ।।274।।

 

ਪਦ ਅਰਥ:- ਖੁਦੀ=ਹੰਕਾਰ। ਦਰੁਸਤੀ=ਠੀਕ ਕਰਨਾ। ਦਿਲਦਾਰ=ਪਿਆਰਾ। ਨਿਰਬੰਧ=ਟੱਬਰ ਦੇ ਬੰਧਨਾਂ ਤੋਂ ਰਹਿਤ। ਦਰਵੇਸ=ਕਰਤਾਰ ਦੇ ਦਰ ਦਾ ਜਾਚਕ, ਸਾਧ।

''ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ॥"

ਅਰਥ:- ਨੀਂਦ ਵਿਚ ਸੁੱਤਿਆਂ ਬਹੁਤ ਸਮਾਂ ਬਤੀਤ ਹੋ ਗਿਆ ਹੈ। ਹੇ ਜੀਵ ! ਜ਼ਰਾ ਹੋਸ਼ ਕਰ, ਮਨੁੱਖਾ ਜਨਮ ਦੀ ਖੇਡ ਹਾਰ ਰਿਹਾ ਹੈਂ। ਇਸ ਲਈ ਖਬਰਦਾਰ ਹੋ, ਕਈ ਜੁਗ ਸੁੱਤਿਆਂ ਹੀ ਲੰਘ ਗਏ ਹਨ। ਮੋਹ, ਮਾਇਆ ਰੂਪੀ ਅਗਿਆਨਤਾ, ਮੈਂ ਮੇਰੀ ਨੂੰ ਦੂਰ ਕਰਕੇ ਆਪਣੇ ਆਪ ਦੀ ਪਛਾਣ ਕਰ, ਮਨ ਦਾ ਟਿਕਾਉ ਸਭ ਤੋਂ ਜ਼ਰੂਰੀ ਹੈ ਜੋ ਹਜ਼ਾਰ ਦੀ ਗੱਲ ਹੈ, ਦਿਲ ਤੇ ਦਿਮਾਗ ਨੂੰ ਰੋਸ਼ਨ ਕਰਕੇ ਵੇਖ ਤਾਂ ਪਿਆਰਾ ਤੇਰੇ ਨਾਲ ਹੀ ਵੱਸਦਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸੰਸਾਰਕ ਬੰਧਨਾਂ ਤੋਂ ਮੁਕਤ ਹੋ ਕੇ ਫਕੀਰਾਂ ਦੀ ਫੁਲਵਾੜੀ ਦੀ ਬਹਾਰ ਦੇਖ ਸਕਦਾ ਹੈਂ ||274||

 

ਕਬਿਤ।।

ਸਮਝ ਸਫਾਈ ਕਿਸੇ ਤੌਰ ਹੀ ਤਰੀਕਾ ਫੜੁ  ਹੋਇ ਕੇ ਅਲੇਲ ਨਾਂ ਤੁਫਾਂਨੀ ਹੁਣ ਖੇਲ ਤੂੰ।

ਜੂਏ ਮਿਠੀ ਹਾਰ ਬਿਚੋਂ ਭੱਜਣਾ ਸਲਾਹ ਨੇਕ  ਫਸ ਬੈਹਣਾ ਜਾਣ ਲੈ ਚੁਰਾਸੀ ਦੀ ਨਕੇਲ ਤੂੰ।

ਵਾਸਤੇ ਟਕਾਉ ਹੋਰੁ ਪਰਚਾ ਬਕੀਮਤੀ ਹੈ  ਮਨ ਚਿਤ ਬੁਧ ਦੰਮ ਇਕੁ ਕਰ ਮੇਲ ਤੂੰ।

ਅੰਤਰ ਧਿਆਂਨ ਹੋਹ ਨਦਾਂਨ ਭਗਵਾਂਨ ਦਾਸ  ਪਾਏਂਗਾ ਅਰਾਮ ਕਟ ਬਾਸਨਾ ਦੀ ਬੇਲ ਤੂੰ।।275।।

 

ਪਦ ਅਰਥ :- ਅਲੇਲ=ਅਣਜਾਣ। ਤੁਫਾਂਨੀ=ਉਪੱਦ੍ਰਵ। ਕਫਸ=ਪਿੰਜਰਾ। ਨਕੇਲ=ਜੋ ਨੱਕ ਵਿਚ ਰੱਸੀ ਪਾ ਕੇ ਕਾਬੂ ਕਰੀਦਾ ਹੈ। ਮਨ ਚਿੱਤ ਬੁੱਧ=ਅੰਤਹਕਰਨ=ਹਿਰਦੇ ਵਿਚ ਸਭ ਵਾਸਨਾਵਾਂ ਦਾ ਰੋਕਣਾ। ਅੰਤਰ ਧਿਆਂਨ=ਸੁਰਤੀ ਜੋੜਨੀ। ਬਾਸਨਾ=ਭਟਕਣਾਂ।

ਅਰਥ:- ਅਨਜਾਣ ਬਣ ਕੇ ਉਪੱਦ੍ਰਵ ਦੀ ਖੇਡ ਨਾ ਖੇਡ। ਇਸ ਜੀਵਨ ਵਿੱਚ ਕਿਸੇ ਸਮਝ ਤੇ ਸਫਾਈ ਦੇ ਰਸਤੇ ਤੇ ਚੱਲਣ ਦਾ ਤਰੀਕਾ ਧਾਰਨ ਕਰ, ਕਿਉਂਕਿ ਬੇਸਮਝੀ ਦੇ ਕਾਰਨ ਚਉਰਾਸੀ ਦੇ ਗੇੜ ਦੀ ਕੈਦ ਵਿਚੋਂ ਛੁੱਟ ਨਹੀਂ ਸਕਦਾ, ''ਜੂਏ ਮਿਠੀ ਹਾਰ'' ਕਰਕੇ ਇਸ ਖੇਡ ਵਿਚ ਫਸਿਆ ਰਹਿੰਦਾ ਹੈ। ਅੱਗੇ ਛੁਟਕਾਰੇ ਦਾ ਸਾਧਨ ਦੱਸਦੇ ਹਨ ਕਿ ਮਨ, ਬੁੱਧ ਤੇ ਚਿਤ ਨੂੰ ਇਕ ਸੁਰ ਕਰਕੇ ਬਿਰਤੀ ਟਿਕਾਉਣਾ ਹੀ ਇਕ ਅਮੋਲਕ ਬਖਸ਼ਿਸ਼ ਹੈ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਵਾਸਨਾ ਨੂੰ ਖੈ ਕਰਕੇ ਅੰਤਰ ਆਤਮੇ ਅਨੰਦ ਲੈ ਸਕੀਦਾ ਹੈ, ਜੀਵ ਵਾਸਨਾ ਦਾ ਬੱਧਾ ਹੀ ਇਥੇ ਸੰਸਾਰ ਵਿਚ ਆਉਂਦਾ ਜਾਂਦਾ ਹੈ। (ਵਾਸ਼ਨਾ ਬਧਾ ਆਵੈ ਜਾਵੈ)॥275।।

 

ਕਬਿਤ।।

ਆਸਰਾ ਇਲਾਜ ਕਰੁ ਜਖਣਾ ਕਿਉਂ ਮਾਰੀ ਗਈ  ਅਰਸੋਂ ਬਲਾਇ ਜੋ ਅਚੇਤ ਆਣ ਦਬਦੀ।

ਐਸੀ ਬਲਵਾਂਨ ਨਂਹੀਂ ਦੁਨੀਆਂ ਮੇ ਹੋਰ ਚੀਜ  ਆਂਮਦੀ ਹੀ ਅਕਲ ਭੁਲਾਇ ਦੇਵੇ ਸਭ ਦੀ।

ਉਪਰ ਸਰੂਪ ਆਣ ਛਾਏ ਐਸਾ ਮਹਾਂ ਜਾਲ  ਚੱਕਿਆ ਨਾ ਜਾਇ ਹੈ ਰਜਾਇ ਡਾਢੇ ਰਬ ਦੀ।

ਜਤਨ ਦੇ ਬਿਚ ਰਖ ਸੌਕ ਭਗਵਾਂਨ ਦਾਸ  ਹਟੇਗੀ ਜਰੂਰ ਇਹ ਬਮਾਰੀ ਤੇਰੀ ਝਬ ਦੀ।।276।।

 

ਪਦ ਅਰਥ :- ਅਰਸੋਂ=ਉਪਰੋਂ। ਬਲਾਇ=ਬਲਾ। ਅਚੇਤ=ਬੇ ਖਬਰ। ਝਬਦੀ=ਛੇਤੀ।

ਅਰਥ:- ਵਾਸ਼ਨਾ ਨੂੰ ਬਲਾ ਦੱਸਦੇ ਹੋਏ ਕਹਿੰਦੇ ਹਨ ਕਿ ਇਸਦੇ ਅਸਰ ਤੋਂ ਬਚਣ ਦਾ ਯਤਨ ਕਰ, ਜੋ ਉਪਰੋਂ ਆ ਕੇ ਤੈਨੂੰ ਦੱਬ ਲੈਂਦੀ ਹੈ। ਵਾਸ਼ਨਾ ਜੇਹੀ ਜ਼ੋਰ ਵਾਲੀ ਹੋਰ ਦੁਨੀਆਂ ਵਿਚ ਕੋਈ ਚੀਜ਼ ਨਹੀਂ ਹੈ। ਇਹ ਸਭ ਦੀ ਮੱਤ ਮਾਰ ਦੇਂਦੀ ਹੈ। ਅਸਲੀ ਸਰੂਪ ਨੂੰ ਢੱਕਣ ਲਈ ਜਾਲ ਦੀ ਤਰ੍ਹਾਂ ਵਿਛ ਕੇ ਅਸਲੇ ਨੂੰ ਲੁਕਾ  ਦੇਂਦੀ ਹੈ। ਐਸੀ ਡਾਢੇ ਰੱਬ ਦੀ ਮਰਜ਼ੀ ਹੈ ਕਿ ਫੇਰ ਇਸਦੇ ਜਾਲ ਵਿਚੋਂ ਮਨੁੱਖ ਨਿਕਲ ਨਹੀਂ ਸਕਦਾ। ਰਾਜਾ ਸਾਹਿਬ ਹੌਸਲਾ ਦੇਂਦੇ ਹੋਏ ਕਹਿੰਦੇ ਹਨ ਕਿ ਚਾਹੇ ਕੁਝ ਭੀ ਹੈ ਇਸ ਤੋਂ ਛੁਟਕਾਰੇ ਦੇ ਯਤਨ ਵਿਚ ਰਹਿ, ਇਹ ਬੀਮਾਰੀ ਛੇਤੀ ਹੀ ਹਟ ਜਾਏਗੀ॥276॥

 

ਕਬਿਤ।।

ਏਕਤਾ ਕੋ ਜਾਣ ਯਾਰ ਬਾਂਵਰਾ ਨਾ ਹੋਇ ਰਹੁ  ਦੂਈ ਕੋ ਉਠਾਇ ਦਿਲਗੀਰੀ ਖੋ ਸਰੀਰ ਦੀ।

ਏਕਤਾ ਦੇ ਸੁਖ ਜੇਹਾ ਸੁਖੁ  ਨਂਹੀ ਦੇਵ ਲੋਕ  ਜਾਇ ਨਾਂ ਨਦਾਂਨ ਚਤਰਾਈ ਤਦਬੀਰ ਦੀ।

ਨਾਮ ਰੂਪ ਲੰਘਕੇ ਮਕਾਂਨ ਫੇਰ ਏਕਤਾ ਦਾ  ਤਹਾਂ ਹੈ ਨਗਾਹਿ ਕਿਸੇ ਕਾਮਲ ਫਕੀਰ ਦੀ।

ਫੁਰਨੇ ਤਿਆਗ ਹੋਹਿ ਅਫੁਰ ਭਗਵਾਂਨ ਦਾਸ  ਕਹਣੀ ਇਹ ਕਲਾਮ ਨਿਰਪਖ ਗੁਰੁ ਪੀਰ ਦੀ।।277।।

 

ਪਦ ਅਰਥ:-  ਏਕਤਾ=ਬ੍ਰਹਮ ਨੂੰ ਜਾਨਣਾ। ਬਾਵਰਾ=ਸ਼ੁਦਾਈ। ਦੂਈ=ਦਵੈਤ ਭਾਵ। ਦਿਲਗੀਰੀ=ਰੰਜ ਜਾਂ ਗੰਮ। ਖੋ=ਗੁਆ ਦੇ। ਦੇਵ ਲੋਕ=ਇੰਦ੍ਰ ਪੁਰੀ। ਚਤਰਾਈ=ਅਕਲ। ਤਦਬੀਰ=ਤਰੀਕਾ। ਨਾਮ ਰੂਪ=ਸੰਸਾਰ। ਕਾਮਲ=ਪੂਰਾ। ਅਫੁਰ= ਸੰਕਲਪ ਤੋ਼ ਬਿਨਾਂ। ਨਿਰਪਖ=ਸਾਂਝੇ ਖਿਆਲ ਵਾਲਾ।

ਅਰਥ:- ਹੇ ਮਿਤ੍ਰਾ! ਅਨਜਾਣ ਨ ਬਣ, ਦੁਬਿਧਾ ਨੂੰ ਦਿਲ ਵਿਚੋਂ ਗੁਆ ਦੇ ਤੇ ਇਕ ਬ੍ਰਹਮ ਸਰੂਪ ਨੂੰ ਜਾਨਣ ਦਾ ਯਤਨ ਕਰ, ਤੇਰੀ ਦਿਲਗੀਰੀ ਸੌਖੀ ਹੀ ਮਿਟ ਜਾਵੇਗੀ। ਸਰੂਪ ਦੇ ਗਿਆਨ ਦੇ ਸਾਹਮਣੇ ਇੰਦ੍ਰ ਪੁਰੀ ਦੇ ਸੁਖ ਕੀ ਚੀਜ਼ ਹਨ, ਭਾਵ ਕੁਝ ਨਹੀਂ। ਪਰ ਇਹ ਅਵਸਥਾ ਅਕਲ ਦੀ ਚਤਰਾਈ ਨਾਲ ਪ੍ਰਾਪਤ ਨਹੀਂ ਹੋ ਸਕਦੀ। ਤੇ ਫੇਰ ਏਕਤਾ ਪ੍ਰਾਪਤ ਕਿਵੇਂ ਹੋਵੇ? ਪਾਤਸ਼ਾਹ ਕਹਿੰਦੇ ਹਨ ਕਿ ਦ੍ਰਿਸ਼ਟਮਾਨ ਸੰਸਾਰ ਨੂੰ ਲੰਘ ਕੇ ਏਕਤਾ ਦਾ ਟਿਕਾਣਾ ਹੈ, ਪਰ ਇੱਥੇ ਕਾਮਲ ਫਕੀਰ ਦੀ ਨਜ਼ਰ ਅੱਪੜਦੀ ਹੈ। ਪੱਖਪਾਤ ਤੋਂ ਰਹਿਤ ਗੁਰ ਪੀਰ ਦਾ ਇਹ ਕਹਿਣਾ ਕਿ ਫੁਰਨੇ ਬੰਦ ਕਰਕੇ ਅਫੁਰ ਹੋ ਜਾਓ॥277॥

 

ਕਬਿਤ।।

ਸੁਰਾਂ ਕੋ ਸੁਮਾਲ ਕਰ ਸੁਰਤੀ ਲਗਾਇ ਯਾਰ  ਸਾਂਈ ਮੇ ਸਮਾਇ ਕਰ ਪੂੰਜੀ ਤੇਰੀ ਬਚਦੀ।

ਸਮਝ ਨਦਾਂਨ ਇਹ ਹਿੰਮਤ ਹਸਾਬ ਬਾਝ  ਬਾਸਨਾਂ ਬੇ ਕੈਦ ਬਾਂਗ ਬਾਂਦਰ ਦੇ ਨਚਦੀ।

ਰੂਹ ਦਾ ਟਕਾਉ  ਨਂਹੀ ਹੋਂਵਦਾ ਹੈ ਜਬ ਲਗ  ਪਾਵਣਾ ਅਜਾਬੁ ਦੇਹ ਧਾਰ ਧਾਰ ਕਚ ਦੀ।

ਕਰ ਲੈ ਉਪਾਉ ਰੋਗੁ ਮਿਟੇ ਭਗਵਾਂਨ ਦਾਸ  ਦੇਹ ਦਾ ਕਲੰਕ ਭਾਰਾ ਗਲ ਏਹੁ ਸਚ ਦੀ।।278।।

 

ਪਦ ਅਰਥ:- ਸੁਰਾਂ=ਇੜਾ, ਪਿੰਗਲਾ, ਸੁਖਮਨਾ, ਨੱਕ ਦੀ ਸੱਜੀ ਖੱਬੀ ਸੁਰ ਦੁਆਰਾ ਪ੍ਰਾਣਾਯਾਮ ਦੀ ਕਿਰਿਆ ਵਲ ਇਸ਼ਾਰਾ ਹੈ। ਪੂੰਜੀ=ਸੁਆਸਾਂ ਰੂਪੀ ਪੂੰਜੀ। ਅਜਾਬੁ=ਦੁੱਖ। ਕਚ ਦੀ= ਮਿੱਟੀ ਦੀ। ਦੇਹ ਦਾ ਕਲੰਕ=ਦੇਹ ਦੀ ਕੈਦ।

ਅਰਥ:- ਤੇਰੀ ਸੁਆਸਾਂ ਰੂਪੀ ਪੂੰਜੀ ਦੀ ਸਹੀ ਤੇ ਸਫਲ ਵਰਤੋਂ ਤਦ ਹੀ ਹੋ ਸਕਦੀ ਹੈ ਜੇਕਰ ਤੂੰ ਸੁਆਸਾਂ ਦੀ ਕਿਰਿਆ ਦੁਆਰਾ ਸੁਰਤੀ ਰੱਬ ਵਿਚ ਜੋੜਨ ਵਿਚ ਕਾਮਯਾਬ ਹੋ ਸਕੇਂ। ਹੇ ਅਨਜਾਣ ਬੰਦੇ! ਵਾਸਨਾ ਜੋ ਬਾਂਦਰ ਦੀ ਤਰ੍ਹਾਂ ਨੱਚਦੀ ਹੈ, ਬਿਨਾਂ ਹਿੰਮਤ ਤੇ ਜੁਗਤੀ ਦੇ ਇਹ ਵੱਸ ਨਹੀਂ ਆ ਸਕਦੀ। ਜਦੋਂ ਤਾਈਂ ਰੂਹ ਦਾ ਟਿਕਾਓ ਨਹੀਂ ਪ੍ਰਾਪਤ ਹੁੰਦਾ, ਓਦੋਂ ਤੋੜੀ ਜੰਮਣ ਮਰਨ ਦਾ ਗੇੜ ਮੁੱਕ ਨਹੀਂ ਸਕਦਾ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸਤਿ ਪੁਰਸ਼ਾਂ ਦੀ ਸੰਗਤ ਕਰਕੇ ਜੇ ਉਪਾਇ ਕਰੇਂਗਾ, ਤਾਂ ਦੇਹ ਦੀ ਕੈਦ ਵਿਚੋਂ (ਜੋ ਬੜਾ ਭਾਰਾ ਕਲੰਕ ਹੈ) ਮੁਕਤ ਹੋ ਸਕੇਗਾ ॥278॥

 

ਕਬਿਤ।।

ਜਿੰਦਗੀ ਫਨਾਹ ਨਂਹੀ ਦੰਮ ਦਾ ਬਸਾਹੁ ਕੋਈ  ਜਾਣ ਕੇ ਬੇਹੋਸ ਕੂੜੀ ਫਾਹੀ ਬਿਚ ਫਸਦਾਂ।

ਲਾਲਸਾ ਦੀ ਗੰਢ ਵਿਚ ਦਿਲ ਦੇ ਛਪਾਇ ਕਰ  ਬਣ ਦਰਵੇਸ ਬੋਲ ਆਰਫਾਂ ਦੇ ਦਸਦਾਂ।

ਪਿਆ ਉਰਝਾਇ ਭਾਰਾ ਸੂਖਮ ਖਿਆਲ ਵਿਚ  ਵਾਸਨਾ ਦੀ ਤਾਰ ਬਾਂਗੂ ਮਕੜੀ ਦੇ ਕਸਦਾਂ।

ਬੇੜਾ ਤੇਰਾ ਡੁਬਦਾ ਨਦਾਂਨ ਭਗਵਾਨ ਦਾਸ  ਆਪ ਨੂੰ ਸਮਾਲ ਲੈ ਕਿਉਂ ਕੰਢੇ ਖੜਾ ਹਸਦਾਂ।।279।।

 

ਪਦ ਅਰਥ:- ਫਨਾਹ=ਖਤਮ ਹੋ ਜਾਊ। ਬੇਹੋਸ=ਬੇ-ਖਬਰ। ਲਾਲਸਾ=ਇੱਛਾ।

ਅਰਥ:- ਜਿੰਦ ਜਾਨ ਖਤਮ ਹੋ ਜਾਏਗੀ, ਪਲ ਦਾ ਭਰੋਸਾ ਨਹੀਂ ਹੈ। ਜਾਣ ਬੁਝ ਕੇ ਧੰਦਿਆਂ ਦੀ ਫਾਹੀ ਵਿਚ ਕਿਉਂ ਫਸਦਾ ਹੈਂ ? ਚਿੱਤ ਵਿਚ ਤਾਂ ਬਗਲੇ ਦੀ ਤਰ੍ਹਾਂ ਮੱਛੀ ਫੜਨ ਦੀ ਲਾਲਸਾ ਹੈ, ਆਪਣੇ ਆਪ ਨੂੰ ਭਗਤ ਬਣ ਕੇ ਲੋਕਾਂ ਨੂੰ ਦੱਸਦਾ ਹੈ। ਮੱਕੜੀ ਤਾਰਾਂ ਮੂੰਹ ਵਿਚੋਂ ਕੱਢ ਕੇ ਆਪ ਹੀ ਵਿੱਚ ਫਸ ਜਾਂਦੀ ਹੈ। ਇਸੇ ਤਰ੍ਹਾਂ ਵਾਸਨਾਂ ਦੀਆਂ ਤਾਰਾਂ ਵਿੱਚ ਆਪਣੇ ਆਪ ਨੂੰ ਬੰਨ੍ਹ ਲੈਂਦਾ ਹੈ। ਪਦਾਰਥਾਂ ਦੇ ਮੋਹ ਰੂਪੀ ਅਸਗਾਹ ਸਾਗਰ ਵਿਚ ਤੇਰਾ ਬੇੜਾ ਡੁੱਬ ਰਿਹਾ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਬਚਾਅ ਦਾ ਯਤਨ ਕਰਨ ਦੀ ਥਾਂ ਕੰਢੇ ਤੇ ਖੜੋ ਕੇ ਹੱਸ ਰਿਹਾ ਹੈਂ ॥279॥

 

ਕਬਿਤ।।

ਜਾਗ ਪਉ ਸੁਤਿਆ ਮੁਸਾਫਰਾ ਤੂੰ ਹੋਸ ਫੜੁ  ਕਾਲ ਦਾ ਤੁਮਾਚਾ ਹੁਣ ਨੇੜੇ ਆਇਆ ਸੂਕਦਾ।

ਗਾਫਲੀ ਦੀ ਨੀਂਦ ਵਿਚ ਪੈਰ ਕਿਉਂ ਪਸਾਰ ਪਿਆਂ  ਮੌਤ ਦਾ ਨਗਾਰਾ ਤੇਰੇ ਸਿਰਿ ਪੁਰ ਕੂਕਦਾ।

ਆਲਸ ਤਿਆਗ ਕਰ ਅਖੀਆਂ ਉਘਾੜ ਦੇਖੁ  ਕਰੇ ਕੀ ਹੁਵਾਲੁ ਕਾਲੁ ਇਸ ਮਖਲੂਕ ਦਾ।

ਨੇਕੀ ਤੂੰ ਕਮਾਇ ਲੈ ਨਦਾਂਨ ਭਗਵਾਂਨ ਦਾਸ  ਮੇਲਾ ਚੰਦ ਰੋਜ ਦਾ ਬਸਾਹੁ ਨਂਹੀ ਫੂਕ ਦਾ।।280।।

 

ਪਦ ਅਰਥ:- ਮੌਤ ਦਾ ਨਗਾਰਾ=ਕਾਲ ਦਾ ਡੰਡਾ। ਆਲਸ=ਸੁਸਤੀ। ਮਖਲੂਕ=ਖਲਕਤ, ਲੁਕਾਈ। ਚੰਦ ਰੋਜ=ਥੋੜ੍ਹੇ ਦਿਨ। ਬਸਾਹੁ=ਭਰੋਸਾ।

ਅਰਥ:- ਹੇ ਸੁੱਤੇ ਰਾਹੀਆ ! ਜਾਗ ਤੇ ਆਪਣੀ ਵਾਟ ਨੂੰ ਸੰਭਾਲ, ਮੌਤ ਤੇਰੇ ਪਾਸੋਂ ਦੂਰ ਨਹੀਂ ਹੈ। ਮੌਤ ਦਾ ਨਗਾਰਾ ਸਿਰ ਤੇ ਵੱਜ ਰਿਹਾ ਹੈ, ਗਾਫਲ ਹੋ ਕੇ ਪੈਰ ਪਸਾਰੀ ਬੇ-ਖਬਰ ਹੋ ਕੇ ਕਿਉਂ ਸੁੱਤਾ ਪਿਆ ਹੈਂ ? ਮਾਇਆ ਦੇ ਮੋਹ ਦੀ ਨੀਂਦ ਤੋਂ ਉੱਠ ਕੇ ਜ਼ਰਾ ਗਹੁ ਨਾਲ ਤੱਕ ਤਾਂ ਸਹੀ ਕਿ ਮੌਤ ਇਸ ਖਲਕਤ ਦੀ ਕੀ ਬਾਬ ਕਰਦੀ ਹੈ। ਇਸ ਦੰਮ ਦਾ ਕੋਈ ਭਰੋਸਾ ਨਹੀਂ। ਰਾਜਾ ਸਾਹਿਬ ਕਥਨ ਕਰਦੇ ਹਨ, ਹੇ ਬੰਦੇ! ਕੋਈ ਨੇਕੀ ਦੇ ਕੰਮ ਕਰ ਲੈ॥280॥

 

ਕਬਿਤ।।

ਬੇਲਾ ਆਖਰੀ ਨਿਹਾਰ ਕਰੋ ਮੰਨ ਮੇਂ ਬਿਚਾਰ ਯਾਰ  ਜਗ ਦੀ ਬਹਾਰ ਜਿਵੇਂ ਸੁਫਨੇ ਦਾ ਮੇਲੜਾ।

ਵਖਤ ਸਮਾਲ ਤੇ ਲਗਾਉ ਲਿਵ ਆਤਮਾ ਮੇਂ  ਜਨਮ ਇਹ ਮਾਨਸ ਤਾਂ ਹੋਵੇਗਾ ਸੁਹੇਲੜਾ।

ਦਾਉ ਲਾਇ ਲੈ ਜੇ ਲਗਦਾ ਖਡਾਰੀਆ ਹੈ ਨੇਕ ਸੈਂਤ  ਆਊਗਾ ਨਾ ਹਥ ਇਹ ਬਤੀਤ ਹੋਇਆ ਵੇਲੜਾ।

ਕਿਉ ਸੋਇਆਂ ਗਲਤਾਂਨ ਹੋਇ ਨਦਾਂਨ ਭਗਵਾਂਨ ਦਾਸ  ਹੋਹ ਹੁਸਿਆਰ ਲਕੁ ਬੰਨ ਕੇ ਸਵੇਲੜਾ ।।281।।

 

 ਪਦ ਅਰਥ:-ਨਿਹਾਰ=ਦੇਖ। ਜੱਗ ਦੀ ਬਹਾਰ=ਸੰਸਾਰ ਦੀ ਮੌਜ। ਸੁਹੇਲੜਾ=ਸੌਖਾ। ਸੈਂਤ=ਸਮਾਂ। ਗਲਤਾਂਨ=ਖੱਚਤ ਹੋ ਕੇ।

ਅਰਥ:- ਅੰਤ ਸਮੇਂ ਦੀ ਵਿਚਾਰ ਕਰਦੇ ਹੋਏ ਮਿੱਤ੍ਰਾ! ਦੇਖ ਲੈ ਕਿ ਸੰਸਾਰ ਦਾ ਮੌਜ ਮੇਲਾ ਸੁਪਨੇ ਦੀ ਨਿਆਈਂ ਛਿੰਨ ਭੰਗਰ ਹੈ। ਸਮੇਂ ਦੀ ਸੰਭਾਲ ਕਰਦੇ ਹੋਏ ਸੁਰਤੀ ਨੂੰ ਪਰਮਾਤਮਾਂ ਦੇ ਚਰਨਾਂ ਵਿਚ ਜੋੜੋ ਤਾਂ ਮਨੁਖਾ ਜਨਮ ਧਾਰਨ ਕੀਤਾ ਹੋਇਆ ਸੁਖਾਲਾ ਤੇ ਸੁਫਲਾ ਹੋਵੇਗਾ। ਇਹ ਸਮਾਂ ਬੰਦਗੀ ਲਈ ਉਚਿਤ ਸਮਾਂ ਹੈ, ਜੇਕਰ ਰੱਬ ਦੇ ਪਾਸੇ ਦੀ ਬਾਜ਼ੀ ਖੇਲੇਂ ਤਾਂ ਜਿੱਤ ਹੋਵੇਗੀ, ਬੀਤਿਆ ਸਮਾਂ ਫਿਰ ਹੱਥ ਨਹੀਂ ਆਵੇਗਾ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਮਾਇਆ ਮੋਹ ਵਿੱਚ ਖੱਚਤ ਹੋਏ ਹੇ ਜੀਵ! ਖਬਰਦਾਰ ਹੋ ਕੇ ਸਵੇਲੇ ਭਾਵ ਜੁਆਨੀ ਵਿਚ ਹੀ ਪਾਰ ਪਹੁੰਚਣ ਦਾ ਉਪਰਾਲਾ ਕਰ ਲੈ ॥281॥

ਕਬਿਤ।।

ਜਾਣ ਸਰਵੱਗ ਪਰਮਾਤਮਾ ਨਾ ਭੰਗੁ ਕਂਹੀ  ਕਹਿੰਦੇ ਦਰਵੇਸ ਬਿਚ ਹਰ ਹਰ ਅੰਗ ਦੇ।

ਆਤਮ ਬਿਚਾਰ ਤੇ ਸਰੂਪ ਵਿਖੇ ਲੀਨ ਹੋਇ  ਰਹਣਾ ਨਿਰਲੇਪ ਬਿਚ ਹਰਿ ਹਰਿ ਰੰਗ ਦੇ।

ਦੇਹੀ ਏਹੁ ਕਚੁ ਸਚੁ ਜਾਣੁ ਪ੍ਰਮਾਤਮਾ ਨੂੰ  ਰਵਿਆ ਬ੍ਰਹਮ ਇਕੁ ਵਿਚ ਸਰਬੰਗ ਦੇ।

ਕਿਉਂ ਹੋਇਆਂ ਗਲਤਾਂਨ ਤੂੰ ਨਦਾਂਨ ਭਗਵਾਂਨ ਦਾਸ  ਜਗ ਦੀ ਬਹਾਰ ਜਿਵੇਂ ਜਾਤਰੂ ਹੈਂ ਗੰਗ ਦੇ।।282।।

 

ਪਦ ਅਰਥ:-ਸਰਵੱਗ=ਸਾਰੇ ਪਰੀਪੂਰਨ। ਭੰਗ=ਟੁੱਟਾ ਹੋਇਆ। ਨਿਰਲੇਪ=ਅਛਹ ਜਿਵੇਂ ਕੰਵਲ ਫੁੱਲ ਪਾਣੀ ਵਿਚ ਨਿਰਲੇਪ ਰਹਿੰਦਾ ਹੈ। ਰਵਿਆ=ਪਰਵਿਰਤ ਹੋਇਆ। ਸਰਬੰਗ=ਸਾਰਿਆਂ ਵਿਚ। ਗਲਤਾਂਨ=ਖੱਚਤ। ਜਾਤਰੂ ਗੰਗ ਦੇ (ਭਾਵ ਯਾਤਰੂ ਦੀ ਤਰ੍ਹਾਂ ਨਾ ਟਿਕਣ ਵਾਲੇ)।

ਅਰਥ:- ਉਹ ਪਰਮਾਤਮਾ ਹਰ ਥਾਂ ਪਰੀਪੂਰਨ ਹੈ, ਕੋਈ ਥਾਂ ਖਾਲੀ ਨਹੀਂ, ਦਰਵੇਸ਼ ਲੋਕ ਇਸ ਗੱਲ ਦੀ ਗਵਾਹੀ ਦਿੰਦੇ ਹਨ। ਦਰਵੇਸ਼ ਲੋਕ ਰੰਗ ਵਿਚ ਵਿਚਰੇ ਹੋਏ ਆਤਮ ਵਿਚਾਰ ਤੇ ਸਹੀ ਸਰੂਪ ਵਿਚ ਲੀਨ ਰਹਿੰਦੇ ਹਨ ਤੇ ਕਿਸੇ ਰੰਗ ਵਿਚ ਭਿੱਜਦੇ ਨਹੀਂ। ਇਹ ਦੇਹੀ ਕੱਚੀ ਹੈ ਪਰਮਾਤਮਾ ਸੱਚ ਰੂਪ ਹੈ, ਉਹ ਬ੍ਰਹਮ ਹੀ ਸਾਰੇ ਪਰੀਪੂਰਨ ਹੋ ਰਿਹਾ ਹੈ। ਇਸ ਝੂਠੀ ਰਚਨਾ ਵਿੱਚ ਕਿਉਂ ਖੱਚਤ ਹੋ ਰਿਹਾ ਹੈਂ ? ਰਾਜਾ ਸਾਹਿਬ ਕਥਨ ਕਰਦੇ ਹਨ ਕਿ ਜਗਤ ਦਾ ਮੇਲਾ ਤੀਰਥਾਂ ਦੇ ਯਾਤਰੂਆਂ ਦੀ ਤਰ੍ਹਾਂ ਹੈ ॥282॥

 

ਕਬਿਤ।।

ਉਤਮ ਸਰੀਰ ਏਹ ਆਦਮੀ ਦਾ ਬੰਦਗੀ ਨੂੰ  ਸਮਝ ਅਪੁਠੀ ਕਰੇਂ ਕਾਰ ਕਿਉ ਨਕੰਮੜੀ।

ਦੇਹ ਦਾ ਬਿਹਾਰੁ ਹੋਰੁ ਜੀਵਾਂ ਦੇ ਸਮਾਂਨ ਸਾਰਾ  ਤੇਰੀ ਕੀ ਬਸੇਸਤਾ ਦਲੀਲ ਲਾਉ ਲੰਬੜੀ।

ਸਮਝ ਬਬੇਕ ਤੇ ਬਰਾਗ ਫੜ ਬਿਸ਼ਆਂ ਤੇ  ਖੇਹ ਦੀ ਖੁਰਾਕ ਇਹ ਬਕਾਰ ਵਾਲੀ ਚੰਮੜੀ।

 ਹੋਇਆਂ ਗੁੰਮਰਾਹ ਹੈਂ ਨਦਾਂਨ ਭਗਵਾਂਨ ਦਾਸ  ਪੈਣ ਜਾਂ ਕਸੀਦੇ ਤਦੋਂ ਜਾਦ ਕਰੇ ਅੰਮੜੀ।।283।।

 

ਪਦ ਅਰਥ:-ਅਪੁਠੀ=ਉਲਟੀ। ਸਮਾਨ=ਬਰਾਬਰ। ਬਸੇਸਤਾ=ਵਾਧਾ। ਬਬੇਕ=ਵੀਚਾਰ। ਗੁੰਮਰਾਹ=ਭੁੱਲ ਵਿਚ ਪੈ ਜਾਣਾ। ਕਸੀਦੇ=ਕਜ਼ੀਏ।

ਅਰਥ:- ਮਨੁੱਖਾ ਦੇਹੀ ਭਜਨ ਸਿਮਰਨ ਵਾਸਤੇ ਮਿਲੀ ਹੈ, ਪਰ ਉਲਟੀ ਸਮਝ ਹੋਣ ਕਰਕੇ ਇਹ ਨਿਕੰਮੇ ਕੰਮ ਕਰਦਾ ਹੈ। ਹੋਰ ਸਾਰਾ ਵਿਹਾਰ ਜਿਵੇਂ ਹੋਰ ਦੇਹਧਾਰੀਆਂ (ਪਸ਼ੂ ਪੰਛੀ ਆਦਿ) ਦਾ ਹੈ, ਉਹ ਮਨੁੱਖ ਆਦਿ ਦਾ ਭੀ ਹੈ, ਇਸ ਗੱਲ ਨੂੰ ਦਲੀਲ ਦੀ ਕਸਵੱਟੀ ਤੇ ਲਾ ਕੇ ਵੇਖ ਕਿ ਇਸਦੇ ਵਿਚ ਹੋਰਨਾਂ ਜੂਨਾਂ ਨਾਲੋਂ ਕੀ ਵਾਧਾ ਹੈ? ਲੰਬੀ ਸੋਚ ਸੋਚ ਕੇ ਵਿਸ਼ੇ ਵਿਕਾਰਾਂ ਤੋਂ ਬਿਰਤੀ ਉਪਰਾਮ ਕਰਕੇ ਇਹ ਸਮਝ ਕਿ ਦੇਹ ਖੇਹ ਦੀ ਖੁਰਾਕ ਹੈ (ਭਾਵ ਮਿੱਟੀ ਵਿਚ ਰਲ ਜਾਵੇਗੀ) ਇਹ ਨਦਾਨ ਉਲਟੇ ਰਸਤੇ ਪੈ ਗਿਆ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਜਦੋਂ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ, ਤਦੋਂ ਮਾਂ ਨੂੰ ਚੇਤੇ ਕਰਦਾ ਹੈ। (ਭਾਵ ਦੁਖੀ ਹੁੰਦਾ ਹੈ)।।283।।

 

ਕਬਿਤ।।

ਦੇਖ ਕੇ ਅਚੰਭਾ ਐਸਾ ਹੋਇਆ ਪਰੇਸਾਨ ਦਿਲ  ਉਲਟੀ ਅਜੋਗ ਇਕ ਦੁਨੀਆਂ ਦੀ ਗਲ ਹੀ।

ਭੇਡ ਚਾਲ ਵਾਂਗ ਇਕ ਦੂਸਰੇ ਦੇ ਪਿਛੇ ਲਗ  ਜਪਦੇ ਹੈਂ ਰਾਮੁ ਪਰੁ ਜਾਣ ਲਿਆ ਅਲ ਹੀ।

ਚੰਚਲ ਸੁਭਾਉ ਕਰ ਚਿਤ ਨੂੰ ਨਾ ਚੈਨ ਪਲ  ਰਾਮ ਕੈਸੇ ਹੋਇ ਜਬ ਆਪ ਨਾਂ ਅਚਲ ਹੀ।

ਸਚੁ ਤਬ ਜਾਣੀਏ ਨਦਾਂਨ ਭਗਵਾਂਨ ਦਾਸ  ਰੋਮ ਰੋਮ ਰਚ ਜਾਏ ਬਿਸਰੇ ਨਾ ਪਲ ਹੀ।।284।।

 

ਪਦ ਅਰਥ :- ਅਚੰਭਾ=ਹੈਰਾਨੀ। ਭੇਡ ਚਾਲ=ਦੇਖਾ-ਦੇਖੀ। ਅਲ=ਸੁਭਾਉ। ਅਚਲ=ਨਾ ਚਲਾਇਮਾਨ ਹੋਣ ਵਾਲਾ।

ਅਰਥ:- ਦੁਨੀਆਂ ਦੀ ਅਜੋਗ ਤੇ ਉਲਟੀ ਮੱਤ ਦੇਖ ਕੇ ਮਨ ਬੜਾ ਅਸਚਰਜ ਤੇ ਪਰੇਸ਼ਾਨ ਹੁੰਦਾ ਹੈ। ਦੁਨੀਆਂ ਦੀ ਕੈਸੀ ਭੇਡ ਚਾਲ ਹੈ ਕਿ ਰਾਮ ਨਾਮ ਭੀ ਦੇਖਾ-ਦੇਖੀ ਹੀ ਜਪਦੇ ਹਨ। ਇਹ ਇੱਕ ਅੱਲ ਹੀ ਸਮਝ ਲਈ ਹੈ। ਜਦ ਤਾਈਂ ਮਨ ਵਿਚੋਂ ਚੰਚਲਤਾਈ ਦੂਰ ਨਹੀਂ ਹੁੰਦੀ ਓਦੋਂ ਤਾਈਂ ਰਾਮ ਰਾਮ ਕਰਦਿਆਂ ਮਨ ਨੂੰ ਚੈਨ ਕਿਸ ਤਰ੍ਹਾਂ ਆ ਸਕਦੀ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਠੀਕ ਗੱਲ ਤਾਂ ਇਹ ਹੈ ਹੇ ਭਾਈ! ਰਾਮ ਜਪਦਿਆਂ-ਜਪਦਿਆਂ ਰੋਮ-ਰੋਮ ਵਿਚ ਰਚ ਜਾਏ ਭਾਵ ਹਿਰਦੇ ਅੰਦਰ ਇਸ ਤਰ੍ਹਾਂ ਸਮਾ ਜਾਵੇ ਕਿ ਮਨੁੱਖ ਨੂੰ ਪਲ ਮਾਤਰ ਭੀ ਨਾ ਵਿਸਰੇ॥284॥

ਕਬਿਤ।।

 ਮਨ ਕਰ ਪਿੰਗਲ ਨਾਂ ਭਰਮ ਖੁਆਰ ਹੋਹੁ  ਕਾਦਰ ਕਰੀਮ ਜਾਣੁ ਅੰਦਰੇ ਰਹੀਮ ਤੂੰ।

 ਖੋਜ ਨਂਹੀ ਦੇਖਦਾ ਹੈਂ ਜਬ ਲਗ ਆਪ ਤਾਂਈ  ਭਰਮ ਨਾ ਜਾਏ ਭਮੇਂ ਸਤ ਅਕਲੀਮ ਤੂੰ।

ਸਚੁ ਕਰੁ ਸਹੀ ਰੀਸ ਬਣਜੁ ਬਸਾਰ ਦੇਹ  ਕੁਲ ਪ੍ਰਕਾਸਕ ਕੋ ਕਰ ਤਸਲੀਮ ਤੂੰ।

ਸਰਬ ਹੀ ਕਲਾ ਸਮਰਥ ਭਗਵਾਨ ਦਾਸ  ਰੋਗ ਨੂੰ ਗਵਾਉ ਆਪ ਆਪਣਾਂ ਹਕੀਮ ਤੂੰ।।285।।

 

ਪਦ ਅਰਥ:- ਪਿੰਗਲ=ਲੰਙਾ, ਪੈਰਾਂ ਤੋਂ ਬਿਨਾਂ। ਕਾਦਰ=ਕੁਦਰਤ ਦਾ ਮਾਲਕ। ਕਰੀਮ=ਬਖਸ਼ਿਸ਼ ਕਰਨ ਵਾਲਾ। ਰਹੀਮ=ਰਹਿਮ  ਕਰਨ ਵਾਲਾ, ਦਇਆਲੂ। ਸਤ ਅਕਲੀਮ=ਸੱਤ ਵਲਾਇਤਾਂ। ਸਚੁ ਕਰੁ ਸਹੀ=ਸੱਚ ਨੂੰ ਖੋਜ। ਤਸਲੀਮ=ਮੰਨਣਾ, ਜਾਂ ਸਲਾਮ ਕਰਨਾ।

ਅਰਥ:- ਮਨ ਦਾ ਭਟਕਣਾ ਮੁਕਾ ਦੇ, ਇਸ ਦੇ ਪਿਛੇ ਭਟਕ ਕੇ ਖੁਆਰ ਹੋਈਦਾ ਹੈ। ਕੁਦਰਤਾਂ ਦਾ ਮਾਲਕ, ਬਖਸ਼ਿਸ਼ਾਂ ਦਾ ਮਾਲਕ ਤੇ ਰਹਿਮਤ ਵਾਲਾ ਤੇਰੇ ਅੰਦਰ ਹੀ ਹੈ। ਜਦੋਂ ਤਾਈਂ ਆਪਣੇ ਆਪ ਦੀ ਖੋਜ ਨਹੀਂ ਕਰਦਾ ਤੇਰਾ ਭਰਮ ਤੇ ਭਟਕਣਾਂ ਦੂਰ ਨਹੀਂ ਹੋ ਸਕਦੀ। ਭਾਵੇਂ ਸੱਤ ਵਲਾਇਤਾਂ ਚੱਕਰ ਕੱਟ ਕੇ ਆ ਜਾਵੇਂ। ਦੇਖਾ-ਦੇਖੀ ਦਾ ਖਿਆਲ ਛੱਡ ਕੇ ਸੱਚ ਨੂੰ ਪਛਾਣ ਕੇ ਪ੍ਰਕਾਸ਼ਕ ਨਿਰੰਕਾਰ ਅੱਗੇ ਅਰਜ਼ਾਂ ਤੇ ਅਰਦਾਸ ਕਰ। ਓਹ ਨਿਰੰਕਾਰ ਸਰਬ ਕਲਾ ਸਮਰੱਥ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਹਉਮੇ ਦੇ ਦੀਰਘ ਰੋਗ ਨੂੰ ਆਪਣਾ ਵੈਦ ਆਪ ਹੋ ਕੇ ਕੱਟਣ ਦਾ ਯਤਨ ਕਰ, ਪਿਆਰਾ ਤੇਰੇ ਅੰਦਰ ਹੀ ਹੈ ॥285॥

ਕਬਿਤ।।

ਨਰ ਤੇ ਨਾਰਾਇਣ ਵਿਚ ਭੇਦ ਨਾ ਸੀ ਤਿਲ ਭਰ  ਹੋਇਆ ਬੇਸਮਾਰ ਨਂਹੀ ਜਾਂਣਿਆ ਜਾਂ ਬੈਲ ਤੂੰ।

ਪੇਚ ਦਰ ਪੇਚ ਬਿਚ ਅੰਗ ਅੰਗ ਪੂਰਨ  ਹੈਂ ਚੱਕੀ ਫਿਰੇਂ ਚੰਚਲ ਮਨੋਰਥਾਂ ਦੀ ਮੈਲ ਤੂੰ।

 ਢਾਈਆ ਤੇ ਚੁਰਾਈਆ ਨਂਹੀ ਸਾਢਸਤੀ ਹੋਰਿ ਸਿਰ  ਭਾਰਾ ਇਹੁ ਗ੍ਰਹੁ ਨਂਹੀ ਚਲੇਂ ਸੀਧੀ ਗੈਲ ਤੂੰ।

 ਮੁਦਤਾਂ ਦਾ ਭੁਲਾ ਹੋਇਆਂ ਜੀਵ ਭਗਵਾਨ ਦਾਸ  ਮਦ ਨੂੰ ਬਸਾਰ ਮਤ ਸਮਝ ਲੈ ਛੈਲ ਤੂੰ।।286।।

 

ਪਦ ਅਰਥ:- ਨਾਰਾਇਣ=ਅਕਾਲ ਪੁਰਖ। ਬੇਸੁਮਾਰ=ਇੱਕੋ ਤੋਂ ਅਨੇਕ ਹੋ ਗਿਆ। ਬੈਲ=ਮੂਰਖ। ਪੇਚ ਦਰ ਪੇਚ=ਹਰ ਥਾਂ ਅੰਗ-ਅੰਗ ਵਿਚ। ਚੰਚਲ=ਭਟਕਣ ਵਾਲਾ। ਮਨੋਰਥ=ਮਨ ਦੇ ਆਸ਼ੇ। ਮਦ=ਅਹੰਕਾਰ। ਛੈਲ=ਜੁਆਨ।

ਅਰਥ:- ਰੱਬ ਤੇ ਬੰਦੇ ਵਿਚ ਕੋਈ ਭੇਦ   ਨਹੀਂ, ਓਹੋ ਹੀ ਇਕ ਤੋਂ ਅਨੇਕ ਹੋ ਕੇ ਵਿਚਰ ਰਿਹਾ ਹੈ ਪਰ ਭੁਲੇਖੇ ਕਰਕੇ ਬੰਦੇ ਨੇ ਨਾ ਸਮਝਿਆ। ਓਸ ਦੀ ਸੱਤਾ ਅੰਗ-ਅੰਗ ਵਿਚ ਪਰੀਪੂਰਨ ਹੋ ਰਹੀ ਹੈ, ਮਨੋਰਥਾਂ ਦੀ ਮੈਲ ਤੇ ਮਨ ਦੀ ਚੰਚਲਤਾ ਕਰਕੇ ਇਹ ਭੁਲੇਖੇ ਵਿਚ ਪਿਆ ਉਸ ਨੂੰ ਪਛਾਣ ਨਹੀਂ ਸਕਦਾ। ਢਾਈਆ (ਢਾਈ ਸਾਲ) ਚੁਰਾਈਆ (ਚਾਰ ਸਾਲ) ਸਾੜ੍ਹਸਤੀ (ਸਾਢੇ ਸੱਤ ਸਾਲ) ਜਿਹੇ ਜੋ ਭਾਰੇ ਗ੍ਰਿਹ ਮੰਨੇ ਜਾਂਦੇ ਹਨ ਇਹ  ਉਨ੍ਹਾਂ ਲੋਕਾਂ ਲਈ ਹੀ ਹਨ ਜਿਨ੍ਹਾਂ ਨੇ ਸਿਧਾ ਰਾਹ ਨਹੀਂ ਫੜਿਆ ਭਾਵ ਗੁਰਮੁਖ ਲੋਕਾਂ ਲਈ ਇਹ ਗ੍ਰਹਿ  ਨਹੀਂ ਹਨ ਬਲਕਿ ਮਨਮੁਖਾਂ ਲਈ ਹਨ ਜਿਨ੍ਹਾਂ ਗੱਡੀ ਰਾਹ ਛੱਡ ਕੇ ਉਲਟ ਰਾਹ ਅਪਣਾਇਆ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਹੇ ਜੁਆਨਾਂ! ਕਈ ਜਨਮਾਂ ਦੇ ਭੁੱਲੇ ਹੋਏ ਨੂੰ ਮਨੁੱਖ ਦੇਹ ਭਾਗਾਂ ਨਾਲ ਪ੍ਰਾਪਤ ਹੋਈ ਹੈ। ਮੈਂ-ਮੇਰੀ ਤਿਆਗ ਕੇ ਸੱਚ ਨੂੰ ਪਛਾਨਣ ਦਾ ਯਤਨ  ਕਰ॥286॥

ਕਬਿਤ।।

ਕਾਰਨ ਦਰਿਸ ਗਿਆ ਸਿਖਾ ਮੇ ਪਤੰਗ ਜਲ  ਭੌਰੁ ਬੰਦ ਕਾਰਨ ਸੁਗੰਧਤਾ ਦੇ ਰਸ ਦੀ।

ਕੰਨ ਰਸ ਗਿਆ ਮਰ ਮਿਰਗ ਸੁਗੰਧ ਦਾਰ  ਜਿਹਬਾ ਰਸ ਮੀਨ ਬਿਚ ਕੁੰਡੀ ਦੇ ਆ ਫਸਦੀ।

ਭੋਗ ਰਸ ਹਸਤੀ ਸਹਾਰਦਾ ਹੈ ਕੁੰਡਾ ਸਿਰ  ਜਤਨ ਬਗੈਰ ਏਕ ਏਕ ਨੂੰ ਗਰਸਦੀ।

 ਕਰੇਂ ਨਾ ਬਚਾਰ ਜੇ ਨਦਾਂਨ ਭਗਵਾਂਨ ਦਾਸ  ਤੇਰਾ ਕੀ ਹੁਵਾਲ ਪੰਜ ਧਾਂਤ ਬਿਚ ਬਸਦੀ।।287।।

 

ਪਦ ਅਰਥ:- ਸਿਖਾ=ਦੀਵੇ ਦੀ ਲਾਟ। ਸੁਗੰਧਤਾ=ਸੁਗੰਧੀ। ਸੁਗੰਧ ਦਾਰ=ਕਸਤੂਰੀ ਦੀ ਖੁਸ਼ਬੂ ਧਾਰ ਕੇ। ਹਸਤੀ=ਹਾਥੀ। ਪੰਜ ਧਾਂਤ=ਪੰਜੇ ਰੋਗ, ਸ਼ਬਦ, ਸਪਰਸ਼, ਰੂਪ, ਰਸ, ਗੰਧ।

ਅਰਥ:- ਦੀਵੇ ਨੂੰ ਦੇਖਣ ਗਿਆ ਪਤੰਗਾ ਜਲ ਗਿਆ। ਭੌਰ ਸੁਗੰਧੀ ਦੀ ਆਸ਼ਕੀ ਦੇ ਕਾਰਨ ਫੁਲ ਵਿਚ ਬੰਦ ਹੋ ਗਿਆ। ਕੰਨ ਰਸ ਦੇ ਵਸ ਹੋ ਕੇ ਹਿਰਨ ਕਸਤੂਰੀ ਦੀ ਖੁਸ਼ਬੂ ਧਾਰ ਕੇ ਸ਼ਿਕਾਰੀ ਦੇ ਵੱਸ ਹੋ ਕੇ ਮਰ ਗਿਆ। ਜਿਹਬਾ (ਜੀਭ) ਦੇ ਚਸਕੇ ਦੇ ਕਾਰਨ ਮੱਛੀ ਕੁੰਡੀ ਵਿਚ ਫਸ ਕੇ ਖਤਮ ਹੋ ਗਈ। ਕਾਮ ਵਾਸ਼ਨਾ ਦੇ ਵੱਸ ਹੋ ਕੇ ਹਾਥੀ ਸਾਰੀ ਉਮਰ ਸਿਰ ਤੇ ਅੰਕੁਸ ਦੀ ਸੱਟ ਸਹਾਰਦਾ ਹੈ। ਕੇਵਲ ਇਕ ਅਵਗੁਣ ਇੱਕ ਵਿਚ ਹੋਣ ਕਰਕੇ ਇਨ੍ਹਾਂ ਦਾ ਨਾਸ਼ ਹੋ ਗਿਆ। ਰਾਜਾ ਸਾਹਿਬ ਇਸ ਅਗਿਆਨੀ ਮਨੁੱਖ ਨੂੰ ਖਬਰਦਾਰ ਕਰਦੇ ਹਨ ਕਿ ਦਾਸ ਭਗਵਾਨ ਕਿ ਦੱਸ ਮੂਰਖਾ ! ਤੇਰਾ ਕੀ ਹਾਲ ਹੋਊ ਜਿਹਦੇ ਅੰਦਰ ਪੰਜੇ ਦੋਸ਼ ਸ਼ਬਦ, ਸਪਰਸ਼, ਰੂਪ, ਰਸ, ਗੰਧ ਵਸਦੇ ਹਨ ॥287॥

ਕਬਿਤ।।

ਨਾਰ ਕੀ ਪਰੀਤ ਜਨ ਬੰਦਗੀ ਬਸਾਰ ਦੇਤ  ਭਾਰੀ ਹੈ ਕਲੰਕ ਦਰਆਵਾਂ ਨੂੰ ਬਰੇਤੀਆਂ।

ਰੇਸਮਾਂ ਨੂੰ ਲੇਹਾ ਜੇਹਾ ਫਕਰਾਂ ਨੂੰ ਐਬ ਤੇਹਾ  ਕਲਰਾ ਜਮੀਨ ਜਿਉਂ ਕਲੰਕ ਭਇਆ ਖੇਤੀਆਂ।

ਪਾਣੀਆਂ ਨੂੰ ਬੂਰ ਜਿਵੇਂ ਮਾਨਸਾਂ ਵਿਸੂਰ ਤਿਵੇਂ  ਭਾਰੀ ਹੈ ਕਲੰਕ ਲਾਲ ਚੰਦਨਾ ਨੂੰ ਰੇਤੀਆਂ।

ਰਾਹੁ ਕੇਤ ਜਿਵੇਂ ਚੰਦ ਸੂਰ ਭਗਵਾਂਨ ਦਾਸ  ਤਿਵੇਂ ਹੀ ਕਲੰਕ ਜਾਣੋ ਨਾਰ ਦਿਆਂ ਹੇਤੀਆਂ।।288।।

 

ਪਦ ਅਰਥ:- ਉਪਰਲੇ ਕਬਿੱਤ ਵਿਚ ਪਰ-ਨਾਰੀ ਦਾ ਜ਼ਿਕਰ ਕਰਦੇ ਹਨ। ਨਾਰੀ ਦੀ ਪ੍ਰੀਤ ਰੱਬੀ ਲੋਕਾਂ ਨੂੰ ਭਜਨ ਤੋਂ ਉਖੇੜ ਦਿੰਦੀ ਹੈ ਜਾਣੋ ਕਲੰਕਤ ਕਰ ਦਿੰਦੀ ਹੈ ਜਿਵੇਂ ਦਰਿਆ ਵਿਚ ਪਾਣੀ ਸੁੱਕ ਜਾਵੇ ਤਾਂ ਰੇਤਾਂ ਹੀ ਦਿਸਦਾ ਹੈ। ਰੇਸ਼ਮੀ ਕਪੜੇ ਨੂੰ ਜਿਵੇਂ ਕੀੜਾ ਖਾ ਜਾਂਦਾ ਹੈ, ਇਸੇ ਤਰ੍ਹਾਂ ਫਕੀਰਾਂ ਨੂੰ ਐਬ ਖਾ ਜਾਂਦਾ ਹੈ ਜਾਂ ਇਉਂ ਕਹਿ ਦਿਉ ਕਿ ਕਲਰੀ ਧਰਤੀ ਵਿਚ ਅਨਾਜ ਨਹੀਂ ਉੱਗਦਾ।

ਅਰਥ :- ਪਾਣੀ ਬੂਰ ਨਾਲ ਖਰਾਬ ਹੋ ਜਾਂਦਾ ਹੈ, ਰੇਤਾ ਚੰਦਨ ਨੂੰ ਬਰਬਾਦ ਕਰ ਦਿੰਦਾ ਹੈ ਇਸੇ ਤਰ੍ਹਾਂ ਮਨੁੱਖ ਪਰਾਈ ਇਸਤ੍ਰੀ ਦੇ ਸੰਗ ਕਰਕੇ ਪਸਚਾਤਾਪ ਕਰਦਾ ਹੈ। ਰਾਹੂ ਤੇ ਕੇਤੂ ਸੂਰਜ ਤੇ ਚੰਦਰਮਾ ਨੂੰ ਗ੍ਰਹਿਣ ਲਾ ਦਿੰਦੇ ਹਨ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਨਾਰੀਆ ਪ੍ਰੇਮੀ ਹੇਤੀ ਇਸੇ ਤਰ੍ਹਾਂ ਕਲੰਕਤ ਹੋ ਜਾਂਦੇ ਹਨ॥288॥

ਕਬਿਤ।।

ਪੈਸੇ ਬਿਨਾ ਰਾਜ ਨਂਹੀ  ਪੈਸੇ ਬਿਨਾ ਸਾਜ ਨਂਹੀ  ਪੈਸੇ ਬਿਨਾ ਕਾਜ ਨਂਹੀ  ਪੈਸੇ ਬਿਨਾ ਝਾਕ ਹੈ।

ਪੈਸੇ ਬਿਨਾਂ ਹਾਰ ਨਂਹੀ  ਪੈਸੇ ਬਿਨਾਂ ਨਾਰ ਨਂਹੀ  ਪੈਸੇ ਬਿਨਾ ਯਾਰ ਨਂਹੀ  ਪੈਸੇ ਬਿਨਾ ਚਾਕ ਹੈ।

ਪੈਸੇ ਬਿਨਾ ਪੂਤੁ ਨਂਹੀ  ਪੈਸੇ ਬਿਨਾਂ ਦੂਤੁ ਨਂਹੀ  ਪੈਸੇ ਬਿਨਾਂ ਕਰਤੂਤ ਨਹੀ  ਪੈਸੇ ਬਿਨਾਂ ਖਾਕ ਹੈ

ਕਹੇ ਭਗਵਾਂਨ ਦਾਸ  ਪੈਸੇ ਬਿਨਾ ਔਰ ਨਾ  ਫਕੀਰ ਦਰਿਵੇਸ  ਇਕ ਪੈਸੇ ਬਿਨਾਂ ਪਾਕ ਹੈ।।289।।

 

ਪਦ ਅਰਥ :-  ਚਾਕ=ਨੌਕਰ, ਸੁਨੇਹਾ ਲੈ ਜਾਣ ਵਾਲਾ। ਕਰਤੂਤ=ਦੁਨੀਆਂ ਦਾ ਕਰਤੱਵ। ਖਾਕ=ਮਿੱਟੀ। ਪਾਕ=ਸਾਫ।

ਅਰਥ:- ਪੈਸੇ ਬਿਨਾਂ ਕਾਹਦਾ, ਹੋਰ ਕੰਮ ਪੈਸੇ ਬਿਨਾਂ ਝਾਕ ਹੀ ਹੈ, ਪੈਸੇ ਬਿਨਾਂ ਨਾਰੀ ਤੇ ਗਲ ਦਾ ਹਾਰ ਕਾਹਦਾ, ਮਿਤ੍ਰ ਭੀ ਪੈਸੇ ਬਿਨਾਂ ਕੋਈ ਨਹੀਂ, ਬਿਨਾਂ ਪੈਸੇ ਦੇ ਨੌਕਰ ਦੀ ਨਿਆਈਂ ਮੁਹਤਾਜ ਹੈ। ਪੁੱਤਰ ਧੀਆਂ ਸਾਕ ਸੰਬੰਧੀ ਤੇ ਦੁਨੀਆਂ ਦੀ ਕਰਤੂਤ ਪੈਸੇ ਬਿਨਾਂ ਕੋਈ ਨਹੀਂ ਤੇ ਖੇਹ ਮਿੱਟੀ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਹੋਰ ਕੁਝ ਭੀ ਪੈਸੇ ਬਿਨਾਂ ਨਹੀਂ, ਇਕ ਰੱਬ ਦਾ ਸੱਚਾ ਪਰੇਮੀ ਹੀ ਪੈਸੇ ਬਿਨਾਂ ਪਾਕ ਹੈ ॥289॥

ਕਬਿਤ।।

ਹੋਵਣ ਫਕੀਰ ਖੋਲ ਅਟਕ ਜੰਜੀਰ ਸਿਰ  ਮੰਨ ਤਕਦੀਰ ਪੀਣ ਜਹਰ ਪਿਆਲੜੀ।।

ਰੈਹਣ ਨਰਾਸ ਇਹ ਜਾਣ ਕੇ ਸਰੀਰ ਨਾਸ  ਆਪ ਨੂੰ ਬਚਾਰ ਕੂੜ ਤਜ ਦੇਣ ਚਾਲੜੀ।।

 ਦੇਖ ਗੁਲਜਾਰ ਦਿਲਿ ਗਏ ਹੈਂ ਸਰੂਪ ਮਿਲਿ  ਏਕਤਾ ਮਕਾਨ ਵਿਖੇ ਪਹੁੰਚੇ ਨਂਹੀ ਗਾਲੜੀ।।

 ਦਰਜਾ ਫਕੀਰੀ ਦਾ ਹੈ ਦੂਰ ਭਗੁਵਾਂਨ ਦਾਸ  ਸਮਝ ਲੈ ਉਮਰ ਨਦਾਂਨ ਅਜੇ ਬਾਲੜੀ।।290।।

 

ਪਦ ਅਰਥ :- ਅਟਕ=ਰੁਕਾਵਟ।

ਅਰਥ:- ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੇਕਰ ਫਕੀਰ ਹੋਣ ਦੀ ਤਾਂਘ ਮਨ ਵਿੱਚ ਰਖਦਾ ਹੈਂ ਤਾਂ ਆਪਣੇ ਅੰਦਰੋਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦੇਹ ਅਤੇ ਇਹ ਮੰਨ ਕੇ ਤੁਰ ਕਿ ਇਹ ਪੈਂਡਾ ਬੜਾ ਬਿਖੜਾ ਹੈ ਭਾਵ ਜ਼ਹਿਰ ਪਿਆਲਾ ਪੀਣ ਦੇ ਸਮਾਨ ਹੈ। ਸਰੀਰ ਨੂੰ ਨਾਸ਼ਵਾਨ ਜਾਣ ਕੇ, ਝੂਠ ਦਾ ਮਾਰਗ ਛੱਡ ਕੇ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਵਿਚਾਰ ਕੇ ਦੁਨੀਆਂ ਵਲੋਂ ਉਪਰਾਮ ਹੋ ਜਾ। ਸੁਧ ਸਰੂਪ ਦੀ ਪਛਾਣ ਕਰਨ ਨਾਲ ਹੀ ਦਿਲ ਰੂਪੀ ਬਾਗ ਖਿੜ ਸਕਦਾ ਹੈ। ਇਸ ਅਵਸਥਾ ਤੇ ਪੁੱਜਣ ਲਈ ਗੱਲਾਂ ਨਹੀਂ ਬਲਕਿ ਅਸਲ ਕਮਾਈ ਦੀ ਜ਼ਰੂਰਤ ਹੈ। ਅਸਲ ਫਕੀਰੀ ਦਾ ਮਰਤਬਾ ਬਹੁਤ ਉੱਚਾ  ਸੁੱਚਾ ਅਤੇ ਦੂਰ ਹੈ। ਇਸ ਮਾਰਗ ਤੇ ਚੱਲਣ ਲਈ ਮਜ਼ਬੂਤ ਇਰਾਦੇ ਅਤੇ ਕਠਿਨ ਘਾਲਣਾਂ ਦੀ ਲੋੜ ਹੁੰਦੀ ਹੈ ॥290॥

ਕਬਿਤ।।

ਸਿਰ ਦਿਤੇ ਲਭਦੀ ਮੁਹਾਲ ਚਾਲ ਫਕਰਾਂ ਦੀ  ਸੌਖੀ ਨਂਹੀ ਜਾਣ ਬਾਜੀ ਹੋਵਣ ਸਹੀਦ ਦੀ।

 ਜੀਵਦੇ ਹੀ ਜੀ ਵਿਚ ਜਾਨ ਵਲੋਂ ਹਥ ਧੋਣ  ਬਣਿਆਂ ਨਦਾਂਨ ਗਲ ਜਾਣ ਕੇ ਸੁਨੀਦ ਦੀ।

 ਸੁਣੇ ਹੋਏ ਸੁਖਨ ਸਹੰਸ ਕਹੇ ਮੂਹ ਤੇ ਜੇ  ਕੁਝ ਪ੍ਰਤੀਤ ਨਂਹੀ ਅਮਲ ਪਲੀਦ ਦੀ।

ਧੋਖੇਬਾਜੁ ਹੋਇ ਬੈਠਾ ਪੀਰ ਭਗਵਾਂਨ ਦਾਸ  ਖਲਾ ਮਾਰੁ ਖੋਲ ਕੇ ਨਾ ਖਵਰ ਮੁਰੀਦ ਦੀ।।291।।

 

ਪਦ ਅਰਥ:- ਮੁਹਾਲ=ਔਖੀ। ਸਹੀਦ=ਕੁਰਬਾਨ ਹੋਣਾ। ਸੁਨੀਦ=ਸੁਣੀ ਸੁਣਾਈ। ਸੁਖਨ=ਬਚਨ। ਸਹੰਸ=ਹਜ਼ਾਰਾਂ। ਪ੍ਰਤੀਤ=ਨਿਸਚਾ। ਅਮਲ=ਵਰਤੋਂ ਕਰਨੀ। ਪਲੀਦ=ਅਪਵਿਤ੍ਰ। ਖਲਾ ਮਾਰੁ=ਜੁੱਤੀਆਂ ਮਾਰੋ।

ਅਰਥ:- ਫਕੀਰਾਂ ਦੀ ਚਾਲ ਔਖੀ ਹੈ ਸਿਰ ਦੇ ਕੇ ਮਿਲਦੀ ਹੈ। ਜੀਂਦੇ ਮਰਨਾ ਕੋਈ ਸੌਖੀ ਖੇਡ ਥੋੜ੍ਹੀ ਹੈ।ਸੁਣ ਸੁਣਾ ਕੇ ਮੂਰਖ ਫਕੀਰੀ ਦਾ ਮਨ ਵਿਚ ਚਾਅ ਉਠਿਆ ਪਰ ਇਸ ਦੀ ਪ੍ਰਾਪਤੀ ਤਾਂ ਜਿਉਂਦੇ ਜੀਅ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਹਨ। ਮਨੁੱਖ ਮੂੰਹ ਤੋਂ ਸੁਣੀਆਂ ਸੁਣਾਈਆਂ ਹਜ਼ਾਰਾਂ ਹੀ ਗੱਲਾਂ ਕਰਦਾ ਹੈ, ਪਰ ਜਦ ਤਾਈਂ ਉਨ੍ਹਾਂ ਤੇ ਅਮਲ ਨਹੀਂ ਕਰਦਾ ਜਾਣੋ ਸਭ ਭ੍ਰਿਸ਼ਟਾਚਾਰ ਹੀ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਪਖੰਡ ਰਚ ਕੇ ਆਪਣੇ ਆਪ ਨੂੰ ਪੀਰ ਕਹਾਉਂਦਾ ਹੈ ਪਰ ਮੂਰਖ ! ਅਜੇ ਤਾਈਂ ਮੁਰੀਦੀ ਦਾ ਭੀ ਪਤਾ ਨਹੀਂ॥291॥

ਕਬਿਤ।।

ਚਜ ਨਾ ਅਚਾਰ ਗਿਆ ਫਕਰ ਸਬੂਤ ਬਣ  ਭੇਸ ਪਲਟਾਇ ਲਿਆ ਕਾਰ ਹੈ ਸੈਤਾਂਨ ਦੀ।

  ਚੰਚਲ ਸੁਭਾਉ ਕਰ ਚਿਤ ਹੈ ਚਲਾਇਮਾਨੁ  ਸੁਰਤੀ ਪੁਕਾਰੇ ਮੂਹੋਂ ਬੇਦ ਔ ਪੁਰਾਂਨ ਦੀ।

ਮਾਇਆ ਮਦ ਬਿਸੇ ਭੋਗ ਛਿਦਰ ਹਜਾਰ ਬਿਚ  ਫੇਰ ਕਹੇ ਸਾਧ ਦੇਖੋ ਗਲ ਇਹ ਹਰਾਂਨ ਦੀ।

 ਛਿਤਰਾਂ ਦੀ ਮਾਰ ਇਹ ਨਦਾਂਨ ਭਗਵਾਂਨ ਦਾਸ  ਗੁਜਰ ਖਰਾਬ ਪਰਤੀਤ ਧਿਆਨ ਦੀ।।292।।

 

ਪਦ ਅਰਥ:- ਚਜ ਨ ਅਚਾਰ=ਚਾਲ ਚਲਣ ਦੀ ਖਰਾਬੀ। ਭੇਸ ਪਲਟਾਇ=ਫਕੀਰੀ ਭੇਸ। ਚਲਾਇਮਾਨ=ਚਿਤ ਵਿਚ ਟਿਕਾਉ ਨਹੀਂ। ਛਿਦਰ=ਔਗੁਣ ਪ੍ਰਤੀਤ। ਨਿਸਚਾ-ਧਿਆਨ, ਸੁਰਤੀ ਜੋੜਨੀ।

ਅਰਥ:- ਕੋਈ ਚੱਜ ਅਚਾਰ ਨਹੀਂ, ਬਾਹਰੋਂ ਫਕੀਰੀ ਦਾ ਭੇਖ ਧਾਰਨ ਕਰ ਲਿਆ, ਇਸ ਸੋਚ ਨੂੰ ਸ਼ੈਤਾਨੀ ਢਾਲ ਕਹਿੰਦੇ ਹਨ। ਮੂੰਹੋਂ ਬੇਦ ਤੇ ਪੁਰਾਣਾਂ ਦੀਆਂ ਰਿਚਾਂ ਉਚਾਰਦਾ ਹੈ ਪਰ ਚਿਤ ਵਿਚ ਚੰਚਲਤਾਈ ਦੇ ਕਾਰਨ ਟਿਕਾਓ ਨਹੀਂ ਹੈ। ਮਾਇਆ ਦਾ ਮਾਣ ਤੇ ਵਿਸ਼ੇ ਭੋਗਾਂ ਦੀ ਇੱਛਾ ਇਸ ਪਰਕਾਰ ਦੇ ਅਨੇਕਾਂ ਛਿੱਦਰ ਹਨ ਪਰ ਫਿਰ ਵੀ ਆਪਣੇ ਆਪ ਨੂੰ ਸਾਧ ਕਹਾਉਂਦਾ ਹੈ, ਦੇਖੋ ਕਿੱਡੀ ਹੈਰਾਨੀ ਦੀ ਗੱਲ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਧ ਕਹਾ ਕੇ ਨਾਮ ਤੇ ਨਿਸ਼ਚਾ ਨਹੀਂ ਤੇ ਨਾ ਹੀ ਧਿਆਨ ਦੀ ਸਾਰ ਹੈ। ਐਸੇ ਪਖੰਡੀ ਨੂੰ ਛਿੱਤਰਾਂ ਦੀ ਮਾਰ ਪੈਣੀ ਚਾਹੀਦੀ ਹੈ॥292॥

ਕਬਿਤ।।

ਹੋਇ ਕਰ ਸਾਧੁ ਨਫਾ ਖੱਟਿਆ ਪਖੰਡੀਆਂ ਕੀ  ਖੁਲਿਆ ਨਾ ਪੇਚੁ ਪ੍ਰਬ੍ਰਿਤ ਜੰਜੀਰ ਦਾ।

ਗ੍ਰਿਹਸਤੀਆਂ ਨਾਲੋਂ ਜੁਦਾ ਗੇੜੁ  ਨਂਹੀ ਅਮਲਾਂ ਦਾ  ਸਾਂਗੁ ਬਦਲਾਇ ਬੈਠਾਂ ਹੋਰੁ ਕਿਉਂ  ਸਰੀਰ ਦਾ।

ਫੁਰਨੇ ਤੇ ਬਾਸਨਾਂ ਉਡਾਈ ਨਾ ਬਰੂਦ ਵਾਂਗੁ  ਦਰਜਾ ਦਲਿਦਰੀ ਕਿਉਂ  ਮੰਨਿਆ ਹੈ ਪੀਰ ਦਾ।

ਮੂਹੋਂ ਕਹਿ ਆਖਣਾ ਸੁਖਾਲਾ ਭਗਵਾਂਨ ਦਾਸ  ਪਾਇਆ ਨਂਹੀ ਜਾਏ ਆਲੀ ਮਗਜ ਫਕੀਰ ਦਾ ।।293।।

 

ਪਦ ਅਰਥ:- ਪ੍ਰਬ੍ਰਿਤ=ਲੰਪਟ-ਸੁਭਾਇਮਾਨ। ਅਮਲਾਂ=ਕਰਤੱਵ। ਦਲਿਦਰੀ=ਭੈੜਾ। ਆਲੀ ਮਗਜ਼=ਉੱਚਾ ਦਿਮਾਗ।

ਅਰਥ:- ਪਖੰਡੀ ਸਾਧ ਬਣ ਕੇ ਕੀ ਨਫਾ ਖੱਟਿਆ ਜਦੋਂ ਤਾਈਂ ਮਨ ਵਿਚੋਂ ਮਾਇਆ ਦੀ ਪਕੜ ਨਾ ਗਈ? ਵਰਤੋਂ ਵਿਚ ਸੰਸਾਰੀਆਂ ਨਾਲੋਂ ਫਕੀਰ ਜੁਦਾ ਨਹੀਂ, ਉਪਰੋਂ ਭੇਖ ਸਾਧਾਂ ਦਾ ਬਣਾ ਰਖਿਆ ਹੈ। ਚਿੱਤ ਵਿਚੋਂ ਫੁਰਨੇ ਤੇ ਵਾਸਨਾਂ ਤਾਂ ਗੁਆ ਨਹੀਂ ਸਕਦਾ, ਇਹ ਦਲਿੱਦਰੀਆਂ ਦਾ ਦਰਜਾ ਹੈ ਤੇ ਅਖਵਾਉਂਦਾ ਆਪਣੇ ਆਪ ਨੂੰ ਗੁਰੂ ਤੇ ਪੀਰ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਮੂੰਹੋਂ ਬੋਲਣਾ ਸੁਖਾਲਾ ਹੈ, ਫਕੀਰ ਦਾ ਮਗਜ਼ ਬੜਾ ਉੱਚਾ ਤੇ ਸੁੱਚਾ ਚੁੰਦਾ ਹੈ ॥293॥

ਕਬਿਤ।।

ਭੇਖੁ ਬਦਲਾਇਆਂ ਨਹੀਂ ਸਬਰੁ ਸੁਫਾਈ ਵਿਚ  ਜਨਮੁ ਗਵਾਇਆ ਤੈਂ ਬਛੌਣਾ ਚੱਕ ਰੋਗ ਦਾ।

ਆਸ ਤੇ ਤ੍ਰਿਸਨਾ ਜਾਂ ਦਿਲ ਬਿਚ ਬਹੇ ਮਲ  ਖਾਵਣਾ ਹਰਾਮ ਤੁਧ ਮੰਗਵਾਲੀ ਚੋਗ ਦਾ।

ਦੇਹ ਦੀ ਬਣਾਵਟ ਇਹੁ ਸੁਖਾਲੀ ਇਹੁ ਬਣਾਇ ਲੈਣੁ  ਕਠਨ ਕਮਾਵਣਾ ਹੈ ਸਚ ਵਾਲੇ ਜੋਗ ਦਾ।

ਚਾਲਾ ਇਹੁ ਬਿਖੜਾ ਨਦਾਂਨ ਭਗਵਾਂਨ ਦਾਸ  ਜਾਨਣਾ ਸਮਾਂਨ ਇਕ ਹਰਖ ਅਤੇ ਸੋਗ ਦਾ ।।294।।

 

ਅਰਥ:- ਚਿੱਤ ਵਿੱਚ ਸਬਰ ਤੇ ਸਫਾਈ ਨਹੀਂ ਤੇ ਭੇਖ ਬਦਲਾਏ ਦਾ ਕੀ ਲਾਭ, ਆਪਣਾ ਜਨਮ ਗਵਾ ਲਿਆ। ਆਸਾ ਤੇ ਤ੍ਰਿਸ਼ਨਾ ਦਿਲ ਮੱਲ ਕੇ ਬੈਠੀਆਂ ਹਨ, ਇਸ ਲਈ ਮੰਗ ਕੇ ਖਾਣਾ ਹਰਾਮ ਹੈ। ਦੇਹ ਦੀ ਬਨਾਵਟ ਬਣਾ ਲੈਣੀ ਬੇਅਰਥ ਹੈ, ਪਰ ਸੱਚਾ ਜੋਗ ਕਮਾਉਣਾ ਔਖਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਭਗਤੀ ਦੀ ਚਾਲ ਬਹੁਤ ਔਖੀ ਹੈ, ਇਸ ਰਾਹ ਤੇ ਤੁਰਦਿਆਂ ਹਰਖ ਅਤੇ ਸੋਗ ਨੂੰ ਸਮਾਨ ਕਰਕੇ ਜਾਨਣਾ ਪੈਂਦਾ ਹੈ ॥294॥

ਕਬਿਤ।।

 ਰੂਪੁ ਪਲਟਾਇਆ ਹੈ ਮੁਹਮਾਂ ਦਾ ਭੇਖ ਕਰ  ਪੜਦਾਂ ਪੁਰਾਨ ਅਤੇ ਫੋਲ ਰਿਹਾਂ ਪਤ੍ਰੀ।

ਮਾਂਣ ਵਡਿਆਈ ਗੁਝੀ ਘਾਤ ਬਿਚ ਫਸਿਆ ਹੈਂ  ਬਚਨ ਬਚਾਰੁ ਗਈ ਬੁਧ ਕਿਉਂ ਬਹਤ੍ਰੀ।

ਇਸ ਬਿਧਿ ਫਸੇਂਗਾ ਚੁਰਾਸੀ ਵਾਲੀ ਫਾਹੀ ਫੇਰ  ਬਾਸਨਾ ਬ੍ਰਹਮ ਨਂਹੀ ਕਰਤ ਇਕਤ੍ਰੀ।

ਬਲ ਨਂਹੀ ਖੁਲਦਾ ਜਾਂ ਦਿਲੋਂ ਭਗਵਾਂਨ ਦਾਸ  ਕਰਮ ਕਰੋੜਿ ਨਾਂ ਹਟਾਏਂਗਾ ਭਵਤ੍ਰੀ ।।295।।

 

ਪਦ ਅਰਥ:- ਮੁਹਮਾਂ=ਮਾਣ ਵਡਿਆਈ। ਭੇਖ ਕਰ=ਸ਼ਕਲ ਬਣਾਕੇ। ਬਹਤ੍ਰੀ=ਅਕਲ ਮਾਰੀ ਜਾਣੀ। ਬਾਸਨਾ=ਭਟਕਣਾ। ਇਕਤ੍ਰੀ=ਇਕਾਗਰ। ਬਲ=ਵਲ। ਭਵਤ੍ਰੀ=ਜੰਮਣ ਮਰਨ।

ਅਰਥ:- ਪੁਰਾਣ ਪੜ੍ਹਦਾ ਤੇ ਪੱਤ੍ਰੀਆਂ ਫੋਲਦਾ ਹੈ, ਮਹਿਮਾ ਵਾਸਤੇ ਭੇਖ ਬਣਾਇਆ ਹੈ, ਜ਼ਰਾ ਸੋਚ ਤਾਂ ਸਹੀ ਅਕਲ ਕਿਉਂ ਮਾਰੀ ਗਈ? ਮਾਣ ਵਡਿਆਈ ਦੇ ਚੱਕਰ ਵਿਚ ਫਸ ਰਿਹਾ ਹੈਂ। ਜਦੋਂ ਤਾਈਂ ਵਾਸ਼ਨਾ ਨੂੰ ਰੋਕ ਕੇ ਇਕ ਬ੍ਰਹਮ ਦੀ ਵੀਚਾਰ ਨਹੀਂ ਕਰਦਾ ਤਾਂ ਚੇਤੇ ਰੱਖ ਚਉਰਾਸੀ ਦੀ ਫਾਹੀ ਵਿਚ ਫਸੇਂਗਾ ! ਸਾਹਿਬ ਜੀ ਕਥਨ ਕਰਦੇ ਹਨ ਕਿ ਭਾਵੇਂ ਅਨੇਕ ਹੀ ਕਰਮ ਕਰ, ਜਦੋਂ ਤਾਈਂ ਦਿਲ ਵਿਚੋਂ ਭਰਮ ਨਹੀਂ ਨਿਵਿਰਤ ਹੁੰਦਾ ਤਦ ਤਕ ਆਉਣ ਜਾਣ, ਜਨਮ ਮਰਨ ਮਿਟ ਨਹੀਂ ਸਕਦਾ ॥295॥

ਕਬਿਤ।।

ਬਿਸੇ ਭੋਗ ਕੁਤੇ ਬਿਲੇ ਕਰਦੇ ਹੈਂ ਜੀਵ ਸਾਰੇ  ਬੰਦਗੀ ਬਚਾਰੁ ਇਹੁ ਮਨੁਖ ਦੀ ਗਨੀਮਤੀ।

ਮਾਇਆ ਉਚੀ ਜਾਣ ਨੇਹੁ ਕਰਦਾ ਗਰੇਹੀ ਲੋਕ  ਚੰਮੜੀ ਤੇ ਦੰਮੜੀ ਨੂੰ ਜਾਣ ਸਾਧਨੀ ਮਤੀ।

 ਮਾਂਨਸ ਦੁਐਤ ਬਾਲੀ ਅਟਕ ਨੂੰ ਦੂਰ ਕਰ  ਏਕ ਰੂਪ ਜਾਣ ਰਸੁ ਛਡ ਦੇ ਤ੍ਰੀਮਤੀ।

 ਚਿੜੀਆਂ ਤੇ ਖੇਤੁ ਨਾ ਲੁਟਾਉ ਭਗਵਾਂਨ ਦਾਸ  ਫੇਰ ਨਹੀਂ ਮਿਲੂਗੀ ਇਹੁ ਜਿਨਸ ਬਕੀਮਤੀ।।296।।

 

ਪਦਅਰਥ:-  ਗਨੀਮਤੀ=ਵਡਿਆਈ। ਗਰੇਹੀ=ਘਰ ਬਾਰੀ। ਸਾਧਨੀ ਮਤੀ=ਮੱਤ ਨੂੰ ਸਾਧਣਾ। ਤ੍ਰੀਮਤੀ=ਕਾਮ ਚੇਸ਼ਟਾ। ਬਕੀਮਤੀ=ਵੱਡਮੁਲੀ।

ਅਰਥ:- ਮਨੁੱਖ ਜਨਮ ਵਿਚ ਬੰਦਗੀ ਕਰਨ ਦਾ ਹੀ ਵਾਧਾ ਹੈ, ਨਹੀਂ ਤਾਂ ਵਿਸ਼ੇ ਭੋਗ ਕੁੱਤੇ ਬਿੱਲੇ ਹੋਰ ਸਾਰੇ ਜੀਵ ਕਰਦੇ ਹਨ। ਇਹ ਮਨੁੱਖ ਆਪਣੀ ਮੱਤ ਨੂੰ, ਮਾਇਆ ਨੂੰ ਉਚੀ ਸਮਝ ਕੇ ਦੰਮ ਤੇ ਚੰਮ ਦੀ ਯਾਰੀ ਦੇ ਪਿਛੇ ਹੀ ਲਾ ਰਿਹਾ ਹੈ। ਅੱਗੋਂ ਉਪਦੇਸ਼ ਕਰਦੇ ਹਨ ਕਿ ਭਾਈ ਦੁਐਤ ਭਾਵ ਨੂੰ ਅੰਦਰੋਂ ਦੂਰ ਕਰ ਤੇ ਵਿਸ਼ੇ ਵਾਸ਼ਨਾਂ ਨੂੰ ਛੱਡ ਕੇ ਇੱਕ ਸਰੂਪ ਦੇ ਗਿਆਨ ਵਿੱਚ ਸੁਰਤੀ ਨੂੰ ਜੋੜ। 'ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ'। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਸੁਆਸਾਂ ਰੂਪੀ ਅਮੋਲਕ ਜਿਣਸ ਮੁੜ ਕੇ ਹੱਥ ਨਹੀਂ ਆਵੇਗੀ, ਇਸ ਨੂੰ ਭੰਗ ਦੇ ਭਾੜੇ ਨਾ ਲੁਟਾ ॥296॥

ਕਬਿਤ।।

ਆਪ ਕੋ ਨਿਵਾਰ ਰੂਪ ਆਪਣਾ ਨਿਹਾਰ ਕਰ  ਬੋਲ ਦੀ ਬਚਾਰ ਦੇਖ ਸਚ ਦੇ ਸਵਾਦ ਨੂੰ।

ਕਂਰੀ ਤਹਾਂ ਨੂੰ ਨਿਵਾਸੁ ਨਂਹੀ ਰਤੀ ਬਿਸਵਾਸੁ  ਜਹਾਂ ਸੀਸ ਨੂੰ ਕਟਾਇ ਕਾਂਨੀ ਪਹੁਚੀ ਹੈ ਮੁਰਾਦ ਨੂੰ।

ਆਪਾ ਭਾਵ ਨੂੰ ਵਿਸਾਰ ਸਾਰ ਸਾਰ ਹੀ ਮੇ ਸਾਰ  ਸਾਰ ਪੂਰਨ ਹੈ ਆਸ ਤਜ ਆਸ ਦੇ ਫਸਾਦ ਨੂੰ।

ਜੀਵਤ ਹੀ ਮਰ ਹੋਹ ਅਮਰ ਭਗਵਾਂਨ ਦਾਸ  ਤਜ ਕੇ ਤਰੀਕ ਠੀਕ ਮਿਲੇ ਜਾ ਅਨਾਦ ਨੂੰ।।297।।

 

ਪਦ ਅਰਥ:- ਨਿਵਾਰ=ਹੰਕਾਰ ਦਾ ਤਿਆਗ। ਨਿਹਾਰ=ਦੇਖਣਾ। ਨਿਵਾਸੁ=ਟਿਕਾਣਾ। ਬਿਸਵਾਸੁ=ਭਰੋਸਾ। ਕਾਨੀ=ਕਲਮ। ਸਾਰ=ਸਰੇਸ਼ਟ। ਅਮਰ=ਮੌਤ ਤੋਂ ਅਮੌਤ। ਤਰੀਕ=ਢੰਗ ਤਰੀਕਾ। ਅਨਾਦਿ ਅਨ-ਆਦਿ=ਵਾਹਿਗੁਰੂ।

ਅਰਥ:- ਆਪਾ ਭਾਵ ਗੁਆ ਕੇ ਆਪਣੇ ਆਪ ਨੂੰ ਦੇਖ, ਬਚਨਾਂ ਦੀ ਵਿਚਾਰ ਕਰਕੇ ਸੱਚ ਦੇ ਸੁਆਦ ਨੂੰ ਦੇਖ। ਉਥੇ ਜਾ ਟਿਕਾਣਾ ਕਰੀਂ, ਜਿਥੇ ਕੋਈ ਤੌਖਲਾ ਨਹੀਂ ਰਹਿ ਜਾਂਦਾ। ਕਲਮ ਆਪਣਾ ਸਿਰ ਕਲਮ ਕਰਵਾ ਕੇ ਹੀ ਲਿਖਣ ਲਈ ਲੇਖਣੀ ਬਣੀ। ਸਰੇਸ਼ਟ ਤੱਤ ਜ਼ਿੰਦਗੀ ਦਾ ਇਹੀ ਹੈ ਜੋ ਬ੍ਰਹਮ ਦੀ ਵੀਚਾਰ ਕਰਨੀ ਤੇ ਝਗੜੇ ਵਾਲੇ ਪਾਸੇ ਨੂੰ ਛੱਡ ਦੇਣਾ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੀਵ ਭਾਵ ਤੋਂ ਮਰਨ ਨਾਲ ਹੀ ਅਮਰ ਪਦਵੀ ਪ੍ਰਾਪਤ ਹੁੰਦੀ ਹੈ।  ਇਹ ਤਰੀਕਾ ਛੱਡ ਕੇ ਜੋ ਅਨ-ਆਦਿ ਨਿਰੰਕਾਰ ਹੈ ਉਸ ਨੂੰ ਮਿਲ ਨਹੀਂ ਸਕੀਦਾ ॥297॥

ਕਬਿਤ।।

ਮਰਤਬਾ ਅਸਲ ਫਕੀਰੀ ਦਾ ਨਦਾਂਨ ਚਾਹੇਂ  ਮਜਲਸ ਪਾਂਚੋ ਕੀ ਮਨੋਹਰ ਮਿਟਾਇ ਦੇ।

ਅਸਲਾ ਪਛਾਣੁ ਕੁਲ ਭਰਮ ਜੰਜੀਰ ਤੋੜ  ਤ੍ਰਿਸਨਾ ਦਾ ਤੀਰ ਬਿਚ ਅਗਨ ਜਲਾਇ ਦੇ।

ਹੋਹੁ ਔਲੀਆ ਇ ਮਾਰੁ ਦਮਕਾਂ ਨ ਚਾਹ ਹੋਇ  ਬਾਸਨਾ ਦੀ ਜੜ ਪਟ ਨਦੀ ਮੇਂ ਬਹਾਇ ਦੇ।

ਸਾਂਭ ਲੈ ਨਵਿਰਤੀ ਨਦਾਨ ਭਗਵਾਂਨ ਦਾਸ  ਰੇਤ ਮੇ ਪਸਾਰਾ ਪਰਵਿਰਤ ਰਲਾਈ ਦੇ।।298।।

 

ਪਦ ਅਰਥ :- ਮਰਤਬਾ=ਦਰਜਾ। ਮਜਲਸ=ਸੰਗ। ਪਾਚੋਂ=ਕਾਮ, ਕਰੋਧ, ਲੋਭ, ਮੋਹ, ਅਹੰਕਾਰ। ਮਨੋਹਰ=ਮਨ ਨੂੰ ਹਰਨ ਵਾਲੀ। ਔਲੀਆ=ਧਰਮ ਦਾ ਆਗੂ। ਦਮਕਾਂ=ਵਡਿਆਈ ਕਰਨਾ। ਬਾਸਨਾ=ਇੱਛਾ। ਨਵਿਰਤੀ=ਤਿਆਗ। ਪਰਵਿਰਤ= ਪਕੜ।

ਅਰਥ:- ਜੇਕਰ ਅਸਲ ਫਕੀਰੀ ਦੇ ਰੁਤਬੇ ਦੀ ਇੱਛਾ ਹੈ ਤਾਂ ਇਨ੍ਹਾਂ ਪੰਜਾਂ ਕਾਮ, ਕਰੋਧ, ਲੋਭ, ਮੋਹ, ਅਹੰਕਾਰ ਆਦਿ ਦੀ ਸੰਗਤ ਛੱਡ ਦੇ। ਅਸਲੇ ਨੂੰ ਪਛਾਣ ਕੇ ਭਰਮ ਦੇ ਜੰਜੀਰਾਂ ਨੂੰ ਤੋੜ ਦੇਹ ਤੇ ਤ੍ਰਿਸ਼ਨਾ ਦੇ ਤੀਰਾਂ ਨੂੰ ਅੱਗ ਵਿਚ ਸਾੜ ਦੇਹ। ਧਰਮ ਦਾ ਅੰਗ ਹੋ ਕੇ ਆਪਣਾ ਆਪ ਨਾ ਜਣਾ, ਵਾਸ਼ਨਾ ਨੂੰ ਖਤਮ ਕਰਕੇ ਦਰਿਆ ਵਿਚ ਡੋਬ ਦੇਹ। ਤਿਆਗ ਤੇ ਵੈਰਾਗ ਦੀ ਸੁਰਤੀ ਦੀ ਸੰਭਾਲ ਕਰ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਦੁਨੀਆਂ ਦੀ ਪਕੜ ਦੇ ਪਸਾਰੇ ਨੂੰ ਰੇਤ ਵਿਚ ਰਲਾ ਦੇ, ਭਾਵ, ਖਤਮ ਕਰ ਦੇਹ ॥298॥

ਕਬਿਤ।।

ਮਗਜੁ ਫਕੀਰੀ ਦਾ ਜੇ ਜਾਣਿਆਂ ਪ੍ਰੀਤਮ ਤੈਂ  ਹੋਇ ਰਹੁ ਖਮੋਸ ਨਾ ਬਫੈਦੀ ਪਾਉ ਧੁੰਮ ਤੂੰ।

ਸਰਧਾ ਸੰਜੁਗਤ ਜੋ ਤਿਸ ਉਪਦੇਸ ਕਹੁ  ਬਿਸਰਧਕ ਪੁਰਸ ਦੇ ਕੋਲ ਹੋਹ ਗੁੰਮ ਤੂੰ।

ਦਿਲ ਤੇ ਕਠੋਰ ਨਂਹੀਂ ਕੋਮਲ ਬਚਾਰ ਓਰ  ਮਾਇਆ ਦਾ ਗੁਲਾਂਮੁ ਹੋਇ ਮਗਰ ਨਾ ਘੁੰਮ ਤੂੰ।

 ਸੰਜਮ ਸਫਾਈ ਮੇ ਜੋ ਕੈਮ ਭਗਵਾਂਨ ਦਾਸ  ਆਵੇ ਜੇ ਦਲੀਲ ਤਿਸ ਪੈਰ ਭਾਂਮੇ ਚੁੰਮ ਤੂੰ।।299।।

 

ਪਦ ਅਰਥ :- ਖਮੋਸ=ਚੁੱਪ। ਬਫੈਦੀ=ਐਵੇਂ ਬੇਅਰਥ। ਧੁੰਮ=ਸ਼ੋਰ। ਸਰਧਾ ਸੰਜੁਗਤ=ਕਦਰਦਾਨ ਤੇ ਨਿਸਚੇ ਵਾਲਾ। ਗੁੰਮ=ਚੁੱਪ।

ਅਰਥ :- ਰੱਬ ਦੀ ਮੇਹਰ ਦਾ ਸਦਕਾ ਹੇ ਪਿਆਰੇ! ਜੇ ਤੈਨੂੰ ਫਕੀਰੀ ਵਾਲਾ ਮਗਜ਼ ਪ੍ਰਾਪਤ ਹੋ ਗਿਆ ਹੈ ਤਾਂ ਡੰਡ ਰੌਲੀ ਨਾ ਪਾ। ਜੇ ਭਰੋਸੇ ਵਾਲਾ ਬੰਦਾ ਹੋਵੇ ਉਸ ਨੂੰ ਬੇਸ਼ਕ ਉਪਦੇਸ਼ ਕਹੁ ਤੇ ਭਰੋਸੇ ਤੋਂ ਹੀਣ ਮਨੁੱਖ ਅੱਗੇ ਖਮੋਸ਼ ਰਹਿਣਾ ਠੀਕ ਹੈ। ਦਿਲ ਦੇ ਪੱਥਰ ਤੇ ਰੱਬੀ ਵਿਚਾਰ ਦੇ ਜਿਹੜੇ ਗਾਹਕ ਨਹੀਂ ਹਨ ਉਨ੍ਹਾਂ ਦੇ ਪਿਛੇ ਮਾਇਆ ਦੀ ਇਛਾ ਕਰਕੇ ਘੁੰਮਦਾ ਨਾ ਫਿਰ। ਜਿਹੜੇ ਮਹਾਂਪੁਰਸ਼ ਆਪਣੀ ਸੰਜਮ ਅਤੇ ਜ਼ਿਹਨੀ ਸੁਚਤਾ ਵਿੱਚ ਪੂਰੇ ਹਨ ਭਾਵ ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਰਹਿਣੀ ਰਹਿਤ ਵਿਚ ਤੱਤਪਰ ਹੈ, ਚਿਤ ਚਾਹੇ ਤਾਂ ਬੇਸ਼ਕ ਉਨ੍ਹਾਂ ਦੇ ਚਰਨ ਚੁੰਮ ਲੈ ॥299॥

ਕਬਿਤ।।

ਦਰਦ ਦਰੇੜ ਤੇਰੇ ਵਾਸਤੇ ਤਿਆਰ ਫੇਰ  ਮਨ ਦੇ ਤਰੰਗ ਕਰ ਰਚ ਬਹੇਂ ਰੰਗ ਜੇ।

ਆਪਣੀ ਸਹੇੜ ਕਰ ਸਖਤ ਸਜਾਇ ਸਹੇਂ  ਦੇਹੀ ਪਾਏਂ ਫੇਰ ਕਰੇਂ ਬਿਸਿਆਂ ਦਾ ਸੰਗ ਜੇ।

ਲਾਂਨਤ ਹਜਾਰ ਸਿਰਿ ਭੌਂਦੂਆ ਨਦਾਂਨ ਤੇਰੇ  ਬਣਿਆਂ ਫਕੀਰ ਚਾਹੇਂ ਦਰ ਦਰ ਮੰਗ ਜੇ।

 ਸਾਧ ਸਤੀ ਸੂਰਮਾਂ ਕਿਉਂ ਹੋਏ ਭਗਵਾਂਨ ਦਾਸ  ਦੇਖ ਦਸਤੂਰ ਲੋਕ ਹੋਵਣ ਨ ਦੰਗ ਜੇ।।300।।

 

ਪਦ ਅਰਥ :- ਦਰਦ ਦਰੇੜ=ਦੁੱਖ ਦੀ ਦਰੇੜ। ਤਰੰਗ=ਫੁਰਨਾ। ਰੰਗ=ਪਿਆਰ। ਸਤੀ=ਦਾਨੀ। ਸੂਰਮਾਂ=ਬਹਾਦਰ।

ਅਰਥ :- ਦੁਖ ਤਕਲੀਫਾਂ ਤੈਨੂੰ ਦਰੜ ਦੇਣ ਨੂੰ ਤਿਆਰ ਹਨ, ਜੇਕਰ ਮਨ ਦੇ ਪਿੱਛੇ ਲਗ ਕੇ ਝੂਠੇ ਪਿਆਰ ਵਿਚ ਫਸੇਂਗਾ, ਜੇਕਰ ਵਿਸ਼ੇ ਵਿਕਾਰਾਂ ਦੀ ਸੰਗਤ ਕਰੇਂਗਾ ਤਾਂ ਕਰੜੀ ਸਜ਼ਾ ਭੁਗਤੇਂਗਾ ਤੇ ਮੁੜ-ਮੁੜ ਜਨਮ ਲੈਣਾ ਪਊ। ਐਸੀ ਫਕੀਰੀ ਨੂੰ ਲਾਹਨਤ ਹੈ ਜੇ ਦਰ-ਦਰ ਦੇ ਟੁਕੜੇ ਮੰਗਦਾ ਫਿਰਦਾ ਹੈ।॥300॥ ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਧ, ਦਾਨੀ ਤੇ ਬਹਾਦਰ, ਇਨ੍ਹਾਂ ਤਿੰਨਾਂ ਦਾ ਹੋਣਾ ਤਦੋਂ ਮੰਨਿਆ ਜਾਂਦਾ ਹੈ ਜੇ ਦਸਤੂਰ ਨੂੰ ਦੇਖ ਕੇ ਲੋਕ ਦੰਗ ਨਾ ਰਹਿ ਜਾਣ ॥300॥

ਕਬਿਤ।।

ਹੋਵਣਾ ਫਨਾਹ ਜੀਵ ਸਚ ਪਰਤੀਤ ਕਰ  ਖਚਤ ਕਿਉ ਹੋਇ ਰਿਹਾਂ ਕੂੜ ਦੇ ਹੁਲਾਸ ਮੇਂ।

ਝੂਠ ਇਹੁ ਰਚਨਾ ਬਣਾਵਟ ਤਮਾਂਮ ਜਾਣੁ  ਫਸ ਨਾਂ ਨਦਾਂਨ ਬੈਠੁ ਬਿਸੇ ਵਾਲੀ ਫਾਸ ਮੇਂ।

ਰਸ ਲਿਆ ਚਾਹੁਦਾ ਜੇ ਅਮਰ ਅਨੰਦਗੀ ਦਾ  ਰੂਹ ਲਲਚਾਇ ਨਾ ਕੁੜੱਕੀ ਦੇ ਗਰਾਸ ਮੇਂ।

ਸਮਝ ਲਗਾਇ ਕਰ ਦੇਖ ਭਗਵਾਂਨ ਦਾਸ  ਪਰਮ ਅਪਾਰ ਸੁਖ ਹੋਵਣ ਨਰਾਸ ਮੇਂ ।।301।।

 

ਪਦ ਅਰਥ :-ਫਨਾਹ=ਨਾਸ਼। ਹੁਲਾਸ=ਖੁਸ਼ੀ। ਤਮਾਮ=ਸਾਰੀ। ਫਾਸ=ਫਾਹੀ। ਅਮਰ ਅਨੰਦਗੀ=ਸਦਾ ਰਹਿਣ ਵਾਲੀ ਖੁਸ਼ੀ। ਕੜੱਕੀ ਦਾ ਗਰਾਸ=ਜੀਵਾਂ ਦੇ ਫਸਾਉਣ ਦਾ ਯੰਤ੍ਰ। ਅਪਾਰ ਸੁਖ=ਉਹ ਸੁਖ ਜਿਸਦਾ ਪਾਰ ਨਹੀਂ। ਨਰਾਸ=ਤਿਆਗ।

ਅਰਥ :- ਇਸ ਜੀਵ ਨੇ ਅੰਤ ਖਤਮ ਹੋਣਾ ਹੈ। ਝੂਠੀ ਖੁਸ਼ੀ ਵਿੱਚ ਕਿਸ ਕਰਕੇ ਖੱਚਤ ਹੋ ਰਿਹਾ ਹੈ? ਇਹ ਸਾਰੀ ਰਚਨਾ ਦੀ ਜੋ ਬਣਾਵਟ ਹੈ ਇਸ ਨੂੰ ਝੂਠ ਸਮਝ, ਹੇ ਨਦਾਨ! ਵਿਸ਼ੇ ਵਿਕਾਰਾਂ ਦੀ ਫਾਹੀ ਵਿਚ ਨਾ ਫਸ। ਜੇ ਸਦਾ ਕਾਇਮ ਰਹਿਣ ਵਾਲੀ ਖੁਸ਼ੀ ਦਾ ਅਨੰਦ ਲੈਣਾ ਚਾਹੁੰਦਾ ਹੈਂ ਤਾਂ ਰੂਹ ਨੂੰ ਝੂਠੇ ਲਾਲਚ ਵਿਚ ਫਸਣ ਤੋਂ ਬਚਾ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਦੁਨੀਆਂ ਤੋਂ ਨਿਰਾਸ ਹੋਣ ਵਿਚ ਬੜਾ ਅਨੰਦ ਹੈ, ਜ਼ਰਾ ਸੋਚ ਸਮਝ ਕੇ ਦੇਖ ਤਾਂ ਸਹੀ ।।301।।

ਕਬਿਤ।।

ਬੇਲਾ ਇਹੁ ਟਕਾਉ ਦਾ ਹੈ ਨਾਮ ਮੇਂ ਨਵਾਸ ਕਰ  ਬਖਤ ਬਤੀਤ ਤੇ ਨਾ ਪਾਏਂ ਐਸਾ ਬ੍ਹੇਲ ਤੂੰ।

ਹਥ ਪਟਕਾਂਵਦਾ ਰਹ ਜਾਏਂਗਾ ਨਦਾਂਨ ਫਿਰ  ਬਿਸਿਆਂ ਬਕਾਰਾਂ ਬਿਚਿ ਰਿਹ੍ਹਾਂ ਅਬ ਮ੍ਹੇਲ ਤੂੰ।

ਪਾਗਲ ਤੁਫਾਨੀ ਪੁੱਠੀ ਇਲਤ ਸਹੇੜਦਾ ਹੈਂ  ਕੂੜ ਟਕਸਾਲ ਵਾਲੀ ਸਚ ਮਨ ਖ੍ਹੇਲ ਤੂੰ।

ਹੋਇਆਂ ਮਗਰੂਰ ਬਿਚ ਐਸਾ ਭਗਵਾਂਨ ਦਾਸ  ਡਾਢਾ ਕਰੇਂ ਸੋਰੁ ਜਦੋਂ ਪਵੇਂ ਵਿਚ ਜੇਹਲ ਤੂੰ।।302।।

 

ਪਦ ਅਰਥ :- ਨਵਾਸ=ਟਿਕਾਣਾ।  ਬ੍ਹੇਲ=ਸਮਾਂ। ਹਥ ਪਟਕਾਂਵਦਾ=ਪਛਤਾਉਂਦਾ। ਮ੍ਹੇਲ=ਮਿਲਿਆ ਜਾਂ ਖੱਚਤ ਹੋਇਆ।

                ਟਕਸਾਲ=ਸਿੱਕੇ ਘੜਨ ਦੀ ਥਾਂ। ਮਗਰੂਰ=ਹੰਕਾਰੀ। ਸੋਰੁ=ਰੌਲਾ। ਜੇਹਲ=ਮਾਤਾ ਦਾ ਗਰਭ।

ਅਰਥ :- ਐਸਾ ਅਮੋਲਕ ਸਮਾਂ ਤੈਨੂੰ ਫਿਰ ਨਹੀਂ ਮਿਲੇਗਾ। ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਕਰ ਅਤੇ ਆਪਣੀ ਬਿਰਤੀ ਨੂੰ ਜੋੜ। ਸਿਮਰਨ ਨੂੰ ਭੁਲਾ ਕੇ ਵਿਸ਼ੇ ਵਿਕਾਰਾਂ ਵਿਚ ਖਚਤ ਹੋ ਰਿਹਾ ਹੈਂ। ਫੇਰ ਪਛਤਾਵੇ ਤੋਂ ਬਿਨਾਂ ਤੇਰੇ ਪੱਲੇ ਕੁਝ ਨਹੀਂ ਰਹਿ ਜਾਣਾ। ਝੂਠੀ ਦੁਨੀਆਂ ਦੀ ਟਕਸਾਲ ਨੂੰ ਸੱਚ ਮੰਨ ਕੇ ਇਸ ਵਿਚ ਸੁਦਾਈ ਹੋਇਆ ਪੁੱਠੀ ਖੇਲ੍ਹ ਖੇਲ੍ਹ ਰਿਹਾ ਹੈਂ। ਹੰਕਾਰ ਕਰਕੇ ਜੰਮਣ ਮਰਨ ਦੇ ਗੇੜ ਵਿਚ ਪਿਆ ਹੋਇਆ ਹੈਂ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਜਦੋਂ ਮਾਂ ਦੇ ਗਰਭ ਵਿਚ ਜਾਏਂਗਾ ਉਦੋਂ ਦੁਖੀ ਹੋ ਕੇ ਪੁਕਾਰ ਕਰੇਂਗਾ॥302॥

ਕਬਿਤ।।

ਮਾਇਆ ਦੇ ਜੰਜਾਲ ਜਾਲ ਅਕਲ ਭੁਲਾਈ ਐਸੀ  ਮਰਮ ਬਸਾਰ ਲਗਾਂ ਮਗਰ ਸਤਾਂਨ ਤੂੰ।

ਕਮਲਿਆ ਰੋਗ ਕਿਉਂ ਬਿਹਾਝਦਾ ਹੈਂ ਜਾਣ ਬੁਝ  ਹੋਂਵਦਾ ਫਨਾਹ ਅਂਖੀ ਦੇਖਦਾਂ ਜਹਾਂਨ ਤੂੰ।

 ਹੱਸ ਰੱਸ ਹੁਣ ਬਿਸੇ ਬਦੀਆਂ ਬਕਾਰ ਬਿਚ  ਜਾਣ ਕੇ ਸਰੀਰ ਥਿਰ ਹੋਇਆਂ ਗਲਤਾਂਨ ਤੂੰ।

ਪੈਣਗੇ ਪਵਾੜੇ ਜਦੋਂ ਫੇਰ ਭਗਵਾਂਨ ਦਾਸ  ਧਾਹਾਂ ਮਾਰ ਰੋਏਂਗਾ ਜਾਂ ਹੋਏਂਗਾ ਵਰਾਨ ਤੂੰ।।303।।

 

ਪਦ ਅਰਥ :-ਬਿਹਾਝਦਾ=ਸਹੇੜਦਾ। ਫਨਾਹ=ਖ਼ਤਮ। ਥਿਰ=ਰਹਿਣ ਵਾਲਾ। ਗਲਤਾਨ=ਖੱਚਤ। ਧਾਹਾਂ=ਉੱਚੀ-ਉੱਚੀ ਰੋਣਾ।

ਅਰਥ :- ਹੇ ਬੰਦੇ! ਮਾਇਆ ਦੇ ਜੰਜਾਲ ਨੇ ਤੇਰੀ ਐਸੀ ਮੱਤ ਮਾਰ ਛੱਡੀ ਹੈ ਕਿ ਭੇਤ ਵਾਲੀ ਗੱਲ ਛੱਡ ਕੇ ਸ਼ੈਤਾਨ ਦੇ ਮਗਰ ਲੱਗ ਰਿਹਾ ਹੈਂ। ਸ਼ੁਦਾਈਆ ! ਰੋਗ ਰੂਪ ਸੰਸਾਰ ਵਲ ਕਿਉਂ ਖੱਚਤ ਹੋ ਰਿਹਾ ਹੈਂ, ਜਦੋਂ ਆਪਣੀਆਂ ਅੱਖਾਂ ਨਾਲ, ਇਸ ਨੂੰ ਤੁਰੇ ਜਾਂਦਾ ਦੇਖ ਰਿਹਾ ਹੈਂ। ਇਸ ਦੇਹ ਨੂੰ ਸਦਾ ਰਹਿਣ ਵਾਲੀ ਜਾਣ ਕੇ ਹੱਸ ਹੱਸ ਵਿਸ਼ੇ ਵਿਕਾਰਾਂ ਵਿਚ ਫਸ ਰਿਹਾ ਹੈਂ। ਘਾਟੇ ਵਾਲੇ ਕੰਮ ਕਰਕੇ ਖਰਾਬ ਹੋਈਦਾ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਜਦੋਂ ਕੀਤੇ ਬੁਰੇ ਕਰਮਾਂ ਦਾ ਫਲ ਸਾਹਮਣੇ ਆਵੇਗਾ ਤਦੋਂ ਧਾਹਾਂ ਮਾਰ ਕੇ ਰੋਏਂਗਾ॥303॥

ਕਬਿਤ।।

ਪਕੜ ਕਨਾਰਾ ਨ ਬਣਾਵਟ ਦੇ ਵਿਚ ਆਂਈ  ਕਹਣਾ ਰਹਣਾ ਦੁਨੀਆਂ ਦਾ ਮਿਥਿਆ ਬਿਹਾਰੁ ਹੈ।

 ਕਈ ਇਉਂ ਆਖਦੇ ਹੈਂ ਹੱਕੁ ਇਹੁਦਾ ਮਾਇ ਬਾਪੁ  ਕਈ ਮੂਹੋਂ ਬੋਲ ਰਹੇ ਹੱਕੁ ਇਹਦਾ ਨਾਰ ਹੈ।

ਆਪਣੇ ਸਰੀਰ ਬਿਚ ਹੱਕੁ ਨਂਹੀ ਸਾਬਤੁ ਜਾਂ  ਦੂਸਰੇ ਮੇ ਹੱਕੁ ਜਾਣ ਫਸਣਾ ਬਕਾਰ ਹੈ।

ਕੂੜ ਬਕਬਾਦ ਹੋਰ ਸਭ ਭਗਵਾਂਨ ਦਾਸ  ਹੱਕ ਸਚੁ ਇਸ ਦਾ ਬ੍ਰਹਮ ਦੀ ਬਚਾਰ ਹੈ।।304।।

 

ਪਦ ਅਰਥ : ਬਣਾਵਟ=ਝੂਠੀ ਬਣਤ। ਮਿਥਆ=ਝੂਠਾ। ਹੱਕੁ=ਸੱਚ। ਕੂੜ ਬਕਬਾਦ=ਝੂਠਾ ਦਿੱਸਣਾ।

ਅਰਥ : ਇਸ ਧੋਖੇ ਤੇ ਬਨਾਵਟ ਦੀ ਦੁਨੀਆਂ ਵੱਲ੍ਹੋਂ ਕਿਨਾਰਾ ਕਰ, ਇਹ ਦੁਨੀਆਂ ਦਾ ਵਿਹਾਰ ਐਵੇਂ ਹੀ ਹੈ। ਕਈ ਕਹਿੰਦੇ ਹਨ ਕਿ ਮਾਂ ਪਿਓ ਦਾ ਪਿਆਰ ਸੱਚਾ ਹੈ, ਤੇ ਕਈ ਕਹਿੰਦੇ ਹਨ ਕਿ ਇਸਤਰੀ ਦਾ ਪਿਆਰ ਸੱਚਾ ਹੈ, ਜਦੋਂ ਕਿ ਦੇਹ ਦਾ ਪਿਆਰ ਹੀ ਝੂਠਾ ਹੈ ਤਾਂ ਹੋਰ ਕਿਸੇ ਦਾ ਪਿਆਰ ਇਸ ਦਾ ਕੀ ਸਵਾਰੇਗਾ ਰਾਜਾ ਸਾਹਿਬ ਕਥਨ ਕਰਦੇ ਹਨ ਕਿ ਸੱਚਾ ਤੇ ਸਹੀ ਪਿਆਰ ਤਾਂ ਭਾਈ ! ਬ੍ਰਹਮ ਦੀ ਵੀਚਾਰ ਹੀ ਹੈ॥303॥

ਕਬਿਤ।।

ਆਈ ਨਾਂ ਨਦਾਂਨ ਮਤਿ ਬਿਸੇ ਉਨਮਤ ਹੋਇ  ਕਰੇਂ ਕਰਤਬ ਤੂੰ ਜਨੌਰ ਜੜ ਪਸਦੇ।

ਬੈਠ ਕੇ ਕਨਾਰੇ ਬਿਚ ਆਪਣੇ ਹਿਸਾਬ ਲਾਉ  ਬਾਸਨਾਂ ਦੇ ਮਾਰੇ ਕੁਤੇ ਬਿਲੇ ਕਾਉਂ ਫਸਦੇ।

ਹੋਇਆਂ ਕਿਉ ਹੈਰਾਂਨ ਤੇ ਬੇਹੋਸ ਤੂੰ ਖਮੋਸ ਹੁਣ  ਮਾਂਣਸ ਧਰਾਇਆ ਨਾਮੁ ਬਾਧਾ ਕੀ ਹੈ ਦਸਦੇ।

ਸੰਜਮ ਸਫਾਈ ਕਰ ਸਾਂਤ ਭਗਵਾਂਨ ਦਾਸ  ਖੌਂਸੜਾ ਹਜਾਰੁ ਮਾਰੁ ਬਿਸੇ ਬਾਲੇ ਰਸਦੇ।।305।।

 

ਪਦ ਅਰਥ :-ਉਨਮਤ=ਸ਼ੁਦਾਈ। ਪੱਸ=ਪਸ਼ੂ। ਸੰਜਮ ਸਫਾਈ=ਦਿਲ ਦੀ ਸਫ਼ਾਈ ਤੇ ਖਾਣ ਪੀਣ ਦਾ ਸੰਜਮ। ਖੌਂਸੜਾ=ਜੁੱਤੇ। ਰਸ=ਸੁਆਦ।

ਅਰਥ :- ਮੂਰਖ ਬੰਦੇ ਨੂੰ ਮੱਤ ਨਾ ਆਈ, ਵਿਸ਼ਿਆ ਵਿਚ ਮਗਨ ਹੋ ਕੇ ਪਸ਼ੂ ਜਾਨਵਰਾਂ ਵਾਲੇ ਕੰਮ ਕਰਦਾ ਹੈ। ਜ਼ਰਾ ਸੋਚੋ ਤਾਂ ਸਹੀ, ਭਾਈ ! ਕਿ ਕਾਂ ਕੁੱਤੇ ਬਿੱਲੇ ਆਦਿਕ ਕਿਸ ਕਾਰਨ ਕਰਕੇ ਇਨ੍ਹਾਂ ਜੂਨਾਂ ਨੂੰ ਭੋਗ ਰਹੇ ਹਨ, ਤਾਂ ਇਹ ਸਮਝ ਆਵੇਗਾ ਕਿ ਇਹ ਵਾਸਨਾਂ ਦੇ ਵਧੇ ਹੋਏ ਹੀ ਇਹ ਜੂਨਾਂ ਭੋਗ ਰਹੇ ਹਨ। ਮਾਇਆ ਦੇ ਨਸ਼ੇ ਦੀ ਮਸਤੀ ਵਿਚ ਬੇਖ਼ਬਰ ਹੋਏ ਜੀਵ ਤੂੰ ਆਪ ਹੀ ਦੱਸ ਖਾਂ ਕਿ ਮਨੁੱਖ ਦੇਹ ਧਾਰਨ ਕਰਨ ਦਾ ਕੀ ਵਾਧਾ ਹੈ ? ਰਾਜਾ ਸਾਹਿਬ ਉਪਦੇਸ਼ ਕਰਦੇ ਹਨ ਕਿ ਖਾਣ ਦਾ ਸੰਜਮ ਤੇ ਦਿਲ ਦੀ ਸਫ਼ਾਈ ਨਾਲ ਭਜਨ ਵਲ ਸੁਰਤੀ ਜੋੜ ਤੇ ਵਿਸ਼ੇ ਰਸਾਂ ਨੂੰ ਅਪਮਾਨ ਕਰਕੇ ਝਾੜ ਕੇ ਸਿੱਟ ਦੇਹ ॥305॥

ਕਬਿਤ।।

ਲਾਲਸਾ ਦੀ ਲੀਹ ਤੋੜ ਕਾਂਮਨਾ ਨੂੰ ਕਾਠ ਮਾਰੁ  ਫਕਰ ਸਬੂਤ ਬਣੁ ਪਹਰਿਆ ਜੇ ਚੋਲਣਾ।

ਹਿਰਸ ਹਵਾਇ ਰੋੜ ਹੱਕ ਮੇਂ ਹਿਸਾਬ ਲਾਇ  ਸਿਦਕ ਸਬੂਰੀਓ ਨਾਂ ਦੰਮੁ ਇਕੁ ਡੋਲਣਾ।

ਫੁਰਨੇ ਉਠਾਇ ਸਭ ਰੂਹ ਦੀ ਰਹੈਸ ਕਰ  ਬੈਠ ਕੇ ਕਨਾਰੇ ਜੁ ਅਸਤਬਲੁ ਖੋਲਣਾ।

ਦਿਲੋਂ ਦਰਵੇਸ ਹੋਹ ਨਦਾਂਨ ਭਗਵਾਂਨ ਦਾਸ  ਤਤੁ ਪਾਇ ਐਸਾ ਨਂਹੀ ਮੂਹੋਂ ਬਣੇ ਬੋਲਣਾ।।306।।

 

ਪਦ ਅਰਥ:- ਲਾਲਸਾ ਦੀ ਲੀਹ ਤੋੜ=ਆਹ ਮਿਲ ਜਾਏ ਔਹ ਮਿਲ ਜਾਏ ਇਹ ਸੁਭਾਅ ਛੱਡ। ਕਾਂਮਨਾ ਨੂੰ ਕਾਠ ਮਾਰੁ=ਭਾਵ, ਬੰਨ੍ਹ ਕੇ ਰੱਖ। ਹਿਰਸ ਹਵਾਇ=ਨਫਸਪ੍ਰਸਤੀ। ਹੱਕ=ਸੱਚ। ਸਿਦਕ ਸਬੂਰੀ=ਸੱਤ ਤੇ ਸੰਤੋਖ। ਰੂਹ ਦੀ ਰਹੈਸ=ਰੂਹ ਦਾ ਟਿਕਾਣਾ। ਅਸਤਬਲੁ-ਤਬੇਲਾ। ਤਤੁ=ਅਸਲੇ ਨੂੰ ਜਾਨਣਾ।

ਅਰਥ :- ਜੇਕਰ ਫਕੀਰੀ ਦਾ ਜਾਮਾ ਪਾਇਆ ਹੈ ਤਾਂ ਇਸ ਨੂੰ ਲਾਲਸਾ ਤੇ ਕਾਮਨਾ ਦੇ ਦਾਗ ਨਾ ਲੱਗਣ ਦੇਈਂ। ਇਨ੍ਹਾਂ ਨੂੰ ਦਿਲ ਵਿਚੋਂ ਦੂਰ ਕਰ ਦੇ। ਸਬਰ ਸੰਤੋਖ ਵਾਲਾ ਜੀਵਨ ਪੱਲੇ ਬੰਨ੍ਹ ਤੇ ਨਫਸ-ਪ੍ਰਸਤੀ ਨੂੰ ਵਿਚਾਰ ਦੁਆਰਾ ਖ਼ਤਮ ਕਰ ਦੇ ਤਾਂ ਭਟਕਣਾਂ ਮੁੱਕ ਜਾਵੇਗੀ। ਰੂਹ ਦੀ ਰਿਹਾਇਸ਼ ਵਾਸਤੇ ਫੁਰਨਿਆਂ ਨੂੰ ਬੰਦ ਕਰਕੇ ਉਹ ਤਬੇਲਾ ਖੋਲ੍ਹ ਜਿਥੇ ਰੂਹਾਨੀਅਤ ਦਾ ਸਬਕ ਮਿਲੇ। ਰਾਜਾ ਜੀ ਕਥਨ ਕਰਦੇ ਹਨ ਕਿ ਐਸੀ ਦਿਲ ਦੀ ਦਰਵੇਸ਼ੀ ਧਾਰਨ ਕਰ ਕਿ ਤੇਰਾ ਤੌਰ ਤਰੀਕਾ ਦੇਖ ਕੇ ਲੋਕ ਦੰਗ ਰਹਿ ਜਾਣ॥306॥

ਕਬਿਤ।।

ਛਡ ਕੇ ਨਦਾਨ ਪੁਣਾ ਅਬ ਤੂੰ ਦਨਾਈ ਫੜੁ  ਪਾਗਲੀ ਮੇਂ ਗਈ ਬਹੁ ਉਮਰ ਬਤੀਤ ਜੇ।

ਦੀਨਤਾ ਤਿਆਗ ਕੇ ਉਖਾੜ ਜੜ ਭਟਕਾ ਦੀ  ਭਰਮ ਜਖੀਰਾ ਪਟੁ ਹੋਇਆ ਹੈਂ ਅਤੀਤ ਜੇ।                                ਤਾਰਾਂ ਪਰਵਿਰਤ ਪਸਾਰ ਵਾਂਗ ਤੰਦੂਏ ਦੇ  ਬੈਠਾ ਹੋ ਬਿਹੋਸ ਫੜ ਭੌਂਦੂਆਂ ਦੀ ਰੀਤ ਜੇ।

ਪਲਟੇ ਦੇ ਗੇੜ ਖਾਏਂ ਫੇਰ ਭਗਵਾਂਨ ਦਾਸ  ਬਿਸਿਆਂ ਬਕਾਰਾਂ ਨਾਲ ਕਰੇਂਗਾ ਪਰੀਤ ਜੇ ।।307।।

 

ਪਦ ਅਰਥ :- ਦੀਨਤਾ=ਗਿਰਾਵਟ। ਜਖੀਰਾ=ਬਹੁਤ ਦਰੱਖਤਾਂ ਦਾ ਇਕੱਠ। ਅਤੀਤ=ਤਿਆਗੀ। ਪਰਵਿਰਤ=ਪਸਾਰਾ। ਪਲਟੇ ਦੇ ਗੇੜ=ਜੰਮਣ ਮਰਨ।

ਅਰਥ :- ਪਾਗਲਪੁਣਾ ਛੱਡ ਕੇ ਸਿਆਣਾ ਬਣ, ਬੇਸਮਝੀ ਵਿਚ ਤੇਰੀ ਬਹੁਤ ਉਮਰ ਬਤੀਤ ਹੋ ਗਈ ਹੈ। ਜੇਕਰ ਠੀਕ ਦੁਨੀਆਂ ਤੋਂ ਉਪਰਾਮ ਹੋਇਆ ਹੈਂ ਤਾਂ ਗਿਰਾਵਟ ਛੱਡ ਕੇ ਭਟਕਣਾਂ ਮੁਕਾ ਦੇ ਤੇ ਭਰਮਾਂ ਦੇ ਇਕੱਠ ਨੂੰ ਅੰਦਰੋਂ ਪੱਟ ਕੇ ਪਰ੍ਹੇਕਰ ਦੇ। ਮੌਤ ਨੂੰ ਭੁਲਾ ਕੇ ਤੰਦੂਏ ਦੀਆਂ ਤਾਰਾਂ ਪਰਵਿਰਤੀ ਦੀਆਂ ਤਾਰਾਂ ਖਿਲਾਰ ਕੇ ਪਾਗਲਪੁਣੇ ਦੇ ਰਾਹ ਪੈ ਗਿਆ ਹੈਂ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੇ ਵਿਸ਼ੇ ਵਿਕਾਰਾਂ ਨਾਲ ਪਿਆਰ ਕਰੇਂਗਾ ਤਾਂ ਜੰਮਣ ਮਰਨ ਦੇ ਗੇੜ ਵਿਚ ਸੁਟਿਆ ਜਾਏਂਗਾ ॥307॥

ਕਬਿਤ।।

 ਦੇਖ ਕੇ ਸਮਾਜ ਰਾਜ ਗਾਫਲ ਬਰਾਜ ਨਂਹੀ  ਸਮਝ ਨ ਲਾਜ ਕਰ ਕਾਰਜ ਕਸੂਤ ਨਾਂ।

ਪੁਤ ਪਰਵਾਰ ਨਾਰ ਜਿਤਨਾ ਬਿਹਾਰੁ ਯਾਰ  ਦਿਲ ਮੇ ਬਿਚਾਰ ਥਿਰ ਰਹਣਾ ਇਹ ਸਬੂਤ ਨਾਂ।

 ਜਹਾਂ ਹੈ ਸੰਜੋਗ ਤਹਾਂ ਹੋਂਵਦਾ ਬਜੋਗ ਰੋਗ  ਭੋਗ ਨੂੰ ਤਿਆਗ ਕਿਉ ਮਿਟਾਂਏ ਸੋਗੁ ਊਤ ਨਾਂ।

 ਬੇਲਾ ਆਖਰ ਜਦਾਈ ਨਾ ਸਹਾਈ ਭੈਣ ਭਾਈ ਮੀਤ  ਦਾਸ ਭਗਵਾਂਨ ਕਿਉ ਹੋਵੇਂ ਅਵਧੂਤ ਨਾਂ।।308।।

 

ਪਦ ਅਰਥ:- ਸਮਾਜ ਰਾਜ=ਰਾਜ ਦੀ ਸਮੱਗਰੀ। ਬਰਾਜ=ਅਵੇਸਲਾਪਣ। ਨ ਲਾਜ=ਬੇਸ਼ਰਮ। ਕਸੂਤ=ਖੋਟੇ। ਸੰਜੋਗ=ਮੇਲ। ਵਿਜੋਗ=ਵਿਛੋੜਾ। ਊਤ=ਮੂਰਖ। ਅਵਧੂਤ=ਤਿਆਗੀ।

ਅਰਥ :- ਰਾਜ ਸਮਾਜ ਦੇ ਅਹੰਕਾਰ ਵਿਚ ਕਸੂਤੇ ਬੇਸ਼ਰਮਾਂ ਵਾਲੇ ਕੰਮ ਨਾ ਕਰ। ਪੁੱਤਰ, ਇਸਤਰੀ, ਮਿੱਤਰ ਆਦਿ ਜਿਤਨਾ ਬਾਹਰ ਹੈ ਦਿਲ ਵਿਚ ਜਾਣ ਲੈ, ਇਹ ਸਬੂਤ ਨਹੀਂ ਰਹੇਗਾ। ਜਿਥੇ ਮਿਲਾਪ ਹੈ ਉਥੇ ਵਿਛੋੜਾ ਜ਼ਰੂਰ ਹੈ, ਐਸੇ ਰੋਗ ਰੂਪ ਭੋਗਾਂ ਨੂੰ ਤਿਆਗ ਕੇ ਮੂਰਖ ਦੁੱਖਾਂ ਤੋਂ ਰਹਿਤ ਕਿਉਂ ਨਹੀਂ ਹੁੰਦਾ ? ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਐਸਾ ਨਿਸਚਾ ਕਰਕੇ ਦੁਨੀਆਂ ਤੋਂ ਉਪਰਾਮ ਕਿਉਂ ਨਹੀਂ ਹੁੰਦਾ ਕਿ ਅੰਤ ਵੇਲੇ ਭੈਣ,ਭਾਈ ਮਿੱਤਰ ਕੋਈ ਵੀ ਸਹਾਈ ਨਹੀਂ ਹੋਣਾ ॥308॥

ਕਬਿਤ।।

ਤਿੰਞਣ ਦੀ ਕੁੜੀਆਂ ਮਦਰਸੇ ਦੇ ਲੜਕੇ ਜੁ  ਬਿਆਹ ਵਾਲਾ ਮੇਲੁ ਨਾ ਹਮੇਸ ਹੈ ਠਰਾਵਣਾ।

ਮੁਸਾਫਰ ਸਰਾਇ ਮੇਲਾ ਭਰਿਆ ਜਹਾਂਨ ਬਿਚ  ਬੇੜੀ ਵਾਲਾ ਪੂਰੁ ਇਹੁ ਜਰੂਰ ਛਿੜ ਜਾਵਣਾ|

ਬੁਦ ਬੁਦਾ ਨੀਰ ਇਹ ਸਰੀਰ ਨਂਹੀ ਦੇਖ ਭੁਲ  ਭਜਣੇ ਦੀ ਬਾਰ ਇਨ ਪਲੁ ਨਂਹੀ ਲਾਵਣਾ।

ਬੁਰਜ ਬਰੂਦ ਗਿਆ ਉਡ ਭਗਵਾਂਨ ਦਾਸ  ਬੀਤਿਆ ਜੋ ਬੇਲਾ ਫੇਰ ਹਥ ਨਂਹੀ ਆਵਣਾ।।309।।

 

ਪਦ ਅਰਥ :-ਤ੍ਰਿੰਞਣ ਦੀਆਂ ਕੁੜੀਆਂ=ਜੋ ਕੱਠੀਆਂ ਬੈਠ ਕੇ ਕੱਤਦੀਆਂ ਹਨ। ਬੇੜੀ ਵਾਲਾ ਪੂਰੁ=ਬੇੜੀ ਵਿਚ ਬੈਠੇ ਹੋਏ ਰਾਹੀ। ਬੁਦ ਬੁਦਾ=ਪਾਣੀ ਦਾ ਬੁਲਬੁਲਾ।

ਅਰਥ :- ਤ੍ਰਿੰਞਣ ਦੀਆਂ ਕੁੜੀਆਂ, ਮਦਰੱਸੇ ਦੇ ਮੁੰਡੇ ਤੇ ਵਿਆਹ ਦਾ ਮੇਲ, ਇਹ ਮੇਲ ਥੋੜ੍ਹੇ ਸਮੇਂ ਲਈ ਹੀ ਹੁੰਦਾ ਹੈ, ਹਮੇਸ਼ਾ ਨਹੀਂ ਬਣਿਆ ਰਹਿੰਦਾ। ਇਹ ਦੁਨੀਆਂ ਦਾ ਮੇਲਾ ਸਰਾਂ ਦੇ ਮੁਸਾਫਰਾਂ ਦੀ ਤਰ੍ਹਾਂ ਹੈ ਤੇ ਬੇੜੀ ਦਾ ਪੂਰ ਇਹ ਜ਼ਰੂਰ ਵਿਛੜ ਜਾਏਗਾ। ਇਹ ਦੇਹ ਦੀ ਮਿਆਦ ਪਾਣੀ ਦੇ ਬੁਲਬੁਲੇ ਦੇ  ਵਾਂਗ ਹੈ, ਟੁੱਟਣ ਲਗਿਆਂ ਇਸ ਨੇ ਦੇਰ ਨਹੀਂ ਲਾਉਣੀ ॥309॥

ਜਦੋਂ ਇਹ ਸਰੀਰ ਦੀ ਬਾਜ਼ੀ ਬੀਤ ਜਾਏਗੀ ਰਾਜਾ ਸਾਹਿਬ ਕਥਨ ਕਰਦੇ ਹਨ ਕਿ ਫੇਰ ਇਹ ਸਮਾਂ ਹੱਥ ਨਹੀਂ ਆਵੇਗਾ। ਇਸ ਲਈ ਇਸ ਵਿਚ ਹੁੰਦਿਆਂ ਭਜਨ ਕਰ ਲੈ ॥309॥

ਕਬਿਤ।।

ਮਾਂਣੁ ਕਿਸ ਚੀਜ ਦਾ ਤੂੰ ਕਰਦਾਂ ਕੁਮਤ ਕਰ  ਦਿਨੋ ਦਿਨ ਉਮਰ ਇਹ ਜਾਏ ਤੇਰੀ ਘਟਦੀ।

ਢਲੇ ਪੜਛਾਵਾਂ ਜਿਉਂ ਬਿਰਛ ਬਨਾਸਪਤ  ਤਿਵੇਂ ਹੀ ਤੂੰ ਜਾਣੁ ਇਹ ਖੇਲ ਕੋਈ ਝਟਦੀ।

ਗਜਦੀ ਖੜੋਇ ਸਿਰ ਐਸੀ ਬਲਵਾਨ ਮੌਤ  ਜੋਬਨ ਬੁਢੇਪੇ ਦੀਆਂ ਆਣ ਜੜਾਂ ਪਟਦੀ

ਕਰੀਏ ਉਪਾਉ ਜੇ ਅਨੇਕ ਭਗਵਾਂਨ ਦਾਸ  ਮਰਗ ਹਟਾਈ ਨਂਹੀ ਮਗਰ ਤੇ ਹਟਦੀ।।310।। 

 

ਪਦ ਅਰਥ:- ਕੁਮਤ=ਖੋਟੀ ਮੱਤ। ਗੱਜਦੀ=ਕੂਕਦੀ। ਜੋਬਨ=ਜੁਆਨੀ। ਮਰਗ=ਮੌਤ।

ਅਰਥ :- ਹੇ ਬੰਦੇ ਖੋਟੀ ਮੱਤ ਦੇ ਕਾਰਨ ਤੂੰ ਅਹੰਕਾਰ ਕਿਸ ਗੱਲ ਦਾ ਕਰਦਾ ਹੈਂ ? ਤੇਰੀ ਉਮਰ ਦਿਨੋਂ-ਦਿਨ ਘੱਟ ਰਹੀ ਹੈ। ਢਲਦੇ ਪਰਛਾਵੇਂ ਦੀ ਤਰ੍ਹਾਂ ਇਹ ਸਰੀਰ ਹੈ, ਇਸ ਨੂੰ ਕੋਈ ਥੋੜ੍ਹੇ ਸਮੇਂ ਦੀ ਖੇਲ੍ਹ ਸਮਝ। ਮੌਤ ਬੜੀ ਜ਼ੋਰ ਵਾਲੀ ਹੈ। ਜੁਆਨੀ ਤੇ ਬੁਢੇਪੇ ਦੀਆਂ ਜੜ੍ਹਾ ਪੱਟ ਕੇ ਰੱਖ ਦਿੰਦੀ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਭਾਵੇਂ ਕਿੰਨੇ ਹੀ ਉਪਾਓ ਇਸ ਤੋਂ ਬਚਣ ਦੇ ਕਰੀਏ ਇਸ ਮੌਤ ਤੋਂ ਕਿਸੇ ਤਰ੍ਹਾਂ ਭੀ ਬਚਿਆ ਨਹੀਂ ਜਾ ਸਕਦਾ ॥310॥

ਕਬਿਤ।।

ਸੁਣ ਬਾਤ ਤੂੰ ਨਦਾਂਨ ਝੂਠਾ ਜਾਣ ਕੇ ਜਹਾਂਨੁ ਸਾਰਾ  ਆਖਦਾ ਬਿਆਨ ਜੇਹੜਾ ਅੰਤਕਾਲ ਹੋਵਣਾ।

ਬਾਸਨਾਂ ਅਵਸ ਹੋਇ ਰਹਿਂਦੀ ਜੋ ਚਲਾਇਮਾਨ  ਤਿਸ ਤਕਦੀਰ ਹੋਇ ਤੁਧਨੂੰ ਵਗੋਵਣਾ।

 ਨਂਹੀ ਮਕਦੂਰ ਜਮਦੂਤ ਕੁਝੁ ਸਕੇ ਕਹ  ਸੰਗ ਕਰਤਬ ਆਪ ਆਪ ਨੂੰ ਤੈਂ ਖੋਵਣਾ।

 ਨੇਕੀ ਜੇ ਕਮਾਵੇਂ ਭਗਵਾਂਨ ਦਾਸ ਸੁਖ ਪਾਵੇਂ  ਬਦੀਆਂ ਦੇ ਬਟੇ ਪਿਆਰੇ ਬਣੂੰ ਤੈਨੂੰ ਰੋਵਣਾ।।311||

 

ਪਦ ਅਰਥ :- ਅਵਸ=ਵੱਸ ਨਾ ਆਉਣ ਵਾਲਾ। ਬਾਸਨਾਂ=ਇੱਛਾ। ਚਲਾਇਮਾਨ=ਨਾ ਟਿਕਣ ਵਾਲਾ। ਤਕਦੀਰ=ਕਿਸਮਤ। ਵਗੋਵਣਾ=ਖਰਾਬ ਕਰਨਾ। ਮਕਦੂਰ=ਕਦਰ ਕੀ ਹੈ। ਸੰਗ ਕਰਤੱਬ=ਸੱਚੀ ਕਰਨੀ ਦੁਆਰਾ। ਆਪ ਆਪ ਨੂੰ ਤੈਂ ਖੋਵਣਾ=ਭਾਵ, ਅਹੰਕਾਰ ਦੂਰ ਕਰਨਾ।

ਅਰਥ :- ਹੇ ਮੂਰਖ ਬੰਦੇ! ਇਸ ਜਗਤ ਨੂੰ ਝੂਠਾ ਜਾਣ ਕੇ ਜੋ ਅੰਤ ਵੇਲੇ ਹੋਵੇਗਾ, ਤੈਨੂੰ ਬਿਆਨ ਕਰਕੇ ਸੁਣਾਉਂਦੇ ਹਾਂ। ਚਿੱਤ ਦੀ ਵਿਰਤੀ ਜੋ ਕਦੇ ਵੱਸ ਵਿਚ ਨਹੀਂ ਆਉਂਦੀ ਸਦਾ ਚਲਾਇਮਾਨ ਰਹਿੰਦੀ ਹੈ, ਇਸ ਨੇ ਹੀ ਤਕਦੀਰ ਬਣ ਕੇ ਤੈਨੂੰ ਖਰਾਬ ਕਰਨਾ ਹੈ। ਜੇ ਨਿਸ਼ਕਾਮ ਹੋ ਕੇ ਸ਼ੁਭ ਕਰਮ ਕਰੇਂ ਤਾਂ ਜਮ ਦੀ ਕੀ ਮਜਾਲ ਹੈ ਕਿ ਕੁੱਝ ਕਹਿ ਸਕੇ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੇ ਨੇਕ ਕੰਮ ਕਰੇਂਗਾ ਤਾਂ ਸੁਖ ਪਾਏਂਗਾ। ਬਦੀਆਂ ਦੇ ਵਟੇ ਤੈਨੂੰ ਰੋਣਾ ਹੀ  ਪਵੇਗਾ॥311॥

ਕਬਿਤ।।

 ਕਾਲ ਸਿਰਦਾਰ ਜਿਨ ਲਏ ਸਭ ਮਾਰ  ਕਿਉਂ ਤਿਸ ਕੋ ਵਿਸਾਰ ਨਾਮੁ ਆਪਣਾਂ ਜਪਾਏ ਹੈਂ।

ਚਾਰ ਖਾਣੀਆਂ ਸਮੇਤ ਲਏ ਕਾਲ ਨੇ ਲਪੇਟ  ਜਾਲ ਤਾਣਿਆ ਅਮੇਟ ਬਿਚ ਤਿਸ ਦੇ ਛਪਾਏ ਹੈਂ।

ਦੇਹ ਧਾਰੀ ਜਗਤ ਮੇਂ ਮਾਰ ਲਏ ਇਸ ਨੇ  ਚਰਿੰਦੇ ਤੇ ਪਰਿੰਦੇ ਔ ਚੁਪਾਏ ਤੇ ਦੁਪਾਏ ਹੈਂ।

ਕਰੇਂ ਕਿਉਂ ਗੁਮਾਂਨ ਤੂੰ ਨਦਾਂਨ ਭਗਵਾਨ ਦਾਸ  ਕੌਣ ਤੂੰ ਬਚਾਰਾ ਐਸੇ ਖੂਹਣੀਆਂ ਖਪਾਏ ਹੈਂ ।।312।।

 

ਪਦ ਅਰਥ:- ਚਾਰ ਖਾਣੀਆਂ=ਅੰਡਜ, ਜੇਰਜ, ਸੇਤਜ, ਉਤਭੁਜ। ਚਰਿੰਦੇ=ਤੁਰਨ ਵਾਲੇ। ਪਰਿੰਦੇ=ਪੰਛੀ। ਚੁਪਾਏ=ਪਸ਼ੂ। ਦੁਪਾਏ=ਮਨੁੱਖ। ਖੂਹਣੀਆਂ=ਬੇਅੰਤ ਫੌਜ।

ਅਰਥ :- ਮੌਤ ਸਭ ਤੋਂ ਬਲੀ ਹੈ, ਜਿਸ ਨੇ ਸਭ ਨੂੰ ਮਾਰ ਲਿਆ। ਰਾਵਣ ਜਹੇ, ਹਰਨਾਖ਼ਸ਼ ਜਹੇ, ਅਹੰਕਾਰੀ ਜੋ ਆਪਣਾ ਹੀ ਨਾਮ ਜਪਾਉਂਦੇ ਸਨ, ਉਹਨਾਂ ਨੂੰ ਭੀ ਕਾਲ ਨੇ ਕਾਬੂ ਕਰ ਲਿਆ। ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ) ਦੇ ਜੀਵ ਜੰਤੂ ਸਭ ਕਾਲ ਦੀ ਲਪੇਟ ਵਿਚ ਹਨ। ਅਮੇਟ ਜਾਲ ਤਾਣ ਕੇ ਉਸ ਵਿਚ ਕਾਲ ਨੇ ਸਮੇਟ ਰੱਖੇ ਹਨ। ਜਿਤਨੇ ਭੀ ਦੇਹਧਾਰੀ ਜੀਵ (ਫਿਰਨ ਵਾਲੇ, ਪੰਛੀ, ਪਸ਼ੂ, ਮਨੁੱਖ) ਜਗਤ ਵਿਚ ਸਨ, ਸਭ ਕਾਲ ਨੇ ਮਾਰ ਲਏ ਹਨ। ਹੇ ਮਨੁੱਖ ! ਤੂੰ ਕਾਸ ਦਾ ਅਹੰਕਾਰ ਕਰਦਾ ਹੈਂ, ਰਾਜਾ ਸਾਹਿਬ ਕਥਨ ਕਰਦੇ ਹਨ ਕਿ ਇਸ ਕਾਲ ਨੇ ਤਾਂ (ਕੌਰਵਾਂ ਪਾਂਡਵਾਂ ਦੀਆਂ) ਛਾਉਣੀਆਂ ਗਰਕ ਕਰ ਦਿੱਤੀਆਂ ਹਨ ॥312॥

ਕਬਿਤ।।

ਦੁਨੀਆਂ ਦੇ ਬਿਚ ਜਦੋਂ ਗੁਜਰੇ ਸਰੀਰ ਕੋਈ  ਦੇਖ ਕਰ ਤਦੋਂ ਡਾਢੀ ਮਾਰਦਾ ਹੈਂ ਆਹ ਤੂੰ।

ਰੋਏਂ ਮਨ ਓਪਰੇ ਤੇ ਸਮਾਂ ਪਾਇ ਭੁਲ ਜਾਇ  ਸਮਝ ਨਦਾਂਨ ਕੈਸੇ ਪਿਆ ਹੈਂ ਕੁਰਾਹਿ ਤੂੰ।

ਦਿਲ ਲਾਇ ਯਾਦ ਕਰ ਆਪਣਾ ਫਨਾਹਿ ਹੋਣਿ  ਦੰਮ ਦੰਮ ਧੋਇ ਦਾਗ ਸੀਨੇ ਦੇ ਸਿਆਹਿ ਤੂੰ।

ਹੋਵੇ ਮਨਜੂਰੁ ਤੇਰਾ ਰੋਣ ਭਗਵਾਂਨ ਦਾਸ  ਪਲਕ ਬਸਾਰੁ ਨਂਹੀ ਸਚ ਦੀ ਸਲਾਹਿ ਤੂੰ।।313।।

 

ਪਦ ਅਰਥ :- ਆਹ=ਹੌਕਾ। ਕਰਾਹ=ਉਲਟੇ ਰਸਤੇ। ਸੀਨੇ ਦੇ ਸਿਆਹਿ ਦਾਗ=ਆਪਣੀਆਂ ਕਾਲੀਆਂ ਕਰਤੂਤਾਂ। ਪਲਕ= ਥੋੜ੍ਹੀ ਦੇਰ।

ਅਰਥ :- ਜਦੋਂ ਕੋਈ ਮਨੁੱਖ ਚਲਾਣਾ ਕਰਦਾ ਹੈ, ਦੇਖ ਕੇ ਹੌਕਾ ਭਰਦਾ ਹੈ ਕਿ ਮੈਂ ਭੀ ਏਸੇ ਤਰ੍ਹਾਂ ਮਰਨਾ ਹੈ। ਉਪਰੇ ਮਨ ਤੋਂ ਰੋਂਦਾ ਹੈ, ਸਮਾਂ ਪਾ ਕੇ ਤੈਨੂੰ ਇਹ ਵੇਲਾ ਭੁੱਲ ਜਾਂਦਾ ਹੈ। ਹੇ ਮੂਰਖ ! ਸਮਝ ਕਰ ਮੌਤ ਨੂੰ ਭੁਲਾ ਕੇ ਖੋਟੇ ਰਸਤੇ ਕਿਉਂ ਪੈ ਗਿਆ ਹੈ? ਆਪਣੀ ਮੌਤ ਦੇ ਸਮੇਂ ਨੂੰ ਚੇਤੇ ਕਰਕੇ ਭੈੜੇ ਕੰਮਾਂ ਤੋਂ ਬਚ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੇ ਤੂੰ ਸਤਿਸੰਗ ਦੁਆਰਾ ਸੱਚ ਦੀ ਸਲਾਹ ਉਤੇ ਤੁਰੇਂਗਾ। ਤਾਂ ਤੇਰਾ ਰੋਣਾ ਦਰਗਾਹ ਵਿਚ ਜ਼ਰੂਰ ਮਨਜ਼ੂਰ ਹੋਵੇਗਾ॥313॥

ਕਬਿਤ।।

ਹੋਇ ਕੇ ਸੁਦਾਈ ਭੋਗ ਭੋਗਦਾ ਹੈਂ ਸਤ ਜਾਣ  ਕਾਂਇਆਂ ਹੈ ਨਦਾਂਨ ਤੇਰੀ ਬਾਲੂਏ ਦੀ ਭੀਤ ਜਿਉਂ।

ਚੁਰਾਸੀ ਦੀ ਭੁਆਲੀ ਬਿਚ ਪਾਗਲਾ ਨਾਂ ਫਸ ਬੈਠੁ  ਆਪ ਨੂੰ ਬਚਾਰੁ ਹੋਇਆਂ ਨੀਤ ਤੇ ਅਨੀਤ ਕਿਉਂ।

ਤਤ ਗਿਆਨ ਮਨੋ ਨਾਸ ਬਾਸਨਾ ਤੇ ਛੈ ਹੋਇ  ਜੀਵਨ ਹੀ ਮੁਕਤ ਫਕੀਰਾਂ ਵਾਲੀ ਰੀਤ ਇਉਂ।

ਅਕ੍ਰਿਤਮ ਦੇਵ ਕੋ ਪਛਾਣ ਭਗਵਾਂਨ ਦਾਸ  ਪਕੜ ਕਨਾਰਾ ਤੂੰ ਆਕਾਰ ਕੀ ਪ੍ਰੀਤ ਸਿਉਂ।।314।।

 

ਪਦ ਅਰਥ :- ਬਾਲੂਏ ਦੀ ਭੀਤ=ਰੇਤ ਦੀ ਕੰਧ। ਭੁਆਲੀ=ਘੁੰਮਣ ਘੇਰ। ਤਤ ਗਿਆਨ=ਬ੍ਰਹਮ ਗਿਆਨ। ਮਨੋ ਨਾਸ=ਮਨ ਵੱਸ ਕਰਨਾ। ਬਾਸਨਾ ਛੈ=ਇੱਛਾ ਰਹਿਤ। ਅਕ੍ਰਿਤਮ=ਸੱਚਾ। ਆਕਾਰ=ਪਸਾਰਾ।

ਅਰਥ :- ਭੋਗਾਂ ਨੂੰ ਸੱਚੇ ਜਾਣ ਕੇ ਭੋਗਦਾ ਹੈਂ; ਹੇ ਸ਼ੁਦਾਈਆ! ਇਹ ਤੇਰੀ ਦੇਹ ਰੇਤ ਦੀ ਕੰਧ ਦੀ ਨਿਆਈਂ ਹੈ। ਵਿਸ਼ੇ ਸੁਖਾਂ ਵਿਚ ਫਸ ਕੇ ਚੌਰਾਸੀ ਦੇ ਗੇੜ ਵਿਚ ਪਾਇਆ ਜਾਏਂਗਾ। ਪਾਗਲਾ ਕਾਸ ਨੂੰ ਵਿਚਾਰਹੀਨ ਹੋ ਕੇ ਸੱਚ ਨੂੰ ਛੱਡ ਕੇ ਝੂਠ ਵਿਚ ਖੱਚਤ ਹੋਇਆ ਹੈਂ? ਜਿਨ੍ਹਾਂ ਨੇ ਮਨ ਦੀ ਵਾਸ਼ਨਾ ਦੂਰ ਕਰਕੇ ਇਸ ਤੇ ਕਾਬੂ ਪਾਇਆ ਹੈ, ਐਸੇ ਬ੍ਰਹਮ ਗਿਆਨ ਦੀ ਅਵਸਥਾ ਦੇ ਮਾਲਕ ਜੀਵਨ ਮੁਕਤ ਹਨ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸੱਚੇ ਰੱਬ ਨੂੰ ਪਛਾਣ, ਨਾਮ ਰੂਪ ਸੰਸਾਰ ਤੋਂ ਬਿਰਤੀ ਰੋਕ ਕੇ ਸੱਚ ਵਿਚ ਲਾਓ॥314॥

ਕਬਿਤੁ।।

ਦੇਹੀ ਸਭੁ ਹੱਡ ਚੰਮ ਥੁਕ ਨਾਲ ਪੂਰ ਹੋਈ  ਪੋਚਾ ਦੇਖ ਗੈਹਰ ਨਾ ਪਾਉ ਬਿਚ ਅਖ ਤੂੰ।

 ਪੰਚ ਤਤ ਪੂਤਲਾ ਸਮਾਂਨ ਸਤਾ ਏਕ ਸਭ  ਸੂਖਮ ਸਮਾਈ ਜਾਣੁ ਬਿਰਖਂੀ ਅਲਖ ਤੂੰ।

 ਨਰ ਨਾਰ ਜੰਗਲ ਜਹਾਂਨ ਜਬ ਏਕ ਰੂਪ  ਬਿਸੇ ਨੂੰ ਉਡਾਇਕੇ ਬਛੌਣਾ ਕਿਤੇ ਰਖ ਤੂੰ।

 ਐਸੀ ਜਾਣ ਏਕਤਾ ਨਦਾਨ ਭਗਵਾਂਨ ਦਾਸ  ਬਿਰਤੀ ਟਕਾਇ ਕਰ ਹੋਹ ਨਿਰਪੱਖ ਤੂੰ।।315।।

 

ਪਦ ਅਰਥ:- ਪੰਚ ਤਤ=ਅੱਪ, ਤੇਜ਼, ਵਾਯੂ, ਪ੍ਰਿਥਵੀ, ਅਕਾਸ਼। ਸਮਾਂਨ ਸਤਾ=ਇਕ ਰਸ। ਬਿਰਖਂੀ =ਬਿਰਛਾਂ ਆਦਿ ਵਿਚ। ਅਲਖ=ਬ੍ਰਹਮ। ਨਿਰਪੱਖ=ਸਭ ਨੂੰ ਸਮਾਨ ਜਾਨਣਾ।

ਅਰਥ :- ਦੇਹ ਦੇ ਅੰਦਰ ਹੱਡੀਆਂ, ਚੰਮ, ਥੁਕ ਭਰਿਆ ਹੈ। ਉੱਪਰ ਚੰਮ ਦਾ ਪੋਚਾ ਫੇਰ ਦਿੱਤਾ ਹੈ। ਇਕ ਐਸੀ ਪਲੀਤ ਚੀਜ਼ਾਂ ਦੀ ਬਣੀ ਹੋਈ ਦੇਹ ਨੂੰ ਦੇਖ ਕੇ ਅੱਖਾਂ ਵਿਚ ਵਿਸ਼ੇ ਵਾਸਨਾ ਪੈਦਾ ਕਰਦਾ ਹੈਂ। ਇਕ ਅਲਖ ਬ੍ਰਹਮ ਦੀ ਸਮਾਨ ਸੱਤਾ ਸਾਰੇ ਪੰਜਾਂ ਤੱਤਾਂ ਦੇ ਪੁਤਲਿਆਂ ਵਿਚ ਸਮਾ ਰਹੀ ਹੈ। ਵਿਸ਼ੇ ਵਾਸਨਾ ਅੰਦਰੋਂ ਦੂਰ ਕਰਕੇ ਜਿਥੇ ਚਿਤ ਚਾਹੇ ਡੇਰਾ ਕਰ ਲੈ। ਦੇ ਮਹਾਂਵਾਕ ਅਨੁਸਾਰ ਰਾਜਾ ਸਾਹਿਬ ਕਥਨ ਕਰਦੇ ਹਨ ਕਿ ਇਕ ਬ੍ਰਹਮ ਵਿਚ ਸੁਰਤ ਜੋੜ ਕੇ ਨਿਰਪੱਖ ਹੋ ਕੇ  ਵਿਚਰ॥315॥

ਕਬਿਤੁ।।

ਮਰਤਬਾ ਮਗਜ ਫਕੀਰ ਦਾ ਬਲੰਦ ਹੈ ਜੁ  ਸਮ ਦੇ ਮਕਾਂਨ ਪਰ ਸੁਰਤ ਸਿਧਾਰੀ ਹੈ।

ਰਾਉ ਰੰਕ ਏਕ ਕਰ ਜਾਣਦਾ ਹੈ ਤਹਾਂ ਫਿਰ  ਰਖਦਾ ਮੁਤਾਜ ਨਂਹੀ ਤ੍ਰਿਸਨਾ ਨਿਵਾਰੀ ਹੈ।

ਹੋਇ ਅਦੁਐਤ ਕਂਹੀ ਬਿਚਰੇ ਨ ਚਾਹ ਹੋਇ  ਏਕਤਾ ਦੇ ਵਿਖੇ ਏਕ ਰੂਪ ਨਰ ਨਾਰੀ ਹੈ।

ਬਣਾਵਟ ਉਡਾਈ ਜਿਸ ਸਾਧ ਭਗਵਾਂਨ ਦਾਸ  ਵਾਸਤਵ ਜਾਣ ਤਿਸ ਬੰਦਨਾ ਹਮਾਰੀ ਹੈ।।316।।

 

ਪਦ ਅਰਥ:- ਮਰਤਬਾ=ਦਰਜਾ। ਸਮ=ਮਨ ਦਾ ਰੋਕਣਾ। ਰਾਉ=ਰਾਜਾ। ਰੰਕ=ਗ਼ਰੀਬ। ਅਦੁਐਤ=ਦੁਬਿਧਾ। ਨ ਚਾਹ=ਨਿਰ- ਇੱਛਤ। ਵਾਸਤਵ=ਅਸਲ ਵਿਚ।

ਅਰਥ :- ਫਕੀਰ ਦਾ ਮਗਜ਼ ਬੜਾ ਉੱਚਾ ਹੈ, ਕਿਉਂਕਿ ਉਸ ਦੀ ਸੁਰਤੀ ਵਿੱਚ ਮਨ ਦਾ ਟਿਕਾਉ ਹੈ। ਉਥੇ ਅੱਪੜ ਕੇ ਛੋਟੇ ਵੱਡੇ ਅਮੀਰ ਗ਼ਰੀਬ ਨੂੰ ਇਕੋ ਜਿਹਾ ਜਾਣਦਾ ਹੈ, ਕਿਉਂਕਿ ਤ੍ਰਿਸ਼ਨਾ ਛੱਡ ਦਿਤੀ ਹੈ। ਇਸ ਲਈ ਕਿਸੇ ਦਾ ਮੁਥਾਜ ਨਹੀਂ। ਦੂਈ ਦ੍ਵੈਤ ਨੂੰ ਦਿਲੋਂ ਦੂਰ ਕਰਕੇ ਤੇ ਤ੍ਰਿਸ਼ਨਾ ਦੀ ਨਵਿਰਤੀ ਕਰਕੇ ਜਿਥੇ ਜੀ ਚਾਹੇ ਵਿਚਰੇ ਉਸ ਦੀ ਦ੍ਰਿਸ਼ਟੀ ਵਿਚ ਇਸਤਰੀ ਪੁਰਸ਼ ਦਾ ਵਿਤਕਰਾ ਨਹੀਂ ਰਹਿ ਜਾਂਦਾ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਨੇ ਬਨਾਵਟ ਦੂਰ ਕਰ ਦਿੱਤੀ ਹੈ ਨਿਸਚੇ ਜਾਣੋ ਉਸ ਨੂੰ ਅਸੀਂ ਮੱਥਾ ਟੇਕਦੇ ਹਾਂ॥316॥

ਕਬਿਤ।।

 ਸਹੀ ਏਹੋ ਪਾਂਵਦੇ ਸੁਫਾਈ ਤੇ ਖੁਦਾਈ ਵਾਲੇ  ਹਰਿ ਹਰਿ ਜਗਾ ਇਕੁ ਰਮਿਆ ਅਖੰਡ ਹੈ।

ਕਿਧਰੇ ਨਗਾਹ ਮਾਰੁ ਦਿਲ ਦੀ ਸੁਫ਼ਾਈ ਨਾਲ  ਆਪਣਾ ਹੀ ਆਪੁ ਦਿਸੇ ਜੇਤਾ ਬ੍ਰਹਮੰਡ ਹੈ।

ਛਲ ਤੇ ਛਲਿਦ੍ਰ ਨਾ ਬਿਸਾ ਹੈ ਬਕਾਰ ਤਹਾਂ  ਉਡਦਾ ਫਰੇਬ ਜਹਾਂ ਗਿਆਂਨ ਪਰਚੰਡ ਹੈ।

ਏਕ ਜੇ ਪੁਕਾਰ ਰਚੇਂ ਦੁਐਤ ਭਗਵਾਂਨ ਦਾਸ  ਅਹੰ ਬ੍ਰਹਮ ਕਹਣਾ ਤੇਰਾ ਸ੍ਰਬ ਪਖੰਡ ਹੈ।।317।।

 

ਪਦ ਅਰਥ:-ਸਹੀ=ਗਵਾਹੀ, ਦਸਖਤ। ਰਮਿਆ=ਪਰੀਪੂਰਨ ਹੋ ਰਿਹਾ। ਅਖੰਡ=ਇਕ ਰਸ। ਛਲ ਛਲਿਦ੍ਰ=ਵਲ ਫਰੇਬ। ਪਰਚੰਡ=ਪ੍ਰਕਾਸ਼। ਅਹੰ ਬ੍ਰਹਮ=ਮੈਂ ਬ੍ਰਹਮ ਹਾਂ।

ਅਰਥ :- ਸ਼ੁੱਧ ਹਿਰਦੇ ਵਾਲੇ ਰੱਬੀ ਲੋਕ ਇਸ ਆਸ਼ੇ ਦੀ ਪਕਿਆਈ ਕਰਦੇ ਹਨ ਕਿ ਇਕ ਅਖੰਡ ਬ੍ਰਹਮ ਹੀ ਸਾਰੇ ਪਰੀਪੂਰਨ ਹੈ। ਦਿਲ ਦੀ ਸਫਾਈ ਨਾਲ ਕਿਸੇ ਪਾਸੇ ਭੀ ਨਜ਼ਰ ਮਾਰ ਕੇ ਦੇਖ ਲੈ ਸਾਰੇ ਬ੍ਰਹਮੰਡ ਵਿਚ ਤੇਰਾ ਆਪਣਾ ਹੀ ਆਪ ਹੈ। ਜਿਥੇ ਗਿਆਨ ਦਾ ਪਰਕਾਸ਼ ਹੁੰਦਾ ਹੈ ਉਥੇ ਵਲ ਛੱਲ ਤੇ ਵਿਸ਼ੇ ਵਿਕਾਰ ਉੱਡ ਜਾਂਦੇ ਹਨ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਇਸ ਗੱਲ ਦਾ ਹੋਕਾ ਦੇਂਦਾ ਹੈ ਕਿ ਸਾਰੇ ਇਕੋ ਹੀ ਬ੍ਰਹਮ ਹੈ, ਫਿਰ ਦੂਜੇ ਭਾਵ ਵਿਚ ਫਸ ਬੈਠਾ ਹੈ ਤਾਂ ਮੈਂ ਬ੍ਰਹਮ ਹਾਂ ਕਹਿਣਾ ਤੇਰਾ ਇਕ ਪਖੰਡ ਹੀ ਹੈ॥317॥

ਕਬਿਤ।।

ਬਿਸਟਾ ਫਰੋਲੇਂ ਨਿਜ ਰੂਪ ਨੂੰ ਬਸਾਰ ਹੰਸ  ਆਦ ਨੂੰ ਪਛਾਣਿ ਕਿਉਂ ਬਣਿਆ ਹੈਂ ਕਾਗ ਤੂੰ।

ਆਤਮਾ ਅਵੈਬੀ ਅੰਤਵਾਹਕ ਸਰੀਰ ਲਖ  ਆਪ ਨੂੰ ਬਚਾਰ ਗਿਆਂਨ ਜਾਗਨੀ ਮੇਂ ਜਾਗ ਤੂੰ।

ਅਸਲਾ ਇਕਾਗਰ ਨਿਵਿਰਤੀ ਭੁਲਾਇ ਕਰ  ਰਚਦਾ ਕਿਉਂ ਮੂੜ ਪਰਵਿਰਤ ਦੇ ਬਾਗ ਤੂੰ।

 ਕੂੜ ਦਿਖਲਾਵੇ ਤੇ ਨਦਾਨ ਦਿਲੁ ਮੋੜ ਦੇਖੁ  ਦਾਸ ਭਗਵਾਂਨ ਹੈਂ ਬ੍ਰਹਮ ਹੀ ਬੇਦਾਗ ਤੂੰ।।318।।

 

ਪਦ ਅਰਥ :-ਬਿਸਟਾ ਫਰੋਲੇਂ=ਗੰਦਗੀ ਫਰੋਲਣਾ। ਨਿਜ ਰੂਪ=ਆਪਣਾ ਆਪ। ਅਵੈਬੀ=ਹਿੱਸਾ, ਭਾਗ, ਅੰਗ। ਵਾਹਕ=ਚਲਾਉਣ ਵਾਲਾ। ਬੇਦਾਗ=ਦਾਗ-ਰਹਿਤ।

ਅਰਥ :- ਮੋਤੀਆਂ ਦੀ ਚੋਗ ਚੁਗਣ ਵਾਲਾ ਹੰਸ ਇਹ ਚੋਗਾ ਛੱਡ ਕੇ ਕਾਗ ਦੇ ਵਿਸ਼ਟਾ ਫਰੋਲਣ ਦੇ ਸੁਭਾਅ ਨੂੰ ਗ੍ਰਹਿਣ ਕਰਦਾ ਹੈ। ਆਤਮਾ ਅੰਗਾਂ ਤੋਂ ਰਹਿਤ ਹੈ ਪਰ ਸਰੀਰ ਨੂੰ ਚਲਾਉਣ ਵਾਲੀ ਜਾਣ ਕੇ ਆਪਣੇ ਆਪ ਨੂੰ ਵਿਚਾਰ ਕੇ ਅਗਿਆਨ ਦੀ ਨੀਂਦ ਵਿਚੋਂ ਜਾਗ। ਅਸਲਾ ਇਕਾਗਰ ਹੋ ਕੇ ਨਵਿਰਤੀ ਵਲ ਧਿਆਨ ਲਾਉਣਾ ਹੈ ਪਰ ਇਹ ਜੀਵ ਮੂਰਖ ਖੱਚਤ ਹੋਣ ਦੇ ਅਡੰਬਰ ਰਚਦਾ ਫਿਰਦਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਨਦਾਨ! ਝੂਠ ਤੇ ਦਿਖਾਵੇ ਤੋਂ ਦਿਲ ਮੋੜ ਕੇ ਦੇਖ ਤੂੰ ਤਾਂ ਬ੍ਰਹਮ ਹੈਂ ਤੇ ਬੇਦਾਗ ਹੈਂ॥318॥

ਕਬਿਤ।।

ਹੋਇਆ ਹੈਂ ਜੇ ਸਾਧ ਨਾ ਉਪਾਧ ਬਿਚ ਫਸ ਬੈਠ  ਆਧ ਤੇ ਬਿਆਧ ਔ ਉਪਾਧ ਭਾਰੀ ਰੋਗ ਹੈ।

 ਬਲੁ ਆਪਣਾ ਬਚਾਰ ਤੇ ਅਵਿਦਿਆ ਅਸਾਰ ਤਜ  ਧਰਮ ਬਸਾਰ ਹੋਰ ਧਾਰਨ ਅਜੋਗ ਹੈ।

ਗੇਹੂੰ ਜਬ ਭੋਸ ਸੇ ਨਕਾਲ ਲੀਆ ਏਕ ਵੇਰ  ਤਿਸ ਹੀ ਮੇਂ ਮੇਲ ਫੇਰ ਕੈਸੇ ਕਹੋ ਜੋਗ ਹੈ।

ਤਜ ਸੰਸਾਰ ਹੋਇ ਫਕੀਰ ਭਗਵਾਂਨ ਦਾਸ  ਗਿਰ ਪੈਣਾ ਬਾਤ ਦੁਰਦਿਸਾ ਵਾਲੀ ਹੋਗ ਹੈ।।319।।

 

ਪਦ ਅਰਥ :-ਉਪਾਧ=ਐਵੇਂ ਝਗੜਾ ਖੜਾ ਕਰਨਾ। ਆਧ, ਬਿਆਧ, ਉਪਾਧ=ਤਿੰਨੇ ਤਾਪ (ਆਤਮਕ ਦੁੱਖ, ਸਰੀਰਕ ਰੋਗ, ਉਪਰੋਂ ਆ ਪਿਆ ਦੁੱਖ) ਅਵਿਦਿਆ=ਭੁਲੇਖਾ। ਅਸਾਰ=ਨਾ ਰਹਿਣ ਵਾਲਾ। ਅਜੋਗ=ਅਨੁਚਿਤ। ਦੁਰਦਿਸ਼ਾ=ਖੋਟੀ ਹਾਲਤ।

ਅਰਥ :- ਸਾਧ ਹੋ ਕੇ ਉਪਾਧੀ ਵਿਚ ਫਸਣਾਂ ਤਾਂ ਤਿੰਨੇ ਹੀ ਤਾਪ ਜੋ ਰੋਗ ਹਨ ਇਨ੍ਹਾਂ ਦਾ ਸਹੇੜਨਾ ਹੈ। ਆਪਣੀ ਸ਼ਕਤੀ ਨੂੰ  ਪਛਾਣ ਕੇ ਫਿਰ ਭੁਲੇਖੇ ਵਿਚ ਪੈਣਾ ਤਾਂ ਇਉਂ ਸਮਝੋ ਕਿ ਧਰਮ ਨੂੰ ਵਿਸਾਰ ਕੇ ਹੋਰ ਪਾਸੇ ਭਟਕਣਾ ਹੈ ਜੋ ਠੀਕ  ਨਹੀਂ। ਭੋਂ ਵਿਚੋਂ ਕਣਕ ਕੱਢ ਕੇ ਫੇਰ ਉਸੇ ਵਿਚ ਰਲਾਉਣੀ ਅਯੋਗ ਗੱਲ ਹੈ (ਭਾਵ ਘਰ ਬਾਰ ਛੱਡ ਕੇ ਫਿਰ ਪਿਛੇ ਝਾਕਣਾ ਹੈ) ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸੰਸਾਰ ਛੱਡ ਕੇ ਫਕੀਰੀ ਧਾਰਨ ਕਰਨੀ ਤੇ ਫਿਰ ਗਿਰ ਜਾਣਾ ਇਹ ਬੜੀ ਦੁਰਦਸ਼ਾ ਵਾਲੀ ਗੱਲ ਹੈ॥319॥

ਕਬਿਤ।।

 ਬ੍ਰਹਮ ਦੀ ਬਚਾਰ ਬੁਨਿਆਦਿ ਪਰ ਕਾਇਮ ਹੋਹ  ਕਲਪਤ ਕਾਂਮਨਾਂ ਬਸਾਰ ਦੇਹ ਸਾਰੀਆਂ।

ਸਚ ਦਾ ਬਪਾਰੁ ਕਰੁ ਝੂਠ ਦਾ ਤਿਆਗ ਕਰੁ  ਇੰਦ੍ਰੀ ਸੰਕੋਚ ਸਭੋ ਛਡ ਬਿਭਚਾਰੀਆਂ।

ਏਕ ਸਿਉਂ ਪ੍ਰੀਤ ਕਰ ਦੂਸਰੇ ਕੀ ਰੀਤ ਤਜ  ਸੰਗ ਤਜੇਂ ਏਕ ਕਾ ਤਾਂ ਹੋਵਣ ਖੁਆਰੀਆਂ।

ਜਾਤ ਪਾਤ ਮਾਣੁ  ਨਂਹੀ ਸੰਗ ਭਗਵਾਂਨ ਦਾਸ  ਆਖਰ ਦੀ ਵਾਰ ਕੰਮ ਆਵਣ ਸਵਾਰੀਆਂ।।320।।

 

ਪਦ ਅਰਥ:- ਕਲਪਤ ਕਾਂਮਨਾਂ=ਫਰਜ਼ੀ ਇੱਛਾਵਾਂ। ਸੰਕੋਚ=ਵੱਸ ਕਰਨਾ। ਬਿਭਚਾਰੀਆਂ=ਵਿਸ਼ੇ ਭੋਗ। ਖੁਆਰੀਆਂ=ਖਰਾਬ ਹੋਣਾ। ਸਵਾਰੀਆਂ=ਅਮਲ।

ਅਰਥ :- ਮਨੋ ਕਲਪਨਾ ਨੂੰ ਛੱਡ ਕੇ ਇਕ ਬ੍ਰਹਮ ਦੀ ਵਿਚਾਰ ਉਤੇ ਕਾਇਮ ਰਹੁ, ਵਿਸ਼ੇ ਵਿਕਾਰਾਂ ਤੋਂ ਸੰਕੋਚ ਕਰਕੇ ਝੂਠ ਦਾ ਤਿਆਗ ਕਰਕੇ ਸੱਚ ਦਾ ਵਪਾਰ ਕਰ। ਇਕ ਨਿਰੰਕਾਰ ਨਾਲ ਪਿਆਰ ਪਾਓ, ਦੂਜਿਆਂ ਦਾ ਸੰਗ ਛੱਡ ਕੇ ਇਕਾਂਤ ਰਹੁ, ਨਹੀਂ ਤਾਂ ਅੰਤ ਖੁਆਰੀ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਾਤ ਪਾਤ ਦਾ ਮਾਣ ਮਿਥਿਆ ਹੈ, ਸ਼ੁਭ ਅਮਲਾਂ ਨਾਲ ਆਪਣੇ ਆਪ ਨੂੰ ਸਵਾਰਿਆ ਅੱਗੇ ਕੰਮ ਆਊ॥320॥

 ਕਬਿਤ।।

ਈਸਰ ਉਪਾਧੀ ਅਤੇ ਜੀਵ ਹੈ ਅਵਿਦਿਆ ਮੇ  ਬੈਠਕੇ ਇਕਾਗਰ ਬਿਚਾਰ ਲੈ ਤਹਕੀਕ ਤੂੰ।

ਲਖਤਾ ਸਰੂਪ ਕੀ ਅਪਾਰ ਅਪਰੰਪਰ ਹੈ  ਦੋਨੋ ਸੇ ਬਸੇਸ ਐਸੀ ਰਖਦਾਂ ਤੁਫੀਕ ਤੂੰ।

ਵਹਾਂ ਹੈ ਨਾ ਹਮ ਤੁਮ ਦਫਤਰ ਗੁੰਮ ਸਭ  ਕਹਾਂ ਹੈ ਉਪਾਧ ਜਹਾਂ ਸੂਖਮ ਬਰੀਕ ਤੂੰ।

ਈਸ ਜੀਵ ਸੇ ਨਚਾਹ ਹੋ ਨਦਾਨ ਭਗਵਾਂਨ ਦਾਸ  ਕਰੇਂ ਚਾਹ ਕਿਸ ਦੀ ਜਾਂ ਖੁਦ ਹੈਂ ਰਫੀਕ ਤੂੰ।।321।।

 

ਪਦ ਅਰਥ :-ਉਪਾਧੀ=ਵਸਤੂ ਦੇ ਸਮਝ ਕਰਾਉਣ ਦਾ ਕਾਰਨ, ਜੋ ਵਸਤ ਤੋਂ ਭਿੰਨ ਹੋਵੇ, ਜੈਸੇ ਘਟਾ ਅਕਾਸ਼ ਨੂੰ ਘਟਾ ਪ੍ਰਗਟ ਕਰਦਾ ਹੈ, ਪਰ ਅਕਾਸ਼ ਤੋਂ ਘਟਾ ਜੁਦਾ ਹੈ। ਤਹਕੀਕ=ਅਸਲ। ਬਸੇਸ=ਵਾਧਾ। ਤੁਫੀਕ=ਸ਼ਕਤੀ, ਸਮਰੱਥਾ। ਸੂਖਮ-ਛੋਟਾ। ਰਫੀਕ=ਦੋਸਤ।

ਅਰਥ :- ਠੀਕ ਗੱਲ ਤਾਂ ਇਹ ਹੈ ਕਿ ਜੀਵ ਈਸ਼ਵਰ ਦੀ ਭਿੰਨਤਾ ਉਪਾਧੀ ਕਰਕੇ ਪ੍ਰਤੀਤ ਹੁੰਦੀ ਹੈ ਅਸਲ ਵਿੱਚ ਹੀ ਹੈ। ਸਰੂਪ ਨੂੰ ਜਾਨਣਾ ਪਰ੍ਹੇ ਤੋਂ ਪਰ੍ਹੇ ਹੈ, ਬ੍ਰਹਮ ਜੋ ਈਸ਼ਵਰ ਜੀਵ ਤੋਂ ਭੀ ਪਰ੍ਹੇ ਹੈ, ਉਸ ਨੂੰ ਜਾਨਣ ਦੀ ਸਮਰੱਥਾ ਕਰਦਾ ਹੈਂ। ਉਥੇ ਹਮ ਤੁਮ ਦੀ ਕਹਾਣੀ ਨਹੀਂ ਹੈ, ਜੋ ਬ੍ਰਹਮ ਸੂਖਮ ਤੋਂ ਸੂਖਮ ਹੈ, ਉਥੇ ਇਸ ਜੀਵ ਦਾ ਭੇਦ ਨਹੀਂ ਭਾਵ ਆਪ ਹੀ ਆਪ ਹੈ। ਜਾਂ ਤੂੰ ਖੁਦ ਹੀ ਪਿਆਰੇ ਦਾ ਸਰੂਪ ਹੈਂ। ਰਾਜਾ ਸਾਹਿਬ ਕਥਨ ਕਰਦੇ ਹਨ ਉਥੇ ਈਸ਼ਵਰ ਦੀ ਭਿੰਨਤਾ ਦਾ ਕੀ ਕਹਿਣਾ। ਹਰਿ ਜੀਵ ਤੋਂ ਦੂਰ ਨਹੀਂ, ਵਿਛੋੜਾ ਸਾਰਾ ਭਰਮ ਦਾ ਹੈ॥321

ਕਬਿਤ।।

ਖੁਦ ਖੁਦ ਗਾਂਵਦਾ ਹੈਂ ਪਿਆ ਹੀ ਤੂੰ ਰਾਤ ਦਿਨ  ਖੁਦ ਦਾ ਨਸਾਨ ਦੇਹ ਨਾਂ ਰਖੁ ਅਬ ਰੋਲ ਤੂੰ।

ਆਪਣਾ ਹੀ ਆਪ ਹੈਂ ਜਣਾਇ ਰਿਹਾਂ ਕਿਸ ਬਿਧ  ਬਲੁ ਏਹ ਫਸਾਦ ਵਾਲਾ ਦਸੁ ਸਾਰਾ ਖੋਲ ਤੂੰ।

ਮੂਰਖੁ ਬਕਾਰੀ ਭੀ ਇਹ ਕਹੇਗਾ ਮਲੀਨ ਮੱਤ  ਮੈਂ ਹੀ ਖੁਦ ਰਬੁ ਇਸ ਪੜਦੇ ਨੂੰ ਫੋਲ ਤੂੰ।

ਨਿਰਨਾ ਨਤਾਰ ਅਗੇ ਬੋਲ ਭਗਵਾਨ ਦਾਸ  ਕਿਸੇ ਦਾ ਨਾ ਘੋਲ ਪਾਂਈ ਝੇੜਾ ਰਖ ਗੋਲ ਤੂੰ।।322।।   

 

ਪਦ ਅਰਥ:- ਜਣਾਇ ਰਿਹਾਂ=ਮੈਂ ਹਾਂ ਦਾ ਭਾਵ। ਬਲੁ=ਘੁੰਡੀ। ਬਕਾਰੀ=ਐਬੀ। ਮਲੀਨ ਮੱਤ=ਮੈਲੀ ਮੱਤ ਵਾਲਾ। ਫੋਲ=ਖੋਲ੍ਹ। ਨਿਰਨਾ ਨਤਾਰ=ਨਿਰਨਾ ਕਰਕੇ, ਖੋਲ੍ਹ ਕੇ। ਝੇੜਾ-ਝਗੜਾ।

ਅਰਥ :- ਮੈਂ ਰੱਬ ਹਾਂ, ਮੈਂ ਰੱਬ ਹਾਂ, ਜੋ ਤੂੰ ਰਾਤ ਦਿਨੇ ਗਾਂਵਦਾ ਹੈਂ, ਪਰ ਤੂੰ ਦੇਹ ਨਹੀਂ ਹੈਂ, ਕਿਉਂਕਿ ਦੇਹ ਤਾਂ ਨਾਸ਼ਵਾਨ ਹੈ। ਹਰ ਗੱਲ ਵਿਚ ਆਪਾ ਭਾਵ ਜਣਾ ਰਿਹਾ ਹੈਂ; ਇਸ ਦਾ ਕੀ ਕਾਰਨ ਹੈ? ਇਹ ਖੁਦਾਈ ਦੇ ਦਾਹਵੇ ਵਾਲਾ ਜੋ ਭੇਦ ਹੈ ਇਸ ਨੂੰ ਖੋਲ੍ਹ ਕੇ ਦੱਸ। ਹੇ ਮੂਰਖ ਜੀਵ ! ਮੈਲੀ ਮਤ ਵਾਲੇ ਵਿਕਾਰਾਂ ਵਿੱਚ ਫਸੇ ਹੋਏ, ਮੈਂ ਰੱਬ ਹਾਂ ਕਹਿਣ ਵਾਲੇ ਇਸ ਭੇਦ ਨੂੰ ਜ਼ਰਾ ਖੋਲ੍ਹ। ਇਸ ਗੱਲ ਦਾ ਨਿਤਾਰਾ ਕਰਕੇ ਬੋਲੀਂ, ਇਹ ਝਗੜਾ ਨਿਰਨਾ ਕੀਤੇ ਬਿਨਾਂ ਨਹੀਂ ਮੁਕ ਸਕਦਾ॥322॥

ਕਬਿਤ।।

 ਬੋਲ ਮੂਹੋਂ ਆਖਣਾ ਸੁਖੈਨ ਜੇਹਾ ਖੁਦ ਦਾ ਹੈ  ਖੁਦੀਓਂ ਬੇਖੁਦ ਪਰੇ ਜਾਨਣਾ ਅਪਾਰ ਦਾ।

 ਮਨ ਬੁਧ ਇੰਦ੍ਰੀ ਦੇ ਬਿਸੇ ਤੇ ਹੈ ਪਰੇ ਖੁਦ  ਹਮ ਤੁਮ ਕੁਝ ਨਾ ਤਹ ਪਦੁ ਨਿਰਾਕਾਰ ਦਾ।

 ਬਾਤ ਇਹ ਬਰੀਕ ਹੈ ਨਮੂਨਿਓਂ ਨਗਾਹ ਚੱਕ  ਰੋਗ ਸੋਗ ਚਾਹ ਮਿਟੇ ਭਾਸਨਾ ਅਜਾਰ ਦਾ।

ਬਿਨਾ ਹੀ ਤਰੀਕੇ ਇਸ ਹੋਇ ਭਗਵਾਂਨ ਦਾਸ  ਖੁਦ ਨਾ ਪੁਕਾਰ ਮਤ ਬਾਜੀ ਜਾਏਂ ਹਾਰਦਾ।।323।।

 

ਪਦ ਅਰਥ :-ਸੁਖੈਨ=ਸੌਖਾ। ਖੁਦੀਓਂ=ਅਹੰਕਾਰ। ਅਪਾਰ=ਬ੍ਰਹਮ। ਨਿਰਾਕਾਰ=ਆਕਾਰ ਰਹਿਤ। ਬਰੀਕ=ਔਖੀ। ਨਮੂਨਿਓਂ=ਜੋ ਦਿਸਦਾ ਹੈ, ਭਾਸਦਾ ਨਹੀਂ। ਅਜਾਰ=ਦੁੱਖ। ਬਾਜੀ=ਮਨੁੱਖਾ ਜਨਮ ਦੀ ਖੇਡ।

ਅਰਥ :- ਖੁਦੀ ਤੋਂ ਲੰਘ ਕੇ ਬੇਖੁਦੀ ਦਾ ਅਸਥਾਨ ਹੈ, ਜਿਥੇ ਅੱਪੜ ਕੇ ਅਪਾਰ ਨੂੰ ਜਾਣਿਆ ਜਾਂਦਾ ਹੈ, ਮੂੰਹੋਂ ਮੈਂ ਬ੍ਰਹਮ ਹਾਂ ਕਹਿਣਾ ਸੌਖਾ ਹੈ। ਮਨ, ਬੁਧ ਤੇ ਇੰਦ੍ਰੀਆਂ ਦੇ ਵਿਸ਼ਿਆਂ ਤੋਂ ਪਰ੍ਹੇ ਜਿਥੇ ਹਮ ਤੁਮ ਭੀ ਨਹੀਂ ਉਥੇ ਆਕਾਰ ਰਹਿਤ ਵਾਹਿਗੁਰੂ ਦਾ ਡੇਰਾ ਹੈ। ਇਹ ਬੜੀ ਬਰੀਕ ਤੇ ਔਖੀ ਜਿਹੀ ਗੱਲ ਹੈ ਜਿਥੇ ਅੱਪੜ ਕੇ ਰੋਗ ਸੋਗ, ਇੱਛਾ ਤੇ ਦੁੱਖਾਂ ਦਾ ਆਭਾਸ ਨਹੀਂ ਹੈ। ਇਸ ਮੰਜ਼ਲ ਤੇ ਪੁੱਜੇ ਬਿਨਾਂ ਖੁਦ ਨੂੰ ਖੁਦਾ ਪੁਕਾਰਨਾ ਮਨੁੱਖ ਸਰੀਰ ਦੀ ਬਾਜ਼ੀ ਹਾਰ ਕੇ ਜਾਣਾ ਹੈ॥323॥

ਕਬਿਤੁ।।

ਭਿੰਨ ਭਿੰਨ ਦਿਸਦੇ ਹੈਂ ਜੀਵ ਅਲਪਗਤਾ ਮੇਂ  ਹਰ ਸਰਬਗ ਇਕ ਰਿਹਾ ਭਰਪੂਰ ਹੈ।

 ਜਲ ਥਲ ਮੂਰਖ ਤੇ ਚਤਰ ਮੇ ਏਕ ਰਸ  ਪਸੂਆਂ ਪਖੇਰੂਆਂ ਮੇ ਤਿਸਦਾ ਹੀ ਨੂਰ ਹੈ।

 ਐਸਾ ਨਿਰਦੋਖ ਨਿਰਦ੍ਵੰਦ ਦਿਲਦਾਰ ਹੈਂ ਤੂੰ  ਦੰਡ ਦੇਣ ਕਿਸੇ ਦਾ ਨਾ ਤੁਧ ਮਕਦੂਰ ਹੈ।

 ਦੇਹ ਕਰ ਦੁਖ ਜੇਹੜੇ ਪਾਏਂ ਭਗਵਾਂਨ ਦਾਸ  ਤੇਰਾ ਹੀ ਇਹੁ ਫੇੜੁ ਨਂਹੀ ਕਿਸੇ ਦਾ ਕਸੂਰ ਹੈ।।324।।

 

ਪਦ ਅਰਥ:- ਅਲਪਗਤਾ=ਜੀਵ। ਸਰਬਗ=ਬ੍ਰਹਮ। ਮਕਦੂਰ=ਸ਼ਕਤੀ।

ਅਰਥ :- ਇਹ ਜੀਵ ਜੋ ਇਕੱਲੇ ਦਿੱਸਦੇ ਹਨ ਇਨ੍ਹਾਂ ਸਾਰਿਆਂ ਵਿਚ ਉਹ ਸਰਬ ਕਲਾ ਸਮਰੱਥ ਹਰੀ ਹੀ ਪਰੀਪੂਰਨ ਹੋ ਰਿਹਾ ਹੈ। ਜਲਾਂ ਵਿਚ, ਥਲਾਂ ਵਿਚ, ਮੂਰਖ ਤੇ ਚਤੁਰ ਵਿਚ, ਪਸ਼ੂਆਂ ਤੇ ਪੰਛੀਆਂ ਵਿਚ ਉਸੇ ਦੀ ਹੀ ਜੋਤ ਪ੍ਰਕਾਸ਼ ਹੈ। ਉਹ ਨਿਰੰਕਾਰ ਦੋਸ਼ਾਂ ਰਹਿਤ, ਦਵੈਤ ਤੋਂ ਰਹਿਤ, ਪਿਆਰਾ ਸਭ ਨੂੰ ਦੰਡ ਦੇਣ ਦੇ ਸਮਰੱਥ ਹੈ ਪਰ ਉਸ ਨੂੰ ਕੋਈ ਦੰਡ ਨਹੀਂ ਦੇ ਸਕਦਾ। ਜਿਹੜਾ ਦੇਹ ਕਰਕੇ ਦੁੱਖ ਪਾਉਂਦਾ ਹੈਂ। ਹੇ ਜੀਵ ! ਇਹ ਤੇਰੇ ਹੀ ਆਪਣੇ ਕੀਤੇ ਕਰਮਾਂ ਦਾ ਫਲ ਹੈ॥324॥

ਕਬਿਤ।।

ਤੂੰ ਹੀ ਰਬ ਹੈਂ ਰਸੂਲ  ਤੂੰ ਹੀ ਸਰਬ ਕਾ ਮੂਲ  ਤੂੰ ਹੀ ਭੁਲ ਹੈਂ ਅਭੂਲ  ਫੂਲ ਕਾਂਟਾ ਖੁਦ ਨੂਰ ਤੂੰ

 ਤੂੰ ਹੀ ਰਾਮ ਅਵਤਾਰ  ਤੂੰ ਹੀ ਕ੍ਰਿਸਨ ਮੁਰਾਰ  ਤੂੰ ਹੀ ਧੌਲ ਅਸਵਾਰ  ਹਮਵਾਰ ਹਵਾ ਹੂਰ ਤੂੰ।

 ਮਹੰਮਦ ਜਸੂਹ ਤੂੰ ਹੀ  ਬਿਆਪਕ ਸਮੂਹ ਤੂੰ ਹੀ  ਅਲੀ ਵਲੀ ਰੂਹ ਨੂਹ  ਭਇਆ ਹੈ ਕੋਹ ਤੂਰ ਤੂੰ।

ਗੋਰਖ ਗੋਬਿੰਦ ਇੰਦ ਤੂੰ ਹੀ  ਹੈ ਨਰਿੰਦ ਜਿੰਦ ਦਾਸ ਭਗਵਾਂਨ  ਅਨਲਹਕ ਮਨਸੂਰ ਤੂੰ।।325।।

 

ਪਦ ਅਰਥ :-ਰਸੂਲ=ਰੱਬ ਦਾ ਸੁਨੇਹਾ ਦੇਣ ਵਾਲਾ। ਧੌਲ ਅਸਵਾਰ=ਸ਼ਿਵ। ਹਮਵਾਰ=ਪੱਧਰ। ਹੂਰ=ਪਰੀਆਂ। ਜਸੂਹ=ਈਸਾ। ਬਿਆਪਕ=ਸਭ ਜਗ੍ਹਾ। ਵਲੀ=ਸ਼ਕਤੀ ਵਾਲਾ। ਕੋਹ ਤੂਰ=ਸੁਰਮੇ ਦਾ ਪਹਾੜ। ਗੋਰਖ=ਜੋਗੀਆਂ ਦਾ ਗੁਰੂ। ਅਨਲਹਕ=ਮੈਂ ਰੱਬ ਹਾਂ।

ਅਰਥ :- ਤੂੰ ਹੀ ਰੱਬ ਤੇ ਰੱਬ ਦਾ ਸੁਨੇਹਾ ਦੇਣ ਵਾਲਾ ਸਾਰਿਆਂ ਦਾ ਮੂਲ ਭੁਲ ਤੋਂ ਅਭੁਲ, ਫੁਲ, ਕਾਂਟਾ ਤੇ ਪ੍ਰਕਾਸ਼ ਸਰੂਪ ਤੂੰ ਹੀ ਹੈਂ। ਰਾਮ ਕ੍ਰਿਸ਼ਨ, ਸ਼ਿਵ, ਪੱਧਰ, ਹਵਾ ਤੇ ਹੂਰਾਂ ਪਰੀਆਂ ਭੀ ਤੂੰ ਹੈਂ। ਮਹੰਮਦ, ਈਸਾ, ਸਰਬ ਵਿਆਪੀ, ਅਲ, ਵਲੀ, ਰੂਹ ਪ੍ਰਕਾਸ਼ਵਾਨ ਤੇ ਕੋਹੇਤੂਰ (ਸੁਰਮੇਂ ਦਾ ਪਹਾੜ) ਭੀ ਤੂੰ ਹੈਂ। ਗੋਰਖ ਨਾਥ ਪ੍ਰਿਥਵੀ ਨੂੰ ਜਾਨਣ ਵਾਲਾ, ਰਾਜਾ, ਕਲਬੂਤ ਵਿਚ ਜਿੰਦ ਰਾਜਾ ਸਾਹਿਬ ਕਥਨ ਕਰਦੇ ਹਨ ਕਿ ਮੈਂ ਖੁਦਾ ਹੂੰ ਦਾ ਨਾਹਰਾ ਲਾਉਣ ਵਾਲਾ ਮਨਸੂਰ ਹੋ ਕੇ ਸੂਲੀ ਤੇ ਚੜ੍ਹਨ ਵਾਲਾ ਭੀ ਤੂੰ ਹੀ ਹੈਂ॥325॥

ਕਬਿਤ।।

 ਤੌਰੇਤ ਔ ਅੰਜੀਲ ਫੁਰਕਾਨ ਤੇ ਜੰਬੂਰ ਚਾਰੇ  ਕਹਣ ਕਤਾਬਾਂ ਬੋਲ ਪਰਵੁਰਦਗਾਰ ਦੇ।

ਜੁਜਰ ਸਿਆਮ ਰਿਗਬੇਦ ਔ ਅਥਰਬਣ  ਚੌਹਨ ਕੇ ਮਹਾਵਾਂਕ ਬ੍ਰਹਮ ਹੀ ਪੁਕਾਰਦੇ।

ਨਿਆਇ ਮਮਾਨਸਾ ਬਸੇਖਖ ਪਤੰਜਲ  ਬੇਦਾਂਤ ਸਾਂਖ ਸਾਸਤ੍ਰ ਬ੍ਰਹਮ ਹੀ ਉਚਾਰਿਦੇ।

 ਬ੍ਰਹਮ ਅਦ੍ਵੈ ਬਿਨ ਦੂਸਰੋ ਨਾ ਭਯੋ ਕਛੂ  ਦਾਸ ਭਗਵਾਂਨ ਬੋਲ ਫਕਰ ਬਹਾਰ ਦੇ।। 326।।

 

ਪਦ ਅਰਥ :-ਪਰਵੁਰਦਗਾਰ=ਪਾਲਣਾ ਕਰਨ ਵਾਲਾ। ਚਾਰ ਵੇਦ ਦੇ ਮਹਾਵਾਂਕ=ਗੁਰਵਾਕ। ਅਦ੍ਵੈ=ਦ੍ਵੈਤ ਰਹਿਤ

ਅਰਥ :- ਚਾਰੇ ਕਤੇਬਾਂ ਭੀ ਸਰਬ ਦੀ ਪਾਲਣਾ ਕਰਨ ਵਾਲੇ ਦੀ ਸਿਫਤ ਕਰਦੀਆਂ ਹਨ, ਚਾਰੇ ਵੇਦਾਂ ਦੇ ਮਹਾਂਵਾਕ ਭੀ ਇਕ ਬ੍ਰਹਮ ਹੀ ਪੁਕਾਰਦੇ ਹਨ। ਛੇ ਸ਼ਾਸ਼ਤ੍ਰ ਭੀ ਇਕ ਬ੍ਰਹਮ ਦਾ ਹੀ ਉਚਾਰਨ ਕਰਦੇ ਹਨ। ਇਕ ਅਦੁੱਤੀ ਬ੍ਰਹਮ ਤੋਂ ਬਿਨਾਂ ਸਭ ਭਰਮ ਹੀ ਹੈ। ਰਾਜਾ ਸਾਹਿਬ ਕਥਨ ਕਰਦੇ ਕਿ ਰੱਬ ਦੇ ਪਿਆਰੇ ਸਦਾ ਮੌਜ ਵਿਚ ਉਸ ਦੇ ਬੋਲ ਬੋਲਦੇ ਹਨ॥326॥

ਕਬਿਤ।।

ਆਤਮਾਂ ਅਖੰਡ ਖੰਡ ਖੰਡਨ ਮੇਂ ਖੰਡ ਅਬ  ਹੋਬੇ ਤਾਂ ਅਖੰਡ ਜਬ ਜਾਣੇ ਨਿਰਾਕਾਰ ਨੂੰ।

ਆਸਕਾਂ ਦੀ ਚਾਲ ਚਲੁ ਸਿਖਿਆ ਬਚਾਰ ਏਹ  ਸਾਖੀ ਦੀ ਸਿਆਣ ਕਰੁ ਛਡਕੇ ਅਕਾਰ ਨੂੰ।

ਅਨੇਕ ਸੇ ਉਠਾਇ ਆਂਖ ਏਕ ਮੇਂ ਨਗਾਹਿ ਲਾਇ  ਬਾਸਨਾਂ ਕੋ ਰੋਕ ਮੋੜ ਮਨ ਦੀ ਮੁਹਾਰ ਨੂੰ।

ਕਹੇ ਭਗਵਾਂਨ ਦਾਸ ਬੰਦਗੀ ਹੈ ਬੰਦ ਹੋਣ  ਸੁੰਨ ਦੀ ਸਮਾਧ ਮੇ ਨਿਹਾਰਿ ਕਰਤਾਰ ਨੂੰ।।327।।

 

ਪਦ ਅਰਥ :-ਅਖੰਡ=ਨਾ ਟੁੱਟਣ ਵਾਲਾ। ਖੰਡਨ=ਟੁਟਣਾਂ। ਨਿਰਾਕਾਰ=ਆਕਾਰ ਰਹਿਤ ਬ੍ਰਹਮ। ਸਾਖੀ=ਗਵਾਹੀ। ਅਕਾਰ=ਸੰਸਾਰ। ਬਾਸਨਾਂ=ਭਟਕਣਾਂ। ਨਿਹਾਰਿ=ਦੇਖਣਾ।

ਅਰਥ :- ਆਤਮਾ ਅਖੰਡ ਹੈ ਪਰ ਦੇਹਧਾਰੀ ਹੋਣ ਕਰਕੇ ਮਨੁੱਖ ਖੰਡ ਖੰਡ ਹੋਇਆ ਪਿਆ ਹੈ ਇਸ ਨੂੰ ਅਖੰਡ ਕਰਨ ਲਈ ਨਿਰੰਕਾਰ ਨੂੰ ਜਾਨਣਾ ਬਹੁਤ ਜ਼ਰੂਰੀ ਹੈ। ਪਰ ਰੱਬ ਦੇ ਪਿਆਰਿਆਂ ਦੀ ਚਾਲ ਚਲ ਕੇ ਇਹ ਸਿਖਿਆ ਪ੍ਰਾਪਤ ਕੀਤੀ ਤੇ ਆਕਾਰ ਰੂਪ ਸੰਸਾਰ ਤੋਂ ਬਿਰਤੀ ਚੁਕ ਕੇ ਬ੍ਰਹਮ ਦੀ ਪਛਾਣ ਕਰਨੀ ਚਾਹੀਦੀ ਹੈ। ਮਨ ਦੀਆਂ ਮੁਹਾਰਾਂ ਮੋੜ ਕੇ ਅਨੇਕਤਾ ਤੋਂ ਨਜ਼ਰ ਰੋਕ ਨਿਰਵਾਸ਼ ਹੋ ਕੇ ਇੱਕ ਨੂੰ ਜਾਣ। ਰੱਬ ਦੀ ਬੰਦਗੀ ਕਰਨਾ ਬੰਦ ਹੋਣ ਦੇ ਤੁਲ ਹੈ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਸੁੰਨ ਸਮਾਧ (ਅਫੁਰ) ਵਿਚ ਕਰਤਾਰ ਨੂੰ ਦੇਖੀਦਾ ਹੈ ॥327॥

 

ਕਬਿਤ।।

ਅਸਲਾ ਅਛੇਦ ਰੂਪ ਹੀਏ ਮੇਂ ਹਿਸਾਬ ਲਾਉ  ਵਜਾ ਕਿਸ ਜੀਵ ਹੋਇ ਪਾਵਦਾਂ ਅਜਾਰ ਤੂੰ।

ਫੁਰਨੇ ਫਲਾਰ ਗਿਆ ਆਤਮਾਂ ਅਭੇਦ ਭੁਲ  ਇਸ ਬਿਧਿ ਮੁਠਿਆ ਹੈਂ ਅੜਦ ਬਜਾਰ ਤੂੰ।

ਬਿਭਚਾਰਨੀ ਜਿਉਂ ਨਾਰ ਹੋਇ ਛਡਕੇ ਸੁਭਾਉ ਸੀਲ  ਤਿਵੇਂ ਹੀ ਬ੍ਰਹਮ ਤੇ ਹੈਂ ਜੀਵ ਬਿਚਕਾਰ ਤੂੰ।

ਅਜੇ ਭੀ ਬਚਾਰ ਨਿਜ ਰੂਪ ਭਗਵਾਂਨ ਦਾਸ  ਲੱਜਤ ਜਹਾਂਨ ਦੀ ਦੇ ਪਾਉ ਸਿਰਿ ਛਾਰ ਤੂੰ।।328।।

 

ਪਦ ਅਰਥ :-ਅਛੇਦ=ਨਾ ਛੇਦਿਆ ਜਾਣ ਵਾਲਾ। ਅਜਾਰ=ਦੁੱਖ। ਫਲਾਰ=ਪਸਾਰ ਕੇ। ਮੁਠਿਆ=ਲੁਟਿਆ। ਅੜਦ=ਅਟਕਾਂ ਪੈਣ ਵਾਲਾ। ਲੱਜਤ=ਸੁਆਦ।

ਅਰਥ :- ਤੇਰਾ ਅਸਲਾ ਛੇਦਨ ਨਹੀਂ ਕੀਤਾ ਜਾ ਸਕਦਾ, ਮਾਇਆ ਦੀ ਉਪਾਧੀ ਕਰਕੇ ਜੀਵ ਭਾਵ ਹੋ ਕੇ ਦੁੱਖ ਪਾ ਰਿਹਾ ਹੈ। ਫੁਰਨਿਆਂ ਦੇ ਪਸਾਰੇ ਕਰਕੇ ਆਤਮਾ ਜੋ ਅਭੇਦ ਹੈ ਉਸ ਨੂੰ ਭੁੱਲ ਗਿਆ ਹੈ ਇਸ ਕਾਰਨ ਲੁੱਟਿਆ ਜਾ ਰਿਹਾ ਹੈ। ਅੱਗੇ ਉਦਾਹਰਣ ਦਿੰਦੇ ਹਨ ਕਿ ਜਿਵੇਂ ਬਿਭਚਾਰਨ ਇਸਤ੍ਰੀ ਸੀਲ ਸੁਭਾਅ ਛਡ ਕੇ ਚੰਚਲ ਮਤਵਾਲੀ ਹੋ ਜਾਂਦੀ ਹੈ ਏਸੇ ਤਰ੍ਹਾਂ ਜੀਵ ਬ੍ਰਹਮ ਤੋਂ ਵਿਛੜ ਕੇ ਮਾਇਆ ਦੀ ਉਪਾਧੀ ਕਰਕੇ ਚੰਚਲ ਹੋ ਜਾਂਦਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਹਾਲੇ ਵੀ ਆਪਣੇ ਸਰੂਪ ਦੇ ਵਿਚਾਰਨ ਦਾ ਸਮਾਂ ਹੈ ਸੰਸਾਰਿਕ ਸੁਆਦਾਂ ਦੇ ਸਿਰ ਸੁਆਹ ਪਾ ਅਤੇ ਆਪਣੇ ਸ੍ਵੈ-ਸਰੂਪ ਦੀ ਪੜਚੋਲ ਕਰ॥328॥

 

ਕਬਿਤ।।

ਹੋਇ ਨਿਰਪੱਛ ਸਭੋ ਏਕ ਹੀ ਫਕੀਰ ਜਾਣ  ਦੁਐਤ ਨਂਹੀ ਕੋਇ ਕਰ ਦੇਖ ਲੈ ਸਨਾਸ ਤਾਂ।

ਬ੍ਰਹਮਚਾਰੀ ਓਹੁ ਜੇਹੜਾ ਬ੍ਰਹਮ ਦੀ ਬਚਾਰ ਕਰੇ  ਹੋਂਵਦਾ ਉਦਾਸੀ ਹੋਇ ਮਾਇਆ ਤੇ ਉਦਾਸ ਤਾਂ।

ਅਸਲ ਤਰੀਕਾ ਤਤ ਏਹੋ ਸੁੰਨਿਆਸੀਆਂ ਦਾ  ਆਸ ਬਾਸ ਤਿਆਗ ਕਰ ਹੋਵਣਾ ਨਰਾਸ ਤਾਂ।

 ਬਣਾਵਟ ਉਡਾਇ ਜਬ ਦੇਖੀ ਭਗਵਾਂਨ ਦਾਸ  ਨਿਕਲੀ ਨਾ ਦੁਐਤ ਦਰਵੇਸ ਇਕ ਖਾਂਸ ਤਾਂ।।329।।

 

ਅਰਥ :-  ਰਾਜਾ ਸਾਹਿਬ ਜੀ ਅਸਲ ਫਕੀਰ ਦੀ ਪਛਾਣ ਦੱਸਦਿਆਂ ਫੁਰਮਾਨ ਕਰਦੇ ਹਨ ਕਿ ਜਿਹੜਾ ਪੱਖਪਾਤ ਰਹਿਤ ਹੋਵੇ ਜਿਸ ਵਿਚ ਦੂਈ ਦਵੈਤ ਭਾਵ ਨਾ ਹੋਣ, ਜਿਹੜਾ ਸਾਰਿਆਂ ਪ੍ਰਤੀ ਸਮਾਨ ਭਾਵਨਾਵਾਂ ਰੱਖੇ ਉਹ ਅਸਲ ਫਕੀਰ ਹੈ। ਅਸਲ ਬ੍ਰਹਮਚਾਰੀ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੋਵੇ। ਜਿਹੜਾ ਮਾਇਆ ਵਿਚ ਰਹਿ ਕੇ ਵੀ ਮਾਇਆ ਤੋਂ ਰਹਿਤ ਹੋਵੇ ਉਹ ਅਸਲ ਉਦਾਸੀ ਹੈ। ਸੰਨਿਆਸੀਆਂ ਦੇ ਸਨਿਆਸ ਦਾ ਇਹ ਨਿਚੋੜ ਹੈ ਕਿ ਜੋ ਆਸਾ ਤੇ ਵਾਸ਼ਨਾ ਛੱਡ ਕੇ ਨਰਾਸ ਹੋ ਰਹੇ। ਜਦ ਦਿਲ ਵਿਚੋਂ ਦੂਈ ਦਾ ਪੜਦਾ ਦੂਰ ਹੋ ਗਿਆ ਤਾਂ ਦਰਵੇਸ਼ ਦਾ ਅਸਲੀ ਸਰੂਪ ਦਿਸ ਪਿਆ॥329॥

ਕਬਿਤ।।

ਦਾਨੇ ਦਰਵੇਸ ਜੁ ਹਮੇਸ ਹੈਂ ਕਲੇਸ ਬਿਨ  ਸਮਝ ਨਰੇਸ ਇਹ ਬਸੇਸ ਹੈਂ ਬਚਾਰ ਮੇ।

ਕੈਸੇ ਹੈਂ ਅਤੀਤ ਚੀਤ ਨਂਹੀ ਜਿਨ ਹਾਰ ਜੀਤ  ਰੀਤ ਮੇ ਨਾ ਨੀਤ ਹੈ ਪ੍ਰੀਤਿ ਦਿਲਦਾਰ ਮੇ।

ਲੈਂਦੇ ਕੀ ਅਨੰਦ ਨਿਰਦ੍ਵੰਦ ਦਿਲ ਬੰਦ ਮੰਦ  ਪੰਦ ਨੂੰ ਤਿਆਗਿ ਰਹਿਦੇ ਆਤਮ ਅਧਾਰ ਮੇ।

ਸੰਜਮੀ ਤੇ ਧੀਰਜੀ ਸੰਤੋਖੀ ਭਗਵਾਂਨ ਦਾਸ  ਸਾਹਿਨ ਕੇ ਸਾਹ ਜੋ ਸਮਾਏ ਸਮਸਾਰ ਮੇ।।330।।

 

 

ਪਦ ਅਰਥ:-ਨਰੇਸ=ਰਾਜੇ। ਬਸੇਸ=ਬਹੁਤ ਕਰਕੇ। ਅਤੀਤ=ਤਿਆਗੀ। ਦਿਲਦਾਰ=ਪਿਆਰਾ। ਨਿਰਦ੍ਵੰਦ=ਦਵੈਤ ਬਿਨਾਂ। ਪੰਦ=ਨਸੀਹਤ, ਸਿਖਿਆ। ਸਮਾਏ=ਲੀਣ ਹੋ ਰਹੇ। ਸਮ=ਇਕ ਰਸ ਬਿਰਤੀ।

ਅਰਥ:- ਸਿਆਣੇ ਦਰਵੇਸ਼ ਜੋ ਸਦਾ ਹੀ ਦੁੱਖਾਂ ਤੋਂ ਰਹਿਤ ਹਨ, ਵਿਸ਼ੇਸ਼ ਕਰਕੇ ਇਹ ਹੀ ਰਾਜੇ ਹਨ। ਉਹ ਕਾਹਦੇ ਅਤੀਤ ਕਹੇ ਜਾਂਦੇ ਹਨ ਜਿਨ੍ਹਾਂ ਨੇ ਹਾਰ ਤੇ ਜਿਤ ਦਾ ਨਿਰਨਾ ਨਹੀਂ ਕੀਤਾ? ਜਿਨ੍ਹਾਂ ਦੀ ਰੀਤੀ ਇਨਸਾਫ ਵਾਲੀ ਨਹੀਂ ਤੇ ਪਿਆਰੇ ਵਿਚ ਪ੍ਰੀਤੀ ਨਹੀਂ? ਦਿਲ ਨੂੰ ਸਾਰਿਆਂ ਪਾਸਿਆਂ ਤੋਂ ਰੋਕ ਕੇ ਦੁਬਿਧਾ ਤੋਂ ਰਹਿਤ ਹੋ ਕੇ ਅਨੰਦ ਲੈਂਦੇ ਹਨ ਤੇ ਖੋਟੀ ਮੱਤ ਦਾ ਤਿਆਗ ਕਰਦੇ ਹਨ ਤੇ ਇਕ ਨਿਰੰਕਾਰ ਦੇ ਆਸਰਿਤ ਹੋ ਕੇ ਰਹਿੰਦੇ ਹਨ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸਮ ਵਿਚ ਜੋ ਸਭ ਤੋਂ ਸ੍ਰੇਸ਼ਟ ਮੰਨੇ ਜਾਂਦੇ ਹਨ ਉਹ ਸ਼ਾਹਾਂ ਦੇ ਸ਼ਾਹ, ਸੰਜਮੀ ਧੀਰਜਵਾਨ ਤੇ ਸੰਤੋਖੀ ਹੁੰਦੇ ਹਨ॥330॥

 

ਕਬਿਤ।।

ਬਾਸਨਾਂ ਦੇ ਪਿਛੇ ਲਗ ਹੋਈ ਨਾ ਖੁਆਰ ਯਾਰ  ਬਾਸਨਾ ਦੇ ਮਾਰੇ ਨੂੰ ਟਕਾਣਾ ਨਂਹੀ ਥਾਂ ਓਇ।

ਬਾਸਨਾ ਦੇ ਅੰਗ ਲਗ ਹੋਇਓ ਜੇ ਚਲਾਇਮਾਨ  ਪਾਵੇਂਗਾ ਅਜਾਬ ਬਣ ਕੂਕਰ ਤੇ ਕਾਂ ਓਇ।

ਬਾਸਨਾ ਦੀ ਤਾਰ ਤੋੜ ਪਾਏਂਗਾ ਦੀਦਾਰ ਜਬ  ਹੋਇਗਾ ਅਚਲ ਜੇ ਸਮੂਹ ਸੁਖ ਤਾਂ ਓਇ।

ਨਿਜ ਧਾਂਮ ਦੇ ਮਕਾਂਨ ਮੇ ਸਮਾਇ ਭਗਵਾਂਨ ਦਾਸ  ਹਮ ਤੁਮ ਨਂਹੀ ਜਹਾਂ ਰੂਪ ਰੇਖ ਨਾ ਓਇ।।331।।

 

ਪਦ ਅਰਥ :- ਬਾਸਨਾਂ=ਮਨ ਦੀਆਂ ਇੱਛਾਵਾਂ। ਚਲਾਇਮਾਨ=ਭਟਕਣਾਂ। ਅਜਾਬ=ਦੁੱਖ। ਨਿਜ ਧਾਂਮ=ਆਪਣਾ ਘਰ, ਭਾਵ ਸਰੂਪ ਦਾ ਗਿਆਨ।

ਅਰਥ :- ਹੇ ਮਿੱਤਰ ! ਝੂਠੀਆਂ ਇੱਛਾਵਾਂ ਭਾਵ ਵਾਸ਼ਨਾਂ ਦੇ ਵੱਸ ਹੋ ਕੇ ਖਰਾਬ ਨਾ ਹੋਈਂ, ਕਿਉਂਕਿ ਝੂਠੀਆਂ ਵਾਸ਼ਨਾਂ ਦੇ ਮਾਰੇ ਨੂੰ ਕੋਈ ਟਿਕਾਣਾਂ ਨਹੀਂ । ਜੇਕਰ ਇਸ ਭੈੜੀ ਵਾਦੀ ਦੇ ਪਿੱਛੇ ਲੱਗ ਕੇ ਆਪਣੇ ਮਨ ਨੂੰ ਡੁਲਾ ਦਿੱਤਾ ਤਾਂ ਚੇਤੇ ਰੱਖ ਬੜਾ ਦੁਖੀ ਹੋਵੇਂਗਾ ਤੇ ਕਾਂ ਕੁੱਤਿਆਂ ਦੀ ਜੂਨ ਵਿਚ ਭਟਕੇਂਗਾ। ਬਿਰਤੀ ਜੋ ਸਦਾ ਚਲਾਇਮਾਨ ਰਹਿੰਦੀ ਹੈ ਇਸ ਨੂੰ ਰੋਕ ਕੇ ਰੱਬ ਦਾ ਜਮਾਲ ਪ੍ਰਾਪਤ ਕਰੇਂਗਾ ਤੇ ਅਚੱਲ ਸੁਖ ਦੀ ਪ੍ਰਾਪਤੀ ਹੋਵੇਗੀ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸ੍ਵੈ-ਸਰੂਪ ਦੇ ਗਿਆਨ ਨੂੰ ਪ੍ਰਾਪਤ ਕਰਨ ਉਪਰੰਤ ਉਸ ਅਵਸਥਾ ਵਿਚ ਪਹੁੰਚ ਸਕੇਂਗਾ ਜਿਥੇ ਮੇਰਾ, ਤੇਰਾ, ਰੂਪ, ਰੇਖ ਦਾ ਟੰਟਾ ਹੀ ਖਤਮ ਹੋ ਜਾਂਦਾ ॥331॥

 

ਕਬਿਤ।।

ਬਾਸਨਾ ਵਜੂਦ ਬਿਚ ਬੈਰਨ ਕਲੰਕ ਮਨ  ਬਾਸਨਾ ਦੀ ਮਾਰ ਤੇ ਗੁਲੇਲਾ ਭਲਾ ਸਾਰ ਦਾ।

ਬਾਸਨਾ ਦੇ ਪਿਛੇ ਲਗ ਤੁਰਨਾਂ ਖਰਾਬ ਬਹੁ  ਬਾਸਨਾਂ ਦੇ ਪਿਛੇ ਹਾਥੀ ਅੰਕਸ ਸਹਾਰਦਾ।

ਬਾਸਨਾਂ ਦੇ ਹੇਤ ਜੀਵ ਫਾਹੀ ਬਿਚ ਆਣ ਫਸੇ  ਹੋਇਆਂ ਤੂੰ ਗੁਲਾਂਮ ਤੈਸੇ ਦੇਹ ਦੀ ਬਗਾਰ ਦਾ।

ਬਾਸਨਾ ਦੀ ਤਿਆਗੁ ਮਿਤਰਾਈ ਭਗਵਾਂਨ ਦਾਸ  ਨਿਜ ਦੇ ਮਕਾਂਨ ਨਸਾ ਅਜਬ ਬਹਾਰ ਦਾ।।332।।

 

ਪਦ ਅਰਥ :-ਕਲੰਕ=ਦਾਗੀ ਕਰ ਦੇਣਾ। ਸਾਰ=ਲੋਹਾ। ਅੰਕਸ=ਸੂਆ। ਬਗਾਰ=ਬਿਨਾਂ ਮਜ਼ਦੂਰੀ ਭਾਰ ਪਹੁੰਚਉਣਾ।

ਅਰਥ:- ਜਿਸ ਦੇਹ ਵਿਚ ਵਾਸ਼ਨਾਂ ਹੈ ਉਹ ਵੈਰਨ ਹੈ, ਮਨ ਨੂੰ ਕਲੰਕਤ ਕਰਦੀ ਹੈ ਇਸ ਵਾਸਨਾਂ ਦੀ ਮਾਰ ਅਗੇ ਲੋਹੇ ਦਾ ਗੁਲੇਲਾ ਇੰਨਾ ਦੁੱਖਦਾਈ ਨਹੀਂ। ਵਾਸਨਾਂ ਦੇ ਪਿਛੇ ਲੱਗ ਕੇ ਤੁਰਨਾ ਬਹੁਤ ਖਰਾਬ ਹੈ ਕਾਮ-ਵਾਸਨਾਂ ਦਾ ਬੱਧਾ ਹਾਥੀ ਫਸ ਜਾਂਦਾ ਹੈ ਤੇ ਸਾਰੀ ਆਯੂ ਸਿਰ ਵਿਚ ਸੂਆ ਸਹਾਰਦਾ ਹੈ। ਵਾਸਨਾਂ ਦੇ ਬਧੇ ਹੋਏ ਜੀਵ ਚੋਗੇ ਦੀ ਖਾਤਰ ਫਾਹੀ ਵਿਚ ਆਣ ਫਸਦੇ ਹਨ। ਏਸੇ ਤਰ੍ਹਾਂ ਦੇਹ ਦੀ ਵਾਸ਼ਨਾਂ ਪੂਰੀ ਕਰਨ ਲਈ ਮਨੁੱਖ ਦੁਖੀ ਹੁੰਦਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਵਾਸਨਾਂ ਦਾ ਤਿਆਗ ਕਰਕੇ ਆਤਮ ਚਿੰਤਨ ਕਰੋ। ਆਤਮ ਵਿਚਾਰ ਦਾ ਨਸ਼ਾ ਅਜਬ ਬਹਾਰ ਵਰਗਾ ਨਸ਼ਾ ਹੈ ॥332॥

 

ਕਬਿਤ।।

ਅਰੇ ਮਨ ਅੰਧ ਨਂਹੀ ਸਰਮ ਹਿਆਉ ਤੁਝ  ਰਚੇਂ ਬਿਵਹਾਰ ਜੇਹੜੇ ਰਾਜਸੀ ਹੈਂ ਇੰਦਗੀ।

ਕੂੜ  ਦਾ ਖਲਾਰਾ ਤੂੰ ਖਲਾਰਦਾ ਹੈਂ ਭੁਲ ਕਰ  ਹੋਵਣੀ ਫਨਾਹ ਜੇਹੜੀ ਦੇਖਦਾ ਹੈਂ ਜਿੰਦਗੀ।

ਭਟਕਾ ਦਾ ਫਲੁ ਏਹੋ ਮਿਲੂਗਾ ਨਿਲੱਜ ਤੁਝ  ਭਵੇਂਗਾ ਚੁਰਾਸੀ ਜੂਨ ਧਾਰ ਕੇ ਪਰਿੰਦਗੀ।

ਬਸਨਾਂ ਕੋ ਰੋਕ ਤੂੰ ਨਦਾਨ ਭਗਵਾਂਨ ਦਾਸ  ਆਪ ਨੂੰ ਬਚਾਰੁ ਛਡੁ ਫਾਰਸੀ ਤੇ ਹਿੰਦਗੀ ।।333।।

 

ਪਦ ਅਰਥ :-ਬਿਵਹਾਰ=ਧੰਧੇ। ਇੰਦਗੀ=ਮੋਹ ਲੈਣ ਵਾਲੀ ਕਿਰਿਆ। ਫਨਾਹ=ਨਾਸ਼। ਨਿਲੱਜ=ਬੇਸ਼ਰਮ। ਪਰਿੰਦਗੀ=ਪੰਛੀਆਂ ਦੀ ਜੂਨ। ਫਾਰਸੀ ਤੇ ਹਿੰਦਗੀ=ਹਿੰਦੂ ਮੁਸਲਮਾਨ ਵਿਤਕਰਾ।

ਅਰਥ:- ਹੇ ਅੰਨ੍ਹੇ ਮਨ! ਤੈਨੂੰ ਸ਼ਰਮ ਹਯਾ ਨਹੀਂ, ਝੂਠੇ ਅਡੰਬਰ ਰਚ ਰਿਹਾ ਹੈਂ, ਭੁਲੇਖੇ ਵਿਚ ਪੈ ਕੇ ਝੂਠ ਦਾ ਪਸਾਰਾ ਪਸਾਰ ਰਿਹਾ ਹੈਂ, ਇਹ ਤੇਰੀ ਦੇਹ ਖੇਹ ਹੋ ਜਾਏਗੀ। ਹੇ ਬੇਸ਼ਰਮ ਮਨੁੱਖ! ਤੈਨੂੰ ਭਟਕਣਾਂ ਦਾ ਫਲ ਇਹ ਮਿਲੇਗਾ ਕਿ ਚਉਰਾਸੀ ਦੇ ਗੇੜ ਵਿਚ ਘੁੰਮਦਾ ਫਿਰੇਂਗਾ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਹਿੰਦੂ ਮੁਸਲਮਾਨ ਦਾ ਵਿਤਕਰਾ ਛੱਡਕੇ ਆਪਣੇ ਆਪ ਨੂੰ ਵਿਚਾਰ ਭਾਵ ਜਾਣ ॥333॥

 

ਕਬਿਤ।।

ਬਿਦਿਆ ਬਚਾਰ ਬਿਨੁ ਜਾਣ ਲੈ ਨਦਾਂਨ ਕੂੜ  ਬਿਦਿਆ ਬਿਹਾਰੀ ਬੜਾ ਸਾਧ ਕੋ ਬਕਾਰ ਹੈ।

ਬੜੀ ਇਹ ਉਪਾਧ ਤੇ ਅਸਾਧ ਐਸੀ ਮਹਾਂ ਰੋਗ  ਚੰਚਲ ਸੁਭਾਉ ਕਰ ਕਰਦੀ ਖੁਆਰੁ ਹੈ।

ਕਾਰਨ ਇਹੁ ਬਿਸੇ ਤੇ ਬਸੇਪ ਦਾ ਤੂੰ ਜਾਣ ਯਾਰ  ਐਸੀ ਦੁਰਾਚਾਰ ਸਿਰ ਇਸ ਦੇ ਪੰਜਾਰ ਹੈ।

ਬਿਦਿਆ ਸਰੂਪ ਦੀ ਹੈ ਸਾਰ ਭਗਵਾਂਨ ਦਾਸ  ਸਮਝ ਸਧਾਂਤ ਰੋਗ ਕਟਦੀ ਹਜਾਰ ਹੈ।।334।।  

 

ਪਦ ਅਰਥ :-ਉਪਾਧ=ਬਲਾ। ਅਸਾਧ=ਨਾ ਸਾਧੀ ਜਾਣ ਵਾਲੀ। ਬਸੇਪ=ਭਟਕਣਾਂ। ਦੁਰਾਚਾਰ=ਖੋਟੀ। ਪੰਜਾਰ=ਪੌਲੇ, ਛਿੱਤਰ। ਸਾਰ=ਅਸਲ। ਸਧਾਂਤ=ਤੱਤ ਨੂੰ ਜਾਣਨਾ।

ਅਰਥ:- ਵਿਚਾਰ ਤੋਂ ਬਿਨਾਂ ਵਿਦਿਆ ਝੂਠ ਹੈ, ਸਾਧ ਹੋ ਕੇ ਵਿਦਿਆ ਨੂੰ ਵਿਹਾਰ ਵਿਚ ਵਰਤੇ ਤਾਂ ਵਿਕਾਰ ਪੈਦਾ ਕਰਦੀ ਹੈ। (ਵਿਦਿਆ ਵੀਚਾਰੀ ਤਾਂ ਪਰਉਪਕਾਰੀ) ਬਿਵਹਾਰ ਵਿਚ ਵਰਤੀ ਵਿਦਿਆ ਸੁਭਾਅ ਨੂੰ  ਚੰਚਲ ਕਰ ਦਿੰਦੀ ਹੈ ਤੇ ਅਸਾਧ ਰੋਗ ਜੋ ਹਉਮੈਂ ਦਾ ਹੈ ਲਗਾ ਦਿੰਦੀ ਹੈ ਵਿਸ਼ੇ ਵਿਕਾਰਾਂ ਦੇ ਵਿਚ ਖੱਚਤ ਕਰ ਦਿੰਦੀ ਹੈ। ਹੇ ਮਿੱਤਰ! ਐਸੀ ਆਚਰਨ ਨੂੰ ਵਿਗਾੜਨ ਵਾਲੀ ਵਿਦਿਆ ਦੇ ਸਿਰ ਖੇਹ ਪਾਉ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਇਕ ਐਸੀ ਵਿਦਿਆ ਭੀ ਹੈ, ਜੋ ਸਰੂਪ ਦਾ ਗਿਆਨ ਕਰਵਾ ਦਿੰਦੀ ਹੈ। (ਭਾਵ, ਆਤਮਕ ਵਿਦਿਆ) ਅਤੇ ਸਿਧਾਂਤ ਨੂੰ ਸਮਝ ਕੇ ਹਜ਼ਾਰਾਂ ਰੋਗਾਂ ਦੇ ਕੱਟਣ ਦਾ ਕਾਰਨ ਬਣਦੀ ਹੈ॥334॥

 

ਕਬਿਤ।।

ਇਲਮ ਅਸਾਨ ਪੜ ਹਰਫ ਨਾਂ ਏਕ ਬੋਲ  ਅਮਲ ਕੁਮਾਏ ਹਟੇ ਦਿਲ ਦੀ ਹੈਰਾਂਨਗੀ।

ਸੁਖਨ ਫਕੀਰ ਦਾ ਦਰੋਗ ਨਾ ਖਲਾਫ ਜਾਣ  ਇਲਮ ਹਰੂਫ ਵਾਲਾ ਕਰੇਗਾ ਵਰਾਨਗੀ।

ਬੀਤਿਆ ਹੁਵਾਲੁ ਜੋ ਨਦਾਨ ਨਾਲ ਕਹੇ ਸਚੁ  ਰਖੇ ਨਾਲ ਕੋਇ ਛਡੁ ਇਲਮ ਸੈਤਾਂਨਗੀ।

ਕਰਕੇ ਜਕੀਨ ਸਚੁ ਜਾਣ ਭਗਵਾਂਨ ਦਾਸ  ਅਮਲ ਕਮਾਏ ਬਿਨਾ ਅਕਲ ਹੈਵਾਂਨਗੀ।।335।।

 

ਪਦ ਅਰਥ:- ਹੈਰਾਂਨਗੀ=ਹੈਰਾਨੀ। ਸੁਖਨ=ਬਚਨ। ਦਰੋਗ=ਝੂਠਾ। ਹਰੂਫ=ਅੱਖਰ। ਹੁਵਾਲੁ=ਸਮਾਚਾਰ। ਸ਼ੈਤਾਂਨਗੀ=ਸ਼ੈਤਾਨ ਵਾਲਾ। ਅਮਲ=ਕਰਨੀ। ਹੈਵਾਂਨਗੀ=ਪਸ਼ੂਆਂ ਸਮਾਨ।

ਅਰਥ:- ਦਿਲ ਦੀ ਹੈਰਾਨੀ ਮੁਕਾਉਣ ਲਈ ਕਰਨੀ ਦੀ ਲੋੜ ਹੈ ਭਾਵੇਂ ਇਲਮ ਦਾ ਇੱਕ ਅੱਖਰ ਭੀ ਨਾ ਪੜ੍ਹੇ। ਰੱਬੀ ਬੰਦਿਆਂ ਦਾ, ਕਰਨੀ ਵਾਲਿਆਂ ਦਾ ਇਹ ਬਚਨ ਝੂਠ ਨਾ ਜਾਣ ਕਿ ਨਿਰੀ ਪੜ੍ਹਾਈ ਜਿਹੜੀ ਕਰਨੀ ਤੋਂ ਰਹਿਤ ਹੈ ਉਹ ਮਨੁੱਖ ਨੂੰ ਖਰਾਬ ਹੀ ਕਰੂ। ਸਤਿ ਪੁਰਖ ਆਪ ਬੀਤੀ ਦਸਦੇ ਹਨ ਕਿ ਸੱਚ ਦਾ ਧਾਰਨੀ ਬਣੇ, ਸ਼ੈਤਾਨੀ ਵਾਲੇ ਪਾਸੇ ਲੈ ਜਾਣ ਵਾਲੇ ਇਲਮ ਤੋਂ ਬਸ ਕਰੇ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਗਲ ਦਾ ਨਿਸਚਾ ਕਰੋ ਕਿ ਕਰਨੀ ਬਾਝੋਂ ਆਦਮੀ ਦੀ ਸਮਝ, ਪਸ਼ੂਆਂ ਵਾਲੀ ਹੈ॥335॥

 

ਕਬਿਤ।।

ਸਚ ਦੀ ਇਬਾਦਤ ਇਹ ਜਿਕਰ ਹੋਇ ਦੰਮ ਦੰਮ  ਰਖ ਨਜਦੀਕ ਨਂਹੀ ਨਫਸ ਇਲਾਮਤੀ।

ਬਾਧਿਆਂ ਬਿਹਾਰ ਦਿਆਂ ਬਹੁਤਿਆਂ ਬਣਾਵਣਾਂ ਕੀ  ਅਮਲ ਬਥੇਰਾ ਇਕ ਜਿਤ ਹੋਇ ਸਲਾਮਤੀ।

ਬਦੀਆਂ ਬਖੀਲੀਆਂ ਮੇ ਹੋਇ ਰਿਹਾਂ ਹਿਰਸੀ ਜੋ  ਭਾਇ ਤੇਰੇ ਬਣੇਗੀ ਇਹ ਸਖਤ ਸਿਆਂਮਤੀ।

ਹਟੇ ਨਾਂ ਕਦਾਇਚਿਤ ਸਿਰੋਂ ਭਗਵਾਂਨ ਦਾਸ  ਨਾਕਸ ਭੁਲਾਇਆ ਹੁਣ ਰੋਜ ਤੈਂ ਕਿਆਮਤੀ।।336।।

 

ਪਦ ਅਰਥ :- ਇਬਾਦਤ=ਬੰਦਗੀ। ਨਜਦੀਕ=ਨੇੜੇ। ਨਫਸ ਇਲਾਮਤੀ=ਨਫਸ ਪ੍ਰਸਤੀ। ਬਾਧਿਆਂ=ਬੰਧਨ। ਸਲਾਮਤੀ=ਬਚਾਅ। ਬਖੀਲੀਆਂ=ਚੁਗਲੀਆਂ। ਹਿਰਸੀ=ਲਾਲਚੀ। ਸਿਆਂਮਤੀ=ਮੁਸੀਬਤ, ਦੁੱਖ। ਕਦਾਇਚਿਤ=ਬਿਲਕੁਲ। ਨਾਕਸ= ਮੂਰਖ। ਕਿਆਮਤੀ=ਮੌਤ ਦਾ ਦਿਨ।

ਅਰਥ:- ਨਫਸ ਪ੍ਰਸਤੀ ਨੂੰ ਦੂਰ ਕਰ, ਸੱਚ ਦਾ ਧਾਰਨੀ ਹੋ ਕੇ ਸੁਆਸ-ਸੁਆਸ ਭਜਨ ਕਰੋ। ਬਹੁਤੀਆਂ ਬਨਾਵਟਾਂ ਤੇ ਬੰਧਨ ਵਿਚ ਪੈਣ ਦੀ ਕੀ ਲੋੜ ਹੈ ? ਕਮਾਈ ਵਾਲਾ ਇੱਕ ਅੱਖਰ ਬਥੇਰਾ ਹੈ, ਜਿਸ ਕਰਕੇ ਛੁਟਕਾਰਾ ਹੋ ਸਕੇ। ਸ਼ੁਭ ਅਮਲਾਂ ਨੂੰ ਛੱਡ ਕੇ ਤੂੰ ਬਦੀਆਂ, ਈਰਖਾ ਤੇ ਲਾਲਚ ਦੀ ਅੱਗ ਵਿਚ ਸੜ ਰਿਹਾ ਹੈਂ। ਚੇਤੇ ਰੱਖ, ਇਹ ਸਭ ਤੇਰੇ ਦੁੱਖਾਂ ਦਾ ਕਾਰਨ ਬਣਨਗੀਆਂ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਨਦਾਨ ! ਤੂੰ ਮੌਤ ਦੇ ਦਿਨ ਨੂੰ ਭੁਲਾ ਦਿਤਾ ਹੈ, ਇਹ ਆਖਰੀ ਦਿਨ ਸਭ ਤੇ ਖੜ੍ਹਾ ਹੈ, ਤੇਰਾ ਕਿਵੇਂ ਬਚਾਅ ਹੋ ਸਕਦਾ ਹੈ ? ॥336॥

 

ਕਬਿਤ।।

 ਗਲਾਂ ਕਰ ਮੁਖ ਤੇ ਗਿਆਂਨ ਔ ਬਿਚਾਰ ਕਹੇ  ਚਜੁ ਨਂਹੀ  ਤਿਸ ਕੋ ਹੈ ਜਨਮੁ ਗੁਵਾਂਵਦਾ।

 ਖੂਹਿ ਬਿਚੋਂ ਨਿਕਲਕੇ ਖਾਤ ਬਿਚ ਗਰਕਿਆ  ਉਚੀ ਉਚੀ ਨਾਮ ਦੀ ਦੁਹਾਈ ਜੇਹੜਾ ਪਾਂਵਦਾ।

 ਗੁੜੁ ਗੁੜੁ ਕਹੇ ਤੇ ਨਾ ਮੂਹ ਹੈ ਮਿਠਾਸਦਾਰ  ਕੌੜਾ ਨਂਹੀ ਹੋਇ ਨਾਮੁ ਮਿਰਚ ਦਾ ਗਾਂਵਦਾ।

 ਤੈਸੇ ਹੀ ਤੂੰ ਜਾਣ ਬਿਨਾ ਸੌਕ ਭਗਵਾਂਨ ਦਾਸ  ਬਕ ਬਕ ਕਰਨੇ ਤੇ ਅਸਰੁ ਨਾਂ ਆਂਵਦਾ।।337।।

 

ਰਥ:- ਮੂਹੋਂ ਗਿਆਨ ਤੇ ਵਿਚਾਰ ਦੀਆਂ ਗਲਾਂ ਕੀਤਿਆਂ ਚੱਜ ਨਹੀਂ ਆਂਵਦਾ। ਉਹ ਤਾਂ ਆਪਣਾ ਜਨਮ ਹੀ ਗੁਆ ਰਿਹਾ ਹੈ। ਜਿਹੜੀ ਨਾਮ ਦੀ ਉਚੀ-ਉਚੀ ਦੁਹਾਈ ਪਾਉਂਦਾ ਹੈ, ਉਹ ਜਾਣੋ ਖੂਹ ਵਿਚੋਂ ਨਿਕਲ ਕੇ ਖਾਤੇ ਡਿੱਗਿਆ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਗੁੜ-ਗੁੜ ਕਹਿਣ ਨਾਲ ਮੂੰਹ ਮਿਠਾ ਨਹੀਂ ਹੋ ਜਾਂਦਾ ਤੇ ਮਿਰਚ ਦਾ ਨਾਮ ਲਿਆਂ ਮੂੰਹ ਕੌੜਾ ਨਹੀਂ ਹੋ ਸਕਦਾ। ਏਸੇ ਤਰ੍ਹਾਂ ਪ੍ਰੇਮ ਤੋਂ ਸੱਖਣਾਂ ਜੋ ਬੋਲਣਾ ਹੈ ਉਸ ਦਾ ਕੁਝ ਭੀ ਅਸਰ ਨਹੀਂ ਹੁੰਦਾ॥337॥

 

ਕਬਿਤ।।

ਤੀਰਥਾਂ ਦੇ ਕੀਤਿਆਂ ਤੇ ਬੇਦ ਦਿਆਂ ਪੜਿਆਂ ਤੇ  ਜਾਣ ਕਲਿਆਣ ਕਿਉਂ ਹੋਇ ਰਿਹਾਂ ਲੁਟ ਹੀ।

 ਦੇਖੇ  ਨਂਹੀ ਜਾਣ ਇਹੁ ਸ੍ਰਬ ਕਦਾਚਿਤ  ਕੈਸੇ ਕਲਿਆਣ ਜੀਵ ਜਾਵਣਾ ਨਖੁਟ ਹੀ।

ਆਵਾ  ਨਂਹੀ ਮੁਕਦਾ ਜਾਂ ਰਚਿਆ ਬਕਲਪਾਂ ਦਾ  ਖੋਤਾ ਕਿਸ ਬਿਧ ਕਹੁ ਨਦਾਂਨ ਜਾਏ ਛੁਟ ਹੀ।

ਪ੍ਰਮ ਅਨੰਦ ਮੇਂ ਸਮਾਏਂ ਭਗਵਾਂਨ ਦਾਸ  ਭਰ ਜੇ ਨਚਾਹੀ ਵਾਲਾ ਪੀਵੇਂ ਇਕ ਘੁਟ ਹੀ।।338।।

 

ਪਦ ਅਰਥ:- ਲੁਟ=ਮਸਤ। ਕਦਾਚਿਤ=ਬਿਲਕੁਲ। ਨਖੁਟ=ਮੁਕਣਾਂ। ਬਕਲਪਾਂ=ਫੁਰਨੇ। ਨਚਾਹੀ=ਨਿਰਇੱਛਤ।

ਅਰਥ:- ਤੀਰਥਾਂ ਦਾ ਇਸ਼ਨਾਨ, ਬੇਦਾਂ ਦੇ ਪਾਠ ਕਰਨ ਕਰਕੇ ਆਪਣੀ ਕਲਿਆਣ ਸਮਝ ਕੇ ਮਾਣ ਕਰਕੇ ਲੱਟੂ ਹੋ ਰਿਹਾ  ਹੈਂ । ਵੇਦਾਂ ਦੇ ਪਾਠ ਕਰਦਿਆਂ ਕਰਦਿਆਂ ਤੇ ਤੀਰਥ ਯਾਤਰਾ ਕਰਦਿਆਂ ਆਦਮੀ ਦੀ ਉਮਰ ਮੁੱਕ ਜਾਂਦੀ ਹੈ। ਜਦੋਂ ਤੱਕ ਇਨ੍ਹਾਂ ਦੇ ਮਹਾਤਮ ਨੂੰ ਨਹੀਂ ਜਾਣੇਂਗਾ, ਤਾਂ ਮੁਕਤ ਕਿਵੇਂ ਹੋ ਸਕਦਾ ਹੈਂ । ਜਦ ਤਕ ਸੰਕਲਪ ਵਿਕਲਪਾਂ ਦਾ ਆਵਾ ਨਹੀਂ ਮੁਕਦਾ, ਤਦ ਤਾਈਂ ਮਨ ਰੂਪੀ ਖੋਤਾ ਛੁਟਕਾਰਾ ਕਿਵੇਂ ਪਾ ਸਕਦਾ ਹੈ? ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੇਕਰ ਪਰਮ ਅਨੰਦ ਵਿਚ ਸਮਾਉਣ ਦੀ ਇੱਛਾ ਹੈ ਤਾਂ ਬਿਲਕੁਲ ਨਿਰਚਾਹ ਹੋ ਜਾਹ ॥338॥

ਕਬਿਤ।।

ਦਿਲ ਦਾ ਟਕਾਉ ਨਂਹੀ ਮੂਰਖ ਮਲੀਨ ਮਤ  ਰਬੁ ਚਾਹੇਂ ਟੋਲਿਆ ਤੂੰ ਕਾਗਜ ਫਰੋਲ ਕੇ।

ਝਖ ਰਹੇਂ ਮਾਰਦਾ ਜੇ ਉਮਰ ਅਖੀਰ ਤਕ  ਮੱਖਣ ਨਾ ਨਿਕਲੇਗਾ ਪਾਣੀ ਨੂੰ ਵਰੋਲ ਕੇ।

ਮਿਹਨਤ ਅਜਾਂਈ ਜਾਏ ਸਮਝ ਸਿਆਣਾ ਹੋਹੁ  ਕੁਝ ਨਂਹੀ ਹਾਂਸਲੀ ਹੈ ਕਲਰੁ ਕਰੋਲ ਕੇ।

ਸਚ ਦੇ ਸਰੂਪ ਦੀ ਨਾ ਸਾਰ ਭਗਵਾਂਨ ਦਾਸ  ਹੋਵੇਂ ਗੁਨਹਗਾਰ ਇਹ ਸੁਖਨ ਤੂੰ ਬੋਲ ਕੇ।।339।।

 

ਅਰਥ:- ਤੇਰੇ ਆਪਣੇ ਦਿਲ ਨੂੰ ਤਾਂ ਟਿਕਾਓ ਨਹੀਂ, ਰੱਬ ਨੂੰ ਕਿਤਾਬਾਂ ਵਿਚੋਂ ਲਭਣਾਂ ਚਾਹੁੰਦਾ ਹੈਂ। ਇਹ ਤਾਂ ਪਾਣੀ ਰਿੜਕਣ ਦੇ ਤੁੱਲ ਹੈ, ਭਾਵੇਂ ਸਾਰੀ ਉਮਰ ਇਸ ਤਰ੍ਹਾਂ ਕਿਤਾਬਾਂ ਫਰੋਲਣ ਦੀ ਕਿਰਿਆ ਕਰਦਾ ਰਹੁ, ਭਲਾ ਪਾਣੀ ਨੂੰ ਰਿੜਕੇ ਕਦੇ ਮੱਖਣ ਭੀ ਨਿਕਲਿਆ ਹੈ? ਇਹ ਤਾਂ ਕੱਲਰ ਕਰੋਲਣ ਦੀ ਨਿਆਈਂ ਹੈ, ਇਸ ਲਈ ਬ੍ਰਹਮ ਦੀ ਵਿਚਾਰ ਦੇ ਪਾਸੇ ਲੱਗ, ਇਸ ਤੋਂ ਬਿਨਾਂ ਤੇਰੀ ਮਿਹਨਤ ਨਿਸਫਲ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਤੱਕ ਸੱਚ ਸਰੂਪ ਵਾਹਿਗੁਰੂ ਦੀ ਤਾਂ ਸਾਰ ਨਹੀਂ; ਮੈਂ ਬ੍ਰਹਮ ਹਾਂ, ਕਹਿਣਾ ਪਾਪ ਦਾ ਭਾਗੀ ਬਣਨਾ ਹੈ॥339॥

ਕਬਿਤ।।

ਬੇਦ ਵਾਕ ਜਾਣਿਆਂ ਜਥਾਰਥ ਨਾ ਪੜਕੇ ਜਾਂ  ਰੁਚੀ ਕੋ ਬਧਾਇ ਕਰ ਰਿਹਾ ਹੈਂ ਰਿਹਾੜ ਤੂੰ।

ਦੁਰਮਤਿ ਦਿਲ ਦੀ ਗਵਾਏਂ ਨਾ ਗਿਆਂਨ ਕਰ  ਮਗਜ ਖੁਪਾਈ ਮੇ ਗੁਜਾਰਦਾਂ ਦਿਹਾੜ ਤੂੰ।

ਜਾਪ ਜੋ ਅਜਪਾ ਨਂਹੀ ਤਿਸਕੋ ਬਚਾਰਦਾ ਹੈਂ  ਨਿਸਚੇ ਹੀ ਜਾਣ ਭਾਉਂਦਾਂ ਗੈਹਬਰ ਉਜਾੜ ਤੂੰ।

ਖੋਜੇਂ ਜੇਹਨੂ ਬਾਹਰ ਓਹ ਬਿਚ ਭਗਵਾਂਨ ਦਾਸ  ਦੇਖਣਾ ਜੇ ਦਿਲ ਦਿਆਂ ਦੀਦਿਆਂ ਉਘਾੜ ਤੂੰ।।340।।

 

ਪਦ ਅਰਥ :-ਬੇਦ ਵਾਕ=ਵੇਦਾਂ ਦੇ ਉਪਦੇਸ਼। ਜਥਾਰਥ=ਯੋਗ। ਰਿਹਾੜ=ਜ਼ਿੱਦ। ਜਾਪ ਅਜਪਾ=ਉਹ ਜਾਪ ਜੋ ਆਪਣੇ ਆਪ ਬਿਨਾਂ ਜਪਣ ਤੋਂ ਹੋ ਰਿਹਾ ਹੈ। ਗੈਹਬਰ=ਸੰਘਣਾਂ। ਦਿਲ ਦੀਦਿਆਂ=ਸ਼ਿਵ ਨ੍ਰੇਤ। ਦਿੱਬ-ਦ੍ਰਿਸ਼ਟੀ=ਦਿਲ ਦੀਆਂ ਅੱਖਾਂ।

ਅਰਥ:- ਵੇਦਾਂ ਨੂੰ ਪੜ੍ਹਕੇ ਉਨ੍ਹਾਂ ਦੇ ਅਸਲੀ ਸਿਧਾਂਤ ਨੂੰ ਸਮਝੇ ਬਿਨਾਂ ਅੰਤਰ ਆਤਮੇ ਪਦਾਰਥਾਂ ਦੀ ਪ੍ਰਾਪਤੀ ਦੀ ਰੁਚੀ ਵਧਾ ਰਿਹਾ  ਹੈਂ । ਵੇਦਾਂ ਤੋਂ ਚਾਨਣਾ ਲੈ ਕੇ ਆਪਣੀ ਖੋਟੀ ਮੱਤ ਨੂੰ ਦੂਰ ਨਹੀਂ ਕੀਤਾ ਐਵੇਂ ਮਗਜ਼ ਖਪਾਈ ਵਿੱਚ ਦਿਨ ਬਤੀਤ ਕਰ ਦਿਤਾ। ਜੋ ਬ੍ਰਹਮ ਜਾਪ ਤੋਂ ਅਜਾਪ ਹੈ ਉਸ ਨੂੰ ਤਾਂ ਵਿਚਾਰਦਾ ਨਹੀਂ। (ਕਰਮ ਕਾਂਡ) ਘਣੇ ਜੰਗਲ ਵਿਚ ਭਟਕਦਾ ਫਿਰਦਾ ਹੈਂ। ਰਾਜਾ ਸਾਹਿਬ ਜੀ ਦਾ ਕਥਨ ਕਰਦੇ ਹਨ ਕਿ ਜਿਸ ਨੂੰ ਬਾਹਰ ਲੱਭਦਾ ਫਿਰਦਾ  ਹੈਂ, ਉਹ ਤਾਂ ਤੇਰੇ ਦਿਲ ਦੇ ਅੰਦਰ ਹੀ ਹੈ। ਉਹ ਹਿਰਦੇ ਦੀਆਂ ਅੱਖਾਂ ਖੋਲ੍ਹਣ ਨਾਲ ਦਿਸਦਾ ਹੈ॥340॥

ਕਬਿਤ।।

ਇਕ ਅਖਰ ਬਥੇਰਾ ਹੈ ਨਵਿਰਤੀ ਦਾ ਬੈਠ ਪੜੁ  ਤਜ ਪਰਵਿਰਤ ਇਹ ਸਾਸਤ੍ਰੀ ਨਾਗਰੀ।

ਛਡ ਕੇ ਸਮੀਪ ਅਬ ਕਿਕ੍ਰ ਕਨੇਰ ਦਾ ਤੂੰ  ਆਪ ਨੂੰ ਬਚਾਰ ਕੇ ਸੁਗੰਧ ਲੈ ਮਲਾਗਰੀ।

 ਕੂੜ ਦੀ ਕੁਮਤ ਤੇ ਕਨਾਰਾ ਫੜੁ ਨਿਸ ਦਿਨ  ਜਾਣ ਲੈ ਬ੍ਰਹਮ ਕਰ ਬਿਰਤ ਇਕਾਗਰੀ।

ਬਿਚ ਪਰਪੰਚ ਕਿਉਂ ਪਇਆਂ ਭਗਵਾਂਨ ਦਾਸ   ਤੁਛ ਸੁਖ ਛਡਕੇ ਅਨੰਦ ਦੇਖੁ ਸਾਗਰੀ।।341।।

 

ਪਦ ਅਰਥ :- ਅਖਰ=ਬ੍ਰਹਮ ਦੀ ਵਿਚਾਰ। ਨਵਿਰਤੀ=ਤਿਆਗ। ਪਰਵਿਰਤ=ਗ੍ਰਹਿਣ। ਸਾਸਤ੍ਰੀ ਨਾਗਰੀ=ਲੇਖਾ ਪੱਤਾ। ਕਿਕ੍ਰ ਕਨੇਰ=ਮਨਮੁਖ। ਮਲਾਗਰੀ=ਚੰਦਨ ਦੀ ਖੁਸ਼ਬੋ (ਭਾਵ ਸਾਧ ਸੰਗਤ) ਕੁਮਤ=ਖੋਟੀ ਮੱਤ। ਨਿਸ ਦਿਨ=ਰਾਤ ਦਿਨ ਭਾਵ, ਹਰ ਵੇਲੇ। ਇਕਾਗਰੀ=ਸੁਰਤ ਦਾ ਸੰਕੋਚ। ਪਰਪੰਚ=ਸੰਸਾਰ। ਸਾਗਰੀ=ਬ੍ਰਹਮ ਰੂਪ ਸਮੁੰਦਰ।

ਅਰਥ:- ਸ਼ਾਸ਼ਤ੍ਰੀ ਨਾਗਰੀ ਪੜ੍ਹਕੇ (ਲੇਖੇ ਪੱਤੇ ਸਿੱਖ ਕੇ) ਸੰਸਾਰ ਵਿਚ ਫਸਣ ਦਾ ਰਸਤਾ ਹੈ ਇਨ੍ਹਾਂ ਨੂੰ ਛਡ ਕੇ ਇਕ ਤਿਆਗ ਦਾ ਅੱਖਰ ਪੜ੍ਹ ਲੈ ਤੇ ਪੱਕਾ ਕਰ ਲੈ, ਬਸ ਬਥੇਰਾ ਹੈ। ਵਿਸ਼ੇ ਵਿਕਾਰਾ ਰੂਪ ਕਿਕਰ ਤੇ ਕਨੇਰ ਆਦਿ ਦਾ ਸੰਗ ਛੱਡ ਕੇ ਸਤਿਸੰਗ ਰੂਪ ਚੰਦਨ ਬ੍ਰਿੱਛ ਦੀ ਸੁਗੰਧੀ ਤੋਂ ਅਨੰਦ ਮਾਣ। ਝੂਠ ਤੇ ਖੋਟੇ ਪਾਸੇ ਲਿਜਾਣ ਵਾਲੀ ਮੱਤ ਤੋਂ ਕਿਨਾਰਾਕਸ਼ੀ ਕਰ ਕੇ ਬਿਰਤੀ ਇਕਾਗਰ ਕਰਕੇ ਇੱਕ ਬ੍ਰਹਮ ਦੀ ਵਿਚਾਰ ਕਰ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਝੂਠੇ ਸੰਸਾਰ ਦੇ ਬੰਧਨਾਂ ਵਿਚ ਕਿਉਂ ਫਸ ਰਿਹਾ ਹੈਂ, ਇਹ ਸੰਸਾਰਕ ਛਿਨ ਮਾਤ੍ਰ ਦੇ ਸੁਖਾਂ ਨੂੰ ਛੱਡ ਕੇ ਅਨੰਦ ਦੇ ਸਾਗਰ ਵਿਚ ਤਾਰੀਆਂ ਲਾ ॥341॥

ਕਬਿਤ।।

ਔਰਾਂ ਉਪਦੇਸ ਕਰ ਬਚਨ ਅਨੇਕ ਬੋਲ  ਧਾਰਨ ਬਬੇਕ ਨਂਹੀ ਭਾਰੀ ਅਗਿਆਨਗੀ।

 ਪੜਨ ਬਿਹਾਰ ਕੁਲ ਜਾਣ ਲੈ ਕੁਵੈਦ ਤੁਲ  ਕਰਨੀ ਬਿਚਾਰ ਜੇਹੜੀ ਜੁਧ ਦੇ ਸਮਾਨਗੀ।

ਆਪਣੇ ਹੀ ਆਪ ਨੂ ਨਸੀਹਤ ਹੈ ਦੰਮ ਦੰਮ  ਹੋਹ ਨ ਬੇਹੋਸ ਫੜੁ ਐਸੀ ਬੁਧਵਾਂਨਗੀ।

 ਹਕੀਕਤ ਜੋ ਜਾਣੇ ਬੋਲ ਕਹੁ ਭਗਵਾਂਨ ਦਾਸ  ਮੋਨ ਰਹੁ ਤਿਸਤੇ ਜੋ ਕਦਰ ਨਦਾਂਨਗੀ।।342।।

 

ਪਦ ਅਰਥ:- ਅਗਿਆਨਗੀ=ਮੂਰਖਪੁਣਾ। ਬੁਧਵਾਂਨਗੀ=ਅਕਲ। ਹਕੀਕਤ=ਅਸਲ ਗੱਲ। ਮੋਨ=ਚੁੱਪ। ਨਦਾਂਨਗੀ=ਨਹੀਂ ਜਾਣਦਾ।

ਅਰਥ:- ਹੋਰਨਾਂ ਨੂੰ ਤਾਂ ਬਚਨ ਬੋਲ ਬੋਲ ਸਿਖਿਆ ਦਿੰਦਾ ਹੈ ਤੇ ਆਪ ਧਾਰਨ ਨਹੀਂ ਕਰਦਾ। ਇਹ ਬੜੀ ਭਾਰੀ ਭੁਲੇਖੇ ਵਾਲੀ ਗੱਲ ਹੈ। ਪੜ੍ਹਨ ਪੜ੍ਹਾਨ ਤਾਂ ਇਕ ਰੰਗਰੂਟੀ ਦੀ ਨਿਆਈਂ ਹੈ ਤੇ ਅਮਲ ਕਰਨਾ ਜਾਣੋ ਯੁੱਧ ਕਰਨ ਦੇ ਸਮਾਨ ਹੈ। ਐਸੀ ਸੁਹਣੀ ਅਕਲ ਨੂੰ ਧਾਰਨ ਕਰ, ਜੋ ਹਰ ਦਮ ਆਪਣੇ ਆਪ ਨੂੰ ਹੀ ਸਿੱਖਿਆ ਦਿੰਦਾ ਹੈ ਇਹੋ ਹੀ ਅਕਲ ਦੀ ਗਲ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਅਸਲੀ ਗਾਹਕ ਹੈ ਤੇ ਖੋਜੀ ਹੈ ਕਦਰਦਾਨ ਹੈ, ਉਥੇ ਬਚਨ ਬੋਲੋ। ਜੋ ਕਦਰ ਕਰਨ ਨਹੀਂ ਜਾਣਦਾ, ਉਥੇ ਚੁਪ ਹੀ ਭਲੀ ਹੈ॥342॥

ਕਬਿਤ।।

ਕਹਣਾ ਜੋ ਹੈ ਬੇਦ ਦਾ ਜਥਾਰਥ ਸਰੇਸਟ ਬਹੁ  ਤਿਸ ਕੋ ਬਚਾਰ ਕਰ ਦੇਖ ਅੰਤਰੀਵ ਤੂੰ।

ਅਰਥ ਪਛਾਣ ਕੇ ਪਰੇਮ ਰਖੁ ਆਸਰੇ ਮੇਂ  ਕੁਰਲੀਆਂ ਕਰ ਕਰ ਹੋਹ

ਨਂਹੀ

ਜੀਵ ਤੂੰ।

ਬ੍ਰਹਮ ਬਿਦਿਆ ਦਾ ਨਿਸ ਦਿਨ ਬੈਠ ਅਭਿਆਸ ਕਰੁ  ਰੁਚੀ ਸੇ ਅਰੁਚ ਹੋਇ ਅਮੀ ਰਸੁ ਪੀਵ ਤੂੰ।

ਤਿਨਾਂ ਗੁਣਾ ਸੇ ਅਤੀਤ ਹੋ ਨਦਾਨ ਭਗਵਾਂਨ ਦਾਸ  ਤੁਰੀਆ ਮੇ ਲੀਨ ਹੋ ਬੈਕੁੰਠ ਬਾਸੀ ਥੀਵ ਤੂੰ ।।343।।

 

ਪਦ ਅਰਥ:- ਅੰਤਰੀਵ=ਅੰਤਰ ਆਤਮੇਂ। ਰੁਚੀ ਸੇ ਅਰੁਚ=ਆਸਾ ਤੋਂ ਨਿਰਾਸ। ਅਮੀ ਰਸੁ=ਅੰਮ੍ਰਿਤ ਰਸ। ਤਿਨਾਂ ਗੁਣਾਂ=ਰਜੋ ਸਤੋ, ਤਮੋ। ਰਜੋ=ਰਾਜਿਆਂ ਵਾਲੀ ਬਿਰਤੀ। ਸਤੋ=ਸੰਤਾਂ ਵਾਲੀ ਬਿਰਤੀ। ਤਮੋ=ਰਾਕਸ਼ਾਂ ਵਾਲੀ ਬਿਰਤੀ। ਅਤੀਤ=ਰਹਿਤ। ਤੁਰੀਆ=ਗਿਆਨ ਅਵਸਥਾ।

ਅਰਥ:- ਵੇਦਾਂ ਦੇ ਯਥਾਰਥ ਉਪਦੇਸ਼ ਨੂੰ ਵਿਚਾਰ ਕਰਕੇ ਆਪਣੇ ਅੰਦਰ ਝਾਤੀ ਮਾਰ। ਆਸਰਾ ਰੂਪ ਜੋ ਬ੍ਰਹਮ ਹੈ, ਵੇਦਾਂ ਦੇ ਅਰਥ ਵੀਚਾਰ ਦੁਆਰਾ ਉਸ ਨਾਲ ਪ੍ਰੇਮ ਕਰ। ਓਪਰੇ ਓਪਰੇ ਮਨੋ਼ ਜੀਵ ਭਾਵ ਮਨ ਵਿਚ ਨਾ ਰੱਖ ਕਿਉ਼ਕਿ ਕੁਰਲੀਆਂ ਕੀਤੀਆਂ ਅਸਰ ਨਹੀਂ ਹੋ ਸਕਦਾ। ਬ੍ਰਹਮ ਵਿਦਿਆ ਦੇ ਅਭਿਆਸ ਦਾ ਇਹ ਫਲ ਹੈ ਕਿ ਸੰਸਾਰਕ ਰੁਚੀਆਂ ਤੋਂ ਬਿਰਤੀ ਨਿਰਾਸ ਹੋ ਜਾਂਦੀ ਹੈ ਤਾਂ ਹੀ ਨਾਮ ਰੂਪ ਅੰਮ੍ਰਿਤ ਰਸ ਨੂੰ ਪੀਣਾ ਕਰੀਦਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਤ੍ਰਿਗੁਣੀ ਮਾਇਆ ਤੋਂ ਰਹਿਤ ਹੋ ਕੇ ਗਿਆਨਵਾਨ ਦੀ ਅਵਸਥਾ ਪ੍ਰਾਪਤ ਕਰਕੇ ਸੱਚਖੰਡ ਦਾ ਵਾਸੀ ਬਣ ॥343॥

ਕਬਿਤ।।

ਮਾਇਆ ਰੂਪ ਨਦੀ ਸਾਥ ਫੁਰਨੇ ਦੇ ਰਚ ਕਰ  ਹੋਇ ਰਿਹਾਂ ਦੀਨ ਆਪ ਆਪਣੇ ਹੀ ਫੇਰ ਸੇ।

ਬਿਚ ਪਰਵਾਹ ਅਜੇ ਗਾਫਲ ਸੁਭਾਉ ਛਡ  ਸੁਰਤ ਸੰਭਾਲ ਬਚੁ ਘੁੰਬਰ ਦੀ ਘੇਰ ਸੇ।

 ਬੁਲਣ ਸੰਸਾਰ ਨਾਗ ਤੰਦੂਏ ਤੇ ਮਾਗਰ ਮੱਛ  ਮਾਰਨ ਲਪੇਟਾ ਬਚੁ ਇਨਕੀ ਪਰੇਰ ਸੇ।

ਬੈਰੀ ਪੰਜ ਤੇਰੇ ਇਹੁ ਨਦਾਂਨ ਭਗਵਾਂਨ ਦਾਸ  ਕਰ ਕਤਲਾਂਮ ਅਬ ਗਿਆਂਨ ਸਮਸੇਰ ਸੇ ।।344।।

 

ਪਦ ਅਰਥ:- ਪਰਵਾਹ=ਬਹਾਓ। ਨਾਗ, ਤੰਦੂਏ, ਮਗਰ ਮੱਛ=ਕਾਮ ਕਰੋਧ, ਲੋਭ ਆਦਿ। ਕਤਲਾਂਮ=ਕਤਲ ਕਰਨਾ। ਸਮਸੇਰ= ਤਲਵਾਰ।

ਅਰਥ :- ਮਾਇਆ ਰੂਪ ਤ੍ਰਿਸ਼ਨਾ ਦੀ ਬੇਤਰਨੀ ਨਦੀ ਜੋ ਆਪਣੇ ਫੁਰਨੇ ਨਾਲ ਰਚਕੇ ਇਸ ਦੇ ਗੇੜ ਵਿਚ ਪੈ ਗਿਆ ਹੈਂ। ਅਜੇ ਤੇਰੀ ਜੀਵਨ ਰੂਪ ਕਿਸ਼ਤੀ ਪਰਵਾਹ ਵਿੱਚ ਹੀ ਹੈ ਗਾਫਲੀ ਦਾ ਸੁਭਾਅ ਛੱਡ ਕੇ ਸੁਰਤ ਸੰਭਾਲ ਕੇ ਘੁੰਮਣਘੇਰੀ ਤੋਂ ਬਚ। ਪੰਜ ਕਾਮ, ਕਰੋਧ, ਲੋਭ, ਮੋਹ ਅਹੰਕਾਰ ਜੋ ਸੱਪ ਤੰਦੂਏ ਮਗਰਮਛ ਦੀ ਨਿਆਈਂ ਹਨ, ਇਨ੍ਹਾਂ ਦੀ ਲਪੇਟ ਤੋਂ ਪਰ੍ਹੇ ਰਹਿ ਕੇ ਆਪਣਾ ਆਪ ਬਚਾਅ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਜੋ ਤੇਰੇ ਪੰਜ ਵੈਰੀ ਹਨ, ਗਿਆਨ ਦੀ ਤਲਵਾਰ ਨਾਲ ਇਨ੍ਹਾਂ ਦੀ ਅਲਖ ਮੁਕਾ ਦੇ, ਭਾਵ ਇਨ੍ਹਾਂ ਦਾ ਅੰਤ ਕਰ ਦੇ ॥344॥

ਕਬਿਤ।।

ਕਾਮ ਤੇ ਕ੍ਰੋਧ ਲੋਭ ਮੋਹ ਔ ਹੰਕਾਰ ਪੰਜ  ਬਿਸੇ ਬਲਵਾਂਨ ਬਿਚ ਛਾਏ ਅੰਗ ਅੰਗ ਹੀ।

ਮਿਤ੍ਰ ਬਣਾਇ ਪਤਆਇ ਕਰ ਮਾਰਨ ਇਹ  ਕੀਤਾ ਹੈਂ ਸੁਦਾਈ ਤੇ ਪਲਾਈ ਤੁਧ ਭੰਗ ਹੀ।

ਹੋਇਆਂ ਜੇ ਨਢਾਲ ਤਤ ਕਾਲ ਮੁਠ ਲਿਆ ਜਾਣ  ਬਚਦਾ ਹੈਂ ਤਾਂਹੀ ਕਰੇਂ ਇਨਾਂ ਬਦਰੰਗ ਹੀ।

ਫੜ ਤਕੜਾਈ ਤੂੰ ਨਦਾਂਨ ਭਗਵਾਂਨ ਦਾਸ  ਖੂਬ ਛਟਕਾਉ ਗਿਆਂਨ ਰੂਪ ਲੈ ਤੁਫੰਗ ਹੀ।।345।।

 

ਪਦ ਅਰਥ :- ਬਦਰੰਗ=ਜਿੱਤ ਲੈਣਾ। ਮੁਠ=ਕਾਬੂ ਪਾ ਲੈਣਾ। ਛਟਕਾਓ=ਮਾਰਨਾ। ਤੁਫੰਗ=ਬੰਦੂਕ।

ਅਰਥ :- ਕਾਮ ਕਰੋਧ ਆਦਿ ਤੇ ਇਨ੍ਹਾਂ ਦੇ ਪੰਜ ਵਿਸ਼ੇ (ਸਬਦ, ਸਪਰਸ, ਰੂਪ, ਰਸ, ਗੰਧ) ਅੰਗ-ਅੰਗ ਵਿਚ ਸਮਾਏ ਹੋਏ ਹਨ। ਬੜੇ ਮਿੱਠੇ ਪਿਆਰੇ ਹੋ ਕੇ ਤੇਰੇ ਤੇ ਵਾਰ ਕਰਦੇ ਹਨ ਤੈਨੂੰ ਲਾਲਸਾ ਰੂਪ ਭੰਗ ਪਿਆ ਕੇ ਸ਼ੁਦਾਈ ਕੀਤਾ ਹੋਇਆ ਹੈ। ਇਨ੍ਹਾਂ ਨੂੰ ਸ਼ੁਭ ਗੁਣਾਂ (ਸਤ, ਸੰਤੋਖ ਦਇਆ ਧਰਮ ਆਦਿ) ਨਾਲ ਬਦਰੰਗ ਕਰ ਦੇ। ਜੇ ਅਵੇਸਲਾ ਹੋਇਆ ਤਾਂ ਝੱਟ ਤੇਰੇ ਤੇ ਵਾਰ ਕਰਕੇ ਕਾਬੂ ਪਾ ਲੈਣਗੇ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਖਬਰਦਾਰ ਹੋ ਕੇ ਗਿਆਨ ਰੂਪ ਬੰਦੂਕ ਲੈ ਕੇ ਇਨ੍ਹਾਂ ਨੂੰ ਜਿਤ ਲੈ॥345॥

ਕਬਿਤ।।

ਹੋਇ ਰਿਹਾ ਜੀਵ ਅਬ ਪਚ ਪਰਪੰਚ ਬਿਚ  ਅਸਲਾ ਅਨਾਦ ਹੀ ਬ੍ਰਹਮ ਦਿਲਦਾਰ ਸੀ।

ਕਰਕੇ ਨਿਆਉਂ ਆਪ ਆਪ ਹੀ ਬਚਾਰੁ ਪਾਇਆ  ਇਤਨਾ ਅਜਾਬੁ ਬਣ ਠਗ ਤੈਂ ਬਨਾਰਸੀ।

ਕਾਰ ਓਹੋ ਸਾਂਭਦਾ ਹੈਂ ਫੇਰ ਮੁੜ ਭੌਦੂਆ ਕਿਉਂ  ਬਾਸਨਾ ਬਕਾਰ ਅਗੇ ਕੀਤਾ ਤੂੰ ਖੁਆਰ ਸੀ।

ਛਡ ਚਤਰਾਈ ਤੂੰ ਨਦਾਂਨ ਭਗਵਾਂਨ ਦਾਸ  ਹੋਇਕੇ ਬੇਖੁਦੁ ਖੁਦ ਰੂਪ ਦੀ ਲੈ ਵਾਰਸੀ।।346।।

 

ਪਦ ਅਰਥ :- ਪਰਪੰਚ=ਸੰਸਾਰ। ਪਚ=ਖਚਤ ਹੋ ਕੇ। ਅਨਾਦ=ਜਿਸ ਦਾ ਮੁੱਢ ਨਹੀਂ ਭਾਵ ਆਦਿ ਰਹਿਤ। ਬਨਾਰਸੀ ਠਗ=ਦਿਖਾਵੇ ਦੇ ਸਾਧ। ਬਾਸਨਾ ਬਕਾਰ=ਵਿਕਾਰਾਂ ਦੀ ਇੱਛਾ। ਬੇਖੁਦੁ=ਅਹੰਕਾਰ ਰਹਿਤ। ਵਾਰਸੀ=ਮਾਲਕੀ।

ਅਰਥ :- ਇਹ ਤਾਂ ਬ੍ਰਹਮ ਦਾ ਸਰੂਪ ਸੀ। ਐਪਰ ਮਾਇਆ ਦੀ ਉਪਾਧੀ ਦੇ ਕਾਰਨ ਸੰਸਾਰ ਦੇ ਪ੍ਰਭਾਵ ਹੇਠ ਜੀਵ ਰੂਪ ਵੱਖਰਾ ਪ੍ਰਤੀਤ ਕਰਦਾ ਹੈ। ਆਪਣੇ ਆਪ ਨੂੰ ਵਿਚਾਰਕੇ ਦੇਖ ਕਿ ਬਨਾਵਟ ਵਿਚ ਫਸ ਕੇ ਤਾਂ ਹੀ ਇਤਨਾ ਦੁਖ ਉਠਾਇਆ ਹੈ। ਜਿਨ੍ਹਾਂ ਵਿਸ਼ੇ ਵਾਸਨਾਵਾਂ ਨੇ ਤੈਨੂੰ ਅਗੇ ਖੁਆਰ ਕੀਤਾ ਸੀ, ਫਿਰ ਮੁੜ ਸੁਦਾਈਆਂ ਵਾਂਗ ਉਨ੍ਹਾਂ ਵਿਚ ਹੀ ਫਸਦਾ ਹੈਂ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਨਦਾਨ ਜੀਵ ! ਸਾਰੀਆਂ ਅਕਲ ਦੀਆਂ ਚਤੁਰਾਈਆਂ ਛੱਡ ਕੇ ਹੰਕਾਰ ਰਹਿਤ ਹੋ ਕੇ ਆਪਣੇ ਸਰੂਪ ਦਾ ਮਾਲਕ ਬਣ॥346॥

ਕਬਿਤ।।

ਐਹਮਕ ਅਦਾਇ ਭੈੜੀ ਤੇਰੇ ਬਿਚ ਐਸੀ ਪਈ  ਰਚੇਂ ਦੁਰਲਭ ਜਾਣ ਕਾਰਜ ਪਤੰਤਰੀ।

ਪ੍ਰਵਿਰਤ ਦੀ ਓਰ ਮੂੜ ਤੁਰਤ ਤਿਆਰੁ ਹੋਏਂ  ਕਰੇਂ ਤੂੰ ਬੁਲਾਉ ਬਲ ਆਵੇਂ ਜਾਂ ਸੁਤੰਤਰੀ।

ਸੁਖਾਂ ਦੀ ਹੈ ਖਾਣ ਅਤੇ ਦੁਖਾਂ ਦੀ ਦੁਕਾਨ ਬੰਦ  ਗੋਸੇ ਹੋਇ ਜਾਣੀਏ ਬਹਾਰ ਇਹ ਅੰਤਰੀ।

 ਮਨ ਦੀ ਮਰੋੜੀ ਵਲ ਦੇਖ ਭਗਵਾਨ ਦਾਸ  ਲੈਣ ਨਾ ਅਨੰਦ ਦੇ ਖਰਾਬੁ ਤੇਰਾ ਮੰਤਰੀ।।347।।

 

ਪਦ ਅਰਥ :- ਐਹਮਕ=ਮੂਰਖ। ਅਦਾਇ=ਸੁਭਾਅ। ਦੁਰਲਭ=ਨਾ ਲੱਭਣ ਵਾਲਾ। ਪਤੰਤਰੀ=ਮਹਤਾਜੀ। ਸੁਤੰਤਰੀ=ਅਜ਼ਾਦੀ। ਬਹਾਰ=ਮੌਜ। ਅੰਤਰੀ=ਅੰਦਰ ਦੀ। ਮਰੋੜੀ=ਉਲਟਾ ਸੁਭਾਅ। ਮੰਤਰੀ=ਵਜ਼ੀਰ।

ਅਰਥ :- ਜਿਹੜੇ ਕੰਮਾਂ ਦੇ ਕਰਨ ਕਰਕੇ ਇਹ ਬੱਧਾ ਜਾਂਦਾ ਹੈ ਉਨ੍ਹਾਂ ਕੰਮਾਂ ਨੂੰ ਦੁਰਲਭ ਜਾਣ ਕੇ ਭੈੜੀ ਵਾਦੀ ਕਰਕੇ ਬੜਾ ਛੇਤੀ ਫਸਦਾ ਹੈ। ਜੇਕਰ ਆਜ਼ਾਦ ਹੋਣ ਦਾ ਰਸਤਾ ਦਸਿਆ ਜਾਵੇ ਤਾਂ ਬੜੇ ਟਾਲ ਮਟੋਲੇ ਕਰਦਾ ਹੈ ਤੇ ਫਸਾਉਣ ਵਾਲੇ ਕੰਮ ਲਈ ਤੁਰੰਤ ਤਿਆਰ ਹੋ ਜਾਂਦਾ ਹੈ। ਇਹ ਜੋ ਅੰਤਰ ਆਤਮੇਂ ਅਨੰਦ ਦੀ ਬਹਾਰ ਹੈ, ਇਸ ਦਾ ਅਨੰਦ ਦੁਨੀਆਂ ਤੋਂ ਪਾਸੇ ਹੋ ਕੇ ਹੀ ਮਾਣ ਸਕੀਦਾ ਹੈ। ਜਿਸ ਅਨੰਦ ਨੂੰ ਪਰਾਪਤ ਕਰਕੇ ਸੁਖਾਂ ਦੀ ਖਾਣ ਮਿਲ ਜਾਂਦੀ ਹੈ ਤੇ ਦੁੱਖਾਂ ਦੀ ਦੁਕਾਨ ਬੰਦ ਹੋ ਜਾਂਦੀ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਮਨ ਰੂਪੀ ਵਜੀਰ ਬੜਾ ਖਰਾਬ ਹੈ, ਇਹ ਹਮੇਸ਼ਾਂ ਹੀ ਜੀਵ ਨੂੰ ਉਲਟੀ ਮੱਤ ਦਿੰਦਾ ਹੈ॥347॥

ਕਬਿਤ।।

ਬਾਲਕ ਅਵਸਥਾ ਹੈ ਮੂੜ ਅਗਿਆਨ ਗੁੰਗ  ਕਰੇ ਅਪਰਾਪਤ ਪਦਾਰਥਾਂ ਦੀ ਇਛਿਆ।

ਜੁਵਾ ਹੋਵੇ ਜਦ ਤਦ ਮਦ ਵਿਖੇ ਹੋਇ ਕਰ  ਚਿਤਵਤ ਕਾਂਮ ਖਾਂਮ ਸਮਝੇ ਨਾ ਸਿਛਿਆ।

ਜਰਾ ਜਦੋਂ ਆਵੇ ਕਫ ਖਾਂਸੀ ਆ ਦੁਵਾਵੇ  ਗੁਝੀ ਤ੍ਰਿਸਨਾ ਜਲਾਵੇ ਨਂਹੀ ਹੋਵਤ ਅਨਿਛਿਆ।

 ਕਾਲ ਸਿਰ ਦੰਡ ਨਂਹੀ ਗਿਆਂਨ ਪਰਚੰਡ ਜਬ  ਦਾਸ ਭਗਵਾਂਨ ਹੁਣ ਕੌਣ ਕਰੇ ਰਿਛਿਆ।।348।।

 

ਪਦ ਅਰਥ :- ਅਪਰਾਪਤ=ਨਾ ਪ੍ਰਾਪਤ ਹੋਣ ਵਾਲੇ। ਜੁਵ=ਜੁਆਨੀ। ਮਦ=ਨਾ। ਜਰ=ਬੁਢੇਪਾ। ਕਫ=ਬਲਗਮ।  ਅਨਿਛਿਆ=ਇਛਿਆ ਰਹਿਤ। ਪਰਚੰਡ=ਪ੍ਰਕਾਸ਼। ਰਿਛਿਆ=ਰਾਖੀ, ਬਚਾਓ।

ਅਰਥ :- ਬਾਲ ਅਵਸਥਾ ਵਿੱਚ ਮੂਰਖ ਅਗਿਆਨੀ ਤੇ ਗੁੰਗਾ ਹੋਣ ਕਰਕੇ ਜਿਹੜੇ ਪਦਾਰਥ ਪ੍ਰਾਪਤ ਨਹੀਂ ਹੋ ਸਕਦੇ ਜਾਂ ਦੁਖਦਾਈ ਹਨ ਉਨ੍ਹਾਂ ਦੀ ਇਛਿਆ ਕਰਦਾ ਹੈ (ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ॥) ਜੁਆਨੀ ਦੀ ਅਵਸਥਾ ਵਿਚ ਕਾਮ ਚੇਸ਼ਟਾ ਦੇ ਨਸ਼ੇ ਵਿਚ ਭਲੇ ਦੀ ਕੋਈ ਗੱਲ ਸੁਣਦਾ ਹੀ ਨਹੀਂ ਜਦੋਂ ਬੁਢੇਪਾ ਆ ਜਾਂਦਾ ਹੈ ਤਾਂ ਬਲਗਮ ਤੇ ਖਾਂਸੀ ਦਾ ਜ਼ੋਰ ਪੈ ਜਾਂਦਾ ਹੈ ਤੇ ਗੁਝੀ ਤ੍ਰਿਸ਼ਨਾ ਦੀ ਅੱਗ ਤੇ ਲਾਲਸਾ ਸਾੜਦੀ ਰਹਿੰਦੀ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਅਗਿਆਨੀ ਮਨੁੱਖ ਦੇ ਸਿਰ ਤੇ ਜਦੋਂ ਕਾਲ ਦਾ ਡੰਡਾ ਵੱਜਦਾ ਹੈ, ਤਾਂ ਫਿਰ ਕੋਈ ਰਾਖੀ ਕਰਨੇ ਵਾਲਾ ਨਹੀਂ ਹੈ॥348॥

ਕਬਿਤ।।

ਮੰਨ ਲੈ ਨਦਾਨ ਇਕ ਮਤ ਤੁਝ ਆਖਦਾ ਹਾਂ ਭ ਵੇਂ ਨਾਂ ਚੁਰਾਸੀ ਵਾਲੇ ਜਿਤ ਕਰ ਗੇੜ ਤੂੰ।।

ਮਿਤ੍ਰ ਬਣਾਇ ਜਿਂਨੀ ਪਲਟੇ ਦੇ ਵਿਚ ਪਾਇਆ  ਹੋਹ ਹੁਸਿਆਰ ਜੜ ਤਿਨਾਂ ਦੀ ਉਖੇੜ ਤੂੰ।।

 ਫੈਂਕ ਕੇ ਫਸਾਦ ਆਪ ਹੋਇ ਹੁਸਿਆਰ ਰਹੁ  ਭੁਲ ਨਂਹੀ ਕਰੁ ਫੇਰ ਪੰਚਨ ਕਾ ਨੇੜ ਤੂੰ।।

ਮਾਰਨੇ ਦੇ ਵਾਲਾ ਨਂਹੀ ਕੋਈ ਭਗਵਾਂਨ ਦਾਸ  ਆਪ ਹੀ ਸਹੇੜ ਗਲ ਪਾਇ ਲੈਂਦਾਂ ਫੇੜ ਤੂੰ।।349।।

 

ਪਦ ਅਰਥ :- ਪਲਟੇ=ਉਲਟੇ ਪਾਸੇ। ਪੰਚਨ=ਕਾਮ ਕ੍ਰੋਧ ਆਦਿ। ਨੇੜ=ਸੰਗ। ਫੇੜ=ਬਦੀ।

ਅਰਥ :- ਹੇ ਅਨਜਾਣ ਬੰਦੇ! ਇਕ ਗੱਲ ਤੈਨੂੰ ਆਖਦੇ ਹਾਂ ਜੇ ਮੰਨ ਲਵੇਂ ਤਾਂ ਚਉਰਾਸੀ ਦੇ ਗੇੜ ਤੋਂ ਬਚ ਜਾਏਂਗਾ। ਇਨ੍ਹਾਂ ਪੰਜਾਂ ਚੋਰਾਂ ਨੇ ਤੈਨੂੰ ਮਿੱਤਰ ਬਣਾਕੇ ਜਨਮ ਮਰਨ ਦੇ ਗੇੜ ਵਿਚ ਪਾ ਦਿੱਤਾ। ਖਬਰਦਾਰ ਹੋ ਕੇ ਇਨ੍ਹਾਂ ਤੋਂ ਬਚ ਕੇ ਇਨ੍ਹਾਂ ਦੀ ਲਪੇਟ ਤੋਂ ਹੁਸ਼ਿਆਰੀ ਨਾਲ ਬਚਾਅ ਕਰਕੇ ਫਿਰ ਇਨ੍ਹਾਂ ਦਾ ਭੁਲਕੇ ਭੀ ਨੇੜ ਨਾ ਕਰ। ਇਹ ਜੀਵ ਤਾਂ ਅਮਰ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਇਹ ਜੀਵ ਮਨ, ਮਾਇਆ ਦੇ ਅੱਡੇ ਚੜ੍ਹਕੇ ਚਉਰਾਸੀ ਦੀ ਫਾਹੀ ਗਲ ਪਾ ਲੈਂਦਾ ਹੈ॥349॥

ਕਬਿਤ।।

ਤੇਰੇ ਜੇਹਾ ਮਹਾਂ ਘਾਤੀ ਹੋਰ ਨਾ ਨਦਾਨ ਕੋਈ  ਤ੍ਰਿਸਨਾ ਦੇ ਤਾਉ ਬਿਚ ਰਾਤ ਦਿਨੇ ਤਪਦਾਂ।।

ਦੁਖ ਘਣੇ ਪਾਂਵਦਾ ਹੈਂ ਖਾਨਿਓਂ ਗਵਾਇ ਮਤ  ਕਰਕੇ ਗੁਨਾਹ ਆਪ ਆਪ ਬਿਚ ਖਪਦਾਂ।।

 ਆਪ ਰਚ ਜਾਲ ਵਾਂਗ ਡਾਵਰੇ ਦੇ ਫਸ ਕਹੇਂ  ਬਖਸੇਗਾ ਰਬੁ ਤਕਲੀਫ ਸਭ ਅਪਦਾਂ।।

ਕਹਣਾ ਤੇਰਾ ਝੂਠ ਇਹ ਨਦਾਨ ਭਗਵਾਂਨ ਦਾਸ  ਜਾਵਣ ਅਜਾਂਈ ਜੋ ਕਲਾਂਮ ਮੂੰਹੋਂ ਜਪਦਾਂ।।350।।

 

ਪਦ ਅਰਥ :- ਡਾਵਰੇ=ਕਾਹਣਾ, ਅਟੇਰੂ। ਅਪਦਾਂ=ਦੁੱਖ।

ਅਰਥ :- ਤੇਰੇ ਵਰਗਾ ਮਹਾਂ ਪਾਪੀ ਹੋਰ ਕੋਈ ਨਹੀਂ, ਜਿਹੜਾ ਰਾਤ ਦਿਨ ਤ੍ਰਿਸ਼ਨਾਂ ਦੀ ਅੱਗ ਵਿਚ ਸੜ ਰਿਹਾ ਹੈ। ਇਸ ਦਾ ਕਾਰਨ ਇਹੀ ਹੈ ਜੋ ਭੁਲੇਖੇ ਵਿਚ ਪੈ ਕੇ ਗੁਨਾਹ ਕਰਕੇ ਬਹੁਤੇ ਦੁਖ ਭੋਗਦਾ ਹੈ, ਆਪਣੇ ਆਪ ਵਿਚ ਖਪਦਾ ਹੈ। ਆਪ ਹੀ ਤਾਂ ਭੈੜੇ ਕੰਮ ਕਰਕੇ ਉਸ ਕੈਹਣੇ ਦੀ ਤਰ੍ਹਾਂ ਜਾਲ ਵਿਚ ਫਸ ਜਾਂਦਾ ਹੈ ਤੇ ਫੇਰ ਮੂੰਹੋਂ ਕਹਿੰਦਾ ਹੈ ਕਿ ਸਾਰੇ ਦੁੱਖ ਤੇ ਤਕਲੀਫਾਂ ਰੱਬ ਬਖਸ਼ੇਗਾ। ਜਿਨ੍ਹਾਂ ਦੁਖਾਂ ਨੂੰ ਦੂਰ ਕਰਨ ਲਈ ਕਈ ਜਾਪ ਭੀ ਮੂੰਹੋਂ ਕਰਦਾ ਹੈ, ਰਾਜਾ ਸਾਹਿਬ ਜੀ ਕਥਨ ਕਰਦੇ ਹਨ ਇਹ ਸਭ ਕੁਝ ਕਹਿਣਾ ਤੇਰੇ ਲਈ ਝੂਠਾ ਹੈ ਇਸ ਤਰ੍ਹਾਂ ਦੁੱਖਾਂ ਤੋਂ ਬਚਿਆ ਨਹੀਂ ਜਾ ਸਕਦਾ ।।350।।

ਕਬਿਤ।।

ਗਲਾਂ ਬਾਤਾਂ ਬਿਚ ਦਿਨੁ ਸਾਰਾ ਹੀ ਬਤੀਤ ਹੂਆ  ਆਲਸ ਦੁਬਾਇਆ ਜਬ ਆਈ ਫਿਰ ਰੈਨ ਤਾਂ।।

ਸੁਤਿਆਂ ਬਿਹਾਇ ਗਈ ਕੰਨ ਨਾ ਉਕਾਸਿਆ  ਹੈ ਗਾਫਲ ਗਵਾਈ ਗਲ ਕਰ ਕਰ ਸੈਨਤਾਂ।।

ਹੀਰੇ ਜੈਸਾ ਜਨਮ ਅਜਾਈ ਜਾਏ ਨਾਮ ਬਿਨ  ਪਰਤ ਕੇ ਪੇਖਿਆ ਪ੍ਰੇਮ ਵਾਲੇ ਨੈਨ ਤਾਂ।।

ਲਦ ਜਾਂਵਦਾ ਜਹਾਨੁ ਅਖੀ ਦੇਖ ਭਗਵਾਂਨ ਦਾਸ  ਬੜਾ ਅਫਸੋਸ ਕੈਸੇ ਆਮਦੀ ਹੈ ਚੈਨ ਤਾਂ।।351।।

 

ਪਦ ਅਰਥ:- ਰੈਣ=ਰਾਤ। ਸੈਨ=ਸੁੱਤੇ ਹੀ। ਅਜਾਈਂ=ਬੇਅਰਥ। ਲਦ ਜਾਂਵਦਾ=ਤੁਰਿਆ ਜਾਂਦਾ ਹੈ।

ਅਰਥ :- ਸਾਰਾ ਦਿਨ ਫਜ਼ੂਲ ਗੱਲਾਂ ਵਿਚ ਲੰਘਾ ਦਿਤਾ, ਰਾਤ ਆਲਸ ਦੇ ਕਾਰਨ ਸੁਤਿਆਂ ਹੀ ਬਤੀਤ ਕਰ ਦਿੱਤੀ। ਸੁਤਿਆਂ ਹੀ ਬੀਤ ਗਈ, ਪਾਸਾ ਨਾ ਪਰਤਿਆ ਗਾਫਲੀ ਵਿਚ ਬੇਅਰਥ ਸਮਾਂ ਗੁਆ ਦਿੱਤਾ। ਇਹ ਹੀਰੇ ਵਰਗਾ ਅਮੋਲਕ ਜਨਮ ਸਿਮਰਨ ਤੋਂ ਬਿਨਾਂ ਬੇਅਰਥ ਜਾ ਰਿਹਾ ਹੈ। ਪਰ ਇਹ ਪਤਾ ਤਦ ਲੱਗਾ, ਜਦੋਂ ਸੋਝੀ ਆਈ ਅਤੇ ਜਦ ਪ੍ਰੇਮ ਦੀਆਂ ਅੱਖਾਂ ਨਾਲ ਤਕਿਆ। ਬੜੇ ਅਫਸੋਸ ਨਾਲ ਰਾਜਾ ਸਾਹਿਬ ਉਪਦੇਸ਼ ਦਿੰਦੇ ਹਨ ਤੇ ਕਹਿੰਦੇ ਹਨ ਕਿ ਅੱਖੀਂ ਜਹਾਨ ਨੂੰ ਤੁਰਿਆ ਜਾਂਦਿਆਂ ਦੇਖਕੇ ਭਲਾ ਮਨ ਨੂੰ ਚੈਨ ਕਿਵੇਂ ਆ ਸਕਦਾ ਹੈ ॥351॥

 

 

ਕਬਿਤ।।

ਉਤਮ ਸਰੀਰ ਇਹ ਮਾਨਸ ਚੁਰਾਸੀ ਬਿਚ  ਕਦਰ ਪਛਾਣ ਕਰੁ ਕੰਮ ਨਾਂ ਗਲੀਜ ਤੂੰ।।

 ਬੂਹਾ ਇਹ ਨਕਾਲ ਦਾ ਹੈ ਅਖੀਆਂ ਨਾ ਮੀਟ ਲੰਘੁ  ਜੋਜਨਾਂ ਦਾ ਭੁਲਾ ਆਇਆਂ ਉਪਰ ਦਲੀਜ ਤੂੰ।।

ਸਾਰ ਨਂਹੀ ਲਵੇਂਗਾ ਜੇ ਹਿੰਮਤ ਬਗੈਰ ਅਬ  ਜੁਗਾਂ ਪਰਜੰਤ ਫੇਰ ਭਵੇਂਗਾ ਅਜੀਜ ਤੂੰ।।

ਹੋਇ ਨਿਰਬਾਸ ਬਿਸਰਾਮ ਭਗਵਾਂਨ ਦਾਸ  ਕਾਰਨ ਭੁਆਲੀ ਜਾਣ ਬਾਸਨਾ ਹੀ ਬੀਜ ਤੂੰ।।352।।

 

ਪਦ ਅਰਥ:- ਮਾਨਸ=ਮਨੁੱਖ। ਗਲੀਜ=ਗੰਦੇ। ਨਕਾਲ=ਛੁਟਕਾਰਾ। ਜੋਜਨਾਂ=ਚਾਰ ਕੋਹ ਦਾ ਇਕ ਜੋਜਨ ਭਾਵ ਕਈ ਕੋਸ। ਅਜੀਜ=ਹੇ ਪਿਆਰੇ। ਨਿਰਬਾਸ=ਵਾਸਨਾ ਰਹਿਤ, ਅਫੁਰ। ਭੁਆਲੀ=ਚੁਰਾਸੀ ਦਾ ਗੇੜ। ਬੀਜ=ਮੁੱਢ।

ਅਰਥ :- ਚਉਰਾਸੀਹ ਲੱਖ ਜੂਨਾਂ ਵਿਚ ਮਨੁੱਖਾਂ ਦੇਹ ਉੱਤਮ ਗਿਣੀ ਜਾਂਦੀ ਹੈ ਇਸ ਦੀ ਕਦਰ ਕਰਦੇ ਹੋਏ ਗੰਦੇ ਕੰਮ ਨਾ ਕਰ। ਇਸ ਗੇੜ ਵਿਚੋਂ ਛੁਟਕਾਰਾ ਪਾਉਣ ਦਾ ਹੁਣੇ ਹੀ ਵੇਲਾ ਹੈ ਮਾਇਆ ਦੀ ਮੋਹ ਰੂਪ ਨੀਂਦ ਵਿਚ ਅਵੇਸਲਾ ਨਾ ਹੋ ਕਿਉਂਕਿ ਕਈ ਜੂਨਾਂ ਦਾ ਭੁੱਲਾ ਹੁਣ ਮਨੁੱਖ ਦੀ ਜੂਨ ਵਿਚ ਆਇਆ  ਹੈਂ ॥352॥

ਕਬਿਤ।।

ਜਾਗੁ ਅਬ ਆਲਸੀਆ ਉਮਰ ਅਜਾਂਈ ਜਾਏ  ਹਿਰਸ ਜੰਜੀਰ ਨਾਲ ਹੋਇ ਰਿਹਾਂ ਬੰਧ ਤੂੰ।।

ਗੇੜੁ ਏਹੋ ਖੁਲਣ ਦਾ ਕਰ ਲੈ ਉਪਾਉ ਐਸਾ  ਚਮੜੇ ਦੀ ਕੈਦ ਜਿਤ ਪਵੇਂ ਨਂਹੀ ਅੰਧ ਤੂੰ।।

ਸਗਲ ਮਨੋਰਥ ਮਿਟਾਇ ਮਤ ਏਕ ਫੜੁ  ਦਿਲ ਨੂੰ ਟਕਾਇ ਚਲੁ ਆਰਫਾਂ ਦੇ ਪੰਧ ਤੂੰ।।

ਰਮਜ ਪਛਾਣ ਇਉਂ ਨਦਾਂਨ ਭਗਵਾਂਨ ਦਾਸ  ਖੋਜ ਖੁਦ ਰੂਪ ਰੋਕ ਬਾਸਨਾ ਦੀ ਸੰਧ ਤੂੰ।।353।।

 

ਪਦ ਅਰਥ:- ਆਲਸੀਆ=ਸੁਸਤ। ਹਿਰਸ=ਲਾਲਸਾ। ਚਮੜੇ ਦੀ ਕੈਦ=ਦੇਹ ਦੀ ਕੈਦ। ਆਰਫਾਂ=ਦਰਵੇਸ਼, ਫਕੀਰ। ਪੰਧ=ਰਸਤਾ। ਸੰਧ=ਬੰਧਨ। ਰਮਜ=ਗੁੱਝਾ ਭੇਤ।

ਅਰਥ :- ਲਾਲਸਾ ਦੀ ਰੱਸੀ ਨਾਲ ਬੰਧਾਇਮਾਨ ਹੋਏ, ਸੁਸਤੀ ਨੂੰ ਛੱਡ ਕੇ ਮਾਇਆ ਦੀ ਮੋਹ ਰੂਪ ਨੀਂਦ ਵਿਚੋਂ ਜਾਗ, ਤੇਰੀ ਉਮਰ ਅਜਾਈ਼ ਬੀਤਦੀ ਜਾ ਰਹੀ ਹੈ। ਮਨੁੱਖਾ ਜਨਮ ਹੀ ਬੰਧਨਾਂ ਤੋਂ ਮੁਕਤ ਹੋਣ ਦਾ ਇਕ ਸਮਾਂ ਹੈ। ਇਸ ਦੇਹ ਦੀ ਕੈਦ ਵਿਚੋਂ ਨਿਕਲਣ ਦਾ ਯਤਨ ਕਰ ॥353॥

ਕਬਿਤ।।

ਦੇਖ ਓਹੋ ਨੂਰੁ ਜਿਹਦਾ ਕੁਲ ਹੈ ਜਹੂਰੁ ਰਤੀ  ਰਹੇ ਨਾ ਫਤੂਰ ਜਾਣ ਲਵੇਂ ਜੇ ਹਜੂਰ ਤੂੰ।।

ਸੀਨਾ ਹੋਵੇ ਸਰਦ ਨਾਂ ਦਰਦ ਬਕਾਇ ਰਹੇ  ਗਰਦ ਗਵਾਇ ਹੋਇ ਰਹੇਂ ਭਰਪੂਰੁ ਤੂੰ।।

ਮਨ ਮਤ ਚੂਰ ਕਰ ਤਰਕ ਗਰੂਰ ਫੇਰ  ਨਂਹੀ ਕਿਤੇ ਦੂਰ ਹੈਂ ਮਾਮੂਰ ਮਸਹੂਰ ਤੂੰ।।

ਲਖੇਂ ਆਪ ਕੋ ਹੀ ਆਪ ਜੇ ਨਦਾਂਨ ਭਗਵਾਂਨ ਦਾਸ  ਜਪੇਂ ਜੇ ਅਜਾਪ ਜਾਪ ਨੇਹਿ ਪਾਪ ਹੈਂ ਜਰੂਰ ਤੂੰ ।।354।।

 

 

ਪਦ ਅਰਥ':-ਨੂਰੁ=ਰੌਸ਼ਨੀ। ਜਹੂਰੁ=ਪ੍ਰਗਟ ਹੋ ਰਿਹਾ। ਫਤੂਰ=ਰੌਲਾ ਗੌਲਾ। ਹਜੂਰ=ਆਪ ਖੁਦਾ। ਸਰਦ=ਸਾਂਤ। ਬਕਾਇ=ਬਾਕੀ। ਗਰਦ ਗਵਾਇ=ਮਨ ਦੀ ਮੈਲ ਦੂਰ ਕਰ। ਭਰਪੂਰੁ=ਪੂਰਨ। ਗਰੂਰ=ਅਹੰਕਾਰ। ਮਾਮੂਰ=ਖੁਸ਼ਹਾਲ। ਅਜਾਪ ਜਾਪ=ਸੁਤੇ ਸਿਧ ਕੀਤਾ ਜਾਪ। ਨੇਹਿ ਪਾਪ=ਪਾਪ ਰਹਿਤ।

ਅਰਥ :- ਸਾਰਿਆਂ ਵਿੱਚ ਉਸੇ ਨੂਰ ਦਾ ਦੀਦਾਰ ਕਰ, ਤੇਰੇ ਮਨ ਵਿਚ ਰੰਚਕ ਮਾਤ੍ਰ ਭੀ ਫਤੂਰ ਨਹੀਂ ਰਹਿ ਜਾਵੇਗਾ ਤੇ ਹਜੂਰ ਦਾ ਦੀਦਾਰ ਹੋਵੇਗਾ। ਸੀਨੇ ਵਿਚ ਸ਼ਾਂਤੀ ਪ੍ਰਾਪਤ ਹੋਵੇਗੀ ਸਾਰੇ ਦਰਦ ਦੂਰ ਹੋ ਜਾਣਗੇ, ਮਨ ਦੀ ਮੈਲ ਦੂਰ ਕਰਕੇ ਪਿਆਰ ਨਾਲ ਭਰਪੂਰ ਹੋ ਜਾਏਂਗਾ। ਮਨ ਦੀ ਮੱਤ ਨੂੰ ਛਡ ਦੇ ਤੇ ਅਹੰਕਾਰ ਨੂੰ ਦੂਰ ਕਰਨ ਨਾਲ ਖੁਸ਼ਹਾਲੀ ਤੇ ਨਾਮ ਪਦ ਪ੍ਰਾਪਤ ਹੋਵੇਗਾ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਆਪਣੇ ਆਪ ਨੂੰ ਪਛਾਣ ਕੇ ਜੇ ਚਿੱਤ ਦੀ ਬਿਰਤੀ ਦੁਆਰਾ ਜਾਪ ਜਪੇਂਗਾ ਤਾਂ ਨਿਸ਼ਚੇ ਕਰ ਕੇ ਨਿਸਪਾਪ ਹੋ ਜਾਏਂਗਾ ॥354॥

ਕਬਿਤ।।

ਬਿਰਤੀ ਬਿਹਾਰਾ ਕਾਰ ਜਾਣ ਦੇਹ ਜਤੀਮ  ਅਬ ਹੋਹ ਨਾਂ ਅਲਥ ਸੁਧ ਆਪਣੇ ਲੈ ਘਰ ਦੀ।।

ਕਾਰਾਗਰੀ ਬਾਹਜ ਮੁਖ ਕਾਰਨ ਫਸਾਉਦਾ ਹੈ  ਮੋਖਸ ਸਰੂਪਾ ਕਾਰ ਬਿਰਤੀ ਹੈ ਕਰਦੀ।।

ਬੋਏਂ ਬਾਸਨਾ ਕਰੀਰ ਛਾਪਾ ਲਗੇਗਾ ਸਰੀਰ ਹੋਏਂ  ਪੁਜ ਦਲਗੀਰ ਰੀਤ ਪਕੜੇਂ ਜੇ ਖਰਦੀ।।

ਰਾਹ ਜਾਂਵਦੀ ਵਲਾਇ ਗਲ ਪਾਏਂ ਭਗਵਾਨ ਦਾਸ ਦਸ  ਖਾਂ ਨਦਾਂਨ ਤੇਰਾ ਕੌਣੁ ਬਣੂ ਦਰਦੀ।।355।।

 

ਪਦ ਅਰਥ :- ਬਿਹਾਰਾ ਕਾਰ=ਦੁਨੀਆਂ ਵਿਚ ਫਸਣ ਵਾਲੇ ਕੰਮ। ਜਤੀਮ=ਮਾਂ ਪਿਓ ਬਾਹਰਾ। ਅਲਥ=ਬੇ-ਅਕਲ। ਬਾਹਜ ਮੁਖ=ਸੰਸਾਰਕ ਬਿਰਤੀ। ਮੋਖਸ ਸਰੂਪਾ=ਛੁਟਕਾਰਾ। ਬਾਸਨਾ ਕਰੀਰ=ਭੈੜੇ ਕੰਮ। ਛਾਪਾ=ਕੰਡੇ। ਦਲਗੀਰ=ਦੁਖੀ, ਉਦਾਸ। ਖਰਦੀ=ਗਧੇ।

ਅਰਥ :- ਬਿਵਹਾਰਕ ਬਿਰਤੀ ਆਪਣੀ ਹੀ ਦੇਹ ਨੂੰ ਦੁੱਖ ਦੇਣਾ ਹੈ ਕਿਉਂਕਿ ਇਸ ਦੇਹ ਦਾ ਵਾਲੀ ਵਾਰਸ ਕੋਈ ਨਹੀਂ ਇਸ ਕਾਰਨ ਬਾਹਰੋਂ ਬਿਰਤੀ ਨੂੰ ਸੰਕੋਚ ਕੇ ਆਪਣੇ ਹਿਰਦੇ ਰੂਪੀ ਘਰ ਦੀ ਖਬਰ ਲੈ। ਬਾਹਰ ਮੁਖੀ ਅਕਲ ਦੀਆਂ ਚਤੁਰਾਈਆਂ ਸਭ ਫਸਾਉਣ ਦੇ ਕੰਮ ਹੈਨ ਤੇ ਵਿਚਾਰ ਬਿਰਤੀ ਹੀ ਮੁਕਤੀ ਦਾ ਕਾਰਨ ਬਣ ਜਾਂਦੀ ਹੈ। ਭੈੜੀ ਵਾਸਨਾਂ ਦੇ ਵੱਸ ਹੋ ਕੇ ਭੈੜੇ ਕੰਮ ਕੀਤੇ ਸਰੀਰਕ ਦੁਖ ਦਾ ਕਾਰਨ ਬਣਦੇ ਹਨ। ਗਧਿਆਂ ਵਾਲੇ ਕੰਮ ਕਰਕੇ ਪੁਜ ਕੇ ਦੁਖੀ ਹੋਵੇ਼ਗਾ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਬੰਦਾ ਰਾਹ ਜਾਂਦੀ ਬਲਾ ਆਪਣੇ ਗਲ ਪਾ ਲਵੇ ਭਲਾ ਦਸੋ ਉਸ ਦਾ ਕੌਣ ਦਰਦੀ ਬਣ ਸਕਦਾ ਹੈ ॥355॥

 

ਕਬਿਤ।।

ਦੇਖ ਸੰਸਾਰ ਇਹੁ ਅਸਤ ਹੈ ਅਸਾਰੁ ਕਰੁ  ਇਸ ਦੀ ਬਚਾਰ ਨਂਹੀ ਫਸੁ ਸੁਤ ਨਾਰ ਮੇਂ।

ਕੂੜ ਦਾ ਬਿਹਾਰ ਕੋਈ ਦੰਮ ਦੀ ਖਲਾਰ ਨਾਂ  ਅਵਰਦਾ ਗੁਜਾਰ ਯਾਰ ਚਿਤ ਕਰ ਹਾਰ ਮੇਂ।

ਬਾਜੀ ਜਾਏਂ ਜੀਤ ਪਰਪੰਚ ਸੇ ਅਤੀਤ ਹੋਇ  ਕਰੇਂ ਜੇ ਬਤੀਤ ਪਰਤੀਤ ਨਿਰਾਕਾਰ ਮੇਂ।

ਪਾਏਂ ਕਲਿਆਣ ਤਜ ਈਰਖਾ ਨਦਾਂਨ ਐਸੇ  ਦਾਸ ਭਗਵਾਂਨ ਰਹੇਂ ਅਸਲ ਅਚਾਰ ਮੇਂ।।356।।

 

ਪਦ ਅਰਥ: ਅਸਤ=ਝੂਠਾ। ਅਸਾਰੁ=ਨਾਵੰਤ। ਸੁਤ=ਪੁਤ੍ਰ। ਨਾਰ=ਇਸਤ੍ਰੀ। ਖਲਾਰ=ਖੇਲ। ਅਵਰਦ=ਉਮਰ।

ਬਾਜੀ।= ਮਨੁਖਾ ਜਨਮ ਦੀ ਬਾਜੀ। ਪਰਪੰਚ=ਜਗਤ। ਅਤੀਤ=ਉਦਾਸ। ਪਰਤੀਤ=ਨਿਸਚਾ। ਨਿਰਾਕਾਰ=ਅਕਾਰ ਰਹਿਤ। ਕਲਿਆਣ=ਮੁਕਤੀ। ਈਰਖ=ਸਾੜਾ। ਅਚਾਰ=ਭਲਾਈ।

ਅਰਥ : ਸੰਸਾਰ ਝੂਠਾ ਜਾਣ ਕੇ ਇਸਤ੍ਰੀ ਪੁਤ੍ਰਾਂ ਦੇ ਮੋਹ ਵਿਚ ਨਾ ਫਸ ਬੈਠ। ਇਸ ਆਸ਼ੇ ਦੀ ਚਿੱਤ ਵਿਚ ਪਕਿਆਈ ਰੱਖ ਕੇ ਕਿ ਇਥੋਂ ਆਖਰ ਬਾਗ਼ੀ ਹਾਰ ਕੇ ਹੀ ਜਾਣਾ ਹੈ ਝੂਠੇ ਧੰਦਿਆਂ ਵਿਚ ਆਪਣੀ ਉਮਰ ਅਜਾਈਜ਼ ਨਾ ਗੁਆ, ਸੰਸਾਰ ਤੋਂ ਵੈਰਾਗੀ ਹੋ ਕੇ ਜੇ ਆਪਣੀ ਆਯੂ ਆਕਾਰ ਰਹਿਤ ਵਾਹਿਗੁਰੂ ਦੀ ਪ੍ਰੀਤ ਵਿਚ ਬਤੀਤ ਕਰੇਂਗਾ ਤਾਂ ਇਥੋਂ ਮਨੁੱਖ ਜਨਮ ਦੀ ਬਾਗ਼ੀ ਜਿੱਤ ਕੇ ਜਾਏਂਗਾ। ਆਪਣੇ ਚਾਲ ਚਲਣ ਸ਼ੁੱਧ ਰਖੋ, ਕਿਸੇ ਨਾਲ ਈਰਖਾ ਵੈਰ ਵਿਰੋਧ ਨਾ ਕਰੋ, ਰਾਜਾ ਸਾਹਿਬ ਕਥਨ ਕਰਦੇ ਹਨ ਕਿ ਇਹ ਛੁਟਕਾਰਾ ਪਾਉਣ ਦਾ ਠੀਕ ਸਾਧਨ ਹੈ॥356॥

 

ਕਬਿਤ।।

ਜਤੀ ਜਿਵੇਂ ਨਾਰ ਸੇ ਅਤੀਤ ਜਿਉਂ ਬਿਹਾਰ ਸੇ  ਤਿਉਂ ਭਜ ਤੂੰ ਬਕਾਰ ਸੇ ਤੇ ਪੰਚਨ ਕੀ ਬੰਧ ਸੇ।।

ਕੁਰੰਗ ਜਿਵੇਂ ਸੇਰ ਸੇ ਜਿਉਂ ਅਜ ਹੈ ਬਘੇਰ ਸੇ  ਤਿਉਂ ਡਰ ਜੂਨੀ ਫੇਰ ਸੇ ਚੁਰਾਸੀ ਵਾਲੇ ਫੰਧ ਸੇ।।

ਬੈਸਨੋ ਜਿਉਂ ਨੀਚ ਸੇ ਛੁਕੀਨ ਜਿਵੇਂ ਕੀਚ ਸੇ  ਤਿਉਂ ਬਚੁ ਪੰਚ ਬੀਚ ਸੇ ਅਗਿਆਨ ਰੂਪ ਅੰਧ ਸੇ।।

ਦਾਸ ਭਗਵਾਂਨ ਝੂਠਾ ਜਾਣ ਕੇ ਜਹਾਂਨ ਕਰ  ਸਚ ਦਾ ਧਿਆਨ ਬਚ ਕੂੜ ਸਨਬੰਧ ਸੇ।।357।। 

 

ਪਦ ਅਰਥ:- ਜਤੀ=ਬਿੰਦ ਦੀ ਰਾਖੀ ਕਰਨ ਵਾਲਾ। ਪੰਚਨ=ਕਾਮ, ਕਰੋਧ ਆਦਿ। ਕੁਰੰਗ=ਹਰਨ। ਅਜ=ਬੱਕਰੀ। ਬਘੇਰ=ਬਘਿਆੜ। ਬੈਸਨੋ=ਸੰਜਮ ਸਫਾਈ ਵਾਲਾ। ਨੀਚ=ਚਿੱਕੜ, ਗਾਰਾ।

ਅਰਥ :- ਜਤੀ ਪੁਰਸ਼ ਜਿਵੇਂ ਇਸਤ੍ਰੀ ਤੋ਼ ਸੰਕੋਚ ਕਰਦਾ ਹੈ, ਵੈਰਾਗੀ ਵਿਹਾਰ ਤੋ਼, ਏਸੇ ਤਰ੍ਹਾ ਹੇ ਮਨੁੱਖ! ਪੰਜਾਂ ਦੂਤਾਂ ਤੇ ਪੰਜਾਂ ਵਿਕਾਰਾਂ ਤੋਂ ਬਚ। ਜਿਵੇਂ ਹਰਨ ਸ਼ੇਰ ਤੋਂ, ਬੱਕਰੀ ਬਘਿਆੜ ਤੋਂ, ਏਸੇ ਤਰ੍ਹਾਂ ਚੁਰਾਸੀ ਵਾਲੇ ਬੰਧਨ ਤੋਂ ਬਚੋ। ਸੁੱਚਮ ਰੱਖਣ ਵਾਲਾ ਵੈਸ਼ਨਵ ਖਿਆਲਾਂ ਦਾ ਮਨੁੱਖ ਨੀਚ ਦੇ ਸੰਗ ਤੋਂ ਤੇ ਬਣ ਠਣ ਕੇ ਸੋਹਣੇ ਕਪੜੇ ਪਾਉਣ ਵਾਲਾ ਸ਼ੁਕੀਨ ਚਿੱਕੜ ਗਾਰੇ ਤੋਂ ਡਰਦਾ ਹੈ, ਏਸੇ ਤਰ੍ਹਾਂ ਪੰਜਾਂ ਦੂਤਾਂ ਤੇ ਅਗਿਆਨਤਾ ਦੇ ਅੰਧੇਰੇ ਤੋਂ ਬਚੋ। ਰਾਜਾ ਸਾਹਿਬ ਜੀ ਕਥਨ ਕਰਦੇ  ਹਨ ਕਿ ਸੰਸਾਰ ਨੂੰ ਝੂਠਾ ਜਾਣ ਕੇ ਸੱਚ ਸਰੂਪ ਨਿਰੰਕਾਰ ਦਾ ਧਿਆਨ ਧਰੋ ਤੇ ਝੂਠ ਤੇ ਪਾਜ ਦੀ ਸੰਗਤ ਤੋਂ  ਬਚੋ॥॥357॥

 

ਕਬਿਤ।।

ਦਾਦ ਫਰਿਆਦ ਨਂਹੀ ਆਪ ਬਿਨ ਸੁਣਦਾ ਕੋ  ਕਿਸ ਨੂੰ ਸੁਣਾਵਾਂ ਹਾਲੁ ਮਨ ਨੇ ਹੱਾ ਮਾਰਿਆ।।

ਜਿਨਸ ਬਕੀਮਤੀ ਦਾ ਲਦਿਆ ਜਹਾਜੁ  ਮੇਰਾ ਛਹ ਦਰਆ ਵਿਚ ਧੋਖਾ ਦੇ ਕੇ ਡਾਰਿਆ।।

ਰਖਾਂ ਨ ਲਕੋਇ ਮੈ ਪੁਕਾਰਦਾ ਹਾਂ ਭੁਜਾ  ਕਢ ਨਫਸ ਦੇ ਧੋਖੇ ਮੂਲੁ ਆਂਈ ਨਾਂ ਪਿਆਰਿਆ।।

ਦੰਮ ਤੇ ਦਲੀਲ ਇਕ ਹੋਇ ਭਗਵਾਂਨ ਦਾਸ  ਡੁਬਦਾ ਜਹਾਜੁ ਕਿਸੇ ਇਸ ਬਿਧ ਤਾਰਿਆ।।358।।

 

ਪਦ ਅਰਥ:-ਦਾਦ ਫਰਿਆਦ=ਗਿਲਾ ਗੁਜ਼ਾਰੀ। ਜਿਨਸ ਬਕੀਮਤੀ=ਅਮੋਲਕ ਸੁਆਸ। ਛਹ ਦਰਆ=ਨਾਸ਼ਵੰਤ ਸੰਸਾਰ ਸਮੁੰਦਰ। ਨਫਸ=ਮਨ। ਦੰਮ ਤੇ ਦਲੀਲ=ਯੁਕਤੀ ਦੁਆਰਾ ਮਨ ਦਾ ਰੋਕਣਾ।

ਅਰਥ :- ਹੇ ਮੇਰੇ ਵਾਹਿਗੁਰੂ! ਆਪ ਤੋਂ ਬਿਨਾਂ ਮੇਰੀ ਹਾਲ ਪੁਕਾਰ ਕੋਈ ਨਹੀਂ ਸੁਣਦਾ ਹੋਰ ਕਿਸ ਨੂੰ ਸੁਣਾਵਾਂ? ਇਸ ਮਨ ਨੇ ਮੈਨੂੰ ਬੜਾ ਖਰਾਬ ਕੀਤਾ ਹੈ। ਸੁਆਸਾਂ ਰੂਪ ਅਮੋਲਕ ਜਿਨਸ ਦਾ ਮੇਰਾ ਸਰੀਰ ਰੂਪ ਜਹਾਜ਼ ਪਦਾਰਥਾਂ ਦੇ ਇੱਛਾ ਰੂਪ ਲਹਿਰਾਂ ਵਿਚ ਫਸ ਗਿਆ। ਹੁਣ ਮੈਂ ਉਚੀਆਂ ਬਾਹਵਾਂ ਕਰਕੇ ਪੁਕਾਰ-ਪੁਕਾਰ ਇਹ ਕਹਿੰਦਾ ਹਾਂ ਕਿ ਹੇ ਪਿਆਰਿਆ! ਮਨ ਦੇ ਪਿੱਛੇ ਨਾ ਚੱਲੀਂ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਯੁਕਤੀ ਦੁਆਰਾ ਮਨ ਨੂੰ ਰੋਕਕੇ ਕਿਸੇ ਵਿਰਲੇ ਨੇ ਹੀ ਇਸ ਸੰਸਾਰ ਸਮੁੰਦਰ ਨੂੰ ਪਾਰ ਕੀਤਾ ਹੈ॥358॥

ਕਬਿਤ।।

ਬਗ ਰਹੀ ਵਾਉ ਐਸੀ ਮਾਇਆ ਦੇ ਸੁਭਾਉ ਕਰ  ਹੋਵਣ ਟਕਾਉ ਨਂਹੀ ਦੇਵੇ ਇਸ ਜਿੰਦ ਦਾ।।

ਤ੍ਰਿਨ ਦੇ ਵਾਂਗ ਮਨ ਅਰਧ ਤੇ ਜਾਏ ਕਭੀ ਉਰਧ  ਕੋ ਚਾਰਾ ਨਂਹੀ ਚਲਦਾ ਹੈ ਪੁਰਖ ਪਰਿੰਦ ਦਾ।।

ਚੱਕਰ ਦੇ ਬਿਚੋਂ ਬਿਧ ਨਿਕਲਨੇ ਵਾਲੀ ਖੂਬੁ ਹੋਹ  ਤੂੰ ਅਡੋਲ ਫੜ ਦਾਂਮਨ ਗੋਬਿੰਦ ਦਾ।।

ਨੇਕ ਹੈਂ ਨਸੀਬ ਹੋਇ ਸਰੋਤ ਭਗਵਾਂਨ ਦਾਸ  ਆਸਰਾ ਅਚਲ ਨਾ ਬਸਾਹੁ ਕਰ ਮਿੰਦ ਦਾ।।359।।

 

ਪਦ ਅਰਥ :-ਤ੍ਰਿਨ=ਕੱਖ। ਅਰਧ=ਨੀਚੇ। ਉਰਧ=ਉਪਰ। ਪਰਿੰਦ=ਪੰਛੀ। ਅਡੋਲ=ਟਿਕਾਓ। ਦਾਂਮਨ=ਪੱਲਾ। ਸਰੋਤ=ਪ੍ਰਵਾਹ। ਅਚਲ=ਨਾ ਚੱਲਣ ਵਾਲਾ।

ਅਰਥ :- ਮਾਇਆ ਦੇ ਪ੍ਰਭਾਵ ਕਰਕੇ ਐਸੀ ਸੰਕਲਪ ਵਿਕਲਪਾਂ ਦੀ ਹਵਾ ਚਲ ਰਹੀ ਹੈ ਕਿ ਇਹ ਮਨ ਦਾ ਟਿਕਾਓ ਨਹੀਂ ਹੋਣ ਦੇਂਦੀ।

ਇਹ ਜੀਵ ਪਰਿੰਦੇ ਦੀ ਨਿਆਈ਼ ਹੈ, ਕਦੇ ਮਨ ਇਸ ਨੂੰ ਕਿਸੇ ਪਾਸੇ ਉਡਾ ਕੇ ਲੈ ਜਾਂਦਾ ਹੈ ਕਦੇ ਕਿਸੇ ਪਾਸੇ, ਇਸ ਦੀ ਪੇਸ਼ ਨਹੀਂ ਜਾਂਦੀ। ਇਸ ਭਟਕਣਾਂ ਤੇ ਚੱਕਰ ਦੇ ਵਿਚੋਂ ਨਿਕਲਣ ਦੀ ਇਕ ਇਹੀ ਬਿਧੀ ਹੈ ਕਿ ਉਸ ਨਿਰੰਕਾਰ ਦਾ ਪੱਲਾ ਫੜ ਲੈ | ਜੇ ਚੰਗੇ ਭਾਗ ਹੋਣ ਤਾਂ ਕੰਨ ਵਾਹਿਗੁਰੂ ਦੀ ਸਿਫਤ ਸਲਾਹ ਸੁਣਦੇ ਹਨ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਇਸ ਜਿੰਦ ਜਾਨ ਦਾ ਕੋਈ ਭਰੋਸਾ ਨਹੀਂ, ਨਿਰੰਕਾਰ ਦਾ ਪੱਕਾ ਆਸਰਾ ਫੜ ਲੈ ॥359॥

 

ਕਬਿਤ।।

ਮੋਮਨ ਉਪਾਉ ਨਂਹੀ ਮੋਮ ਦਿਲ ਹੋਵਣੇ ਨੂੰ  ਆਜਜ ਸਤਾਵਣੇ ਦੇ ਬਿਚ ਉਪਰਾਲਮੀ।।

ਰਖਿਆ ਹਲਾਲ ਨਾਮ ਮਾਰਿਆ ਗੁਨਾਹ ਬਿਨ  ਕਾਫਰ ਕਸਾਈ ਤੈਂ ਸੁਭਾਉ ਫੜ ਜਾਲਮੀ।।

ਆਖਦਾਂ ਸਵਾਬੁ ਕਿਸ ਸੂਰਤ ਬੇਪੀਰ ਬੋਲ  ਲਿਖਿਆ ਕੁਰਾਨ ਮੇਂ ਕਿਰਬਲ ਹੈ ਆਲਮੀ।।

ਲੱਜਤ ਪਸਿੰਦ ਹੁਣ ਕਰੇਂ ਭਗਵਾਂਨ ਦਾਸ  ਦੋਜਖ ਦੀ ਭਾਹ ਜਾਂ ਜਲਾਵੇ ਕਰੇਂ ਮਾਲਮੀ।।360।।

 

ਪਦ ਅਰਥ :- ਉਪਰਾਲਮੀ=ਉਪਰਾਲਾ, ਉੱਦਮ, ਪੁਰਸ਼ਾਰਥ। ਹਲਾਲ=ਕਲਮਾ ਪੜ੍ਹ ਕੇ ਮਾਰਿਆ ਜੀਵ। ਸਵਾਬੁ=ਪੁੰਨ। ਕਿਰਬਲ ਆਲਮੀ=ਮੁਹੰਮਦ ਸਾਹਿਬ। ਲੱਜਤ ਪਸੰਦ=ਜ਼ਬਾਨ ਦਾ ਚਸਕਾ। ਭਾਹ=ਅੱਗ। ਮਾਲਮੀ=ਪਤਾ ਲਗੂ।

ਅਰਥ :-  ਹੇ ਮੋਮਨ! ਮੋਮ ਦਿਲ ਹੋਣ ਦਾ ਤਾਂ ਉਪਾਉ ਨਹੀਂ ਕੀਤਾ ਬੇਜ਼ੁਬਾਨਾਂ ਨੂੰ ਮਾਰਨ ਵਿਚ ਬੜਾ ਉੱਦਮ ਤੇ ਉਤਸ਼ਾਹ ਰੱਖਦਾ ਹੈ਼! ਗੁਨਾਹ ਬਿਨਾਂ ਜੀਵ ਦੀ ਗਰਦਨ ਤੇ ਛੁਰੀ ਚਲਾ ਕੇ ਹਲਾਲ ਕਹਿੰਦਾ ਹੈ਼, ਕੰਮ ਕਾਫਰਾਂ ਦੇ ਕਰਦਾ ਹੈ ਪਰ ਕਹਾਉ਼ਦਾ ਆਪਣੇ ਆਪ ਨੂੰ ਮੋਮਨ ਹੈ਼ ਤੇ ਸੁਭਾਅ ਜ਼ੁਲਮ ਕਰਨ ਦਾ ਫੜਿਆ। ਹੇ ਬੇਪੀਰੇ! ਇਸ ਕਰਮ ਨੂੰ ਪੁੰਨ ਕਿਸ ਖਿਆਲ ਨਾਲ ਕਹਿੰਦਾ ਹੈ਼ ਇਸ ਦਾ ਭਾਵ ਹੈ ਕਿਤੂੰ ਤੇ ਕੁਰਾਨ ਦੇ ਕਲਮੇ ਨੂੰ ਨਹੀਂ ਮੰਨਿਆ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹਬਾ ਦੇ ਸੁਆਦ ਦੇ ਵੱਸ ਹੋ ਕੇ ਬੇਜ਼ੁਬਾਨ ਤੇ ਛੁਰੀ ਚਲਾਉਂਦਾ ਹੈ਼। ਜਦ ਦੋਜ਼ਖ ਦੀ ਅੱਗ ਵਿਚ ਸੜੇਂਗਾ ਤਾਂ ਪਤਾ ਲਗੂ ॥360॥

 

ਕਬਿਤ।।

ਦਿਸਦਾ ਖੁਦ ਨਂਹੀ ਹੋਰੁ ਦਿਲਦਾਰ ਕਿਤੇ  ਸਾਬਤ ਜਾਂ ਹੋਇਆ ਹੈ ਤਾਂ ਜਾਣਿਆ ਬਿਆਨ ਤੇ।।

ਪੀਰ ਤੇ ਪੈਗੰਬਰ  ਬਤਾਂਵਦੇ ਦਨ ਇਹ  ਸਿਆਹ ਰਗੁ ਨਜਦੀਕ ਰਬ ਸਾਬਤ ਕੁਰਾਂਨ ਤੇ।।

ਐਸਾ ਹੈਂ ਬੇਦੀਨ ਬੇਈਮਾਨ ਤੂੰ ਹਰਾਮ ਖੋਰ  ਮਾਰਦਾ ਹੈਂ ਜੀਵ ਫਿਰਾਊਨ ਫਰਮਾਂਨ ਤੇ।।

ਦੁਖ ਨਾ ਪਰਾਇਆ ਹੁਣ ਯਾਦ ਭਗਵਾਂਨ ਦਾਸ  ਜਾਣੇਗਾ ਦਰੁਸਤ ਜਾਂ ਆਂਣ ਬਣੇ ਜਾਨ ਤੇ।।361।।

 

ਪਦ ਅਰਥ:-ਸਾਬਤ=ਸਹੀ ਹੋਣਾ। ਸਿਆਹਰਗ=ਰਕਤ ਵਾਹ ਨਾੜੀ। ਫਿਰਾਊਨ=ਫਿਰਨ ਵਾਲਾ, ਬੇਮੁਖ।

ਅਰਥ- ਕੁਰਾਨ, ਪੀਰ, ਪੈਗੰਬਰ ਤੇ ਦਾਨਿਆਂ ਦੇ ਬਿਆਨ ਤੋਂ ਇਹ ਸਿੱਧ ਹੋਇਆ ਹੈ ਕਿ ਦਿਲਦਾਰ ਪਿਆਰਾ ਰੱਬ ਸ਼ਾਹ ਰਗ ਤੋਂ ਭੀ ਨੇੜੇ ਹੈ। ਹੇ ਬੰਦੇ! ਤੂੰ ਐਸਾ ਬੇਦੀਨ, ਬੇਈਮਾਨ ਤੇ ਹਰਾਮਖੋਰ ਹੈ਼ ਕਿ ਰੱਬੀ ਹੁਕਮ ਦੀ ਅਦੂਲੀ ਕਰਕੇ ਜੀਵਾਂ ਨੂੰ ਮਾਰਦਾ ਹੈ਼। ਤੈਨੂੰ ਪਰਾਇਆ ਦੁੱਖ ਯਾਦ ਨਹੀਂ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਪਤਾ ਉਦੋਂ ਲਗੇਗਾ ਜਦੋਂ ਤੇਰੀ ਆਪਣੀ ਜਾਨ ਤੇ ਆਣ ਬਣੇਗੀ ॥361॥

 

ਕਬਿਤ।।

ਬਾਫਰੀ ਜੇ ਕਰੇਂ ਤਾਂ ਉਠਾਏੇਂ ਨੁਕਸਾਂਨ ਬਹੁ  ਬਾਫਰੀ ਦੇ ਜੇਡ ਕੋਈ ਹੋਰ ਨਾ ਗੁਨਾਹ ਹੈ।।

ਚੌਦਾਂ ਹੀ ਤਬਕ ਬਿਚ ਜਾਇ ਹਰ ਜਲ ਪਵੇ  ਦੁਖੀ ਹੋਇ ਜੀਵ ਜਦੋਂ ਮਾਰੇ ਠੰਡੀ ਆਹ ਹੈ।।

ਲਾਹਨਤ ਕਾ ਤੌਕ ਗਲ ਪਵੇ ਮੂੰਹ ਕਾਲਾ ਹੋਇ  ਸ੍ਰਮ ਉਠਾਏੇਂ ਜਦੋਂ ਕਰੇਂ ਤੂੰ ਨਗਾਹ ਹੈ।।

ਮਕੇ ਕਰੇਂ ਹੱਜ ਜੇ ਹਜਾਂਰ ਵਾਰ ਜਾਇ ਕਰ  ਦਾਸ ਭਗਵਾਂਨ ਨਂਹੀ ਬਖਸੇ ਅਲਾਹ ਹੈ।।362।।

 

ਪਦ ਅਰਥ:- ਬਾਫਰੀ=ਵਧੀਕੀ। ਚੌਦਾਂ ਤਬਕ=ਸੱਤ ਅਕਾਸ਼, ਸੱਤ ਪਾਤਾਲ। ਹਰ ਜਲ=ਗੜਬੜ। ਠੰਡੀ ਆਹ=ਹਾਉਕਾ।  ਸ੍ਰਮ=ਸ਼ਰਮਿੰਦਗੀ। ਤੌਕ=ਜ਼ੰਜੀਰ।

ਅਰਥ :- ਜੇ ਕਿਸੇ ਨਾਲ ਵਧੀਕੀ ਕਰਦਾ ਹੈਂ ਤਾਂ ਬੜਾ ਨੁਕਸਾਨ ਉਠਾਏਂਗਾ, ਕਿਉ਼ਕਿ ਵਧੀਕੀ ਦੇ ਨਾਲ ਦਾ ਕੋਈ ਗੁਨਾਹ ਨਹੀਂ ਹੈ। ਸੱਤ ਅਕਾਸ਼ ਤੇ ਸੱਤਾਂ ਹੀ ਪਾਤਾਲਾਂ ਵਿਚ ਹਲਚਲ ਮੱਚ ਜਾਂਦੀ ਹੈ, ਜਦੋਂ ਜੀਵ ਦੁਖੀ ਹੋ ਕੇ ਹਾਉਕਾ ਲੈਂਦਾ ਹੈ। ਫਿਟਕਾਰਾਂ ਦਾ ਜ਼ੰਜੀਰ ਤੇਰੇ ਗਲ ਪਵੇਗਾ ਤੇ ਮੂੰਹ ਕਾਲਾ ਹੋਸੀ ਤੇ ਤੈਨੂੰ ਬਹੁਤ ਸ਼ਰਮਿੰਦਾ ਹੋਣਾ ਪਊ, ਭਾਵੇਂ ਹਜ਼ਾਰਾਂ ਵਾਰੀ ਜਾ ਕੇ ਮੱਕੇ ਦਾ ਹੱਜ ਕਰੇ਼। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਤੈਨੂੰ ਸੱਚਾ ਰੱਬ ਕਦੇ ਨਹੀਂ ਬਖਸ਼ੇਗਾ॥362॥

 

ਕਬਿਤ।।

ਦੋਜਖ ਮੇ ਡਾਲਤ ਹੈਂ ਆਪ ਕੋ ਜਹਾਲਤ ਸੇ  ਪਾਲਤ ਹੈਂ ਨਫਸ ਇਹ ਕਰਤ ਕੁਕਾਜ ਤੂੰ।।

ਮਾਨਤ ਸੈਤਾਨ ਕੋ ਨਾ ਜਾਨਤ ਰਹਮਾਨ ਕੋ  ਨਾ ਕੰਮ ਇਨਸਾਂਨ ਕੋ ਜੁ ਖਾਇ ਰਿਹਾਂ ਖਾਜ ਤੂੰ।।

ਰਬੀ ਸੂਰਤ ਨੂੰ ਭੰਨਦਾ ਤੇ ਮੰਨਦਾ ਹੈਂ ਆਪਣੀ ਨੂੰ  ਉਘੜ ਇਹ ਜਾਊ ਜੋ ਬਣਾਇ ਬੈਠਾਂ ਪਾਜ ਤੂੰ।।

ਕਿਆਮਤ ਕਾ ਰੋਜ ਅਜੇ ਸਿਰ ਭਗਵਾਨ ਦਾਸ  ਕਾਦਰ ਬਸਾਰੁ ਨਾਂ ਬੇਸਰਮ ਨਲਾਜ ਤੂੰ।।363।।

 

ਪਦ ਅਰਥ:- ਦੋਜਖ=ਨਰਕ। ਜਹਾਲਤ=ਗਾਫਲੀ। ਨਫਸ=ਹਬਸ। ਕੁਕਾਜ=ਖੋਟਾ ਕੰਮ। ਸੈਤਾਨ=ਮਾਇਆ। ਰਹਮਾਨ=ਰਹਿਮਤ ਵਾਲਾ ਖੁਦਾ। ਖਾਜ=ਖਾਣ ਯੋਗ ਪਦਾਰਥ। ਪਾਜ=ਬਨਾਵਟ। ਕਿਆਮਤ=ਮੌਤ ਦਾ ਦਿਨ। ਕਾਦਰ=ਕੁਦਰਤਾਂ ਦਾ ਮਾਲਕ।

ਅਰਥ:-  ਮਨ ਦੇ ਮਤੇ ਤੇ ਚੱਲਣ ਵਾਲੇ ਮਨਮੁਖ ਇਸ ਮਨਮੁਖਤਾ ਦੇ ਕਾਰਨ ਤੈਨੂੰ ਨਰਕਾਂ ਵਿਚ ਪਾਇਆ ਜਾਊ। ਮਾਇਆ ਦਾ ਪੁਜਾਰੀ ਹੈ ਤੇ ਰਹਿਮਤਾਂ ਵਾਲੇ ਰੱਬ ਨੂੰ ਭੁਲਾ ਦਿੱਤਾ ਹੈ। ਮਾਸ ਆਦਿਕ ਖਾਣਾ ਇਹ ਬੰਦਿਆਂ ਦਾ ਕੰਮ ਨਹੀਂ, ਇਹ ਤਾਂ ਦਰਿੰਦਿਆਂ ਦਾ ਖਾਜਾ ਹੈ। ਰੱਬ ਦੀ ਰਚਨਾ ਨੂੰ ਭੰਨ ਕੇ ਆਪਣੀ ਦੇਹ ਦੀ ਪਾਲਣਾਂ ਕਰਦਾ ਹੈ਼, ਇਹ ਤੇਰਾ ਪਾਜ ਜ਼ਰੂਰ ਜ਼ਾਹਰ ਹੋ ਜਾਵੇਗਾ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਬੇਸ਼ਰਮ ਤੇ ਪਾਜੀ ਬੰਦੇ! ਅਜੇ ਮੌਤ ਦਾ ਦਿਨ ਤੇਰੇ ਸਿਰ ਤੇ ਹੈ, ਕੁਦਰਤ ਦੇ ਮਾਲਕ ਕਾਦਰ ਨੂੰ ਚੇਤੇ ਵਿਚੋਂ ਨਾ ਭੁੱਲ॥363॥

 

 

ਕਬਿਤ।।

ਮੁਰਗ ਨਾ ਮਾਰ ਨਂਹੀ ਹੋਏਂਗਾ ਖੁਆਰ ਪਹਿਲੇ  ਗੱਲ ਕੋ ਬਚਾਰ ਇਹਨੂ ਕਿਸਦਾ ਹੀ ਸਾਇਆ ਹੈ।।

ਗਿਰੇਵਾਂਨ ਆਪਣੇ ਮੇ ਆਪ ਮੁਹ ਪਾਇ ਕਰ  ਸਮਝ ਕੇ ਦੇਖ ਰੂਹ ਕਿਸ ਨੇਂ ਬਨਾਇਆ ਹੈ।।

ਏਕ ਹੈ ਰਫੀਕ ਨਹੀ ਦੂਸਰਾ ਸਰੀਕ ਜਿਹ  ਜਾਣ ਲੈ ਤਹਕੀਕ ਸੋਈ ਸਰਬ ਸਮਾਇਆ ਹੈ।।

ਖੁਦੀ ਕਰ ਤਰਕ ਨਾ ਗਰਕ ਗਰੂਰ ਮੇ ਤੂੰ  ਦਾਸ ਭਗਵਾਂਨ ਇਹਨਾ ਜੈਜ ਫੁਰੁਮਾਇਆ ਹੈ।।364।।  

 

ਪਦ ਅਰਥ :- ਸਾਇਆ=ਆਸਰਾ। ਗਿਰੇਵਾਂਨ=ਪੱਲੇ ਵਿਚ। ਰਫੀਕ=ਪਿਆਰਾ। ਸਰੀਕ=ਬਰਾਬਰ। ਤਹਕੀਕ=ਅਸਲ ਵਿਚ। ਖੁਦੀ=ਅਹੰਕਾਰ। ਜੈਜ=ਠੀਕ।

ਅਰਥ :- ਮੁਰਗ ਨੂੰ ਮਾਰ ਕੇ ਤੈਨੂੰ ਖੁਆਰੀ ਦਾ ਮੂੰਹ ਦੇਖਣਾ ਪਊ। ਇਸ ਗੱਲ ਨੂੰ ਸੋਚ ਕਿ ਇਸਨੂੰ ਕਿਸ ਨੇ ਘੜਿਆ ਹੈ ਤੇ ਕਿਸ ਦਾ ਇਸ ਉਤੇ ਹੱਥ ਹੈ। ਆਪਣੇ ਪੱਲੇ ਵਿਚ ਮੂੰਹ ਪਾ ਕੇ ਦੇਖ (ਭਾਵ ਗਹੁ ਨਾਲ ਸੋਚ) ਕਿ ਰੂਹ ਦੇ ਬਨਾਉਣ ਵਾਲਾ ਕੌਣ ਹੈ? ਇਕੋ ਹੀ ਉਹ ਪਿਆਰਾ ਜਿਸਦੀ ਬਰਾਬਰੀ ਤੇ ਕੋਈ ਨਹੀਂ, ਇਹ ਠੀਕ ਜਾਣ ਉਹੋ ਹੀ ਸਾਰੇ ਪਰੀਪੂਰਨ ਹੋ ਰਿਹਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਮੇਰੀ ਦੂਰ ਕਰ ਤੇ ਹੰਕਾਰ ਵਿਚ ਡੁਬਦਾ ਨਾ ਜਾਹ, ਇਹ ਸੱਤ ਪੁਰਸ਼ਾਂ ਦਾ ਯਥਾਰਥ ਫੁਰਮਾਨ ਹੈ॥364॥

 

ਕਬਿਤ।।

ਆਪਕੋ ਪਛਾਣ ਕਰ ਹਿਕ ਦਾ ਨਾ ਤਾਣ ਨਾਂ  ਕਸੂਤੇ ਐਸ ਮਾਣ ਇਹ ਜਾਣ ਦਿਨ ਚਾਰ ਕੇ।।

ਖਾਏ ਮੁਰਦਾਰ ਨਂਹੀ ਸੂਤ ਬਿਵਹਾਰ ਇਹੁ  ਮਲਨ ਅਹਾਰ ਕਹਿਦੇ ਆਰਫ ਪੁਕਾਰ ਕੇ।।

ਕਰੇ ਸੋ ਪਸਿੰਦ ਜੋਈ ਨਿੰਦਨ ਮੇ ਨਿੰਦ ਨਂਹੀ  ਕੰਬਦੀ ਹੈ ਜਿੰਦ ਐਸੇ ਖਾਜ ਕੋ ਨਿਹਾਰ ਕੇ।।

ਮਾਨਸੀ ਚਰੂੰਡ ਲੀਤੇ ਹੱਡ ਭਗਵਾਂਨ ਦਾਸ  ਗੀਰਝ ਤੇ ਕਾਕ ਅਧਕਾਰੀ ਸੀ ਅਹਾਰ ਕੇ।।365।।

 

ਪਦ ਅਰਥ :- ਹਿਕ ਦਾ ਨਾ ਤਾਣ=ਜ਼ਬਰਦਸਤੀ। ਮੁਰਦਾਰ=ਹਰਾਮ। ਸੂਤ ਬਿਵਹਾਰ=ਚੰਗਾ ਕੰਮ ਨਹੀਂ। ਮਲਨ ਅਹਾਰ=ਮੈਲਾ ਖਾਣ। ਖਾਜ=ਖਾਣਾ। ਨਿਹਾਰਕੇ=ਦੇਖ ਕੇ। ਕਾਕ=ਕਾਂ।

ਅਰਥ :- ਦੁਨੀਆਂ ਦੇ ਮੌਜ ਮੇਲੇ ਚਾਰ ਦਿਨ ਦੇ ਹਨ ਤੇ ਕਸੂਤੇ ਹਨ। ਆਪਣੇ ਆਪ ਨੂੰ ਪਛਾਣ ਕੇ ਬੇ ਜ਼ਬਾਨਾਂ ਤੇ ਧੱਕਾ ਨਾ  ਕਰ। ਹਰਾਮ ਖਾਣਾ ਮੁਰਦਾਰ ਖਾਣਾ ਹੈ, ਮਾਸ ਦਾ ਖਾਣਾ ਮੈਲ ਦਾ ਖਾਣ ਹੈ, ਰੱਬੀ ਲੋਕ ਇਸ ਤਰ੍ਹਾਂ ਕਹਿੰਦੇ ਹਨ। ਜਿਸ ਖਾਣੇ ਨੂੰ ਦੇਖ ਕੇ ਜਿੰਦ ਕੰਬਦੀ ਹੈ ਉਹ ਨਿੰਦਣਯੋਗ ਹੈ, ਤੈਨੂੰ ਐਸਾ ਖਾਣਾ ਹੀ ਪਸੰਦ ਆਉਂਦਾ ਹੈ? ਤੂੰ ਮਨੁੱਖ ਹੋ ਕੇ ਹੱਡ ਚਰੂੰਡਦਾ ਹੈਂ ਤੇ ਉਹ ਅਹਾਰ ਧਾਰਨ ਕਰਦਾ ਹੈਂ ਜਿਸਨੂੰ ਖਾਣ ਦੇ ਅਧਿਕਾਰੀ ਗਿਰਝਾਂ ਤੇ ਕਾਂ ਹੀ ਹੋ ਸਕਦੇ ਹਨ॥365॥

 

ਕਬਿਤ।।

ਜਾਂਨਵਰੌ ਕੇ ਏਹ ਕਾਂਮ ਜੋਈ ਕਰੇਂ ਸਰਹ ਆਂਮ  ਇਹ ਤੋ ਖਾਣਾ ਹੈ ਹਰਾਂਮ ਦੇਖ ਕਰਕੇ ਬਿਬੇਕ ਤਾਂ।।

ਪਕੜ ਕੇ ਕਰਦ ਬੇਦਰਦ ਬਗਾਂਵਦਾ ਹੈਂ  ਨਂਹੀ ਪੁਰ ਦਰਦ ਜਾਂ ਮਰਦ ਨਾ ਨੇਕ ਤਾਂ

ਮਾਰਦਾ ਹੈ ਭੋਰ ਕਮਜੋਰ ਦਾ ਨਾ ਜੋਰ ਹੋਰ  ਸੁਣਕੇ ਭੀ ਸੋਰ ਪਵੇ ਕਾਲਜੇ ਨਾ ਛੇਕ ਤਾਂ।।

ਕਰ ਕਰ ਜਬਾ ਖੁਛ ਤਬਾ ਭਗਵਾਂਨ ਦਾਸ  ਪਵੇ ਜਦੋਂ ਸਿਰ ਤਦੋਂ ਲਗੇ ਕੇਹਾ ਸੇਕ ਤਾਂ।।366।।

 

ਪਦ ਅਰਥ:- ਜਾਂਨਵਰੌ਼=ਬੇਸਮਝ। ਬਿਬੇਕ=ਵਿਚਾਰ। ਪੁਰ ਦਰਦ=ਦਰਦ ਭਰਪੂਰ। ਕਾਲਜੇ ਛੇਕ=ਅਤੀ ਦੁਖੀ। ਜਬਾ=ਕੋਹਣਾਂ, ਮਾਰਨਾ। ਖੁਛ ਤਬਾ=ਚਿੱਤ ਦੀ ਖੁਸ਼ੀ। ਪਵੇ ਜਦੋ਼ ਸਿਰ=ਜਦੋਂ ਆਪਣੇ ਤੇ ਆਣ ਬਣੇ।

ਅਰਥ :- ਮੂਰਖ ਤੇ ਬੇਸਮਝਾਂ ਵਾਲੇ ਕੰਮ ਬੇਧੜਕ ਹੋ ਕੇ ਕਰ ਰਿਹਾ ਹੈਂ, ਇਹ ਖਾਣਾ (ਮਾਸ) ਯੋਗ ਨਹੀਂ ਹੈ ਜ਼ਰਾ ਵਿਚਾਰ ਕੇ ਦੇਖ। ਹੱਥ ਵਿਚ ਛੁਰੀ ਫੜ ਕੇ ਬੇ-ਦਰਦੀ ਨਾਲ ਚਲਾਉ਼ਦਾ ਹੈਂ। ਜੇ ਤੇਰੇ ਦਿਲ ਵਿਚ ਦਰਦ ਨਹੀਂ ਤਾਂ ਬੰਦਾ ਨਹੀਂ ਕਹਾ ਸਕਦਾ। ਕਮਜ਼ੋਰਾਂ ਨੂੰ ਮਾਰਨਾ ਜਿਨ੍ਹਾਂ ਦਾ ਕੋਈ ਜ਼ੋਰ ਨਹੀਂ, ਉਨ੍ਹਾਂ ਦਾ ਸ਼ੋਰ ਸੁਣ ਕੇ ਤੇਰੇ ਅੰਦਰ ਦਰਦ ਪੈਦਾ ਨਹੀਂ ਹੁੰਦਾ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਆਜਜ਼ਾਂ ਦੀ ਗਰਦਨ ਤੇ ਛੁਰੀ ਚਲਾ ਕੇ ਬੜਾ ਖੁਸ਼ ਹੁੰਦਾ ਹੈਂ, ਜਦੋਂ ਤੇਰੀ ਜਾਨ ਤੇ ਬਣੂ ਤਾਂ ਪਤਾ ਲਗੂ ॥366॥

 

ਕਬਿਤ।।

ਜਾਂਨ ਕਰੇ ਕਬਜ ਫਰਿਸਤਾ ਜਾਂ ਆਇ ਕਰ  ਜਾਣ ਤਦੋਂ ਨਿਕਲ ਇਹ ਚੌੜਾਂ ਸਭ ਤੇਰੀਆਂ।।

ਚਾੜਕੇ ਸਿਕੰਜੇ ਜਦੋਂ ਮਲਕ ਮਰੋੜਾ ਦੇਵੇ  ਹੋਇ ਕਰ ਕੈਲ ਕਰੇ ਮਿਨਤਾਂ ਬਥੇਰੀਆਂ।।

ਕੌਣ ਕਰੇ ਦਰਦ ਜਾਂ ਆਪ ਹੀ ਬੇ ਦਰਦ ਹੈਂ  ਰੂਹ ਹੋਵੇ ਪਿੰਜ ਸਜਾ ਸਖਤ ਬਧੇਰੀਆਂ।।

ਬਜਰ ਹੀ ਗੁਰਜ ਨਦਾਂਨ ਭਗਵਾਂਨ ਦਾਸ  ਬੇਲਾ ਰਖੁ ਯਾਦ ਕਰੁ ਐਡ ਨਾ ਦੁਲੇਰੀਆਂ।।367।।

 

ਪਦ ਅਰਥ :-ਕਬਜ=ਕਾਬੂ। ਪਿੰਜ=ਦੁਖੀ। ਬਜਰ=ਇੰਦ੍ਰ ਦਾ ਬੱਜਰ। ਗੁਰਜ=ਜਮਾਂ ਦਾ ਮਾਰਨ ਵਾਲਾ ਹਥਿਆਰ।

ਅਰਥ :- ਜਦੋਂ ਮੌਤ ਦਾ ਫਰਿਸ਼ਤਾ ਤੇਰੀ ਜਾਨ ਨੂੰ ਆਣ ਕੇ ਕਾਬੂ ਕਰੇਗਾ ਤਦੋਂ ਤੇਰੀਆਂ ਸਾਰੀਆਂ ਆਕੜਾਂ ਭੱਜ ਜਾਣਗੀਆਂ। ਜਦੋਂ ਸ਼ਕੰਜੇ ਤੇ ਚਾੜ੍ਹ ਕੇ ਕਰਾਰੇ ਹੱਥਾਂ ਵਾਲੇ ਜਮ ਮਰੋੜਾ ਦੇਣਗੇ ਉਸ ਸਮੇਂ ਬਹੁਤ ਮਿੰਨਤਾਂ ਕਰੇਂਗਾ। ਜਦੋਂ ਤੇਰੇ  ਆਪਣੇ ਅੰਦਰ ਦਰਦ ਨਹੀਂ ਤਾਂ ਤੇਰਾ ਕੋਈ ਦਰਦੀ ਨਹੀਂ, ਉਨ੍ਹਾਂ ਸਖਤ ਸਖਤ ਸਜ਼ਾਵਾਂ ਦਾ ਕੋਈ ਸਿਰਾ ਨਹੀਂ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਬੇਡਰ ਹੋ ਕੇ ਜੋ ਤੂੰ ਇਸ ਵੇਲੇ ਬੜੀ ਫੂੰ ਫਾਂ ਕਰਦਾ ਹੈ਼ ਪਰ ਇਕ ਦਿਨ ਐਸਾ ਆਵੇਗਾ ਜਦੋ਼ ਬਜਰ ਜਿਹੇ ਗੁਰਜ ਤੈਨੂੰ ਵੱਜਣਗੇ॥367॥

 

ਬਿਤ।।

ਛਡ ਜਾਵਣਾ ਜਹਾਂਨ ਹੋਇ ਜਾਣਾ ਬੇ ਨਛਾਂਨ  ਜਾਂਨ ਕਰਕੇ ਗੁਮਾਂਨ ਹਰਿਗਿਜ ਨਾਂ ਹੰਕਾਰੀਏ।।

ਨੇਕੀ ਹੀ ਕਮਾਈਏ ਫੇਰ ਵਤ ਨਂਹੀ ਆਈਏ ਜਬ  ਪਾਈਏ ਕੀਤਾ ਆਪਣਾ ਤਾਂ ਖੂਨ ਕਿਉਂ ਗੁਜਾਰੀਏ।।

ਸੋਚ ਕਰ ਹੱਕ ਲੱਕ ਬੰਨੀਏ ਬੇਸੱਕ  ਪਰਪੱਕ ਨਾਂ ਨਹੱਕ ਚੱਕ ਜੀਵ ਉਠ ਮਾਰੀਏ।।

ਕਾਰਨ ਤੇ ਫਲ ਪਹਲੇ ਦੇਖ ਭਗਵਾਂਨ ਦਾਸ  ਪਿਛੋਂ ਕਰ ਕਾਰਜ ਜੋ ਦਰਗਾ ਨਾਂ ਹਾਰੀਏ।।368।।

 

ਪਦ ਅਰਥ :-ਪਰਪੱਕ=ਪੱਕੇ ਤੌਰ ਤੇ। ਕਾਰਨ=ਕਿਸੇ ਕੰਮ ਦਾ ਕਰਨਾ।

ਅਰਥ :-ਇਸ ਸੰਸਾਰ ਨੂੰ ਛੱਡ ਕੇ ਚਲਿਆ ਜਾਣਾ ਹੈ ਤੇ ਬੇਨਿਸ਼ਾਨ ਹੋ ਜਾਣਾ ਹੈ, ਸੰਸਾਰਕ ਪਦਾਰਥਾਂ ਦਾ ਹੰਕਾਰ ਬਿਲਕੁਲ ਨਾ ਕਰੀਏ। ਜਦ ਨਿਸਚੇ ਕਰਕੇ ਕੀਤੇ ਕਰਮਾਂ ਦਾ ਫਲ ਭੁਗਤਣਾ ਹੈ ਤਾਂ ਫਿਰ ਜੀਵਾਂ ਨੂੰ ਕਿਉਂ ਮਾਰੀਏ? ਬਲਕਿ ਨੇਕੀ ਦੇ ਕੰਮ ਕਰੀਏ, ਇਹ ਜਾਣ ਕੇ ਕਿ ਫਿਰ ਇਹ ਮਨੁੱਖ ਦੇਹ ਮੁੜ ਨਹੀਂ ਮਿਲੇਗੀ, ਸੱਤ ਅਸੱਤ ਦਾ ਨਿਰਣਾ ਕਰੀਏ ਤਾਂ ਤੇ ਸੱਚ ਤੇ ਡੱਟ ਜਾਈਏ ਤੇ ਜੀਵਾਂ ਨੂੰ ਨਾ ਮਾਰੀਏ। ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਉਸਦਾ ਨਤੀਜਾ ਸੋਚੀਏ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਐਸਾ ਕੰਮ ਨਹੀਂ ਕਰਨਾ ਚਾਹੀਦਾ ਜਿਸਦੇ ਕਰਨ ਨਾਲ ਦਰਗਾਹ ਵਿਚ ਹਾਰਨਾ ਪਵੇ ||368||

 

ਕਬਿਤ।।

ਜਿਤਨੀ ਚੁਰਾਸੀ ਫਾਸੀ ਨਾਸੀ ਨਾ ਖਲਾਸੀ ਬਿਚ  ਸਿਰਿ ਸਿਰਿਦਾਰ ਨਰ ਨਾਰ ਨ ਇਉਂ ਕਹੀਏ।।

ਹੋਵਤ ਮਹਾਂਨ ਭਾਵ ਧਰਮ ਪਛਾਂਨ ਜਾਂਨ  ਧੀਰਜ ਧਿਆਂਨ ਐਸੇ ਮਰਮ ਕੋ ਲਹੀਏ।।

ਆਜਜ ਨਿਤਾਣੇਂ  ਨਂਹੀ ਮਾਰੀਏ ਧਗਾਣੇਂ  ਇਉਂ ਆਖਦੇ ਸਿਆਣੇਂ ਨਾਂ ਇਆਣੇ ਬਣ ਰਹੀਏ।।

ਕੀਜੀਏ ਪਨਾਹ ਹੋਵੇ ਵਾਹ ਭਗਵਾਂਨ ਦਾਸ  ਪੇਸ ਨਂਹੀ ਜਾਏ ਤਾਂ ਅਲੱਗ ਹੋਇ ਬਹੀਏ।।369।।

 

ਪਦ ਅਰਥ :- ਚੁਰਾਸੀ=ਚੁਰਾਸੀ ਲੱਖ ਜੂਨਾ ਦਾ ਗੇੜ। ਫਾਸੀ=ਫਾਹਾ,ਬੰਧਨ। ਸਿਰਿਦਾਰ=ਮਨੁੱਖਾ ਜੂਨ।

(ਅਵਰ ਜੋਨਿ ਤੇਰੀ ਪਨਿਹਾਰੀ ਇਸੁ ਧਰਤੀ ਮਹਿ ਤੇਰੀ ਸਿਕਦਾਰੀ)

ਮਰਮ=ਭੇਦ। ਨਿਤਾਣੇਂ=ਕਮਜ਼ੋਰ। ਧਗਾਣੇਂ=ਧੱਕੇ ਸ਼ਾਹੀ। ਪਨਾਹ=ਆਸਰਾ। ਵਾਹ=ਜ਼ੋਰ।

ਅਰਥ :- ਸਾਰੇ ਕਿਆ ਇਸਤ੍ਰੀਆਂ, ਕਿਆ ਪੁਰਸ਼, ਏਹੀ ਕਹਿੰਦੇ ਹਨ ਕਿ ਮਨੁੱਖਾ ਜੂਨ ਸਰਬ ਸ਼੍ਰੋਮਣੀ ਹੈ, ਬਾਕੀ ਜਿਤਨੀ ਭੀ ਚੁਰਾਸੀ ਲੱਖ ਜੂਨ ਹੈ ਸਭ ਨਾਸ਼ਵਾਨ ਤੇ ਫ਼ਾਹੀ ਵਿਚ ਫਸਾਉਣ ਵਾਲੀ ਹੈ, ਛੁਟਕਾਰਾ ਕੇਵਲ ਮਨੁੱਖਾ ਜੂਨ ਵਿਚ ਹੈ। ਉਚ ਖਿਆਲੀ ਵਿਚ ਸੁਰਤ ਲਾ ਕੇ (ਮਨੁੱਖੀ) ਧਰਮ ਦੀ ਪਛਾਣ ਕਰੋ, ਧੀਰਜ ਸਹਿਤ ਧਿਆਨੀ ਹੋ ਕੇ ਅਸਲੀ ਭੇਦ ਨੂੰ ਜਾਣੋ। ਸਿਆਣੇ ਜੋ ਆਖਦੇ ਹਨ ਕਿ ਕਮਜ਼ੋਰਾਂ ਉਪਰ ਜ਼ੁਲਮ ਨਾ ਕਰੋ, ਜਾਣ ਕੇ ਅਨਜਾਣ ਨਾ ਬਣੋ। ਜੇ ਆਪਣੇ ਵੱਸ ਵਿਚ ਹੋਵੇ ਤਾਂ ਨਿਆਸਰੇ ਨੂੰ ਆਸਰਾ ਦਿਓ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਜਿਥੇ ਪੇਸ਼ ਨਾ ਜਾਵੇ ਉਥੇ ਪਾਸੇ ਹੋ ਜਾਈਏ॥369॥

 

ਕਬਿਤੁ ||

 ਬਣੀਏ ਆਜਾਦ ਦਿਲਸਾਦ ਬਰਬਾਦ ਹੋਇ  ਪਾਵੀਏ ਜੌ ਦਾਦ ਤੌ ਅਬਾਦ ਹੀ ਰਹਾਈਏੇ ||

ਦੇਖੀਏ ਗੁਲਿਸਤਾਂ ਦਮਾਗ ਕੋ ਬੇਦਾਗ ਕਰ ਹੋਇ  ਬਾਗ ਬਾਗ ਮੌਜ ਬੋਸਤਾਂ ਕੀ ਪਾਈਏ ||

ਲਾਇ ਮਕਾਂਨ ਕੇ ਮੁਕਾਮ ਪਰ ਖੇਲੀਏ ਜਾ  ਨੂਰ ਵਾਲੇ ਚਸਮੇ ਸਹੂਰ ਸਿਉਂ ਨਾਈਏ ||

ਪੀਏ ਆਬ ਹਿਆਤ ਤਾਂ ਨਦਾਨ ਭਗਵਾਂਨ ਦਾਸ  ਹੋਇ ਕੇ ਬੇਜਾਤ ਬਿਚ ਜਾਤ ਦੇ ਸਮਾਈਏ ||370||

 

ਪਦ ਅਰਥ:-ਦਿਲਸਾਦ=ਦਿਲਾਂ ਦੀ ਖੁਸ਼ੀ। ਦਾਦ=ਬਖਸ਼ਿਸ਼ਾਂ। ਇਨਸਾਫ-ਫਰਿਆਦ। ਗੁਲਿਸਤਾਂ=ਬਾਗ। ਬਾਗ ਬਾਗ=ਖੁਸ਼। ਬੋਸਤਾਂ=ਫੁਲਵਾੜੀ। ਲਾਇ ਮਕਾਂਨ=ਟਿਕਾਣੇ ਤੋਂ ਬਿਨਾਂ। ਮੁਕਾਮ=ਟਿਕਾਣਾ। ਨੂਰ=ਰੌਸ਼ਨੀ। ਬੇਜਾਤ=ਜਾਤੀ ਦਾ ਮਾਣ। ਜਾਤ=ਰੱਬ ਦੀ ਜਾਤ।

ਅਰਥ :- ਸਭ ਕੁਝ ਗੁਆ ਕੇ ਜਦੋਂ ਆਜ਼ਾਦ ਹੋ ਜਾਈਏ ਤਾਂ ਦਿਲ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ, ਨਿਰੰਕਾਰ ਦੀ ਬਖਸ਼ਿਸ਼ ਹੀ ਇਕ ਆਬਾਦੀ ਹੈ।

ਮਨ ਨੂੰ ਪਵਿੱਤ੍ਰ ਕਰਕੇ ਗੁਲਿਸਤਾਨ ਦੇ ਬਾਗ ਦੀ ਸੈਰ ਕਰਕੇ ਦਿਲ ਖੇੜੇ ਵਿਚ ਆਉਂਦਾ ਹੈ, ਕਿਉਂਕਿ ਉਥੇ ਨਾਮ ਦੀ ਸੁਗੰਧੀ ਪ੍ਰਾਪਤ ਹੁੰਦੀ ਹੈ। ਤੁਰੀਆ ਅਵਸਥਾ ਦੇ ਟਿਕਾਣੇ ਤੇ ਪੁੱਜ ਕੇ ਜਿਥੇ ਚਾਨਣਾ ਹੀ ਚਾਨਣਾ ਹੈ, ਉਥੇ ਮਲ ਮਲ ਇਸ਼ਨਾਨ ਕਰੀਦਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਾਤ ਪਾਤ ਦਾ ਅਹੰਕਾਰ ਛੱਡ ਕੇ ਰੱਬੀ ਜਾਤ ਵਿਚ ਲੀਨ ਹੋ ਕੇ ਅੰਮ੍ਰਿਤ ਪੀਤਾ ਜਾਂਦਾ ਹੈ ||370 ||

 

ਕਬਿਤ।।

ਕਲਮਾ ਕਹੁ ਆਂਮ ਨਂਹੀ ਜਿਸਮੇਂ ਕਲਾਮ ਖਾਂਮ  ਸਚੁ ਵਾਲਾ ਨਾਮ ਓਹ ਜਪ ਆਠ ਜਾਮ ਤੂੰ।।

ਰਹੇ ਨਂਹੀ ਫਿਕਰ ਹੈ ਜਿਕਰ ਜੁਆਂਨ ਐਸਾ  ਦਿਗਰ ਨਾ ਜਹਾਂ ਤਹਾਂ ਕਰ ਲੈ ਮੁਕਾਮ ਤੂੰ।।

ਆਰਫੋਂ ਕੇ ਬੋਲ ਜੁ ਅਮੋਲ ਆਬ ਹਿਆਤ  ਸਮ ਝੋਲ ਕਰੇ ਨੋਸ ਪਾਏਂ ਅਜਬ ਅਰਾਮ ਤੂੰ।।

ਕਲਾ ਹੀ ਸੇ ਕਲਮਾ ਨਦਾਂਨ ਭਗਵਾਂਨ ਦਾਸ  ਕਲਾ ਕੋ ਪਛਾਣ ਕਰ ਕਰ ਬਿਸਰਾਂਮ ਤੂੰ।।371।।

 

ਪਦ ਅਰਥ':-ਕਲਮਾ=ਬਚਨ। ਖਾਂਮ=ਕੱਚਾ। ਦਿਗਰ=ਦੂਜਾ। ਨੋਸ=ਪੀਣਾ। ਕਲਾ=ਸ਼ਕਤੀ। ਬਿਸਰਾਂਮ=ਆਰਾਮ।

ਅਰਥ :- ਐਸੇ ਬਚਨ ਨਾ ਬੋਲ ਜੋ ਕੱਚੇ ਹੋਣ, ਸੱਚੇ ਦਾ ਨਾਮ ਅੱਠੇ ਪਹਿਰ ਜਪੋ ||

ਅਸਚਰਜ ਆਤਮਕ ਖੇੜਾ ਪ੍ਰਾਪਤ ਹੋਵੇਗਾ ਜੇਕਰ ਰੱਬੀ ਲੋਕਾਂ ਦੇ ਬਚਨ ਜੋ ਅਮੋਲ ਹਨ ਤੇ ਅੰਮ੍ਰਿਤ ਹਨ, ਉਨ੍ਹਾਂ ਨੂੰ ਹਿਰਦੇ ਵਿਚ ਵਸਾਏਂਗਾ। ਕਲਮਾ ਉਹੀ ਹੈ ਜਿਸ ਵਿਚ ਸ਼ਕਤੀ ਹੈ। ਰਾਜਾ ਸਾਹਿਬ ਬਿਆਨ ਕਰਦੇ ਹਨ ਉਸ ਸ਼ਕਤੀ ਵਾਲੇ ਨੂੰ ਪਛਾਣ ਕੇ ਆਤਮਕ ਸੁਖ ਪ੍ਰਾਪਤ ਕਰੀਦਾ ਹੈ ||371||

 

ਕਬਿਤ।।

ਦੇਖੋ ਕੀ ਸਿਤਮ ਕਰ ਸਿਤਮਗਰ ਸਿਤਮ  ਐਸੇ ਕੈਸੇ ਰਖ ਭੇਤ ਬਿਚ ਭੇਤ ਦੇ ਸਮਾਇਆ ਹੈ।

ਕੁਦਰਤ ਕਾਰ ਇਹ ਰਚ ਗੁਲਜਾਰ ਹੋਇ  ਸਰਬ ਅਧਾਰ ਆਪ ਆਪਕੋ ਛਪਾਇਆ ਹੈ।

ਆਫਤਾਬ ਤੇ ਮੈਹਤਾਬ ਮੇਂ ਭੀ ਆਬ ਦਰ ਆਬ  ਹੈ ਸੋ ਕੁਲ ਕੀ ਪਨਾਹ ਹੋਇ ਕੁਲ ਦਰਸਾਇਆ ਹੈ।

ਗੁਰ ਨੇ ਦਿਖਾਇਆ ਐਨ ਗੈਨ ਮੇ ਸਬੂਤੁ ਕਰ  ਦਾਸ ਭਗਵਾਂਨ ਤਾਂਹੀ ਐਸੇ ਸੁਖੁ ਪਾਇਆ ਹੈ।।372।।

 

ਪਦ ਅਰਥ :- ਸਿਤਮ=ਅਸਚਰਜ। ਸਿਤਮ=ਜ਼ੁਲਮ। ਸਿਤਮ=ਹਨੇਰ। ਭੇਤ=ਲੁਕੋ। ਅਧਾਰ=ਆਸਰਾ। ਆਫਤਾਬ=ਸੂਰਜ। ਮੈਹਤਾਬ=ਚੰਦ੍ਰਮਾ। ਆਬ=ਪਾਣੀ। ਦਰ=ਵਿੱਚ। ਪਨਾਹ=ਆਸਰਾ। ਕੁਲ=ਸਾਰੇ। ਗੈਨ=ਆਕਾਸ਼।

ਅਰਥ:- ਦੇਖੋ ਕੀ ਅਸਚਰਜਤਾ ਦੀ ਗੱਲ ਹੈ ਕਿ ਜ਼ੁਲਮ ਕਰਕੇ ਇਸ ਭੇਦ ਨੂੰ ਲੁਕਾਉਣਾ ਭੀ ਉਸ ਪਾਸੋਂ ਜੋ ਆਪ ਭੇਦ ਰੂਪ ਹੈ। ਉਹ ਕਾਦਰ ਇਸ ਸੰਸਾਰ ਰੂਪ ਬਾਗ ਨੂੰ ਰਚ ਕੇ ਸਾਰਿਆਂ ਦਾ ਆਸਰਾ ਰੂਪ ਹੋ ਰਿਹਾ ਹੈ ਪਰ ਆਪਣੇ ਆਪ ਨੂੰ ਲੁਕੋ ਰਖਿਆ ਹੈ। ਸੂਰਜ ਨੂੰ ਰੌਸ਼ਨੀ ਤੇ ਚੰਦ੍ਰਮਾ ਨੂੰ ਰੌਸ਼ਨੀ ਤੇ ਪਾਣੀ ਵਿਚ ਗਰਮ ਸਰਦ ਹੋਣ ਦਾ ਸੁਭਾਅ ਹੋ ਕੇ ਸਾਰਿਆਂ ਦਾ ਆਸਰਾ ਰੂਪ ਸਾਰੇ ਆਪਣਾ ਆਪ ਵਿਖਾਲ ਰਿਹਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਅਕਾਸ਼ ਦੀ ਤਰ੍ਹਾਂ ਵਿਆਪਕ ਵਾਹਿਗੁਰੂ ਦਾ ਗੁਰੂ ਨੇ ਜਦੋਂ ਦੀਦਾਰ ਕਰਵਾ ਦਿੱਤਾ, ਤਦੋਂ ਤੋਂ ਸਦਾ ਰਹਿਣ ਵਾਲਾ ਸੁੱਖ ਪ੍ਰਾਪਤ ਕੀਤਾ ਹੈ॥372॥

 

ਕਬਿਤ।।

ਪਾਇਆ ਚਾਹੇਂ ਰੱਬ ਅਬ ਹੱਬ ਨੂੰ ਗਵਾਇ  ਝਬ ਏਹੀ ਹੈ ਸਬੱਬ ਲੱਭ ਆਰਫਾਂ ਦੀ ਚਾਲ ਤੂੰ।।

ਮੁਸਕਲ ਹਲ ਨਾ ਅਜਲ ਹਰਜੱਲ ਸੱਲ  ਗੱਲ ਹੋਇ ਸਹਲ ਕਰੇਂ ਏਹ ਜੇ ਅਮਾਲ ਤੂੰ।।

ਜੀਭ ਕੋ ਬਕਾਉ ਨਂਹੀ ਬੋਲਦਾ ਲਗਾਉ ਨਂਹੀ  ਹੋਠ ਫਰਕਾਉ ਨਂਹੀ ਹੋਏਂ ਜਿ ਵਿਸਾਲ ਤੂੰ।।

ਇਸਕ ਦਾ ਵਰਕ ਜੇ ਮਿਲੇ ਭਗਵਾਂਨ ਦਾਸ  ਪੜਕੇ ਸਬਕ ਫੇਰ ਪਾਏਂਗਾ ਜਮਾਲ ਤੂੰ।।373।।

 

ਪਦ ਅਰਥ:-ਹੱਬ=ਸਭ ਕੁਛ। ਅਜਲ=ਮੌਤ ਦਾ ਦਿਨ। ਹਰਜੱਲ ਸੱਲ=ਕਿਆਮਤ ਦਾ ਦੁੱਖ। ਅਮਾਲ=ਕੰਮ ਜਾਂ ਕਰਤਵ। ਬਕਾਉ=ਬੋਲਣ। ਫਰਕਾਉ=ਫਰਕਣਾਂ। ਵਿਸਾਲ=ਮੇਲ। ਇਸਕ=ਰੱਬ ਦਾ ਪਿਆਰ। ਵਰਕ=ਚਮਕਾਰਾ। ਜਮਾਲ=ਦਰਸ਼ਨ।

ਅਰਥ:- ਜੇ ਛੇਤੀ ਤੋਂ ਛੇਤੀ ਰੱਬ ਦੀ ਪ੍ਰਾਪਤੀ ਦੀ ਇੱਛਾ ਹੈ ਤਾਂ ਸੰਤਾਂ ਦੀ ਸੰਗਤ ਵਿਚ ਆਪਣਾ ਆਪ ਸਭ ਕੁਝ ਗੁਆ ਦੇ। ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ ਤੇ ਮੌਤ ਤੇ ਕਿਆਮਤ ਦਾ ਡਰ ਭੀ ਦੂਰ ਹੋ ਜਾਂਦਾ ਹੈ ਜੇ ਰੱਬੀ ਬੰਦਿਆਂ ਦੇ ਪੂਰਨਿਆਂ ਤੇ ਚੱਲੀਏ। ਅਜਪਾ ਜਾਪ ਦੀ ਅਵਸਥਾ ਵਿਚ ਜੀਭ ਦੇ ਬੋਲਣ ਦੀ ਲੋੜ ਨਹੀਂ, ਪਿਆਰੇ ਦੇ ਮਿਲਾਪ ਹੋ ਜਾਣ ਤੇ ਇਹ ਹਾਲਤ ਵਾਪਰਦੀ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸੱਚੇ ਪਰੇਮ ਦਾ ਸਬਕ ਪੜ੍ਹਾਣ ਵਾਲਾ ਜੇ ਮੁਰਸ਼ਿਦ ਮਿਲ ਜਾਏ ਤਾਂ ਰੱਬ ਦਾ ਦੀਦਾਰ ਹੁੰਦਾ ਹੈ॥373॥

 

ਕਬਿਤ।।

ਆਰਫੋਂ ਕੀ ਸੰਗਤਿ ਮੇ ਅਜਬ ਹੀ ਰੰਗਤ ਹੈ  ਪੇਖ ਕੇ ਪੇਸਾਨੀ ਹਾਂਨੀ ਕੋਟਨ ਬੀਮਾਰੀ ਹੈ।।

ਨੂਰ ਦਾ ਬੈਹਰ ਅਠ ਪੈਹਰ ਹੀ ਵਗਦਾ ਹੈ  ਗੈਹਰ ਨਾ ਜਾਂਮੇ ਤਾਂਮੇਂ ਲੈਹਰ ਨਿਆਰੀ ਹੈ।।

ਪੀਏਂ ਜੇ ਪਿਆਲਾ ਸੌਕ ਵਾਲਾ ਉਜਿਆਲਾ ਹੋਇ  ਰਹੇਂ ਮਤਵਾਲਾ ਨਂਹੀ ਉਤਰੇ ਖੁਮਾਰੀ ਹੈ।।

ਹੋਇਂ ਜੇ ਨਸੀਬ ਪਾਏਂ ਕਤਰਾ ਹਬੀਬ ਤਦੋਂ  ਦਾਸ ਭਗਵਾਂਨ ਮਿਲੇ ਰੁਤਬਾ ਇਹ ਭਾਰੀ ਹੈ ||374||

 

ਪਦ ਅਰਥ :- ਪੇਸਾਨੀ=ਮਸਤਕ। ਕੋਟਨ=ਕਰੋੜਾਂ। ਹਾਨੀ=ਨਾਸ਼ ਹੋਣਾ। ਨੂਰ=ਪ੍ਰਕਾਸ਼। ਬੈਹਰ=ਸਮੁੰਦਰ। ਗੈਹਰ=ਗੰਧਲਾਪਨ। ਖੁਮਾਰੀ=ਮਸਤੀ। ਹਬੀਬ=ਪਿਆਰਾ। ਰੁਤਬਾ=ਦਰਜਾ।

ਅਰਥ:- ਰੱਬੀ ਲੋਕਾਂ ਦੀ ਸੰਗਤ ਦੀ ਅਜੀਬ ਹੀ ਰੰਗਤ ਹੈ, ਦਰਸ਼ਨ ਕਰਨ ਨਾਲ ਕਰੋੜਾਂ ਬੀਮਾਰੀਆਂ ਨਾਸ਼ ਹੁੰਦੀਆਂ ਹਨ ਅਤੇ ਪਹਿਰ ਨਾਮ ਦਾ ਨਿਰਮਲ ਪਰਵਾਹ ਚਲਦਾ ਹੈ, ਜਿਸ ਦੀ ਮੌਜ ਕਹੀ ਨਹੀਂ ਜਾ ਸਕਦੀ। ਜੇ ਤੂੰ ਏਸ ਪ੍ਰੇਮ ਦੇ ਪਿਆਲੇ ਨੂੰ ਪੀ ਲਵੇਂ ਤਾਂ ਤੇਰੇ ਅੰਦਰ ਗਿਆਨ ਦਾ ਚਾਨਣਾ ਹੋ ਜਾਏ ਤੇ ਨਾ ਉਤਰਨ ਵਾਲੀ ਮਸਤੀ ਨੂੰ ਪਰਾਪਤ ਕਰੇ਼। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੇ ਬੜੇ ਉੱਚੇ ਭਾਗ ਹੋਵਣ ਤਾਂ ਕਰਤਾਰ ਦੇ ਪਿਆਰ ਦਾ ਭਾਰੀ ਦਰਜਾ ਪ੍ਰਾਪਤ ਹੁੰਦਾ ਹੈ॥374॥

 

ਕਬਿਤ।।

ਘਰ ਬਨ ਇਕ ਰਸ ਹੋਇ ਨਿਰਲੇਪ ਰਹੇ  ਘਟੇ ਨਾਂ ਜੇ ਸੌਕ ਹੋਇਆ ਜਾਣੀਏਂ ਨਿਹਾਲ ਹੀ।

ਮੈਹਦੀ ਦਿਆਂ ਪਤਿਆਂ ਦਾ ਅਸਲਾ ਪਛਾਣ  ਦੇਖ ਬਰਖਾ ਹਜਾਰ ਪਵੇ ਰੰਗ ਓਹੋ ਲਾਲ ਹੀ।

ਰੋਮ ਰੋਮ ਖਚਤ ਖਿਆਲ ਬਿਚ ਖੁਦ ਰੂਪ  ਇਕ ਦੰਮ ਬਿਗੜੇ ਨਾ ਆਸਕਾਂ ਦੀ ਚਾਲ ਹੀ।

ਪਾਇਕੇ ਹਕੀਕਤ ਨਦਾਂਨ ਭਗਵਾਂਨ ਦਾਸ  ਬੇਪਰਵਾਹਿ ਰਹਿਣਾ ਹਰਿ ਹਰਿ ਹਾਲ ਹੀ।।375।।

 

ਪਦ ਅਰਥ:- ਨਿਰਲੇਪ=ਖੱਚਤ ਨਾ ਹੋਣਾ। ਹਕੀਕਤ=ਅਸਲਾ।

ਅਰਥ:- ਸੱਚਾ ਪ੍ਰੇਮੀ ਹਰ ਹਾਲ ਨਿਹਾਲ ਹੀ ਰਹਿੰਦਾ ਹੈ, ਕਿਉਂਕਿ ਉਸ ਦੀ ਸੁਰਤ ਧੰਦਿਆਂ ਵਿੱਚ ਖਚਤ ਨਹੀਂ ਹੁੰਦੀ।

ਮਹਿੰਦੀ ਦਿਆਂ ਪੱਤਿਆਂ ਉਤੇ ਭਾਵੇਂ ਬੇ-ਓੜਕੀ ਬਰਖਾ ਪਵੇ ਉਹ ਆਪਣੀ ਲਾਲੀ ਕਦੇ ਨਹੀਂ ਛੱਡਦੇ। ਸੱਚੇ ਪ੍ਰੇਮੀ ਆਪਣੀ ਚਾਲ ਤੋਂ ਕਦੇ ਨਹੀਂ ਉੱਕਦੇ, ਕਿਉਂਕਿ ਉਨ੍ਹਾਂ ਦੇ ਰੋਮ-ਰੋਮ ਵਿਚ ਨਾਮ ਦਾ ਰੰਗ ਰਚ ਰਿਹਾ ਹੁੰਦਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਅਸਲੇ ਨੂੰ ਪਛਾਣ ਕੇ ਹਰ ਹਾਲ ਵਿਚ ਖੁਸ਼ ਰਹਿੰਦੇ ਹਨ ਤੇ ਕਿਸੇ ਦੇ ਮੁਹਤਾਜ ਨਹੀਂ ਹੁੰਦੇ॥375॥

 

ਕਬਿਤ।।

ਆਪਣਾ ਹੀ ਆਪ ਨਂਹੀ ਦੂਸਰਾ ਜਹਾਂਨ ਬਿਚ ਸਮਝ ਬਗੈਰ ਹੋਇ ਰਿਹਾਂ ਤੂੰ ਬੇ ਤੌਰ ਹੀ।।

ਜਿਸਮੀ ਇਹੁ ਜਾਲੁ ਆਪ ਰਚਿਆ ਨਦਾਂਨ ਭੁਲ ਬੈਰੀ ਤੂੰ ਹੀ ਆਪ ਦਾ ਨਾਂ ਬੈਰੀ ਤੇਰਾ ਔਰ ਹੀ।।

ਹਾਲ ਨੂੰ ਪਛਾਣ ਦੇਖ ਦੂਰ ਉਨਮਾਦ ਕਰ ਫਸ ਰਿਹਾਂ ਆਪ ਲਾਇ ਬਾਸਨਾਂ ਦੀ ਬੌਰ ਹੀ।।

ਸੁਸਤੀ ਤਿਆਗਿ ਕੇ ਨਦਾਂਨ ਭਗਵਾਂਨ ਦਾਸ ਹੋਹੁ ਹੁਸਿਆਰ ਅਬ ਤੋੜ ਨਾਲ ਗੌਰ ਹੀ।।376।।

 

ਪਦ ਅਰਥ:- ਬੇ ਤੌਰ=ਬੇਸਮਝ। ਜਿਸਮੀ=ਸਰੀਰਕ ਸੰਬੰਧ। ਅਨੁਮਾਦ=ਸਦਾ ਪੁਣਾ। ਬੌਰ=ਸ਼ੁਦਾਈ। ਗੌਰ=ਗਹੁ ਨਾਲ।

ਅਰਥ:- ਸਭ ਪਾਸੇ ਤੇਰਾ ਆਪਣਾ ਹੀ ਆਪ ਹੈ, ਅਗਿਆਨ ਦੇ ਕਾਰਨ ਤੈਨੂੰ ਦੂਜਾ ਦਿਸਦਾ ਹੈ। ਦੇਹ ਦੀ ਕੈਦ ਵਿਚ ਪੈ ਕੇ ਕਿਸੇ ਨੂੰ ਮਿੱਤ੍ਰ ਕਿਸੇ ਨੂੰ ਵੈਰੀ ਸਮਝਦਾ ਹੈਂ, ਅਸਲ ਵਿਚ ਤੇਰਾ ਕੋਈ ਵੈਰੀ ਨਹੀਂ। (ਆਰਫ ਲੋਕਾਂ ਦੀ ਸੰਗਤ ਕਰਕੇ) ਆਪਣੇ ਸਰੂਪ ਦੀ ਪਛਾਣ ਕਰ ਤੇ ਭੁਲੇਖਾ ਦੂਰ ਕਰਕੇ ਦੇਖ ਤਾਂ ਵਾਸ਼ਨਾਂ ਦੀ ਫਾਹੀ ਵਿਚ ਆਪ ਹੀ ਫਸ ਰਿਹਾ ਹੈਂ। ਆਲਸ ਦਾ ਸੁਭਾਅ ਛੱਡ ਕੇ ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਗਹੁ ਨਾਲ ਸੰਕਲਪ, ਵਿਕਲਪ ਤੇ ਵਾਸਨਾਂ ਦੀ ਫਾਹੀ ਨੂੰ ਕੱਟ ਦੇ ||376||

 

 

ਕਬਿਤ।।

ਸੁਫਨ ਜੰਜੀਰ ਪੈਰੋਂ ਖੁਲਦਾ ਨਾ ਜਾਗੇ ਬਿਨੁ  ਸੁਫਨ ਸੰਸਾਰ ਇਹ ਸੋਵਣ ਖੁਆਬ ਬਿਨੁ।।

ਹੋਇ ਪਰਪੰਚ ਬਿਖੇ ਖਚਤ ਲੁਪਾਇਮਾਂਨ ਕਰੇਂ  ਬਿਰਲਾਪ ਮਾਰ ਚਾਂਗਰਾਂ ਅਜਾਬ ਬਿਨੁ।।

ਫੁਰਨੇ ਕੀ ਰਚ ਕਰ ਘੁੰਮਰ ਘੁਮੇਟੇ ਦਾਰ  ਪਿਆ ਪਰਵਾਹ ਵਿਚ ਡੁਬਦਾ ਹੈਂ ਆਬ ਬਿਨੁ।।

ਫਾਹੀ ਅਣਹੋਇਆਂ ਦੀ ਨਦਾਂਨ ਭਗਵਾਂਨ ਦਾਸ  ਖੁਲਣ ਨਾਂ ਦੇਵੇ ਖੁਦ ਰੂਪ ਦੇ ਹਸਾਬ ਬਿਨੁ।।377।।

 

ਪਦ ਅਰਥ: ਸੁਫਨ ਜੰਜੀਰ=ਸੁਪਨੇ ਦਾ ਬੰਧਨ। ਪਰਪੰਚ=ਸੰਸਾਰ। ਲੁਪਾਇਮਾਨ=ਖੱਚਤ ਹੋਣਾ। ਬਿਰਲਾਪ=ਉਚੀ ਉਚੀ ਰੋਣਾ। ਅਜਾਬ=ਦੁੱਖ। ਪਰਵਾਹ=ਬਹਾਓ। ਅਣਹੋਇਆ=ਜੋ ਮਿਥਿਆ ਹੈ।

ਅਰਥ:- ਸੁਪਨੇ ਵਿਚ ਸੰਗਲ ਪੈਰਾਂ ਵਿਚ ਪਿਆ ਹੋਇਆ ਹੈ, ਜਾਗਿਆਂ ਪਤਾ ਲੱਗਦਾ ਹੈ ਕਿ ਸੰਸਾਰ ਤਾਂ ਸੁਪਨੇ ਦੀ  ਨਿਆਈਂ ਹੈ ਤੇ ਖੁਆਰੀ ਦੇ ਦੇਣ ਵਾਲਾ ਹੈ ॥

ਇਸ ਸੰਸਾਰ ਵਿਚ ਖੱਚਤ ਹੋ ਕੇ ਉੱਚੀ-ਉੱਚੀ ਚਾਂਗਰਾਂ ਮਾਰ ਕੇ ਬਿਨਾਂ ਪੀੜਾਂ ਤੋਂ ਰੋਂਦਾ ਹੈ। ਸੰਕਲਪ ਵਿਕਲਪ ਦੀਆਂ ਘੁੰਮਣ੍=ਘੇਰੀਆਂ ਦੇ ਪਰਵਾਹ ਵਿਚ ਪੈ ਕੇ ਬਿਨਾਂ ਪਾਣੀ ਤੋਂ ਡੁਬ ਰਿਹਾ ਹੈ। ਰਾਜਾ ਸਾਹਿਬ ਜੀ ਫੁਰਮਾਨ ਕਰਦੇ ਹਨ ਕਿ ਜਦੋਂ ਤੱਕ ਦੇਹ ਦਾ ਆਪਣੇ ਸਰੂਪ ਨਾਲ ਮੇਲ ਨਹੀਂ ਹੁੰਦਾ ਤਦੋਂ ਤੀਕ ਅਣਹੋਇਆਂ (ਭਾਵ ਟੱਬਰ ਕਬੀਲੇ) ਦੀ ਫਾਹੀ ਵਿੱਚ ਫਸਿਆ ਰਹਿੰਦਾ ਹੈ ॥377॥

 

ਕਬਿਤ।।

ਬਾਜਾਂ ਦਾ ਸਾਹਬਾਜ ਚਿੜੀ ਆਪ ਨੂੰ ਕਹਾਂਵਦਾ ਹੈਂ  ਸਿਖਿਆ ਸਿਆਣਿਆਂ ਦੀ ਕਹੀ ਨਹੀ ਲਗਦੀ।।

ਅਕਲ ਤੇ ਪੜਦਾ ਜਾਂ ਪਿਆ ਹੈ ਕੁਪੇਚ ਬਿਚ  ਬਣ ਮਰਗਿੰਦ ਚਰਵਾਲੀ ਕਰੇ ਬੱਗ ਦੀ।।

ਬਡਾ ਅਫਸੋਸ ਰਸ ਇੰਦ੍ਰੀ ਦੇ ਰਚ ਕਰ  ਸੁੱਧ ਹੋਇ ਬ੍ਰਹਮ ਜੂਠ ਬਣ ਰਿਹ੍ਹਾ ਜਗ ਦੀ।।

ਸਹੀ ਨਾ ਸਰੂਪ ਦਸਾ ਦੇਖ ਭਗਵਾਂਨ ਦਾਸ  ਪਿਆ ਪ੍ਰਵਿਰਤ ਮੇਂ ਆਂਚ ਸਹੇ ਅਗ ਦੀ।।378।।

 

ਪਦ ਅਰਥ :- ਸਾਹਬਾਜ=ਬਾਜਾਂ ਦਾ ਬਾਦਸ਼ਾਹ। ਮਰਗਿੰਦ=ਸ਼ੇਰ। ਪ੍ਰਵਿਰਤ=ਦੂਜੇ ਦੀ ਰਸਮ ਜਾਂ ਰੀਤੀ। ਆਂਚ=ਸੇਕ।

ਅਰਥ :- ਬਾਜਾਂ ਦਾ ਬਾਦਸ਼ਾਹ ਹੋ ਕੇ ਆਪਣੇ ਆਪ ਨੂੰ ਚਿੜਾ ਅਖਵਾਉਂਦਾ ਹੈਂ ਕਿਉਂਕਿ ਤੂੰ ਰੱਬੀ ਲੋਕਾਂ ਦੇ ਬਚਨਾਂ ਤੋਂ ਕੋਈ ਸਿਖਿਆ ਹਾਸਿਲ ਹੀ ਨਹੀਂ ਕੀਤੀ। ਤੇਰੀ ਅਕਲ ਤੇ ਪਰਦਾ ਕਿਉਂ ਪਿਆ ਹੋਇਆ ਹੈ'? ਖੁਦ ਸ਼ੇਰ ਹੋ ਕੇ ਇੱਜੜਾਂ ਦੀ ਰਾਖੀ ਕਰਦਾ ਹੈਂ'? ਇਹ ਗੱਲ ਬਹੁਤ ਦੁੱਖ ਪਹੁੰਚਾਉਣ ਵਾਲੀ ਹੈ ਕਿ ਤੂੰ ਆਪ ਬ੍ਰਹਮ ਹੋਣ ਦੇ ਬਾਵਜੂਦ ਵੀ ਇੰਦ੍ਰੀਆਂ ਦੇ ਰਸਾਂ ਨੂੰ ਮਾਨਣ ਖਾਤਿਰ ਦੁਨੀਆਂ ਦੀ ਜੂਠ ਬਣਿਆ ਹੋਇਆ ਹੈਂ। ਮਹਾਰਾਜ ਜੀ ਕਥਨ ਕਰਦੇ ਹਨ ਕਿ ਖੋਟੀ ਮੱਤ ਵਿਚ ਪੈ ਕੇ ਇਤਨਾ ਸੇਕ ਸਹਿੰਦਾ ਹੈਂ ਕਿਉਂਕਿ ਤੈਨੂੰ ਆਪਣੇ ਸੁੱਧ ਸਰੂਪ ਦੀ ਪਛਾਣ ਹੀ ਨਹੀਂ ਹੈ॥378॥

 

ਕਬਿਤ।।

ਸਚ ਕਾ ਅਨੱਦ ਸੁਧ ਰੂਪ ਪਰਮਾਂਤਮਾਂ ਸੀ  ਅਸਲਾ ਭੁਲਾਇ ਜੀਵ ਬਣਿਆ ਹੈ ਖਲ ਹੀ।।

ਲਖਤਾ ਟਕਾਉ ਨਾਲ ਜਾਣੇ ਜਾਂ ਅਲਖ ਆਪ  ਭਾਵ ਨੂੰ ਵਸਾਰ ਫੇਰ ਹੋਵੇ ਤਾਂ ਅਚਲ ਹੀ।।

ਹੋਇ ਕੇ ਅਬੋਲ ਇਸ ਬੋਲ ਦੀ ਬਚਾਰ ਕਰੁ  ਪਿਆ ਨਾਂ ਨਦਾਂਨ ਰਹੁ ਬਿਚ ਤੂੰ ਜਹਲ ਹੀ।।

ਅਮਲ ਕਮਾਏ ਬਿਨਾਂ ਸਚ ਭਗਵਾਂਨ ਦਾਸ  ਹੋਇ ਨਹਂੀ ਜਾਂਵਦਾ ਬ੍ਰਹਮ ਨਾਲ ਗਲ ਹੀ।।379।।

 

ਪਦ ਅਰਥ :- ਅਸਲਾ=ਅਸਲੀਅਤ ਵਾਲਾ। ਖਲ=ਚੰਮ। ਟਕਾਉ=ਸ਼ਾਂਤੀ। ਅਲਖ=ਜੋ ਦਿਖਾਈ ਨਾ ਦੇਵੇ। ਅਚਲ=ਇਸਥਿਤ (ਜੋ ਨਾ ਚੱਲੇ)। ਵਸਾਰ=ਵਿਸਾਰ, ਤਜ। ਅਬੋਲ=ਬਿਨਾ ਬੋਲੇ। ਜਹਲ=ਅਵਿਦਿਆ ਨਦਾਨੀ। ਅਮਲ=ਕਰਮ।

ਅਰਥ :- ਮਹਾਰਾਜ ਜੀ ਕਥਨ ਕਰਦੇ ਹਨ ਕਿ ਜੀਵ ਆਪ ਸੁਧ ਰੂਪ ਪਰਮਾਤਮਾ ਹੈ ਪਰ ਇਹ ਆਪਣੇ ਅਸਲ ਸਰੂਪ ਨੂੰ ਭੁਲਾ ਕੇ ਚੰਮ ਦੀ ਸੂਰਤ ਬਣਿਆ ਹੋਇਆ ਹੈ। ਜੇਕਰ ਇਹ ਆਪਣੇ ਆਪ ਨੂੰ ਸਹਿਜ ਰੂਪ ਨਾਲ ਨਾ ਦਿਖਾਈ ਦੇਣ ਵਾਲੇ ਅਹੰ ਭਾਵ ਨੂੰ ਭੁਲਾ ਕੇ ਵਿਚਾਰੇ ਤਾਂ ਸਦੀਵੀ ਤੌਰ ਤੇ ਸਥਿਰ ਰਹਿਣ ਵਾਲਾ ਬਣ ਸਕਦਾ ਹੈ। ਮਹਾਰਾਜ ਜੀ ਕਥਨ ਕਰਦੇ ਹਨ ਕਿ ਤੂੰ ਨਦਾਨ ਬਣ ਕੇ ਨਾ ਬੈਠ, ਬੇਸਮਝੀ ਛੱਡ ਕੇ ਖਮੋਸ਼ ਹੋ ਕੇ ਇਸ ਕਥਨ ਦੀ ਵਿਚਾਰ ਕਰ ਕਿ ਜੀਵ ਨਿਰੀਆਂ ਗੱਲਾਂ ਕਰਨ ਨਾਲ ਬ੍ਰਹਮ ਨਹੀਂ ਬਣ ਜਾਂਦਾ (ਭਾਵ ਇਸ ਤਰ੍ਹਾਂ ਸੌਖੀ ਤਰ੍ਹਾਂ ਹੀ ਅਮਰ ਪਦ ਦੀ ਪ੍ਰਾਪਤੀ ਨਹੀਂ ਹੁੰਦੀ) ਬ੍ਰਹਮ ਹੋਣ ਲਈ ਸੱਚੇ ਅਮਲ ਕਮਾਉਣੇ ਬਹੁਤ ਜ਼ਰੂਰੀ ਹਨ॥379॥

 

ਕਬਿਤ।।

ਬਰਨ ਅਸਰਮ ਦਾ ਝਗੜਾ ਨਬੇੜਦਾ ਨਾਂ  ਫਸਿਆ ਹੈਂ ਫਾਹੀ ਨਹਂੀ ਗਿਆਂਨ ਪਰਚੰਡ ਤਾਂ।।

ਬਾਸਨਾਂ ਦਾ ਬਧਾ ਭੋਗੇਂ ਨਰਕਾਂ ਤੇ ਸੁਰਗਾ  ਨੂੰ ਹੋਵੇ ਨਾ ਨਜਾਤ ਲਖ ਕਰੇਂ ਜੇ ਪਖੰਡ ਤਾਂ॥

ਪੇਡ ਨੂੰ ਤਿਆਗ ਪ੍ਰਵਿਰਤਿਆ ਡਾਲ ਮੇ ਜੋ  ਲਏਗਾ ਨਾ ਸੁਖ ਐਸਾ ਪਾਇ ਕੇ ਚੁਰੰਡ ਤਾਂ॥

ਕਰਮਾਂ ਦੇ ਬਿਚ ਹੁਣ ਫਸੇਂ ਭਗਵਾਂਨ ਦਾਸ  ਆਵੇ ਵਾਰ ਫਲ ਦੀ ਜਾਂ ਨਿਕਲੇਗਾ ਚੰਡ ਤਾ॥380॥

 

ਅਰਥ :-ਤਰਤੀਬਰ ਗਿਆਨ ਦੀ ਘਾਟ ਹੋਣ ਕਾਰਨ ਮਨੁੱਖ ਕਈ ਤਰ੍ਹਾਂ ਦੇ ਜੰਜਾਲਾਂ ਵਿਚ ਫਸਿਆ ਪਿਆ ਹੈ। ਆਪਣੀਆਂ ਵਾਸਨਾਵਾਂ ਦੇ ਅਧੀਨ ਹੋ ਕੇ ਸੁਰਗ ਨਰਕ ਭੋਗਦਾ ਹੈ। ਭਾਵੇਂ ਲੱਖਾਂ ਪਖੰਡ ਕਰੀ ਜਾਵੇ ਪਰ ਵਾਸਨਾ ਤੋਂ ਮੁਕਤ ਨਹੀਂ ਹੋ ਸਕਦਾ, ਕਿਉਂਕਿ ਇਹ ਦਰਖੱਤ ਨੂੰ ਛੱਡ ਟਹਿਣੀਆਂ ਪਿੱਛੇ ਪਿਆ ਹੈ ਭਾਵ ਅੰਤਰ-ਆਤਮੇਂ ਨੂੰ ਛੱਡ ਕੇ ਛੁਟਕਾਰੇ ਦੇ ਸਾਧਨ ਬਾਹਰ ਲੱਭਦਾ ਫਿਰਦਾ ਹੈ, ਇਸ ਤਰ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਸਲ ਨਿਪਟਾਰਾ ਤਾਂ ਕਰਮਾਂ ਨਾਲ ਹੀ ਹੁੰਦਾ ਹੈ। ਸ਼ੁੱਧ ਕਰਮ ਹੀ ਜੀਵ ਦੀ ਮੁਕਤੀ ਦਾ ਸਾਧਨ ਬਣ ਸਕਦੇ ਹਨ, ਪ੍ਰੰਤੂ ਫੋਕੇ ਕਰਮ-ਕਾਂਡਾਂ ਵਿਚ ਫਸੇ ਮਨੁੱਖ ਫਲ ਲੈਣ ਦੀ ਥਾਂ ਕਰੜੀ ਮਾਰ ਦਾ ਸ਼ਿਕਾਰ ਹੁੰਦੇ ਹਨ॥380॥

 

 

ਕਬਿਤ।।

ਆਦਿ ਬੁਨਿਆਦ ਜਿਸ ਬਸਤੂ ਦੀ ਕਹੀ ਜਾਏ  ਪੱਕ ਪਰਤੀਤ ਓਹ ਫਨਾਹ ਫਿਰ ਅੰਤੁ ਨੂੰ।।

ਕੂੜ ਦਿਖਲਾਵਾ ਕੁਲ ਰਹੇ ਨਾ ਨਸਾਨ ਓੜ  ਹੋਹ ਤੂੰ ਉਦਾਸ ਅਂਖੀ ਦੇਖ ਬਰਤੰਤ ਨੂੰ।।

ਅਦਿਰਸ ਅਨਾਸ ਪਰਮਾਤਮਾਂ ਅਚਲ ਰੂਪ  ਸੂਖਮ ਖਿਆਲ ਐਸੇ ਜਾਣੀਏ ਅਨੰਤ ਨੂੰ।।

ਨਿਰ ਗੁਣ ਨਾਮ ਨਿਸਕਾਂਮ ਭਗਵਾਂਨ ਦਾਸ  ਤਿਸ ਮੇ ਸਮਾਇ ਤੋੜ ਬਾਸਨਾਂ ਦੀ ਤੰਤ ਨੂੰ।।381।। 

 

ਪਦ ਅਰਥ:- ਆਦ=ਮੁਢ। ਓੜ=ਓੜਕ। ਬਰਤੰਤ=ਜੋ ਵਰਤਮਾਨ ਹੈ। ਅਦਿਰਸ=ਨਾ ਦਿੱਸਣ ਵਾਲਾ। ਅਨਾਸ=ਨਾਸ਼ ਰਹਿਤ। ਅਚਲ=ਨਾ ਚਲਾਇਮਾਨ। ਸੂਖਮ=ਬਰੀਕ ਤੋਂ ਬਰੀਕ। ਅਨੰਤ=ਜਿਸ ਦਾ ਅੰਤ ਨਹੀਂ। ਨਿਰਗੁਣ=ਮਾਇਆ ਦੇ ਸਤ, ਰਜ, ਤਮਾ ਤੋਂ ਰਹਿਤ, ਸ਼ੁਧ ਬ੍ਰਹਮ। ਨਿਸਕਾਂਮ=ਕਾਮਨਾ ਰਹਿਤ। ਤੰਤ=ਤਾਰ।

ਅਰਥ:- ਜਿਸ ਵਸਤੂ ਦੀ ਆਦ ਜਾਂ ਬੁਨਿਆਦ ਕਹੀ ਜਾਵੇ ਉਸ ਦਾ ਅੰਤ ਨਾਸ਼ ਹੋਣਾ ਨਿਸ਼ਚੇ ਕਰਕੇ ਜਾਣਿਆਂ ਜਾਂਦਾ ਹੈ। ਝੂਠ ਦੇ ਪਸਾਰੇ ਦਾ ਓੜਕ ਨਿਸ਼ਾਨ ਤਕ ਨਹੀਂ ਰਹੇਗਾ, ਇਸ ਕਰਕੇ ਇਸ ਦਿਸਦੇ ਵਲੋਂ ਆਪਣੀ ਬਿਰਤੀ ਨੂੰ ਉਪਰਾਮ ਕਰ। ਪਰਮਾਤਮਾ ਜੋ (ਇਨ੍ਹਾਂ ਅੱਖਾਂ ਨਾਲ) ਦਿੱਸ ਨਹੀਂ ਰਿਹਾ, ਨਾਸ਼-ਰਹਿਤ, ਨਾ-ਚਲਾਇਮਾਨ ਹੋਣ ਵਾਲਾ ਜੋ ਬਰੀਕ ਬੁਧੀ ਨਾਲ ਉਸ ਅੰਤ-ਰਹਿਤ ਨਿਰੰਕਾਰ ਦਾ ਅਨੁਭਵ ਕੀਤਾ ਜਾ ਸਕਦਾ ਹੈ। ਰਾਜਾ ਸਾਹਿਬ  ਜੀ ਕਥਨ ਕਰਦੇ ਹਨ ਕਿ ਵਾਸ਼ਨਾਂ ਦੀ ਤਾਰ ਤੋੜ ਕੇ ਨਿਰਗੁਣ ਨਿਸ਼ਕਾਂਮ ਨਿਰੰਕਾਰ ਵਿਚ ਲੀਨ ਹੋ ਸਕੀਦਾ  ਹੈ॥381॥

 

ਕਬਿਤ।।

ਖਾਂਦਾ ਬਹਿਦਾ ਉਠਦਾ ਬਸਾਰੇ ਨਂਹੀ ਇਕ ਦੰਮ  ਧੀਰਜ ਧਿਆਨ ਪ੍ਰਪੱਕ ਸਹੀ ਨੇਸਟਾ।।

ਦਿਨੋ ਦਿਨੋ ਬਧੇ ਰੰਗ ਸੌਕ ਨਂਹੀ ਹੋਇ ਭੰਗ  ਨਾਵਣ ਬ੍ਰਹਮ ਗੰਗ ਅਕਲ ਸ੍ਰੇਸਟਾ।।

ਥਿਰ ਨਂਹੀ ਮਨ ਬਿਧ ਸਰਬ ਸਪੰਨ ਹੋਰ  ਅਕਲ ਨਕੰਮੀ ਇਹ ਬਿਹਾਰ ਬਿਖੇ ਚੇਸਟਾ।।

ਸਹੀ ਇਕੁ ਕੀਤਿਆਂ ਬਗੈਰ ਭਗਵਾਂਨ ਦਾਸ  ਪਵੇਗਾ ਜਰੂਰ ਫੇਰ ਗਲ ਬਿਚ ਰੇਸਟਾ।।382।।   

 

ਪਦ ਅਰਥ:- ਦੰਮ=ਸੁਆਸ। ਪ੍ਰਪੱਕ=ਪੱਕਾ। ਨੇਸਟਾ=ਮਨ ਦਾ ਲਗਾਓ। ਸਰਬ ਸੰਪੰਨ=ਸਭ ਤਰਾਂ। ਰੇਸਟਾ=ਰੱਸਾ, ਫਾਹੀ।

ਅਰਥ:- ਧੀਰਜ ਤੇ ਧਿਆਨ ਵਿਚ ਮਨ ਨੂੰ ਪਰਪੱਕ ਕਰਕੇ ਖਾਂਦੇ, ਬਹਿੰਦੇ ਉੱਠਦੇ, ਇਕ ਸੁਆਸ ਮਾਤ੍ਰ ਭੀ ਅਕਾਲ ਪੁਰਖ ਨੂੰ ਨਾ ਵਿਸਾਰੋ:- ਨਾਮ ਨਾਲ ਨਿੱਤ ਦਿਨ ਪਿਆਰ ਵਧੇ ਤੇ ਇਹ ਪਿਆਰ ਕਦੇ ਨਾ ਟੁੱਟੇ, ਐਸੀ ਉਚੀ ਸਮਝ ਨਾਲ ਬ੍ਰਹਮ ਦੀ ਗੰਗ ਵਿਚ ਇਸ਼ਨਾਨ ਕਰੀਦਾ ਹੈ। ਜੇ ਮਨ ਟਿਕਾਓ ਵਿਚ ਨਹੀਂ ਤੇ ਬਿਰਤੀ ਕੰਮਾਂ ਕਾਰਾਂ ਵਿਚ ਭਟਕਦੀ ਹੈ, ਐਸੀ ਅਕਲ ਨਿਕੰਮੀ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਇਕ ਬ੍ਰਹਮ ਨੂੰ ਸਿੱਧ ਕੀਤੇ ਬਿਨਾਂ ਨਿਸਚੇ ਕਰਕੇ ਜਮਾਂ ਦੀ ਫਾਹੀ ਗਲ ਵਿਚ ਪਵੇਗੀ॥382॥

 

 

ਕਬਿਤ।।

ਜਿਤਣੇ ਦਾ ਬੇਲਾ ਏਹੋ ਅਖੀਆਂ ਉਘਾੜ ਖੇਡ  ਉਮਰ ਗਵਾਈ ਹੈ ਨਦਾਂਨ ਬਿਚ ਹਾਰ ਬਹੁ।।

ਛਡ ਕੇ ਫਰੇਬ ਤੂੰ ਤਰੀਕਾ ਫੜੁ ਰਾਸਤੀ ਦਾ  ਖਾਂਨੇ ਦਰਵੇਸ ਦੇ ਸਫਾਈ ਦਾ ਬਿਹਾਰ ਬਹੁ।।

ਸਾਧ ਹੋਇ ਕਰੇਂ ਜੇ ਪ੍ਰੀਤਿ ਨਾਲ ਬਿਸਿਆਂ ਦੇ  ਜਹਾਂ ਜਹਾਂ ਜਾਏਂ ਤਹਾਂ ਖਾਏਂਗਾ ਪੰਜਾਰ ਬਹੁ।।

ਲੋਕ ਪਰਲੋਕ ਗਏ ਦੋਇ ਭਗਵਾਂਨ ਦਾਸ  ਪਾਵੇਂ ਨਾਂ ਟਕਾਉ ਕਂਹੀ ਹੋਇਂਗਾ ਲਚਾਰ ਬਹੁ।।383।।

 

ਪਦ ਅਰਥ:-ਫਰੇਬ=ਧੋਖਾ। ਰਾਸਤੀ=ਸਚਾਈ। ਖਾਂਨੇ=ਘਰ। ਪੰਜਾਰ=ਛਿੱਤ੍ਰ। ਲੋਕ=ਇਹ ਸੰਸਾਰ। ਪਰਲੋਕ=ਅਗਲਾ ਜੱਗ।

ਅਰਥ:-ਹੁਣ ਜਿੱਤਣ ਦਾ ਸਮਾਂ ਹੈ (ਮਨੁੱਖਾ ਜਨਮ ਦੀ ਖੇਡ) ਧਿਆਨ ਨਾਲ ਖੇਡ, ਸਾਰੀ ਉਮਰ ਹਾਰ ਵਾਲੇ ਕੰਮਾਂ ਵਿਚ ਗੁਜ਼ਾਰ ਦਿੱਤੀ। ਪਖੰਡ ਵਾਲੀ ਵਰਤੋਂ ਛੱਡ ਕੇ ਸਚਾਈ ਦਾ ਰਸਤਾ ਫੜ, ਕਿਉ਼ਕਿ ਦਰਵੇਸ਼ ਨੂੰ ਸਚਾਈ ਤੇ ਸਫਾਈ ਹੀ ਸੋਭਦੀ ਹੈ। ਸਾਧ ਨਾਮ ਰਖਾ ਕੇ ਜੇਕਰ ਵਿਸ਼ਿਆਂ ਨਾਲ ਪਿਆਰ ਪਾਏਂਗਾ ਤਾਂ ਚੇਤੇ ਰੱਖ ਜਿਥੇ-ਜਿਥੇ ਜਾਏਂਗਾ ਖੁਆਰੀ ਪੱਲੇ ਪਵੇਗੀ (ਸਾਧ ਨਾਮ ਨਿਰਮਲ ਤਾ ਕੇ ਕਰਮੜੂ) ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਸਾਧ ਨੇ ਇਹ ਜੱਗ ਅਤੇ ਅਗਲਾ ਸੰਸਾਰ ਦੋਵੇਂ ਵਿਗਾੜ ਲਏ ਹਨ (ਐਸੇ ਨਾਮ ਧਰੀਕ ਸਾਧ ਨੂੰ) ਕਿਤੇ ਟਿਕਾਣਾ ਨਹੀਂ ਮਿਲੇਗਾ ||383||

ਕਬਿਤ।।

ਆਪ ਕਰਤਬ ਜਾਣੇ ਆਪਣੇ ਨਦਾਂਨ ਸਭ  ਰੱਖਦਾਂ ਛਪਾਇ ਗੁਝੀ ਫੇਰਿਦਾਂ ਕਟਾਰੀ ਹੈਂ।।

ਪਹਰ ਕੇ ਲਵਾਸ ਤੁਲ ਬਣਿਆਂ ਮਹਾਤਮਾਂ  ਦੇ ਹੋਇਕੇ ਬੇਅੰਗ ਬਣ ਬੈਠਾ ਬਿਵਹਾਰੀ ਹੈਂ।।

ਜਾਣਕੇ ਕੰਗਾਲ ਬਹੇਂ ਮੁਖ ਤੂੰ ਮਰੋੜ ਕਰ  ਆਏ ਧਨਬੰਤ ਤਾਂਈ ਕਰੇਂ ਹਿਤਕਾਰੀ ਹੈਂ।।

ਦੁਐਤ ਕੋ ਉਠਾਏਂ ਨਾ ਨਦਾਨ ਭਗਵਾਂਨ ਦਾਸ  ਖੌਂਸੜਾ ਹਜਾਰ ਸਿਰ ਮਾਇਆ ਕਾ ਬਪਾਰੀ ਹੈਂ।।384।।

 

ਪਦ ਅਰਥ:- ਕਰਤੱਬ=ਕਰਤੂਤਾਂ। ਕਟਾਰੀ=ਛੁਰੀ। ਬੇਅੰਗ=ਤਿਆਗੀ। ਕੰਗਾਲ=ਗਰੀਬ, ਨਿਰਧਨ। ਧਨਵੰਤ=ਧਨੀ। ਹਿਤਕਾਰੀ=ਪਿਆਰ। ਦੁਐਤ=ਦੂਜਾ ਭਾਵ। ਖੌਂਸੜ=ਛੱਤ੍ਰ। ਬਪਾਰੀ=ਵਪਾਰ ਕਰਨ ਵਾਲਾ।

ਅਰਥ:- ਆਪਣੀਆਂ ਕਰਤੂਤਾਂ ਨੂੰ ਤੂੰ ਆਪ ਜਾਣਦਾ ਹੈ਼, ਦਿਲ ਵਿਚ ਕਪਟ ਹੈ, ਦਿਖਾਵੇ ਦਾ ਸਾਧ ਬਣਿਆ ਹੈ਼। ਆਪਣੇ ਆਪ ਨੂੰ ਮਹਾਤਮਾ ਬਣ ਕੇ ਭੀ ਬਿਰਤੀ ਵਿਚ (ਮਾਇਆ ਦੇ) ਵਿਹਾਰ ਦੀ ਇੱਛਾ ਹੈ। ਜੇ ਕੋਈ ਗਰੀਬ ਆਦਮੀ ਆ ਜਾਵੇ ਤਾਂ ਮੂੰਹ ਭੁਆ ਕੇ ਦੂਜੇ ਪਾਸੇ ਕਰ ਲੈਂਦਾ ਹੈ਼, ਪਰ ਧਨਵਾਨ ਪੁਰਸ਼ ਨੂੰ ਬੜੇ ਪਿਆਰ ਨਾਲ ਮਿਲਦਾ ਹੈ਼। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੇਕਰ ਤੇਰੇ ਅੰਦਰੋਂ (ਛੋਟੇ ਬੜੇ, ਅਮੀਰ ਗਰੀਬ) ਦੂਜਾ ਭਾਵ ਦੂਰ ਨਹੀਂ ਹੋਇਆ ਤਾਂ ਐਸੀ ਫਕੀਰੀ ਨੂੰ ਲੱਖ ਲਾਹਨਤ ਹੈ॥384॥

 

ਕਬਿਤ।।

ਹੋਂਵਦਾ ਇਲਾਜੁ ਅਜ ਸੁੰਦ੍ਰ ਸੁਖੈਨ ਜੀਆ  ਸੁਸਤੀ ਤਿਆਗ ਖੁਲ ਕਾਂਮਨਾ ਕਮੰਦ ਤੇ।।

ਗੁਝਾ ਗੁਝਾ ਮਚਦਾ ਭੜਾਂਬਾ ਬਿਚ ਦਿਲ ਦੇ  ਜੁ ਕਰੇਗਾ ਖੁਆਰੁ ਖਸਕਾਇਕੇ ਅਨੰਦ ਤੇ।।

ਲੰਮੀ ਭੁਜਾ ਕਰਕੇ ਪੁਕਾਰਦਾਂ ਨਦਾਨ ਤੁਧ  ਕਰਲੈ ਉਪਾਉ ਛੁਟੇਂ ਚਮੜੇ ਦੀ ਬੰਦ ਤੇ।।

ਰੋਗ ਨੂੰ ਗਵਾਇ ਹੋਹ ਨਰੋਗ ਭਗਵਾਂਨ ਦਾਸ  ਮਿਟੇਗਾ ਕਲੰਕ ਦਰਵੇਸ ਨਿਰਦ੍ਵੰਦ ਤੇ।।385।।

 

ਪਦ ਅਰਥ:-ਕਾਮਨਾ ਕਮੰਦ=ਕਾਮਨਾ ਦੀ ਫਾਹੀ। ਲੰਮੀ ਭੁਜਾ ਕਰਕੇ=ਪੁਕਾਰ ਪੁਕਾਰ ਕੇ। ਚਮੜੇ ਦੀ ਬੰਦ=ਦੇਹ ਦੀ ਕੈਦ। ਨਿਰਦੰਯਯਦ=ਦ੍ਵੈਤ ਤੋਂ ਬਿਨਾਂ।

ਅਰਥ:-ਕਾਮਨਾ ਦੀ ਫਾਹੀ ਵਿਚੋਂ ਨਿਕਲ ਕੇ (ਹਉਮੈ) ਸੌਖਾ ਹੀ ਉਪਾਉ ਹੋ ਸਕਦਾ ਹੈ। ਕਾਮਨਾ ਰੂਪੀ ਅੱਗ ਦਾ ਜੋ ਗੁੱਝਾ ਗੁੱਝਾ ਭਾਂਬੜ ਦਿਲ ਵਿਚ ਮੱਚ ਰਿਹਾ ਹੈ, ਇਹ  ਤੇਰੇ ਆਤਮਕ ਅਨੰਦ ਨੂੰ ਖਤਮ ਕਰ ਦੇਵੇਗਾ। ਹੇ ਮੂਰਖ ਬੰਦੇ! ਬੜੇ ਜ਼ੋਰਦਾਰ ਅੱਖਰਾਂ ਦੁਆਰਾ ਤੈਨੂੰ ਕਹਿੰਦੇ ਹਾਂ ਕਿ ਇਸ ਚੰਮ ਦੀ ਦੇਹ ਰੂਪ ਕੈਦ ਵਿਚੋਂ ਛੁੱਟਣ ਦਾ ਕੋਈ ਉਪਾਅ ਕਰ ਲੈ। ਰਾਜਾ ਸਾਹਿਬ ਜੀ ਕਹਿੰਦੇ ਹਨ ਕਿ (ਹਉਮੈ ਤੇ ਕਾਮਨਾ ਦਾ ਗੁੱਝਾ ਰੋਗ) ਦੁਬਿਧਾ ਰਹਿਤ ਕਾਮਲ ਫਕੀਰ ਦੀ ਸ਼ਰਨ ਪ੍ਰਾਪਤ ਹੋ ਕੇ ਜ਼ਰੂਰ ਛੁਟਕਾਰਾ ਪਾ ਜਾਏਂਗਾ ॥385॥

 

ਕਬਿਤ।।

ਆਪਣੇ ਹੀ ਆਪ ਰੰਗ ਰਹਿਂਦੇ ਹੈਂ ਅਨੰਦ  ਬਿਚ ਬੰਧਨਾ ਫਕੀਰ ਵਿਚ ਭੇਖ ਵਾਲੀ ਚਾਲ ਦੇ।।

ਪਾਰਸ ਦੇ ਉਪਰ ਨਾਂ ਮੋਹਰ ਅਮੋਲਕ ਹੈ  ਸੰਨ ਦਾ ਨਸਾਂਨ ਕੋਈ ਉਪਰ ਨਾਂ ਲਾਲ ਦੇ।।

ਜਾਣ ਨਂਹੀ ਸਕਦਾ ਗੁਵਾਰ ਲੋਕ ਗੁਣ ਤਾਂਈ  ਪਾਰਖੂ ਪਛਾਂਣ ਲੈਣ ਮੈਹਰਮ ਜੋ ਹਾਲ ਦੇ।।

ਬੇਪਰਵਾਹ ਹੈਂ ਨਦਾਂਨ ਭਗਵਾਂਨ ਦਾਸ  ਝੜਨ ਹਜਾਰ ਪਾਪ ਕੀਤਿਆਂ ਜਮਾਲ ਦੇ।।386।।

 

ਪਦ ਅਰਥ:-ਪਾਰਸ=ਪੱਥਰ ਜੋ ਅੱਠ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ। ਮੈਹਰਮ=ਭੇਤੀ। ਜਮਾਲ=ਦਰਸ਼ਨ।

ਅਰਥ:-ਆਤਮਿਕ ਅਨੰਦ ਵਿਚ ਮਗਨ ਰਹਿਣ ਵਾਲੇ ਫਕੀਰ ਕਿਸੇ ਭੇਖ ਦੀ ਚਾਲ ਵਿਚ ਨਹੀਂ ਚੱਲਦੇ। ਜਿਸ ਤਰ੍ਹਾਂ ਪਾਰਸ ਦੀ ਅਮੋਲਕਤਾ ਨੂੰ ਜਾਣਨ ਲਈ ਕੋਈ ਮੋਹਰ ਨਹੀਂ ਲਾਈ ਜਾਂਦੀ ਤੇ ਨਾ ਹੀ ਲਾਲ ਉਤੇ ਕੋਈ ਸੰਮਤ ਦਾ ਨਿਸ਼ਾਨ ਹੈ। ਮੂਰਖ ਲੋਕ ਗੁਣਾਂ ਦੀ ਕਦਰ ਨਹੀਂ ਜਾਣਦੇ, ਪਾਰਖੂ ਅੱਖਾਂ ਜੋ ਫ਼ਕੀਰੀ ਦੇ ਭੇਤ  ਪਛਾਣ  ਲ਼ੈਦੀਆਂ        ਹਨ। ਐਸੇ ਪੂਰਨ ਪੁਰਖਾਂ ਦਾ ਦਰਸ਼ਨ ਕੀਤਿਆਂ ਰਾਜਾ ਸਾਹਿਬ ਕਥਨ ਕਰਦੇ ਹਨ ਕਿ ਹਜ਼ਾਰਾਂ ਕੀਤੇ ਪਾਪ ਝੜ ਜਾਂਦੇ ਹਨ ॥386॥

 

ਕਬਿਤ।।

ਉਮਰ ਅਜਾਂਈ ਜਾਏ ਫਸਿਆਂ ਸੁਨੀਦ ਬਿਚ  ਦੇਖੇਂ ਨ ਫੈਹਮੀਦ ਐਸੀ ਪਈ ਬਾਣ ਚੰਦਰੀ।।

ਪਿਛੇ ਨਂਹੀ ਹਾਂਸਲੀ ਜਾਂ ਅਬ ਕੈਸੇ ਹੋਇ ਜਾਊ ਦੇਖ ਅਜਮੀਦ ਤੂੰ ਸਭਾਉ ਛਡ ਬੰਦਗੀ।।

ਵਾਚ ਸੇ ਉਠਾਇ ਕਰ ਲਖ ਮੇ ਨਗਾਹ ਦੇ ਦੀਦ ਮੇ ਸਮਾਇ ਗੁਲਜਾਰ ਦੇਖੁ ਅੰਦਰੀ।।

ਮੁਸਕਲ ਕਾਰ ਇਹ ਨਦਾਂਨ ਭਗਵਾਂਨ ਦਾਸ ਤਾਰ ਵਾਗੁ ਕਢਣੀ ਹੈ ਰੂਹ ਬਿਚ ਜੰਦਰੀ।।387।। 

 

ਪਦ ਅਰਥ:- ਸੁਨੀਦ=ਸੁਨਣਾ। ਫੈਹਮੀਦ=ਸਮਝਣਾ। ਬਾਣ=ਆਦਤ। ਅਜਮੀਦ=ਪਰਖ ਕੇ। ਬੰਦਰੀ=ਬੰਦਰ ਵਾਲਾ ਸੁਭਾਉ। ਵਾਚ=ਬੋਲ। ਲਖ=ਚਾਨਣਾ। ਦੀਦ=ਅੱਖਾਂ। ਗੁਲਜਾਰ=ਫੁਲਵਾੜੀ।

ਅਰਥ:- ਕੰਨ ਰਸ ਦੇ ਚਸਕੇ ਵਿਚ ਉਮਰ ਲੰਘ ਗਈ, ਕਦੇ ਸਮਝ ਵਿਚ ਲਿਆਉਣ ਦਾ ਯਤਨ ਹੀ ਨਹੀਂ ਕੀਤਾ। ਜੇ ਪਿਛੇ ਸੁਣ ਸੁਣ ਕੇ ਕੁੱਝ ਪ੍ਰਾਪਤ ਨਹੀਂ ਹੋਇਆ ਤਾਂ ਹੁਣ ਕੀ ਹਾਸਲ ਕਰੇਂਗਾ? ਇਹ ਬਾਂਦਰ ਵਾਲਾ ਸੁਭਾਅ ਛੱਡ ਦੇ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਬੋਲ ਤੋਂ ਸੁਰਤੀ ਚੁੱਕ ਕੇ ਅਸਲੇ ਵਿਚ ਸੁਰਤ ਜੋੜ ਤੇ ਅੰਦਰ ਦੇ ਦੀਦਿਆਂ ਨਾਲ ਅੰਦਰ ਦੇ ਖੇੜੇ ਨੂੰ ਵੇਖ। ਐਪਰ ਇਹ ਕੰਮ ਬਹੁਤ ਔਖਾ ਹੈ ਰੂਹ ਨੂੰ ਤਾਰ ਵਾਂਗ ਖਿੱਚ ਕੇ ਬਰੀਕ ਕਰਨਾ ਹੈ ॥387॥

 

ਕਬਿਤ।।

ਅਸਲਾ ਅਨਾਦ ਰੂਪ ਨਰਾਂ ਬਿਚ ਨੂਰ ਹੈ ਜੋ  ਅਣਸੂ ਪਛਾਂਣ ਕੈਸੀ ਉਜਲ ਇਹ ਕੁਲ ਦੀ।।

ਕੁਦਰਤ ਨਾਲ ਭੌਂਦੂ ਕਮਲੇ ਦੇ ਹੱਥ ਆਈ  ਕਦਰ ਬਗੈਰ ਦੇਖੋ ਕੈਸੇ ਫਿਰੇ ਰੁਲਦੀ।।

ਬਿਚ ਗਿਲਆਂਨੀ ਦੇ ਗਵਾਂਰ ਗਰਕਾਬ ਕਰ  ਲਖ ਤੇ ਬਣਾਈ ਅਬ ਕਖ ਦੇ ਹੈ ਮੁਲਦੀ।।

ਬਿਸਿਆਂ ਉਡਾਂਇ ਕੇ ਨਦਾਂਨ ਭਗਵਾਂਨ ਦਾਸ  ਆਪ ਨੂ ਬਚਾਰ ਹੋਵੇ ਅਸਲ ਦੇ ਤਲਦੀ।।388।।

 

ਅਰਥ:- ਜੀਵ ਦਾ ਅਸਲਾ ਅਨਾਦ ਹੈ ਤੇ ਪ੍ਰਕਾਸ਼ ਸਰੂਪ ਹੈ, ਕਿਉਂਕਿ ਉਹ ਬ੍ਰਹਮ ਦੀ ਅੰਸ਼ ਹੈ। ਪੂਰਬਲੇ ਭਾਗਾਂ ਕਰਕੇ ਮਨੁੱਖਾ ਦੇਹ ਇਸ ਦੇ ਹੱਥ ਆਈ ਹੈ, ਇਸ ਦੀ ਪਰਖ ਬਿਨਾਂ ਰੁਲ ਰਹੀ ਹੈ।

ਵਿਸ਼ੇ ਵਿਕਾਰਾਂ ਵਿਚ ਫਸ ਕੇ ਲੱਖਾਂ ਦੇ ਮੁਲ ਦੀ ਦੇਹ ਨੂੰ ਕੱਖ ਦੇ ਮੁੱਲ ਦੀ ਕਰ ਦਿੱਤਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਵਿਸ਼ੇ ਵਿਕਾਰਾਂ ਤੋਂ ਮਨ ਨੂੰ ਸਾਫ ਕਰਕੇ ਆਪਣੇ ਅਸਲ ਰੂਪ ਦੀ ਪਛਾਣ ਕਰ ॥388॥

 

ਕਬਿਤ।।

ਅਸਲਾ ਪਛੋਕਾ ਤੇਰਾ ਛੇਰ ਦਾ ਨਦਾਂਨ ਸੀਗਾ  ਬੰਧਨ ਦੇ ਬਿਚ ਬਣ ਰਿਹ੍ਹਾਂ ਜੀਵ ਅਜ ਤੂੰ।।

ਕਰ ਲੈ ਉਪਾਉ ਅਬ ਬਖਤੁ ਖਲਾਸਗੀ ਦਾ  ਹੋਹ ਹੁਸਿਆਰ ਇਸ ਫਾਹੀ ਕੋਲੋਂ ਭੱਜ ਤੂੰ।।

ਪਿੰਜਰੇ ਮੇ ਪਿਆ ਫੇਰ ਪਾਏਂਗਾ ਪਰੱਮ ਦੁਖੁ  ਕਰੇਂ ਪਛਤਾਉ ਸੈਂਤ ਗੁਜਰੀ ਨਲੱਜ ਤੂੰ।।

ਚੜ ਆਸਕਾਂ ਦੀ ਸੜੱਕ ਨਦਾਂਨ ਭਗਵਾਂਨ ਦਾਸ  ਹੋਇ ਨਿਰਬੰਧ ਵਾਂਗ ਸੇਰ ਗਰਗਜ ਤੂੰ।।389।।

 

ਪਦ ਅਰਥ:-ਪਛੋਕਾ=ਪਿੱਛਾ। ਅਜ=ਬੱਕਰੀ। ਬਖਤੁ=ਵੇਲਾ, ਸਮਾਂ। ਖਲਾਸਗੀ=ਛੁਟਕਾਰੇ। ਸੈਂਤ=ਸਮਾਂ। ਨਲੱਜ=ਬੇਸ਼ਰਮ। ਨਿਰਬੰਧ=ਮੁਕਤ।

ਅਰਥ:- ਅਸਲਾ ਤਾਂ ਤੇਰਾ ਸ਼ੇਰ ਦਾ (ਭਾਵ ਬ੍ਰਹਮ ਦਾ) ਸੀ, ਪਰ ਦੇਹ ਦੀ ਕੈਦ ਵਿਚ ਪੈ ਕੇ ਬੱਕਰੀ ਬਣ ਰਿਹਾ ਹੈਂ। ਹੁਣ (ਮਨੁੱਖਾ ਜਨਮ ਵਿਚ) ਛੁਟਕਾਰੇ ਦਾ ਉਪਾਉ ਕਰ ਲੈ, ਬੜੇ ਗਹੁ ਨਾਲ ਇਸ ਫਾਹੀ ਵਿਚੋਂ ਨਿਕਲ ਸਕਦਾ ਹੈਂ। ਚੁਰਾਸੀ ਦੇ ਪਿੰਜਰੇ ਵਿਚ ਬੜਾ ਦੁਖੀ ਹੋਵੇਂਗਾ। ਜਦੋਂ ਵੇਲਾ ਬੀਤ ਜਾਏਗਾ ਫੇਰ ਸ਼ਰਮਸਾਰ ਹੋ ਕੇ ਪਸ਼ਚਾਤਾਪ ਕਰੇਂਗਾ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸੰਸਾਰ ਦੇ ਬੰਧਨਾਂ ਨੂੰ ਕੱਟ ਕੇ ਪ੍ਰੇਮ ਦੇ ਰਸਤੇ ਤੁਰ ਕੇ ਗੱਜ ਵੱਜ ਕੇ ਜੀਵਨ ਪੰਧ ਨੂੰ ਮੁਕਾ ਲੈ॥389॥

ਕਬਿਤ।।

ਸਮਾਂ ਆਂਣ ਪੱਲਟਿਆ ਮਤ ਭਈ ਹੀਨ ਹੈ ਜੋ ਭੁਲ ਕੇ  ਸਰੂਪ ਸਤ ਹੋਇ  ਰਿਹ੍ਹਾਂ ਫਰਜੀ।।

ਅਮੀ ਰਸ ਛਡ ਥੁਕ ਚਟਦਾ ਚਰੋਕਣਾ ਹੈ  ਕੌਣ ਸਮਝਾਵੇ ਜਬ ਆਪ ਅਲਗਰਜੀ।

ਆਪਿ ਸਿਰ ਆਪਣੇ ਹੈ ਮਾਰਦਾ ਪੰਜਾਰ ਜਬ  ਸਕਤ ਨ ਦੂਜੇ ਦੀ ਨਬੇੜ ਦੇਵੇ ਅਰਜੀ।।

ਅਸਰ ਇਲਾਜ ਦਾ ਕੀ ਕਰੇ ਭਗਵਾਂਨ ਦਾਸ  ਝਖ ਮਾਰਨੇ ਦੀ ਆਪ ਜਬ ਚੇਤਨ ਦੀ ਮਰਜੀ।।390।।

 

ਪਦ ਅਰਥ:- ਫਰਜੀ=ਨਕਲੀ। ਅਮੀ ਰਸ=ਅੰਮ੍ਰਿਤ। ਅਲਗਰਜੀ=ਨਿਕੰਮਾ। ਪੰਜਾਰ=ਜੁੱਤੀ। ਸਕਤ=ਤਾਕਤ। ਚੇਤਨ= ਨਿਰੰਕਾਰ, ਬ੍ਰਹਮ।

ਅਰਥ:- ਸਮਾਂ ਐਸਾ ਉਲਟਿਆ, ਮੱਤ ਮਾਰੀ ਗਈ, ਸੱਚ ਸਰੂਪ ਨੂੰ ਭੁਲਾ ਕੇ, ਕੱਚ ਰੂਪ ਦੇਹ ਵਿਚ ਲੱਗ ਗਿਆ। (ਨਾਮ ਰੂਪੀ) ਅੰਮ੍ਰਿਤ ਰਸ ਨੂੰ ਛੱਡ ਕੇ (ਵਿਕਾਰਾਂ ਰੂਪੀ) ਥੁੱਕ ਨੂੰ ਚੱਟਦਾ ਹੈਂ। ਫਿਰ ਕੌਣ ਸਮਝਾਵੇ, ਜਦ ਤੂੰ ਜਾਣ ਬੁਝ ਕੇ ਅਵੇਸਲਾ ਹੋ ਰਿਹਾ ਹੈਂ? ਤੇਰਾ ਮਸਲਾ ਕੋਈ ਦੂਜਾ ਨਬੇੜ ਨਹੀਂ ਸਕਦਾ ਜਦ ਤੂੰ ਆਪ ਹੀ ਪੁੱਠੇ ਕੰਮ ਕਰਦਾ ਹੈਂ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਦ ਆਪ ਨਿਰੰਕਾਰ ਦੀ ਮਰਜ਼ੀ ਇਸ ਤਰਾਂ ਹੈ ਤਾਂ ਫਿਰ ਇਸ ਦਾ ਕੀ ਉਪਾਉ ਹੋ ਸਕਦਾ ਹੈ॥390॥

 

 

ਕਬਿਤ।।

ਨਿਰਪ ਪਛਾਂਣ ਆਦ ਕਾਰਜ ਦੇ ਕਾਰਨ ਨੂੰ  ਲਗਿਆਂ ਬਗਾਰੀ ਕੈਸੇ ਤਖਤ ਨਸੀਨ ਤੂੰ।।

ਰਹੀ ਨਂਹੀ ਹੋਸ ਗਿਆ ਬਿਚਲ ਦਮਾਂਗ ਭੂਪ  ਇਸ ਬਿਧ ਹੋਇਆ ਫਿਰੇਂ ਦੀਨ ਮਸਕੀਨ ਤੂੰ।।

ਖੋਟੀ ਏਹ ਬਮਾਰੀ ਕਰ ਇਸ ਦਾ ਉਪਾਉ ਹੁਣ  ਇਹੀ ਹੈ ਇਲਾਜੁ ਹੋਹ ਆਰਫਾਂ ਦੀ ਰੀਨ ਤੂੰ।।

ਜਾਵੇ ਤੇਰੀ ਮਰਜ ਨਦਾਨ ਭਗਵਾਂਨ ਦਾਸ  ਪਾਏਂਗਾ ਅਰਾਮ ਏਕ ਆਤਮਾ ਹੀ ਚੀਨ ਤੂੰ।।391।।

 

ਪਦ ਅਰਥ:-ਨਿਰਪ=ਰਾਜਾ। ਬਗਾਰੀ=ਮਜ਼ਦੂਰੀ ਬਿਨਾਂ ਭਾਰ ਢੋਣ ਵਾਲਾ। ਤਖਤ ਨਸੀਨ=ਤਖਤ ਤੇ ਬੈਠਣ ਵਾਲਾ। ਮਸਕੀਨ=ਆਜ਼ਜ। ਰੀਨ=ਧੂੜੀ। ਆਤਮਾ ਚੀਨ=ਆਤਮਾ ਨੂੰ ਜਾਨਣਾ।

ਅਰਥ:- ਤਖਤ 'ਤੇ ਬੈਠਣ ਦੇ ਲਾਇਕ ਰਾਜਾ ਹੋ ਕੇ ਵੀ ਬਗਾਰੀ ਬਣਿਆ ਹੋਇਆ ਹੈ਼, ਆਪਣੇ ਆਪ ਨੂੰ ਭੁੱਲ ਕੇ ਰਾਜਾ ਹੋ ਕੇ, ਕੰਗਾਲਾਂ ਵਾਲੇ ਕੰਮ ਕਰਦਾ ਹੈਂ। ਜਦੋਂ ਤਾਈਂ ਸਤਿਪੁਰਸ਼ਾਂ ਦੀ ਸੰਗਤ ਕਰਕੇ, ਉਨ੍ਹਾਂ ਦੇ ਚਰਨਾਂ ਦੀ ਮਿੱਟੀ ਨਹੀਂ ਬਣ ਜਾਂਦਾ, ਇਹ (ਭੁਲੇਖੇ ਰੂਪ) ਬਿਮਾਰੀ ਤੇਰੀ ਹਟ ਨਹੀਂ ਸਕਦੀ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਦ ਤਕ ਨੂੰ ਆਤਮਿਕ ਗਿਆਨ ਹਾਸਿਲ ਨਹੀਂ ਕਰ ਲੈਂਦਾ ਭਾਵ ਆਪਣੇ ਮੂਲ ਨੂੰ ਨਹੀਂ ਪਛਾਣ ਲੈਂਦਾ ਤਦ ਤੱਕ ਰੋਗ ਰਹਿਤ ਨਹੀਂ ਹੋ ਸਕਦਾ॥391॥

 

ਕਬਿਤ ||

ਬਣਕੇ ਦਨਾਉ ਅਬ ਖੰਭ ਨ ਖਲਾਰ ਬੈਠ  ਸੰਗ ਦੋਖ ਕੂੜ ਦੇ ਤੇ ਬਗਲ ਹੋਹ ਝਟ ਤੂੰ ||

ਵਿਚ ਵਡਿਆਈ ਦੇ ਅਵਰਨਿਆਂ ਮਨੁ ਜਾਏ  ਕਮਲਾ ਸੁਦਾਈ ਬਣ ਕੋਈ ਦਿਨ ਕਟ ਤੂੰ ||

ਅਵਸ ਮੇਵ ਮਿਲੇਗਾ ਜੋ ਖਾਂਨ ਪਾਂਨ ਤੁਧ ਆਇ  ਫਿਕਰ ਅੰਦੇਸੇ ਕਿਉ ਹੋਇ ਰਿਹ੍ਹਾਂ ਅਟ ਤੂੰ ||

ਹੋਇਕੇ ਨਰਾਸ ਤੂੰ ਨਦਾਂਨ ਭਗਵਾਂਨ ਦਾਸ  ਨਿਸ ਦਿਨ ਆਪਣੇ ਸਰੂਪ ਵਿਖੇ ਰਟ ਤੂੰ ||392||

 

ਪਦ ਅਰਥ:-ਸੰਗ ਦੋਖ=ਖੋਟਾ ਸੰਗ। ਬਗਲ=ਪਾਸੇ। ਅਵਰਨਿਆਂ=ਅਕਲ ਤੇ ਪੜਦਾ। ਅਵਸਮੇਵ=ਨਿਸਚੇ ਕਰਕੇ, ਜ਼ਰੂਰ। ਅਟ=ਭਟਕਣਾਂ। ਨਰਾਸ=ਉਦਾਸ। ਰਟ=ਚਿੰਤਨ ਕਰਨਾ।

ਅਰਥ:- ਸਿਆਣਾ ਹੋ ਕੇ ਪਸਾਰੇ ਵਿਚ ਨਾ ਫਸ ਬੈਠ, ਝੂਠ ਦੇ ਪਸਾਰੇ ਤੋਂ ਝੱਟ-ਪੱਟ ਪਾਸੇ ਹੋ ਜਾ। ਆਪਣੀ ਸਿਫਤ ਸੁਣ ਕੇ ਖੁਸ਼ ਹੁੰਦਾ ਹੈ਼, ਇਸ  ਤਰ੍ਹਾਂ ਮਨ ਤੇ ਪੜਦਾ ਪੈ ਜਾਂਦਾ ਹੈ। ਕਮਲਾ ਰਮਲਾ ਹੋ ਕੇ ਆਪਣਾ ਸਮਾਂ ਲੰਘਾ ਲੈ। ਮਨ ਦਾ ਭਟਕਣਾ, ਫਿਕਰ, ਅੰਦੇਸ਼ੇ ਛੱਡ ਕੇ ਯਕੀਨ ਰੱਖ, ਖਾਣ ਪੀਣ ਆਦਿ ਆਪਣੇ ਆਪ ਮਿਲ ਜਾਵੇਗਾ। ਰਾਜਾ ਸਾਹਿਬ ਬਿਆਨ ਕਰਦੇ ਹਨ ਤੂੰ ਕੇਵਲ ਰਾਤ ਦਿਨ ਆਪਣੇ ਅਸਲ ਸਰੂਪ ਦਾ ਚਿੰਤਨ ਕਰ, ਆਪਣੀ ਬਿਰਤੀ ਨੂੰ ਸੰਸਾਰ ਵੱਲੋਂ ਉਪਰਾਮ ਕਰਕੇ ਹਟਾ ਲੈ ॥394॥

 

 

ਕਬਿਤ।।

ਕੌਣ ਦੁਰਲਭਤਾ ਸਰੀਰ ਕੀ ਬਚਾਰ ਦੇਖ  ਕੂੜ ਮਲਮੂਤ ਹੈ ਭਿਖਾਰੀ ਅਤੇ ਭੂਪ ਮੇ।।

ਭੋਰਾ ਨ ਸੁਗੰਧ ਅੰਗ ਪੂਰ ਦੁਰਗੰਧ ਨਾਲ  ਕਰਦਾਂ ਗੁਮਾਨੁ ਹੈਂ ਕਿਉਂ ਫਸ ਐਸੇ ਰੂਪ ਮੇ।।

ਸੁਭ ਏਹੀ ਬਾਤ ਹੈ ਮਨੁਖ ਵਾਲੀ ਜਾਂਣ ਲੈ ਤੂੰ  ਸੁਰਤੁ ਲਗਾਵਨੀ ਜੁ ਸੁਧ ਹੈ ਸਰੂਪ ਮੇਂ।।

ਕਰਮ ਅਸੁਭ ਫੇਰ ਰੋਏ ਭਗਵਾਂਨ ਦਾਸ  ਗਿਰਦਾ ਨਦਾਨ ਅਬ ਕਲਪਤ ਕੂਪ ਮੇ।।393।।

 

ਪਦ ਅਰਥ:-ਦੁਰਲਭਤਾ=ਨਾ ਪ੍ਰਾਪਤ ਹੋਣ ਵਾਲੀ ਚੀਜ਼। ਭਿਖਾਰੀ=ਮੰਗਤਾ। ਭੂਪ=ਰਾਜਾ। ਦੁਰਗੰਧ=ਬਦਬੂ। ਕਰਮ ਅਸੁਭ=ਖੋਟੇ ਕੰਮ। ਕਲਪਤ=ਕਲਪਨਾ। ਕੂਪ=ਖੂਹ।

ਅਰਥ:- ਜ਼ਰਾ ਗਹੁ ਨਾਲ ਦੇਖ, ਸਰੀਰ ਕਿਹੜੀ ਦੁਰਲੱਭ ਚੀਜ਼ ਦਾ ਬਣਿਆ ਹੋਇਆ ਹੈ? ਰਾਜਾ ਤੇ ਭਿਖਾਰੀ ਸਭ ਦੀ ਦੇਹ ਝੂਠੀ ਮਲ-ਮੂਤ੍ਰ ਦੀ ਬਣੀ ਹੋਈ ਹੈ। ਸਾਰੇ ਸਰੀਰ ਦੇ ਅੰਗ ਬਦਬੂ ਨਾਲ ਭਰਪੂਰ ਹਨ। ਐਸੀ ਦੇਹ ਦੇ ਰੂਪ ਵਿਚ ਕਿਉਂ ਫਸ ਰਿਹਾ ਹੈਂ? ਤਾਂ ਤੇ ਮਨੁੱਖ ਦੇਹ ਧਾਰਨ ਦਾ ਏਹੀ ਗੁਣ ਹੈ ਕਿ ਸੁਰਤੀ ਨੂੰ ਸੁਧ ਸਰੂਪ ਵਿਚ ਜੋੜੋ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਖੋਟੇ ਕਰਮ ਕਰਨ ਕਰਕੇ ਮੂਰਖ ਕਲਪਨਾ ਕਰਕੇ (ਮਾਤਾ ਦੇ ਗਰਭ ਰੂਪੀ) ਖੂਹ ਵਿਚ ਡਿਗਦਾ ਹੈ॥394॥

 

ਕਬਿਤ।।

ਪਰਮਾਤਮਾ ਕੋ ਯਾਦ ਕਰ ਬਿਖਿਆ ਤਿਆਗ ਕਰ  ਕੰਮ ਤੇਰੇ ਆਵੇ ਜੋ ਦਨਾਵਾਂ ਦਾ ਇਹ ਕੌਲ ਹੈ।।

ਕਿਤਾ ਓਹ ਸਮਾਲ ਮੁੜ ਆਸਰੇ ਸਰੀਰ ਜਿਤ  ਲਾਉ ਨਂਹੀ ਡੇਰ ਅਬ ਆਈ ਤੇਰੀ ਰੌਲ ਹੈ।।

ਰਖਿਆ ਅਵਾਰਾ ਦਿਲ ਅਗੇ ਤੈਂ ਹਰਾਂਮਜ਼ਾਦ  ਤਿਸਦਾ ਹੀ ਫਲੁ ਦੇਖ ਕੈਸੀ ਹੋਈ ਡੌਲ ਹੈ।।

ਪਿਛਲਿਆਂ ਰੋਣਿਆਂ ਦੇਹ ਜਾਣ ਭਗਵਾਂਨ ਦਾਸ  ਅਗਾ ਹੀ ਸਮਾਲ ਨਂਹੀ ਹੋਵੇ ਜਿਤ ਹੌਲ ਹੈ।।394।।

 

ਪਦ ਅਰਥ:- ਬਿਖਿਆ=ਮਾਇਆ। ਕਿਤਾ=ਕੰਮ। ਰੌਲ=ਵਾਰੀ। ਡੌਲ=ਹਾਲ। ਹੌਲ=ਡਰ।

ਅਰਥ:- ਸਿਆਣਿਆਂ ਦਾ ਇਹ ਕਹਿਣਾ ਹੈ ਕਿ ਮਾਇਆ ਵਲੋਂ ਪ੍ਰੀਤ ਘਟਾ ਕੇ ਰੱਬ ਨੂੰ ਯਾਦ ਕਰੋ, ਜੋ ਅੱਗੇ ਦਰਗਾਹ ਵਿਚ ਸਹਾਈ ਹੋਵੇਗਾ। ਇਹ ਮਨੁੱਖਾ ਜਨਮ ਬਾਜ਼ੀ ਜਿੱਤਣ ਦਾ ਵੇਲਾ ਹੈ। ਇਸ ਲਈ ਸਿਮਰਨ ਦੀ ਕਾਰ ਸੰਭਾਲ ਜੋ ਇਸ ਦੇ ਦੇਹ ਦਾ ਪਰਮ ਪ੍ਰਯੋਜਨ ਹੈ। ਪਹਿਲਾਂ ਹਰਾਮਪੁਣੇ ਕਰਕੇ ਦਿਲ ਨੂੰ ਅਵਾਰਾ ਰਖਿਆ, ਜਿਸਦਾ ਫਲ ਇਹ ਹੈ ਕਿ ਸਰੀਰ ਹੁਣ ਭੂਤ ਹੋ ਗਿਆ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪਿੱਛੇ ਬੀਤ ਚੁਕੀ ਹੈ ਉਸ ਦਾ ਖਿਆਲ ਨਾ ਕਰ, ਅਗੋਂ ਸਮਝ ਕੇ ਤੁਰੋ ਜਿਸ ਕਰਕੇ ਮੌਤ ਦਾ ਡਰ ਦੂਰ ਹੋ ਜਾਵੇ॥395॥

 

 

ਕਬਿਤ।।

ਆਉ ਹੁਣ ਸਮਝ ਲੈ ਪਾਂਸਕ ਰਹ ਗਏ ਦੰਮ  ਮਕਰ ਮੇਂ ਗਈ ਧੜੀ ਉਮਰ ਬਤੀਤ ਹੈ।।

ਇਕੁ ਰਾਗੁ ਆਪਣਾ ਨਜਿਠਿਆ ਨਾ ਜਾਂਵਦਾ ਹੈ  ਹੋਰਨਾਂ ਦੇ ਗਾਇ ਰਿਹਾਂ ਬੈਠਾ ਕੈਸੇ ਗੀਤ ਹੈ।।

ਦੁਨੀਆਂ ਦਨਾਈ ਦੇਹ ਕੂੜ ਚਿਤਰਾਈ ਜਾਣ  ਹੋਇ ਰਹਣਾ ਉਲਟੇ ਹੀ ਆਸਕਾਂ ਦੀ ਰੀਤ ਹੈ।।

ਲਗਿਆ ਪ੍ਰੇਮ ਜਿਸ ਦੇਖ ਭਗਵਾਂਨ ਦਾਸ  ਸੁਕਕੇ ਸਰੀਰ ਹੋਇਆ ਮਜਨੂ ਤਵੀਤ ਹੈ।।395।।

 

ਪਦ ਅਰਥ:- ਪਾਂਸਕ=ਥੋੜੇ ਜਿਹੇ। ਮਕਰ=ਪਖੰਡ ਕਰਦਿਆਂ। ਦਾਨਾਈ=ਅਕਲ।

ਅਰਥ:- ਬਹੁਤ ਸਾਰੀ ਉਮਰ ਪਖੰਡ ਕਰਦਿਆਂ ਲੰਘ ਗਈ ਹੁਣ ਭੀ ਸਮਝ, ਥੋੜੀ ਜਿਤਨੀ ਬਾਕੀ ਰਹਿ ਗਈ ਹੈ ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨਾਂ ਨੂੰ ਪ੍ਰੇਮ ਲਗ ਗਿਆ, ਉਹ ਦੁਨੀਂਦਾਰੀ ਤੋਂ ਰਹਿਤ ਹੋ ਜਾਂਦੇ ਹਨ, ਜਿਵੇਂ ਮਜਨੂੰ ਲੈਲਾ ਦੇ ਇਸ਼ਕ ਵਿਚ ਸੁੱਕ ਕੇ ਲੱਕੜੀ ਹੋ ਗਿਆ॥395॥

 

 

 

 ਕਬਿਤ।।

ਸਚ ਵਾਲਾ ਨੇਹੁ ਜੇਹੜੇ ਪਾਲਦੇ ਹੈਂ ਆਸਕ  ਹੋ ਮੰਨਦੇ ਮਲਾਰ ਨਂਹੀ ਗਰਮੀ ਤੇ ਸਰਦੀ।।

ਅਗ ਵਾਂਗ ਤਪੇ ਰੇਤ ਸਸੀ ਨੂੰ ਸੋਚ ਹੋਰ  ਕਰਕੇ ਝੁਰਾਣਾ ਹੈ ਬਲੋਚ ਵਾਲਾ ਮਰਦੀ।।

ਕੇਹੀ ਹੈ ਪਰੀਤਿ ਸੋਹਣੀ ਕਚਾ ਘੜਾ ਦੇਖਕੇ ਭੀ  ਠਿਲਦੀ ਹੈ ਨਦੀ ਵਿਚ ਮਰਨੋ ਨਾ ਡਰਦੀ।।

ਗਈ ਸਿਧੀ ਪਾਕ ਹੈ ਹਿਆਤ ਭਗਵਾਂਨ ਦਾਸ  ਲਗਦੀ ਸੀ ਲਾਜ ਜੇ ਪਛਾਹਾਂ ਪੈਰੁ ਧਰਦੀ।। 396।।

 

ਪਦ ਅਰਥ:- ਮਲਾਰ=ਖੁਸ਼ੀ। ਸਸੀ=ਪੰਨੂ ਦੀ ਜਿਸ ਨਾਲ ਪ੍ਰੀਤ ਸੀ। ਪਾਕ=ਸਾਫ। ਹਿਆਤ=ਜਿੰਦ ਜਾਨ।

ਅਰਥ:- ਸੱਚੀ ਆਸ਼ਕੀ ਦੇ ਪਾਲਣ ਵਾਲੇ ਆਸ਼ਕ ਗਰਮੀ, ਸਰਦੀ, ਹਰਖ ਸੋਗ ਵਿਚ ਬਿਰਤੀ ਨੂੰ ਸੰਭਲ ਕੇ ਰਖਦੇ ਹਨ। ਭਾਵੇ ਰੇਤ ਅੱਗ ਦੀ ਤਆਂ ਤਪ ਰਹੀ ਸੀ ਪਰ ਉਸ ਨੇ (ਸੱਸੀ ਨੇ) ਬਲੋਚ ਪੁੰਨੂ ਦੇ ਵਿਯੋਗ ਵਿਚ ਜਾਨ ਕੁਰਬਾਨ ਕਰ ਦਿਤੀ। ਦੇਖੋ ਸੋਹਣੀ ਨੇ ਕੈਸੀ ਪ੍ਰੀਤ ਨਿਭਾਈ, ਉਹ ਜਾਣਦੀ ਸੀ ਕਿ ਘੜਾ ਕੱਚਾ ਹੈ, ਕੌਲ ਪਾਲਣ ਦੀ ਖਾਤਰ ਮਰਨੋਂ ਨਹੀਂ ਡਰੀ। ਆਸ਼ਕੀ ਨੂੰ ਲਾਜ ਲਗਦੀ ਸੀ ਇਸ ਕਰਕੇ ਸਿੱਧੀ ਦਰਿਆ ਵਿੱਚ ਠਿਲ੍ਹ ਪਈ (ਭਾਵੇਂ ਕਿ ਉਸਨੂੰ ਆਪਣੀ ਮੌਤ ਸਾਹਮਣੇ ਦਿਸਦੀ ਸੀ ਪਰ ਉਹ ਆਪਣਾ ਇਕਰਾਰ ਪੂਰਾ ਕਰਨ ਲਈ ਮਰਨੋਂ ਨਹੀਂਡਰੀ)।

                   ਸੋਹਣੀ ਦੇ ਪਿਆਰ ਬਾਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੜਾ ਸੁਹਣਾ ਖਿਆਲ ਕਲਮਬੰਦ ਕਰਦੇ ਹਨ। ਸੋਹਣੀ ਘੜੇ ਨੂੰ ਸੰਬੋਧਨ ਕਰਕੇ ਕਹਿੰਦੀ ਹੈ:

ਬੋੜ ਵੇ ਘੜਿਆ ਬੋੜ, ਕੀ ਬੋੜੇਂ ਮਾਸ ਤੇ ਹੱਡੀਆਂ? ਇਹ ਜੀਉ ਵੈਸੀ ਤੋੜ ਜਿਥੇ ਪ੍ਰੇਮ ਤੜਾਵਾਂ ਲੱਗੀਆਂ॥396॥

 

ਕਬਿਤ।।

ਇਸਕ ਕਮਾਵਣਾ ਸੁਖਾਲਾ ਨਾ ਨਦਾਂਨ ਜਾਣ  ਪੀਵਣਾ ਕਟੋਰਾ ਭਰ ਜੈਹਰ ਦਾ ਪੂਰ ਓਇ।।

ਇਸਕ ਕਮਾਇਆ ਸਿਰਿਮੱਧ ਨੇ ਕਟਾਇ ਸੀਸ  ਇਸਕ ਕਮਾਇਆ ਸੂਲੀ ਚੜ ਮਨਸੂਰ ਓਇ।।

ਆਸਕਾਂ ਦੇ ਸਿਰ ਜਾਣਿ ਸਿਰੜੁ ਨਾ ਜਾਣ ਦੇਣ  ਯਾਦ ਰਖੁ ਆਸਕਾਂ ਦਾ ਐਸਾ ਦਸਤੂਰ ਓਇ।।

ਖੌਫ ਖਤਰਾ ਉਠਾਇ ਲੋਕ ਲਾਜ ਭਗਵਾਂਨ ਦਾਸ  ਗਜਦੇ ਹੈ ਸੇਰ ਮਾਰ ਦੱਮਕਾਂ ਜਰੂਰ ਓਇ।।397।।

 

ਪਦ ਅਰਥ:- ਸਿਰਿਮੱਧ=ਇਕ ਫਕੀਰ, ਜੋ ਫਾਰਸ ਕਾਸ਼ਾਨ ਨਗਰ ਦਾ ਵਸਨੀਕ ਯਹੂਦੀ ਸੀ। ਇਹ ਨਾਮ ਮਾਤ੍ਰ ਨੂੰ ਮੁਸਲਮਾਨ ਭੀ ਸੀ, ਦਰਅਸਲ ਵੇਦਾਂਤੀਆਂ ਦੀ ਸੰਗਤ ਕਰਕੇ ਕੁਰਾਨ ਅਤੇ ਪੈਗੰਬਰ ਤੇ ਤਰਕ ਕਰਦਾ ਸੀ। ਦਾਰਾ ਸ਼ਕੋਹ ਨਾਲ ਇਸ ਦੀ ਖਾਸ ਮਿੱਤ੍ਰਤਾ ਸੀ। ਔਰੰਗਜ਼ੇਬ ਨੇ ਸਰਮਦ ਨੂੰ ਸੰਨ 1661 (ਸੰਮਤ 1719) ਵਿਚ ਤੇੜੋਂ ਨੰਗਾ ਫਿਰਨ ਦੇ ਅਪਰਾਧ ਵਿਚ ਕਤਲ ਕਰਵਾਇਆ, ਜਿਸਦੀ ਕਬਰ ਸ਼ਾਹੀ ਮਸਜਿਦ ਪਾਸ ਦਿੱਲੀ ਵਿਚ ਹੈ। ਮਨਸੂਰ-ਇਕ ਸੂਫੀ ਫਕੀਰ ਜੋ ਵੇਦਾਂਤੀਆਂ ਦੀ ਸੰਗਤ ਕਰਕੇ ਪੱਕਾ ਵੇਦਾਂਤੀ ਬਣ ਗਿਆ, ਇਹ ਅਨਲਹੱਕ ਦਾ ਨਾਹਰਾ ਮਾਰਦਾ ਸੀ (ਭਾਵ, ਮੈਂ ਖੁਦਾ ਹੂੰ)। ਮੁਲਾਣਿਆਂ ਨੇ ਇਸ ਨੂੰ ਕਾਫਰ ਕਰਾਰ ਦੇ ਕੇ ਸੂਲੀ ਤੇ ਚੜ੍ਹਾ ਕੇ ਮਰਵਾ ਦਿਤਾ ਅਤੇ ਲੋਥ ਭਸਮ ਕਰਵਾ ਦਿਤੀ।

ਅਰਥ:- ਇਸ਼ਕ ਕਮਾਉਣਾਂ ਸੌਖਾ ਨਹੀਂ ਜ਼ਹਿਰ ਦਾ ਕਟੋਰਾ ਭਰ ਕੇ ਪੀਣਾ ਹੈ। ਇਸ਼ਕ ਸਰਮਦ ਨੇ ਕਮਾਇਆ ਕਤਲ ਕੀਤਾ ਗਿਆ ਤੇ ਮਨਸੂਰ ਨੂੰ ਸੂਲੀ ਤੇ ਟੰਗ ਦਿਤਾ। ਆਸ਼ਕ ਸਿਰ ਦੇ ਦਿੰਦੇ ਹਨ, ਪਰ ਸਿਰੜ ਨਹੀਂ ਛੱਡਦੇ, ਇਹ ਸੱਚੇ ਆਸ਼ਕਾਂ ਦਾ ਨਿਯਮ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਸੱਚੇ ਆਸ਼ਕ ਡਰ ਤੇ ਭੈ, ਲੋਕ ਲਾਜ ਦੂਰ ਕਰਕੇ ਸ਼ੇਰ ਦੀ ਤਰਾਂ ਨਿੱਡਰ (ਬੇ-ਖੌਫ) ਹੋ ਕੇ ਗੱਜਦੇ ਹਨ ॥397॥

 

 

ਕਬਿਤ।।

ਬੇ ਪਰਵਾਹਿ ਹਾਲ ਆਸਕਾਂ ਦੀ ਚਾਲ ਦੇਖੁ  ਚੜਦੇ ਹੈਂ ਸੂਲੀ ਪਰੁ ਅੰਗ ਨਂਹੀ  ਮੋੜਦੇ ||

ਲਗਦੇ ਹੈਂ ਤੀ਼ਰ ਤੇ ਸਰੀਰ ਸਾਰਾ ਡਿਗਿ ਆਇ  ਹਿਲਦੀ ਨਾ ਰੂਹ ਜਰਾ ਐਸਾ ਜੀਉ ਜੋੜਦੇ ||

ਮਰਦ ਕੁਮਾਲ ਐਸੇ ਦਰਦ ਅਜਾਬ ਬਿਚ  ਨੇਹੁ ਵਾਲੀ ਤਾਰ ਨਾਂ ਫਰੋਕਾ ਇਕੁ ਤੋੜਦੇ ||

ਆਸਕ ਨ ਚਾਹ ਹੋ ਨਦਾਨਿ ਭਗਵਾਂਨ ਦਾਸ  ਮਾਰਦੇ ਪੰਜਾਰ ਸਾਹ ਸਾਹਨ ਕ੍ਰੋੜ ਦੇ ||398||

 

ਪਦ ਅਰਥ:- ਦਰਦ ਅਜਾਬ=ਦੁੱਖ ਅਤੇ ਦਰਦ। ਨੇਹੁ=ਪਿਆਰ। ਤਾਰ=ਲਿਵ। ਫਰੋਕਾ=ਅੱਖ ਫਰਕੇ ਜਿੰਨਾ ਸਮਾਂ। ਨ ਚਾਹ=ਇੱਛਾ-ਰਹਿਤ। ਪੰਜਾਰ=ਛਿੱਤ੍ਰ। ਸਾਹ ਸਾਹਨ=ਬੜੇ ਬੜੇ ਉਤਸ਼ਾਹ।

ਅਰਥ:- ਰੱਬ ਦੇ ਆਸ਼ਕ ਬੜੇ ਮੌਜੀ ਦਿਲ ਤੇ ਬੇਪਰਵਾਹ ਹੁੰਦੇ ਹਨ, ਉਹ ਹੱਸ ਹੱਸ ਕੇ ਸੂਲੀ ਤੇ ਚੜ੍ਹਦੇ ਹਨ ਤੇ ਮੂੰਹ ਨਹੀਂ ਮੋੜਦੇ। ਰੱਬੀ ਪਿਆਰ ਵਿਚ ਸੁਰਤ ਇਸ ਤਰਾਂ ਇਕ ਰਸ ਜੋੜੀ ਰਖਦੇ ਹਨ ਭਾਵੇਂ ਸਾਰਾ ਸਰੀਰ ਤੀਰਾਂ ਨਾਲ ਵਿੰਨਿਆਂ ਪਿਆ ਹੋਵੇ। ਇਕ ਅੱਖ ਦੇ ਫਰਕਣ ਜਿੰਨਾ ਸਮਾਂ ਭੀ ਪਿਆਰ ਦੀ ਤਾਰ ਨਹੀਂ ਟੁੱਟਣ ਦਿੰਦੇ, ਭਾਵੇਂ ਕਿੰਨੇ ਦੁੱਖ ਤਕਲੀਫਾਂ ਸਰੀਰ ਤੇ ਆ ਜਾਣ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਆਸ਼ਕ ਦੁਨੀਆਂ ਦੇ ਸਭ ਪਦਾਰਥਾਂ ਤੋਂ ਐਸੇ ਨਿਰਚਾਹ ਹੁੰਦੇ ਹਨ ਕਿ ਲੱਖਾਂ ਬਾਦਸ਼ਾਹੀਆਂ ਜੋ ਦੁਨੀਆਂ ਦੀਆਂ ਹੋਣ ਉਨਾਂ ਵੱਲ ਅੱਖ ਭਰ ਕੇ ਤੱਕਦੇ ਭੀ ਨਹੀਂ ॥398॥

 

ਕਬਿਤ।।

ਆਸਕਾਂ ਦੀ ਰੀਤ ਮੀਤ ਬੜੀ ਕਠਨਾਈਦਾਰ  ਆਸਕਾਂ ਦੇ ਤਾਂਈ ਕਰੋ ਸਤ ਹੀ ਸਲਾਂਮ ਤਾਂ।।

ਪੱਛ ਕੇ ਸਰੀਰ ਲੂਣੁ ਆਸਕਾਂ ਦੇ ਲਾਇ ਦੇਣ  ਕਰਦੇ ਨਾ ਸੀ ਲੋਕ ਦੇਖਦੇ ਤਮਾਮ ਤਾਂ।।

ਹੋਇਕੇ ਬੇਗੰਮ ਰੰਗ ਆਪਣੇ ਅਨੰਦ ਬਿਚ  ਬੋਲ ਰਹੇ ਠੀਕ ਇਹ ਫਕੀਰੀ ਦੀ ਕਲਾਮ ਤਾਂ।।

ਪੰਧ ਛਡ ਤੂੰ ਮਜਾਜੀ ਦਾ ਨਦਾਂਨ ਭਗਵਾਂਨ ਦਾਸ  ਇਸਕ ਹਕੀਕੀ ਰਾਹੁ ਫਕਰਾਂ ਦਾ ਆਮ ਤਾਂ।।399।।

 

ਪਦ ਅਰਥ:- ਬੇਗੰਮ=ਬੇਫਿਕਰ। ਕਲਾਮ=ਬਚਨ। ਪੰਧ=ਰਸਤਾ। ਮਜਾਜੀ=ਚੱਮੜੀ ਦਾ ਪਿਆਰ। ਹਕੀਕੀ=ਸੱਚਾ ਪ੍ਰੇਮ।

ਅਰਥ:- ਹੇ ਮਿੱਤਰਾ! ਪ੍ਰੇਮੀਆਂ ਦਾ ਰਸਤਾ ਬੜਾ ਕਰੜਾ ਹੈ, ਇਸ ਲਈ ਪ੍ਰੇਮੀਆਂ ਨੂੰ (ਇਸ ਰਸਤੇ ਦੇ ਪਾਂਧੀਆਂ ਨੂੰ) ਦੂਰੋਂ ਹੀ ਸਲਾਮ ਕਰੋ, (ਭਾਵ, ਸਾਧਾਰਨ ਮਨੁੱਖ ਇਸ ਰਸਤੇ ਤੇ ਤੁਰ ਨਹੀਂ ਸਕਦਾ) ਖਲਕਤ ਦੇ ਦੇਖਦਿਆਂ ਸਰੀਰ ਨੂੰ ਪੱਛ ਕੇ ਉਪਰ ਲੂਣ ਛਿੜਕ ਦਿਤਾ ਜਾਵੇ, ਪਰ ਮੂੰਹੋਂ ਸੀ ਤਕ ਭੀ ਨਹੀਂ ਬੋਲਦੇ। ਬੇਫਿਕਰ ਹੋ ਕੇ ਆਪਣੇ ਰੰਗ ਵਿਚ ਮਸਤ ਰਹਿੰਦੇ ਹਨ ਤੇ ਆਰਫਾਂ ਲੋਕਾਂ ਦੇ ਬਚਨ ਦੁਨੀਆਂ ਨੂੰ ਬੋਲ ਬੋਲ ਸੁਣਾ ਰਹੇ ਹਨ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਦੁਨੀਆਂ ਦੀ ਝੂਠੀ ਦੁਖਦਾਈ ਪ੍ਰੀਤ ਛੱਡ ਕੇ ਸੱਚੀ ਆਸ਼ਕੀ ਫਕੀਰਾਂ ਦਾ ਰਾਹ ਫੜ ਲੈ  ॥399॥

 

ਕਬਿਤ।।

ਕਿਉਂ ਮੂੰਹੋਂ ਬਕਦਾਂ ਸੁਖਾਲਾ ਨਾਮੁ ਆਸਕਾਂ ਦਾ  ਇਸਕ ਕੁਮਾਵਣਾ ਹੈ ਨਿਗਲਨਾ ਸਾਰ ਦਾ।।

ਦੇਖ ਮਨਸੂਰ ਵਲ ਸੂਲੀ ਮਨਜੂਰ ਕਰ  ਇਸਕ ਦੀ ਬਾਜੀ ਉਤੇ ਜਾਂਨ ਕੈਸੇ ਵਾਰਦਾ।।

ਲਿਆ ਸਚ ਜਾਣ ਜਬ ਸਿਦਕੋਂ ਨਾਂ ਹਾਰੇ ਦੰਮ  ਸਮਸ ਤਬਰੇਜ ਖਲ ਹੱਥੀ ਹੈ ਉਤਾਰਦਾ।।

ਸਦ ਕੁਰਬਾਂਨ ਐਸੇ ਸਾਦਕਾਂ ਨਦਾਂਨ ਕਹੁ  ਪਾ ਲਿਆ ਪ੍ਰੇਮ ਕੀਤਾ ਸੌਦਾ ਨਾਂ ਉਧਾਰ ਦਾ।।400।।

 

ਪਦ ਅਰਥ:- ਸਾਰ=ਲੋਹਾ। ਸਮਸ ਤਬਰੇਜ਼=ਇਕ ਸੂਫੀ ਫਕੀਰ ਜੋ ਗਜ਼ਨੀ ਦੇ ਇਲਾਕੇ ਵਿਚ ਹੋਇਆ ਹੈ, ਭਾਰਤ ਦੀ ਸੈਰ ਕਰਦਾ ਹੋਇਆ ਮੁਲਤਾਨ ਆਇਆ, ਇਹ ''ਮੈਂ ਖੁਦਾ ਹਾਂ'' ਦਾ ਨਾਹਰਾ ਲਾਉਣ ਦੇ ਅਪਰਾਧ ਵਿਚ ਪ੍ਰਸਿੱਧ ਹੈ। ਇਸ ਦੀ ਸੰਪਰਦਾਇ ਦੇ ਹਿੰਦੂ ਤੇ ਮੁਸਲਮ ''ਸ਼ਮਸੀ'' ਸਦਾਉਂਦੇ ਹਨ। ਸਦ ਕੁਰਬਾਨ=ਸੌ ਵੇਰ ਸਦਕੇ।

 ਮੂੰਹੋਂ ਆਸ਼ਕਾਂ ਦਾ ਨਾਮ ਕਹਿਣਾ ਸੌਖਾ ਹੈ ਪਰ ਸੱਚੀ ਆਸ਼ਕੀ ਕਮਾਉਣੀ ਲੋਹੇ ਦਾ ਖਾਣਾ ਹੈ।

ਮਨਸੂਰ ਨੂੰ ਵੇਖੋ! ਹੱਸ ਹੱਸ ਸੂਲੀ ਤੇ ਚੜ੍ਹ ਗਿਆ ਤੇ ਆਪਣੀ ਜਾਨ ਵਾਰ ਦਿਤੀ। ਜਦੋਂ ਸ਼ਮਸ ਤਬਰੇਜ਼ ਨੇ ਹੱਕ ਸੱਚ ਨੂੰ ਪਛਾਣ ਲਿਆ ਤੇ ਸਿਦਕ ਤੋਂ ਨਹੀਂ ਡੋਲਿਆ, ਅਪਣੇ   ਜਿਸਮ ਦੀ ਖੱਲ ਲਾਹ ਦਿੱਤੀ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਸੈਂਕੜੇ ਵਾਰੀ ਐਸੇ ਸਿਦਕ ਵਾਲੇ ਪ੍ਰੇਮੀਆਂ ਤੋਂ ਸਦਕੇ ਹੁੰਦਾ ਹਾਂ, ਜਿਨ੍ਹਾਂ ਨੇ ਪ੍ਰੇਮ ਰੂਪੀ ਪਦਾਰਥ ਪਾ ਕੇ ਉਧਾਰ ਨਹੀਂ ਕੀਤਾ, ਸਿਰ ਕੁਰਬਾਨ ਕਰਨ ਤੋਂ ਝਿਜਕੇ ਨਹੀਂ॥400॥

ਕਬਿਤ।।

ਇਸਕ ਹਕੀਕੀ ਨਿਰਾਕਾਰ ਰਾਹੁ ਫਕਰਾਂ ਦਾ  ਇਸਕ ਮਜਾਜੀ ਕਿਹਾ ਉਪਰ ਅਕਾਰ ਓਇ।।

ਜੀਵਦਿਆਂ ਜਿੰਦ ਤੇ ਜਹਾਂਨ ਵਲੋਂ ਹਥ ਧੋਇ  ਹੋਵੰਣਾਂ ਨਰਾਸ ਛਡ ਹਿਰਸ ਹੰਕਾਰ ਓਇ।।

ਸੰਭਲ ਟਕਾਉ ਪੈਰੁ ਹੋਹ ਨ ਬਿਹੋਸ ਚਲ  ਆਸਕਾਂ ਨੂ ਰਾਹ ਬਿਚ ਆਫਤਾਂ ਹਜਾਰ ਓਇ।।

ਆਸਕ ਫਕੀਰ ਹੋਂਵੀ ਫੇਰ ਭਗਵਾਂਨ ਦਾਸ  ਖਫਣ ਸਮਾਇ ਪਹਿਲੇ ਕਰ ਲੈ ਤਿਆਰ ਓਇ।।401।।

 

ਪਦ ਅਰਥ:-ਹਕੀਕੀ=ਸੱਚਾ। ਨਿਰਾਕਾਰ=ਅਣ ਦਿਸਦਾ। ਮਜਾਜੀ=ਸਰੀਰਕ ਪਿਆਰ। ਆਕਾਰ=ਦਿਸਦੇ ਦਾ ਪਿਆਰ। ਆਫਤਾਂ=ਮੁਸੀਬਤਾਂ। ਖਫਣ=ਮੁਰਦੇ ਵਾਸਤੇ ਜਾਂ ਖਫਨੀ ਫਕੀਰਾਂ ਦੇ ਪਾਉਣ ਵਾਲੀ।

ਅਰਥ:- ਫਕੀਰਾਂ ਦੀ ਆਸ਼ਕੀ ਸੱਚੀ ਹੈ ਤੇ ਸੰਸਾਰੀਆਂ ਦੀ ਆਸ਼ਕੀ ਰੰਗ ਤੇ ਰੂਪ ਦੀ ਹੈ। ਸੱਚੇ ਆਸ਼ਕ ਨੂੰ ਹਿਰਸ ਤੇ ਹੰਕਾਰ  ਛੱਡ ਕੇ ਨਿਰਾਸ ਹੋਣਾ ਪੈਂਦਾ ਹੈ। ਇਥੇ ਹੀ ਬੱਸ ਨਹੀਂ ਜੀਉ਼ਦਿਆਂ ਹੀ ਜਿੰਦ ਜਾਨ ਵੱਲੋਂ ਹੱਥ ਧੋਣੇ ਪੈਂਦੇ ਹਨ। ਭਾਵ ਮਰਨ ਦਾ ਡਰ ਖਤਮ ਕਰਨਾ ਪੈਂਦਾ ਹੈ। ਇਸ਼ਕ ਦੇ ਰਸਤੇ ਦੇ ਰਾਹੀ ਨੂੰ ਬਹੁਤ ਸੰਭਲ ਕੇ ਚੱਲਣ ਦੀ ਲੋੜ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਇਕ ਨਹੀਂ ਹਜ਼ਾਰਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਕੀਰ ਦੇ ਰਸਤੇ ਤੇ ਚੱਲਣ ਦਾ ਮਗਰੋਂ ਖਿਆਲ ਕਰੀਂ ਪਹਿਲਾਂ ਖਫਣ ਤਿਆਰ ਕਰਵਾ ਲੈ, ਭਾਵੇਂ ਜਾਨ ਬੇਸ਼ਕ ਚਲੀ ਜਾਏ ਫਿਰ ਵੀ (ਤਾਂ ਵੀ) ਇਹ ਸੌਦਾ ਸਸਤਾ ਜਾਣੋ॥401॥

ਦੋਹਰਾ ||

ਸਹੰਸ ਨ੍ਰਿਪ ਕਾ ਮਗਜ ਲੈ ਬਣਿਓ ਮਗਜ ਫਕੀਰ।

ਸਲਤਨਤ ਸੂਖਮ ਪਾਇਕੇ ਰੌਸਨ ਹੋਇ ਜਮੀਰ ||1||

ਪਦ ਅਰਥ:- ਸਹੰਸ=ਹਜ਼ਾਰ। ਨ੍ਰਿਪ=ਰਾਜਾ। ਸਲਤਨਤ=ਰਾਜ ਭਾਗ। ਸੂਖਮ=ਰੂਹ ਦੀ ਬਾਦਸ਼ਾਹਤ। ਰੌਸ਼ਨ=ਉਜਾਗਰ। ਜਮੀਰ=ਆਪਾ ਦਿਲ।

ਅਰਥ:- ਦੁਨੀਆਂ ਦੇ ਇਕ ਹਜ਼ਾਰ ਰਾਜਿਆਂ ਦੇ ਮਗਜ਼ ਇਕੱਠੇ ਕਰਕੇ ਇਕ ਰੱਬੀ ਲੋਕ ਦਾ ਮਗਜ਼ ਬਣਦਾ ਹੈ। ਰੂਹ ਦਾ ਖਜ਼ਾਨਾ ਜੋ ਅਪਰ ਅਪਾਰ ਹੈ ਉਸਦੀ ਬਾਦਸ਼ਾਹਤ ਪ੍ਰਾਪਤ ਕਰਕੇ ਜ਼ਮੀਰ ਰੋਸ਼ਨ ਹੋ ਜਾਂਦੀ ਹੈ।

ਕਿਉਂਕਿ ਫਕੀਰ ਨੇ ਆਪਣੇ ਮਨ ਨੂੰ ਜਿੱਤ ਲਿਆ ਹੁੰਦਾ ਹੈ, ਇਸ ਲਈ ਜਿਤਨਾ ਰੂਹ ਦੀ ਬਾਦਸ਼ਾਹਤ ਹੈ ਉਨ੍ਹਾਂ ਦਾ ਉਸ ਉਤੇ ਕਬਜ਼ਾ ਹੁੰਦਾ ਹੈ ਜਾਂ ਇਉਂ ਕਹੋ ਉਹ ਰਾਜਿਆਂ ਦੇ ਭੀ ਰਾਜੇ ਹੁੰਦੇ ਹਨ।

ਦੋਹਰਾ ||

ਆਲੀ ਮਗਜ ਫਕੀਰ ਕਾ ਬਣਿਓ ਮਗਜ ਖੁਦਾ।

ਬੇ ਖੁਆਹਸੁ ਬੇਗਰਜ ਹੈ ਆਰਫ ਉਰਫ ਗਦਾ ||2||

ਪਦ ਅਰਥ:- ਬੇ ਖੁਆਹਸੁ=ਨਿਰਇੱਛਤ। ਬੇਗਰਜ=ਬੇਲੋੜੇ। ਉਲਫ=ਪਿਆਰ। ਗਦਾ=ਮੰਗਤਾ।

ਅਰਥ:- ਫਕੀਰ ਦਾ ਮਗਜ਼ ਖੁਦਾ ਦਾ ਮਗਜ਼ ਹੁੰਦਾ ਹੈ। ਫਕੀਰ ਲੋਕ ਨਿਰਇਛਤ ਅਤੇ ਸਵਾਰਥ ਰਹਿਤ ਹੁੰਦੇ ਹਨ ਅਤੇ ਪਰਮਾਤਮਾ ਤੋਂ ਹਮੇਸ਼ਾਂ ਪਿਆਰ ਹੀ ਮੰਗਦੇ ਹਨ।

ਭਾਵ:-  ਹਰਿ ਹਰਿਜਨ ਦੁਈ ਏਕ ਹੈ ਬਿਬ ਬਿਚਾਰ ਕਛੁ ਨਾਹਿ ||

ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ ||

 

ਅਬ ਰੈਹਕਨਾ ਲਿਖ੍ਹਤੇ।

ਰੈਹਕਲਾ ||

ਜਬ ਪਕੜੇ ਤੌਰ ਮਲੰਗੀ ਹੈਂ  ਤਬ ਹੋਇ ਰਹੇ ਯਕ ਰੰਗੀ ਹੈਂ।

ਸਬ ਐਸ ਹੂਏ ਬਦਰੰਗੀ ਹੈਂ  ਇਹ ਤਪਦੇ ਇਸਕ ਤੰਦੂਰ ਹੋਂਰੀ।

ਰਾਹੁ ਇਸਕ ਦਾ ਭੀੜਾ ਹੈ ਨਂਹੀ ਮਨਦਾ ਸਖਤੀ ਪੀੜਾ ਹੈ।

ਜਿਨਾਂ ਚਕਿਆ ਇਸਕ ਦਾ ਬੀੜਾ ਹੈ  ਓਹ ਸੂਲੀ ਚੜੇ ਮਨਸੂਰ ਹੋਂਰੀ।

ਜਿਨਾ ਰਾਹੁ ਇਸ਼ਕ ਦਾ ਫੜਿਆ ਹੈ  ਤਿਨਾਂ ਰੰਗੁ ਅਜੈਬੀ ਚੜਿਆ ਹੈ।

ਓਹੁ ਬੀਚ ਬ੍ਰਹਮ ਦੇ ਦੜਿਆ ਹੈ  ਫਿਰ ਜਾਹਰ ਹੋਂਦੇ ਨੂਰ ਹੋਰੀ।

ਭਗਵਾਂਨ ਦਾਸ ਮਤਵਾਲਾ ਹੈ  ਜਿਨਿ ਪਾਇਆ ਅਸਲ ਹੁਵਾਲਾ ਹੈ।

ਇਹ ਪਿਆਲਾ ਮੁਰਸਦ ਵਾਲਾ ਹੈ  ਮਨ ਕੀਤੇ ਦੂਰ ਗਰੂਰ ਹੋਂਰੀ ॥1॥

 

 

 

 

 

ਪਦ ਅਰਥ:-ਮਲੰਗੀ=ਮਸਤਾਂ ਵਾਲੀ ਬਿਰਤੀ। ਯਕ ਰੰਗੀ=ਇੱਕ-ਮਿਕ। ਬਦਰੰਗੀ=ਦੁਨੀਆਂ ਤੋਂ ਉਲਟਾ ਰੰਗ। ਬੀੜਾ=ਡਟ ਜਾਣਾ। ਅਜੈਬੀ=ਅਸਚਰਜ। ਦੜਿਆ=ਡੱਟ ਗਿਆ। ਗਰੂਰ=ਮੈਂ ਮੇਰੀ, ਅਹੰਕਾਰ।

ਅਰਥ:-ਜਦੋਂ ਆਸ਼ਕਾਂ ਦਾ ਰਾਹ ਫੜ ਲਿਆ ਤਦੋਂ ਰੱਬ ਦੇ ਰੰਗ ਵਿਚ ਰੰਗੇ ਗਏ। ਦੁਨੀਆਂ ਦੇ ਸੁੱਖ ਬੇਰੰਗ ਹੋ ਗਏ। ਸੱਚੀ ਆਸ਼ਕੀ ਦਾ ਰਾਹ ਬੜਾ ਭੀੜਾ ਹੈ ਤੇ ਭਾਵੇਂ ਸਰੀਰ ਤੰਦੂਰ ਦੀ ਤਰਾਂ ਤਪਦਾ ਹੋਵੇ ਫਿਰ ਭੀ ਇਸ਼ਕ ਐਡਾ ਸੁਆਦਲਾ ਹੈ ਕਿ ਰੱਤੀ ਭੀ ਦੁੱਖ ਨਹੀਂ ਮੰਨਦਾ। ਜਿਨਾਂ ਨੇ ਇਸ਼ਕ ਕਮਾਉਣ ਤੇ ਲੱਕ ਬੰਨ ਲਿਆ ਉਹ ਮਨਸੂਰ ਦੀ ਨਿਆਈ਼ ਹੱਸ ਹੱਸ ਸੂਲੀ ਤੇ ਚੜਦੇ ਹਨ। ਜਿਹੜੇ ਇਸ ਰਾਹ ਦੇ ਰਾਹੀ ਹੋ ਗਏ ਉਨ੍ਹਾਂ ਨੂੰ ਅਜੀਬ ਨਾਮ ਦਾ ਰੰਗ ਚੜ੍ਹਿਆ ਹੈ, ਉਹ ਬ੍ਰਹਮ ਨੂੰ ਪਛਾਨਣ ਵਿਚ ਡੱਟ ਗਏ ਹਨ, ਉਨਾਂ ਨੂੰ ਨੂਰ ਦਾ ਝਲਕਾ ਵੱਜਾ ਹੈ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨਾਂ ਨੂੰ ਅਸਲੇ ਦਾ ਗਿਆਨ ਹੋ ਗਿਆ ਹੈ, ਉਹ ਫੇਰ ਮਸਤੀ ਵਿਚ ਰਹਿੰਦੇ ਹਨ। ਇਹ ਪਿਆਲਾ ਜਿਸ ਕਿਸੇ ਨੇ ਕਾਮਲ ਪੀਰ ਦੇ ਰਾਹੀਂ ਪੀਤਾ ਹੈ ਉਸ ਨੇ ਹੰਕਾਰ ਤੇ ਮੈਂ, ਮੇਰੀ ਨੂੰ ਚੂਰ ਕਰ ਦਿੱਤਾ ਹੈ ॥1॥

 

ਰੈਹਕਲਾ ||

ਕਰਨ ਹਕੂਮਤ ਮਨਸਬ ਆਲੀ  ਮੌਤ ਓਹ ਮਾਰੇ ਰਾਵਣ ਵਾਲੀ

ਦੇਸ਼ ਬਲਾਇਤ ਕਰ ਗਏ ਖਾਲੀ  ਛਡ ਕਰ ਖੇਸ ਕਬੀਲੇ ਨੂੰ।

ਆਇਆ ਬੀਚ ਸਰਾਇ ਮੁਸਾਫਰੁ  ਬੰਨ ਕਰ ਬੈਠਾ ਦਾਵਾ

ਕਾਫਰੁ ਤੋਰਿ ਲਿਆ ਜਦ ਭੌਂਦੂ  ਆਂਖਰ ਲਭਦਾ ਫੇਰ ਵਸੀਲੇ ਨੂੰ।

ਅਮਲਾਂ ਬਾਝ ਨਂਹੀ ਛੁਟਕਾਰਾ  ਸਮਝ ਲਂਵੀ ਖ਼ੁਦ ਸਮਝਨ ਹਾਰਾ।

ਜਿਸ ਥੈਂ ਮਾਂਰਨ ਬੰਨ ਕਰ ਯਾਰਾ  ਯਾਦ ਕਰੀਂ ਉਸ ਕੀਲੇ ਨੂੰ।

ਪਤ ਪਰਤੀਤ ਰਹੂ ਤਾਂ ਤੇਰੀ  ਦੁਰਮਤ ਦੂਰ ਕਰੇਂ ਅੰਧੇਰੀ

ਨਾਂਮ ਜਪੰਤਾ ਨਾ ਕਰ ਦੇਰੀ  ਬੇਦ ਬਤਾਵਣ ਹੀਲੇ ਨੂੰ।

ਭਗਵਾਂਨ ਨਦਾਨ ਇਉਂ ਦਿਲ ਵਿਚ ਜਾਣੀ  ਕਹਾਂ ਗਏ ਓਹੁ ਤੇਰੇ ਹਾਣੀ

ਬੈਹ ਬੈਹ ਰੋਂਦੀ ਦੋਸਤ ਢਾਣੀ  ਲਦ ਗਏ ਛੈਲ ਛਬੀਲੇ ਨੂੰ ॥2॥

 

 

 

 

ਪਦ ਅਰਥ:- ਮਨਸਬ ਆਲੀ=ਬੜੇ ਬੜੇ ਦੁਨੀਆਂਦਾਰ। ਖੇਸ=ਆਪਣਾ, ਦਾਹਵਾ। ਕਾਫਰ=ਝੂਠਾ ਦਾਹਵਾ। ਵਸੀਲੇ=ਆਸਰਾ। ਬੇਰ=ਬਿਨਾਂ ਦੇਰ। ਛੈਲ ਛਬੀਲੇ=ਜੁਆਨ ਜਹਾਨ।

ਅਰਥ:-  ਬੜੇ-ਬੜੇ ਹਕੂਮਤ ਕਰਨ ਵਾਲੇ ਹੰਕਾਰ ਕਰਕੇ ਰਾਵਣ ਦੀ ਮੌਤੇ ਮਰਦੇ ਦੇਖੇ, ਆਪਣੇ ਟੱਬਰ ਕਬੀਲੇ ਨੂੰ ਛੱਡ ਕੇ ਚਲੇ ਗਏ। ਮਨੁੱਖ ਮੁਸਾਫਰ ਦੀ ਤਰ੍ਹਾਂ (ਦੁਨੀਆਂ ਰੂਪ) ਸਰਾਂ ਵਿਚ ਆਣ ਉਤਰਿਆ, ਇਥੇ ਝੂਠੇ ਦਾਅਵੇ ਬੰਨ੍ਹ ਬੈਠਾ ਹੈ, ਜਦੋਂ ਕੂਚ ਦਾ ਹੁਕਮ ਆ ਗਿਆ ਤਾਂ ਕੋਈ ਆਸਰਾ ਲੱਭਦਾ ਫਿਰਦਾ ਹੈ। ਸ਼ੁਭ ਅਮਲਾਂ ਬਾਝ ਛੁਟਕਾਰਾ ਨਹੀਂ, ਪਰਦੇਸ ਵਿਚ ਜਦੋਂ ਬੰਨ ਕੇ ਮਾਰ ਪਵੇਗੀ ਉਥੇ ਪੁੰਨ ਕਰਮ ਹੀ ਤੇਰੇ ਸਹਾਈ ਹੋਣਗੇ। ਨਾਮ ਜਪਦਿਆਂ ਢਿਲ ਨਾ ਕਰੀਏ ਏਹੋ ਹੀ ਇਕ ਛੁਟਕਾਰੇ ਦਾ ਸਾਧਨ ਹੈ, ਜਿਸ ਨੇ ਖਤ ਪ੍ਰਤੀਤ ਬਨਾਉਣੀ ਹੈ ਤੇ ਖੋਟੀ ਮੱਤ ਤੇ (ਅਗਿਆਨ) ਅੰਧੇਰ ਦੂਰ ਕਰਨਾ ਹੈ। ਰਾਜਾ ਸਾਹਿਬ ਜੀ ਫੁਰਮਾਉਂਦੇ ਹਨ ਕਿ ਜਦੋਂ ਇਹ ਸਰੀਰ ਬਿਨਸ ਜਾਂਦਾ ਹੈ ਉਦੋਂ ਮਿੱਤ੍ਰਾਂ ਦੀ ਢਾਣੀ ਬਹਿ-ਬਹਿ ਕੇ ਰੋਂਦੀ ਹੈ ਤੇ ਯਾਦ ਕਰਦੀ ਹੈ

॥2॥

 

ਰੈਹਕਲਾ ||

ਮਹਲ ਚੁਬਾਰੇ ਅਜਬ ਉਚੇਰੇ  ਖਿਜਮਤਦਾਰ ਗੁਲਾਂਮ ਬਥੇਰੇ

ਲੱਦ ਲੱਦ ਜਾਂਦੇ ਦੇਖਤ ਤੇਰੇ  ਫਿਰ ਕਿਉਂ ਹੂਆ ਸਖਤਾ ਤੂੰ।

ਚਰਨ ਕਵਲ ਨਂਹੀ ਸਿਮਰੇਂ ਹਰ ਦੇ  ਕਹਾਂ ਗਏ ਓਹੁ ਤੇਰੇ ਘਰ ਦੇ

ਮੇਰੀ ਮੇਰੀ ਸਭ ਸੈ ਕਰਦੇ  ਦਿਲ ਵਿਚ ਸਮਝ ਕੁਰਖਤਾ ਤੂੰ।

ਹਰਿ ਹਰਿ ਨਾਮ ਉਚਾਂਰੀ ਮਨ ਮੇਂ  ਜਬ ਲਗ ਸਾਸ ਤੇਰੇ ਹੈਂ ਤਨ ਮੇ

ਮੂੜ ਕਰ ਫੇਰ ਨਂਹੀ ਜਿਉਂ ਜਨਮੇ  ਸਮਝ ਲਵੀ ਬਦਬਖਤਾ ਤੂੰ।

ਪੇਸ ਆਵੇ ਜਬ ਤੇਰਾ ਕੀਆ  ਹਰਦਮ ਯਾਦ ਕਰੀ ਤੂੰ ਪੀਆ

ਬੋਧ ਬਚਾਰ ਨਿਹਾਂਰੀ ਜੀਆ  ਸਤਗੁਰ ਪਾਸੋਂ ਲਖਤਾ ਤੂੰ।

ਸਭ ਕੁਛੁ ਭੀਤਰ ਅੰਦਰ ਦੇ  ਪਰੁ ਪੰਚ ਖੜੇ ਬਿਚ ਬੰਦਰ ਦੇ

ਉਨ ਕੁਆੜ ਅੜਾਏ ਮੰਦਰ ਦੇ  ਓਹ ਦੂਰ ਹਟਾਂਵੀ ਤਖਤਾ ਤੂੰ।

ਭਗਵਾਂਨ ਨਦਾਂਨ ਕੀ ਅਫਲਾਤੂੰਨੀ  ਹੁਣ ਨਂਹੀ ਸਮਝੇਂ ਗਾਫਲਖੂੰਨੀ

ਫਿਰ ਪਛਤਾਵੇਂ ਪੈ ਪੈ ਜੂਨੀ  ਦੰਡ ਸਹੇਂ ਸਖਤਾ ਤੂੰ ॥3॥

 

 

ਪਦ ਅਰਥ:-  ਸਖਤਾ=ਪੱਥਰ ਦਿਲ। ਕੁਰਖਤਾ=ਕਰੜੇ ਸੁਭਾਅ ਵਾਲਾ। ਬਦਬਖਤਾ=ਕੁਭਾਗ। ਨਿਹਾਂਰੀ=ਦੇਖਣਾ। ਲਖਤਾ=ਜਾਣਨਾ। ਪੰਚ=ਕਾਮ ਕਰੋਧ ਆਦਿ। ਬੰਦਰ=ਚੰਚਲ ਮਨ। ਅਫਲਾਤੂੰਨੀ=ਅਫਲਾਤੂਨ ਜਿਹਾ ਇਲਮ ਜਾਂ ਗੁਣ ਦੀ ਉਸਤਤੀ ਕਰਦੇ ਹੋਏ ਇਹ ਅੱਖਰ ਵਰਤਿਆ ਜਾਂਦਾ ਹੈ। ਸਖਤਾ=ਕਰੜੇ।

ਅਰਥ:-  ਉੱਚੇ ਉੱਚੇ ਮਹਿਲ ਤੇ ਚੁਬਾਰੇ ਤੇ ਨੌਕਰ ਚਾਕਰ ਆਦਿ ਵਾਲੇ ਦੇਖਿਦਆਂ ਦੇਖਦਿਆਂ ਛੱਡ ਕੇ ਚਲੇ ਗਏ ਪਰ ਇਹ ਜੀਵ ਪੱਥਰ ਜਿਹਾ ਸਖਤ ਕੁਝ ਨਾ ਸਮਝਿਆ। ਹੇ ਕੁਰੱਖਤ ਬੰਦੇ ! ਤੂੰ ਨਹੀਂ ਜਾਣਦਾ ਜੋ ਤੇਰੇ ਘਰ ਵਾਲੇ ਲੋਕ ਜੋ ਮੇਰੀ ਮੇਰੀ ਕਰਦੇ ਸੀ ਛੱਡ ਕੇ ਚਲੇ ਗਏ, ਫਿਰ ਭੀ ਤੂੰ ਹਰੀ ਦੇ ਚਰਨਾਂ ਨਾਲ ਪਿਆਰ ਨਹੀਂ ਪਾਉਂਦਾ? ਹੇ ਨਭਾਗੇ ਬੰਦੇ! ਮੁੜ ਮਨੁੱਖਾ ਜਨਮ ਨਹੀਂ ਮਿਲੇਗਾ, ਇਸ ਲਈ ਜਦ ਤਾਈਂ ਸੁਆਸਾਂ ਦੀ ਲੜੀ ਚਲਦੀ ਹੈ ਰੱਬ ਨੂੰ ਚੇਤੇ ਕਰ ਲੈ। ਇਸ ਗੱਲ ਦੀ ਸੂਝ ਗੁਰੂ ਪਾਸੋਂ ਹੁੰਦੀ ਹੈ ਕਿ ਹਰ ਇਕ ਜੀਵ ਨੂੰ ਆਪਣਾ ਕੀਤਾ ਪਾਉਣਾ ਪੈਂਦਾ ਹੈ, ਇਸ ਲਈ ਚੰਗਾ ਕੰਮ (ਹਰ ਵੇਲੇ ਵਾਹਿਗੁਰੂ ਦਾ ਸਿਮਰਨ) ਕਰਨਾ ਹੈ। ਉਹ ਮੈਂ ਮੇਰੀ ਦਾ ਤਖਤਾ (ਭਾਵ ਹਉਮੈਂ ਦਾ ਪੜਦਾ ਦੂਰ ਨਹੀਂ) ਹਟਾ ਕੇ (ਗੁਰ ਕਿਰਪਾ ਨਾਲ) ਦੇਖ਼ੇਗਾ ਤਾਂ ਪੀਆ ਤੇਰੇ ਅੰਦਰ ਹੀ ਹੈ ਮਨ ਰੂਪ ਬਾਂਦਰ ਪੰਜਾਂ ਦਾ ਨਚਾਇਆ ਨੱਚਦਾ ਹੈ ਤੇ ਕੁਆੜ ਬੰਦ ਹਨ ਇਸ ਕਰਕੇ ਦਰਸ਼ਨ ਨਹੀਂ ਹੋ ਸਕਦੇ। ਆਪਣੇ ਆਪ ਵਿਚ ਅਫਲਾਤੂੰਨ ਬਣਿਆ ਫਿਰਦਾ ਹੈਂ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਗਾਫਲੀ ਦੇ ਕਾਰਨ ਆਪਣਾ ਘਾਤ ਕਰ ਰਿਹਾ ਹੈਂ। ਜਦੋਂ ਜੂਨੀਆਂ ਦੇ ਗੇੜ ਵਿਚ ਪਾਇਆ ਜਾਏਗਾ ਤਾਂ ਬੀਤੇ ਸਮੇਂ ਨੂੰ ਯਾਦ ਕਰਕੇ ਪਸ਼ਚਾਤਾਪ ਕਰੇਂਗਾ ॥3॥

ਰੈਹਕਲਾ ||

ਸਮਝ ਲ਼ਵੀ ਮਨਮਤਿਆ ਸੇਰਾ  ਬੌਹੜ ਨਾ ਹੋਸੀ ਆਵਨ ਤੇਰਾ

ਸਤਗੁਰ ਕਹਿਦੇ ਸੁਖਨ ਉਚੇਰਾ  ਖੋਜ ਲ਼ਵੀ ਖੁਦ ਸੀਨੇ ਨੂੰ ||

ਤੇਰੇ ਅੰਦਰੇ ਰਾਮ ਮੁਰਾਰਾ ਹੈ  ਨਂਹੀ ਤੁਝ ਤੋ ਨੂਰੁ ਨਿਆਰਾ ਹੈ

ਨਂਹੀ ਪਰਖੇਂ ਪਰਖਣਹਾਰਾ ਹੈਂ  ਤੂੰ ਅਨਹਦ ਬਾਜੇ ਬੀਨੇ ਨੂੰ ||

ਮਨ ਸੀਸੇ ਸੁਰਤ ਸਮਾਈ ਹੈ  ਬਿਚ ਭਰਮ ਭੁਲੇਖੇ ਛਾਈ ਹੈ

ਇਨ ਨਿਰਮਲ ਜੋਤ ਦਬਾਈ ਹੈ  ਤੂੰ ਸਾਫੁ ਕਰੀ ਆਈਨੇ ਨੂੰ ||

ਸਤਿਗੁਰ ਕਹਿਦੇ ਸੁਣੁ ਭਗਵਾਨਾ  ਹਿਰਸ ਹਰਾਨੀ ਹੈਂ ਗਲਤਾਂਨਾ

ਕੌਡੀ ਫੜ ਲਈ ਭੁਲ ਨਦਾਂਨਾ  ਛਡ ਕਰ ਨਾਂਮ ਨਗੀਨੇ ਨੂੰ ॥4॥

 

 

 

 

ਅਰਥ:- ਹੇ ਮਨ ਵਿਚ ਹੰਕਾਰ ਕਰਨ ਵਾਲਿਆ ਸ਼ੇਰਾ! ਸਮਝ ਲਵੋ, ਇਸ ਦੁਨੀਆਂ ਵਿਚ ਤੂੰ ਫਿਰ ਨਹੀਂ ਆਉਣਾ ਹੈ। ਸਤਿਗੁਰੂ ਜੀ ਬੜੇ ਉਚੇ ਬਚਨ ਕਹਿੰਦੇ ਹਨ ਕਿ ਆਪਣੀ ਅੰਤਰ ਆਤਮਾ ਦੀ ਪਰਖ ਕਰੋ। ਤੇਰੇ ਅੰਦਰ ਹੀ ਰਾਮ ਤੇ ਕ੍ਰਿਸ਼ਨ ਹਨ, ਉਨਾਂ ਦਾ ਨੂਰ ਤੈਥੋਂ ਵਖਰਾ ਨਹੀਂ ਹੈ। ਤੂੰ ਪਰਖਣਹਾਰ ਹੋਕੇ ਵੀ ਪਰਖਦਾ ਨਹੀਂ ਤੇਰੇ ਅੰਦਰ ਹੀ ਅਨਹਦ ਸ਼ਬਦ ਵੱਜ ਰਿਹਾ ਹੈ। ਤੇਰੇ ਮਸਤਕ ਵਿਚ ਜਿਹੜੀ ਸੁਰਤ ਸਮਾਈ ਹੈ, ਉਸ ਨੂੰ ਤੂੰ ਭਰਮ ਭੁਲੇਖਿਆ ਵਿਚ ਪਾਇਆ ਹੈ, ਜਿਹੜੀ ਅੰਦਰਲੀ ਜੋਤ ਮੈਲ ਦੇ ਹੇਠ ਛੁਪਾਈ ਹੈ, ਇਸ ਸ਼ੀਸ਼ੇ ਨੂੰ ਸਾਫ ਕਰੋ। ਸਤਿਗੁਰੂ ਕਹਿੰਦੇ ਹਨ ਹੇ ਭਗਵਾਨ ਦਾਸ! ਸੁਣ,ਤੇ ਰੇ ਲਾਲਚ ਨੂੰ ਵੇਖ ਕੇ ਮੈਂ ਹੈਰਾਨ ਹੋਇਆਂ ਹਾਂ, ਨਗੀਨੇ ਰੂਪੀ ਨਾਮ ਨੂੰ ਛੱਡ ਕੇ ਤੂੰ ਭੁਲ ਕੇ ਕੌਡੀ ਫੜ ਲਈ ਹੈ ॥4॥

 

ੴ ਸਤਿਗੁਰ ਪ੍ਰਸਾਦਿ।।

ਅਥ ਸੀਹਰਫੀ।

ਭਗਵਾਂਨ ਦਾਸ ਮੌਜ ਦਿਲ ਦਰਵੇਸ ਲਿਖਤੇ :

 

ਅਲਫ ਆਦਿ ਅਨਾਦ ਦੀ ਸਾਰ ਲੈ ਖਾਂ  ਕਿਉ ਪਿਆ ਹੈਂ ਪਾਂਵ ਪਸਾਰ ਬੇਲੀ।

ਇਹ ਤਾਂ ਅਬਲੋਂ ਆਖਰੀ ਐਹਦ ਬਣਿਆਂ  ਥਿਰ ਰਹਿਣਾ ਨਾ ਬਿਚ ਸੰਸਾਰ ਬੇਲੀ।

ਰਾਹੀ ਬਿਚ ਸਰਾਂਇ ਦੇ ਆਂਣ ਲਥੇ  ਰੈਨ ਕਟਕੇ ਚਲਣੇ ਹਾਰ ਬੇਲੀ।

ਮੌਜ ਦਿਲ ਤੂੰ ਸਮਝ ਲੇ ਬੈਠ ਗੋਸੇ  ਆਪਾ ਭਾਵ ਜੇ ਕਰੇਂ ਗਵਾਰ ਬੇਲੀ।।1।।

 

ਪਦ ਅਰਥ:- ਆਦਿ=ਜੋ ਸਭ ਦਾ ਮੁੱਢ ਹੈ। ਅਨਾਦ=ਜਿਸ ਦਾ ਆਪਣਾ ਕੋਈ ਮੁੱਢ ਨਹੀਂ। ਪਾਂਵ ਪਸਾਰ=ਬੇਫਿਕਰ ਹੋ ਕੇ। ਐਹਦ=ਪੱਕਾ ਵਾਹਦਾ। ਥਿਰ=ਟਿਕਣ ਵਾਲਾ। ਗੋਸੇ=ਪਾਸੇ। ਗਵਾਰ=ਦੂਰ ਕਰਨਾ।

ਅਰਥ:-  ਅਲਫ ਦੁਆਰਾ ਉਪਦੇਸ਼ ਕਰਦੇ ਹਨ ਕਿ ਜੋ (ਬ੍ਰਹਮ) ਸਭ ਦੀ ਆਦਿ ਹੈ ਤੇ ਆਪ ਅਨ-ਆਦ ਹੈ ਉਸਦੀ  ਪਛਾਣ ਕਰੋ (ਬ੍ਰਹਮ ਦੀ ਵਿਚਾਰ ਛੱਡਕੇ ਗਫਲਤ ਵਿਚ ਪਿਆਰ ਪਾ ਕੇ ਬੇਫਿਕਰ ਹੋ ਕੇ ਕਿਉਂ ਸੁੱਤਾ ਹੋਇਆ ਹੈਂ)। ਇਹ ਪਹਿਲਾਂ ਤੋਂ ਆਖਰ ਤਾਈਂ ਕੁਦਰਤ ਦਾ ਇਕ ਨੇਮ ਬਣਿਆ ਹੈ ਕਿ ਕੋਈ ਸ਼ੈਅ ਇਥੇ ਸਦਾ ਰਹਿਣ ਵਾਲੀ ਨਹੀਂ। ਮੁਸਾਫਰ (ਸੰਸਾਰ ਰੂਪੀ) ਸਰਾਂ ਵਿਚ ਆਣ ਉਤਰੇ ਹਨ (ਉਮਰਾ ਰੂਪ ਰਾਤ) ਰੈਣ ਕਟਕੇ ਚਲਣ ਨੂੰ ਤਿਆਰ ਹਨ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਜੇਕਰ ਆਪ ਭਾਵ ਗੁਆ ਕੇ ਇਕੰਤ ਹੋ ਕੇ ਆਪੇ ਆਪ ਦੀ ਵਿਚਾਰ ਕਰੇਗਾ ਤਾਂ ਇਹ ਭੇਤ ਸਮਝ ਆਵੇਗਾ॥1॥

 

ਬੇ ਬਾਫਰੀ ਕਾਫਰੀ ਕਰੇਂ ਗਾਫਲ  ਨਂਹੀ ਸੱਚ ਤੇ ਝੂਠੁ ਨਿਤਾਰ ਲੈਂਦਾਂ।

ਪਿਛੇ ਲਗ ਕੇ ਦਮਕ ਬੇਦਮਕ ਹੋਇਆਂ  ਕੋਟੁ ਕੂੜ ਕੁਮਤਿ ਉਸਾਰ ਲੈਂਦਾਂ।

ਮਾਨਸ ਜਨਮ ਅਮੋਲ ਅਜੈਬ ਬਣਿਆ  ਬਾਜੀ ਉਲਟੀ ਲਾਇਕੇ ਹਾਰ ਲੈਂਦਾਂ।

ਮੌਜ ਦਿਲ ਤੂੰ ਦਿਲ ਬੇਦਿਲ ਹੋ ਕੇ  ਕਹੀ ਆਪਣੇ ਪੈਰ ਕਿਉਂ ਮਾਰ ਲੈਂਦਾਂ ।।2।।

 

ਪਦ ਅਰਥ:- ਬਾਫਰੀ=ਵਧੀਕੀ। ਕਾਫਰੀ=ਨਾਸਤਕਤਾ। ਨਿਤਾਰ=ਕਿਰਨਾਂ। ਦਮਕ=ਮਾਇਆ ਦੀ ਚਮਕ। ਕੋਟ=ਕਿਲ੍ਹੇ। ਬੇਦਿਲ=ਦਿਲ ਹੋਰ ਪਾਸੇ ਲਾ ਕੇ।

ਅਰਥ:- ਬੇ-ਦੁਆਰਾ ਉਪਦੇਸ਼ ਕਰਦੇ ਹਨ ਹੇ ਗਾਫਲ ਬੰਦੇ! ਸੱਚ ਤੇ ਝੂਠ ਦਾ ਨਿਰਨਾ ਕੀਤੇ ਬਿਨਾਂ ਵਧੀਕੀ ਕਰਦਾ ਹੈਂ। ਮਾਇਆ ਦੇ ਭੜਕੀਲੇ ਰੰਗ ਦੇ ਪਿਛੇ ਲਗਕੇ ਆਪਣੀ ਸਹੀ ਚਮਕ ਗੁਆ ਬੈਠਾ ਹੈ ਝੂਠ ਤੇ ਦੁਰਮਤ ਦੇ ਕਿਲ੍ਹੇ ਉਸਾਰਦਾ ਹੈਂ ਮਨੁੱਖਾ ਜਨਮ ਬੜਾ ਅਮੋਲਕ ਹੈ ਵਿਕਾਰਾਂ ਵਿਚ ਲਗਕੇ ਇਹ ਬਾਜ਼ੀ ਹਾਰ ਕੇ ਜਾਏਂਗਾ। ਰਾਜਾ ਸਾਹਿਬ ਕਥਨ ਕਰਦੇ ਹਨ ਕਿ ਜੋਤ ਰੂਪ ਮਨ ਨੂੰ ਉਲਟੇ ਪਾਸੇ ਲਾ ਕੇ ਮੂਰਖ ਆਪਣੇ ਪੈਰ ਤੇ ਆਪ ਕਹੀ ਮਾਰਦਾ ਹੈਂ ॥2॥

 

ਤੇ ਤੱਤ ਨੂੰ ਤਜ ਉਨਮੱਤ ਹੋਵੇਂ  ਗਿਰੇਂ ਬਿਚ ਅਗਿਆਨ ਦੇ ਖੂਹ ਬੇਲੀ।

ਚਲੇਂ ਚਾਲ ਕੁਚਾਲ ਬੇਹੋਸ ਬਣਕੇ  ਪਵੇਂ ਜਾਇ ਬਕਾਰ ਦੀ ਜੂਹ ਬੇਲੀ।

ਪਾਏਂ ਕਸਟ ਸੁਪਸਟ ਸੇ ਨਸਟ ਹੋ ਕੇ  ਦਿੰਦੇ ਬੇਦ ਮੁਹਾਤਮਾਂ ਸੂਹ ਬੇਲੀ।

ਮੌਜ ਦਿਲ ਦਰਵੇਸ ਨਦਾਂਨ ਜੇਹੜਾ  ਨਂਹੀ ਖੋਜ ਕੇ ਦੇਖਦਾ ਰੂਹ ਬੇਲੀ ।।3।।

 

ਪਦ ਅਰਥ:-  ਤੱਤ=ਅਸਲ। ਉਨਮੱਤ=ਪਾਗਲ। ਬਕਾਰ=ਵਿਸ਼ੇ ਵਾਸ਼ਨਾਂ। ਜੂਹ=ਵਸੀਮਾ। ਸੁਪਸਟ=ਸਾਫ਼।

ਅਰਥ:-  ਤੱਤ ਬ੍ਰਹਮ ਨੂੰ ਛੱਡ ਕੇ (ਮਾਇਆ ਦੇ) ਨਸ਼ੇ ਵਿਚ ਮਗਨ ਹੋ ਕੇ ਅਗਿਆਨਤਾ ਤੇ ਖੂਹ ਵਿਚ ਡਿਗਦਾ ਹੈਂ। ਖੋਟੀ ਚਾਲੇ ਚੱਲ ਕੇ ਪਾਗਲਪੁਣੇ ਦੇ ਕਾਰਨ ਵਿਕਾਰਾਂ ਦੇ ਗੋੜ੍ਹ ਵਿਚ ਫੱਸ ਜਾਂਦਾ ਹੈਂ। (ਵਿਕਾਰਾਂ ਦੇ ਕਾਰ) ਨਿਸ਼ਚੇ ਕਰਕੇ ਤੇਰਾ ਨਾਸ਼ ਹੋਵੇਗਾ। ਬੇਦ ਸ਼ਾਸ਼ਤ੍ਰ ਤੇ ਗੁਣੀ ਜਨ ਪੁਕਾਰ ਕੇ ਕਹਿੰਦੇ ਹਨ। ਰਾਜਾ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜਾ ਆਪਣੀ ਰੂਹ ਨੂੰ ਖੋਜ ਕੇ ਨਹੀਂ ਦੇਖਦਾ ਉਹ ਮੂਰਖ ਹੈ ॥3॥

 

 

ਸੇ ਸਾਬਤੀ ਸਿਖਿਆ ਏਹ ਪਹਿਲੇ  ਹੋਇ ਰਹੁ ਤੂੰ ਦਿਲੋਂ ਬੇ ਮੜਕ ਬੇਲੀ।

ਪੁਰਜਾ ਨੂਰ ਦਾ ਲਟਕਦਾ ਸਾਥ ਤੇਰੇ  ਤਿਸ ਬਿਚ ਨਾ ਹੋਰੁ ਹੈ ਰੜਕ ਬੇਲੀ।

ਜਿਥੋਂ ਟੁਟਿਆ ਮੇਲ ਤੂੰ ਉਸ ਮਾਂਹੀ  ਚੜੁ ਅ